Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰਮੰਡਲ ਦੇਸ਼ਾਂ ਦੇ ਲੋਕਸਭਾ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ 28ਵੇਂ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਰਾਸ਼ਟਰਮੰਡਲ ਦੇਸ਼ਾਂ ਦੇ ਲੋਕਸਭਾ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ 28ਵੇਂ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ, ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਜੀ, ਅੰਤਰ-ਸੰਸਦੀ ਯੂਨੀਅਨ ਦੇ ਪ੍ਰਧਾਨ ਤੁਲੀਆ ਐਕਸਨ ਜੀ, ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸਟੋਫਰ ਕਲੀਲਾ ਜੀ, ਰਾਸ਼ਟਰਮੰਡਲ ਦੇਸ਼ਾਂ ਤੋਂ ਆਏ ਸਪੀਕਰਜ਼, ਪ੍ਰੀਜ਼ਾਈਡਿੰਗ ਅਫ਼ਸਰਜ਼, ਹੋਰ ਡੈਲੀਗੇਟ, ਭੈਣੋ ਅਤੇ ਭਰਾਵੋ!

ਸਾਥੀਓ,

ਸੰਸਦੀ ਲੋਕਤੰਤਰ ਵਿੱਚ ਤੁਹਾਡੀ ਭੂਮਿਕਾ ਸਪੀਕਰ ਦੀ ਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਸਪੀਕਰ ਨੂੰ ਜ਼ਿਆਦਾ ਬੋਲਣ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਦਾ ਕੰਮ ਦੂਜਿਆਂ ਦੀ ਗੱਲ ਸੁਣਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ ਮੌਕਾ ਮਿਲੇ। ਸਪੀਕਰਾਂ ਵਿੱਚ ਇੱਕ ਆਮ ਗੁਣ ਇਹ ਹੈ ਕਿ ਉਹ ਧੀਰਜਵਾਨ ਹੁੰਦੇ ਹਨ। । ਉਹ ਸ਼ੋਰ-ਸ਼ਰਾਬੇ ਵਾਲੇ ਅਤੇ ਬਹੁਤ ਜ਼ਿਆਦਾ ਉਤਸ਼ਾਹੀ ਮੈਂਬਰਾਂ ਨੂੰ ਵੀ ਮੁਸਕਰਾਹਟ ਨਾਲ ਸੰਭਾਲਦੇ ਹਨ।

ਸਾਥੀਓ,

ਇਸ ਖ਼ਾਸ ਮੌਕੇ ’ਤੇ, ਮੈਂ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਅੱਜ ਤੁਸੀਂ ਸਾਡੇ ਨਾਲ ਹੋ, ਇਹ ਸਾਡੇ ਲਈ ਸਨਮਾਨ ਦੀ ਗੱਲ ਹੈ।

ਸਾਥੀਓ,

ਜਿਸ ਸਥਾਨ ’ਤੇ ਤੁਸੀਂ ਸਾਰੇ ਬੈਠੇ ਹੋ, ਉਹ ਭਾਰਤ ਦੀ ਲੋਕਤੰਤਰੀ ਯਾਤਰਾ ਦਾ ਇੱਕ ਬਹੁਤ ਮਹੱਤਵਪੂਰਨ ਸਥਾਨ ਹੈ। ਗ਼ੁਲਾਮੀ ਦੇ ਆਖ਼ਰੀ ਸਾਲਾਂ ਵਿੱਚ ਜਦੋਂ ਭਾਰਤ ਦੀ ਆਜ਼ਾਦੀ ਤੈਅ ਹੋ ਚੁੱਕੀ ਸੀ, ਉਸ ਸਮੇਂ ਇਸ ਕੇਂਦਰੀ ਹਾਲ ਵਿੱਚ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਹੋਈਆਂ ਸਨ। ਭਾਰਤ ਦੀ ਆਜ਼ਾਦੀ ਤੋਂ ਬਾਅਦ 75 ਸਾਲਾਂ ਤੱਕ, ਇਹ ਇਮਾਰਤ ਭਾਰਤ ਦੀ ਸੰਸਦ ਰਹੀ ਅਤੇ ਇਸੇ ਹਾਲ ਵਿੱਚ ਭਾਰਤ ਦੇ ਭਵਿੱਖ ਨਾਲ ਸਬੰਧਤ ਕਈ ਮਹੱਤਵਪੂਰਨ ਫ਼ੈਸਲੇ ਅਤੇ ਕਈ ਵਿਚਾਰ-ਵਟਾਂਦਰੇ ਹੋਏ। ਹੁਣ ਲੋਕਤੰਤਰ ਨੂੰ ਸਮਰਪਿਤ ਇਸ ਸਥਾਨ ਨੂੰ ਭਾਰਤ ਨੇ ਸੰਵਿਧਾਨ ਭਵਨ ਦਾ ਨਾਮ ਦਿੱਤਾ ਹੈ। ਕੁਝ ਸਮੇਂ ਪਹਿਲਾਂ ਹੀ ਭਾਰਤ ਦੇ ਸੰਵਿਧਾਨ ਨੂੰ ਲਾਗੂ ਹੋਏ 75 ਸਾਲ ਹੋਏ ਹਨ। ਇਸ ਸੰਵਿਧਾਨ ਭਵਨ ਵਿੱਚ ਤੁਹਾਡੇ ਸਾਰੇ ਮਹਿਮਾਨਾਂ ਦਾ ਆਉਣਾ ਭਾਰਤ ਦੇ ਲੋਕਤੰਤਰ ਲਈ ਬਹੁਤ ਖ਼ਾਸ ਹੈ।

 

ਸਾਥੀਓ,

ਇਹ ਚੌਥਾ ਮੌਕਾ ਹੈ, ਜਦੋਂ ਰਾਸ਼ਟਰਮੰਡਲ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਭਾਰਤ ਵਿੱਚ ਹੋ ਰਹੀ ਹੈ। ਇਸ ਵਾਰ ਇਸ ਕਾਨਫ਼ਰੰਸ ਦਾ ਮੁੱਖ ਵਿਸ਼ਾ ‘ਸੰਸਦੀ ਲੋਕਤੰਤਰ ਦੀ ਪ੍ਰਭਾਵਸ਼ਾਲੀ ਡਿਲੀਵਰੀ’ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਭਾਰਤ ਆਜ਼ਾਦ ਹੋਇਆ, ਤਾਂ ਉਸ ਦੌਰ ਵਿੱਚ ਇਹ ਡਰ ਸੀ ਕਿ ਇੰਨੀ ਵਿਭਿੰਨਤਾ ਵਿੱਚ, ਭਾਰਤ ਵਿੱਚ ਲੋਕਤੰਤਰ ਟਿਕ ਨਹੀਂ ਪਾਵੇਗਾ। ਹਾਲਾਂਕਿ, ਭਾਰਤ ਨੇ ਇਸ ਵਿਭਿੰਨਤਾ ਨੂੰ ਲੋਕਤੰਤਰ ਦੀ ਤਾਕਤ ਬਣਾ ਦਿੱਤਾ। ਇੱਕ ਸਭ ਤੋਂ ਵੱਡਾ ਡਰ ਇਹ ਵੀ ਸੀ ਕਿ ਜੇਕਰ ਭਾਰਤ ਵਿੱਚ ਲੋਕਤੰਤਰ ਕਿਸੇ ਤਰ੍ਹਾਂ ਬਚ ਵੀ ਜਾਂਦਾ ਹੈ, ਤਾਂ ਭਾਰਤ ਕਿਸੇ ਵੀ ਹਾਲਤ ਵਿੱਚ ਵਿਕਾਸ ਨਹੀਂ ਕਰ ਪਾਵੇਗਾ। ਪਰ ਭਾਰਤ ਨੇ ਸਾਬਤ ਕਰ ਦਿੱਤਾ ਕਿ ਲੋਕਤੰਤਰੀ ਸੰਸਥਾਵਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਲੋਕਤੰਤਰ ਨੂੰ ਸਥਿਰਤਾ, ਗਤੀ ਅਤੇ ਪੈਮਾਨੇ ਪ੍ਰਦਾਨ ਕਰਦੀਆਂ ਹਨ।

ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥ-ਵਿਵਸਥਾ ਹੈ। ਅੱਜ ਭਾਰਤ ਵਿੱਚ ਯੂਪੀਆਈ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਭੁਗਤਾਨ ਪ੍ਰਣਾਲੀ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਹੈ। ਅੱਜ ਭਾਰਤ ਦੁਨੀਆ ਦਾ ਨੰਬਰ-2 ਸਟੀਲ ਉਤਪਾਦਕ ਹੈ। ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਹੈ। ਅੱਜ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਅੱਜ ਭਾਰਤ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਰੇਲ ਨੈੱਟਵਰਕ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਹੈ।

 

ਸਾਥੀਓ,

ਭਾਰਤ ਵਿੱਚ ਲੋਕਤੰਤਰ ਦਾ ਅਰਥ ਹੈ ਆਖ਼ਰੀ ਮੀਲ ਤੱਕ ਡਿਲੀਵਰੀ ਹੈ। ਅਸੀਂ ਇੱਕ ਜਨਤਕ ਭਲਾਈ ਦੀ ਭਾਵਨਾ ਨਾਲ ਹਰੇਕ ਵਿਅਕਤੀ ਲਈ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੇ ਹਾਂ ਅਤੇ ਇਸ ਜਨਤਕ ਭਲਾਈ ਭਾਵਨਾ ਦੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਭਾਰਤ ਵਿੱਚ ਲੋਕਤੰਤਰ ਨਤੀਜੇ ਪ੍ਰਦਾਨ ਕਰਦਾ ਹੈ।

 

ਸਾਥੀਓ, 

ਭਾਰਤ ਵਿੱਚ ਲੋਕਤੰਤਰ ਇਸ ਲਈ ਸਫਲ ਨਤੀਜੇ ਦਿੰਦਾ ਹੈ ਕਿਉਂਕਿ ਸਾਡੇ ਦੇਸ਼ ਅਤੇ ਭਾਰਤ ਵਿੱਚ ਦੇਸ਼ ਦੀ ਜਨਤਾ ਹੀ ਸਾਡੇ ਲਈ ਤੋਂ ਉੱਪਰ ਹਨ। ਅਸੀਂ ਉਨ੍ਹਾਂ ਦੀਆਂ ਇੱਛਾਵਾਂ ਨੂੰ, ਜਨਤਾ ਦੇ ਸੁਪਨਿਆਂ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦੇ ਰਾਹ ਵਿੱਚ ਕੋਈ ਵੀ ਰੁਕਾਵਟ ਨਾ ਆਵੇ, ਇਸ ਦੇ ਲਈ ਪ੍ਰਕਿਰਿਆਵਾਂ ਤੋਂ ਲੈ ਕੇ ਤਕਨਾਲੋਜੀ ਤੱਕ, ਹਰ ਚੀਜ਼ ਨੂੰ ਲੋਕਤੰਤਰੀਕਰਨ ਕੀਤਾ ਹੈ ਅਤੇ ਇਹ ਲੋਕਤੰਤਰੀ ਭਾਵਨਾ ਸਾਡੀਆਂ ਰਗਾਂ ਵਿੱਚ, ਸਾਡੇ ਮਨ ਵਿੱਚ ਹੈ, ਸਾਡੇ ਸੰਸਕਾਰ ਵਿੱਚ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ: ਕੁਝ ਸਾਲ ਪਹਿਲਾਂ, ਪੂਰੀ ਦੁਨੀਆ ਕੋਰੋਨਾ ਦੀ ਮਹਾਮਾਰੀ ਨਾਲ ਜੂਝ ਰਿਹਾ ਸੀ, ਭਾਰਤ ਵਿੱਚ ਵੀ ਸੰਕਟ ਘੱਟ ਨਹੀਂ ਸੀ, ਪਰ ਉਨ੍ਹਾਂ ਚੁਣੌਤੀਆਂ ਦਰਮਿਆਨ ਵੀ ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਟੀਕੇ ਪਹੁੰਚਾਏ। ਲੋਕਾਂ ਦਾ ਹਿਤ, ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਭਲਾਈ, ਇਹ ਸਾਡੇ ਸੰਸਕਾਰ ਹਨ ਅਤੇ ਇਹ ਸੰਸਕਾਰ ਸਾਨੂੰ ਸਾਡੇ ਲੋਕਤੰਤਰ ਨੇ ਦਿੱਤੇ ਹਨ।

 

ਸਾਥੀਓ,

ਤੁਹਾਡੇ ਵਿੱਚੋਂ ਬਹੁਤ ਸਾਰੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਦੇ ਹਨ। ਸੱਚਮੁੱਚ, ਸਾਡੇ ਲੋਕਤੰਤਰ ਦਾ ਪੈਮਾਨਾ ਅਸਧਾਰਨ ਹੈ। 2024 ਵਿੱਚ ਹੋਈਆਂ ਭਾਰਤ ਦੀਆਂ ਆਮ ਚੋਣਾਂ ’ਤੇ ਵਿਚਾਰ ਕਰੋ। ਉਹ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਪ੍ਰਕਿਰਿਆਵਾਂ ਸਨ। ਲਗਭਗ 9 ਕਰੋੜ 80 ਲੱਖ ਨਾਗਰਿਕਾਂ ਨੇ ਵੋਟ ਪਾਉਣ ਲਈ ਰਜਿਸਟਰ ਕੀਤਾ ਸੀ। ਇਹ ਗਿਣਤੀ ਕੁਝ ਮਹਾਂਦੀਪਾਂ ਦੀ ਆਬਾਦੀ ਤੋਂ ਵੀ ਵੱਧ ਹੈ। ਅੱਠ ਹਜ਼ਾਰ ਤੋਂ ਵੱਧ ਉਮੀਦਵਾਰ ਅਤੇ 700 ਤੋਂ ਵੱਧ ਰਾਜਨੀਤਿਕ ਪਾਰਟੀਆਂ ਸਨ। ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਰਿਕਾਰਡ ਭਾਗੀਦਾਰੀ ਵੀ ਦੇਖਣ ਨੂੰ ਮਿਲੀ। 

ਅੱਜ, ਭਾਰਤੀ ਮਹਿਲਾਵਾਂ ਨਾ ਸਿਰਫ਼ ਹਿੱਸਾ ਲੈ ਰਹੀਆਂ ਹਨ, ਸਗੋਂ ਅਗਵਾਈ ਵੀ ਕਰ ਰਹੀਆਂ ਹਨ। ਭਾਰਤ ਦੀ ਰਾਸ਼ਟਰਪਤੀ, ਸਾਡੀ ਪਹਿਲੀ ਨਾਗਰਿਕ, ਇੱਕ ਮਹਿਲਾ ਹੈ। ਦਿੱਲੀ ਦੀ ਮੁੱਖ ਮੰਤਰੀ, ਜਿਸ ਸ਼ਹਿਰ ਵਿੱਚ ਅਸੀਂ ਇਸ ਸਮੇਂ ਹਾਂ, ਉਹ ਇੱਕ ਮਹਿਲਾ ਹੈ। ਗ੍ਰਾਮੀਣ ਅਤੇ ਸਥਾਨਕ ਸਰਕਾਰੀ ਸੰਸਥਾਵਾਂ ਵਿੱਚ, ਭਾਰਤ ਵਿੱਚ ਲਗਭਗ 1.5 ਮਿਲੀਅਨ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀਆਂ ਹਨ। ਉਹ ਜ਼ਮੀਨੀ ਪੱਧਰ ’ਤੇ ਲਗਭਗ 50 ਫ਼ੀਸਦੀ ਨੇਤਾਵਾਂ ਦੀ ਨੁਮਾਇੰਦਗੀ ਕਰਦੀਆਂ ਹਨ, ਜੋ ਕਿ ਵਿਸ਼ਵ ਪੱਧਰ ’ਤੇ ਬੇਮਿਸਾਲ ਹੈ। ਭਾਰਤੀ ਲੋਕਤੰਤਰ ਵੀ ਵਿਭਿੰਨਤਾ ਨਾਲ ਭਰਪੂਰ ਹੈ। ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਵੱਖ-ਵੱਖ ਭਾਸ਼ਾਵਾਂ ਵਿੱਚ 900 ਤੋਂ ਵੱਧ ਟੈਲੀਵਿਜ਼ਨ ਚੈਨਲ ਹਨ। ਹਜ਼ਾਰਾਂ ਅਖ਼ਬਾਰ ਅਤੇ ਰਸਾਲੇ ਪ੍ਰਕਾਸ਼ਿਤ ਹੁੰਦੇ ਹਨ। ਬਹੁਤ ਘੱਟ ਸਮਾਜ ਇਸ ਪੱਧਰ ’ਤੇ ਵਿਭਿੰਨਤਾ ਦਾ ਪ੍ਰਬੰਧਨ ਕਰਦੇ ਹਨ। ਭਾਰਤ ਅਜਿਹੀ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ ਕਿਉਂਕਿ ਸਾਡੇ ਲੋਕਤੰਤਰ ਕੋਲ ਇੱਕ ਮਜ਼ਬੂਤ ​​ਨੀਂਹ ਹੈ।

ਸਾਡਾ ਲੋਕਤੰਤਰ ਇੱਕ ਵੱਡੇ ਰੁੱਖ ਵਾਂਗ ਹੈ ਜਿਸ ਦੀਆਂ ਜੜ੍ਹਾਂ ਡੂੰਘੀਆਂ ਹਨ। ਸਾਡੇ ਕੋਲ ਬਹਿਸ, ਸੰਵਾਦ ਅਤੇ ਸਮੂਹਿਕ ਫ਼ੈਸਲੇ ਲੈਣ ਦੀ ਇੱਕ ਲੰਮੀ ਪਰੰਪਰਾ ਹੈ। ਭਾਰਤ ਨੂੰ ਲੋਕਤੰਤਰ ਦੀ ਮਾਂ ਕਿਹਾ ਜਾਂਦਾ ਹੈ। ਸਾਡੇ ਪਵਿੱਤਰ ਗ੍ਰੰਥ, ਵੇਦ, ਪੰਜ ਹਜ਼ਾਰ ਸਾਲ ਤੋਂ ਵੱਧ ਪੁਰਾਣੇ ਹਨ। ਉਹ ਅਜਿਹੀਆਂ ਸਭਾਵਾਂ ਦਾ ਹਵਾਲਾ ਦਿੰਦੇ ਹਨ ਜਿੱਥੇ ਲੋਕ ਮੁੱਦਿਆਂ ’ਤੇ ਚਰਚਾ ਕਰਨ ਲਈ ਇਕੱਠੇ ਹੁੰਦੇ ਸਨ। ਵਿਚਾਰ-ਵਟਾਂਦਰੇ ਅਤੇ ਸਮਝੌਤੇ ਤੋਂ ਬਾਅਦ ਫ਼ੈਸਲੇ ਲਏ ਜਾਂਦੇ ਸਨ। ਅਸੀਂ ਭਗਵਾਨ ਬੁੱਧ ਦੀ ਧਰਤੀ ਤੋਂ ਹਾਂ। ਬੋਧੀ ਸੰਘ ਵਿੱਚ ਖੁੱਲ੍ਹੀ ਅਤੇ ਢਾਂਚਾਗਤ ਵਿਚਾਰ-ਵਟਾਂਦਰੇ ਹੁੰਦੇ ਸਨ। ਫ਼ੈਸਲੇ ਆਮ ਸਹਿਮਤੀ ਜਾਂ ਵੋਟਿੰਗ ਰਾਹੀਂ ਲਏ ਜਾਂਦੇ ਸਨ।

 

ਇਸ ਤੋਂ ਇਲਾਵਾ, ਤਾਮਿਲ ਨਾਡੂ ਰਾਜ ਤੋਂ 10ਵੀਂ ਸਦੀ ਦਾ ਇੱਕ ਸ਼ਿਲਾਲੇਖ ਮਿਲਿਆ ਹੈ। ਇਸ ਵਿੱਚ ਇੱਕ ਪਿੰਡ ਦੀ ਸਭਾ ਦਾ ਵਰਣਨ ਹੈ ਜੋ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਕੰਮ ਕਰਦੀ ਸੀ। ਜਵਾਬਦੇਹੀ ਅਤੇ ਫ਼ੈਸਲੇ ਲੈਣ ਲਈ ਸਪਸ਼ਟ ਨਿਯਮ ਸਨ। ਸਾਡੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸਮੇਂ ’ਤੇ ਪਰਖਿਆ ਗਿਆ ਹੈ, ਵਿਭਿੰਨਤਾ ਵੱਲੋਂ ਸਮਰਥਨ ਮਿਲਿਆ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਮਜ਼ਬੂਤ ਹੋਈ ਹੈ।

 

ਸਾਥੀਓ,

ਰਾਸ਼ਟਰਮੰਡਲ ਦੀ ਕੁੱਲ ਆਬਾਦੀ ਦਾ ਲਗਭਗ 50 ਫ਼ੀਸਦੀ ਹਿੱਸਾ ਭਾਰਤ ਵਿੱਚ ਰਹਿੰਦਾ ਹੈ। ਸਾਡਾ ਯਤਨ ਰਿਹਾ ਹੈ ਕਿ ਭਾਰਤ ਸਾਰੇ ਦੇਸ਼ਾਂ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਵੇ। ਰਾਸ਼ਟਰਮੰਡਲ ਦੇ ਟਿਕਾਊ ਵਿਕਾਸ ਟੀਚਿਆਂ ਵਿੱਚ ਸਿਹਤ, ਜਲਵਾਯੂ ਪਰਿਵਰਤਨ, ਆਰਥਿਕ ਵਿਕਾਸ ਅਤੇ ਨਵੀਨਤਾ ਦੇ ਖੇਤਰਾਂ ਵਿੱਚ, ਅਸੀਂ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰ ਰਹੇ ਹਾਂ। ਭਾਰਤ ਤੁਹਾਡੇ ਸਾਰਿਆਂ ਤੋਂ ਸਿੱਖਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ। ਅਤੇ ਸਾਡਾ ਇਹ ਵੀ ਯਤਨ ਹੁੰਦਾ ਹੈ ਕਿ ਭਾਰਤ ਦੇ ਤਜਰਬੇ ਹੋਰ ਰਾਸ਼ਟਰਮੰਡਲ ਭਾਈਵਾਲਾਂ ਦੇ ਕੰਮ ਆਉਣ।

ਅੱਜ ਜਦੋਂ ਦੁਨੀਆ ਬੇਮਿਸਾਲ ਬਦਲਾਅ ਵਿੱਚੋਂ ਗੁਜ਼ਰ ਰਹੀ ਹੈ, ਇਹ ਗਲੋਬਲ ਸਾਊਥ ਲਈ ਨਵੇਂ ਰਸਤੇ ਬਣਾਉਣ ਦਾ ਸਮਾਂ ਹੈ। ਭਾਰਤ ਹਰ ਗਲੋਬਲ ਪਲੇਟਫ਼ਾਰਮ ’ਤੇ ਗਲੋਬਲ ਸਾਊਥ ਦੇ ਹਿਤਾਂ ਨੂੰ ਪੂਰੀ ਮਜ਼ਬੂਤੀ ਨਾਲ ਉਠਾ ਰਿਹਾ ਹੈ। ਆਪਣੀ ਜੀ20 ਪ੍ਰਧਾਨਗੀ ਦੌਰਾਨ ਵੀ ਭਾਰਤ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਗਲੋਬਲ ਏਜੰਡੇ ਦੇ ਕੇਂਦਰ ਵਿੱਚ ਰੱਖਿਆ ਹੈ। ਭਾਰਤ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਅਸੀਂ ਜੋ ਵੀ ਨਵੀਨਤਾ ਕਰੀਏ, ਉਸ ਨਾਲ ਪੂਰੇ ਗਲੋਬਲ ਸਾਊਥ ਨੂੰ ਲਾਭ ਹੋਵੇ, ਰਾਸ਼ਟਰਮੰਡਲ ਦੇਸ਼ਾਂ ਨੂੰ ਲਾਭ ਹੋਵੇ। ਅਸੀਂ ਓਪਨ-ਸੋਰਸ ਟੈੱਕ ਪਲੇਟਫ਼ਾਰਮ ਵੀ ਬਣਾ ਰਹੇ ਹਾਂ, ਤਾਂ ਜੋ ਗਲੋਬਲ ਸਾਊਥ ਦੇ ਸਾਡੇ ਸਾਥੀ ਦੇਸ਼ ਵੀ ਆਪਣੇ ਇੱਥੇ ਭਾਰਤ ਜਿਹੀਆਂ ਪ੍ਰਣਾਲੀਆਂ ਵਿਕਸਿਤ ਕਰ ਸਕਣ।

ਸਾਥੀਓ,

ਇਸ ਵਾਰ ਦੀ ਕਾਨਫ਼ਰੰਸ ਦਾ ਇੱਕ ਮੁੱਖ ਟੀਚਾ ਇਹ ਵੀ ਹੈ ਕਿ ਕਿਵੇਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਸੰਸਦੀ ਲੋਕਤੰਤਰ ਦੇ ਗਿਆਨ ਅਤੇ ਸਮਝ ਨੂੰ ਉਤਸ਼ਾਹਿਤ ਕਰੀਏ। ਇਸ ਵਿੱਚ ਸਪੀਕਰ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਦੋਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਹ ਕੰਮ ਲੋਕਾਂ ਨੂੰ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਾਲ ਜੋੜਨ ਦਾ ਕੰਮ ਹੈ। ਭਾਰਤ ਦੀ ਸੰਸਦ ਪਹਿਲਾਂ ਤੋਂ ਹੀ, ਅਜਿਹੇ ਕੰਮ ਨੂੰ ਕਰ ਰਹੀ ਹੈ। ਅਧਿਐਨ ਟੂਰ, ਅਨੁਕੂਲਿਤ ਸਿਖਲਾਈ ਪ੍ਰੋਗਰਾਮਾਂ ਅਤੇ ਇੰਟਰਨਸ਼ਿਪਾਂ ਰਾਹੀਂ ਜਨਤਾ ਨੂੰ ਸੰਸਦ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਹੈ। ਅਸੀਂ ਆਪਣੀ ਸੰਸਦ ਵਿੱਚ ਏਆਈ ਦੀ ਮਦਦ ਨਾਲ ਬਹਿਸਾਂ ਅਤੇ ਸਦਨ ਦੀ ਕਾਰਵਾਈ ਨੂੰ ਅਸਲ ਸਮੇਂ ਵਿੱਚ, ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਸੰਸਦ ਨਾਲ ਸਬੰਧਤ ਸਰੋਤਾਂ ਨੂੰ ਵੀ, ਏਆਈ ਦੀ ਮਦਦ ਨਾਲ ਵਧੇਰੇ ਉਪਭੋਗਤਾ-ਅਨੁਕੂਲ ਬਣਾਉਣ ਦਾ ਕੰਮ ਹੋ ਰਿਹਾ ਹੈ। ਅਤੇ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਸੰਸਦ ਨੂੰ ਸਮਝਣ, ਉਨ੍ਹਾਂ ਨੂੰ ਬਿਹਤਰ ਮੌਕੇ ਮਿਲ ਰਿਹਾ ਹੈ।

ਸਾਥੀਓ,

ਹੁਣ ਤੱਕ ਮੈਨੂੰ ਤੁਹਾਡੀ ਸੰਸਥਾ ਨਾਲ ਜੁੜੇ 20 ਤੋਂ ਜ਼ਿਆਦਾ ਮੈਂਬਰ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਹੈ। ਕਈ ਸੰਸਦਾਂ ਨੂੰ ਸੰਬੋਧਨ ਕਰਨ ਦਾ ਸੁਭਾਗ ਵੀ ਮਿਲਿਆ ਹੈ। ਜਿੱਥੇ-ਜਿੱਥੇ ਮੈਂ ਗਿਆ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਹਰ ਵਧੀਆ ਅਭਿਆਸ ਨੂੰ ਲੋਕ ਸਭਾ ਦੇ ਸਾਡੇ ਪ੍ਰਧਾਨ ਅਤੇ ਰਾਜ ਸਭਾ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸਾਹਿਬ ਦੇ ਨਾਲ ਆ ਕੇ ਤੁਰੰਤ ਆਪਣੇ ਅਨੁਭਵਾਂ ਨੂੰ ਸਾਂਝਾ ਕਰਦਾ ਰਿਹਾ ਹਾਂ। ਮੈਨੂੰ ਭਰੋਸਾ ਹੈ ਕਿ ਇਹ ਕਾਨਫ਼ਰੰਸ ਸਿੱਖਣ ਅਤੇ ਸਿਖਾਉਣ ਦੇ ਇਸ ਪ੍ਰਕਿਰਿਆ ਨੂੰ ਹੋਰ ਸਮਰੱਥ ਕਰੇਗੀ। ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ !

****

ਐੱਮਜੇਪੀਐੱਸ/ਐੱਸਐੱਸ/ਆਰਕੇ