Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਇਮਰਜਿੰਗ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਕਨਕਲੇਵ 2026’ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

‘ਇਮਰਜਿੰਗ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਕਨਕਲੇਵ 2026’ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਦੇਸ਼ ਦੇ ਮੁੱਖ ਵਿਗਿਆਨਕ ਸਲਾਹਕਾਰ ਅਜੈ ਸੂਦ ਜੀ, ਨੋਬਲ ਪੁਰਸਕਾਰ ਨਾਲ ਸਨਮਾਨਿਤ ਸਾਰੇ ਵਿਗਿਆਨੀ, ਹੋਰ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ।

ਅੱਜ ਇੱਥੇ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਨਾਲ ਜੁੜੇ ਇੰਨੀ ਵੱਡੀ ਗਿਣਤੀ ਵਿੱਚ ਪ੍ਰਤੀਨਿਧੀ ਮੌਜੂਦ ਹਨ। ਸਾਡੇ ਨੌਜਵਾਨ ਨਵੀਨਤਾਕਾਰੀ ਵੀ ਇੱਥੇ ਹਨ। ਇੱਥੇ ਆਉਣ ਤੋਂ ਪਹਿਲਾਂ ਮੈਂ ਕੁਝ ਸਟਾਰਟਅੱਪਸ ਦੇ ਸਾਥੀਆਂ ਨਾਲ ਗੱਲਬਾਤ ਕੀਤੀ। ਭਾਰਤ ਦੇ ਨੌਜਵਾਨ ਜਿਸ ਪੱਧਰ ‘ਤੇ ਸੋਚ ਰਹੇ ਹਨ, ਜਿਸ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਹੇ ਹਨ, ਉਹ ਉਤਸ਼ਾਹ ਵਧਾਉਣ ਵਾਲਾ ਹੈ।

ਸਾਥੀਓ,

ਮੈਂ ਪਿਛਲੀ ਵਾਰ ਵੀ ਇਸ ਸੰਮੇਲਨ ਵਿੱਚ ਆਇਆ ਸੀ। ਇਸ ਵਾਰ ਅਸੀਂ ਇਮਰਜਿੰਗ ਸਾਇੰਸ ਅਤੇ ਟੈਕਨੋਲੋਜੀ ਵਿਸ਼ੇ ‘ਤੇ ਚਰਚਾ ਕਰ ਰਹੇ ਹਾਂ। ਦਹਾਕਿਆਂ ਪਹਿਲਾਂ ਇੱਕ ਸਮਾਂ ਸੀ, ਜਦੋਂ ਭਾਰਤ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਮਤਲਬ ਦੁਨੀਆ ਨਾਲ ਕਦਮ ਮਿਲਾਉਣਾ ਹੁੰਦਾ ਸੀ। ਦੁਨੀਆ ਵਿੱਚ ਜਦੋਂ ਕੋਈ ਨਵੀਨਤਾ ਹੁੰਦੀ ਸੀ, ਤਾਂ ਕੁਝ ਸਾਲਾਂ ਬਾਅਦ ਉਹ ਤਕਨਾਲੋਜੀ ਸਾਡੇ ਤੱਕ ਪਹੁੰਚਦੀ ਸੀ। ਅਸੀਂ ਉਸ ਨੂੰ ਅਪਣਾਉਂਦੇ ਸੀ ਜਾਂ ਉਸ ਵਿੱਚ ਕੁਝ ਛੋਟੇ-ਮੋਟੇ ਸੁਧਾਰ ਕਰਕੇ ਅੱਗੇ ਵਧਾ ਦਿੰਦੇ ਸੀ, ਪਰ ਅੱਜ 21ਵੀਂ ਸਦੀ ਦਾ ਭਾਰਤ ਨਵੀਂ ਸੋਚ ਅਤੇ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਹੁਣ ਸਾਡਾ ਟੀਚਾ ਭਾਰਤ ਲਈ, ਦੁਨੀਆ ਲਈ, ਅੱਜ ਲਈ ਅਤੇ ਆਉਣ ਵਾਲੇ ਕੱਲ੍ਹ ਲਈ ਨਵੀਂ ਤਕਨਾਲੋਜੀ ਬਣਾਉਣਾ, ਉਸ ਦੀ ਦਿਸ਼ਾ ਤੈਅ ਕਰਨਾ ਅਤੇ ਦੁਨੀਆ ਦੀਆਂ ਸਮੱਸਿਆਵਾਂ ਦੇ ਹੱਲ ਦੇਣ ਦੀ ਸਮਰੱਥਾ ਵਿਕਸਿਤ ਕਰਨਾ ਹੈ। ਕਰੋਨਾ ਕਾਲ ਦੌਰਾਨ ਅਸੀਂ ਇਸ ਦੀ ਇੱਕ ਮਿਸਾਲ ਦੇਖੀ ਹੈ। ਜਦੋਂ ਦੁਨੀਆ ਦੇ ਕਈ ਦੇਸ਼ ਵੈਕਸੀਨ ਦੀ ਉਪਲਬਧਤਾ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ, ਤਾਂ ਭਾਰਤ ਨੇ ਆਪਣੀ ਵੈਕਸੀਨ ਵਿਕਸਿਤ ਕੀਤੀ, ਭਾਰਤ ਨੇ ਵੱਡੇ ਪੱਧਰ ‘ਤੇ ਟੀਕਾਕਰਨ ਕੀਤਾ ਅਤੇ ਦੂਜੇ ਦੇਸ਼ਾਂ ਨੂੰ ਵੀ ਵੈਕਸੀਨ ਭੇਜੀ। ਇਹੀ 21ਵੀਂ ਸਦੀ ਦੇ ਭਾਰਤ ਦਾ ਆਤਮ-ਵਿਸ਼ਵਾਸ ਹੈ। ਅਸੀਂ ਪਹਿਲੀ ਹੀ ਕੋਸ਼ਿਸ਼ ਵਿੱਚ ਮੰਗਲ ਗ੍ਰਹਿ ਤੱਕ ਪਹੁੰਚਦੇ ਹਾਂ। ਅਸੀਂ ਚੰਦਰਮਾ ਦੇ ਉਸ ਦੱਖਣੀ ਧਰੁਵ ‘ਤੇ ਪਹੁੰਚਦੇ ਹਾਂ, ਅਸੀਂ ਚੰਦਰਮਾ ਦੇ ਉਸ ਦੱਖਣੀ ਧਰੁਵ ‘ਤੇ ਪਹੁੰਚਦੇ ਹਾਂ, ਜਿੱਥੇ ਕੋਈ ਨਹੀਂ ਪਹੁੰਚ ਸਕਿਆ। ਇਸੇ ਲਈ ਮੇਰਾ ਵਿਸ਼ਵਾਸ ਹੈ ਕਿ ਭਾਰਤ ਨੂੰ ਭਵਿੱਖ ਦੀ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ, ਦਲੇਰੀ ਨਾਲ ਨਵੀਨਤਾਵਾਂ ਕਰਨੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਬਣਾਉਣ ਵਿੱਚ ਦੁਨੀਆ ਦੀ ਅਗਵਾਈ ਕਰਨੀ ਚਾਹੀਦੀ ਹੈ।

ਸਾਥੀਓ,

ਜ਼ੀਰੋ ਦੀ ਖੋਜ ਤੋਂ ਲੈ ਕੇ ਸੰਖਿਆ ਪ੍ਰਣਾਲੀ ਅਤੇ ਖਗੋਲ ਵਿਗਿਆਨ ਤੱਕ, ਭਾਰਤ ਦੀ ਪਰੰਪਰਾ ਗਿਆਨ ਅਤੇ ਖੋਜ ਦੀ ਰਹੀ ਹੈ। ਅੱਜ ਅਸੀਂ ਆਪਣੀ ਇਸੇ ਵਿਗਿਆਨਕ ਵਿਰਾਸਤ ਨੂੰ ਆਧੁਨਿਕ ਤਕਨਾਲੋਜੀ ਅਤੇ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵਧਾ ਰਹੇ ਹਾਂ। ਪਿਛਲੇ ਇੱਕ ਸਾਲ ਦੀਆਂ ਕੁਝ ਮਿਸਾਲਾਂ ਨਾਲ ਇਸ ਬਦਲਾਅ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। 30 ਅਕਤੂਬਰ ਨੂੰ ਦੇਸ਼ ਡਾ. ਹੋਮੀ ਜਹਾਂਗੀਰ ਭਾਭਾ ਦੀ ਜਨਮ ਵਰ੍ਹੇਗੰਢ ਮਨਾਏਗਾ। ਇਸ ਲਈ ਆਓ, ਪਰਮਾਣੂ ਊਰਜਾ ਤੋਂ ਸ਼ੁਰੂਆਤ ਕਰਦੇ ਹਾਂ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ਕਿ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਾਨੂੰ ਵੱਡੀ ਮਾਤਰਾ ਵਿੱਚ ਪਰਮਾਣੂ ਊਰਜਾ ਦੀ ਲੋੜ ਹੋਵੇਗੀ। ਪਰਮਾਣੂ ਬਾਲਣ ਲਈ ਦਰਾਮਦ ‘ਤੇ ਨਿਰਭਰਤਾ ਸਾਡੀ ਊਰਜਾ ਸੁਰੱਖਿਆ ਦੇ ਸਾਹਮਣੇ ਇੱਕ ਚੁਣੌਤੀ ਹੈ। ਇਸ ਲਈ ਭਾਰਤ ਆਪਣੇ ਫਾਸਟ ਬ੍ਰੀਡਰ ਰਿਐਕਟਰ ਤਕਨਾਲੋਜੀ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਦੇਸ਼ ਦਾ 500 ਮੈਗਾਵਾਟ ਦਾ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਪਹਿਲੀ ਵਾਰ ਨਿਊਕਲੀਅਰ ਕ੍ਰਿਟੀਕੈਲਿਟੀ ਦੇ ਪੜਾਅ ਤੱਕ ਪਹੁੰਚ ਚੁੱਕਾ ਹੈ। ਇਹ ਪਰਮਾਣੂ ਊਰਜਾ ਦੇ ਖੇਤਰ ਵਿੱਚ ਸਾਡੀਆਂ ਲੰਬੇ ਸਮੇਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਅਤੇ ਮਹੱਤਵਪੂਰਨ ਕਦਮ ਹੈ।

ਸਾਥੀਓ,

ਊਰਜਾ ਸੁਰੱਖਿਆ ਹੋਵੇ ਜਾਂ ਤਕਨਾਲੋਜੀ ਵਿੱਚ ਆਤਮ-ਨਿਰਭਰਤਾ, ਭਾਰਤ ਦਾ ਟੀਚਾ ਸਿਰਫ਼ ਆਪਣੀਆਂ ਲੋੜਾਂ ਪੂਰੀਆਂ ਕਰਨਾ ਨਹੀਂ ਹੈ। ਸਾਡਾ ਟੀਚਾ ਮਹੱਤਵਪੂਰਨ ਤਕਨਾਲੋਜੀਆਂ ਵਿੱਚ ਆਪਣੀ ਸਮਰੱਥਾ ਦਾ ਵਿਸਥਾਰ ਕਰਨਾ ਵੀ ਹੈ। ਇਸੇ ਸਾਲ ਭਾਰਤ ਨੇ ਪੁਲਾੜ ਖੇਤਰ ਵਿੱਚ ਵੀ ਨਵੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਭਾਰਤ ਦੇ ਇੱਕ ਸਪੇਸ ਸਟਾਰਟਅੱਪ ਨੇ ਭਾਰਤ ਵਿੱਚ ਬਣੇ ਰਾਕੇਟ ਰਾਹੀਂ ਪਹਿਲੀ ਹੀ ਕੋਸ਼ਿਸ਼ ਵਿੱਚ ਉਪਗ੍ਰਹਿ ਨੂੰ ਉਸ ਦੇ ਤੈਅ ਪੰਧ ‘ਤੇ ਸਥਾਪਤ ਕੀਤਾ। ਭਾਰਤ ਨੇ ਉਪਗ੍ਰਹਿਆਂ ਦੀ ਡੌਕਿੰਗ ਦੀ ਸਮਰੱਥਾ ਵੀ ਹਾਸਲ ਕੀਤੀ। ਅੱਜ ਭਾਰਤ ਦੇ ਕਈ ਸਟਾਰਟਅੱਪ ਪੁਲਾੜ ਵਿਗਿਆਨ ਵਿੱਚ ਨਵੇਂ ਹੱਲ ਲੈ ਕੇ ਆਏ ਹਨ। ਪੁਲਾੜ ਖੇਤਰ ਵਿੱਚ ਨੌਜਵਾਨ ਵਿਗਿਆਨੀਆਂ ਅਤੇ ਉੱਦਮੀਆਂ ਦੀ ਭਾਗੀਦਾਰੀ ਵੀ ਬਹੁਤ ਵੱਡੇ ਪੱਧਰ ‘ਤੇ ਵਧ ਰਹੀ ਹੈ।

ਸਾਥੀਓ,

ਭਾਰਤ ਵੱਖ-ਵੱਖ ਖੇਤਰਾਂ ਵਿੱਚ ਜਿਸ ਤਰ੍ਹਾਂ ਸਫ਼ਲਤਾਵਾਂ ਹਾਸਲ ਕਰ ਰਿਹਾ ਹੈ, ਉਹ ਬੇਮਿਸਾਲ ਹਨ। ਇਸੇ ਸਾਲ ਭਾਰਤ ਨੇ ਏਆਈ ਇੰਪੈਕਟ ਸੰਮੇਲਨ ਦਾ ਆਯੋਜਨ ਕੀਤਾ ਅਤੇ ਆਪਣਾ ਮਾਡਲ ਵੀ ਸ਼ੁਰੂ ਕੀਤਾ। ਭਾਰਤ ਵਿੱਚ ਤਿਆਰ ਕੀਤੀਆਂ ਚਿਪਸ ਦੀਆਂ ਪਹਿਲੀਆਂ ਖੇਪਾਂ ਹੁਣ ਦੁਨੀਆ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਬੈਟਰੀ ਭੰਡਾਰਨ ਦੇ ਖੇਤਰ ਵਿੱਚ ਵੀ ਅਸੀਂ ਅਜਿਹੀ ਸਮਰੱਥਾ ਵਿਕਸਿਤ ਕਰਨ ‘ਤੇ ਕੰਮ ਕਰ ਰਹੇ ਹਾਂ, ਜੋ ਭਾਰਤ ਵਿੱਚ ਉਪਲਬਧ ਕੱਚੇ ਮਾਲ ‘ਤੇ ਹੀ ਆਧਾਰਿਤ ਹੋਵੇ।

ਸਾਥੀਓ,

ਪਰਮਾਣੂ ਊਰਜਾ ਤੋਂ ਲੈ ਕੇ ਪੁਲਾੜ ਤੱਕ, ਏਆਈ ਤੋਂ ਲੈ ਕੇ ਸੈਮੀਕੰਡਕਟਰਾਂ ਤੱਕ, ਇਨ੍ਹਾਂ ਸਾਰੇ ਖੇਤਰਾਂ ਦੀਆਂ ਲੋੜਾਂ ਵੱਖ-ਵੱਖ ਹਨ। ਪਰ ਇਨ੍ਹਾਂ ਦਾ ਸੁਨੇਹਾ ਇੱਕੋ ਹੈ। ਭਾਰਤ ਉੱਭਰਦੀਆਂ ਤਕਨਾਲੋਜੀਆਂ ਵਿੱਚ ਆਪਣੀ ਸਮਰੱਥਾ ਅਤੇ ਆਪਣਾ ਭਰੋਸਾ, ਦੋਵਾਂ ਨੂੰ ਵਧਾ ਰਿਹਾ ਹੈ। ਭਾਰਤ ਦੀ ਇੱਕ ਹੋਰ ਸਮਰੱਥਾ ਹੈ—ਵੱਡੇ ਪੱਧਰ ‘ਤੇ ਹੱਲ ਲਾਗੂ ਕਰਨ ਦੀ ਸਮਰੱਥਾ। ਭਾਰਤ ਵਿੱਚ ਜੇਕਰ ਕੋਈ ਹੱਲ ਸਫ਼ਲ ਹੁੰਦਾ ਹੈ, ਤਾਂ ਉਸ ਨਾਲ ਦੁਨੀਆ ਦੇ ਕਈ ਦੇਸ਼ਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਰਾਹ ਵੀ ਖੁੱਲ੍ਹਦਾ ਹੈ। ਸਾਡਾ ਡਿਜੀਟਲ ਢਾਂਚਾ ਇਸ ਦੀ ਇੱਕ ਸ਼ਾਨਦਾਰ ਮਿਸਾਲ ਹੈ। ਸਾਡੀ 5ਜੀ ਤਕਨਾਲੋਜੀ ਵੀ ਇਸ ਦੀ ਇੱਕ ਮਿਸਾਲ ਹੈ। ਭਾਰਤ ਅਜਿਹੇ ਸੁਰੱਖਿਅਤ ਹੱਲ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜਿਨ੍ਹਾਂ ਨੂੰ ਵੱਡੇ ਪੱਧਰ ‘ਤੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਹਮੇਸ਼ਾ ਇੱਕ ਚੁਣੌਤੀ ਰਹੀ ਹੈ ਕਿ ਇਸ ਨੂੰ ਹਥਿਆਰ ਵਜੋਂ ਦੇਖਿਆ ਜਾਂਦਾ ਹੈ। ਜਦਕਿ ਭਾਰਤ ਦੀ ਸੋਚ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਮਨੁੱਖਤਾ ਦੀ ਸੇਵਾ ਦਾ ਮਾਧਿਅਮ ਹਨ। ਵਿਗਿਆਨ ਦੀ ਅਸਲ ਸਫ਼ਲਤਾ ਉਦੋਂ ਹੁੰਦੀ ਹੈ, ਜਦੋਂ ਉਹ ਪ੍ਰਯੋਗਸ਼ਾਲਾ ਵਿੱਚੋਂ ਨਿਕਲ ਕੇ ਆਮ ਨਾਗਰਿਕ ਦੇ ਜੀਵਨ ਨੂੰ ਬਿਹਤਰ ਬਣਾਉਂਦਾ ਹੈ। ਪ੍ਰਯੋਗਸ਼ਾਲਾ ਤੋਂ ਧਰਤੀ ਤੱਕ। ਤਕਨਾਲੋਜੀ ਦੀ ਸਫ਼ਲਤਾ ਸਿਰਫ਼ ਇਸ ਗੱਲ ਤੋਂ ਤੈਅ ਨਹੀਂ ਹੁੰਦੀ ਕਿ ਉਹ ਕਿੰਨੀ ਉੱਨਤ ਹੈ। ਉਸ ਦੀ ਅਸਲ ਤਾਕਤ ਇਸ ਗੱਲ ਵਿੱਚ ਹੈ ਕਿ ਉਹ ਕਿੰਨੀ ਵੱਡੀ ਸਮੱਸਿਆ ਦਾ ਹੱਲ ਕਰਦੀ ਹੈ। ਇੰਨਾ ਹੀ ਨਹੀਂ, ਉਹ ਕਿੰਨੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਂਦੀ ਹੈ। ਇਸ ਲਈ ਸਾਡੇ ਲਈ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਦਾ ਅਰਥ ਅਜਿਹੇ ਹੱਲ ਹਨ, ਜੋ ਸਿਹਤ ਖੇਤਰ ਨੂੰ ਮਜ਼ਬੂਤ ਕਰਨ, ਜੋ ਖੇਤੀਬਾੜੀ ਖੇਤਰ ਵਿੱਚ ਬਦਲਾਅ ਲਿਆਉਣ, ਜੋ ਸਿੱਖਿਆ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਜੋ ਆਫ਼ਤਾਂ ਤੋਂ ਬਚਾਅ ਵਿੱਚ ਕੰਮ ਆਉਣ। ਮੈਨੂੰ ਸੰਤੁਸ਼ਟੀ ਹੈ ਕਿ ਭਾਰਤ ਦੀ ਸਟਾਰਟਅੱਪ ਕ੍ਰਾਂਤੀ ਵਿੱਚ ਅਜਿਹੇ ਸਵਾਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇੱਕ ਸਟਾਰਟਅੱਪ ਪਹਿਨਣਯੋਗ ਈਈਜੀ ਤਕਨਾਲੋਜੀ ‘ਤੇ ਕੰਮ ਕਰ ਰਿਹਾ ਹੈ, ਜੋ ਦਿਮਾਗ਼ ਦੀਆਂ ਗਤੀਵਿਧੀਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ। ਭਾਰਤੀ ਕੰਪਨੀਆਂ ਸਵਦੇਸ਼ੀ ਵਾਇਰਲੈੱਸ ਅਤੇ ਉਪਗ੍ਰਹਿ ਸੰਚਾਰ ਹੱਲ ਵਿਕਸਿਤ ਕਰ ਰਹੀਆਂ ਹਨ। ਪੋਸ਼ਣ ਦੇ ਖੇਤਰ ਵਿੱਚ ਖ਼ਾਸ ਖ਼ੁਰਾਕੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਸੈਮੀਕੰਡਕਟਰ ਖੇਤਰ ਵਿੱਚ ਭਾਰਤੀ ਕੰਪਨੀਆਂ ਨਵੀਆਂ ਤਕਨਾਲੋਜੀਆਂ ‘ਤੇ ਕੰਮ ਕਰ ਰਹੀਆਂ ਹਨ। ਸਟੀਲ ਸਲੈਗ ਵਰਗੇ ਉਦਯੋਗਿਕ ਰਹਿੰਦ-ਖੂੰਹਦ ਦੀ ਵਰਤੋਂ ਦੇ ਹੱਲ ਵੀ ਸਾਡੇ ਇੱਥੇ ਲੱਭੇ ਜਾ ਰਹੇ ਹਨ।

ਸਾਥੀਓ,

ਕੁਝ ਦਿਨ ਪਹਿਲਾਂ ਹੀ ਮੈਨੂੰ ਚੇਨੱਈ ਜਾਣ ਦਾ ਮੌਕਾ ਮਿਲਿਆ ਸੀ। ਮੈਂ ਉੱਥੋਂ ਦਾ ਤਜ਼ਰਬਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉੱਥੇ ਮੈਂ ਆਈਆਈਟੀ ਮਦਰਾਸ ਵਿੱਚ ਇੱਕ ਆਧੁਨਿਕ ਬ੍ਰੇਨ ਸੈਂਟਰ ਦਾ ਉਦਘਾਟਨ ਕੀਤਾ। ਇਸ ਕੇਂਦਰ ਨੇ ਦਿਮਾਗ਼ ਦੀਆਂ ਤਸਵੀਰਾਂ ਲੈਣ ਵਾਲੀ ਇੱਕ ਤਕਨਾਲੋਜੀ ਦਾ ਮੰਚ ਤਿਆਰ ਕੀਤਾ ਹੈ, ਜੋ ਦੁਨੀਆ ਭਰ ਲਈ ਇੱਕ ਮਿਸਾਲ ਹੈ। ਇਹ ਬ੍ਰੇਨ ਸੈਂਟਰ ਮਨੁੱਖੀ ਦਿਮਾਗ਼ ਦੀਆਂ ਉੱਚ-ਰੈਜ਼ੋਲਿਊਸ਼ਨ ਵਾਲੀਆਂ ਡਿਜੀਟਲ 3ਡੀ ਤਸਵੀਰਾਂ ਵਿਕਸਿਤ ਕਰਨ ਵਿੱਚ ਜੁਟਿਆ ਹੋਇਆ ਹੈ। ਇਸ ਮਿਸ਼ਨ ਦੀ ਸਫ਼ਲਤਾ ਦਿਮਾਗ਼ ਨਾਲ ਜੁੜੀਆਂ ਕਈ ਬਿਮਾਰੀਆਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਵਿੱਚ ਮਦਦ ਕਰੇਗੀ। ਸਮਾਜ ਲਈ ਵਿਗਿਆਨ, ਬਦਲਾਅ ਲਈ ਤਕਨਾਲੋਜੀ—ਇਹੀ ਸਾਡੀ ਵਿਗਿਆਨਕ ਤਰੱਕੀ ਦਾ ਮਿਆਰ ਹੋਣਾ ਚਾਹੀਦਾ ਹੈ। ਅਤੇ ਭਾਰਤ ਇਸੇ ਮਾਪਦੰਡ ‘ਤੇ ਆਪਣੇ ਆਪ ਨੂੰ ਪਰਖਦਿਆਂ ਅੱਗੇ ਵਧ ਰਿਹਾ ਹੈ।

ਸਾਥੀਓ,

ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਦੇਸ਼ ਦੀ ਤਕਨਾਲੋਜੀ ਅਤੇ ਤਕਨਾਲੋਜੀ ਸਿਰਜਣ ਦੀ ਸਮਰੱਥਾ ਉਸ ਦੀ ਖੋਜ ‘ਤੇ ਨਿਰਭਰ ਕਰਦੀ ਹੈ। ਖੋਜ ਉਹ ਤਾਕਤ ਹੈ, ਜੋ ਕਿਸੇ ਦੇਸ਼ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਮਹੱਤਵਪੂਰਨ ਤਕਨਾਲੋਜੀਆਂ ਵਿੱਚ ਆਤਮ-ਨਿਰਭਰ ਬਣਨ ਦੀ ਸਮਰੱਥਾ ਦਿੰਦੀ ਹੈ। ਅਤੇ ਇਸੇ ਲਈ ਮੈਂ ਕਿਹਾ ਹੈ—ਜੈ ਵਿਗਿਆਨ, ਜੈ ਅਨੁਸੰਧਾਨ! ਵਿਕਸਿਤ ਭਾਰਤ ਲਈ ਅਸੀਂ ਆਪਣੇ ਖੋਜ ਖੇਤਰ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਹਾਂ। ਇਸੇ ਸੰਕਲਪ ਨਾਲ ਅਨੁਸੰਧਾਨ ਰਾਸ਼ਟਰੀ ਖੋਜ ਫਾਊਂਡੇਸ਼ਨ ਨੂੰ ਗਤੀ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਇਸੇ ਮੰਚ ‘ਤੇ ਖੋਜ, ਵਿਕਾਸ ਅਤੇ ਨਵੀਨਤਾ ਲਈ ਇੱਕ ਲੱਖ ਕਰੋੜ ਰੁਪਏ ਦੀ ਵਿਵਸਥਾ ਕਰਨ ਦਾ ਸੰਕਲਪ ਲਿਆ ਸੀ। ਅਤੇ ਅੱਜ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਲਗਭਗ 12 ਹਜ਼ਾਰ ਕਰੋੜ ਰੁਪਏ ਅਜਿਹੀਆਂ ਤਕਨਾਲੋਜੀਆਂ ਲਈ ਦੇਣ ਦੀ ਵਚਨਬੱਧਤਾ ਪ੍ਰਗਟਾਈ ਜਾ ਚੁੱਕੀ ਹੈ, ਜੋ ਪ੍ਰਯੋਗਸ਼ਾਲਾ ਵਿੱਚੋਂ ਨਿਕਲ ਕੇ ਬਾਜ਼ਾਰ ਵੱਲ ਵਧਣ ਲਈ ਤਿਆਰ ਹਨ। ਅਤੇ ਇਸ ਵਿੱਚ ਨਿੱਜੀ ਨਿਵੇਸ਼ਕ ਵੀ ਬਰਾਬਰ ਦੀ ਭਾਈਵਾਲੀ ਕਰ ਰਹੇ ਹਨ। ਸਰਕਾਰ ਵੱਲੋਂ 12 ਹਜ਼ਾਰ ਕਰੋੜ ਰੁਪਏ ਦੇਣ ਦੀ ਵਚਨਬੱਧਤਾ ਦੇ ਨਾਲ, ਨਿੱਜੀ ਖੇਤਰ ਵੀ 12 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ। ਯਾਨੀ, ਸਿਰਫ਼ ਇੱਕ ਸਾਲ ਵਿੱਚ ਖੋਜ ਅਤੇ ਵਿਕਾਸ ਲਈ ਕੁੱਲ 24 ਹਜ਼ਾਰ ਕਰੋੜ ਰੁਪਏ ਦੀ ਨਵੀਂ ਵਚਨਬੱਧਤਾ ਹੋਈ ਹੈ।

ਸਾਥੀਓ,

ਭਾਰਤ ਦੇ ਖੋਜ ਢਾਂਚੇ ਵਿੱਚ ਵੀ ਲਗਾਤਾਰ ਵਿਸਥਾਰ ਦਿਖਾਈ ਦੇ ਰਿਹਾ ਹੈ। ਪੇਟੈਂਟ ਅਰਜ਼ੀਆਂ ਵਿੱਚ ਵੀ ਬਹੁਤ ਵੱਡਾ ਵਾਧਾ ਹੋਇਆ ਹੈ। ਦਸ ਸਾਲ ਪਹਿਲਾਂ ਇੱਕ ਸਾਲ ਵਿੱਚ 50 ਹਜ਼ਾਰ ਤੋਂ ਵੀ ਘੱਟ ਪੇਟੈਂਟ ਅਰਜ਼ੀਆਂ ਦਾਖ਼ਲ ਹੁੰਦੀਆਂ ਸਨ। ਪਿਛਲੇ ਸਾਲ ਇਹ ਗਿਣਤੀ ਲਗਭਗ ਡੇਢ ਲੱਖ ਤੱਕ ਪਹੁੰਚ ਗਈ। ਇਹ ਅੰਕੜੇ ਸਿਰਫ਼ ਵਧਦੀ ਗਿਣਤੀ ਨਹੀਂ ਦਿਖਾਉਂਦੇ। ਇਹ ਉਸ ਬਦਲਾਅ ਦਾ ਸੰਕੇਤ ਹਨ, ਜਿਸ ਵਿੱਚ ਭਾਰਤ ਵਿੱਚ ਖੋਜ ਅਤੇ ਨਵੀਨਤਾ ਇੱਕ ਮਜ਼ਬੂਤ ਸੱਭਿਆਚਾਰ ਵਜੋਂ ਉੱਭਰ ਰਹੇ ਹਨ।

ਸਾਥੀਓ,

21ਵੀਂ ਸਦੀ ਦੀ ਇਸ ਦੂਜੀ ਤਿਮਾਹੀ ਵਿੱਚ ਇੱਕ ਹੋਰ ਸਵਾਲ ਬਹੁਤ ਮਹੱਤਵਪੂਰਨ ਹੋ ਗਿਆ ਹੈ। ਏਆਈ ਦੇ ਇਸ ਦੌਰ ਵਿੱਚ ਵਿਗਿਆਨਕ ਨਿਰਣਾ-ਸ਼ਕਤੀ ਕਿਵੇਂ ਵਿਕਸਿਤ ਹੋਵੇਗੀ? ਸਾਡੀਆਂ ਪ੍ਰਯੋਗਸ਼ਾਲਾਵਾਂ ਦੀ ਅਗਵਾਈ ਕਰ ਰਹੇ ਵਿਗਿਆਨੀਆਂ ਨੇ ਸਾਲਾਂ ਦੇ ਤਜਰਬੇ ਨਾਲ ਆਪਣੀ ਯੋਗਤਾ ਨੂੰ ਨਿਖਾਰਿਆ ਹੈ। ਸਾਡੇ ਇਸ ਮੰਚ ‘ਤੇ ਵੀ ਦੁਨੀਆ ਦੇ ਵੱਡੇ-ਵੱਡੇ ਵਿਗਿਆਨੀ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਵਿਗਿਆਨੀ ਮੌਜੂਦ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਨੇ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਸੁਲਝਾਉਂਦਿਆਂ, ਪ੍ਰਯੋਗ ਕਰਦਿਆਂ ਅਤੇ ਆਪਣੀਆਂ ਅਸਫ਼ਲਤਾਵਾਂ ਤੋਂ ਸਿੱਖਦਿਆਂ ਆਪਣੀ ਸਮਝ ਵਿਕਸਿਤ ਕੀਤੀ ਹੈ। ਇੱਕ ਵਿਗਿਆਨੀ ਸਿਰਫ਼ ਉਪਲਬਧ ਜਾਣਕਾਰੀ ਨੂੰ ਦੁਹਰਾਉਂਦਾ ਨਹੀਂ ਹੈ। ਉਹ ਸਥਾਪਤ ਤੌਰ-ਤਰੀਕਿਆਂ ‘ਤੇ ਸਵਾਲ ਚੁੱਕਦਾ ਹੈ। ਹੱਲਾਂ ਨੂੰ ਨਵੇਂ ਢੰਗ ਨਾਲ ਦੇਖਦਾ ਹੈ। ਉਹ ਉਨ੍ਹਾਂ ਪਹਿਲੂਆਂ ਦੀ ਪਛਾਣ ਕਰਦਾ ਹੈ, ਜਿਨ੍ਹਾਂ ਵੱਲ ਦੂਜਿਆਂ ਦਾ ਧਿਆਨ ਨਹੀਂ ਗਿਆ ਹੁੰਦਾ। ਇਸੇ ਪ੍ਰਕਿਰਿਆ ਰਾਹੀਂ ਵਿਗਿਆਨਕ ਨਿਰਣਾ-ਸ਼ਕਤੀ ਵਿਕਸਿਤ ਹੁੰਦੀ ਹੈ। ਪਰ ਅੱਜ ਏਆਈ ਦੇ ਦੌਰ ਵਿੱਚ ਸਾਡੇ ਸਾਹਮਣੇ ਇੱਕ ਨਵੀਂ ਚੁਣੌਤੀ ਵੀ ਹੈ। ਏਆਈ ਕਈ ਰੋਜ਼ਮਰ੍ਹਾ ਦੇ ਕੰਮ ਬਹੁਤ ਤੇਜ਼ੀ ਨਾਲ ਪੂਰੇ ਕਰ ਸਕਦੀ ਹੈ। ਇਸ ਨਾਲ ਖੋਜ ਦੀ ਉਤਪਾਦਕਤਾ ਵਧ ਸਕਦੀ ਹੈ। ਪਰ ਸਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਏਆਈ ਵਿਗਿਆਨੀਆਂ ਦੀ ਸੋਚ ਅਤੇ ਸੁਤੰਤਰ ਚਿੰਤਨ ਨੂੰ ਸੀਮਤ ਨਾ ਕਰੇ, ਸਗੋਂ ਇਸ ਨੂੰ ਹੋਰ ਵੀ ਸਮਰੱਥ ਬਣਾਏ। ਏਆਈ ਦੀ ਮਦਦ ਨਾਲ ਬਚਣ ਵਾਲੇ ਸਮੇਂ ਦੀ ਵਰਤੋਂ ਹੋਰ ਚੁਣੌਤੀਪੂਰਨ ਸਮੱਸਿਆਵਾਂ ‘ਤੇ ਕੰਮ ਕਰਨ, ਨਵੇਂ ਪ੍ਰਯੋਗ ਕਰਨ ਅਤੇ ਵਿਚਾਰਾਂ ਨੂੰ ਪਰਖਣ ਲਈ ਹੋਣੀ ਚਾਹੀਦੀ ਹੈ। ਏਆਈ ਸਾਨੂੰ ਜਵਾਬ ਜਲਦੀ ਦੇ ਸਕਦੀ ਹੈ, ਪਰ ਜਵਾਬ ਦੀ ਸੱਚਾਈ ਨੂੰ ਪਰਖਣ ਦੀ ਜ਼ਿੰਮੇਵਾਰੀ ਵਿਗਿਆਨੀ ਦੀ ਹੀ ਹੋਣੀ ਚਾਹੀਦੀ ਹੈ।

ਸਾਥੀਓ,

ਸਾਨੂੰ ਆਪਣੇ ਵਿਗਿਆਨੀਆਂ ਅਤੇ ਸੰਸਥਾਵਾਂ ਨੂੰ ਅੱਜ ਦੀਆਂ ਲੋੜਾਂ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਵੀ ਤਿਆਰ ਕਰਦੇ ਰਹਿਣਾ ਹੈ। ਸੈਮੀਕੰਡਕਟਰ, ਕੁਆਂਟਮ ਤਕਨਾਲੋਜੀਆਂ, ਜੈਵ-ਤਕਨਾਲੋਜੀ, ਉੱਨਤ ਸਮੱਗਰੀਆਂ, ਰੋਬੋਟਿਕਸ, ਪੁਲਾੜ, ਸਵੱਛ ਊਰਜਾ ਅਤੇ ਅਗਲੀ ਪੀੜ੍ਹੀ ਦੇ ਸੰਚਾਰ—ਇਹ ਅਜਿਹੇ ਖੇਤਰ ਹਨ, ਜੋ ਭਵਿੱਖ ਦੀ ਰੂਪ-ਰੇਖਾ ਤੈਅ ਕਰਨਗੇ। ਭਾਰਤ ਇਨ੍ਹਾਂ ਖੇਤਰਾਂ ਵਿੱਚ ਮਜ਼ਬੂਤ ਵਿਗਿਆਨਕ ਬੁਨਿਆਦਾਂ ਤਿਆਰ ਕਰ ਰਿਹਾ ਹੈ। ਇਸ ਲਈ ਵੱਖ-ਵੱਖ ਰਾਸ਼ਟਰੀ ਮਿਸ਼ਨ ਵੀ ਸ਼ੁਰੂ ਕੀਤੇ ਗਏ ਹਨ। ਸਾਡਾ ਯਤਨ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਵੱਡੀਆਂ ਵਿਗਿਆਨਕ ਪ੍ਰਾਪਤੀਆਂ ਭਾਰਤ ਤੋਂ ਵੀ ਸਾਹਮਣੇ ਆਉਣ। ਅਤੇ ਸਾਡੀ ਜ਼ਿੰਮੇਵਾਰੀ ਸਿਰਫ਼ ਨਵੀਨਤਾ ਤੱਕ ਸੀਮਤ ਨਹੀਂ ਹੈ। ਭਾਵੇਂ ਏਆਈ ਹੋਵੇ, ਸਿੰਥੈਟਿਕ ਬਾਇਓਲੋਜੀ ਹੋਵੇ ਜਾਂ ਸਵੈਚਾਲਿਤ ਪ੍ਰਣਾਲੀਆਂ, ਇਨ੍ਹਾਂ ਵਿੱਚ ਸੁਰੱਖਿਆ ਨੂੰ ਤਰਜੀਹ ਦੇਣੀ ਹੋਵੇਗੀ। ਏਆਈ ਦੇ ਇਸ ਦੌਰ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਵੀ ਨਵੀਆਂ ਚੁਣੌਤੀਆਂ ਅਤੇ ਨਵੇਂ ਖ਼ਤਰੇ ਪੈਦਾ ਹੋ ਰਹੇ ਹਨ। ਸਾਡੇ ਵਿੱਤੀ ਨੈੱਟਵਰਕ ਤੋਂ ਲੈ ਕੇ ਸਾਡੀ ਰਾਸ਼ਟਰੀ ਸੁਰੱਖਿਆ ਤੱਕ, ਸਭ ਦੇ ਸਾਹਮਣੇ ਇਹ ਚੁਣੌਤੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਏਆਈ ‘ਤੇ ਆਧਾਰਿਤ ਅਜਿਹੇ ਹੱਲਾਂ ‘ਤੇ ਕੰਮ ਕਰੀਏ ਅਤੇ ਕੁਆਂਟਮ ਸੁਰੱਖਿਆ ਦੇ ਅਜਿਹੇ ਹੱਲ ਵਿਕਸਿਤ ਕਰੀਏ, ਜੋ ਇਨ੍ਹਾਂ ਖ਼ਤਰਿਆਂ ਤੋਂ ਦੇਸ਼ ਦੀ ਵਿਵਸਥਾ ਨੂੰ ਸੁਰੱਖਿਅਤ ਕਰਨ। ਸਾਡਾ ਟੀਚਾ ਅਜਿਹੀਆਂ ਤਕਨਾਲੋਜੀਆਂ ਵਿਕਸਿਤ ਕਰਨਾ ਹੈ, ਜੋ ਭਾਰਤ ਨੂੰ ਸਮਰੱਥ ਬਣਾਉਣ ਅਤੇ ਮਨੁੱਖਤਾ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਵੀ ਯੋਗਦਾਨ ਪਾਉਣ।

ਸਾਥੀਓ,

ਇਸ ਸੰਮੇਲਨ ਵਿੱਚ ਮੌਜੂਦ ਹਰੇਕ ਖੋਜਕਰਤਾ, ਉਦਯੋਗਿਕ ਖੇਤਰ ਦੇ ਆਗੂ, ਸਟਾਰਟਅੱਪ ਸੰਸਥਾਪਕ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਲਈ ਇੱਕ ਠੋਸ ਟੀਚਾ ਤੈਅ ਕਰਨ। ਅਗਲੇ ਤਿੰਨ ਸਾਲਾਂ ਵਿੱਚ ਉਹ ਕਿਹੜੀ ਤਕਨਾਲੋਜੀ, ਕਿਹੜਾ ਨਮੂਨਾ, ਕਿਹੜਾ ਪਾਇਲਟ ਪ੍ਰੋਜੈਕਟ ਜਾਂ ਕਿਹੜਾ ਉਤਪਾਦ ਵਿਕਸਿਤ ਕਰਨ ਵਿੱਚ ਯੋਗਦਾਨ ਪਾਉਣਗੇ?ਅਸੀਂ ਅਜਿਹੀਆਂ ਨਵੀਨਤਾਵਾਂ ਕਰੀਏ, ਜੋ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿੱਚ ਸਹਿਯੋਗ ਦੇਣ ਅਤੇ ਸਾਨੂੰ ਦੁਨੀਆ ਲਈ ਹੱਲ ਤਿਆਰ ਕਰਨ ਦਾ ਕੇਂਦਰ ਬਣਾਉਣ। ਇਸ ਲਈ ਮੇਰੀ ਕਾਮਨਾ ਹੈ ਕਿ ਇਹ ਸੰਮੇਲਨ ਸਿਰਫ਼ ਵਿਚਾਰਾਂ ਦੇ ਆਦਾਨ-ਪ੍ਰਦਾਨ ਤੱਕ ਸੀਮਤ ਨਾ ਰਹੇ। ਇਹ ਮਾਪਣਯੋਗ ਨਤੀਜਿਆਂ ਦਾ ਮੰਚ ਬਣੇ।

ਸਾਥੀਓ,

ਅੱਜ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਸਾਡੇ ਕੋਲ ਪ੍ਰਤਿਭਾ ਹੈ। ਕੁਝ ਨਵਾਂ ਕਰਨ ਦਾ ਸੰਕਲਪ ਹੈ। ਸਾਨੂੰ ਅਜਿਹੀ ਪੀੜ੍ਹੀ ਤਿਆਰ ਕਰਨੀ ਹੈ, ਜੋ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਸਿਰਫ਼ ਭਾਗੀਦਾਰ ਹੀ ਨਾ ਹੋਵੇ, ਸਗੋਂ ਇਸ ਦੀ ਅਗਵਾਈ ਵੀ ਕਰੇ। ਸਾਡੀ ਭਾਵਨਾ ਹੋਵੇ—ਅਸੀਂ ਇਹ ਕਰਾਂਗੇ। ਅਸੀਂ ਇਹ ਕਰਾਂਗੇ। ਸਾਡਾ ਵਿਸ਼ਵਾਸ ਹੋਵੇ—ਅਸੀਂ ਇਹ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਇਸ ਸੰਮੇਲਨ ਦੀ ਸਫ਼ਲਤਾ ਲਈ ਇੱਕ ਵਾਰ ਫਿਰ ਮੇਰੀ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ