ਪੀਐੱਮਇੰਡੀਆ
ਇੰਡੋਨੇਸ਼ੀਆ ਦੇ ਮਾਣਯੋਗ ਰਾਸ਼ਟਰਪਤੀ ਜੀ,
ਉਪ-ਰਾਸ਼ਟਰਪਤੀ ਜੀ,
ਮਾਣਯੋਗ ਸਪੀਕਰ ਸਾਹਿਬਾਨ,
ਸੰਸਦ ਦੇ ਸਤਿਕਾਰਤ ਮੈਂਬਰ,
ਐਕਸੀਲੈਂਸੀਜ਼ (ਉੱਚ ਅਧਿਕਾਰੀ),
ਇੰਡੋਨੇਸ਼ੀਆ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ,
ਤੁਹਾਨੂੰ ਸਾਰਿਆਂ ਨੂੰ ਨਮਸਕਾਰ।
ਸਲਾਮਤ ਸਿਆਂਗ!
ਆਪਣੇ ‘ਸਹਾਬਤ ਸੇਜਾਤੀ’ (ਸੱਚੇ ਦੋਸਤਾਂ) ਵਿਚਾਲੇ ਆ ਕੇ ਮੈਂ ਬਹੁਤ ਖ਼ੁਸ਼ ਹਾਂ।
ਤੁਹਾਡੇ ਵਿਚਕਾਰ ਆਉਣਾ ਮੇਰੇ ਲਈ ਬਹੁਤ ਸੁਭਾਗ ਵਾਲੀ ਗੱਲ ਹੈ। ਮੈਂ 140 ਕਰੋੜ ਭਾਰਤਵਾਸੀਆਂ ਦੇ ਨੁਮਾਇੰਦੇ ਵਜੋਂ, ‘ਮਦਰ ਆਫ ਡੈਮੋਕ੍ਰੇਸੀ’ (ਲੋਕਤੰਤਰ ਦੀ ਮਾਂ) ਦੇ ਖ਼ੁਸ਼ਕਿਸਮਤ ਨਾਗਰਿਕ ਵਜੋਂ, ਤੁਹਾਨੂੰ ਸਾਰੇ ਭਾਰਤੀਆਂ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਇੰਡੋਨੇਸ਼ੀਆ ਦੇ ਲੋਕਾਂ ਨੇ, ਇੱਥੋਂ ਦੇ ਬੱਚਿਆਂ ਨੇ, ਨੌਜਵਾਨਾਂ ਅਤੇ ਔਰਤਾਂ ਨੇ, ਅੱਜ ਦੇ ਦਿਨ ਨੂੰ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਦਿਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਅੱਜ ਸਵੇਰੇ ਜਿਸ ਤਰ੍ਹਾਂ ਇੰਡੋਨੇਸ਼ੀਆ ਦੇ ਲੋਕਾਂ ਨੇ ਮੈਨੂੰ ਆਪਣਾ ਪਿਆਰ ਦਿਖਾਇਆ ਹੈ, ਜਿਸ ਤਰ੍ਹਾਂ ਸਵਾਗਤ ਕੀਤਾ ਹੈ, ਉਹ ਮੈਂ ਕਦੇ ਭੁੱਲ ਨਹੀਂ ਸਕਦਾ। ਅੱਜ ਸਵੇਰੇ ਰਾਸ਼ਟਰਪਤੀ ਪ੍ਰਬੋਵੋ ਨੇ ਕਾਪੀਰਾਈਟ ਦੀ ਗੱਲ ਕਹੀ ਸੀ। ਮੈਂ ਉਨ੍ਹਾਂ ਨੂੰ ਇਹੀ ਕਹਾਂਗਾ ਕਿ ਇਸ ਪਿਆਰ ’ਤੇ, ਇਸ ਸਨੇਹ ’ਤੇ, ਇਸ ਦੋਸਤੀ ’ਤੇ, ਇਸ ਸਤਿਕਾਰ ’ਤੇ ਕਿਸੇ ਦਾ ਕਾਪੀਰਾਈਟ ਹੋ ਹੀ ਨਹੀਂ ਸਕਦਾ। ਰਾਸ਼ਟਰਪਤੀ ਪ੍ਰਬੋਵੋ ਨਾਲ ਮੇਰੀ ਦੋਸਤੀ ਕਾਪੀਰਾਈਟ ਦੀਆਂ ਸਾਰੀਆਂ ਹੱਦਾਂ ਤੋਂ ਪਾਰ ਹੈ।
ਸਾਥੀਓ,
ਅੱਜ ਸਵੇਰੇ ਮੈਨੂੰ ਇੰਡੋਨੇਸ਼ੀਆ ਦਾ ਸਰਬ-ਉੱਚ ਸਨਮਾਨ ਪਾਉਣ ਦਾ ਸੁਭਾਗ ਵੀ ਮਿਲਿਆ। ਮੈਂ ਕਰੋੜਾਂ ਭਾਰਤੀਆਂ ਪ੍ਰਤੀ ਇੰਡੋਨੇਸ਼ੀਆ ਦੇ ਲੋਕਾਂ ਦੇ ਪਿਆਰ ਨੂੰ, ਤਹਿ ਦਿਲੋਂ ਅਤੇ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਇਹ ਸਨਮਾਨ, ਸਾਡੇ ਦੋਵਾਂ ਦੇਸ਼ਾਂ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਹੈ, ਸਾਂਝੀ ਵਿਰਾਸਤ ਦਾ ਹੈ, ਅਤੇ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦਾ ਹੈ। ਮੈਂ ਤੁਹਾਡੇ ਸਾਰੇ ਸਾਥੀਆਂ ਦਾ, ਰਾਸ਼ਟਰਪਤੀ ਪ੍ਰਬੋਵੋ ਜੀ ਦਾ, ਇੰਡੋਨੇਸ਼ੀਆ ਦੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਅੱਜ ਭਾਰਤ ਅਤੇ ਇੰਡੋਨੇਸ਼ੀਆ, ਇਤਿਹਾਸ ਦੇ ਇੱਕ ਅਹਿਮ ਪੜਾਅ ’ਤੇ ਇਕੱਠੇ ਖੜ੍ਹੇ ਹਨ। ਇਸ ਸਦੀ ਦਾ ਪਹਿਲਾ ਚੌਥਾਈ ਹਿੱਸਾ ਬੀਤ ਚੁੱਕਾ ਹੈ, ਅਤੇ ਹੁਣ ਆਉਣ ਵਾਲੇ 25 ਸਾਲ ਸਾਡੇ ਦੋਵਾਂ ਦੇਸ਼ਾਂ ਲਈ ਬਹੁਤ ਅਹਿਮ ਹਨ। ਅੱਜ ਇੰਡੋਨੇਸ਼ੀਆ ਦੀ ਇਸ ਮਹਾਨ ਧਰਤੀ ’ਤੇ ਮੈਂ ਤੁਹਾਡੇ ਸਾਹਮਣੇ ਦੋਵਾਂ ਦੇਸ਼ਾਂ ਦੇ ਸਾਂਝੇ ਵਿਕਾਸ ਦਾ ਵਿਸ਼ਵਾਸ ਲੈ ਕੇ ਆਇਆ ਹਾਂ। ਮੈਂ ਇਹ ਸੰਕਲਪ ਲੈ ਕੇ ਆਇਆ ਹਾਂ ਕਿ ਭਾਰਤ ਅਤੇ ਇੰਡੋਨੇਸ਼ੀਆ ਮਿਲ ਕੇ ਪੂਰੀ ਮਨੁੱਖਤਾ ਨੂੰ ਇੱਕ ਨਵੀਂ ਊਰਜਾ ਨਾਲ ਭਰ ਸਕਦੇ ਹਨ।
ਜਦੋਂ ਭਾਰਤ ਦੇ 140 ਕਰੋੜ ਨਾਗਰਿਕ, ਇੰਡੋਨੇਸ਼ੀਆ ਦੇ 29 ਕਰੋੜ ਨਾਗਰਿਕ, ਸਾਂਝੇ ਯਤਨਾਂ ਨਾਲ ਮਿਲ ਕੇ ਅੱਗੇ ਵਧਣਗੇ, ਤਾਂ ਦੁਨੀਆ ਇੱਕ ਨਵਾਂ ਇਤਿਹਾਸ ਸਿਰਜਦਿਆਂ ਦੇਖੇਗੀ।
ਭਾਰਤ ਦੁਨੀਆ ਦਾ ਉਹ ਦੇਸ਼ ਹੈ, ਜੋ ਵਿਸਥਾਰਵਾਦ ਨਹੀਂ, ਸਗੋਂ ਵਿਕਾਸਵਾਦ ਦੀ ਨੀਤੀ ’ਤੇ ਚੱਲਦਾ ਹੈ ਅਤੇ ਇਸੇ ਲਈ ਅਸੀਂ ਭਾਰਤ ਵਿੱਚ ਕਹਿੰਦੇ ਹਾਂ- ‘ਸਬਕਾ ਸਾਥ, ਸਬਕਾ ਵਿਕਾਸ’।
ਅੱਜ ਮੈਂ ਇਹੀ ਮੰਤਰ, ਇਹੀ ਭਾਵਨਾ ਲੈ ਕੇ, ਇੰਡੋਨੇਸ਼ੀਆ ਦੇ ਤੁਹਾਡੇ ਸਾਰੇ ਸੰਸਦ ਮੈਂਬਰਾਂ ਵਿਚਕਾਰ ਆਇਆ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਸਾਡੀਆਂ ਰਾਜਧਾਨੀਆਂ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ, ਪਰ ਸਮੁੰਦਰ ਵਿੱਚ ਸਾਡੇ ਵਿਚਕਾਰ ਸਿਰਫ਼ 150 ਕਿਲੋਮੀਟਰ ਦੀ ਹੀ ਦੂਰੀ ਹੈ। ਦੂਜੇ ਦੇਸ਼ਾਂ ਲਈ ਸਮੁੰਦਰ ਭਾਵੇਂ ਸਰਹੱਦਾਂ ਅਤੇ ਦੂਰੀਆਂ ਦਾ ਕਾਰਨ ਰਿਹਾ ਹੋਵੇ, ਪਰ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਮੁੰਦਰ ਦੂਰੀ ਦਾ ਪ੍ਰਤੀਕ ਨਹੀਂ ਰਿਹਾ। ਸਮੁੰਦਰ ਸਾਡੇ ਵਿਚਕਾਰ ਇੱਕ ਪੁਲ ਹੈ। ਇਹ ਸਾਡੇ ਸਾਂਝੇ ਭਵਿੱਖ ਦਾ ਕੇਂਦਰ ਹੈ।
ਇੰਡੀਆ, ਇੰਡੋਨੇਸ਼ੀਆ ਅਤੇ ਇੰਡੀਅਨ ਓਸ਼ਨ (ਹਿੰਦ ਮਹਾਸਾਗਰ)… ਇਹ ਨਾਮ ਸਾਡੀ ਆਪਸੀ ਸਾਂਝ ਦੀ ਗਵਾਹੀ ਭਰਦੇ ਹਨ। ਹਜ਼ਾਰਾਂ ਸਾਲਾਂ ਤੱਕ ਸਾਡੀਆਂ ਬੰਦਰਗਾਹਾਂ ਦੁਨੀਆ ਨੂੰ ਜੋੜਦੀਆਂ ਰਹੀਆਂ। ਸਾਡੇ ਜਹਾਜ਼, ਵਪਾਰ ਅਤੇ ਸੱਭਿਆਚਾਰ ਨੂੰ ਦੂਰ-ਦੂਰ ਤੱਕ ਲੈ ਕੇ ਗਏ। ਸਾਡੇ ਕੋਲ ਸਮੁੰਦਰ ਨਾਲ ਜੁੜੀਆਂ ਭਵਿੱਖ ਦੀਆਂ ਕਈ ਸੰਭਾਵਨਾਵਾਂ ਹਨ। ਇਸ ਲਈ ਅੱਜ ਮੈਂ ਸਮੁੰਦਰ ਦੀ ਇਸੇ ਵਿਸ਼ਾਲਤਾ ਨੂੰ ਆਧਾਰ ਬਣਾ ਕੇ, ਤੁਹਾਨੂੰ ਭਾਰਤ-ਇੰਡੋਨੇਸ਼ੀਆ ਦੇ ਸਬੰਧਾਂ ਨੂੰ ਨਵੀਂ ਉਚਾਈ ਦੇਣ ਦੀ ਅਪੀਲ ਕਰਾਂਗਾ।
ਮਾਣਯੋਗ ਮੈਂਬਰ ਸਾਹਿਬਾਨ,
ਇੰਡੀਆ ਅਤੇ ਇੰਡੋਨੇਸ਼ੀਆ ਸਿਰਫ਼ ਸਮੁੰਦਰ ਹੀ ਸਾਂਝਾ ਨਹੀਂ ਕਰਦੇ, ਸਾਡਾ ਇਤਿਹਾਸ ਵੀ ਸਾਂਝਾ ਹੈ। ਸਾਡਾ ਸਬੰਧ ਰਾਮਾਇਣ ਅਤੇ ਮਹਾਭਾਰਤ ਦੀ ਵਿਰਾਸਤ ਹੈ। ਸਾਡਾ ਸਬੰਧ, ਸਦੀਆਂ ਪੁਰਾਣੇ ਨਾਲੰਦਾ ਦੇ ਗਿਆਨ ਨਾਲ ਹੈ। ਸਾਡਾ ਸਬੰਧ ਵਾਯਾਂਗ, ਨਾਚ ਅਤੇ ਸੰਗੀਤ ਨਾਲ ਹੈ।
ਅਸੀਂ ਬੋਰੋਬੁਦੁਰ ਅਤੇ ਪ੍ਰੰਬਾਨਨ ਵਰਗੀਆਂ ਸ਼ਾਨਦਾਰ ਇਤਿਹਾਸਕ ਯਾਦਗਾਰਾਂ ਰਾਹੀਂ ਜੁੜੇ ਹਾਂ। ਅਸੀਂ ਇੰਡੋਨੇਸ਼ੀਆ ਦੇ ਰਾਸ਼ਟਰੀ ਪ੍ਰਤੀਕ ‘ਗਰੁੜ’ ਨਾਲ ਜੁੜੇ ਹਾਂ। ਅਸੀਂ ਬਾਲੀ ਜਾਤਰਾ ਦੇ ਤਿਉਹਾਰ ਅਤੇ ਉਸ ਦੀਆਂ ਖ਼ੁਸ਼ੀਆਂ ਨਾਲ ਜੁੜੇ ਹਾਂ। ਅਤੇ, ਜਦੋਂ ਅਸੀਂ ਸਵਾਦ ਦੀ ਗੱਲ ਕਰਦੇ ਹਾਂ, ਤਾਂ ਕਰੁਪੁਕ ਅਤੇ ਪਾਪੜ ਵਿੱਚੋਂ ਕਿਹੜਾ ਜ਼ਿਆਦਾ ਕਰੰਚੀ ਹੈ, ਇਹ ਕਹਿਣਾ ਔਖਾ ਹੋ ਜਾਂਦਾ ਹੈ। ਪਰ ਇਹ ਗੱਲ ਤਾਂ ਪੱਕੀ ਹੈ ਕਿ ਮਸਾਲਾ ਅਤੇ ਬੁੰਬੂ, ਦੋਵੇਂ ਸਾਡੀ ਜ਼ਿੰਦਗੀ ਵਿੱਚ ਸਵਾਦ ਲਿਆਉਂਦੇ ਹਨ।
ਸਾਥੀਓ,
ਭਾਰਤ ਦੇ ਪੱਛਮੀ ਸਿਰੇ ’ਤੇ ਸਥਿਤ ਗੁਜਰਾਤ ਮੇਰਾ ਗ੍ਰਹਿ ਸੂਬਾ ਹੈ। ਕਿਹਾ ਜਾਂਦਾ ਹੈ ਕਿ ਸਦੀਆਂ ਪਹਿਲਾਂ ਗੁਜਰਾਤ ਤੋਂ ਕੁਝ ਵਪਾਰੀ ਅਤੇ ਸੂਫੀ ਸੰਤ ਸਮੁੰਦਰ ਦੇ ਰਸਤੇ ਹੀ ਇੰਡੋਨੇਸ਼ੀਆ ਆਏ ਸਨ। ਉਹ ਆਪਣੇ ਨਾਲ ਇਸਲਾਮ ਦੇ ਵਿਚਾਰ ਅਤੇ ਇਸਲਾਮ ਦੀਆਂ ਜੀਵਨ-ਕਦਰਾਂ ਵੀ ਲੈ ਕੇ ਇੱਥੇ ਆਏ। ਅੱਜ ਵੀ ਗੁਜਰਾਤ ਦੇ ਪਟੋਲਾ ਕੱਪੜੇ ਇੱਥੇ ਸਨਮਾਨ ਅਤੇ ਇੱਜ਼ਤ ਦਾ ਪ੍ਰਤੀਕ ਹਨ। ਅੱਜ ਵੀ ਇੰਡੋਨੇਸ਼ੀਆ ਦੀ ਬਾਟਿਕ ਕਲਾ ਵਿੱਚ ਉਨ੍ਹਾਂ ਦੀ ਛਾਪ ਦਿਖਾਈ ਦਿੰਦੀ ਹੈ।
ਅਤੇ ਇਸੇ ਲਈ ਹੀ ਰਾਸ਼ਟਰਪਤੀ ਸੁਕਰਨੋ ਨੇ ਵੀ ਕਿਹਾ ਸੀ- “ਇੰਡੋਨੇਸ਼ੀਆ ਅਤੇ ਭਾਰਤ ਦੇ ਲੋਕ ਖ਼ੂਨ ਅਤੇ ਸੱਭਿਆਚਾਰ ਦੇ ਰਿਸ਼ਤਿਆਂ ਨਾਲ ਜੁੜੇ ਹੋਏ ਹਨ।”
ਸਾਥੀਓ,
ਅਜਿਹਾ ਬਹੁਤ ਕੁਝ ਹੈ, ਜੋ ਸਾਡੇ ਪੁਰਖਿਆਂ ਨੇ ਇਕੱਠਿਆਂ ਹੰਢਾਇਆ ਹੈ। ਅਸੀਂ ਲੰਬੇ ਸਮੇਂ ਤੱਕ ਵਿਦੇਸ਼ੀ ਰਾਜ ਦਾ ਸਾਹਮਣਾ ਕੀਤਾ ਹੈ। ਅਸੀਂ ਦੋਵੇਂ ਦੇਸ਼ ਲਗਭਗ ਇੱਕੋ ਸਮੇਂ ਆਜ਼ਾਦ ਹੋਏ। ਇੰਡੋਨੇਸ਼ੀਆ 1945 ਵਿੱਚ, ਅਤੇ ਭਾਰਤ 1947 ਵਿੱਚ! ਅਤੇ, ਜਦੋਂ ਇੱਕ ਆਜ਼ਾਦ ਦੇਸ਼ ਵਜੋਂ ਪ੍ਰਭੂਸੱਤਾ ਦੀ ਗੱਲ ਆਈ ਤਾਂ ਭਾਰਤ ਸੰਯੁਕਤ ਰਾਸ਼ਟਰ ਵਿੱਚ ਇੰਡੋਨੇਸ਼ੀਆ ਦੇ ਸੁਤੰਤਰਤਾ ਅੰਦੋਲਨ ਦੀ ਮਜ਼ਬੂਤ ਆਵਾਜ਼ ਬਣਿਆ।
ਉਸ ਦੌਰ ਵਿੱਚ,
ਸਤਿਕਾਰਯੋਗ ਬੀਜੂ ਪਟਨਾਇਕ ਜੀ ਨੇ ਜੋ ਭੂਮਿਕਾ ਨਿਭਾਈ, ਜਿਸ ਤਰ੍ਹਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਸੁਤਾਨ ਸ਼ਹਿਰਿਰ ਅਤੇ ਉਪ-ਰਾਸ਼ਟਰਪਤੀ ਮੁਹੰਮਦ ਹੱਟਾ ਨੂੰ ਸੁਰੱਖਿਅਤ ਭਾਰਤ ਪਹੁੰਚਾਇਆ, ਉਸ ਘਟਨਾ ਨੇ ਦੋਵਾਂ ਦੇਸ਼ਾਂ ਨੂੰ ਹੋਰ ਵੀ ਕਰੀਬ ਲਿਆ ਦਿੱਤਾ।
ਮਾਣਯੋਗ ਮੈਂਬਰ ਸਾਹਿਬਾਨ,
ਇੱਕ ਹੋਰ ਗੱਲ ਜੋ ਸਾਨੂੰ ਇੱਕ-ਦੂਜੇ ਦੇ ਨੇੜੇ ਲਿਆਉਂਦੀ ਹੈ, ਉਹ ਹੈ ਸਾਡਾ ਮਜ਼ਬੂਤ ਲੋਕਤੰਤਰ ਅਤੇ ਲੋਕਤੰਤਰ ਵਿੱਚ ਅਨੇਕਤਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ‘ਮਦਰ ਆਫ ਡੈਮੋਕ੍ਰੇਸੀ’ ਹੈ। ਅਤੇ, ਇੰਡੋਨੇਸ਼ੀਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਲੋਕਤੰਤਰ ਹੈ।
ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਕਈ ਪਰੰਪਰਾਵਾਂ ਹਨ, ਤਾਂ ਇੰਡੋਨੇਸ਼ੀਆ ਵਿੱਚ ਵੀ ਸੈਂਕੜੇ ਭਾਸ਼ਾਵਾਂ ਅਤੇ ਕਈ ਪਰੰਪਰਾਵਾਂ ਹਨ। ਭਾਰਤ ਵਿੱਚ ‘ਵਸੁਧੈਵ ਕੁਟੁੰਬਕਮ’ ਦਾ ਮੰਤਰ ਹੈ ਤਾਂ ਇੰਡੋਨੇਸ਼ੀਆ ਵਿੱਚ ‘ਭਿੰਨੇਕਾ ਤੁੰਗਲ ਈਕਾ’ ਦਾ ਵਿਚਾਰ ਹੈ। ਸਾਡੇ ਦੋਵਾਂ ਨੇ ਆਪਣੇ ਲੋਕਤੰਤਰ ਵਿੱਚ ਇਸੇ ਅਨੇਕਤਾ ਨੂੰ ਹੀ ਆਪਣੀ ਏਕਤਾ ਦੀ ਨੀਂਹ ਬਣਾ ਲਿਆ ਹੈ।
ਮਾਣਯੋਗ ਮੈਂਬਰ ਸਾਹਿਬਾਨ,
1950 ਵਿੱਚ ਜਦੋਂ ਭਾਰਤ ਨੇ ਆਪਣਾ ਪਹਿਲਾ ਗਣਤੰਤਰ ਦਿਵਸ ਮਨਾਇਆ ਸੀ, ਉਸ ਸਮਾਗਮ ਦੇ ਮੁੱਖ ਮਹਿਮਾਨ ਵੀ ਰਾਸ਼ਟਰਪਤੀ ਸੁਕਰਨੋ ਹੀ ਸਨ, ਜਿਸ ਦਾ ਜ਼ਿਕਰ ਸਤਿਕਾਰਯੋਗ ਸਪੀਕਰ ਸਾਹਿਬ ਨੇ ਕੀਤਾ। ਅਤੇ ਉਸ ਦੌਰ ਵਿੱਚ ਬਾਂਡੁੰਗ ਸੰਮੇਲਨ ਵਿੱਚ ਰਾਸ਼ਟਰਪਤੀ ਸੁਕਰਨੋ ਅਤੇ ਪ੍ਰਧਾਨ ਮੰਤਰੀ ਨਹਿਰੂ ਨੇ ਦੁਨੀਆ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਸੀ ਕਿ ਆਜ਼ਾਦ ਦੇਸ਼ਾਂ ਨੂੰ ਆਪਣੇ ਫੈਸਲੇ ਆਪ ਲੈਣ ਦਾ ਅਧਿਕਾਰ ਹੈ।
ਮਾਣਯੋਗ ਮੈਂਬਰ ਸਾਹਿਬਾਨ,
ਲੋਕਤੰਤਰ ਦੀ ਤਾਕਤ ਕੀ ਹੁੰਦੀ ਹੈ, ਇੰਡੋਨੇਸ਼ੀਆ ਨੇ ਇਹ ‘ਰੇਫਾਰਮਾਸੀ’ ਰਾਹੀਂ ਦੁਨੀਆ ਨੂੰ ਦਿਖਾਇਆ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇੰਡੋਨੇਸ਼ੀਆ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧੀ ਹੈ ਅਤੇ ਕਰੋੜਾਂ ਲੋਕ ਗਰੀਬੀ ਵਿੱਚੋਂ ਬਾਹਰ ਆਏ ਹਨ।
ਭਾਰਤ ਦਾ ਲੋਕਤੰਤਰੀ ਤਜਰਬਾ ਵੀ ਇਹੀ ਕਹਿੰਦਾ ਹੈ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਅਤੇ ਸਾਡੇ ਇੱਥੇ ਵੀ ਪਿਛਲੇ ਇੱਕ ਦਹਾਕੇ ਵਿੱਚ 25 ਕਰੋੜ ਤੋਂ ਵੱਧ ਭਾਰਤੀ, ਗਰੀਬੀ ਵਿੱਚੋਂ ਬਾਹਰ ਆਏ ਹਨ।
ਅਤੇ ਇਸ ਲਈ ਦੋਸਤੋ,
ਜਦੋਂ ਭਾਰਤ ਅਤੇ ਇੰਡੋਨੇਸ਼ੀਆ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਦੁਨੀਆ ਦਾ ਇਹ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਲੋਕਤੰਤਰ ਮੌਕੇ ਦਿੰਦਾ ਹੈ, ਲੋਕਤੰਤਰ ਭਰੋਸਾ ਦਿੰਦਾ ਹੈ,
ਅਤੇ ਲੋਕਤੰਤਰ ਭਵਿੱਖ ਬਣਾਉਂਦਾ ਹੈ। ਅਤੇ ਮੈਨੂੰ ਅਟੁੱਟ ਵਿਸ਼ਵਾਸ ਹੈ ਕਿ ਸਾਡੀਆਂ ਇਹ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਾਂਝੀਆਂ ਇੱਛਾਵਾਂ ਭਾਰਤ-ਇੰਡੋਨੇਸ਼ੀਆ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੀਆਂ।
ਮਾਣਯੋਗ ਮੈਂਬਰ ਸਾਹਿਬਾਨ,
ਇੱਕੋ ਸਮੇਂ ਆਜ਼ਾਦ ਦੇਸ਼ਾਂ ਵਜੋਂ ਅਸੀਂ ਜੋ ਸਫ਼ਰ ਸ਼ੁਰੂ ਕੀਤਾ ਸੀ, ਹੁਣ ਉਸ ਆਜ਼ਾਦੀ ਦੇ ਸੌ ਸਾਲ ਵੀ ਅਸੀਂ ਇਕੱਠੇ ਪੂਰੇ ਕਰਨ ਜਾ ਰਹੇ ਹਾਂ। ਇੱਥੇ ਇੰਡੋਨੇਸ਼ੀਆ ਵਿੱਚ ਤੁਸੀਂ ‘ਏਮਾਸ 2045’ ਦੇ ਅਹਿਮ ਵਿਜ਼ਨ ’ਤੇ ਚੱਲ ਰਹੇ ਹੋ। ਅਤੇ ਭਾਰਤ ਵਿੱਚ ਅਸੀਂ ‘ਵਿਕਸਿਤ ਭਾਰਤ 2047’ ਦਾ ਸੰਕਲਪ ਲੈ ਕੇ ਅੱਗੇ ਵਧ ਰਹੇ ਹਾਂ। ਆਪਣੇ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵਿੱਚ ਅਸੀਂ ਇੱਕ-ਦੂਜੇ ਦੇ ਪੂਰਕ ਬਣ ਸਕਦੇ ਹਾਂ।
ਅਸੀਂ ਦੁਨੀਆ ਦੇ ਸਭ ਤੋਂ ਨੌਜਵਾਨ ਸਮਾਜ (ਯੂਥਫੁਲ ਸੁਸਾਇਟੀਜ਼) ਹਾਂ। ਅਸੀਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਹਾਂ। ਅਸੀਂ ਦੋਵੇਂ ਪ੍ਰਮੁੱਖ ਸਮੁੰਦਰੀ ਤਾਕਤਾਂ ਹਾਂ। ਅਸੀਂ ਗਲੋਬਲ ਸਾਊਥ ਦੀ ਮਜ਼ਬੂਤ ਆਵਾਜ਼ ਹਾਂ। ਅਸੀਂ ਪ੍ਰਾਚੀਨ ਸੱਭਿਅਤਾਵਾਂ ਵੀ ਹਾਂ, ਅਤੇ ਭਵਿੱਖ ਲਈ ਕੁਦਰਤੀ ਭਾਈਵਾਲ (ਨੈਚੁਰਲ ਪਾਰਟਨਰਜ਼) ਵੀ ਹਾਂ।
ਇਸ ਯਾਤਰਾ ਵਿੱਚ ਅਸੀਂ ਇੱਕ-ਦੂਜੇ ਦੇ ਪਾਰਟਨਰ ਵੀ ਬਣੀਏ ਅਤੇ ਤਾਕਤ ਵੀ ਬਣੀਏ। ਇਸੇ ਵਿਜ਼ਨ ਨੂੰ ਲੈ ਕੇ ਅੱਜ ਰਾਸ਼ਟਰਪਤੀ ਪ੍ਰਬੋਵੋ ਨਾਲ ਮੇਰੀ ਵਿਸਥਾਰਤ ਚਰਚਾ ਵੀ ਹੋਈ ਹੈ। ਸਾਡਾ ਉਦੇਸ਼ ਬਹੁਤ ਸਪੱਸ਼ਟ ਹੈ। ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਜੋ ਸਦਭਾਵਨਾ ਅਤੇ ਵਿਸ਼ਵਾਸ ਹੈ, ਅਸੀਂ ਉਸ ਨੂੰ ਆਪਣੇ ਨਾਗਰਿਕਾਂ ਲਈ ਨਵੇਂ ਮੌਕਿਆਂ ਵਿੱਚ ਬਦਲਣਾ ਹੈ।
ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਲਗਭਗ 25 ਅਰਬ ਡਾਲਰ ਤੱਕ ਪਹੁੰਚਿਆ ਹੈ। ਭਾਰਤ ਦੀਆਂ ਸੌ ਤੋਂ ਵੱਧ ਕੰਪਨੀਆਂ ਇੰਡੋਨੇਸ਼ੀਆ ਵਿੱਚ ਕੰਮ ਕਰ ਰਹੀਆਂ ਹਨ। ਯਕੀਨੀ ਤੌਰ ’ਤੇ ਅਸੀਂ ਮਿਲ ਕੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਪਰ, ਅੱਗੇ ਅਜੇ ਹੋਰ ਵੀ ਬੇਅੰਤ ਸੰਭਾਵਨਾਵਾਂ ਸਾਡਾ ਇੰਤਜ਼ਾਰ ਕਰ ਰਹੀਆਂ ਹਨ।
ਮਾਣਯੋਗ ਮੈਂਬਰ ਸਾਹਿਬਾਨ,
ਭਵਿੱਖਮੁਖੀ ਖੇਤਰਾਂ ਵਿੱਚ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਆਕਾਸ਼ ਛੂਹਣ ਦੀ ਸਮਰੱਥਾ ਹੈ। ਉਦਾਹਰਨ ਵਜੋਂ, ਸਪੇਸ ਤਕਨਾਲੋਜੀ। ਅੱਜ ਪੂਰੀ ਦੁਨੀਆ ਪੁਲਾੜ ਵਿੱਚ ਭਾਰਤ ਦੀ ਸਮਰੱਥਾ ਦਾ ਲੋਹਾ ਮੰਨ ਰਹੀ ਹੈ। ਅਤੇ, ਭਾਰਤ ਇਸ ਵਿੱਚ ਇੰਡੋਨੇਸ਼ੀਆ ਨੂੰ ਆਪਣਾ ਨੈਚੁਰਲ ਪਾਰਟਨਰ (ਕੁਦਰਤੀ ਭਾਈਵਾਲ) ਮੰਨਦਾ ਹੈ।
ਬਿਆਕ ਵਿੱਚ ਸੈਟੇਲਾਈਟ ਟ੍ਰੈਕਿੰਗ ਸਹੂਲਤਾਂ, ਲੰਬੇ ਸਮੇਂ ਤੋਂ ਭਾਰਤ ਦੇ ਸਪੇਸ ਪ੍ਰੋਗਰਾਮ ਨੂੰ ਸਹਿਯੋਗ ਦਿੰਦੀਆਂ ਰਹੀਆਂ ਹਨ। ਭਾਰਤ ਨੇ ਵੀ ਇੰਡੋਨੇਸ਼ੀਆ ਦੇ ਕਈ ਸੈਟੇਲਾਈਟ ਲਾਂਚ ਕੀਤੇ ਹਨ, ਅਤੇ ਸਮਰੱਥਾ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਹੁਣ ਇਸ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਸਮਾਂ ਹੈ। ਸੈਟੇਲਾਈਟ ਐਪਲੀਕੇਸ਼ਨਾਂ ਵਿੱਚ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ। ਭਾਰਤ, ਇੰਡੋਨੇਸ਼ੀਆ ਵਿੱਚ ਸੈਟੇਲਾਈਟ ਲਾਂਚ ਸਹੂਲਤ ਵਿਕਸਿਤ ਕਰਨ ਵਿੱਚ ਵੀ ਸਹਿਯੋਗ ਦੇਣ ਲਈ ਤਿਆਰ ਹੈ।
ਸਾਥੀਓ,
ਆਪਣੀ ਸਮੁੰਦਰੀ ਵਿਰਾਸਤ ਨੂੰ ਸਾਂਭਣ ਲਈ ਅਸੀਂ 5 ਹਜ਼ਾਰ ਸਾਲ ਪੁਰਾਣੇ ਪੋਰਟ ਸਿਟੀ ਲੋਥਲ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਬਣਾ ਰਹੇ ਹਾਂ।
ਮੈਂ ਚਾਹਾਂਗਾ ਕਿ ਇੰਡੋਨੇਸ਼ੀਆ ਵੀ ਇਸ ਪ੍ਰੋਜੈਕਟ ਨਾਲ ਜੁੜੇ।
ਮਾਣਯੋਗ ਮੈਂਬਰ ਸਾਹਿਬਾਨ,
ਅੱਤਵਾਦ ਵਰਗੇ ਮੁੱਦਿਆਂ ’ਤੇ ਭਾਰਤ ਅਤੇ ਇੰਡੋਨੇਸ਼ੀਆ, ਦੋਵਾਂ ਦੀ ਇੱਕੋ ਰਾਏ ਰਹੀ ਹੈ। ਪਿਛਲੇ ਸਾਲ ਪਹਿਲਗਾਮ ਵਿੱਚ ਜਦੋਂ ਘਿਨਾਉਣਾ ਅੱਤਵਾਦੀ ਹਮਲਾ ਹੋਇਆ, ਤਾਂ ਇੰਡੋਨੇਸ਼ੀਆ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ। ਮੈਂ ਇਸ ਲਈ, ਰਾਸ਼ਟਰਪਤੀ ਪ੍ਰਬੋਵੋ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਸਾਡੇ ਦੋਵੇਂ ਦੇਸ਼ ਅੱਤਵਾਦ ਦੇ ਟਾਕਰੇ (ਕਾਊਂਟਰ-ਟੈਰਰਿਜ਼ਮ) ’ਤੇ ਸਾਂਝੇ ਵਰਕਿੰਗ ਗਰੁੱਪ ਰਾਹੀਂ ਮਿਲ ਕੇ ਕੰਮ ਕਰ ਰਹੇ ਹਨ। ਇੰਟੈਲੀਜੈਂਸ, ਸਾਈਬਰ ਖਤਰਿਆਂ, ਅੱਤਵਾਦੀ ਫੰਡਿੰਗ ਅਤੇ ਡੀ-ਰੈਡੀਕਲਾਈਜ਼ੇਸ਼ਨ ਵਰਗੇ ਖੇਤਰਾਂ ਵਿੱਚ ਅਸੀਂ ਹੋਰ ਸਹਿਯੋਗ ਵਧਾ ਕੇ, ਦੁਨੀਆ ਵਿੱਚ ਸ਼ਾਂਤੀ ਪਸੰਦ ਤਾਕਤਾਂ ਨੂੰ ਮਜ਼ਬੂਤੀ ਦੇ ਸਕਦੇ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਅੱਜ ਆਲਮੀ ਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ, ਅਤੇ ਅਜਿਹੇ ਵਿੱਚ ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਬਰਾਬਰ ਦੀ ਭਾਈਵਾਲੀ ਅਤੇ ਆਪਣੀ ਵੱਡੀ ਭੂਮਿਕਾ ਦੀ ਮੰਗ ਕਰ ਰਹੇ ਹਨ। ਇਸ ਆਲਮੀ ਮਾਹੌਲ ਵਿੱਚ, ਭਾਰਤ ਦਾ ਸਪੱਸ਼ਟ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਵਿੱਚ ਸੁਧਾਰਾਂ ਨੂੰ ਹੋਰ ਟਾਲਿਆ ਨਹੀਂ ਜਾ ਸਕਦਾ।
2022 ਵਿੱਚ ਇੰਡੋਨੇਸ਼ੀਆ ਦੀ ਜੀ-20 ਪ੍ਰਧਾਨਗੀ ਅਤੇ, 2023 ਵਿੱਚ ਭਾਰਤ ਦੀ ਜੀ-20 ਪ੍ਰਧਾਨਗੀ, ਦੋਵਾਂ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ ਤਰਜੀਹਾਂ ਨੂੰ ਆਲਮੀ ਚਰਚਾ ਦੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ।
ਇੰਡੋਨੇਸ਼ੀਆ ਦੀ ‘ਬੇਬਾਸ-ਆਕਟਿਫ’ ਦੀ ਪਰੰਪਰਾ ਅਤੇ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਪ੍ਰਤੀ ਵਚਨਬੱਧਤਾ, ਆਲਮੀ ਮੁੱਦਿਆਂ ’ਤੇ ਸਾਨੂੰ ਇਕੱਠੇ ਖੜ੍ਹੇ ਹੋਣ ਲਈ ਮਜ਼ਬੂਤ ਆਧਾਰ ਦਿੰਦੇ ਹਨ।
ਭਾਰਤ ਇੱਕ ਸੁਤੰਤਰ, ਖੁੱਲ੍ਹੇ ਅਤੇ ਸੰਮਿਲਿਤ ਇੰਡੋ-ਪੈਸੀਫਿਕ ਦਾ ਕੱਟੜ ਸਮਰਥਕ ਹੈ। ਭਾਰਤ ਇੰਡੋ-ਪੈਸੀਫਿਕ ਵਿੱਚ ਆਵਾਜਾਈ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਇਸ ਲਈ ਅਸੀਂ ਆਸੀਆਨ ਨੂੰ ਕੇਂਦਰ ਵਿੱਚ ਰੱਖਿਆ ਹੈ। ਸਾਡੀ ਐਕਟ ਈਸਟ ਨੀਤੀ ਵੀ ਆਸੀਆਨ ਕੇਂਦਰਿਤ ਹੈ। ਭਾਰਤ ਅਤੇ ਆਸੀਆਨ ਦੀ ਵਿਆਪਕ ਰਣਨੀਤਕ ਭਾਈਵਾਲੀ ਲਗਾਤਾਰ ਅੱਗੇ ਵਧ ਰਹੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰਦੇ ਰਹਿਣ।
ਮਾਣਯੋਗ ਮੈਂਬਰ ਸਾਹਿਬਾਨ,
ਸਾਡੇ ਸਾਹਮਣੇ ਇੱਕ ਹੋਰ ਵੱਡਾ ਮੌਕਾ ਹੈ। ਪਿਛਲੇ ਸਾਲ ਇੰਡੋਨੇਸ਼ੀਆ ਬ੍ਰਿਕਸ ਦਾ ਪੂਰਾ ਮੈਂਬਰ ਬਣਿਆ ਹੈ। ਇਸ ਸਾਲ ਭਾਰਤ ਹੀ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ। ਬ੍ਰਿਕਸ ਦਾ ਇਹ ਮੰਚ ਹੋਰ ਵਧੇਰੇ ਵਿਹਾਰਕ ਹੋਵੇ, ਵਧੇਰੇ ਸੰਤੁਲਿਤ ਹੋਵੇ, ਗਲੋਬਲ ਸਾਊਥ ਦੀਆਂ ਲੋੜਾਂ ਪ੍ਰਤੀ ਹੋਰ ਵਧੇਰੇ ਸੰਵੇਦਨਸ਼ੀਲ ਹੋਵੇ,
ਅਸੀਂ ਇਸ ਲਈ ਮਿਲ ਕੇ ਕੰਮ ਕਰ ਸਕਦੇ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
ਅੱਜ, ਇੰਡੋਨੇਸ਼ੀਆ ਦੇ ਸਾਰੇ ਸੰਸਦ ਮੈਂਬਰਾਂ ਦੇ ਸਾਹਮਣੇ, ਮੈਂ ਭਾਰਤ-ਇੰਡੋਨੇਸ਼ੀਆ ਭਾਈਵਾਲੀ ਦੇ ਇੱਕ ਨਵੇਂ ਯੁੱਗ ਦਾ ਸੱਦਾ ਦਿੰਦਾ ਹਾਂ। ਗੰਗਾ ਅਤੇ ਮਹਾਕਾਮ ਦੀਆਂ ਧਾਰਾਵਾਂ ਵਾਂਗ, ਸਾਡੀਆਂ ਸੱਭਿਅਤਾਵਾਂ ਨੇ ਸਦੀਆਂ ਤੋਂ ਵਿਚਾਰਾਂ, ਆਸਥਾ, ਵਪਾਰ ਅਤੇ ਸੱਭਿਆਚਾਰ ਨੂੰ ਜੋੜਿਆ ਹੈ। ਅੱਜ, ਉਸੇ ਇਤਿਹਾਸਕ ਪ੍ਰਵਾਹ ਨੂੰ ਭਵਿੱਖ ਦੀ ਨਵੀਂ ਊਰਜਾ ਦੇਣ ਲਈ, ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ‘ਗੰਗਾ-ਮਹਾਕਾਮ ਵਿਜ਼ਨ’ ਪੇਸ਼ ਕਰਨਾ ਚਾਹੁੰਦਾ ਹਾਂ।
ਇਹ ਵਿਜ਼ਨ ਸਾਡੀ ਭਾਈਵਾਲੀ ਨੂੰ ਸਿਰਫ਼ ਵਰਤਮਾਨ ਦੀਆਂ ਲੋੜਾਂ ਤੱਕ ਸੀਮਤ ਨਹੀਂ ਰੱਖਦਾ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਾਂਤੀ, ਖ਼ੁਸ਼ਹਾਲੀ, ਸੁਰੱਖਿਆ ਅਤੇ ਸਾਂਝੀ ਤਰੱਕੀ ਦਾ ਰਾਹ ਪੱਧਰਾ ਕਰਦਾ ਹੈ।
ਪਹਿਲਾ… ਸੱਭਿਅਤਾਵਾਂ ਦਾ ਸੰਪਰਕ
ਅਸੀਂ ਆਪਣੇ ਸੱਭਿਅਤਾਵਾਂ ਦੇ ਜੁੜਾਵ ਨੂੰ ਨਵੀਆਂ ਪੀੜ੍ਹੀਆਂ ਦੀ ਚੇਤਨਾ ਨਾਲ ਜੋੜਾਂਗੇ। ਰਾਮਾਇਣ ਤੋਂ ਲੈ ਕੇ ਬੋਰੋਬੁਦੁਰ ਤੱਕ, ਸਮੁੰਦਰੀ ਯਾਤਰਾਵਾਂ ਤੋਂ ਲੈ ਕੇ ਸੱਭਿਆਚਾਰਕ ਸੰਵਾਦ ਤੱਕ — ਅਸੀਂ ਆਪਣੇ ਸਾਂਝੇ ਇਤਿਹਾਸ ਨੂੰ ਭਵਿੱਖ ਦੀ ਤਾਕਤ ਬਣਾਵਾਂਗੇ। ਇਸ ਲਈ ਸਾਨੂੰ ‘ਭਾਰਤ-ਇੰਡੋਨੇਸ਼ੀਆ ਸਿਵਿਲਾਈਜ਼ੇਸ਼ਨਲ ਡਾਇਲਾਗ’ (ਸੱਭਿਅਤਾ ਸੰਵਾਦ) ਸ਼ੁਰੂ ਕਰਨਾ ਚਾਹੀਦਾ ਹੈ।
ਦੂਜਾ… ਸਾਂਝਾ ਵਿਕਾਸ
ਵਿਕਸਿਤ ਰਾਸ਼ਟਰ ਬਣਨ ਦੀਆਂ ਆਪੋ-ਆਪਣੀਆਂ ਯਾਤਰਾਵਾਂ ਵਿੱਚ ਭਾਰਤ ਅਤੇ ਇੰਡੋਨੇਸ਼ੀਆ ਅਟੁੱਟ ਭਾਈਵਾਲ ਰਹਿਣਗੇ। ਇੰਡੋਨੇਸ਼ੀਆ ਦਾ “ਏਮਾਸ” ਵਿਜ਼ਨ ਅਤੇ ਭਾਰਤ ਦਾ ‘ਵਿਕਸਿਤ ਭਾਰਤ’ ਸੰਕਲਪ — ਇੱਕ-ਦੂਜੇ ਨੂੰ ਗਤੀ ਦੇਣਗੇ, ਇੱਕ-ਦੂਜੇ ਨੂੰ ਤਾਕਤ ਦੇਣਗੇ, ਅਤੇ ਸਾਡੇ ਲੋਕਾਂ ਲਈ ਨਵੇਂ ਮੌਕਿਆਂ ਦੀ ਸਿਰਜਣਾ ਕਰਨਗੇ।
ਤੀਜਾ… ਸੁਰੱਖਿਆ ਅਤੇ ਰਣਨੀਤਕ ਭਰੋਸਾ
ਅਸੀਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਨਵੀਂ ਉਚਾਈ ਦੇਵਾਂਗੇ। ਅਸੀਂ ਆਪਣੀਆਂ ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਾਂਗੇ, ਅੱਤਵਾਦ, ਸਾਈਬਰ ਖਤਰਿਆਂ, ਸਮੁੰਦਰੀ ਚੁਣੌਤੀਆਂ ਅਤੇ ਉੱਭਰ ਰਹੇ ਸੁਰੱਖਿਆ ਖਤਰਿਆਂ ਦਾ ਅਸੀਂ ਮਿਲ ਕੇ ਸਾਹਮਣਾ ਕਰਾਂਗੇ। ਭਾਰਤ ਅਤੇ ਇੰਡੋਨੇਸ਼ੀਆ ਦਾ ਰਣਨੀਤਕ ਭਰੋਸਾ, ਇੰਡੋ-ਪੈਸੀਫਿਕ ਵਿੱਚ ਸਥਿਰਤਾ ਦਾ ਮਜ਼ਬੂਤ ਆਧਾਰ ਬਣੇਗਾ।
ਚੌਥਾ… ਸਮੁੰਦਰੀ ਖ਼ੁਸ਼ਹਾਲੀ
ਦੋ ਮਹਾਨ ਸਮੁੰਦਰੀ ਦੇਸ਼ਾਂ ਵਜੋਂ, ਅਸੀਂ ਆਪਣੇ ਸਾਂਝੇ ਸਮੁੰਦਰੀ ਭੂਗੋਲ ਨੂੰ ਸਾਂਝੀ ਖ਼ੁਸ਼ਹਾਲੀ ਵਿੱਚ ਬਦਲਾਂਗੇ। ਸਾਬਾਂਗ ਤੋਂ ਗ੍ਰੇਟ ਨਿਕੋਬਾਰ ਤੱਕ, ਮਲੱਕਾ ਗੇਟਵੇਅ ਤੋਂ ਇੰਡੋ-ਪੈਸੀਫਿਕ ਤੱਕ — ਅਸੀਂ ਕਨੈਕਟੀਵਿਟੀ, ਲੌਜਿਸਟਿਕਸ, ਬਲੂ ਇਕੌਨਮੀ, ਸਮੁੰਦਰੀ ਸੁਰੱਖਿਆ ਅਤੇ ਟਰੇਡ ਰੈਜ਼ੀਲੀਅੰਸ ਵਿੱਚ ਨਵੇਂ ਮੌਕੇ ਪੈਦਾ ਕਰਾਂਗੇ।
ਪੰਜਵਾਂ… ਗਲੋਬਲ ਸਾਊਥ ਦੀ ਆਵਾਜ਼
ਅਸੀਂ ਗਲੋਬਲ ਸਾਊਥ ਦੀਆਂ ਇੱਛਾਵਾਂ ਹੋਰ ਮਜ਼ਬੂਤ ਆਵਾਜ਼ ਦੇਵਾਂਗੇ। ਅਸੀਂ ਅਜਿਹੇ ਗਲੋਬਲ ਆਰਡਰ ਲਈ ਕੰਮ ਕਰਾਂਗੇ, ਜਿੱਥੇ ਵਿਕਾਸ ਸੰਮਿਲਿਤ (ਇਨਕਲੂਸਿਵ) ਹੋਵੇ, ਤਕਨਾਲੋਜੀ ਦੀ ਪਹੁੰਚ ਆਸਾਨ ਹੋਵੇ, ਅਤੇ ਗਲੋਬਲ ਗਵਰਨੈਂਸ ਵਧੇਰੇ ਨਿਆਂਪੂਰਨ ਅਤੇ ਨੁਮਾਇੰਦਗੀ ਵਾਲੀ ਹੋਵੇ।
ਸਾਥੀਓ,
ਭਾਰਤ ਅਤੇ ਇੰਡੋਨੇਸ਼ੀਆ ਮਿਲ ਕੇ ਮਨੁੱਖਤਾ ਦੇ ਪੰਜਵੇਂ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ। ਸਾਡੀ ਭਾਈਵਾਲੀ ਸਿਰਫ਼ ਦੋ ਦੇਸ਼ਾਂ ਦਾ ਸਬੰਧ ਨਹੀਂ ਹੈ, ਇਹ ਇੰਡੋ-ਪੈਸੀਫਿਕ ਦੀ ਸਥਿਰਤਾ, ਗਲੋਬਲ ਸਾਊਥ ਦੀ ਤਾਕਤ, ਅਤੇ ਵਿਸ਼ਵ ਦੇ ਸਾਂਝੇ ਭਵਿੱਖ ਵਿੱਚ ਵਿਸ਼ਵਾਸ ਦਾ ਸੰਕਲਪ ਹੈ। ਆਓ, ਆਪਣੀ ਇਤਿਹਾਸਕ ਦੋਸਤੀ ਨੂੰ ਨਵੇਂ ਦੌਰ ਵਿੱਚ ਲੈ ਕੇ ਜਾਈਏ। ਆਓ, ‘ਗੰਗਾ-ਮਹਾਕਾਮ ਵਿਜ਼ਨ’ ਨੂੰ ਮਿਲ ਕੇ ਸਾਕਾਰ ਕਰੀਏ।
ਮਾਣਯੋਗ ਮੈਂਬਰ ਸਾਹਿਬਾਨ,
ਭਾਰਤ ਵਿੱਚ ਤੁਲਸੀਦਾਸ ਜੀ ਨੇ ਲਿਖਿਆ ਸੀ…
जानें बिनु न होइ परतीती।
जानें बिनु न होइ परतीती।
बिनु परतीति होइ नहिं प्रीती॥
ਭਾਵ, ਜਦੋਂ ਤੱਕ ਲੋਕ ਇੱਕ-ਦੂਜੇ ਨੂੰ ਜਾਣਨਗੇ ਨਹੀਂ, ਉਦੋਂ ਤੱਕ ਉਨ੍ਹਾਂ ਵਿਚਕਾਰ ਅਪਣੱਤ ਨਹੀਂ ਵਧੇਗੀ। ਮੈਨੂੰ ਦੱਸਿਆ ਗਿਆ ਹੈ ਕਿ ਇੰਡੋਨੇਸ਼ੀਆ ਵਿੱਚ ਇੱਕ ਕਹਾਵਤ ਹੈ ਅਤੇ ਉਸ ਦਾ ਅਰਥ ਵੀ ਇਹੀ ਹੈ:
“ताक केनाल माका ताक सायांग”
ਇਸ ਲਈ,
ਅਸੀਂ ਤੈਅ ਕੀਤਾ ਹੈ ਕਿ ਅਸੀਂ ਇੱਕ-ਦੂਜੇ ਨਾਲ ਮਿਲਣ-ਗਿਲਣ ਦਾ ਸਿਲਸਿਲਾ ਹੋਰ ਤੇਜ਼ ਕਰਾਂਗੇ। ਅੱਜ ਸ਼ਾਮ ਮੈਂ ਅਤੇ ਰਾਸ਼ਟਰਪਤੀ ਪ੍ਰਬੋਵੋ ਇੱਥੇ ਰਹਿ ਰਹੇ ਭਾਰਤੀਆਂ ਨੂੰ ਮਿਲਾਂਗੇ। ਕੱਲ੍ਹ ਰਾਸ਼ਟਰਪਤੀ ਪ੍ਰਬੋਵੋ ਅਤੇ ਮੈਂ ਪ੍ਰੰਬਾਨਨ ਵੀ ਜਾਵਾਂਗੇ। ਅਸੀਂ ਇਸ ਵਿਸ਼ਵ ਵਿਰਾਸਤੀ ਸਥਾਨ ਦੀ ਸੰਭਾਲ ਅਤੇ ਬਹਾਲੀ ਪ੍ਰੋਜੈਕਟ ਸ਼ੁਰੂ ਕਰਾਂਗੇ। ਭਾਰਤ ਅਤੇ ਇੰਡੋਨੇਸ਼ੀਆ ਉਸ ਵਿਰਾਸਤ ਨੂੰ ਸਾਂਭਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ, ਜਿਸ ਨੂੰ ਇਤਿਹਾਸ ਨੇ ਸਾਨੂੰ ਸੌਂਪਿਆ ਹੈ।
ਮਾਣਯੋਗ ਮੈਂਬਰ ਸਾਹਿਬਾਨ,
ਮੈਂ ਅੱਜ ਤੁਹਾਨੂੰ ਸਾਰੇ ਮੈਂਬਰਾਂ ਨੂੰ ਭਾਰਤ ਆਉਣ ਦਾ ਵਿਸ਼ੇਸ਼ ਸੱਦਾ ਵੀ ਦੇ ਰਿਹਾ ਹਾਂ। ਤੁਸੀਂ ਜ਼ਰੂਰ ਭਾਰਤ ਆਓ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਆਓ, ਭਾਰਤ ਦੇ ਲੋਕਾਂ ਨੂੰ ਤੁਹਾਡਾ ਸਵਾਗਤ ਕਰਦਿਆਂ ਬਹੁਤ ਖ਼ੁਸ਼ੀ ਹੋਵੇਗੀ।
ਮੈਨੂੰ ਵਿਸ਼ਵਾਸ ਹੈ ਕਿ ਅਸੀਂ ‘ਮਿੱਤਰਾ ਸੇਲਾਮਾਨਿਆ’, ਪਾਰਟਨਰਜ਼ ਫੌਰਐਵਰ (ਹਮੇਸ਼ਾ ਲਈ ਭਾਈਵਾਲ) ਬਣ ਕੇ ਕੰਮ ਕਰਾਂਗੇ। ਅਸੀਂ ਮਿਲ ਕੇ ਭਾਰਤ ਅਤੇ ਇੰਡੋਨੇਸ਼ੀਆ ਦੇ ਲੋਕਾਂ ਲਈ ਸਾਂਝੀ ਖ਼ੁਸ਼ਹਾਲੀ ਦਾ ਭਵਿੱਖ ਬਣਾਵਾਂਗੇ। ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹਾਂ।
ਇੰਡੋਨੇਸ਼ੀਆ ਅਮਰ ਰਹੇ!
ਭਾਰਤ ਮਾਤਾ ਦੀ ਜੈ!
ਧੰਨਵਾਦ।
ਡਿਸਕਲੇਮਰ – ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
Honoured to address the Indonesia Parliament. Do watch.
— Narendra Modi (@narendramodi) July 7, 2026
https://t.co/zapE5i8onx
India is a nation that follows the path of development, not expansionism. pic.twitter.com/M52IfCj4Fl
— PMO India (@PMOIndia) July 7, 2026
For India and Indonesia, the sea has never represented distance. It has always been a bridge between our nations and remains central to our shared future. pic.twitter.com/8hU3umJ855
— PMO India (@PMOIndia) July 7, 2026
India, Indonesia and the Indian Ocean... these names themselves reflect the deep ties that bind us. pic.twitter.com/Wvg4Ng1UjI
— PMO India (@PMOIndia) July 7, 2026
When India and Indonesia stand together, they strengthen the world's faith that democracy creates opportunities, democracy builds trust and democracy shapes the future. pic.twitter.com/boZB8tqO2R
— PMO India (@PMOIndia) July 7, 2026
The goodwill and trust that India and Indonesia share must create new opportunities for our citizens. pic.twitter.com/l2LCy9ihXC
— PMO India (@PMOIndia) July 7, 2026
India firmly believes that reform of the UN Security Council can no longer be delayed. pic.twitter.com/OcReGxfkG1
— PMO India (@PMOIndia) July 7, 2026
India is a strong advocate of a free, open and inclusive Indo-Pacific.
— PMO India (@PMOIndia) July 7, 2026
India believes in freedom of navigation in the Indo-Pacific. pic.twitter.com/IiopDi2UtC
Delhi and Jakarta may be thousands of kilometres apart, but by sea, the distance between our nations is only about 150 kms.
— Narendra Modi (@narendramodi) July 7, 2026
For India and Indonesia, the sea serves as a vital bridge, which is at the core of our shared future.
Equally noteworthy is the shared bonds of history… pic.twitter.com/o7MXJptrg5
Our democracies and diversity bring India and Indonesia closer. pic.twitter.com/tYmwbF8zBG
— Narendra Modi (@narendramodi) July 7, 2026
There are sectors such as space, maritime technology and more that are futuristic and offer immense scope for India and Indonesia to work closely. pic.twitter.com/20rg0sTzri
— Narendra Modi (@narendramodi) July 7, 2026
Be it Indonesia’s G20 Presidency in 2022 or India’s G20 Presidency in 2023, both sought to bring the priorities of the Global South to the centre of the global agenda.
— Narendra Modi (@narendramodi) July 7, 2026
In the coming times as well, India and Indonesia will continue working together in this direction. pic.twitter.com/FUeV5PJAO7
Now is a new era in the India-Indonesia partnership. And, it can be achieved through the Ganga-Mahakam vision, which emphasises:
— Narendra Modi (@narendramodi) July 7, 2026
Civilisational Connect.
Shared Development.
Security and Strategic Trust.
Maritime Prosperity.
Voice of the Global South. pic.twitter.com/u3AUyHKz9i
Merupakan suatu kehormatan dapat berpidato di hadapan Parlemen Indonesia. India dan Indonesia terhubung oleh sejarah, budaya, dan hubungan antar-masyarakat yang telah terjalin selama berabad-abad. Bersama-sama, kita akan terus bekerja sama demi mewujudkan masa depan yang… pic.twitter.com/TVNWUIm1Ng
— Narendra Modi (@narendramodi) July 7, 2026