Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੈਰਿਸ ਵਿੱਚ ਸਵਾਮੀਨਾਰਾਇਣ ਹਿੰਦੂ ਮੰਦਰ ਦੇ ਉਦਘਾਟਨ ਮੌਕੇ ਵੀਡੀਓ ਸੁਨੇਹੇ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਪੈਰਿਸ ਵਿੱਚ ਸਵਾਮੀਨਾਰਾਇਣ ਹਿੰਦੂ ਮੰਦਰ ਦੇ ਉਦਘਾਟਨ ਮੌਕੇ ਵੀਡੀਓ ਸੁਨੇਹੇ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਸਤਿਕਾਰਯੋਗ ਮਹੰਤ ਸਵਾਮੀ ਜੀ, ਫਰਾਂਸ ਸਰਕਾਰ ਦੇ ਸਨਮਾਨਯੋਗ ਨੁਮਾਇੰਦੇ, ਹਾਜ਼ਰ ਮਹਿਮਾਨ, ਭਾਰਤੀ ਭਾਈਚਾਰੇ ਦੇ ਮੇਰੇ ਸਾਥੀ, ਦੇਸ਼-ਦੁਨੀਆ ਤੋਂ ਜੁੜੇ ਸਾਰੇ ਹਰਿ ਭਗਤ, ਦੇਵੀਓ ਤੇ ਸੱਜਣੋ, ਜੈ ਸਵਾਮੀਨਾਰਾਇਣ!

ਅੱਜ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਵਿਸ਼ਾਲ ਸਵਾਮੀਨਾਰਾਇਣ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਇਹ ਉਦਘਾਟਨ ਭਾਰਤ ਅਤੇ ਫਰਾਂਸ ਦੇ ਸੱਭਿਆਚਾਰਕ ਸਬੰਧਾਂ ਦਾ ਨਵਾਂ ਯੁੱਗ-ਥੰਮ੍ਹ ਹੈ। ਸਤਿਕਾਰਯੋਗ ਸੰਤਾਂ ਅਤੇ ਸਨਾਤਨ ਪਰੰਪਰਾ ਦੀਆਂ ਉੱਤਮ ਹਸਤੀਆਂ ਦੇ ਅਸ਼ੀਰਵਾਦ ਨਾਲ ਅੱਜ ਇਸ ਉਦਘਾਟਨ ਦਾ ਮੰਚ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਦਾ ਮੰਚ ਬਣ ਗਿਆ ਹੈ। ਭਗਵਾਨ ਸਵਾਮੀਨਾਰਾਇਣ ਦੀ ਕਿਰਪਾ ਅਤੇ ਸਾਡੇ ਸੰਤਾਂ ਦਾ ਸਨੇਹ, ਸੰਤਾਂ ਦਾ ਅਸ਼ੀਰਵਾਦ—ਮੇਰਾ ਇਹ ਸੁਭਾਗ ਹੈ ਕਿ ਮੈਨੂੰ ਅਜਿਹੇ ਪੁੰਨ ਦੇ ਮੌਕਿਆਂ ਨਾਲ ਜੁੜਨ ਦਾ ਮੌਕਾ ਹਮੇਸ਼ਾ ਮਿਲਦਾ ਰਹਿੰਦਾ ਹੈ। ਅੱਜ ਵੀ ਮੈਂ ਭਾਵੇਂ ਪੈਰਿਸ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਮੌਜੂਦ ਨਹੀਂ ਹਾਂ, ਪਰ ਮਨ ਤੋਂ ਅਤੇ ਦਿਲ ਤੋਂ ਮੈਂ ਆਪਣੇ ਆਪ ਨੂੰ ਤੁਹਾਡੇ ਵਿਚਕਾਰ ਹੀ ਮਹਿਸੂਸ ਕਰ ਰਿਹਾ ਹਾਂ।

ਸਾਥੀਓ,

ਅੱਜ ਇਸ ਮੌਕੇ ’ਤੇ ਮੈਂ ਪਰਮ ਸ੍ਰੀਕਰਯੋਗ ਪ੍ਰਮੁੱਖ ਸਵਾਮੀ ਜੀ ਮਹਾਰਾਜ ਨੂੰ ਵੀ ਸ਼ਰਧਾਪੂਰਵਕ ਯਾਦ ਕਰਦਾ ਹਾਂ। ਪੁਰਾਤਨ ਕਾਲ ਵਿੱਚ ਭਾਰਤ ਦੀ ਜੋ ਸੱਭਿਆਚਾਰਕ ਅਤੇ ਅਧਿਆਤਮਕ ਸ਼ਾਨ ਸੀ, ਉਨ੍ਹਾਂ ਨੇ ਉਸ ਦੇ ਪੁਨਰਜਾਗਰਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਅੱਜ ਉਸ ਦਾ ਪ੍ਰਕਾਸ਼ ਯੂਰਪ ਸਮੇਤ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ। 2024 ਵਿੱਚ ਅਬੂ ਧਾਬੀ ਵਿੱਚ ਵਿਸ਼ਾਲ ਮੰਦਰ ਦਾ ਉਦਘਾਟਨ ਹੋਇਆ ਸੀ। ਅੱਜ ਉੱਥੇ ਹਜ਼ਾਰਾਂ ਲੋਕ ਦਰਸ਼ਨ ਕਰਨ ਜਾਂਦੇ ਹਨ। ਅਤੇ ਹੁਣ ਇੱਥੇ ਪੈਰਿਸ ਵਿੱਚ ਸਵਾਮੀਨਾਰਾਇਣ ਮੰਦਰ ਦਾ ਨਿਰਮਾਣ—ਸਿਰਜਣਾ ਦੀ ਇਹ ਨਿਰੰਤਰਤਾ, ਇਹ ਸੰਤਾਂ ਦੀ ਸੰਕਲਪ ਸ਼ਕਤੀ ਦਾ ਹੀ ਪ੍ਰਮਾਣ ਹੈ। ਮੈਂ ਇਸ ਪਵਿੱਤਰ ਕਾਰਜ ਲਈ ਸਤਿਕਾਰਯੋਗ ਮਹੰਤ ਸਵਾਮੀ ਜੀ ਦਾ ਧੰਨਵਾਦ ਪ੍ਰਗਟ ਕਰਦਾ ਹਾਂ, ਮੈਂ ਉਨ੍ਹਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਬੀਏਪੀਐੱਸ ਸਵਾਮੀਨਾਰਾਇਣ ਸੰਸਥਾ ਅਤੇ ਕਰੋੜਾਂ ਹਰਿ ਭਗਤਾਂ ਨੂੰ ਇਸ ਮੌਕੇ ’ਤੇ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ।

ਸਾਥੀਓ,

ਬੀਏਪੀਐੱਸ ਦੇ ਮਾਧਿਅਮ ਰਾਹੀਂ ਜਦੋਂ ਵੱਖ-ਵੱਖ ਦੇਸ਼ਾਂ ਵਿੱਚ ਮੰਦਰਾਂ ਦੀ ਪ੍ਰਾਣ ਪ੍ਰਤਿਸ਼ਠਾ ਹੁੰਦੀ ਹੈ, ਤਾਂ ਉੱਥੇ ਭਾਰਤ ਦੇ ਪ੍ਰਾਚੀਨ ਵਿਚਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਵੀ ਨਾਲ-ਨਾਲ ਜਾਂਦੀਆਂ ਹਨ। ਅਤੇ ਭਾਰਤ ਦਾ ਸਿਧਾਂਤ ਕਹਿੰਦਾ ਹੈ—(‘समानं मनः सह चित्तमेषाम्’)ਸਮਾਨਮ ਮਨਃ ਸਹ ਚਿੱਤਮੇਸ਼ਾਮ੍’-ਭਾਵ, ਸਾਡੇ ਮਨ ਸਮਾਨ ਹੋਣ, ਸਾਡੇ ਦਿਲ ਆਪਸ ਵਿੱਚ ਜੁੜੇ ਹੋਣ। ਇਸ ਲਈ ਅੱਜ ਜਦੋਂ ਫਰਾਂਸ ਵਿੱਚ ਇੰਨਾ ਵਿਸ਼ਾਲ ਮੰਦਰ ਬਣ ਕੇ ਤਿਆਰ ਹੋਇਆ ਹੈ, ਇਹ ਫਰਾਂਸ ਦੀ ਵਿਭਿੰਨਤਾ ਨੂੰ ਤਾਂ ਸਮਰੱਥ ਬਣਾਏਗਾ ਹੀ, ਇਸ ਨਾਲ ਭਾਰਤ ਅਤੇ ਫਰਾਂਸ ਦੇ ਸੱਭਿਆਚਾਰਕ ਸਬੰਧਾਂ ਨੂੰ ਵੀ ਊਰਜਾ ਮਿਲੇਗੀ।

ਸਾਥੀਓ,

ਬੀਤੇ ਸਾਲਾਂ ਵਿੱਚ ਭਾਰਤ ਅਤੇ ਫਰਾਂਸ ਦੇ ਸਬੰਧ ਨਵੀਆਂ ਉਚਾਈਆਂ ਤੱਕ ਪਹੁੰਚੇ ਹਨ। ਮੇਰੇ ਮਿੱਤਰ, ਰਾਸ਼ਟਰਪਤੀ ਮੈਕਰੋਂ ਦੇ ਨਾਲ ਮਿਲ ਕੇ ਦੋਵੇਂ ਦੇਸ਼ ਇੱਕ ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ ਬਣਾ ਰਹੇ ਹਨ। ਤਕਨਾਲੋਜੀ, ਏਆਈ ਅਤੇ ਰੱਖਿਆ ਤੋਂ ਲੈ ਕੇ ਪੁਲਾੜ ਅਤੇ ਜਲਵਾਯੂ ਕਾਰਵਾਈ ਤੱਕ, ਅਸੀਂ ਇੱਕ ਨਵੀਂ ਗਤੀ ਅਤੇ ਨਵੀਂ ਊਰਜਾ ਨਾਲ ਮਿਲ ਕੇ ਅੱਗੇ ਵਧ ਰਹੇ ਹਾਂ। ਅਸੀਂ 2026 ਨੂੰ ਭਾਰਤ-ਫਰਾਂਸ ਨਵੀਨਤਾ ਵਰ੍ਹੇ ਦੇ ਰੂਪ ਵਿੱਚ ਵੀ ਮਨਾ ਰਹੇ ਹਾਂ। ਭਾਰਤ-ਫਰਾਂਸ ਦੀ ਇਹ ਰਣਨੀਤਕ ਭਾਈਵਾਲੀ ਇਸ ਲਈ ਵੀ ਖ਼ਾਸ ਹੈ, ਕਿਉਂਕਿ ਇਹ ਸਾਡੇ ਪੁਰਾਣੇ ਸੱਭਿਆਚਾਰਕ-ਰਾਜਨੀਤਕ ਸਬੰਧਾਂ ਦੀ ਮਜ਼ਬੂਤ ਨੀਂਹ ’ਤੇ ਟਿਕੀ ਹੋਈ ਹੈ। ਇਤਿਹਾਸ ਗਵਾਹ ਹੈ, ਫਰਾਂਸ ਵਿੱਚ ਭਾਰਤੀ ਫ਼ੌਜੀਆਂ ਦੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਮਨ-ਮੰਦਰ ਵਿੱਚ ਜ਼ਿੰਦਾ ਹੈ।ਭਾਸ਼ਾ ਨਾਲ ਜੁੜੇ ਵਿਸ਼ਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਇਹ ਵੀ ਜਾਣਦੇ ਹਨ ਕਿ ਫਰਾਂਸੀਸੀ ਵਿਦਵਾਨਾਂ ਨੇ ਸੰਸਕ੍ਰਿਤ ਨੂੰ ਲੋਕਪ੍ਰਿਯ ਬਣਾਉਣ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾਈ ਹੈ। ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਬਾਰੇ ਰੋਮੇਨ ਰੋਲੈਂਡ ਦੀ ਲਿਖਤ ਨੇ ਸਾਡੇ ਸਮਾਜਾਂ ਨੂੰ ਹੋਰ ਨੇੜੇ ਲਿਆਂਦਾ ਹੈ। ਪੈਰਿਸ ਤੋਂ ਪੁਡੂਚੇਰੀ ਦੇ ਅਰਬਿੰਦੋ ਆਸ਼ਰਮ ਤੱਕ ‘ਦ ਮਦਰ’ ਦੀ ਅਧਿਆਤਮਕ ਯਾਤਰਾ ਨੇ ਕਿੰਨੇ ਹੀ ਭਾਰਤੀ ਅਤੇ ਫਰਾਂਸੀਸੀ ਸਾਧਕਾਂ ਨੂੰ ਪ੍ਰੇਰਿਤ ਕੀਤਾ ਹੈ।

ਸਾਥੀਓ,

ਦਹਾਕਿਆਂ ਪਹਿਲਾਂ ਸ਼੍ਰੀਲ ਪ੍ਰਭੂਪਦ ਸਵਾਮੀ ਜੀ ਵੀ ਫਰਾਂਸ ਆਏ ਸਨ। ਇਸਕਾਨ ਦੇ ਜ਼ਰੀਏ ਭਾਰਤ ਅਤੇ ਫਰਾਂਸ ਦਰਮਿਆਨ ਅਧਿਆਤਮਕ ਸਬੰਧਾਂ ਦਾ ਨਵਾਂ ਅਧਿਆਇ ਉਨ੍ਹਾਂ ਨੇ ਸ਼ੁਰੂ ਕੀਤਾ ਸੀ। ਅੱਜ ਯੋਗ ਵੀ ਭਾਰਤ-ਫਰਾਂਸ ਦੇ ਲੋਕਾਂ ਦਰਮਿਆਨ ਸੰਪਰਕ ਦਾ ਇੱਕ ਮਾਧਿਅਮ ਬਣ ਚੁੱਕਾ ਹੈ। ‘ਕੌਮਾਂਤਰੀ ਯੋਗ ਦਿਵਸ’ ’ਤੇ ਆਈਫਲ ਟਾਵਰ ਦੇ ਸਾਹਮਣੇ ਤੋਂ ਆਉਣ ਵਾਲੀਆਂ ਤਸਵੀਰਾਂ ਫਰਾਂਸ ਵਿੱਚ ਯੋਗ ਦੀ ਲੋਕਪ੍ਰਿਯਤਾ ਦੀ ਉਦਾਹਰਣ ਬਣਦੀਆਂ ਹਨ। ਅਤੇ ਹੁਣ ਬੀਏਪੀਐੱਸ ਦੇ ਇਸ ਵਿਸ਼ਾਲ ਮੰਦਰ ਦੇ ਜ਼ਰੀਏ, ਸਾਡੇ ਉਨ੍ਹਾਂ ਸੱਭਿਆਚਾਰਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ।

ਸਾਥੀਓ,

ਇਨ੍ਹੀਂ ਦਿਨੀਂ ਭਾਰਤ-ਫਰਾਂਸ ਸਾਂਝੇ ਉੱਦਮਾਂ ਦੀਆਂ ਸੰਭਾਵਨਾਵਾਂ ਬਾਰੇ ਗੱਲਾਂ ਹੁੰਦੀਆਂ ਹਨ।ਸਵਾਮੀਨਾਰਾਇਣ ਮੰਦਰ ਨੇ ਇਸ ਸੰਭਾਵਨਾ ਵਿੱਚ ਵੀ ਇੱਕ ਨਵਾਂ ਪੱਖ ਜੋੜਿਆ ਹੈ। ਇਹ ਮੰਦਰ ‘ਮੇਡ ਇਨ ਇੰਡੀਆ’ ਹੈ ਅਤੇ ‘ਬਿਲਟ ਇਨ ਫਰਾਂਸ’ ਹੈ। ਇਸ ਦੇ ਕਾਫ਼ੀ ਪੱਥਰਾਂ ਨੂੰ ਭਾਰਤ ਵਿੱਚ ਤਰਾਸ਼ਿਆ ਗਿਆ ਹੈ। ਭਾਰਤ ਦੀ ਪ੍ਰਾਚੀਨ ਪ੍ਰਤਿਭਾ ਇੱਥੇ ਫਰਾਂਸ ਵਿੱਚ ਆਧੁਨਿਕ ਇੰਜੀਨੀਅਰਿੰਗ ਨਾਲ ਆ ਕੇ ਜੁੜ ਚੁੱਕੀ ਹੈ। ਪੈਰਿਸ ਵਿੱਚ ਇਸ ਵਿਸ਼ਾਲ ਮੰਦਰ ਨੇ ਆਕਾਰ ਲਿਆ ਹੈ। ਇਸ ਲਈ ਮੈਂ ਆਸ ਕਰਦਾ ਹਾਂ ਕਿ ਇਹ ਮੰਦਰ ਸਦੀਆਂ ਤੱਕ ਭਾਰਤ ਅਤੇ ਫਰਾਂਸ ਦਰਮਿਆਨ ਸਹਿਯੋਗ ਅਤੇ ਸੰਭਾਵਨਾਵਾਂ ਦੇ ਵੀ ਪ੍ਰਤੀਕ ਵਜੋਂ ਉੱਭਰੇਗਾ।

ਸਾਥੀਓ,

ਸਵਾਮੀਨਾਰਾਇਣ ਮੰਦਰ ਹਮੇਸ਼ਾ ਤੋਂ ਭਗਤੀ ਦੇ ਨਾਲ-ਨਾਲ ਸੇਵਾ ਦਾ ਮਾਧਿਅਮ ਵੀ ਰਹੇ ਹਨ।ਮੈਨੂੰ ਦੱਸਿਆ ਗਿਆ ਹੈ ਕਿ ਇਹ ਮੰਦਰ ਵੀ ਸੇਵਾ ਪ੍ਰੋਜੈਕਟਾਂ ਦਾ ਉਸੇ ਤਰ੍ਹਾਂ ਦਾ ਕੇਂਦਰ ਬਣੇਗਾ।ਮੈਨੂੰ ਵਿਸ਼ਵਾਸ ਹੈ ਕਿ ਇੱਥੋਂ ਭਾਰਤੀ ਸੱਭਿਆਚਾਰ ਦੇ ਜੋ ਸੁਰ ਨਿਕਲਣਗੇ, ਉਨ੍ਹਾਂ ਦਾ ਲਾਭ ਪੂਰੇ ਯੂਰਪ ਵਿੱਚ ਲੋਕਾਂ ਨੂੰ ਮਿਲੇਗਾ। ਭਵਿੱਖ ਵਿੱਚ ਜਦੋਂ ਵੀ ਮੈਨੂੰ ਸਮਾਂ ਮਿਲੇਗਾ, ਮੈਂ ਇਸ ਮੰਦਰ ਵਿੱਚ ਦਰਸ਼ਨ ਕਰਨ ਦਾ ਯਤਨ ਜ਼ਰੂਰ ਕਰਾਂਗਾ। ਇਨ੍ਹਾਂ ਸ਼ਬਦਾਂ ਦੇ ਨਾਲ, ਇੱਕ ਵਾਰ ਫਿਰ ਅੱਜ ਦੇ ਇਸ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਨੂੰ, ਸਾਰੇ ਪਰਿਵਾਰਾਂ ਨੂੰ, ਸਾਰੇ ਹਰਿ ਭਗਤਾਂ ਨੂੰ ਅਤੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਮੇਰੀ ਵੱਲੋਂ ਇਸ ਪਵਿੱਤਰ ਮੌਕੇ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ!

ਬਹੁਤ-ਬਹੁਤ ਧੰਨਵਾਦ!

ਮਰਸੀ ਬੋਕੂ!

ਜੈ ਸਵਾਮੀਨਾਰਾਇਣ!

**** 

ਐਮਜੇਪੀਐਸ/ਐਸਐਸ/ਵੀਜੇ/ਐਸਟੀ