ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦੇ ਦਾਇਰੇ ਨੂੰ ਵਿਆਪਕ ਤੌਰ ‘ਤੇ ਵਧਾਇਆ ਜਾਵੇਗਾ। ਇਸ ਫੈਸਲੇ ਦੇ ਨਾਲ ਹੀ ਹੁਣ ਸਾਰੇ ਭੂਮੀ ਜੋਤਣ ਵਾਲੇ ਪਾਤਰ ਕਿਸਾਨ ਪਰਿਵਾਰਾਂ ਨੂੰ (ਪ੍ਰਚਲਿਤ ਅਪਵਾਦ ਮਾਨਦੰਡਾਂ ਨੂੰ ਛੱਡ ਕੇ) ਇਸ ਯੋਜਨਾ ਦਾ ਲਾਭ ਹੋਵੇਗਾ।
ਜ਼ਿਆਦਾ ਲਾਭਾਰਥੀ, ਜ਼ਿਆਦਾ ਪ੍ਰਗਤੀ :
ਸੋਧੀ ਹੋਈ ਯੋਜਨਾ ਨਾਲ 2 ਕਰੋੜ ਹੋਰ ਕਿਸਾਨਾਂ ਨੂੰ ਕਵਰ ਕੀਤੇ ਜਾਣ ਦੀ ਆਸ ਹੈ। ਇਸ ਨਾਲ ਪੀਐੱਮ-ਕਿਸਾਨ ਯੋਜਨਾ ਦਾਇਰਾ ਵਧ ਜਾਵੇਗਾ ਅਤੇ ਇਸ ਦੇ ਦਾਇਰੇ ਵਿੱਚ ਤਕਰੀਬਨ 14.5 ਕਰੋੜ ਲਾਭਾਰਥੀ ਆ ਜਾਣਗੇ। ਸਾਲ 2019-20 ਵਿੱਚ ਕੇਂਦਰ ਸਰਕਾਰ ਦੁਆਰਾ ਇਸ ‘ਤੇ ਅਨੁਮਾਨਿਤ 87,217.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਤੇਜ਼ ਗਤੀ,ਦਾਇਰਾ ਵਧਾਇਆ ਇੱਕ ਹੋਰ ਪ੍ਰਮੁੱਖ ਵਾਅਦਾ ਪੂਰਾ ਕੀਤਾ ਗਿਆ:
ਪੀਐੱਮ-ਕਿਸਾਨ ਯੋਜਨਾ ਦਾ ਦਾਇਰਾ ਵਧਾਉਣ ਨਾਲ ਸਬੰਧਿਤ ਅੱਜ ਦੇ ਕੈਬਿਨਟ ਫੈਸਲੇ ਨਾਲ ਆਮ ਚੋਣਾਂ 2019 ਦੌਰਾਨ ਭਾਰਤ ਦੇ ਲੋਕਾਂ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆ ਇੱਕ ਪ੍ਰਮੁੱਖ ਵਾਅਦਾ ਪੂਰਾ ਹੋ ਗਿਆ ਹੈ।ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਵੀ ਇਸ ਪ੍ਰਮੁੱਖ ਨੀਤੀਗਤ ਫੈਸਲੇ ਦਾ ਉਲੇਖ ਕੀਤਾ ਗਿਆ ਸੀ।
ਇਹ ਵੀ ਜ਼ਿਕਰ ਹੈ ਕਿ ਝਾਰਖੰਡ ਵਿੱਚ ਅੱਪਡੇਟ ਭੂਮੀ ਰਿਕਾਰਡ ਉਪਲੱਬਧ ਨਾ ਹੋਣ ਕਰਕੇ ਅਤੇ ਅਸਾਮ,ਮੇਘਾਲਿਆ ਅਤੇ ਜੰਮੂ-ਕਸ਼ਮੀਰ ਵਿੱਚ ਆਧਾਰ ਦੀ ਘੱਟ ਉਪਲੱਬਧਤਾ ਜਿਹੇ ਪਰਿਚਾਲਨ ਸਬੰਧੀ ਕੁਝ ਮੁੱਦਿਆਂ ਨੂੰ ਵੀ ਹੱਲ ਕਰ ਲਿਆ ਗਿਆ ਹੈ।
ਪੀਐੱਮ-ਕਿਸਾਨ : ਕਿਸਾਨਾਂ ਲਈ ਇੱਕ ਇਤਿਹਾਸਿਕ ਆਮਦਨ ਸਹਾਇਤਾ ਪ੍ਰੋਤਸਾਹਨ:
ਪੀਐੱਮ-ਕਿਸਾਨ ਯੋਜਨਾ ਦਾ ਸ਼ੁਭ ਆਰੰਭ ਵਿੱਤੀ ਸਾਲ 2019-20 ਦੇ ਅੰਤਰਿਮ ਬਜਟ ਵਿੱਚ ਹੀ ਕਰ ਦਿੱਤਾ ਗਿਆ ਹੈ।
ਪੀ-ਐੱਮ ਕਿਸਾਨ ਯੋਜਨਾ ਤਹਿਤ ਦੇਸ਼ ਭਰ ਵਿੱਚ 2 ਹੈਕਟੇਅਰ ਤੱਕ ਦੀ ਖੇਤੀ ਯੋਗ ਭੂਮੀ ਵਾਲੇ ਛੋਟੇ ਅਤੇ ਸੀਮਾਂਤ ਭੂਮੀਧਾਰਕ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਵਰ੍ਹੇ 6000 ਰੁਪਏ ਦੀ ਆਮਦਨ ਸਹਾਇਤਾ ਦੇਣ ਦਾ ਉਲੇਖ ਕੀਤਾ ਗਿਆ ਹੈ। (ਅੱਜ ਇਸ ਦਾ ਦਾਇਰਾ ਵਧਾ ਦਿੱਤਾ ਗਿਆ ਹੈ)।
ਇਸ ਯੋਜਨਾ ਤਹਿਤ ਪੂਰੇ ਸਾਲ ਦੌਰਾਨ ਹਰ ਚਾਰ ਮਹੀਨੇ ਵਿੱਚ 2000-2000 ਰੁਪਏ ਦੀਆ ਤਿੰਨ ਕਿਸ਼ਤਾਂ ਵਿੱਚ ਇਹ ਰਕਮ ਜਾਰੀ ਕੀਤੀ ਜਾ ਰਹੀ ਹੈ। ਇਹ ਰਕਮ ਸਿੱਧੀ ਲਾਭ ਟਰਾਂਸਫਰ ਵਿਧੀ ਰਾਹੀਂ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾ ਰਹੀ ਹੈ।
ਇਸ ਯੌਜਨਾ ਦਾ ਸ਼ੁਭ ਆਰੰਭ ਤਿੰਨ ਹਫਤਿਆਂ ਦੀ ਰਿਕਾਰਡ ਸਮਾਂ ਸੀਮਾ ਵਿੱਚ 24 ਫਰਵਰੀ 2019 ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਕੀਤਾ ਗਿਆ ਸੀ।ਇਸ ਦੌਰਾਨ ਨਿਰਧਾਰਿਤ ਪਹਿਲੀ ਕਿਸ਼ਤ ਅਨੇਕ ਕਿਸਾਨਾਂ ਦੇ ਬੈਂਕ ਖਾਤਿਆ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ।
ਹੁਣ ਤੱਕ 3.11 ਕਰੋੜ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਅਤੇ 2.66 ਕਰੋੜ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਦੂਜੀ ਕਿਸ਼ਤ ਸਿੱਧੀ ਜਮ੍ਹਾਂ ਕੀਤੀ ਜਾ ਚੁੱਕੀ ਹੈ।
ਨਵੇਂ ਉਤਸ਼ਾਹ ਨਾਲ ਭਾਰਤ ਦੇ ਅੰਨਦਾਤਿਆਂ ਦੀ ਸੇਵਾ ਕਰਨਾ:
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਦੇ ਕਿਸਾਨਾਂ ਲਈ ਬਹੁਤ ਹੀ ਸ਼ਰਧਾ ਨਾਲ ਵਾਰ-ਵਾਰ ਆਪਣਾ ਮਹਾਨ ਸਤਿਕਾਰ ਪੇਸ਼ ਕਰਦੇ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਕਿਸਾਨਾਂ ਨੂੰ ਸਾਡੇ ਅੰਨਦਾਤਾ ਦੇ ਰੂਪ ਵਿੱਚ ਵਰਨਣ ਕੀਤਾ ਹੈ ਜੋ ਕਿ 1.3 ਅਰਬ ਭਾਰਤੀਆਂ ਪੇਟ ਭਰਨ ਲਈ ਸਖਤ ਮਿਹਨਤ ਕਰਦੇ ਹਨ।
ਸਾਲ 2014 ਤੋਂ ਸਾਲ 2019 ਤੱਕ ਦੀ ਸੀਮਾ ਦੌਰਾਨ ਸਖਤ ਮਿਹਨਤ ਕਰਨ ਵਾਲੇ ਕਿਸਾਨਾਂ ਨੂੰ ਸਮਰੱਥ ਬਣਾਉਣ ਲਈ ਕਈ ਕਦਮ ਉਠਾਏ ਗਏ ਹਨ।22 ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (MSP) ਵਿੱਚ ਵਾਧਾ ਕਰਨਾ, ਭੂਮੀ ਸਿਹਤ ਕਾਰਡ,ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ,ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਅਤੇ ਬਿਹਤਰ ਬਜ਼ਾਰਾਂ ਦੇ ਲਈ ਈ-ਨਾਮ ਆਦਿ ਇਨ੍ਹਾਂ ਮਹੱਤਵਪੂਰਨ ਕਦਮਾਂ ਵਿੱਚ ਸ਼ਾਮਲ ਹਨ।ਇਨ੍ਹਾਂ ਕਦਮਾਂ ਨਾਲ ਖੇਤੀ ਖੇਤਰ ਹੋਰ ਜ਼ਿਆਦਾ ਖੁਸ਼ਹਾਲ ਹੋਇਆ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਲਈ ਜ਼ਿਆਦਾ ਉਤਪਾਦਕਤਾ ਸੁਨਿਸ਼ਚਿਤ ਹੋਈ ਹੈ।ਇਹ ਕਦਮ ਸਾਲ 2022 ਤੱਕ ਯਾਨੀ ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕਾਫੀ ਸਹਾਈ ਸਿੱਧ ਹੋਣਗੇ।
******
ਏਕੇਟੀ/ਐੱਸਐੱਚ