ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ਵਿਖੇ ਵਰਲਡ-ਸਕਿੱਲਜ਼ ਮੁਕਾਬਲੇ, ਸ਼ੰਘਾਈ-2026 ਵਿੱਚ ਭਾਰਤੀ ਟੀਮ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਭਾਗੀਦਾਰਾਂ ਨੇ ਮੁਕਾਬਲੇ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਆਲਮੀ ਮੰਚ ’ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ’ਤੇ ਮਾਣ ਪ੍ਰਗਟਾਇਆ। ਭਾਗੀਦਾਰਾਂ ਨੇ ਅੰਤਰਰਾਸ਼ਟਰੀ ਮੁਕਾਬਲੇ ਦੌਰਾਨ ਨਵੇਂ ਔਜ਼ਾਰਾਂ, ਸਾਫ਼ਟਵੇਅਰ, ਤਕਨੀਕੀ ਪ੍ਰਣਾਲੀਆਂ ਅਤੇ ਕੰਮਕਾਜ ਦੀਆਂ ਪ੍ਰਕਿਰਿਆਵਾਂ ਅਨੁਸਾਰ ਢਲਣ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਹੁਨਰ ਵਿਕਾਸ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਗੱਲ ਕੀਤੀ, ਜਿਨ੍ਹਾਂ ਨਾਲ ਨੌਜਵਾਨਾਂ ਨੂੰ ਲਾਭ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਭਾਗੀਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਹੁਨਰ ਵਿਕਾਸ ਦੇ ਰਾਜਦੂਤ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਹਾਰਕ ਹੁਨਰ ਅਕਾਦਮਿਕ ਡਿਗਰੀਆਂ ਜਿੰਨੇ ਹੀ ਮਹੱਤਵਪੂਰਨ ਹਨ।
ਵਿਸ਼ੇਸ਼ ਹੁਨਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਦੇ ਤੇਜ਼ੀ ਨਾਲ ਵਿਕਸਿਤ ਹੋਣ ਦੇ ਨਾਲ-ਨਾਲ ਨੌਜਵਾਨਾਂ ਨੂੰ ਲਗਾਤਾਰ ਨਵੇਂ ਹੁਨਰ ਸਿੱਖਣੇ, ਆਪਣੀਆਂ ਮੌਜੂਦਾ ਸਮਰੱਥਾਵਾਂ ਨੂੰ ਬਿਹਤਰ ਬਣਾਉਣਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਅਨੁਸਾਰ ਢਲਣਾ ਚਾਹੀਦਾ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਲੋੜਾਂ ਦੇ ਅਨੁਸਾਰ ਹੁਨਰ ਵਿਕਸਿਤ ਕਰਨ ਅਤੇ ਆਪਣੇ ਤਜਰਬਿਆਂ ਤੇ ਸੁਝਾਵਾਂ ਰਾਹੀਂ ਭਾਰਤ ਦੇ ਹੁਨਰ ਸਿਖਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਆਖਿਆ। ਉਨ੍ਹਾਂ ਨੇ ਭਾਰਤ ਨੂੰ ਹੁਨਰਮੰਦ ਮਨੁੱਖੀ ਸਰੋਤਾਂ ਦਾ ਆਲਮੀ ਧੁਰਾ ਬਣਾਉਣ ਲਈ ਨੌਜਵਾਨਾਂ, ਸਰਕਾਰ ਅਤੇ ਸਿਖਲਾਈ ਸੰਸਥਾਵਾਂ ਵੱਲੋਂ ਤਾਲਮੇਲ ਨਾਲ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਹੁਨਰ ਵਿਕਾਸ ਲਈ ਵੱਖਰਾ ਮੰਤਰਾਲਾ ਸਥਾਪਤ ਕਰਨ ਦੇ ਮੰਤਵ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਹੁਨਰ ਸਿਖਲਾਈ ਸੰਸਥਾਵਾਂ ਦੀ ਮਹੱਤਤਾ ਆਈ.ਆਈ.ਟੀ. ਅਤੇ ਆਈ.ਆਈ.ਐੱਮ. ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਭਾਰਤ ਦੀ ਹੁਨਰ ਸਿਖਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਲਈ ਆਪਣੇ ਤਜਰਬੇ ਅਤੇ ਸੁਝਾਅ ਸਰਕਾਰ ਨਾਲ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ।
ਵਰਲਡ-ਸਕਿੱਲਜ਼ ਮੁਕਾਬਲਾ ਦੁਨੀਆ ਦਾ ਪ੍ਰਮੁੱਖ ਅੰਤਰਰਾਸ਼ਟਰੀ ਹੁਨਰ ਮੁਕਾਬਲਾ ਹੈ, ਜਿਸ ਵਿੱਚ ਭਾਗ ਲੈਣ ਵਾਲੇ ਦੇਸ਼ਾਂ ਅਤੇ ਖੇਤਰਾਂ ਦੇ ਨੌਜਵਾਨ ਪੇਸ਼ਾਵਰ ਇਕੱਠੇ ਹੁੰਦੇ ਹਨ ਅਤੇ ਵੱਖ-ਵੱਖ ਕਿੱਤਾਮੁਖੀ ਤੇ ਤਕਨੀਕੀ ਹੁਨਰਾਂ ਦੇ ਵਿਸ਼ਾਲ ਖੇਤਰ ਵਿੱਚ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹਨ। 48ਵਾਂ ਵਰਲਡ-ਸਕਿੱਲਜ਼ ਮੁਕਾਬਲਾ, ਵਰਲਡ-ਸਕਿੱਲਜ਼ ਸ਼ੰਘਾਈ-2026, 22 ਤੋਂ 27 ਸਤੰਬਰ, 2026 ਤੱਕ ਸ਼ੰਘਾਈ ਦੇ ਨੈਸ਼ਨਲ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ। ਭਾਰਤੀ ਟੀਮ ਨੇ 48ਵੇਂ ਵਰਲਡ-ਸਕਿੱਲਜ਼ ਮੁਕਾਬਲੇ, ਸ਼ੰਘਾਈ-2026 ਵਿੱਚ 10ਵਾਂ ਸਥਾਨ ਹਾਸਲ ਕੀਤਾ ਅਤੇ 6 ਚਾਂਦੀ ਦੇ ਤਗ਼ਮੇ ਤੇ ਉੱਤਮਤਾ ਲਈ 20 ਤਗ਼ਮੇ ਜਿੱਤੇ। ਭਾਰਤ ਦੀ ਨੁਮਾਇੰਦਗੀ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਨੇ ਕੀਤੀ, ਜਿਸ ਵਿੱਚ 70 ਮੁਕਾਬਲੇਬਾਜ਼ਾਂ ਨੇ 63 ਹੁਨਰ ਸ਼੍ਰੇਣੀਆਂ ਵਿੱਚ ਹਿੱਸਾ ਲਿਆ।
ਇਸ ਗੱਲਬਾਤ ਦੌਰਾਨ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
***********
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Hosted the bright youngsters who took part in the 48th WorldSkills Competition held in Shanghai. Proud of them! https://t.co/5lzQwcer6h
— Narendra Modi (@narendramodi) October 9, 2026