Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਨੀਦਰਲੈਂਡਜ਼ ਵਿੱਚ ਭਾਰਤੀ ਭਾਈਚਾਰਕ ਪ੍ਰੋਗਰਾਮ ਦੌਰਾਨ ਸੰਬੋਧਨ ਦਾ ਪੰਜਾਬੀ ਅਨੁਵਾਦ

ਪ੍ਰਧਾਨ ਮੰਤਰੀ ਦਾ ਨੀਦਰਲੈਂਡਜ਼ ਵਿੱਚ ਭਾਰਤੀ ਭਾਈਚਾਰਕ ਪ੍ਰੋਗਰਾਮ ਦੌਰਾਨ ਸੰਬੋਧਨ ਦਾ ਪੰਜਾਬੀ ਅਨੁਵਾਦ


ਭਾਰਤ ਮਾਤਾ ਦੀ ਜੈ !!!!

ਏਨਾ ਪਿਆਰ। ਏਨਾ ਜੋਸ਼। ਸੱਚ ਕਹਾਂ, ਕੁਝ ਸਮੇਂ ਲਈ ਮੈਂ ਭੁੱਲ ਹੀ ਗਿਆ ਸੀ ਕਿ ਮੈਂ ਨੀਦਰਲੈਂਡਜ਼ ਵਿੱਚ ਹਾਂ। ਏਦਾਂ ਲੱਗ ਰਿਹਾ ਹੈ ਜਿਵੇਂ ਭਾਰਤ ਵਿੱਚ ਹੀ ਕਿਤੇ ਕੋਈ ਉਤਸਵ ਚੱਲ ਰਿਹਾ ਹੋਵੇ!

ਵੈਸੇ ਤਾਂ ਦਿ ਹੇਗ ਨੂੰ ਦੁਨੀਆ “ਸ਼ਾਂਤੀ ਅਤੇ ਨਿਆਂ ਦਾ ਸ਼ਹਿਰ” ਦੇ ਰੂਪ ਵਿੱਚ ਜਾਣਦੀ ਹੈ। ਪਰ ਅੱਜ ਇੱਥੇ ਜੋ ਮਾਹੌਲ ਹੈ, ਉਸਨੂੰ ਵੇਖ ਕੇ ਲੱਗ ਰਿਹਾ ਹੈ ਕਿ ਦ ਹੇਗ, ਭਾਰਤ ਦੀ ਦੋਸਤੀ ਦਾ ਚਿੰਨ੍ਹ ਬਣ ਗਿਆ ਹੈ!

ਇਹ ਦਿਖਾਉਂਦਾ ਹੈ ਕਿ ਪਾਸਪੋਰਟ ਦਾ ਰੰਗ ਬਦਲ ਸਕਦਾ ਹੈ, ਪਤਾ ਵੀ ਬਦਲ ਸਕਦਾ ਹੈ, ਸਮੇਂ ਦਾ ਜ਼ੋਨ ਵੀ ਬਦਲ ਸਕਦਾ ਹੈ, ਪਰ ਮਾਂ ਭਾਰਤੀ ਦੀਆਂ ਔਲਾਦਾਂ ਕਿਤੇ ਵੀ ਰਹਿਣ, ਇਹ ਗਰਮਜੋਸ਼ੀ, ਇਹ ਜੀਵੰਤਤਾ, ਜ਼ਿੰਦਗੀ ਨੂੰ ਮਾਣਨ ਦਾ ਜਜ਼ਬਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਮੈਂ ਤੁਹਾਡਾ ਸਭ ਦਾ, ਇਸ ਨਿੱਘੇ ਸਵਾਗਤ ਲਈ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਜਦੋਂ ਮੈਂ ਇੱਥੇ ਦਾਖਲ ਹੋ ਰਿਹਾ ਸੀ ਤਾਂ ਪੂਰਾ ਮਹਾਰਾਸ਼ਟਰ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਮੇਰੇ ਪਿਆਰੇ ਰਾਜਸਥਾਨ ਅਤੇ ਏ ਫ਼ਾਰ ਅਸਾਮ…

ਸਾਥੀਓ,

ਤੁਹਾਡੇ ਸਾਰਿਆਂ ਨਾਲ ਮੁਲਾਕਾਤ ਤੋਂ ਬਾਅਦ ਅੱਜ ਮੈਨੂੰ ਮਹਾਮਹਿਮ ਰਾਜਾ ਅਤੇ ਮਹਾਮਾਹਿਮ ਰਾਣੀ ਨਾਲ ਮਿਲਣ ਦਾ ਮੌਕਾ ਮਿਲੇਗਾ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਰੌਬ ਯੈੱਟਨ ਨਾਲ ਵੀ ਵਿਸਥਾਰ ਨਾਲ ਕਈ ਵਿਸ਼ਿਆਂ ‘ਤੇ ਚਰਚਾ ਹੋਵੇਗੀ।

ਪਿਛਲੇ ਸਾਲਾਂ ਦੌਰਾਨ, ਜਦੋਂ ਵੀ ਮੈਂ ਨੀਦਰਲੈਂਡਜ਼ ਦੇ ਨੇਤਾਵਾਂ ਨਾਲ ਗੱਲ ਕੀਤੀ ਹੈ, ਉਨ੍ਹਾਂ ਨੇ ਲਗਾਤਾਰ ਭਾਰਤੀ ਪ੍ਰਵਾਸੀਆਂ ਲਈ ਬਹੁਤ ਪ੍ਰਸ਼ੰਸਾ ਪ੍ਰਗਟ ਕੀਤੀ ਹੈ। ਮਤਲਬ ਕਿ ਤੁਹਾਡੀ ਸਾਰਿਆਂ ਦੀ ਪ੍ਰਸ਼ੰਸਾ ਕਰਦੇ ਹਨ। ਤੁਸੀਂ ਨੀਦਰਲੈਂਡਜ਼ ਦੇ ਸਮਾਜ ਅਤੇ ਇੱਥੇ ਦੀ ਆਰਥਿਕਤਾ ਵਿੱਚ ਜੋ ਯੋਗਦਾਨ ਦੇ ਰਹੇ ਹੋ, ਉਸ ‘ਤੇ ਹਰ ਭਾਰਤ ਵਾਸੀ ਨੂੰ ਮਾਣ ਹੈ।

ਮੈਂ ਅੱਜ ਇਸ ਮੌਕੇ ‘ਤੇ ਨੀਦਰਲੈਂਡਜ਼ ਦੀ ਜਨਤਾ ਦਾ, ਇੱਥੇ ਦੀ ਸਰਕਾਰ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਮੈਂ ਇੱਥੇ ਦੀ ਜਨਤਾ ਨੂੰ 140 ਕਰੋੜ ਭਾਰਤ-ਵਾਸੀਆਂ ਵੱਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਮੈਂ ਪਹਿਲਾਂ ਵੀ ਨੀਦਰਲੈਂਡਜ਼ ਆਉਂਦਾ ਰਿਹਾ ਹਾਂ। ਮੇਰੇ ਪੁਰਾਣੇ ਸਾਥੀ ਇੱਥੇ ਬੈਠੇ ਹਨ। ਅਤੇ ਇੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਵੀ ਕਾਫ਼ੀ ਜਾਣ-ਪਛਾਣ ਰਹੀ ਹੈ। ਇੱਥੇ ਬੈਠੇ ਅਨੇਕ ਪਰਿਵਾਰਾਂ ਦੀ ਕਹਾਣੀ ਸਿਰਫ ਪ੍ਰਵਾਸ ਦੀ ਕਹਾਣੀ ਨਹੀਂ ਹੈ। ਇਹ ਇੱਕ ਸੰਸਕ੍ਰਿਤੀ ਦੀ ਆਸਥਾ ਦੀ, ਤਮਾਮ ਸੰਘਰਸ਼ਾਂ ਦੇ ਵਿਚਕਾਰ ਤਰੱਕੀ ਦੀ ਕਹਾਣੀ ਹੈ।

ਉਸ ਦੌਰ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦੋ ਮਹਾਸਾਗਰ ਪਾਰ ਕਰਨ ਤੋਂ ਬਾਅਦ ਵੀ ਭਾਰਤੀਆਂ ਦੀ ਪਛਾਣ ਏਨੀ ਜੀਵੰਤ ਰਹੇਗੀ। ਤੁਹਾਡੇ ਪੁਰਖੇ ਬਹੁਤ ਕੁਝ ਪਿੱਛੇ ਛੱਡ ਕੇ ਆਏ ਸਨ, ਪਰ ਕੁਝ ਚੀਜ਼ਾਂ ਹਮੇਸ਼ਾ ਉਨ੍ਹਾਂ ਨਾਲ ਰਹੀਆਂ — ਆਪਣੀ ਮਿੱਟੀ ਦੀ ਖੁਸ਼ਬੂ, ਆਪਣੇ ਤਿਉਹਾਰਾਂ ਦੀਆਂ ਯਾਦਾਂ, ਭਜਨ ਦੀਆਂ ਧੁਨਾਂ, ਅਤੇ ਆਪਣੇ ਪੁਰਖਿਆਂ ਦੇ ਸੰਸਕਾਰ।

ਸਾਥੀਓ,

ਮਨੁੱਖਤਾ ਦਾ ਇਤਿਹਾਸ ਗਵਾਹ ਹੈ ਕਿ ਸਮੇਂ ਦੇ ਨਾਲ ਅਨੇਕ ਸੰਸਕ੍ਰਿਤੀਆਂ ਮਿਟ ਗਈਆਂ। ਪਰ ਭਾਰਤ ਦਾ ਅਨੇਕਤਾ ਦਾ ਸਭਿਆਚਾਰ ਅੱਜ ਵੀ ਆਪਣੇ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਹੈ। ਪੀੜੀਆਂ ਬਦਲ ਗਈਆਂ, ਦੇਸ਼ ਬਦਲ ਗਏ, ਮਾਹੌਲ ਬਦਲ ਗਏ, ਪਰ ਪਰਿਵਾਰ ਦੇ ਸੰਸਕਾਰ ਨਹੀਂ ਬਦਲੇ। ਆਪਣਾਪਣ ਨਹੀਂ ਬਦਲਿਆ। ਤੁਸੀਂ ਡੱਚ ਭਾਸ਼ਾ ਨੂੰ ਅਪਣਾਇਆ, ਪਰ ਆਪਣੇ ਪੁਰਖਿਆਂ ਦੀ ਭਾਸ਼ਾ ਨੂੰ ਵੀ ਨਹੀਂ ਛੱਡਿਆ।

ਸਾਡੇ ਕਮਿਊਨਿਟੀ ਰੇਡੀਓ ਸਟੇਸ਼ਨ ਇੱਥੇ ਬਹੁਤ ਮਸ਼ਹੂਰ ਹਨ। ਅਤੇ ਇਨ੍ਹਾਂ ਸਟੇਸ਼ਨਾਂ ਦੇ ਮਾਧਿਅਮ ਨਾਲ ਭਾਰਤ ਦਾ ਸੰਗੀਤ ਅਤੇ ਸੰਸਕ੍ਰਿਤੀ ਵੀ ਡੱਚ ਪਰਿਵਾਰਾਂ ਤੱਕ ਪਹੁੰਚ ਰਹੇ ਹਨ। ਦਿ ਗਾਂਧੀ ਸੈਂਟਰ ਹੋਵੇ ਜਾਂ ਫਿਰ ਵੱਖ-ਵੱਖ ਸ਼ਹਿਰਾਂ ਦੇ ਸਕੂਲ, ਤੁਸੀਂ ਆਪਣੀ ਸੰਸਕ੍ਰਿਤੀ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾ ਰਹੇ ਹੋ। ਇਹ ਬਹੁਤ ਸ਼ਲਾਘਾਯੋਗ ਹੈ। ਤੁਸੀਂ ਸਭ ਵਧਾਈ ਦੇ ਹੱਕਦਾਰ ਹੋ।

ਸਾਥੀਓ,

ਅੱਜ 16 ਮਈ ਹੈ ਅਤੇ ਇਹ ਦਿਨ ਇੱਕ ਹੋਰ ਕਾਰਨ ਕਰਕੇ ਵੀ ਬਹੁਤ ਵਿਸ਼ੇਸ਼ ਹੈ। ਅੱਜ ਤੋਂ 12 ਸਾਲ ਪਹਿਲਾਂ 16 ਮਈ 2014 ਨੂੰ ਕੁਝ ਖਾਸ ਹੋਇਆ ਸੀ। 2014 ਵਿੱਚ ਅੱਜ ਦੇ ਹੀ ਦਿਨ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ। ਦਹਾਕਿਆਂ ਬਾਅਦ ਭਾਰਤ ਵਿੱਚ ਸਥਿਰ ਅਤੇ ਪੂਰਨ ਬਹੁਮਤ ਵਾਲੀ ਸਰਕਾਰ ਦਾ ਬਣਨਾ ਪੱਕਾ ਹੋਇਆ ਸੀ। ਇੱਕ ਉਹ ਦਿਨ ਸੀ ਅਤੇ ਇੱਕ ਅੱਜ ਦਾ ਦਿਨ ਹੈ — ਕਰੋੜਾਂ-ਕਰੋੜ ਭਾਰਤ-ਵਾਸੀਆਂ ਦਾ ਵਿਸ਼ਵਾਸ ਮੈਨੂੰ ਨਾ ਰੁਕਣ ਦਿੰਦਾ ਹੈ ਅਤੇ ਨਾ ਥੱਕਣ ਦਿੰਦਾ ਹੈ। ਇਹ ਨਾਨ ਸਟੌਪ ਚੱਲਦਾ ਹੀ ਜਾ ਰਿਹਾ ਹੈ।

ਸਾਥੀਓ,

ਬਹੁਤ ਛੋਟੀ ਉਮਰ ਤੋਂ ਹੀ ਮੈਂ ਦੇਸ਼-ਭਗਤੀ ਦੇ ਰੰਗ ਵਿੱਚ ਰੰਗ ਗਿਆ। ਤੁਸੀਂ ਹੀ ਮੇਰਾ ਪਰਿਵਾਰ ਬਣ ਗਏ। ‘ਸਵਰਗ ਸੱਚ ਸਮਸ਼ਟੀ’ ਵੱਲ ਚੱਲ ਪਿਆ। ‘ਅਹੰ ਸੇ ਵਯਮ’ ਦਾ ਰਸਤਾ ਚੁਣ ਲਿਆ।

ਅਤੇ ਫਿਰ ਤੁਹਾਡਾ ਸੁਖ ਹੀ ਮੇਰਾ ਸੁਖ ਬਣ ਗਿਆ। ਤੁਹਾਡਾ ਭਲਾ ਹੀ ਮੇਰਾ ਕਰਤੱਵ ਬਣ ਗਿਆ। ਅਤੇ ਸਮਰਪਿਤ ਭਾਵ ਨਾਲ, ਤੁਹਾਡੇ ਸਭ ਦੇ ਆਸ਼ੀਰਵਾਦ ਨਾਲ ਕੁਝ ਨਾ ਕੁਝ ਕਰਦਾ ਰਿਹਾ। ਪਰ ਜਨਤਾ ਜਨਾਰਦਨ ਦਾ ਏਨਾ ਪਿਆਰ ਮਿਲੇਗਾ… ਇਹ ਤਾਂ ਕਲਪਨਾ ਵਿੱਚ ਵੀ ਨਹੀਂ ਸੀ।

ਜਦੋਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ 13 ਸਾਲ ਮੁੱਖ ਮੰਤਰੀ ਦੇ ਰੂਪ ਵਿੱਚ, 12 ਸਾਲ ਪ੍ਰਧਾਨ ਮੰਤਰੀ ਦੇ ਸੇਵਾਕਾਲ ਵਿੱਚ, ਲੋਕਤੰਤਰੀ ਦੁਨੀਆ ਵਿੱਚ 25 ਸਾਲਾਂ ਤੱਕ ਕਰੋੜਾਂ-ਕਰੋੜ ਵੋਟਰਾਂ ਦਾ ਲਗਾਤਾਰ ਸਾਥ — ਇਹ ਮੇਰੇ ਲਈ ਬਹੁਤ ਵੱਡੇ ਸੁਭਾਗ ਦੀ ਗੱਲ ਹੈ।

ਮੇਰੇ ਲਈ ਇਹ ਸਿਰਫ ਇੱਕ ਅੰਕੜਾ ਨਹੀਂ ਹੈ। ਇਹ ਤੁਹਾਡਾ ਆਸ਼ੀਰਵਾਦ ਹੈ। ਇਹ ਮੇਰੀ ਬਹੁਤ ਵੱਡੀ ਪੂੰਜੀ ਹੈ। ਦੇਸ਼ ਦਾ ਇਹ ਪਿਆਰ, ਇਹ ਆਸ਼ੀਰਵਾਦ ਮੈਨੂੰ ਆਪਣੇ ਜੀਵਨ ਦਾ ਪਲ-ਪਲ ਦੇਸ਼-ਵਾਸੀਆਂ ਦੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰਦਾ ਹੈ।

ਸਾਥੀਓ,

ਦੁਨੀਆ ਦਾ ਕੋਈ ਵੀ ਦੇਸ਼ ਹੋਵੇ, ਜੇ ਉਸ ਨੇ ਅੱਗੇ ਵਧਣਾ ਹੈ ਤਾਂ ਉਸ ਨੂੰ ਵੱਡੇ ਸੁਪਨੇ ਦੇਖਣੇ ਹੀ ਪੈਣਗੇ। ਅੱਜ ਸਾਡਾ ਭਾਰਤ ਵੀ ਬਹੁਤ ਵੱਡੇ ਸੁਪਨੇ ਦੇਖ ਰਿਹਾ ਹੈ। ਅੱਜ ਦੇਸ਼ ਆਖ ਰਿਹਾ ਹੈ — ਸਾਨੂੰ ਸਿਰਫ ਬਦਲਾਅ ਨਹੀਂ ਚਾਹੀਦਾ, ਸਾਨੂੰ ਉੱਤਮ ਚਾਹੀਦਾ ਹੈ। ਅਤੇ ਸਾਨੂੰ ਸਿਰਫ ਉੱਤਮ ਹੀ ਨਹੀਂ, ਸਾਨੂੰ ਸਭ ਤੋਂ ਤੇਜ਼ ਵੀ ਚਾਹੀਦਾ ਹੈ। ਅਤੇ ਇਸ ਲਈ ਜਦੋਂ ਭਾਰਤ ਵਿੱਚ ਆਸਾਂ ਬੇਅੰਤ ਹਨ, ਤਾਂ ਕੋਸ਼ਿਸ਼ਾਂ ਵੀ ਬੇਸ਼ੁਮਾਰ ਹੋ ਹਨ।

ਜਿਵੇਂ ਭਾਰਤ ਦੇ ਨੌਜਵਾਨਾਂ ਦੀ ਉਦਾਹਰਨ ਹੈ। ਅੱਜ ਭਾਰਤ ਦਾ ਨੌਜਵਾਨ ਆਸਮਾਨ ਛੂਹਣਾ ਚਾਹੁੰਦਾ ਹੈ। ਉਹ ਸਟਾਰਟ ਅੱਪ ਸ਼ੁਰੂ ਕਰਨਾ ਚਾਹੁੰਦਾ ਹੈ, ਉਹ ਗੁਣਵੱਤਾ ਉਤਪਾਦ ਬਣਾਉਣਾ ਚਾਹੁੰਦਾ ਹੈ, ਉਹ ਡਰੋਨ ਨਿਰਮਾਣ ਕਰਨਾ ਚਾਹੁੰਦਾ ਹੈ, ਉਹ ਏਆਈ ਅਤੇ ਸੈਮੀਕੰਡਕਟਰ ਦੀ ਦੁਨੀਆ ਵਿੱਚ ਭਾਰਤ ਨੂੰ ਅੱਗੇ ਲੈ ਜਾਣਾ ਚਾਹੁੰਦਾ ਹੈ।

ਇਸੇ ਲਈ ਭਾਰਤ ਦਾ ਸਟਾਰਟ ਅੱਪ ਈਕੋਸਿਸਟਮ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਹੁਣ ਅਸੀਂ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸਟਾਰਟ ਅੱਪ ਈਕੋਸਿਸਟਮ ਵਾਲੇ ਦੇਸ਼ ਹਾਂ।

ਅਤੇ ਸਾਥੀਓ,

ਅੱਜ ਭਾਰਤ ਦੀ ਆਸ ਸਿਰਫ ਆਪਣੀਆਂ ਹੱਦਾਂ ਤੱਕ ਨਹੀਂ ਹੈ। ਭਾਰਤ ਚਾਹੁੰਦਾ ਹੈ ਕਿ ਉਹ ਉਲੰਪਿਕ ਦੀ ਮੇਜ਼ਬਾਨੀ ਕਰੇ, ਆਲਮੀ ਨਿਰਮਾਣ ਧੁਰਾ ਬਣੇ, ਗ੍ਰੀਨ ਊਰਜਾ ਦਾ ਲੀਡਰ ਬਣੇ ਅਤੇ ਦੁਨੀਆ ਦਾ ਵਿਕਾਸ ਇੰਜਣ ਬਣੇ।

ਗੱਲ ਉਹੀ ਹੈ — ਆਸਾਂ ਬੇਅੰਤ ਹਨ, ਅਤੇ ਸਾਡੀਆਂ ਕੋਸ਼ਿਸ਼ਾਂ ਦਾ ਦਾਇਰਾ ਵੀ ਓਨਾ ਹੀ ਵੱਡਾ ਹੈ। ਰਿਕਾਰਡ ਹਾਈਵੇਅ ਨਿਰਮਾਣ, ਰਿਕਾਰਡ ਰੇਲ ਬਿਜਲੀਕਰਨ, ਵੰਦੇ ਭਾਰਤ ਵਰਗੀਆਂ ਸੈਮੀ ਹਾਈ ਸਪੀਡ ਅਤੇ ਦੁਨੀਆ ਦਾ ਇੰਨਾ ਵੱਡਾ ਅਖੁੱਟ ਊਰਜਾ ਦਾ ਵਧਦਾ ਦਾਇਰਾ— ਟੀਚਾ ਕਿੰਨਾ ਵੀ ਵੱਡਾ ਹੋਵੇ, ਅੱਜ ਦਾ ਭਾਰਤ ਆਖਦਾ ਹੈ ਕਿ ਅਸੀਂ ਇਹ ਟੀਚਾ ਹਾਸਲ ਕਰਕੇ ਹੀ ਰਹਾਂਗੇ। ਅਤੇ ਅਸੀਂ ਇਹ ਕਰਕੇ ਦਿਖਾ ਰਹੇ ਹਾਂ।

ਸਾਥੀਓ,

ਅੱਜ ਦਾ ਭਾਰਤ, ਇੱਕ ਬੇਮਿਸਾਲ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਤੁਸੀਂ ਹਾਲ ਹੀ ਵਿੱਚ ਵੇਖਿਆ ਹੋਵੇਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਫਲ ਮਸਨੂਈ ਬੁੱਧੀ ਸੰਮੇਲਨ ਭਾਰਤ ਨੇ ਆਯੋਜਿਤ ਕੀਤਾ। ਉਸ ਤੋਂ ਪਹਿਲਾਂ ਜੀ-20 ਦਾ ਸਫਲ ਸੰਮੇਲਨ ਵੀ ਭਾਰਤ ਨੇ ਆਯੋਜਿਤ ਕੀਤਾ ਸੀ। ਇਹ ਕੋਈ ਇੱਕ ਵਾਰ ਦਾ ਪ੍ਰੋਗਰਾਮ ਨਹੀਂ ਸੀ, ਇਹ ਅੱਜ ਦੇ ਭਾਰਤ ਦਾ ਮਿਜ਼ਾਜ ਬਣ ਗਿਆ ਹੈ।

ਦੁਨੀਆ ਦਾ ਸਭ ਤੋਂ ਵੱਡਾ ਵਿਲੱਖਣ ਪਛਾਣ ਪ੍ਰੋਗਰਾਮ ਭਾਰਤ ਨੇ ਚਲਾਇਆ। ਦੁਨੀਆ ਦੇ ਸਭ ਤੋਂ ਵੱਡੇ ਵਿੱਤੀ ਸਮਾਵੇਸ਼ ਪ੍ਰੋਗਰਾਮਾਂ ਵਿੱਚੋਂ ਇੱਕ ਭਾਰਤ ਨੇ ਚਲਾਇਆ। ਜਿਸ ਪੱਧਰ ‘ਤੇ ਭਾਰਤ ਡਿਜੀਟਲੀਕਰਨ ਕਰ ਰਿਹਾ ਹੈ, ਉਹ ਬੇਮਿਸਾਲ ਹੈ। ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਵਿੱਤ ਪੋਸ਼ਿਤ ਸਿਹਤ ਬੀਮਾ ਯੋਜਨਾ ਭਾਰਤ ਚਲਾ ਰਿਹਾ ਹੈ।

ਅਤੇ ਹਾਂ, ਚੰਦਰਮਾ ‘ਤੇ ਵੀ ਭਾਰਤ ਉੱਥੇ ਪਹੁੰਚਿਆ, ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚ ਸਕਿਆ ਸੀ। ਅਤੇ ਪਰਮਾਣੂ ਊਰਜਾ ਵਿੱਚ ਦੁਨੀਆ ਦੇ ਸਭ ਤੋਂ ਉੱਨਤ ਫਾਸਟ ਬ੍ਰੀਡਰ ਰਿਐਕਟਰ ‘ਤੇ ਵੀ ਅੱਜ ਸਫਲਤਾ ਨਾਲ ਭਾਰਤ ਕੰਮ ਕਰ ਰਿਹਾ ਹੈ।

ਸਾਥੀਓ,

ਭਾਰਤ ਦਾ ਜੋ ਇਹ ਪੱਧਰ ਹੈ, ਇਹ ਅਸੀਂ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਵੀ ਵੇਖ ਰਹੇ ਹਾਂ। ਅੱਜ ਭਾਰਤ ਵਿੱਚ ਜੋ ਸੌਰ ਊਰਜਾ ਪਾਰਕ ਬਣ ਰਹੇ ਹਨ, ਉਹ ਵਿਸ਼ਵ ਦੇ ਸਭ ਤੋਂ ਵੱਡੇ ਪਾਰਕਾਂ ਵਿੱਚੋਂ ਇੱਕ ਹਨ।

ਸਭ ਤੋਂ ਉੱਚੀਆਂ ਅਤੇ ਲੰਬੀਆਂ ਸੁਰੰਗਾਂ ਹੋਣ, ਸਭ ਤੋਂ ਉੱਚੇ ਅਤੇ ਲੰਬੇ ਪੁਲ ਹੋਣ, ਸਭ ਤੋਂ ਲੰਬੇ ਤੇਜ਼ ਮਾਰਗ ਹੋਣ, ਸਭ ਤੋਂ ਵੱਡੇ ਮੈਟਰੋ ਦੇ ਜਾਲ ਹੋਣ, ਸਭ ਤੋਂ ਵੱਡੇ ਨਾਗਰਿਕ ਹਵਾਈ ਆਵਾਜਾਈ ਜਾਲ ਹੋਣ, ਸਭ ਤੋਂ ਵੱਡੇ ਬਿਜਲੀਕ੍ਰਿਤ ਰੇਲ ਦੇ ਜਾਲ ਹੋਣ, ਇਨ੍ਹਾਂ ਵਿੱਚੋਂ ਅਨੇਕ ਅੱਜ ਭਾਰਤ ਵਿੱਚ ਬਣ ਰਹੇ ਹਨ।

ਬੀਤੇ ਸਾਲਾਂ ਵਿੱਚ ਭਾਰਤ ਨੇ ਧਰਤੀ ਤੋਂ ਚੰਦਰਮਾ ਦੀ ਦੂਰੀ ਜਿੰਨੀ ਹੈ, ਉਸ ਤੋਂ ਵੀ 11 ਗੁਣਾ ਵੱਧ ਆਪਟੀਕਲ ਫਾਈਬਰ ਵਿਛਾਈ ਹੈ। ਇੱਕ ਦਹਾਕਾ ਪਹਿਲਾਂ ਅਸੀਂ ਮੋਬਾਈਲ ਫੋਨ ਆਯਾਤ ਕਰਦੇ ਸੀ, ਅੱਜ ਭਾਰਤ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਹੈ।

ਸਾਥੀਓ,

ਇਹ ਜੋ ਗਤੀ ਅਤੇ ਪੱਧਰ ਹੈ, ਇਸ ਤੋਂ ਇਲਾਵਾ ਅੱਜ ਦੇ ਭਾਰਤ ਦੀ ਇੱਕ ਹੋਰ ਪਛਾਣ ਹੈ। ਅੱਜ ਦਾ ਭਾਰਤ ਨਵੀਨਤਾ ਨਾਲ ਸੰਚਾਲਿਤ ਹੈ। ਸਾਡੇ ਡਿਜੀਟਲ ਲੋਕ ਬੁਨਿਆਦੀ ਢਾਂਚੇ ਦੀ ਚਰਚਾ ਅੱਜ ਪੂਰੀ ਦੁਨੀਆ ਵਿੱਚ ਹੁੰਦੀ ਹੈ। ਇਹ ਭਾਰਤੀਆਂ ਦੀ ਨਵੀਨਤਾ ਦਾ ਬਹੁਤ ਵੱਡਾ ਸਬੂਤ ਹੈ।

ਅੱਜ ਪੈਸਾ ਰੱਖਣਾ ਹੋਵੇ — ਤਾਂ ਡਿਜੀਟਲ ਵਾਲੇਟ ਹੈ, ਦਸਤਾਵੇਜ਼ ਰੱਖਣੇ ਹੋਣ — ਤਾਂ ਡਿਜੀ ਲਾਕਰ ਹੈ। ਯਾਤਰਾ ਕਰਨੀ ਹੋਵੇ — ਤਾਂ ਡਿਜੀ ਯਾਤਰਾ ਹੈ। ਸਿਹਤ ਸੇਵਾ ਦਾ ਲਾਭ ਲੈਣਾ ਹੋਵੇ — ਤਾਂ ਡਿਜੀਟਲ ਸਿਹਤ ਪਛਾਣ ਹੈ।

ਸਾਥੀਓ,

ਅੱਜ ਭਾਰਤ ਵਿੱਚ ਹਰ ਮਹੀਨੇ ਵੀਹ ਅਰਬ ਤੋਂ ਵੱਧ ਯੂਪੀਆਈ ਲੈਣ-ਦੇਣ ਹੁੰਦੇ ਹਨ। ਭਾਵ, ਪੂਰੀ ਦੁਨੀਆ ਵਿੱਚ ਹੋ ਰਹੇ ਡਿਜੀਟਲ ਲੈਣ-ਦੇਣ ਵਿੱਚੋਂ ਅੱਧੇ ਤੋਂ ਵੱਧ ਕੇਵਲ ਭਾਰਤ ਵਿੱਚ ਹੋ ਰਹੇ ਹਨ।

ਅਤੇ ਨਵੇਂ ਉੱਦਮ ਤਾਂ ਅੱਜ ਭਾਰਤ ਦੇ ਨੌਜਵਾਨਾਂ ਦਾ ਮਿਜ਼ਾਜ ਬਣ ਚੁੱਕੇ ਹਨ। ਬਾਰਾਂ ਸਾਲ ਪਹਿਲਾਂ ਦੇਸ਼ ਵਿੱਚ 500 ਤੋਂ ਵੀ ਘੱਟ ਨਵੇਂ ਉੱਦਮ ਸਨ, ਅੱਜ ਇਹ ਗਿਣਤੀ ਵੱਧ ਕੇ 2 ਲੱਖ ਤੋਂ ਜ਼ਿਆਦਾ ਹੋ ਗਈ ਹੈ। ਅਤੇ ਨਵੇਂ ਉੱਦਮਾਂ ਦੀ ਦੁਨੀਆ ਵਿੱਚ ਵੀ, 2014 ਵਿੱਚ ਭਾਰਤ ਵਿੱਚ ਸਿਰਫ ਚਾਰ ਯੂਨੀਕੌਰਨ ਸਨ। ਅੱਜ ਭਾਰਤ ਵਿੱਚ ਕਰੀਬ ਸਵਾ ਸੌ ਸਰਗਰਮ ਯੂਨੀਕੌਰਨ ਹਨ। 2025 ਵਿੱਚ ਹੀ ਕਰੀਬ 44 ਹਜ਼ਾਰ ਹੋਰ ਨਵੇਂ ਉੱਦਮ ਰਜਿਸਟਰ ਹੋਏ ਹਨ। ਅੱਜ ਮਸਨੂਈ ਬੁੱਧੀ, ਰੱਖਿਆ ਅਤੇ ਪੁਲਾੜ ਖੇਤਰ ਵਿੱਚ ਸਾਡੇ ਨਵੇਂ ਉੱਦਮ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹਨ।

ਸਮੇਂ ਦੇ ਨਾਲ, ਖੋਜ ਅਤੇ ਨਵੀਨਤਾ ਦਾ ਇਹ ਕਲਚਰ ਹੋਰ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ। ਪਿਛਲੇ ਵਰ੍ਹੇ ਹੀ ਭਾਰਤ ਵਿੱਚ ਸਵਾ ਲੱਖ ਤੋਂ ਵੱਧ ਪੇਟੈਂਟ ਦਰਜ ਕੀਤੇ ਗਏ ਹਨ।

ਸਾਥੀਓ,

ਭਾਰਤ ਚਿੱਪ ਨਿਰਮਾਣ ਵਿੱਚ, ਸੈਮੀਕੰਡਕਟਰ ਖੇਤਰ ਵਿੱਚ ਵੀ ਵੱਡੇ ਕਦਮ ਚੁੱਕ ਰਿਹਾ ਹੈ। ਇਸ ਵੇਲੇ ਭਾਰਤ ਵਿੱਚ 12 ਸੈਮੀਕੰਡਕਟਰ ਪਲਾਂਟਾਂ ‘ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਦੋ ਪਲਾਂਟਾਂ ਵਿੱਚ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਭਾਵ ਹੁਣ ਚਿੱਪ ਵੀ, ਭਾਰਤ ਵਿੱਚ ਡਿਜ਼ਾਇਨ ਕੀਤੀ ਹੋਈ, ਭਾਰਤ ਵਿੱਚ ਬਣੀ ਹੋਈ ਹੋਵੇਗੀ।

ਸਾਥੀਓ,

ਭਾਰਤ ਦੀ ਇਹ ਆਸ ਤੋਂ ਪ੍ਰੇਰਿਤ ਯਾਤਰਾ, ਸਾਡੇ ਲੋਕਤੰਤਰ ਨੂੰ ਵੀ ਮਜ਼ਬੂਤ ਬਣਾ ਰਹੀ ਹੈ। ਜਦੋਂ ਲੋਕਾਂ ਦੇ ਸੁਪਨੇ ਸੱਚ ਹੁੰਦੇ ਹਨ ਤਾਂ ਲੋਕਤੰਤਰ ‘ਤੇ ਉਨ੍ਹਾਂ ਦਾ ਭਰੋਸਾ ਵੀ ਮਜ਼ਬੂਤ ਹੁੰਦਾ ਹੈ।

ਸਾਥੀਓ,

ਮੈਂ ਤੁਹਾਨੂੰ ਹਾਲੀਆ ਵਿਧਾਨ ਸਭਾ ਚੋਣਾਂ ਦਾ ਉਦਾਹਰਨ ਦਿੰਦਾ ਹਾਂ। ਅਸਾਮ, ਬੰਗਾਲ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਇਸ ਵਾਰ ਅੱਸੀ ਤੋਂ 90 ਪ੍ਰਤੀਸ਼ਤ ਤੱਕ ਮਤਦਾਨ ਹੋਇਆ। ਇਸ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਬਹੁਤ ਜ਼ਿਆਦਾ ਵਧੀ ਹੈ। ਇਹ ਹਰ ਰਾਜ ਦਾ ਰੁਝਾਨ ਹੈ।

ਅੱਜ ਭਾਰਤ ਵਿੱਚ ਵੋਟਰ ਉਤਸ਼ਾਹਿਤ ਹਨ, ਤੁਸੀਂ ਵੀ ਉਤਸ਼ਾਹਿਤ ਹੋ। ਸਾਥੀਓ, ਸਾਨੂੰ ਮਾਣ ਹੁੰਦਾ ਹੈ ਕਿ ਹਰ ਸਾਲ ਮਤਦਾਨ ਦੇ ਰਿਕਾਰਡ ਟੁੱਟ ਰਹੇ ਹਨ।

ਸਾਥੀਓ,

ਭਾਰਤ ਵਿੱਚ 90 ਕਰੋੜ ਤੋਂ ਵੱਧ ਵੋਟਰ ਰਜਿਸਟਰਡ ਹਨ। 2024 ਦੀ ਲੋਕ ਸਭਾ ਚੋਣ ਵਿੱਚ 64 ਕਰੋੜ ਲੋਕਾਂ ਨੇ ਵੋਟ ਪਾਈ। ਭਾਵ ਯੂਰਪੀ ਸੰਘ ਦੀ ਕੁੱਲ ਆਬਾਦੀ ਤੋਂ ਵੀ ਵੱਧ ਭਾਰਤੀਆਂ ਨੇ ਮਤਦਾਨ ਕੀਤਾ। ਭਾਰਤ ਆਪਣੇ ਹਰ ਨਾਗਰਿਕ ਦੀ ਲੋਕਤਾਂਤਰੀ ਭਾਗੀਦਾਰੀ ਨੂੰ ਮਹੱਤਵ ਦਿੰਦਾ ਹੈ। ਅਤੇ ਲੋਕਤੰਤਰ ਦੀ ਜਣਨੀ ਦੇ ਰੂਪ ਵਿੱਚ, ਇਹ ਸਾਡੇ ਸਭ ਲਈ ਬਹੁਤ ਮਾਣ ਦੀ ਗੱਲ ਹੈ।

ਸਾਥੀਓ,

ਭਾਰਤ ਜਦੋਂ ਸਫਲ ਹੁੰਦਾ ਹੈ ਤਾਂ ਸਮੁੱਚੀ ਮਨੁੱਖਤਾ ਨੂੰ ਉਸਦਾ ਲਾਭ ਹੁੰਦਾ ਹੈ। ਪਰ ਅੱਜ ਮਨੁੱਖਤਾ ਦੇ ਸਾਹਮਣੇ ਅਨੇਕ ਵੱਡੀਆਂ ਚੁਣੌਤੀਆਂ ਵੀ ਹਨ। ਅੱਜ ਦੀ ਦੁਨੀਆ ਕਿਸ ਤਰ੍ਹਾਂ ਨਵੀਆਂ-ਨਵੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ।

ਪਹਿਲਾਂ ਕਰੋਨਾ ਆਇਆ, ਫਿਰ ਯੁੱਧ ਸ਼ੁਰੂ ਹੋਏ ਅਤੇ ਹੁਣ ਅੱਜ ਦੀ ਊਰਜਾ ਸੰਕਟ ਹੈ। ਇਹ ਦਹਾਕਾ ਦੁਨੀਆ ਲਈ ਆਫ਼ਤਾਂ ਦਾ ਦਹਾਕਾ ਬਣ ਰਿਹਾ ਹੈ।

ਅਸੀਂ ਸਭ ਵੇਖ ਰਹੇ ਹਾਂ। ਜੇ ਇਹ ਸਥਿਤੀਆਂ ਤੇਜ਼ੀ ਨਾਲ ਨਹੀਂ ਬਦਲੀਆਂ ਗਈਆਂ ਤਾਂ ਬੀਤੇ ਅਨੇਕ ਦਹਾਕਿਆਂ ਦੀਆਂ ਪ੍ਰਾਪਤੀਆਂ ‘ਤੇ ਪਾਣੀ ਫਿਰ ਜਾਵੇਗਾ। ਦੁਨੀਆ ਦੀ ਬਹੁਤ ਵੱਡੀ ਆਬਾਦੀ ਫਿਰ ਤੋਂ ਗਰੀਬੀ ਦੇ ਦਲਦਲ ਵਿੱਚ ਚਲੀ ਜਾਵੇਗੀ।

ਸਾਥੀਓ,

ਅਜਿਹੀਆਂ ਵਿਸ਼ਵ ਪੱਧਰੀ ਸਥਿਤੀਆਂ ਵਿੱਚ ਅੱਜ ਦੁਨੀਆ ਮਜ਼ਬੂਤ ਸਪਲਾਈ ਲੜੀ ਦੀ ਗੱਲ ਕਰ ਰਹੀ ਹੈ। ਅਤੇ ਤਦ ਭਾਰਤ ਅਤੇ ਨੀਦਰਲੈਂਡਜ਼ ਮਿਲ ਕੇ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਲੜੀ ਬਣਾਉਣ ਵਿੱਚ ਜੁਟੇ ਹਨ।

ਊਰਜਾ ਸੁਰੱਖਿਆ ਤੋਂ ਲੈ ਕੇ ਪਾਣੀ ਸੁਰੱਖਿਆ ਤੱਕ ਨੀਦਰਲੈਂਡਜ਼ ਅਤੇ ਭਾਰਤ ਮਿਲ ਕੇ ਕੰਮ ਕਰ ਰਹੇ ਹਨ। ਗ੍ਰੀਨ ਹਾਈਡਰੋਜਨ ਨੂੰ ਲੈ ਕੇ ਸਾਡਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਅਤੇ ਭਾਰਤ ਅਤੇ ਯੂਰਪੀ ਸੰਘ ਦੇ ਵਿਚਕਾਰ ਜੋ ਇਤਿਹਾਸਕ ਵਪਾਰ ਸਮਝੌਤਾ ਹੋਇਆ ਹੈ, ਇਸ ਨਾਲ ਭਾਰਤ ਅਤੇ ਨੀਦਰਲੈਂਡਜ਼ ਦੀ ਭਾਗੀਦਾਰੀ ਹੋਰ ਮਜ਼ਬੂਤ ਹੋਵੇਗੀ।

ਅਤੇ ਇਸ ਦਾ ਲਾਭ ਤੁਹਾਨੂੰ ਸਭ ਨੂੰ ਹੋਵੇਗਾ। ਭਾਰਤੀ ਕਾਰੋਬਾਰਾਂ ਲਈ ਯੂਰਪ ਵਿੱਚ ਦਾਖਲੇ ਦਾ ਕੁਦਰਤੀ ਦਰਵਾਜ਼ਾ ਨੀਦਰਲੈਂਡਜ਼ ਬਣੇਗਾ। ਅਤੇ ਇਸ ਯਾਤਰਾ ਵਿੱਚ ਸਾਡਾ ਪ੍ਰਵਾਸੀ ਭਾਈਚਾਰਾ ਇੱਕ ਭਰੋਸੇਮੰਦ ਪੁਲ ਬਣ ਸਕਦਾ ਹੈ। ਅਤੇ ਮੈਂ ਇਸ ਲਈ ਕਹਿੰਦਾ ਹਾਂ ਕਿ ਪ੍ਰਵਾਸੀ ਭਾਈਚਾਰਾ ਭਾਰਤ ਦੀਆਂ ਆਸਾਂ ਨੂੰ ਵੀ ਸਮਝਦਾ ਹੈ ਅਤੇ ਯੂਰਪ ਦੇ ਮਿਆਰਾਂ ਨੂੰ ਵੀ ਜਾਣਦਾ ਹੈ। ਇਸ ਨਾਲ ਇੱਥੇ ਵਸੇ ਭਾਰਤੀਆਂ ਨੂੰ ਵੀ ਭਾਰਤ ਦੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਵੱਧ ਮੌਕੇ ਮਿਲਣਗੇ।

ਸਾਥੀਓ,

ਨੀਦਰਲੈਂਡਜ਼ ਟਿਊਲਿਪਾਂ ਦੀ ਧਰਤੀ ਹੈ, ਅਤੇ ਇੱਥੋਂ ਦੇ ਸੁੰਦਰ ਟਿਊਲਿਪਾਂ ਨੂੰ ਵੇਖਣ ਲਈ ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹਨ। ਭਾਰਤ ਵਿੱਚ ਵੀ, ਦੁਨੀਆ ਦੇ ਸਭ ਤੋਂ ਵੱਡੇ ਟਿਊਲਿਪ ਬਾਗਾਂ ਵਿੱਚੋਂ ਇੱਕ ਸਾਡੇ ਜੰਮੂ-ਕਸ਼ਮੀਰ ਵਿੱਚ ਹੈ, ਸ਼੍ਰੀਨਗਰ ਵਿੱਚ ਹੈ।

ਅਤੇ ਜਿਸ ਤਰ੍ਹਾਂ ਨੀਦਰਲੈਂਡਜ਼ ਨੂੰ ਟਿਊਲਿਪਾਂ ਲਈ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ ਭਾਰਤ ਨੂੰ ਲੌਟਸ ਭਾਵ ਕਮਲ ਦੇ ਫੁੱਲ ਲਈ ਜਾਣਿਆ ਜਾਂਦਾ ਹੈ।

ਸਾਥੀਓ,

ਟਿਊਲਿਪ ਅਤੇ ਕਮਲ ਦੋਵੇਂ ਫੁੱਲ ਸਾਨੂੰ ਦੱਸਦੇ ਹਨ ਕਿ ਜੜਾਂ ਚਾਹੇ ਪਾਣੀ ਵਿੱਚ ਹੋਣ ਜਾਂ ਧਰਤੀ ‘ਤੇ, ਜੇ ਸਹੀ ਪੋਸ਼ਣ ਮਿਲੇ ਤਾਂ ਸੁੰਦਰਤਾ ਵੀ ਮਿਲਦੀ ਹੈ ਅਤੇ ਤਾਕਤ ਵੀ ਆ ਜਾਂਦੀ ਹੈ। ਇਹੀ ਭਾਰਤ ਅਤੇ ਨੀਦਰਲੈਂਡਜ਼ ਦੇ ਵਿਚਕਾਰ ਭਾਗੀਦਾਰੀ ਦੀ ਵੀ ਬੁਨਿਆਦ ਹੈ।

ਸਾਥੀਓ,

ਸਾਡੇ ਦਰਮਿਆਨ ਦੋਸਤੀ ਦੀ ਇੱਕ ਹੋਰ ਕੜੀ ਹੈ ਜਿਸਦੀ ਓਨੀ ਚਰਚਾ ਨਹੀਂ ਹੁੰਦੀ ਅਤੇ ਉਹ ਹੈ ਖੇਡਾਂ। ਅਸੀਂ ਦੋਵੇਂ ਦੇਸ਼ ਖੇਡਾਂ ਦੇ ਖੇਤਰ ਵਿੱਚ ਬਹੁਤ ਕੁਝ ਮਿਲ ਕੇ ਕਰ ਰਹੇ ਹਾਂ।

ਹੁਣ ਜਿਵੇਂ ਕ੍ਰਿਕਟ ਹੈ। ਨੀਦਰਲੈਂਡਜ਼ ਦੀ ਕ੍ਰਿਕਟ ਵਿੱਚ ਭਾਰਤੀ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣੇ ਭਾਰਤ ਵਿੱਚ ਟੀ-20 ਵਿਸ਼ਵ ਕੱਪ ਹੋਇਆ, ਉਸ ਵਿੱਚ ਨੀਦਰਲੈਂਡਜ਼ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ। ਭਾਰਤ ਵਿਸ਼ਵ ਕੱਪ ਚੈਂਪੀਅਨ ਹੈ, ਪਰ ਭਾਰਤ ਦੀ ਟੀਮ ਨੂੰ ਵੀ ਨੀਦਰਲੈਂਡਜ਼ ਦੀ ਟੀਮ ਨੇ ਬਹੁਤ ਕਰੜੀ ਟੱਕਰ ਦਿੱਤੀ ਸੀ।

ਜਦੋਂ ਅਸੀਂ ਤੇਜਾ ਨਿਦਾਮਨੁਰੂ ਅਤੇ ਵਿਕਰਮਜੀਤ ਸਿੰਘ ਨੂੰ ਨੀਦਰਲੈਂਡਜ਼ ਦੀ ਜਰਸੀ ਵਿੱਚ ਵੇਖਦੇ ਹਾਂ, ਜਾਂ ਫਿਰ, ਜਦੋਂ ਆਰਿਆਨ ਦੱਤ ਵਰਗੇ ਨੌਜਵਾਨ ਖਿਡਾਰੀ ਡੱਚ ਕ੍ਰਿਕਟ ਦੇ ਭਵਿੱਖ ਵਿੱਚ ਯੋਗਦਾਨ ਪਾਉਂਦੇ ਹਨ ਤਾਂ ਸਾਨੂੰ ਸਭ ਨੂੰ ਬਹੁਤ ਵਧੀਆ ਲੱਗਦਾ ਹੈ।

ਸਾਥੀਓ,

ਜਿਵੇਂ ਕ੍ਰਿਕਟ ਵਿੱਚ ਭਾਰਤੀਆਂ ਦਾ ਯੋਗਦਾਨ ਹੈ, ਉਸੇ ਤਰ੍ਹਾਂ ਭਾਰਤ ਦੀ ਹਾਕੀ ਵਿੱਚ ਨੀਦਰਲੈਂਡਜ਼ ਦਾ ਵੀ ਵੱਡਾ ਯੋਗਦਾਨ ਹੈ। ਭਾਰਤ ਦੀ ਹਾਕੀ ਨੂੰ ਹੋਰ ਵਧੇਰੇ ਨਿਖਾਰਨ ਵਿੱਚ ਡੱਚ ਕੋਚਾਂ ਦੀ ਵੀ ਮਿਹਨਤ ਰਹੀ ਹੈ। ਸਾਡੀ ਮਹਿਲਾ ਹਾਕੀ ਟੀਮ ਬੀਤੇ ਕੁਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਵਿੱਚ ਕੋਚ ਮਰੀਨ ਦੀ ਅਹਿਮ ਭੂਮਿਕਾ ਹੈ।

ਅਤੇ ਇਸ ਵਰ੍ਹੇ ਤਾਂ ਹਾਕੀ ਵਿਸ਼ਵ ਕੱਪ ਦਾ ਮੇਜ਼ਬਾਨ ਨੀਦਰਲੈਂਡਜ਼ ਵੀ ਹੈ। ਅਤੇ ਤੁਸੀਂ ਸਾਰਿਆਂ ਨੇ ਭਾਰਤ ਦੇ ਮੈਚ ਦੇਖਣ ਤਾਂ ਜਾਣਾ ਹੀ ਜਾਣਾ ਹੈ। ਇਹ ਗੱਲ ਪੱਕੀ ਹੈ ਕਿ ਵਿਸ਼ਵ ਕੱਪ ਕੋਈ ਵੀ ਜਿੱਤੇ, ਏਨਾ ਪੱਕਾ ਹੈ ਕਿ ਭਾਰਤ ਅਤੇ ਨੀਦਰਲੈਂਡਜ਼ ਦੀ ਦੋਸਤੀ ਜ਼ਰੂਰ ਜਿੱਤੇਗੀ।

ਸਾਥੀਓ,

ਭਾਰਤ ਅਤੇ ਨੀਦਰਲੈਂਡਜ਼ ਦੇ ਵਿਚਕਾਰ ਦੇ ਰਿਸ਼ਤੇ ਦੀ ਅਸਲੀ ਤਾਕਤ ਤੁਸੀਂ ਸਭ ਹੋ। ਤੁਸੀਂ ਇਸ ਭਾਗੀਦਾਰੀ ਦੇ ਜੀਵੰਤ ਪੁਲ ਹੋ, ਜੀਵੰਤ ਵੀ ਹੋ। ਇਸ ਲਈ ਭਾਰਤ ਸਰਕਾਰ ਨੇ ਸੂਰੀਨਾਮੀ ਹਿੰਦੁਸਤਾਨੀ ਸਮਾਜ ਲਈ ਓਸੀਆਈ ਕਾਰਡ ਦੀ ਯੋਗਤਾ ਚੌਥੀ ਪੀੜ੍ਹੀ ਤੋਂ ਵਧਾ ਕੇ ਛੇਵੀਂ ਪੀੜ੍ਹੀ ਤੱਕ ਕਰ ਦਿੱਤੀ ਹੈ।

ਸਾਥੀਓ,

21ਵੀਂ ਸਦੀ ਦਾ ਭਾਰਤ ਮੌਕਿਆਂ ਦੀ ਧਰਤੀ ਹੈ। ਭਾਰਤ ਤਕਨਾਲੋਜੀ ਪ੍ਰੇਰਿਤ ਵੀ ਹੈ ਅਤੇ ਮਨੁੱਖਤਾ ਪ੍ਰੇਰਿਤ ਵੀ। ਭਾਰਤ ਜਿੰਨਾ ਪ੍ਰਾਚੀਨ ਹੈ, ਓਨਾ ਹੀ ਆਧੁਨਿਕ ਵੀ ਬਣ ਰਿਹਾ ਹੈ।

ਇਸ ਲਈ ਇਹ ਸਮਾਂ ਭਾਰਤ ਵਿੱਚ ਆਪਣੇ ਪੁਰਖਿਆਂ ਦੇ ਪਿੰਡ ਨਾਲ ਜੁੜਨ ਦਾ ਵੀ ਹੈ ਅਤੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਭਾਗੀਦਾਰੀ ਦਾ ਵੀ ਹੈ। ਮੈਂ ਨੀਦਰਲੈਂਡਜ਼ ਵਿੱਚ ਭਾਰਤੀ ਭਾਈਚਾਰੇ ਦੇ ਸਾਰੇ ਸਾਥੀਆਂ ਨੂੰ ਕਹਾਂਗਾ ਕਿ ਤੁਸੀਂ ਭਾਰਤ ਵਿੱਚ ਵੱਧ ਤੋਂ ਵੱਧ ਸਹਿਯੋਗ ਵਧਾਓ। ਇਸ ਨਾਲ ਭਾਰਤ ਦੀ ਸਮਰੱਥਾ ਵੀ ਵਧੇਗੀ ਅਤੇ ਤੁਹਾਡੇ ਨਿਵੇਸ਼ਾਂ ‘ਤੇ ਲਾਭ ਵੀ ਵੱਧ ਮਿਲੇਗਾ ਅਤੇ ਇਹ ਮੋਦੀ ਦੀ ਗਾਰੰਟੀ ਹੈ।

ਏਨੀ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਏ। ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਮੈਨੂੰ ਬਹੁਤ ਖੁਸ਼ੀ ਹੋਈ। ਇਸੇ ਭਾਵਨਾ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।

ਏਨੇ ਗਰਮਜੋਸ਼ੀ ਭਰੇ ਸਵਾਗਤ ਲਈ, ਫਿਰ ਤੋਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!

ਭਾਰਤ ਮਾਤਾ ਦੀ ਜੈ!

 

***

ਐਮਜੇਪੀਐਸ/ਐਸਐਸ/ਵੀਜੇ