Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਟੀਚਿਆਂ ਵੱਲ ਪੇਂਡੂ ਵਿਕਾਸ, ਖੇਤੀਬਾੜੀ, ਸਮਾਜਿਕ ਭਲਾਈ ਅਤੇ ਸਬੰਧਤ ਖੇਤਰਾਂ ਵਿੱਚ ਹੋਈ ਤਰੱਕੀ ਦੀ ਸਮੀਖਿਆ ਲਈ ਸਕੱਤਰਾਂ ਦੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ ਅੱਜ ਵਿਕਸਿਤ ਭਾਰਤ ਦੇ ਟੀਚੇ ਹਾਸਲ ਕਰਨ ਵੱਲ ਪੇਂਡੂ ਵਿਕਾਸ, ਖੇਤੀਬਾੜੀ, ਸਮਾਜਿਕ ਭਲਾਈ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਹੋਈ ਤਰੱਕੀ ਦੀ ਸਮੀਖਿਆ ਕਰਨ ਲਈ ਆਪਣੀ ਰਿਹਾਇਸ਼, 7 ਲੋਕ ਕਲਿਆਣ ਮਾਰਗ ’ਤੇ ਸਕੱਤਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੇ ਸੁਧਾਰਾਂ ਦੇ ਕੇਂਦਰ ਵਿੱਚ ਨਾਗਰਿਕਾਂ ਦੀ ਭਲਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣ ਵਾਲੇ ਸੁਧਾਰਾਂ ਨੂੰ ਸਹੀ ਰਫ਼ਤਾਰ ਮਿਲਣੀ ਚਾਹੀਦੀ ਹੈ ਅਤੇ ਇਨ੍ਹਾਂ ਨਾਲ ਸਾਰਥਕ ਬਦਲਾਅ ਆਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਧਾਰਾਂ ਦਾ ਮਕਸਦ ਸਿਰਫ਼ ਸਰਕਾਰ ਦੇ ਕੰਮਕਾਜ ਨੂੰ ਬਿਹਤਰ ਬਣਾਉਣਾ ਨਹੀਂ ਹੈ, ਸਗੋਂ ਭਾਰਤ ਦੇ ਵਿਕਸਿਤ ਦੇਸ਼ ਬਣਨ ਦੇ ਸਫ਼ਰ ਨੂੰ ਤੇਜ਼ ਕਰਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਸਨ ਪ੍ਰਣਾਲੀ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ ਅਤੇ ਬਦਲਦੇ ਹਾਲਾਤਾਂ ਦੀਆਂ ਲੋੜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਪ੍ਰਸ਼ਾਸਨਿਕ ਪ੍ਰਕਿਰਿਆਵਾਂ (ਗਵਰਨੈਂਸ) ਨੂੰ ਅਪਣਾਉਣ ਅਤੇ ਮਜ਼ਬੂਤ ਕਰਨ ਦੀ ਅਹਿਮੀਅਤ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਉੱਭਰਦੀਆਂ ਲੋੜਾਂ ਦੀ ਵਿਆਪਕ ਪੱਧਰ ’ਤੇ ਪਛਾਣ ਕਰਨ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਸਮੁੱਚੀ ਸਰਕਾਰ ਵਾਲੀ ਪਹੁੰਚ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ‘ਵਿਕਸਿਤ ਭਾਰਤ’ ਬਣਾਉਣ ਦਾ ਸੁਪਨਾ ਇੱਕ ‘ਜਨ-ਅੰਦੋਲਨ’ ਬਣਨਾ ਚਾਹੀਦਾ ਹੈ ਅਤੇ ਭਾਰਤ ਦੇ ਨੌਜਵਾਨ ਇਸ ਵਿਜ਼ਨ ਦੀ ਨੀਂਹ ਬਣਨੇ ਚਾਹੀਦੇ ਹਨ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਅਲਾਮਤ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਵਿਭਾਗਾਂ ਦੇ ਆਪੋ-ਆਪਣੇ ਦਾਇਰੇ ਵਿੱਚ ਵੱਖ-ਵੱਖ ਹੋ ਕੇ ਕੰਮ ਕਰਨ ਦੇ ਰੁਝਾਨ ਨੂੰ ਖ਼ਤਮ ਕਰਨ ਅਤੇ ਨੌਜਵਾਨਾਂ ਨਾਲ ਜੁੜੀਆਂ ਪਹਿਲਕਦਮੀਆਂ ਵਿੱਚ ਵਿਭਾਗਾਂ ਵਿਚਾਲੇ ਬਿਹਤਰ ਤਾਲਮੇਲ ਅਤੇ ਸਹਿਯੋਗ ਵਧਾਉਣ ਲਈ ਇੱਕ ਸੰਸਥਾਗਤ ਢਾਂਚਾ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਪ੍ਰਧਾਨ ਮੰਤਰੀ ਨੇ ਖੇਡਾਂ ਦੇ ਵਿਕਾਸ ਲਈ ਏਕੀਕ੍ਰਿਤ ਪਹੁੰਚ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਸੈਰ-ਸਪਾਟੇ ਦੇ ਇੱਕ ਪ੍ਰਮੁੱਖ ਖੇਤਰ ਵਜੋਂ ਉੱਭਰਨ ਦੇ ਨਾਲ, ਭਾਰਤ ਨੂੰ ਖੁਦ ਨੂੰ ਆਲਮੀ ਖੇਡ ਹੱਬ ਵਜੋਂ ਸਥਾਪਤ ਕਰਨ ਲਈ ਵੱਡੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਖੇਡ ਖੇਤਰ ਵਿੱਚ ਸਟਾਰਟਅੱਪਸ ਰਾਹੀਂ ਤਕਨਾਲੋਜੀ ਨੂੰ ਹੁਲਾਰਾ ਦੇਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਵੱਲੋਂ ਪੀਐੱਮ ਕੁਸੁਮ ਯੋਜਨਾ ਵਰਗੀਆਂ ਪਹਿਲਕਦਮੀਆਂ ਨੂੰ ਵੱਡੇ ਪੱਧਰ ’ਤੇ ਅਪਣਾਉਣ ਨਾਲ ਖੇਤੀਬਾੜੀ ਖੇਤਰ ਵਿੱਚ ਵੱਡਾ ਕ੍ਰਾਂਤੀਕਾਰੀ ਬਦਲਾਅ ਆ ਸਕਦਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਮੌਕਿਆਂ ਅਤੇ ਭਵਿੱਖ ਦੀਆਂ ਲੋੜਾਂ ਨਾਲ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਹੁਨਰ ਦੀਆਂ ਲੋੜਾਂ ਦੀ ਆਲਮੀ ਪੱਧਰ ’ਤੇ ਪਛਾਣ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਸਕੱਤਰਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਵੱਖ-ਵੱਖ ਪਹਿਲਕਦਮੀਆਂ ਅਤੇ ਚੁਣੌਤੀਆਂ ਬਾਰੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਭਵਿੱਖ ਦੀ ਕਾਰਜ-ਯੋਜਨਾ ਲਈ ਆਪਣੇ ਸੁਝਾਅ ਅਤੇ ਵਿਜ਼ਨ ਸਾਂਝੇ ਕੀਤੇ। ਮੀਟਿੰਗ ਵਿੱਚ ਸਾਰੇ ਖੇਤਰਾਂ ਬਾਰੇ ਵਿਆਪਕ ਅਤੇ ਸਾਰਥਕ ਚਰਚਾ ਹੋਈ, ਜਿਸ ਵਿੱਚ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਬਿਹਤਰ ਤਾਲਮੇਲ ਅਤੇ ‘ਵਿਕਸਿਤ ਭਾਰਤ’ ਦੇ ਟੀਚਿਆਂ ਵੱਲ ਤੇਜ਼ੀ ਨਾਲ ਵਧਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਮੀਟਿੰਗ ਵਿੱਚ ਕੈਬਨਿਟ ਸਕੱਤਰ, ਪ੍ਰਮੁੱਖ ਮੰਤਰਾਲਿਆਂ ਦੇ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ