ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਵਾ ਤੀਰਥ ਵਿਖੇ ਪ੍ਰਗਤੀ ਦੀ 55ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਗਤੀ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ‘ਤੇ ਅਧਾਰਿਤ ਇੱਕ ਬਹੁ-ਆਯਾਮੀ ਮੰਚ ਹੈ, ਜਿਸ ਦਾ ਉਦੇਸ਼ ਸਰਗਰਮ ਸ਼ਾਸਨ ਅਤੇ ਸਮਾਂਬੱਧ ਲਾਗੂਕਰਨ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮੰਚ ਪ੍ਰੋਜੈਕਟਾਂ ਅਤੇ ਭਲਾਈ ਯੋਜਨਾਵਾਂ ਨੂੰ ਲਾਗੂਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦਾ ਲਾਭ ਬਿਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇੱਕ ਮੰਚ ‘ਤੇ ਇਕੱਠੇ ਲਿਆਉਂਦਾ ਹੈ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸੜਕ, ਬਿਜਲੀ, ਕੋਇਲਾ ਅਤੇ ਰੇਲਵੇ ਖੇਤਰਾਂ ਦੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਪੰਜ ਮਹੱਤਵਪੂਰਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ, ਜਿਨ੍ਹਾਂ ਦੀ ਕੁੱਲ ਲਾਗਤ 78,000 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਨੇ ਉੱਨਤ ਆਈ.ਟੀ.ਆਈ. ਰਾਹੀਂ ਪ੍ਰਧਾਨ ਮੰਤਰੀ ਹੁਨਰ ਅਤੇ ਰੁਜ਼ਗਾਰ ਪਰਿਵਰਤਨ (ਪੀ.ਐੱਮ.-ਸੇਤੂ) ਯੋਜਨਾ ਦੇ ਲਾਗੂਕਰਨ ਸਮੇਤ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਈਕੋਸਿਸਟਮ ਦੀ ਵੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇ ਨਾਲ ਸਬੰਧਿਤ ਪ੍ਰੋਜੈਕਟਾਂ ਵਿੱਚ ਦੇਰੀ ਦਾ ਅਸਰ ਸਿਰਫ਼ ਉਨ੍ਹਾਂ ਦੀ ਲਾਗਤ ਵਧਣ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਸ ਨਾਲ ਨਾਗਰਿਕਾਂ, ਕਾਰੋਬਾਰਾਂ ਅਤੇ ਅਰਥਵਿਵਸਥਾ ਨੂੰ ਮਿਲਣ ਵਾਲੇ ਲੋੜੀਂਦੇ ਲਾਭ ਵੀ ਦੇਰੀ ਨਾਲ ਪ੍ਰਾਪਤ ਹੁੰਦੇ ਹਨ। ਉਨ੍ਹਾਂ ਨੇ ਸਬੰਧਿਤ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਬਕਾਇਆ ਪਏ ਮੁੱਦਿਆਂ ਦੀ ਸਪੱਸ਼ਟ ਜਵਾਬਦੇਹੀ ਅਤੇ ਵਿਹਾਰਕ ਸਮਾਂ-ਸੀਮਾ ਨਿਰਧਾਰਿਤ ਕਰਕੇ ਹੱਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਾਲ-ਨਾਲ ਉਸਾਰੀ ਕਾਰਜਾਂ ਦੀ ਗੁਣਵੱਤਾ ਦੇ ਉੱਚ ਮਿਆਰਾਂ ਨੂੰ ਵੀ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਸੜਕ ਪ੍ਰੋਜੈਕਟ ਦੀ ਸਮੀਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਦੇ ਜਲਦੀ ਲਾਗੂ ਕਰਨ ਦਾ ਸੱਦਾ ਦਿੱਤਾ ਅਤੇ ਦੁਹਰਾਇਆ ਕਿ ਖ਼ਰਚੇ ਦੀ ਬਜਾਏ ਪ੍ਰਾਪਤ ਹੋਣ ਵਾਲੇ ਨਤੀਜਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਕੋਇਲਾ ਪ੍ਰੋਜੈਕਟ ਦੀ ਸਮੀਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਾਲ-ਨਾਲ ਮੁੜ-ਵਸੇਬੇ ਅਤੇ ਮੁੜ-ਸਥਾਪਨਾ ਦਾ ਕੰਮ ਵੀ ਸਮਾਂਬੱਧ ਅਤੇ ਸਨਮਾਨਜਨਕ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।
ਬਿਜਲੀ ਪ੍ਰੋਜੈਕਟ ਦੀ ਸਮੀਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਕੇਂਦਰੀਕ੍ਰਿਤ ਸੂਰਜੀ ਅਤੇ ਪੌਣ ਊਰਜਾ ਪ੍ਰੋਜੈਕਟਾਂ ਲਈ ਨਵੀਨਤਾਕਾਰੀ ਮਾਡਲ ਲੱਭਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿੱਥੇ ਵੀ ਸੰਭਵ ਹੋਵੇ, ਸਥਾਨਕ ਸਰੋਤਾਂ ਦੀ ਉਪਲਬਧਤਾ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਪ੍ਰੋਜੈਕਟ ਬਿਜਲੀ ਦੀ ਖਪਤ ਵਾਲੇ ਕੇਂਦਰਾਂ ਦੇ ਨੇੜੇ ਵਿਕਸਤ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਯਤਨਾਂ ਦਾ ਮੰਤਵ ਭਰੋਸੇਮੰਦ ਅਤੇ ਕਿਫ਼ਾਇਤੀ ਬਿਜਲੀ ਦੀ ਉਪਲਬਧਤਾ ਵਧਾਉਣਾ ਅਤੇ ਬਿਜਲੀ ਸੰਚਾਰ ਨਾਲ ਜੁੜੇ ਬੁਨਿਆਦੀ ਢਾਂਚੇ ‘ਤੇ ਦਬਾਅ ਘਟਾਉਣਾ ਹੋਣਾ ਚਾਹੀਦਾ ਹੈ।
ਆਈ.ਟੀ.ਆਈ. ਈਕੋਸਿਸਟਮ ਅਤੇ ਪੀਐੱਮ-ਸੇਤੂ ਦੇ ਲਾਗੂਕਰਨ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਅਤੇ ਮੁੱਖ ਸਕੱਤਰਾਂ ਨੂੰ ਆਈ.ਟੀ.ਆਈ. ਨੂੰ ਮਜ਼ਬੂਤ ਬਣਾਉਣ ਅਤੇ ਪ੍ਰਧਾਨ ਮੰਤਰੀ-ਸੇਤੂ ਤਹਿਤ ਉਦਯੋਗਾਂ ਦੀ ਭਾਈਵਾਲੀ ਵਧਾਉਣ ਲਈ ਅਗਵਾਈ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਉਦਯੋਗਾਂ ਲਈ ਆਈ.ਟੀ.ਆਈ. ਨਾਲ ਭਾਈਵਾਲੀ ਕਰਨ, ਉਨ੍ਹਾਂ ਦੇ ਨਵੀਨੀਕਰਨ ਵਿੱਚ ਯੋਗਦਾਨ ਪਾਉਣ ਅਤੇ ਸਿਖਲਾਈ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਮਨੁੱਖੀ ਸ਼ਕਤੀ ਸਬੰਧੀ ਲੋੜਾਂ ਅਨੁਸਾਰ ਢਾਲਣ ਦਾ ਇੱਕ ਢੁਕਵਾਂ ਮੌਕਾ ਹੈ। ਉਨ੍ਹਾਂ ਨੇ ਇਨ੍ਹਾਂ ਭਾਈਵਾਲੀਆਂ ਨੂੰ ਨੌਜਵਾਨਾਂ ਲਈ ਬਿਹਤਰ ਸਿਖਲਾਈ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਬਦਲਣ ਲਈ ਰਾਜਾਂ, ਆਈ.ਟੀ.ਆਈ. ਅਤੇ ਉਦਯੋਗ ਜਗਤ ਵਿਚਕਾਰ ਗੂੜ੍ਹੇ ਸਹਿਯੋਗ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਜਨਤਕ ਖੇਤਰ ਦੇ ਅਦਾਰਿਆਂ (ਪੀਐੱਸਯੂ) ਨੂੰ ਆਪਣੀਆਂ ਭਵਿੱਖ ਦੀਆਂ ਮਨੁੱਖੀ ਸ਼ਕਤੀ ਸਬੰਧੀ ਲੋੜਾਂ ਦਾ ਮੁਲਾਂਕਣ ਕਰਨ ਅਤੇ ਸਬੰਧਿਤ ਕਿੱਤਿਆਂ ਵਿੱਚ ਸਿਖਲਾਈ ਤੇ ਭਰਤੀ ਲਈ ਆਈ.ਟੀ.ਆਈ. ਨਾਲ ਆਪਣੇ ਸਬੰਧ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੀ.ਐੱਸ.ਯੂ. (ਪੀਐੱਸਯੂ) ਨੂੰ ਵਿਹਾਰਕ ਸਿਖਲਾਈ ਅਤੇ ਅਪ੍ਰੈਂਟਿਸਸ਼ਿਪ ਦਾ ਸਮਰਥਨ ਕਰਨ ਅਤੇ ਸਿਖਲਾਈ ਪ੍ਰਾਪਤ ਆਈ.ਟੀ.ਆਈ. ਗ੍ਰੈਜੂਏਟਾਂ ਦੀ ਭਰਤੀ ‘ਤੇ ਵਧੇਰੇ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਇਸ ਤਰ੍ਹਾਂ ਦੀ ਭਾਈਵਾਲੀ ਨਾਲ ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਕੰਮ ਕਰਨ ਦਾ ਤਜਰਬਾ ਮਿਲੇਗਾ ਅਤੇ ਪੀ.ਐੱਸ.ਯੂ. ਨੂੰ ਆਪਣੀਆਂ ਕਾਰਜਸ਼ੀਲ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ ਦਾ ਤਿਆਰ ਸਮੂਹ ਉਪਲਬਧ ਹੋ ਸਕੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਨਰ ਵਿਕਾਸ ਦੀ ਵਿਵਸਥਾ ਉਦਯੋਗਿਕ ਕਲੱਸਟਰਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਟ੍ਰੇਡਾਂ, ਪਾਠਕ੍ਰਮਾਂ ਅਤੇ ਸਿਖਲਾਈ ਸਮਰੱਥਾ ਨੂੰ ਹਰੇਕ ਖੇਤਰ ਵਿੱਚ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਨਿਵੇਸ਼ ਦੇ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਘਰ ਦੇ ਨੇੜੇ ਰੁਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਲਈ ਸਥਾਨਕ ਲੋੜਾਂ ਅਨੁਸਾਰ ਹੁਨਰ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਅਤੇ ਸਥਾਨਕ ਰੁਜ਼ਗਾਰਦਾਤਾਵਾਂ ਵਿਚਾਲੇ ਮਜ਼ਬੂਤ ਸਬੰਧ ਸਥਾਪਤ ਹੋਣ ਨਾਲ ਨੌਜਵਾਨਾਂ ਲਈ ਆਪਣੇ ਘਰ ਦੇ ਨੇੜੇ ਰੁਜ਼ਗਾਰ ਦੇ ਮੌਕੇ ਵੱਧ ਸਕਦੇ ਹਨ। ਇਸ ਨਾਲ ਮਜਬੂਰੀ ਵਿੱਚ ਹੋਣ ਵਾਲੇ ਪਰਵਾਸ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਨੌਜਵਾਨ ਆਪਣੇ ਹੀ ਖੇਤਰਾਂ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਣਗੇ।
ਪ੍ਰਧਾਨ ਮੰਤਰੀ ਨੇ ਆਈ.ਟੀ.ਆਈ. ਸਿੱਖਿਆ ਲਈ ‘ਕਲਾਸ-ਰੂਮ–ਕੰਪਨੀ–ਕਰੀਅਰ’ (3C) ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ। ਇਸ ਤਹਿਤ ਕਲਾਸ ਵਿੱਚ ਹੋਣ ਵਾਲੀ ਪੜ੍ਹਾਈ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬੇ ਨਾਲ ਜੋੜਨ ਅਤੇ ਇਸ ਤੋਂ ਬਾਅਦ ਰੁਜ਼ਗਾਰ ਅਤੇ ਕਰੀਅਰ ਵਿੱਚ ਅੱਗੇ ਵਧਣ ਦੇ ਮੌਕੇ ਉਪਲਬਧ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਢੁਕਵਾਂ ਤਕਨੀਕੀ ਗਿਆਨ, ਅਸਲ ਕਾਰਜ ਸਥਾਨ ਦੀਆਂ ਸਥਿਤੀਆਂ ਦਾ ਤਜਰਬਾ ਅਤੇ ਸਿਖਲਾਈ ਤੋਂ ਰੁਜ਼ਗਾਰ ਤੱਕ ਪਹੁੰਚਣ ਦਾ ਸਪੱਸ਼ਟ ਰਸਤਾ ਪ੍ਰਦਾਨ ਕਰਨ ਲਈ ਆਈ.ਟੀ.ਆਈ. ਅਤੇ ਉਦਯੋਗਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
****
ਐੱਮਜੇਪੀਐੱਸ/ਐੱਸਐੱਸ/ਐੱਸਐੱਸ
Projects worth over Rs. 78000 crore reviewed in today’s PRAGATI session. Sectors covered are roads, railways, power and coal. And, there was an extensive review of the ITI ecosystem in India and implementation of PM-SETU. Skill development is among our Top priorities! https://t.co/MTEVe3EFRG
— Narendra Modi (@narendramodi) November 25, 2026