Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 29 ਨਵੰਬਰ ਨੂੰ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੇ ਜਨਮ ਸ਼ਤਾਬਦੀ ਸਮਾਗਮ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਨਵੰਬਰ 2026 ਨੂੰ ਸ਼ਾਮ 6 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਡਾ. ਭੂਪੇਨ ਹਜ਼ਾਰਿਕਾ ਦੇ ਜਨਮ ਸ਼ਤਾਬਦੀ ਸਮਾਗਮ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

 

ਡਾ. ਭੂਪੇਨ ਹਜ਼ਾਰਿਕਾ ਦਾ ਜਨਮ 8 ਸਤੰਬਰ 1926 ਨੂੰ ਅਸਾਮ ਦੇ ਸਦੀਆ ਵਿੱਚ ਹੋਇਆ ਸੀ। ‘ਸੁਧਾਕੰਠ’ ਅਤੇ ‘ਬ੍ਰਹਮਪੁੱਤਰ ਦੇ ਗਾਇਕ’ (ਬਾਰਡ ਆਫ ਦਿ ਬ੍ਰਹਮਪੁੱਤਰ) ਵਜੋਂ ਯਾਦ ਕੀਤੇ ਜਾਣ ਵਾਲੇ ਡਾ. ਹਜ਼ਾਰਿਕਾ ਦਾ ਅਸਾਮ ਅਤੇ ਪੂਰੇ ਦੇਸ਼ ਦੇ ਸੱਭਿਆਚਾਰਕ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ। ਮਹਾਨ ਗਾਇਕ, ਸੰਗੀਤਕਾਰ, ਗੀਤਕਾਰ, ਫ਼ਿਲਮਸਾਜ਼ ਅਤੇ ਲੇਖਕ ਵਜੋਂ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਮ ਲੋਕਾਂ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਆਵਾਜ਼ ਦਿੱਤੀ। ਅਸਾਮ ਅਤੇ ਉੱਤਰ-ਪੂਰਬੀ ਖੇਤਰ ਦੀਆਂ ਲੋਕ ਪਰੰਪਰਾਵਾਂ ਨਾਲ ਜੁੜੇ ਉਨ੍ਹਾਂ ਦੇ ਸੰਗੀਤ ਨੇ ਭਾਸ਼ਾਈ ਅਤੇ ਭੂਗੋਲਿਕ ਹੱਦਾਂ ਨੂੰ ਪਾਰ ਕਰਕੇ ਇਸ ਖੇਤਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੂਰੇ ਭਾਰਤ ਅਤੇ ਉਸ ਤੋਂ ਬਾਹਰ ਦੇ ਲੋਕਾਂ ਤੱਕ ਪਹੁੰਚਾਇਆ।

 

ਆਪਣੇ ਕਲਾਤਮਕ ਯੋਗਦਾਨਾਂ ਤੋਂ ਇਲਾਵਾ ਡਾ. ਹਜ਼ਾਰਿਕਾ ਇੱਕ ਮਨੁੱਖਤਾਵਾਦੀ ਅਤੇ ਸਮਾਜਿਕ ਚਿੰਤਕ ਸਨ। ਉਨ੍ਹਾਂ ਦੇ ਕਾਰਜਾਂ ਨੇ ਸਮਾਨਤਾ, ਮਨੁੱਖੀ ਸਵੈ-ਮਾਣ, ਸਮਾਜਿਕ ਸਦਭਾਵਨਾ ਅਤੇ ਵਿਸ਼ਵ ਭਾਈਚਾਰੇ ਨੂੰ ਹੁਲਾਰਾ ਦਿੱਤਾ। ਉਨ੍ਹਾਂ ਨੇ ਅਸਾਮ ਦੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਵੰਨ-ਸੁਵੰਨੀ ਸੱਭਿਆਚਾਰਕ ਵਿਰਾਸਤ ਨੂੰ ਅਮੀਰ ਬਣਾਉਣ ਵਿੱਚ ਵੀ ਯੋਗਦਾਨ ਪਾਇਆ। ਭਾਰਤੀ ਸੰਗੀਤ, ਸਿਨੇਮਾ ਅਤੇ ਸੱਭਿਆਚਾਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਸਮੇਤ ਕਈ ਵੱਕਾਰੀ ਸਨਮਾਨ ਮਿਲੇ। ਸੰਨ 2019 ਵਿੱਚ ਉਨ੍ਹਾਂ ਨੂੰ ਦੇਹਾਂਤ ਮਗਰੋਂ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ।

 

ਜਨਮ ਸ਼ਤਾਬਦੀ ਸਮਾਗਮ 8 ਸਤੰਬਰ 2025 ਨੂੰ ਸ਼ੁਰੂ ਹੋਇਆ। ਇਸ ਸਮਾਗਮ ਨੇ ਸੰਗੀਤ, ਸਾਹਿਤ, ਸਿਨੇਮਾ ਅਤੇ ਸਮਾਜ ਦੇ ਖੇਤਰ ਵਿੱਚ ਡਾ. ਹਜ਼ਾਰਿਕਾ ਦੇ ਯੋਗਦਾਨ ਨੂੰ ਮੁੜ ਤੋਂ ਜਾਣਨ ਅਤੇ ਸਮਝਣ ਦਾ ਮੌਕਾ ਦਿੱਤਾ। ਇਸ ਸਮਾਗਮ ਵਿੱਚ ਉਨ੍ਹਾਂ ਦੇ ਆਦਰਸ਼ਾਂ ਦੀ ਸਾਰਥਕਤਾ, ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਦੀ ਸਦਾਬਹਾਰ ਖਿੱਚ ਅਤੇ ਮਨੁੱਖਤਾ, ਸਦਭਾਵਨਾ ਅਤੇ ਆਲਮੀ ਭਾਈਚਾਰੇ ਦੇ ਉਨ੍ਹਾਂ ਦੇ ਸੰਦੇਸ਼ ’ਤੇ ਵੀ ਚਾਨਣਾ ਪਾਇਆ ਗਿਆ। 

*****

ਐੱਨਕੇਆਰ/ਐੱਸਐੱਸ/ਐੱਸਐੱਸ