ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿਖੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਏਸ਼ਿਆਈ ਖੇਡਾਂ ਦੇ ਦਲ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਪੈਰਾ ਏਸ਼ਿਆਈ ਖੇਡਾਂ ਦੇ ਖਿਡਾਰੀਆਂ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਵਿਸ਼ਵ ਪੱਧਰ ‘ਤੇ ਇੱਕ ਪ੍ਰਮੁੱਖ ਖੇਡ ਸ਼ਕਤੀ ਵਜੋਂ ਭਾਰਤ ਦੇ ਤੇਜ਼ੀ ਨਾਲ ਉਭਾਰ ਨੂੰ ਦਰਸਾਉਂਦਾ ਹੈ। 140 ਕਰੋੜ ਦੇਸ਼ਵਾਸੀਆਂ ਵੱਲੋਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਟ੍ਰੇਨਰਾਂ ਅਤੇ ਕੋਚਾਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦਾ ਸਨਮਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੇ ਨਾ ਸਿਰਫ਼ ਇੱਕ ਵੱਡੇ ਮੰਚ ‘ਤੇ ਤਮਗ਼ੇ ਜਿੱਤੇ ਹਨ, ਸਗੋਂ ਪੂਰੇ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲ ਵੀ ਜਿੱਤੇ ਹਨ।
ਪੁਰਾਣੇ ਸਮੇਂ ਨੂੰ ਯਾਦ ਕਰਦਿਆਂ, ਜਦੋਂ ਭਾਰਤ ਦੀਆਂ ਖੇਡਾਂ ਵਿੱਚ ਭਾਗੀਦਾਰੀ ਨੂੰ ਸਿਰਫ਼ ਇੱਕ ਰਸਮੀ ਕਾਰਵਾਈ ਮੰਨਿਆ ਜਾਂਦਾ ਸੀ ਅਤੇ ਦੇਸ਼ ਪੈਰਾ ਖੇਡਾਂ ਵਿੱਚ ਪਿੱਛੇ ਸੀ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2010 ਦੀਆਂ ਪੈਰਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਸਿਰਫ਼ ਇੱਕ ਸੋਨੇ ਦੇ ਤਮਗ਼ੇ ਸਮੇਤ ਕੁੱਲ 14 ਤਮਗ਼ੇ ਜਿੱਤੇ ਸਨ। ਇਸ ਦੇ ਮੁਕਾਬਲੇ ਮੌਜੂਦਾ ਦਲ ਨੇ 30 ਸੋਨੇ, 35 ਚਾਂਦੀ ਅਤੇ 49 ਕਾਂਸੀ ਦੇ ਤਗਮਿਆਂ ਸਮੇਤ ਕੁੱਲ 114 ਤਮਗ਼ੇ ਜਿੱਤ ਕੇ ਇਤਿਹਾਸਕ ਪ੍ਰਾਪਤੀ ਕੀਤੀ ਹੈ। ਇਸ ਦੇ ਨਾਲ ਹੀ ਪੰਜ ਵਿਸ਼ਵ ਰਿਕਾਰਡ ਅਤੇ ਨੌਂ ਏਸ਼ਿਆਈ ਰਿਕਾਰਡ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 56 ਮਹਿਲਾ ਖਿਡਾਰੀਆਂ ਵਿੱਚੋਂ 34 ਨੇ ਤਮਗ਼ੇ ਜਿੱਤੇ, ਭਾਰਤੀ ਖਿਡਾਰੀਆਂ ਨੇ ਚਾਰ ਮੁਕਾਬਲਿਆਂ ਵਿੱਚ ਪੋਡੀਅਮ ਦੀਆਂ ਤਿੰਨੋਂ ਪੁਜ਼ੀਸ਼ਨਾਂ ‘ਤੇ ਕਬਜ਼ਾ ਕੀਤਾ ਅਤੇ ਦਲ ਨੇ ਮੁਕਾਬਲੇ ਦੇ ਆਖ਼ਰੀ ਦਿਨ ਹੀ ਨੌਂ ਸੋਨੇ ਦੇ ਤਮਗ਼ੇ ਜਿੱਤੇ। ਉਨ੍ਹਾਂ ਨੇ ਟੂਰਨਾਮੈਂਟ ਦੇ ਅੰਤ ਤੱਕ ਲਗਾਤਾਰ ਜਿੱਤਣ ਦੇ ਖਿਡਾਰੀਆਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “14 ਤੋਂ 114 ਤਗਮਿਆਂ ਤੱਕ ਦਾ ਇਹ ਸਫ਼ਰ ਤੁਹਾਡੀ ਸਖ਼ਤ ਮਿਹਨਤ ਦਾ ਸਿਖ਼ਰਲਾ ਨਤੀਜਾ ਹੈ।”
ਉਨ੍ਹਾਂ ਮੁਕਾਬਲਿਆਂ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਪਹਿਲੀ ਵਾਰ ਜਿੱਤੇ ਗਏ ਸੋਨੇ ਦੇ ਤਗਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਅਜਿਹੇ ਮੁਕਾਬਲਿਆਂ ਵਿੱਚ ਦੇਸ਼ ਨੇ ਪਹਿਲਾਂ ਕਦੇ ਸਫ਼ਲਤਾ ਹਾਸਲ ਨਹੀਂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੋਨਾ ਅਗਰਵਾਲ ਨੇ ਪੈਰਾ ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਰਿਕਾਰਡ ਬਣਾਇਆ, ਜਦਕਿ ਹੈਨੀ ਨੇ ਆਪਣਾ ਹੀ ਪਿਛਲਾ ਵਿਸ਼ਵ ਰਿਕਾਰਡ ਤੋੜਿਆ। ਸ਼੍ਰੀ ਮੋਦੀ ਨੇ ਕਿਹਾ, “ਹਿਮਾਂਸ਼ੂ, ਰਵੀ ਅਤੇ ਜੇਹਾਨ ਨੇ ਆਪਣੇ ਪ੍ਰਦਰਸ਼ਨ ਰਾਹੀਂ ਦੁਨੀਆ ਨੂੰ ਦਿਖਾਇਆ ਕਿ ਸਰੀਰਕ ਚੁਣੌਤੀਆਂ ਨੂੰ ਕਿਵੇਂ ਹਰਾਇਆ ਜਾਂਦਾ ਹੈ।”
ਇਹ ਮਹਿਸੂਸ ਕਰਦਿਆਂ ਕਿ ਦੁਨੀਆ ਵਿਅਕਤੀਗਤ ਜਾਂ ਸਮੂਹਿਕ ਜਿੱਤ ਦੀ ਚਮਕ ਨੂੰ ਤਾਂ ਦੇਖਦੀ ਹੈ, ਪਰ ਸਫ਼ਲਤਾ ਦੀ ਸ਼ਾਨਦਾਰ ਇਮਾਰਤ ਸਾਲਾਂ ਦੀ ਅਣਦੇਖੀ ਮਿਹਨਤ, ਪਸੀਨੇ ਅਤੇ ਅਟੁੱਟ ਤਪੱਸਿਆ ‘ਤੇ ਖੜ੍ਹੀ ਹੁੰਦੀ ਹੈ, ਪ੍ਰਧਾਨ ਮੰਤਰੀ ਨੇ ਅਥਲੀਟ ਰਿੰਕੂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਏਸ਼ਿਆਈ ਪੈਰਾ ਖੇਡਾਂ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਆਪਣੀ ਮਾਂ ਨੂੰ ਗੁਆਉਣ ਦੇ ਬਾਵਜੂਦ ਰਿੰਕੂ ਨੇ ਹੌਸਲਾ ਨਹੀਂ ਹਾਰਿਆ ਅਤੇ ਸੋਨੇ ਦਾ ਤਮਗ਼ਾ ਜਿੱਤਣ ਤੋਂ ਬਾਅਦ ਆਪਣੀ ਮਾਂ ਦੀ ਤਸਵੀਰ ਚੁੱਕ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਉਸ ਪਲ ਨੇ ਸਾਨੂੰ ਸਾਰਿਆਂ ਨੂੰ ਭਾਵੁਕ ਕਰ ਦਿੱਤਾ।”
ਖਿਡਾਰੀਆਂ ਦੇ ਸੰਘਰਸ਼ ਅਤੇ ਸਫ਼ਲਤਾਵਾਂ ਨੂੰ ਬੇਹੱਦ ਪ੍ਰੇਰਨਾਦਾਇਕ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਨਿੱਜੀ ਯਾਤਰਾਵਾਂ ਅਤੇ ਦੇਸ਼ ਦੀ ਆਪਣੀ ਵਿਕਾਸ ਯਾਤਰਾ ਵਿੱਚ ਡੂੰਘੀ ਸਮਾਨਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਤੁਹਾਡੀਆਂ ਕੋਸ਼ਿਸ਼ਾਂ ਅਤੇ ਦੇਸ਼ ਦੀਆਂ ਕੋਸ਼ਿਸ਼ਾਂ ਮਿਲ ਕੇ ਇੱਕ ਅਜਿਹੀ ਤਾਕਤ ਬਣ ਰਹੀਆਂ ਹਨ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਖਿਡਾਰੀਆਂ ਨੇ ਮੁਸ਼ਕਲਾਂ ਅੱਗੇ ਝੁਕਣ ਤੋਂ ਇਨਕਾਰ ਕੀਤਾ, ਉਸੇ ਤਰ੍ਹਾਂ ਦੇਸ਼ ਨੇ ਵੀ ਪ੍ਰਣ ਲਿਆ ਕਿ ਨੌਜਵਾਨਾਂ ਦੀ ਪ੍ਰਤਿਭਾ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਇਸ ਲਈ ਪ੍ਰਣਾਲੀ ਵਿੱਚ ਵਿਆਪਕ ਬਦਲਾਅ ਕੀਤੇ ਗਏ ਹਨ। ਇਸ ਨਾਲ ਨੌਜਵਾਨ ਖਿਡਾਰੀਆਂ ਵਿੱਚ ਇਹ ਵਿਸ਼ਵਾਸ ਪੈਦਾ ਹੋਇਆ ਹੈ ਕਿ ਦੇਸ਼ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਤੀਰਅੰਦਾਜ਼ੀ, ਐਥਲੈਟਿਕਸ, ਨਿਸ਼ਾਨੇਬਾਜ਼ੀ, ਤੈਰਾਕੀ, ਟੇਬਲ ਟੈਨਿਸ, ਬੈਡਮਿੰਟਨ, ਜੂਡੋ ਅਤੇ ਪਾਵਰਲਿਫਟਿੰਗ ਵਿੱਚ ਭਾਰਤ ਦੇ ਵਧਦੇ ਦਬਦਬੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਏਸ਼ਿਆਈ ਪੈਰਾ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੇ 61 ਖਿਡਾਰੀਆਂ ਵਿੱਚੋਂ 36 ਨੇ ਤਗ਼ਮੇ ਜਿੱਤੇ, ਜਦਕਿ ਸੰਦੀਪ ਨੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਨੌਜਵਾਨਾਂ ਦੀ ਇਹ ਭਾਗੀਦਾਰੀ ਅੱਜ ਦੇ ਭਾਰਤ ਦੀ ਤਸਵੀਰ ਵੀ ਹੈ ਅਤੇ ਭਵਿੱਖ ਦੇ ਭਾਰਤ ਦਾ ਐਲਾਨ ਵੀ ਹੈ।”
ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਸਰਕਾਰ ਖੇਡਾਂ ਨੂੰ ਸਿਰਫ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਜੋਂ ਨਹੀਂ ਦੇਖਦੀ, ਸਗੋਂ ਇਨ੍ਹਾਂ ਨੂੰ ਸ਼ਖ਼ਸੀਅਤ ਦੇ ਵਿਕਾਸ ਅਤੇ ਰਾਸ਼ਟਰ ਨਿਰਮਾਣ ਦਾ ਇੱਕ ਮਹੱਤਵਪੂਰਨ ਮਾਧਿਅਮ ਮੰਨਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਨੌਜਵਾਨ ਨਾਗਰਿਕਾਂ ਨੂੰ ਜੀਵਨ ਦੀਆਂ ਜ਼ਰੂਰੀ ਕਦਰਾਂ-ਕੀਮਤਾਂ ਸਿਖਾਉਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਸਿਰਫ਼ ਖੇਡਾਂ ਹੀ ਨੌਜਵਾਨਾਂ ਨੂੰ ਹਾਰ ਤੋਂ ਬਾਅਦ ਜਿੱਤਣਾ ਸਿਖਾਉਂਦੀਆਂ ਹਨ ਅਤੇ ਅਨੁਸ਼ਾਸਨ ਤੇ ਟੀਮ ਭਾਵਨਾ ਦਾ ਅਰਥ ਸਮਝਾਉਂਦੀਆਂ ਹਨ।”
ਸਕੂਲਾਂ ਅਤੇ ਜ਼ਮੀਨੀ ਪੱਧਰ ‘ਤੇ ਮੁਹਿੰਮਾਂ, ਕਈ ਖੇਲ੍ਹੋ ਇੰਡੀਆ ਕੇਂਦਰਾਂ ਅਤੇ ਟੌਪਸ ਯੋਜਨਾ ਤਹਿਤ ਓਲੰਪਿਕ ਪੱਧਰ ਦੀ ਸਿਖਲਾਈ ਰਾਹੀਂ ਆਧੁਨਿਕ ਖੇਡ ਢਾਂਚਾ ਤਿਆਰ ਕਰਨ ਦੇ ਯਤਨਾਂ ਦਾ ਵੇਰਵਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਹਾਲੀਆ ਸੱਦੇ ਨੂੰ ਯਾਦ ਕੀਤਾ। ਇਸ ਸੱਦੇ ਰਾਹੀਂ ਉਨ੍ਹਾਂ ਨੇ ਨੌਜਵਾਨਾਂ ਨੂੰ ਓਲੰਪਿਕ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਵਿਆਪੀ ਪ੍ਰਤਿਭਾ ਖੋਜ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਇਸੇ ਦ੍ਰਿਸ਼ਟੀਕੋਣ ਨਾਲ ਅਸੀਂ ਦੇਸ਼ ਲਈ ਇੱਕ ਆਧੁਨਿਕ ਖੇਡ ਢਾਂਚਾ ਤਿਆਰ ਕਰ ਰਹੇ ਹਾਂ।”
ਇਹ ਉਜਾਗਰ ਕਰਦਿਆਂ ਕਿ ਇਨ੍ਹਾਂ ਰਾਸ਼ਟਰੀ ਪਹਿਲਕਦਮੀਆਂ ਵਿੱਚ ਪੈਰਾ ਖੇਡਾਂ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਂਦੀ ਹੈ, ਤਾਂ ਜੋ ਖਿਡਾਰੀ ਵੱਡੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ, ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਮੁਕਾਬਲੇ ਵਿੱਚ ਮਿਲੇ ਠੋਸ ਨਤੀਜਿਆਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਮੁਕਾਬਲੇ ਵਿੱਚ ਟੌਪਸ ਤਹਿਤ ਸਹਾਇਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੇ 41 ਤਗ਼ਮੇ ਜਿੱਤੇ ਅਤੇ ਖੇਲ੍ਹੋ ਇੰਡੀਆ ਦੇ ਖਿਡਾਰੀਆਂ ਨੇ 19 ਤਗ਼ਮੇ ਜਿੱਤੇ, ਜੋ ਇਹ ਦਰਸਾਉਂਦਾ ਹੈ ਕਿ ਸਾਡੇ ਯਤਨ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ।”
ਇਹ ਦੱਸਦਿਆਂ ਕਿ ਭਾਰਤ ਦੀਆਂ ਆਧੁਨਿਕ ਖੇਡ ਨੀਤੀਆਂ ਮੈਦਾਨ ਤੋਂ ਬਾਹਰ ਵੀ ਨੌਜਵਾਨਾਂ ਲਈ ਵਿਆਪਕ ਮੌਕੇ ਪੈਦਾ ਕਰ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ, ਉਪਕਰਨਾਂ ਦੇ ਉਤਪਾਦਨ ਅਤੇ ਪ੍ਰਸਾਰਣ (ਬ੍ਰਾਡਕਾਸਟਿੰਗ) ਅਰਥਵਿਵਸਥਾ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅੱਜ ਭਾਰਤ ਵਿੱਚ ਖੇਡਾਂ ਨਾਲ ਸਬੰਧਤ ਆਧੁਨਿਕ ਨੀਤੀਆਂ ਮੈਦਾਨ ਤੋਂ ਬਾਹਰ ਵੀ ਖੇਡਾਂ ਦੀ ਦੁਨੀਆ ਵਿੱਚ ਨੌਜਵਾਨਾਂ ਲਈ ਕਈ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ।”
1,800 ਕਰੋੜ ਰੁਪਏ ਤੋਂ ਵੱਧ ਦੀ ਖੇਲ੍ਹੋ ਇੰਡੀਆ ਖੇਡ ਸਮਾਨ ਨਿਰਮਾਣ ਯੋਜਨਾ ਨੂੰ ਹਾਲ ਹੀ ਵਿੱਚ ਮਿਲੀ ਮਨਜ਼ੂਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਘਰੇਲੂ ਖੇਡ ਨਿਰਮਾਣ ਉਦਯੋਗ ਨੂੰ ਸੱਦਾ ਦਿੱਤਾ ਕਿ ਉਹ ਇਹ ਯਕੀਨੀ ਬਣਾਏ ਕਿ ਦੁਨੀਆ ਭਰ ਦੇ ਖਿਡਾਰੀ ‘ਮੇਡ ਇਨ ਇੰਡੀਆ’ ਖੇਡ ਸਮਾਨ, ਪਹਿਰਾਵੇ ਅਤੇ ਜੁੱਤਿਆਂ ਨਾਲ ਮੈਦਾਨ ਵਿੱਚ ਉਤਰਨ। ਇਸ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈਜ਼) ਨੂੰ ਮਜ਼ਬੂਤੀ ਮਿਲੇਗੀ ਅਤੇ ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਸ਼ਵ ਪੱਧਰੀ ਖਿਡਾਰੀ ਵੀ ਤਿਆਰ ਕਰੇ ਅਤੇ ਵਿਸ਼ਵ ਪੱਧਰੀ ਖੇਡ ਉਪਕਰਨਾਂ ਦਾ ਨਿਰਮਾਣ ਵੀ ਕਰੇ।”
ਖਿਡਾਰੀਆਂ ਨੂੰ ਆਪਣੇ ਆਉਣ ਵਾਲੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਦੌਰਿਆਂ ਦੌਰਾਨ ਨੌਜਵਾਨਾਂ ਨੂੰ ਮੈਦਾਨ ਵਿੱਚ ਜਿੱਤਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਮੈਦਾਨ ਤੋਂ ਬਾਹਰ ਕਰੀਅਰ ਬਣਾਉਣ ਬਾਰੇ ਵੀ ਮਾਰਗਦਰਸ਼ਨ ਦੇਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਦਿਵਿਆਂਗਜਨਾਂ ਲਈ ਸਰਕਾਰ ਦੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਵੱਲੋਂ ਅਪੰਗਤਾ ਪੈਨਸ਼ਨ ਵਿੱਚ ਵਾਧਾ ਕਰਨ, ਯੋਗਤਾ ਲਈ ਅਪੰਗਤਾ ਦੀ ਹੱਦ 80 ਫ਼ੀਸਦੀ ਤੋਂ ਘਟਾ ਕੇ 40 ਫ਼ੀਸਦੀ ਕਰਨ ਅਤੇ ਪੈਨਸ਼ਨ ਦਾ ਲਾਭ 18 ਸਾਲ ਦੀ ਉਮਰ ਦੀ ਬਜਾਏ ਜਨਮ ਤੋਂ ਹੀ ਦੇਣ ਦੇ ਫ਼ੈਸਲੇ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ 10,000 ਸ਼ਬਦਾਂ ਦੀ ਭਾਰਤੀ ਸੰਕੇਤਕ ਭਾਸ਼ਾ ਦੀ ਸ਼ਬਦਾਵਲੀ ਤਿਆਰ ਕਰਨ, ਸੰਕੇਤਕ ਭਾਸ਼ਾ ਵਿੱਚ ਸਕੂਲੀ ਪਾਠ ਪੁਸਤਕਾਂ ਉਪਲਬਧ ਕਰਵਾਉਣ ਅਤੇ ਸੁਗਮਯ ਭਾਰਤ ਅਭਿਆਨ ਤਹਿਤ ਜਨਤਕ ਥਾਵਾਂ ਨੂੰ ਪਹੁੰਚਯੋਗ ਬਣਾਉਣ ਦੇ ਯਤਨਾਂ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਯਤਨ ਹੈ ਕਿ ਦੇਸ਼ ਦੇ ਹਰ ਦਿਵਿਆਂਗ ਭੈਣ-ਭਰਾ ਨੂੰ ਸਨਮਾਨ ਮਿਲੇ, ਬਰਾਬਰ ਮੌਕੇ ਮਿਲਣ ਅਤੇ ਉਹ ਆਪਣੀ ਸਮਰੱਥਾ ਦੇ ਬਲ ‘ਤੇ ਜੀਵਨ ਵਿੱਚ ਅੱਗੇ ਵਧ ਸਕਣ।”
ਭਾਰਤੀ ਦਲ ਨੂੰ ਯਾਦ ਦਿਵਾਉਂਦਿਆਂ ਕਿ ਆਈਚੀ-ਨਾਗੋਯਾ ਦਾ ਪੋਡੀਅਮ ਆਖ਼ਰੀ ਮੰਜ਼ਿਲ ਨਹੀਂ, ਸਗੋਂ ਅੱਗੇ ਵਧਣ ਦਾ ਇੱਕ ਸ਼ੁਰੂਆਤੀ ਮੰਚ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਦਾ ਧਿਆਨ ਲਾਸ ਏਂਜਲਸ 2028 ਖੇਡਾਂ ‘ਤੇ ਹੈ, ਜਿਸ ਲਈ ਅਵਨੀ ਅਤੇ ਮਨੀਸ਼ ਪਹਿਲਾਂ ਹੀ ਕੋਟਾ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਆਪਣੀ ਸਫ਼ਲਤਾ ਦਾ ਜਸ਼ਨ ਮਨਾਉਣ ਦੇ ਨਾਲ ਹੀ ਤੁਰੰਤ ਅਗਲੀਆਂ ਤਿਆਰੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ, ਤਾਂ ਜੋ 2028 ਵਿੱਚ ਰਿਕਾਰਡ ਗਿਣਤੀ ਵਿੱਚ ਭਾਗੀਦਾਰੀ ਅਤੇ ਰਿਕਾਰਡ ਤਗ਼ਮੇ ਹਾਸਲ ਕੀਤੇ ਜਾ ਸਕਣ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ, “ਦੇਸ਼ ਤੁਹਾਡੇ ਨਾਲ ਹੈ ਅਤੇ ਪੂਰਾ ਦੇਸ਼ ਤੁਹਾਡੀ ਅਗਲੀ ਜਿੱਤ ਦੀ ਉਡੀਕ ਕਰ ਰਿਹਾ ਹੈ।”
https://x.com/narendramodi/status/2118307142537187786
https://x.com/PMOIndia/status/2118308504335503760
https://x.com/PMOIndia/status/2118311350493700563
https://x.com/PMOIndia/status/2118311993618932186
https://x.com/PMOIndia/status/2118312323370893441
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
What a performance by our Asian Para Games athletes! They have shown what aiming high really looks like. https://t.co/5t3aCa71rT
— Narendra Modi (@narendramodi) November 5, 2026
2010 के Para Asian Games में भारत ने बस 1 Gold जीता था। कुल मिलाकर उस tournament में हम केवल 14 medals जीत पाये थे। वहीं, इस बार हमारे खिलाड़ी 114 medals ke साथ आए हैं। 14 से 114 medals की ये यात्रा आपके परिश्रम की पराकाष्ठा का परिणाम है: PM @narendramodi
— PMO India (@PMOIndia) November 5, 2026
Olympics को ही ध्यान में रखते हुए इस बार लाल किले से मैंने talent hunt अभियान में युवाओं से आगे आने का आह्वान किया है: PM @narendramodi
— PMO India (@PMOIndia) November 5, 2026
सरकार ने खेलो इंडिया Sports Goods Manufacturing Scheme को मंजूरी दी है। अब समय है, हमारी Sports Goods Manufacturing Industry भी नए कमाल करे। जब कोई भारतीय या विदेशी खिलाड़ी किसी मैदान पर उतरे तो, उसके sports gear भी ‘Made in India’ हों और उसके कपड़े-जूते भी ‘Made in India’ हों: PM @narendramodi
— PMO India (@PMOIndia) November 5, 2026
हम चाहते हैं कि भारत world-class players भी दे और world-class sports equipment भी बनाए: PM @narendramodi
— PMO India (@PMOIndia) November 5, 2026