Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਕਿਸਾਨ ਤੱਕ ਭਾਰਤ ਖੇਤੀਬਾੜੀ ਸੰਮੇਲਨ 2026’ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਕਿਸਾਨ ਤੱਕ ਭਾਰਤ ਖੇਤੀਬਾੜੀ ਸੰਮੇਲਨ 2026’ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਕਿਸਾਨ ਤੱਕ ਭਾਰਤ ਖੇਤੀਬਾੜੀ ਸੰਮੇਲਨ 2026’ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਦੇਸ਼ ਭਰ ਤੋਂ ਆਏ ਖੇਤੀਬਾੜੀ ਵਿਗਿਆਨੀਆਂ, ਖੇਤੀਬਾੜੀ ਉੱਦਮੀਆਂ ਅਤੇ ਕਿਸਾਨਾਂ ਦੀ ਮੌਜੂਦਗੀ ਵਿੱਚ ਸਭਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅਤੀਤ ਵਿੱਚ ਸਵੱਛਤਾ ਮੁਹਿੰਮ ਵਿੱਚ ਸਮੂਹ ਦੀ ਉਤਸ਼ਾਹਪੂਰਨ ਭਾਗੀਦਾਰੀ ਅਤੇ ਇਸ ਅਨੋਖੇ ‘ਕਿਸਾਨ ਮੇਲੇ’ ਦੇ ਆਯੋਜਨ ਲਈ ਪੂਰੇ ਦੋ ਦਿਨ ਸਮਰਪਿਤ ਕਰਨ ਲਈ ਇਸ ਮੀਡੀਆ ਸਮੂਹ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਦੀਵਾਲੀ ਤੋਂ ਕੁਝ ਹੀ ਦਿਨਾਂ ਬਾਅਦ ਅਤੇ ਛਠ ਮਹਾਪਰਵ ਦੌਰਾਨ ਹੋ ਰਿਹਾ ਹੈ। ਇਹ ਅਜਿਹਾ ਤਿਉਹਾਰ ਹੈ ਜੋ ਖੇਤੀਬਾੜੀ ਜੀਵਨ ਨਾਲ ਡੂੰਘਾਈ ਨਾਲ ਜੁੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਿਹੂ, ਪੋਂਗਲ, ਓਨਮ, ਬੈਸਾਖੀ, ਸਰਹੁਲ ਅਤੇ ਪੋਲਾ ਵਰਗੇ ਪ੍ਰਮੁੱਖ ਭਾਰਤੀ ਤਿਉਹਾਰ ਵੀ ਖੇਤੀਬਾੜੀ-ਕਿਸਾਨੀ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਦਾ ਮਤਲਬ ਹੈ ਕਿ ਖੇਤੀਬਾੜੀ ਅਤੇ ਖੇਤੀ ਸਾਡਾ ਸੱਭਿਆਚਾਰ, ਸਾਡੀ ਪਰੰਪਰਾ ਅਤੇ ਸਾਡੇ ਸਮਾਜਿਕ ਜੀਵਨ ਦਾ ਅਧਾਰ ਹਨ।”

‘ਵਿਕਸਤ ਭਾਰਤ’ ਲਈ ਜ਼ਰੂਰੀ ਰਾਸ਼ਟਰੀ ਸ਼ਕਤੀ ਦੇ ਸੱਤ ਧਾਰਾਵਾਂ (ਸਪਤਧਾਰਾ) ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਇਨ੍ਹਾਂ ਵਿੱਚ ਖੇਤੀਬਾੜੀ ਇੱਕ ਮੁੱਖ ਥੰਮ੍ਹ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਕਿਸਾਨ ਸੰਮੇਲਨਾਂ ਦੀ ਮਹੱਤਤਾ ਕਈ ਗੁਣਾ ਵਧ ਗਈ ਹੈ, ਕਿਉਂਕਿ ਦੇਸ਼ ਦਾ ਵਿਕਾਸ ਸਿੱਧੇ ਤੌਰ ’ਤੇ ਖੇਤੀਬਾੜੀ ਦੇ ਆਧੁਨਿਕੀਕਰਨ ’ਤੇ ਨਿਰਭਰ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਖੇਤੀਬਾੜੀ ਦਾ ਵਿਕਾਸ ਕੀਤੇ ਬਿਨਾਂ, ਖੇਤੀ ਨੂੰ ਸਮਾਰਟ ਬਣਾਏ ਬਿਨਾਂ ਅਤੇ ਕਿਸਾਨਾਂ ਨੂੰ ਸਸ਼ਕਤ ਕੀਤੇ ਬਿਨਾਂ ‘ਵਿਕਸਤ ਭਾਰਤ’ ਦਾ ਨਿਰਮਾਣ ਸੰਭਵ ਨਹੀਂ ਹੈ।”

ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੇ ਬਹੁਤ ਚਰਚਿਤ ਅਧਿਐਨ ਦਾ ਹਵਾਲਾ ਦਿੰਦਿਆਂ ਖੇਤੀਬਾੜੀ ਵਿਕਾਸ ਅਤੇ ਰਾਸ਼ਟਰੀ ਤਰੱਕੀ ਦੇ ਵਿਚਕਾਰ ਡੂੰਘੇ ਸਬੰਧਾਂ ’ਤੇ ਜ਼ੋਰ ਦਿੱਤਾ। ਇਸ ਅਧਿਐਨ ਦੇ ਮੁਤਾਬਕ, 12 ਤੋਂ 13 ਸਾਲਾਂ ਦੀ ਮਿਆਦ ਵਿੱਚ 50 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ, ਜਿਸ ਵਿੱਚ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਚਕਾਰ ਪੇਂਡੂ ਗ਼ਰੀਬੀ ਵਿੱਚ ਭਾਰੀ ਕਮੀ ਆਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸੇ ਦੌਰਾਨ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਭਾਰਤ ਦੇ ਖੇਤੀਬਾੜੀ ਖੇਤਰ ਨੇ ਇੱਕ ਦਹਾਕੇ ਤੱਕ 4 ਪ੍ਰਤੀਸ਼ਤ ਤੋਂ ਵੱਧ ਦੀ ਔਸਤ ਵਿਕਾਸ ਦਰ ਹਾਸਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਅਤੇ ਖੇਤੀਬਾੜੀ ਮਾਹਰ ਨੀਤੀਆਂ ਅਤੇ ਕਾਰਜਪ੍ਰਣਾਲੀਆਂ ਵਿੱਚ ਨਿਰੰਤਰ ਬਦਲਾਅ ਦੀ ਜ਼ਰੂਰਤ ਨੂੰ ਸਮਝਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਗਲੋਬਲ ਬਜ਼ਾਰ, ਖਾਣ-ਪਾਣ ਦੀਆਂ ਆਦਤਾਂ, ਮੌਸਮ ਦੇ ਪੈਟਰਨ ਅਤੇ ਤਕਨੀਕਾਂ ਬਦਲੀਆਂ ਹਨ, ਕਿਸਾਨਾਂ ਨੂੰ ਨਵੇਂ ਸਿਰੇ ਤੋਂ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਿਰਫ਼ ਅਨਾਜ ਦੇ ਭੰਡਾਰ ਭਰ ਦੇਣਾ ਹੀ ਬਹੁਤ ਨਹੀਂ ਹੈ।”

ਪਿਛਲੇ ਇੱਕ ਦਹਾਕੇ ਵਿੱਚ ਗਲੋਬਲ ਖੇਤੀਬਾੜੀ ਪਰਿਵਰਤਨਾਂ ਨਾਲ ਕਦਮ ਮਿਲਾਉਣ ਅਤੇ 4 ਲੱਖ ਕਰੋੜ ਰੁਪਏ ਤੋਂ ਵੱਧ ਦੇ ਸਾਲਾਨਾ ਖੇਤੀਬਾੜੀ ਨਿਰਯਾਤ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਅੱਜ ਦੁੱਧ, ਦਾਲਾਂ, ਜੂਟ, ਚੌਲ ਅਤੇ ਮੋਟੇ ਅਨਾਜ (ਮਿਲੇਟਸ) ਦੇ ਉਤਪਾਦਨ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ ’ਤੇ ਹੈ, ਜਦਕਿ ਕਣਕ, ਕਪਾਹ, ਫਲ਼ਾਂ, ਸਬਜ਼ੀਆਂ ਅਤੇ ਮੱਛੀ ਦੇ ਉਤਪਾਦਨ ਵਿੱਚ ਦੂਜੇ ਸਥਾਨ ’ਤੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਸਿਰਫ਼ ਕੁਝ ਅੰਕੜੇ ਨਹੀਂ ਹਨ, ਸਗੋਂ ਇਹ ਦਰਸਾਉਂਦੇ ਹਨ ਕਿ ਭਾਰਤ ਦੇ ਕਿਸਾਨਾਂ ਦੀ ਸਮਰੱਥਾ ਵਿੱਚ ਕਿੰਨਾ ਵਾਧਾ ਹੋਇਆ ਹੈ।”

ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕਣਕ, ਚੌਲ ਅਤੇ ਗੰਨੇ ’ਤੇ ਰਵਾਇਤੀ ਨਿਰਭਰਤਾ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਫ਼ਸਲ ਵਿਭਿੰਨਤਾ ਅਤੇ ਖੇਤੀਬਾੜੀ ਨਾਲ ਜੁੜੀਆਂ ਹੋਰ ਗਤੀਵਿਧੀਆਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਖੇਤੀਬਾੜੀ ਯਾਤਰਾ ਦਾ ਜ਼ਿਕਰ ਕਰਦਿਆਂ ਦੱਸਿਆ ਕਿਵੇਂ ‘ਹਰਿਤ ਕ੍ਰਾਂਤੀ’ (ਗ੍ਰੀਨ ਰੈਵੋਲਿਊਸ਼ਨ) ਰਾਹੀਂ ਦੇਸ਼ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਬਣਿਆ ਅਤੇ ‘ਸਫ਼ੇਦ ਕ੍ਰਾਂਤੀ’ (ਵ੍ਹਾਈਟ ਰੈਵੋਲਿਊਸ਼ਨ) ਰਾਹੀਂ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣ ਗਿਆ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਕਈ ਖੇਤਰਾਂ ਵਿੱਚ ਤੇਜ਼ ਤਰੱਕੀ ਦਾ ਵੇਰਵਾ ਦਿੱਤਾ, ਜਿਸ ਵਿੱਚ ਦੁੱਧ ਉਤਪਾਦਨ ਵਿੱਚ ਲਗਭਗ 70 ਪ੍ਰਤੀਸ਼ਤ ਦਾ ਵਾਧਾ, ਅੰਡੇ ਦੇ ਉਤਪਾਦਨ ਵਿੱਚ ਕਰੀਬ 90 ਪ੍ਰਤੀਸ਼ਤ ਦੀ ਉਛਾਲ, ‘ਨੀਲੀ ਕ੍ਰਾਂਤੀ’ ਤਹਿਤ ਮੱਛੀ ਉਤਪਾਦਨ ਵਿੱਚ ਦੁੱਗਣੇ ਤੋਂ ਵੱਧ ਦਾ ਵਾਧਾ, ‘ਮੀਠੀ ਕ੍ਰਾਂਤੀ’ (ਸਵੀਟ ਰੈਵੋਲਿਊਸ਼ਨ) ਤਹਿਤ ਸ਼ਹਿਦ ਉਤਪਾਦਨ ਦਾ ਲਗਭਗ 80,000 ਟਨ ਤੋਂ ਵਧ ਕੇ 1.5 ਲੱਖ ਟਨ ਹੋਣਾ, ਅਤੇ ਬਾਗਵਾਨੀ ਉਤਪਾਦਨ ਦਾ 280 ਮਿਲੀਅਨ ਟਨ ਤੋਂ ਵਧ ਕੇ 350 ਮਿਲੀਅਨ ਟਨ ਤੋਂ ਵੱਧ ਹੋ ਜਾਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਮੈਂ ਤੁਹਾਡੇ ਸਾਹਮਣੇ ਜੋ ਅੰਕੜੇ ਰੱਖੇ ਹਨ, ਉਹ ਦਿਖਾਉਂਦੇ ਹਨ ਕਿ ਇਹ ਯਾਤਰਾ ਹੁਣ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਅੱਗੇ ਵਧ ਰਹੀ ਹੈ।”

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਖੇਤੀਬਾੜੀ ਕ੍ਰਾਂਤੀਆਂ ਨੂੰ ਵਿਆਪਕ ਦ੍ਰਿਸ਼ਟੀਕੋਣ ਦੇ ਤਹਿਤ ਜੋੜਨ ਨਾਲ ਆਮਦਨ ਦੇ ਕਈ ਸਰੋਤ ਬਣਦੇ ਹਨ, ਜੋ ਭਵਿੱਖ ਦੀ ਖੇਤੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ‘ਪੀਐੱਮ ਕੁਸੁਮ ਯੋਜਨਾ’ ਦੇ ਤਹਿਤ ਸੂਰਜੀ ਊਰਜਾ ਕ੍ਰਾਂਤੀ ਦੀ ਜਾਣਕਾਰੀ ਦਿੱਤੀ, ਜਿਸ ਰਾਹੀਂ ਲਗਭਗ 12 ਲੱਖ ਸੋਲਰ ਪੰਪ ਦਿੱਤੇ ਗਏ ਹਨ। ਇਸ ਨਾਲ ਨਾ ਸਿਰਫ਼ ਬਿਜਲੀ ਬਿੱਲ ਘੱਟ ਹੋਏ ਹਨ, ਸਗੋਂ ਕਿਸਾਨ ਆਪਣੇ ਖੇਤਾਂ ਵਿੱਚ ਸੂਰਜੀ ਊਰਜਾ ਪੈਦਾ ਕਰਕੇ ਵਾਧੂ ਕਮਾਈ ਵੀ ਕਰ ਪਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਇਸ ਕ੍ਰਾਂਤੀ ਨੇ ਦੇਸ਼ ਦੇ ‘ਅੰਨਦਾਤੇ’ ਨੂੰ ‘ਊਰਜਾਦਾਤਾ’ ਵਿੱਚ ਬਦਲ ਦਿੱਤਾ ਹੈ। ਅਸੀਂ ਖੇਤੀ ਵਿੱਚ ਸਿਰਫ਼ ਉਤਪਾਦਨ ਵਧਾਉਣ ’ਤੇ ਹੀ ਨਹੀਂ, ਸਗੋਂ ਉਤਪਾਦਕਤਾ ਅਤੇ ਕਿਸਾਨਾਂ ਦੇ ਮੁਨਾਫ਼ੇ ’ਤੇ ਵੀ ਧਿਆਨ ਦਿੱਤਾ ਹੈ।”

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ ਪੂਰੇ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ‘ਕ੍ਰਿਸ਼ੀ ਮਹੋਤਸਵ’ ਰਾਹੀਂ ਖੇਤੀ ਨੂੰ ਆਧੁਨਿਕ ਬਣਾਉਣ ਦੇ ਆਪਣੇ ਯਤਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿਵੇਂ ਸੈਂਕੜੇ ਖੇਤੀਬਾੜੀ ਵਿਗਿਆਨੀ ਅਤੇ ਮਾਹਰ 40 ਤੋਂ 45 ਡਿਗਰੀ ਦੀ ਭਿਆਨਕ ਗਰਮੀ ਵਿੱਚ ਪਿੰਡਾਂ ਤੱਕ ਗਏ, ਖੇਤਾਂ ਦੀ ਮਿੱਟੀ ਦੀ ਜਾਂਚ ਕੀਤੀ, ਪਾਣੀ ਦੀ ਉਪਲਬਧਤਾ ਦਾ ਮੁਲਾਂਕਣ ਕੀਤਾ ਅਤੇ ਕਿਸਾਨਾਂ ਨੂੰ ਸਹੀ ਫ਼ਸਲਾਂ ਚੁਣਨ ਅਤੇ ਖੇਤੀ ਦੇ ਬਿਹਤਰ ਤਰੀਕਿਆਂ ਬਾਰੇ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ‘ਲੈਬ ਟੂ ਲੈਂਡ’ (ਲੈਬਾਰਟਰੀ ਤੋਂ ਖੇਤ ਤੱਕ) ਦੀ ਧਾਰਨਾ ਨਾਲ ਅੱਗੇ ਵਧੇ। ਅਸੀਂ ਇਹ ਯਕੀਨੀ ਬਣਾਇਆ ਕਿ ਵਿਗਿਆਨੀਆਂ ਦੀਆਂ ਲੈਬਾਰਟਰੀਆਂ ਵਿੱਚ ਮੌਜੂਦ ਗਿਆਨ ਸਿੱਧੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚੇ, ਅਤੇ ਇਸ ਨਾਲ ਗੁਜਰਾਤ ਦੇ ਕਿਸਾਨਾਂ ਨੂੰ ਬਹੁਤ ਵੱਡਾ ਫ਼ਾਇਦਾ ਮਿਲਿਆ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਉਨ੍ਹਾਂ ਦੇ ਸ਼ਾਸਨ ਦਾ ਤਜਰਬਾ ਰਾਸ਼ਟਰੀ ਪੱਧਰ ’ਤੇ ਬਹੁਤ ਕੰਮ ਆਇਆ। ਉਨ੍ਹਾਂ ਨੇ ਦੱਸਿਆ ਕਿ 2014 ਵਿੱਚ ਪੂਰੇ ਭਾਰਤ ਵਿੱਚ ਮਿੱਟੀ ਟੈਸਟਿੰਗ ਲੈਬਾਰਟਰੀਆਂ ਦੀ ਗਿਣਤੀ ਕੁਝ ਸੌ ਸੀ, ਜੋ ਵਧ ਕੇ ਅੱਜ 8,400 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ, 725 ਤੋਂ ਵੱਧ ਖੇਤੀਬਾੜੀ ਵਿਗਿਆਨ ਕੇਂਦਰ ਵੀ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ, ‘ਖੁਰਪਕਾ-ਮੂੰਹਪਕਾ ਰੋਗ’ ਨਾਲ ਨਜਿੱਠਣ ਲਈ ਵੱਡੇ ਟੀਕਾਕਰਨ ਮੁਹਿੰਮ ਰਾਹੀਂ ਪਸ਼ੂਆਂ ਦੀ ਸਿਹਤ ਨੂੰ ਤਰਜੀਹ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਪਸ਼ੂਆਂ ਨੂੰ ਖੁਰਪਕਾ-ਮੂੰਹਪਕਾ ਰੋਗ ਤੋਂ ਬਚਾਉਣ ਲਈ, 8 ਕਰੋੜ ਤੋਂ ਵੱਧ ਕਿਸਾਨਾਂ ਦੇ ਪਸ਼ੂਆਂ ਨੂੰ ਮੁਫ਼ਤ ਟੀਕੇ ਲਗਾਏ ਗਏ ਹਨ।”

ਪ੍ਰਧਾਨ ਮੰਤਰੀ ਨੇ ਉਸ ਪੁਰਾਣੀ ਸੋਚ ਨੂੰ ਚੁਣੌਤੀ ਦਿੱਤੀ ਕਿ ਪੇਂਡੂ ਭਾਰਤ ਆਧੁਨਿਕ ਤਕਨੀਕ ਨਹੀਂ ਅਪਣਾ ਸਕਦਾ। ਉਨ੍ਹਾਂ ਨੇ ‘ਨਮੋ ਡ੍ਰੋਨ ਦੀਦੀ’ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਨੇ ਡ੍ਰੋਨ ਨੂੰ ਕੁਸ਼ਲਤਾ ਨਾਲ ਚਲਾ ਕੇ, ਖਾਦ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਉਨ੍ਹਾਂ ਲੋਕਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ ਜਿਨ੍ਹਾਂ ਨੂੰ ਇਸ ’ਤੇ ਸ਼ੱਕ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਹੁਣ ਇਸ ਦੀ ਵਰਤੋਂ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀਬਾੜੀ ਵਿੱਚ ਇੰਜੀਨੀਅਰਿੰਗ ਦੀ ਵਧਦੀ ਭੂਮਿਕਾ ’ਤੇ ਜ਼ੋਰ ਦਿੱਤਾ। ਵਿਗਿਆਨੀ, ਇੰਜੀਨੀਅਰ ਅਤੇ ਨੌਜਵਾਨ ਮਿਲ ਕੇ ਅਜਿਹੀਆਂ ਮਸ਼ੀਨਾਂ ਵਿਕਸਤ ਕਰ ਰਹੇ ਹਨ ਜੋ ਬਿਜਾਈ ਅਤੇ ਵਾਢੀ ਦੀ ਲਾਗਤ ਨੂੰ ਘੱਟ ਕਰਦੀਆਂ ਹਨ। ਇਸ ਤੋਂ ਇਲਾਵਾ, ਸੈਂਸਰ-ਆਧਾਰਿਤ ਅਤੇ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਨਾਲ ਲੈਸ ਅਜਿਹੇ ਕਿਫ਼ਾਇਤੀ ਉਪਕਰਣ ਵੀ ਬਣਾਏ ਜਾ ਰਹੇ ਹਨ, ਜੋ ਛੋਟੇ ਕਿਸਾਨਾਂ ਨੂੰ ਵੀ ਸਟੀਕ ਡਾਟਾ ਉਪਲਬਧ ਕਰਵਾਉਂਦੇ ਹਨ। ਪ੍ਰਧਾਨ ਮੰਤਰੀ ਨੇ ਖੇਤੀ-ਇੰਜੀਨੀਅਰਿੰਗ ਅਤੇ ਖੇਤੀ-ਸਟਾਰਟਅੱਪਸ ਦੇ ਮਜ਼ਬੂਤ ਈਕੋਸਿਸਟਮ ਰਾਹੀਂ ਖੇਤੀ ਦੇ ਪੱਧਰ ’ਤੇ ‘ਵੈਲਿਊ ਐਡੀਸ਼ਨ’ (ਮੁੱਲ ਵਾਧਾ) ਕਰਨ ਅਤੇ ‘ਅੰਨਦਾਤਿਆਂ’ ਨੂੰ ‘ਖੇਤੀਬਾੜੀ ਉੱਦਮੀ’ ਵਿੱਚ ਬਦਲਣ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਹਾਲ ਹੀ ਦੇ ਸਾਲਾਂ ਵਿੱਚ, ਛੋਟੇ ਕਿਸਾਨਾਂ ਨੇ ਸਰਕਾਰ ਦੇ ਨਾਲ ਮਿਲ ਕੇ 10,000 ਐੱਫਪੀਓ (ਕਿਸਾਨ ਉਤਪਾਦਕ ਸੰਗਠਨ) ਦਾ ਵੱਡਾ ਨੈੱਟਵਰਕ ਤਿਆਰ ਕੀਤਾ ਹੈ। ਇਹ ਛੋਟੇ ਕਿਸਾਨਾਂ ਦੇ ਸਮੂਹਾਂ ਨੂੰ ‘ਵੈਲਿਊ ਕ੍ਰੀਏਟਰ’ (ਮੁੱਲ ਸਿਰਜਕ) ਬਣਾ ਰਹਾ ਹੈ ਅਤੇ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਅਤੇ ਨਿਰਯਾਤ ਬਜ਼ਾਰਾਂ ਨਾਲ ਜੋੜ ਰਹਾ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ਸਪੱਸ਼ਟ ਨੀਤੀ ਅਤੇ ਇਰਾਦਾ ਇਹ ਹੈ ਕਿ ਖੇਤੀ ਕਿਸਾਨਾਂ ’ਤੇ ਬੋਝ ਨਾ ਬਣੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 12 ਸਾਲਾਂ ਵਿੱਚ, ਭਾਰਤ ਨੇ ਕਿਸਾਨਾਂ ਨੂੰ ਕਿਫ਼ਾਇਤੀ ਖਾਦ ਉਪਲਬਧ ਕਰਵਾਉਣ ਲਈ 16 ਲੱਖ ਕਰੋੜ ਰੁਪਏ ਖ਼ਰਚ ਕੀਤੇ ਹਨ। ਇਹ ਉਦੋਂ ਹੋਇਆ ਹੈ ਜਦੋਂ ਈਰਾਨ ਅਤੇ ਖਾੜੀ ਖੇਤਰ ਵਿੱਚ ਚੱਲ ਰਹੇ ਯੁੱਧ ਕਾਰਨ ਅੰਤਰਰਾਸ਼ਟਰੀ ਬਜ਼ਾਰ ਵਿੱਚ ਖਾਦ ਦੀਆਂ ਕੀਮਤਾਂ ਬਹੁਤ ਵਧ ਗਈਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਡੀਏਪੀ ਖਾਦ ਦੇ ਇੱਕ ਕੱਟੇ ਦੀ ਕੀਮਤ 5,000 ਰੁਪਏ ਹੈ, ਉਹ ਭਾਰਤੀ ਕਿਸਾਨਾਂ ਨੂੰ 1,300 ਰੁਪਏ ਵਿੱਚ ਮਿਲ ਰਿਹਾ ਹੈ। ਇਸੇ ਤਰ੍ਹਾਂ, ਯੂਰੀਆ ਦੇ ਇੱਕ ਕੱਟੇ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 3,000 ਰੁਪਏ ਹੈ, ਉਹ ਕਿਸਾਨਾਂ ਨੂੰ 300 ਰੁਪਏ ਤੋਂ ਵੀ ਘੱਟ ਕੀਮਤ ’ਤੇ ਦਿੱਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਇੱਕ ਖ਼ਾਸ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿਵੇਂ ਸਰਕਾਰ ਨੇ ਕਿਸਾਨਾਂ ਨੂੰ ਉਸ ਸਮੇਂ ਬਚਾਇਆ, ਜਦੋਂ ਪੱਛਮੀ ਏਸ਼ੀਆ ਵਿੱਚ ਵਧਦੇ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਕੁਝ ਹੀ ਹਫ਼ਤਿਆਂ ਵਿੱਚ 70 ਡਾਲਰ ਤੋਂ ਵਧ ਕੇ 122 ਡਾਲਰ ਪ੍ਰਤੀ ਬੈਰਲ ਹੋ ਗਈਆਂ। ਉਸ ਸਮੇਂ ਡੀਜ਼ਲ ਦੀਆਂ ਕੀਮਤਾਂ ਵਿੱਚ ਘੱਟੋ-ਘੱਟ 50 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਦਬਾਅ ਸੀ, ਜਦਕਿ ਗੁਆਂਢੀ ਦੇਸ਼ਾਂ ਨੇ ਈਂਧਣ ਦੀਆਂ ਦਰਾਂ ਵਿੱਚ 40 ਤੋਂ 50 ਪ੍ਰਤੀਸ਼ਤ ਤੱਕ ਦਾ ਵਾਧਾ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅੰਤਰਰਾਸ਼ਟਰੀ ਬਜ਼ਾਰ ਦੇ ਇਸ ਝਟਕੇ ਦਾ ਬੋਝ ਨਾਗਰਿਕਾਂ ਅਤੇ ਕਿਸਾਨਾਂ ’ਤੇ ਨਹੀਂ ਪੈਣ ਦਿੱਤਾ। ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਿਰਫ਼ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ, ਜਦਕਿ 43 ਰੁਪਏ ਪ੍ਰਤੀ ਲੀਟਰ ਦਾ ਬੋਝ ਖ਼ੁਦ ਚੁੱਕਿਆ। ਇਸ ’ਤੇ ਹੁਣ ਤੱਕ ਸਰਕਾਰ ਨੂੰ ਹਰ ਮਹੀਨੇ 14,000 ਕਰੋੜ ਰੁਪਏ ਦਾ ਖਰਚਾ ਚੁੱਕਣਾ ਪਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਦੇਸ਼ ਦੇ ਕਿਸਾਨਾਂ ਦਾ ਹਿੱਤ ਸਭ ਤੋਂ ਉੱਪਰ ਹੋਵੇ ਅਤੇ ‘ਨਾਗਰਿਕ ਦੇਵੋ ਭਵ’ ਦੀ ਭਾਵਨਾ ਹੋਵੇ, ਤਦ ਹੀ ਅਜਿਹੇ ਸੰਵੇਦਨਸ਼ੀਲ ਫ਼ੈਸਲੇ ਲਏ ਜਾਂਦੇ ਹਨ।”

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਕਿਸਾਨਾਂ ਦੀਆਂ ਵੱਡੀਆਂ ਉਪਲਬਧੀਆਂ ਨੂੰ ਸਰਾਹਿਆ। ਉਨ੍ਹਾਂ ਨੇ ‘ਵਿਕਸਤ ਭਾਰਤ’ ਦੇ ਨਿਰਮਾਣ ਲਈ ਹੋਰ ਵੱਧ ਯਤਨ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਕਿਸਾਨ ਖ਼ੁਸ਼ਹਾਲ ਹੋਣ, ਪਿੰਡ ਖ਼ੁਸ਼ਹਾਲ ਹੋਣ ਅਤੇ ਖੇਤੀਬਾੜੀ ਆਧੁਨਿਕ ਅਤੇ ਲਾਭਦਾਇਕ ਹੋਵੇ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਸ ਸੰਮੇਲਨ ਵਿੱਚ ਹੋਈਆਂ ਚਰਚਾਵਾਂ ਨਾਲ ਦੇਸ਼ ਨੂੰ ਫ਼ਾਇਦਾ ਮਿਲੇਗਾ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਇੱਥੋਂ ਜੋ ਬਿਹਤਰ ਸੁਝਾਅ ਅਤੇ ਹੱਲ ਸਾਹਮਣੇ ਆਏ ਹਨ, ਸਰਕਾਰ ਉਨ੍ਹਾਂ ’ਤੇ ਵੀ ਕੰਮ ਕਰੇਗੀ।”

***********

ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ