Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13-14 ਨਵੰਬਰ ਨੂੰ ਕਰਨਾਟਕ ਅਤੇ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13-14 ਨਵੰਬਰ ਨੂੰ ਕਰਨਾਟਕ ਅਤੇ ਗੁਜਰਾਤ ਦਾ ਦੌਰਾ ਕਰਨਗੇ। ਉਹ 13 ਨਵੰਬਰ ਨੂੰ ਬੰਗਲੂਰੂ ਵਿੱਚ ਸਵੇਰੇ ਤਕਰੀਬਨ 10:45 ਵਜੇ ਪ੍ਰਸ਼ਾਂਤੀ ਕੁਟੀਰਮ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਮੌਕੇ ਉਹ ਹਾਜ਼ਰ ਇਕੱਠ ਨੂੰ ਵੀ ਸੰਬੋਧਨ ਕਰਨਗੇ। ਦੁਪਹਿਰ ਤਕਰੀਬਨ 12:45 ਵਜੇ ਪ੍ਰਧਾਨ ਮੰਤਰੀ ਤਵਰੇਕੇਰੇ ਤੋਂ ਆਈਆਈਐੱਮ ਬੰਗਲੂਰੂ ਮੈਟਰੋ ਸਟੇਸ਼ਨ ਤੱਕ ਮੈਟਰੋ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਉਸ ਵਿੱਚ ਸਫ਼ਰ ਕਰਨਗੇ। ਦੁਪਹਿਰ ਤਕਰੀਬਨ 1:15 ਵਜੇ ਉਹ ਬੰਗਲੂਰੂ ਵਿੱਚ 15,600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੈਸੂਰੂ ਜਾਣਗੇ ਜਿੱਥੇ ਦੁਪਹਿਰ ਤਕਰੀਬਨ 3:30 ਵਜੇ ਉਹ ‘ਭਾਰਤ ਵਣ’ ਵਿੱਚ ਬੂਟੇ ਲਗਾਉਣ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਸ਼ਾਮ ਤਕਰੀਬਨ 4 ਵਜੇ ਉਹ ਕੋਸਮੋਸ-ਮੈਸੂਰੂ ਤਾਰਾਮੰਡਲ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

14 ਨਵੰਬਰ ਨੂੰ ਪ੍ਰਧਾਨ ਮੰਤਰੀ ਗੁਜਰਾਤ ਦੇ ਬਨਾਸਕਾਂਠਾ ਵਿੱਚ ਸਥਿਤ ਅੰਬਾਜੀ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਅੰਬਾਜੀ ਮੰਦਰ 51 ਪੂਜਣਯੋਗ ਸ਼ਕਤੀਪੀਠਾਂ ਵਿੱਚੋਂ ਇੱਕ ਹੈ।

ਬੰਗਲੂਰੂ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸਵਾਮੀ ਵਿਵੇਕਾਨੰਦ ਯੋਗ ਖੋਜ ਸੰਸਥਾਨ (ਐੱਸ-ਵਿਆਸ) ਦੇ ਰਿਹਾਇਸ਼ੀ ਮੁੱਖ ਦਫ਼ਤਰ ਕੈਂਪਸ, ਪ੍ਰਸ਼ਾਂਤੀ ਕੁਟੀਰਮ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਹਿੱਸਾ ਲੈਣਗੇ। ਉਹ ਇਸ ਮੌਕੇ ਗੋਲਡਨ ਜੁਬਲੀ ਪ੍ਰਸ਼ਾਸਨਿਕ ਬਲਾਕ ਦਾ ਨੀਂਹ ਪੱਥਰ ਰੱਖਣਗੇ ਅਤੇ ਤਿਰੂਵਨੰਤਪੁਰਮ, ਕੇਰਲ ਵਿੱਚ ਐੱਸ-ਵਿਆਸ ਦੇ ਆਫ-ਕੈਂਪਸ (ਮੁੱਖ ਕੈਂਪਸ ਤੋਂ ਬਾਹਰ ਸਥਿਤ ਕੇਂਦਰ) ਦੀ ਸ਼ੁਰੂਆਤ ਕਰਨਗੇ।

13 ਤੋਂ 23 ਨਵੰਬਰ 2026 ਤੱਕ ‘ਵਿਕਸਿਤ ਭਾਰਤ 2047 ਵੱਲ’ ਵਿਸ਼ੇ ’ਤੇ ਕਰਵਾਇਆ ਜਾਣ ਵਾਲਾ ਇਹ ਗੋਲਡਨ ਜੁਬਲੀ ਸਮਾਗਮ ਸੰਸਥਾ-ਨਿਰਮਾਣ ਅਤੇ ਸੇਵਾ ਦੇ ਪੰਜ ਦਹਾਕਿਆਂ ਦਾ ਪ੍ਰਤੀਕ ਹੈ। 1975 ਵਿੱਚ ਸਥਾਪਿਤ, ਪ੍ਰਸ਼ਾਂਤੀ ਕੁਟੀਰਮ ਦੀ ਸਥਾਪਨਾ ਆਧੁਨਿਕ ਵਿਗਿਆਨ ਨੂੰ ਭਾਰਤ ਦੇ ਅਧਿਆਤਮਿਕ ਗਿਆਨ ਦੇ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹ ਐੱਸ-ਵਿਆਸ ਦਾ ਕੇਂਦਰ ਹੈ, ਜਿਸ ਨੂੰ 2002 ਵਿੱਚ ਡੀਮਡ ਯੂਨੀਵਰਸਿਟੀ ਐਲਾਨਿਆ ਗਿਆ ਸੀ ਅਤੇ ਇਹ ਯੋਗ ਵਿੱਚ ਸਿੱਖਿਆ ਅਤੇ ਖੋਜ ਨੂੰ ਸਮਰਪਿਤ ਹੈ।

ਇਸ ਪ੍ਰੋਗਰਾਮ ਵਿੱਚ 1926 ਵਿੱਚ ਬੰਗਲੂਰੂ ਵਿੱਚ ਜਨਮੇ ਉੱਘੇ ਵਿਚਾਰਕ, ਲੇਖਕ ਅਤੇ ਸੰਗਠਨਕਰਤਾ ਸ਼੍ਰੀ ਹੋਂਗਸਾਂਦਰਾ ਵੈਂਕਟਰਮੱਈਆ ਸ਼ੇਸ਼ਾਦਰੀ ਜੀ ਦੀ ਜਨਮ ਸ਼ਤਾਬਦੀ ਵੀ ਮਨਾਈ ਜਾਵੇਗੀ। ਉਹ 1946 ਵਿੱਚ ਰਾਸ਼ਟਰੀ ਸਵੈਮਸੇਵਕ ਸੰਘ ਵਿੱਚ ਸ਼ਾਮਲ ਹੋਏ ਅਤੇ 1987 ਤੋਂ 2000 ਤੱਕ ਇਸ ਦੇ ਸਰਕਾਰਯਵਾਹ ਰਹੇ। ਉਹ ਐੱਸ-ਵਿਆਸ ਦੇ ਮੋਢੀ ਦੂਰਅੰਦੇਸ਼ਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀ ਪ੍ਰੇਰਨਾ ਅਤੇ ਮਾਰਗਦਰਸ਼ਨ ਨੇ ਦਹਾਕਿਆਂ ਤੋਂ ਪ੍ਰਸ਼ਾਂਤੀ ਕੁਟੀਰਮ ਦੇ ਵਿਕਾਸ ਨੂੰ ਰੂਪ ਦੇਣ ਅਤੇ ਸੰਸਥਾਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਪ੍ਰਧਾਨ ਮੰਤਰੀ ਬੰਗਲੂਰੂ ਵਿੱਚ 15,600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕਰਨਗੇ। ਇਹ ਪ੍ਰੋਜੈਕਟ ਸ਼ਹਿਰੀ ਆਵਾਜਾਈ, ਬਿਜਲੀ ਟ੍ਰਾਂਸਮਿਸ਼ਨ, ਨਵਿਆਉਣਯੋਗ ਊਰਜਾ, ਪੈਟਰੋਲੀਅਮ ਬੁਨਿਆਦੀ ਢਾਂਚਾ, ਕੂੜਾ ਪ੍ਰਬੰਧਨ ਅਤੇ ਰੇਲਵੇ ਸਮੇਤ ਪ੍ਰਮੁੱਖ ਖੇਤਰਾਂ ਨਾਲ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਤਕਰੀਬਨ 3,470 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕਾਲੇਨਾ ਅਗ੍ਰਹਾਰਾ ਤੋਂ ਤਵਰੇਕੇਰੇ ਤੱਕ ਬੰਗਲੂਰੂ ਮੈਟਰੋ ਦੀ ਪਿੰਕ ਲਾਈਨ ਦਾ ਉਦਘਾਟਨ ਕਰਨਗੇ। ਇਹ ਨਵਾਂ ਸੈਕਸ਼ਨ ਸ਼ਹਿਰੀ ਸੰਪਰਕ ਵਧਾਏਗਾ, ਰੋਜ਼ਾਨਾ ਆਵਾਜਾਈ ਨੂੰ ਸੁਖਾਲਾ ਬਣਾਏਗਾ, ਸਫ਼ਰ ਦੇ ਸਮੇਂ ਨੂੰ ਘਟਾਏਗਾ ਅਤੇ ਬੰਗਲੂਰੂ ਵਿੱਚ ਜਨਤਕ ਆਵਾਜਾਈ ਸਹੂਲਤਾਂ ਨੂੰ ਮਜ਼ਬੂਤ ਬਣਾਏਗਾ।

ਪ੍ਰਧਾਨ ਮੰਤਰੀ ਕੋਪਲ-II ਅਤੇ ਗਦਗ-II ਵਿੱਚ ਨਵਿਆਉਣਯੋਗ ਊਰਜਾ ਖੇਤਰਾਂ ਦੇ ਏਕੀਕਰਣ (ਪੜਾਅ-II) ਲਈ ਟ੍ਰਾਂਸਮਿਸ਼ਨ ਯੋਜਨਾ ਦਾ ਵੀ ਉਦਘਾਟਨ ਕਰਨਗੇ, ਜਿਸ ਨੂੰ ਤਕਰੀਬਨ 4,450 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਟ੍ਰਾਂਸਮਿਸ਼ਨ ਪ੍ਰਣਾਲੀ ਗ੍ਰਿੱਡ ਰਾਹੀਂ ਲਾਭਪਾਤਰੀਆਂ ਤੱਕ ਬਿਜਲੀ ਪਹੁੰਚਾਉਣ ਅਤੇ ਵੰਡਣ ਲਈ ਕਰਨਾਟਕ ਦੇ ਕੋਪਲ ਅਤੇ ਗਦਗ ਖੇਤਰਾਂ ਤੋਂ ਤਕਰੀਬਨ 2 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਦੀ ਨਿਕਾਸੀ ਸਹੂਲਤ ਦੇਵੇਗਾ। ਸ਼੍ਰੀ ਮੋਦੀ ਤਕਰੀਬਨ 1,370 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਬਿਦਰ ਵਿੱਚ ਸੂਰਜੀ ਊਰਜਾ ਖੇਤਰ ਦੀ ਟ੍ਰਾਂਸਮਿਸ਼ਨ ਯੋਜਨਾ ਦਾ ਵੀ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਵਿੱਚ ਬਿਦਰ ਪੂਲਿੰਗ ਸਟੇਸ਼ਨ ਸਥਾਪਿਤ ਕਰਨਾ ਸ਼ਾਮਲ ਹੈ ਅਤੇ ਇਹ ਖੇਤਰ ਤੋਂ 2.5 ਗੀਗਾਵਾਟ ਸੂਰਜੀ ਊਰਜਾ ਦੀ ਨਿਕਾਸੀ ਦੀ ਸਹੂਲਤ ਦੇਵੇਗਾ।

ਪ੍ਰਧਾਨ ਮੰਤਰੀ 3,450 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਦਾਵਣਗੇਰੇ/ਚਿੱਤਰਦੁਰਗ ਅਤੇ ਬੱਲਾਰੀ ਨਵਿਆਉਣਯੋਗ ਊਰਜਾ ਖੇਤਰਾਂ ਦੇ ਏਕੀਕਰਣ ਲਈ ਟ੍ਰਾਂਸਮਿਸ਼ਨ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਉਹ 1,100 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਦਾਵਣਗੇਰੇ ਅਤੇ ਬੱਲਾਰੀ ਵਿੱਚ ਵਾਧੂ ਨਵਿਆਉਣਯੋਗ ਊਰਜਾ ਸਮਰੱਥਾ ਦੇ ਏਕੀਕਰਣ ਲਈ ਟ੍ਰਾਂਸਮਿਸ਼ਨ ਪ੍ਰਣਾਲੀ ਦੇ ਮਜ਼ਬੂਤੀਕਰਨ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ 850 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਮੰਗਲੂਰੂ ਵਿੱਚ ਭਾਰਤ ਦੇ ਸਭ ਤੋਂ ਵੱਡੇ ਜ਼ਮੀਨਦੋਜ਼ ਐੱਲਪੀਜੀ ਸਟੋਰੇਜ ਕੇਂਦਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। 80 ਹਜ਼ਾਰ ਮੀਟ੍ਰਿਕ ਟਨ ਸਟੋਰੇਜ ਸਮਰੱਥਾ ਵਾਲੀ ਇਹ ਸਹੂਲਤ ਭਾਰਤ ਦੇ ਐੱਲਪੀਜੀ ਸਟੋਰੇਜ ਬੁਨਿਆਦੀ ਢਾਂਚੇ ਨੂੰ ਕਾਫ਼ੀ ਮਜ਼ਬੂਤ ਬਣਾਏਗੀ। ਇਸ ਪ੍ਰੋਜੈਕਟ ਵਿੱਚ ਨਿਊ ਮੰਗਲੌਰ ਪੋਰਟ ਨੂੰ ਮੁੱਖ ਟਰਮੀਨਲ ਨਾਲ ਜੋੜਨ ਵਾਲੀ 9.4 ਕਿਲੋਮੀਟਰ ਦੀ ਐੱਲਪੀਜੀ ਪਾਈਪਲਾਈਨ ਵੀ ਸ਼ਾਮਲ ਹੈ, ਜੋ ਐੱਲਪੀਜੀ ਦੀ ਕੁਸ਼ਲ ਢੋਆ-ਢੁਆਈ ਅਤੇ ਸਟੋਰੇਜ ਦੀ ਸਹੂਲਤ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਮੰਗਲੌਰ ਰਿਫਾਇਨਰੀ ਐਂਡ ਪੈਟਰੋਕੈਮੀਕਲਜ਼ ਲਿਮਿਟਿਡ – ਐੱਮਆਰਪੀਐੱਲ ਬੰਗਲੂਰੂ ਦਾ ਦੇਵਨਗੋਂਥੀ ਮਾਰਕੀਟਿੰਗ ਟਰਮੀਨਲ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 330 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਅਤਿ-ਆਧੁਨਿਕ ਸਹੂਲਤ ਕਰਨਾਟਕ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸਟੋਰੇਜ ਅਤੇ ਵੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਏਗੀ।

ਪ੍ਰਧਾਨ ਮੰਤਰੀ ਹਰਲਕੁੰਟੇ, ਬੰਗਲੂਰੂ ਵਿੱਚ ਗੇਲ ਦੇ ਕੰਪ੍ਰੈੱਸਡ ਬਾਇਓਗੈਸ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਹ ਪਲਾਂਟ 12.6 ਟਨ ਸਵੱਛ ਕੰਪ੍ਰੈੱਸਡ ਬਾਇਓਗੈਸ ਦੇ ਉਤਪਾਦਨ ਲਈ ਰੋਜ਼ਾਨਾ ਤਕਰੀਬਨ 300 ਟਨ ਨਗਰਪਾਲਿਕਾ ਦੇ ਠੋਸ ਕੂੜੇ ਦੀ ਪ੍ਰੋਸੈੱਸਿੰਗ ਕਰੇਗਾ। ਇਸ ਪ੍ਰੋਜੈਕਟ ਨਾਲ ਵਿਗਿਆਨਕ ਕੂੜਾ ਪ੍ਰਬੰਧਨ ਨੂੰ ਹੁਲਾਰਾ ਮਿਲੇਗਾ, ਰਵਾਇਤੀ ਬਾਲਣ ’ਤੇ ਨਿਰਭਰਤਾ ਘਟੇਗੀ ਅਤੇ ਸਵੱਛ ਅਤੇ ਵਧੇਰੇ ਟਿਕਾਊ ਵਾਤਾਵਰਣ ਵਿੱਚ ਯੋਗਦਾਨ ਮਿਲੇਗਾ।

ਪ੍ਰਧਾਨ ਮੰਤਰੀ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਮੁੜ-ਵਿਕਸਿਤ ਚਾਰ ਰੇਲਵੇ ਸਟੇਸ਼ਨਾਂ – ਚਾਮਰਾਜਨਗਰ, ਚਿੱਕਮਗਲੂਰੂ, ਸਕਲੇਸ਼ਪੁਰ ਅਤੇ ਸੁਬ੍ਰਮਣੀਆ ਰੋਡ ਦਾ ਉਦਘਾਟਨ ਕਰਨਗੇ। ਮੁੜ-ਵਿਕਸਿਤ ਸਟੇਸ਼ਨ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣਗੇ ਅਤੇ ਸ਼ਹਿਰ ਦੇ ਕੇਂਦਰ ਵਜੋਂ ਕੰਮ ਕਰਨ ਨਾਲ ਇਨ੍ਹਾਂ ਰਾਹੀਂ ਖੇਤਰ ਵਿੱਚ ਸਥਾਨਕ ਵਪਾਰਕ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ 284 ਕਿਲੋਮੀਟਰ ਲੰਬੇ ਗਦਗ-ਹੋਤਗੀ ਦੋਹਰੀਕਰਣ ਪ੍ਰੋਜੈਕਟ ਦਾ ਹਿੱਸਾ, 45 ਕਿਲੋਮੀਟਰ ਲੰਬੀ ਬਾਗਲਕੋਟ-ਵੰਡਾਲ ਰੇਲਵੇ ਲਾਈਨ ਦੇ ਦੋਹਰੀਕਰਣ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸੈਕਸ਼ਨ ਯਾਤਰੀ ਅਤੇ ਮਾਲ ਢੋਆ-ਢੁਆਈ ਵਿੱਚ ਸੁਧਾਰ ਲਿਆਵੇਗਾ, ਸਥਾਨਕ ਕਾਰੋਬਾਰ ਲਈ ਲਾਹੇਵੰਦ ਹੋਵੇਗਾ ਅਤੇ ਕੁਡਗੀ ਐੱਨਟੀਪੀਸੀ ਪਲਾਂਟ ਨੂੰ ਕੋਲੇ ਦੀ ਸਪਲਾਈ ਕਰੇਗਾ।

ਪ੍ਰਧਾਨ ਮੰਤਰੀ 55 ਕਿਲੋਮੀਟਰ ਲੰਬੇ ਸਕਲੇਸ਼ਪੁਰ-ਸੁਬ੍ਰਮਣੀਆ ਰੋਡ ਘਾਟ ਰੇਲਵੇ ਸੈਕਸ਼ਨ ਦੇ ਬਿਜਲੀਕਰਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤ ਦੇ ਸਭ ਤੋਂ ਚੁਣੌਤੀਪੂਰਨ ਰੇਲ ਖੇਤਰਾਂ ਵਿੱਚੋਂ ਇੱਕ ਵਿੱਚੋਂ ਲੰਘਣ ਵਾਲਾ ਇਹ ਪ੍ਰੋਜੈਕਟ ਇੱਕ ਮਹੱਤਵਪੂਰਨ ਇੰਜੀਨੀਅਰਿੰਗ ਪ੍ਰਾਪਤੀ ਹੈ। ਇਸ ਦੇ ਪੂਰਾ ਹੋਣ ਨਾਲ ਸਮੁੱਚਾ ਬੰਗਲੂਰੂ-ਮੰਗਲੂਰੂ ਰੇਲ ਮਾਰਗ ਹੁਣ ਪੂਰੀ ਤਰ੍ਹਾਂ ਬਿਜਲੀਕ੍ਰਿਤ ਹੋ ਗਿਆ ਹੈ।

ਪ੍ਰਧਾਨ ਮੰਤਰੀ ਬੰਗਲੂਰੂ-ਮੰਗਲੂਰੂ-ਮਡਗਾਂਵ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜੋ ਬੰਗਲੂਰੂ, ਤੱਟਵਰਤੀ ਕਰਨਾਟਕ ਅਤੇ ਗੋਆ ਦਰਮਿਆਨ ਤੇਜ਼ ਅਤੇ ਆਧੁਨਿਕ ਰੇਲ ਸੰਪਰਕ ਪ੍ਰਦਾਨ ਕਰੇਗੀ। ਇਹ ਸੇਵਾ ਮਡਗਾਂਵ ਪਹੁੰਚਣ ਤੋਂ ਪਹਿਲਾਂ ਹਾਸਨ, ਸਕਲੇਸ਼ਪੁਰ, ਮੰਗਲੂਰੂ, ਉਡੁਪੀ, ਮੁਰੂਦੇਸ਼ਵਰ, ਗੋਕਰਣ ਅਤੇ ਕਾਰਵਾਰ ਸਮੇਤ ਪ੍ਰਮੁੱਖ ਸਥਾਨਾਂ ਨੂੰ ਜੋੜੇਗੀ, ਜਿਸ ਨਾਲ ਯਾਤਰੀਆਂ ਨੂੰ ਲਾਭ ਮਿਲੇਗਾ ਅਤੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

ਮੈਸੂਰੂ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ‘ਏਕ ਪੇੜ ਮਾਂ ਕੇ ਨਾਮ’ ਪਹਿਲ ਤਹਿਤ ‘ਭਾਰਤ ਵਣ’ ਵਿੱਚ ਬੂਟੇ ਲਗਾਉਣ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ‘ਭਾਰਤ ਵਣ’ ਸ਼ਹਿਰੀ ਵਣ ਲਗਾਉਣ ਦੀ ਇੱਕ ਪਹਿਲ ਹੈ ਜਿਸ ਦਾ ਉਦੇਸ਼ ਜਪਾਨੀ ਮਿਆਵਾਕੀ ਤਕਨੀਕ ਦੀ ਵਰਤੋਂ ਕਰਕੇ ਸੰਘਣੇ ਅਤੇ ਸਵੈ-ਨਿਰਭਰ ਦੇਸੀ ਜੰਗਲਾਂ ਦਾ ਵਿਕਾਸ ਕਰਨਾ ਹੈ। 17.63 ਏਕੜ ਵਿੱਚ ਫੈਲੇ ਮੈਸੂਰੂ ਪ੍ਰੋਜੈਕਟ ਦਾ ਟੀਚਾ ਦੋ ਲੱਖ ਤੋਂ ਵੱਧ ਦੇਸੀ ਰੁੱਖਾਂ ਦੇ ਨਾਲ ਹਰੀ-ਭਰੀ ਭਾਈਚਾਰਕ ਸੰਪਤੀ ਤਿਆਰ ਕਰਨਾ ਹੈ। ਇਸ ਪ੍ਰੋਜੈਕਟ ਵਿੱਚ ਦੇਸੀ ਝਾੜੀਆਂ, ਇਮਾਰਤੀ ਲੱਕੜ, ਛਤਰੀਦਾਰ (ਕੈਨੋਪੀ), ਫੁੱਲਦਾਰ ਅਤੇ ਫ਼ਲਦਾਰ ਰੁੱਖਾਂ ਨੂੰ ਕੁਦਰਤੀ ਤੌਰ ’ਤੇ ਵਧਣ ਵਿੱਚ ਮਦਦ ਕਰਨ ਲਈ ਗੋਹੇ, ਖਾਦ ਅਤੇ ਜੀਵਾਮ੍ਰਿਤ ਵਰਗੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀ ਕੁਦਰਤੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਬਹੁ-ਪੱਧਰੀ ਜੰਗਲ ਜੈਵ ਵਿਭਿੰਨਤਾ ਵਧਾਉਣ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਲਿਆਉਣ, ਧੂੜ ਅਤੇ ਹਵਾ ਪ੍ਰਦੂਸ਼ਣ ਘਟਾਉਣ, ਸਥਾਨਕ ਤਾਪਮਾਨ ਨੂੰ ਕੰਟਰੋਲ ਕਰਨ, ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਦੇ ਖੁਰਨ ਨੂੰ ਰੋਕਣ ਅਤੇ ਕਾਰਬਨ ਸੋਖਣ (ਕਾਰਬਨ ਨਿਖੇੜਨ) ਵਿੱਚ ਮਦਦ ਕਰਨਗੇ। (ਕਾਰਬਨ ਨਿਖੇੜਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਵਾਯੂਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਲੰਬੇ ਸਮੇਂ ਲਈ ਵੱਖ-ਵੱਖ ਭੰਡਾਰਾਂ, ਜਿਵੇਂ ਕਿ ਪੌਦਿਆਂ, ਮਿੱਟੀ, ਮਹਾਸਾਗਰਾਂ ਜਾਂ ਜ਼ਮੀਨਦੋਜ਼ ਚੱਟਾਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ, ਤਾਂ ਜੋ ਇਹ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਨੂੰ ਨਾ ਵਧਾਵੇ)।

ਪ੍ਰਧਾਨ ਮੰਤਰੀ ਕੋਸਮੋਸ-ਮੈਸੂਰੂ ਤਾਰਾਮੰਡਲ ਦਾ ਉਦਘਾਟਨ ਕਰਨਗੇ ਜੋ ਦੇਸ਼ ਵਿੱਚ ਤਾਰਾਮੰਡਲ ਤਕਨਾਲੋਜੀ ਅਤੇ ਖਗੋਲ ਵਿਗਿਆਨ ਸਿੱਖਿਆ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ। ਭਾਰਤੀ ਤਾਰਾ-ਭੌਤਿਕੀ ਸੰਸਥਾਨ (ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ) ਵੱਲੋਂ ਨਿਰਮਿਤ ਕੋਸਮੋਸ-ਮੈਸੂਰੂ ਭਾਰਤ ਦਾ ਪਹਿਲਾ ਐੱਲਈਡੀ ਡੋਮ ਤਾਰਾਮੰਡਲ ਹੈ। ਇਹ ਚਾਮੁੰਡੀ ਪਹਾੜੀਆਂ ਦੀ ਤਲਹੱਟੀ ਵਿੱਚ ਮੈਸੂਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਹੈ, ਜਿਸ ਦੀ ਕਲਪਨਾ ਖਗੋਲ ਵਿਗਿਆਨ ਸਿੱਖਿਆ ਅਤੇ ਸਿਖਲਾਈ ਕੇਂਦਰ ਵਜੋਂ ਕੀਤੀ ਗਈ ਹੈ।

ਇਸ ਅਤਿ-ਆਧੁਨਿਕ ਕੇਂਦਰ ਵਿੱਚ 15 ਮੀਟਰ ਦਾ ਝੁਕਿਆ ਹੋਇਆ ਗੁੰਬਦ (ਟਿਲਟਿਡ ਡੋਮ) ਹੈ ਜਿਸ ਵਿੱਚ 4.2 ਕਰੋੜ ਆਪਣੀਆਂ ਐੱਲਈਡੀ ਦੇ ਨਾਲ ਤਕਰੀਬਨ 6,150 ਪੈਨਲ ਸ਼ਾਮਲ ਹਨ। ਜਿੱਥੇ ਰਵਾਇਤੀ ਤਾਰਾਮੰਡਲ ਗੁੰਬਦ ’ਤੇ ਤਸਵੀਰਾਂ ਦਿਖਾਉਣ ਲਈ ਪ੍ਰੋਜੈਕਟਰ ਦੀ ਵਰਤੋਂ ਕਰਦੇ ਹਨ, ਉੱਥੇ ਹੀ ਇਸ ਦੇ ਐੱਲਈਡੀ ਪੈਨਲਾਂ ਨੂੰ ਤੁਰੰਤ ਕੰਟਰੋਲ ਕੀਤਾ ਜਾ ਸਕਦਾ ਹੈ ਜੋ ਡੂੰਘਾ ਦ੍ਰਿਸ਼ ਅਨੁਭਵ ਦਿੰਦਾ ਹੈ ਅਤੇ ਖਗੋਲ ਵਿਗਿਆਨ ਸਿੱਖਿਆ ਵਿੱਚ ਨਵੀਆਂ ਸੰਭਾਵਨਾਵਾਂ ਜਗਾਉਂਦਾ ਹੈ।

ਸਕਾਈ ਥੀਏਟਰ ਵਿੱਚ ਪੇਸ਼ੇਵਰ ਤੌਰ ’ਤੇ ਤਿਆਰ ਕੀਤੇ ਖਗੋਲ ਵਿਗਿਆਨ ਪ੍ਰੋਗਰਾਮਾਂ ਦੇ ਨਾਲ ਹੀ ਮੈਸੂਰੂ ਦੇ ਇਤਿਹਾਸ ਅਤੇ ਖਗੋਲ ਵਿਗਿਆਨ ਦਰਮਿਆਨ ਸਬੰਧਾਂ ਨੂੰ ਖੋਜਣ ਵਾਲੀ ਇੱਕ ਇਨ-ਹਾਊਸ ਨਿਰਮਿਤ ਫ਼ਿਲਮ ਵੀ ਦਿਖਾਈ ਜਾਵੇਗੀ। ਇਹ ਸ਼ੋਅ ਕੰਨੜ, ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੋਣਗੇ। ਇਸ ਕੇਂਦਰ ਵਿੱਚ ਪ੍ਰਦਰਸ਼ਨੀ ਹਾਲ, ਖਗੋਲ ਵਿਗਿਆਨ ਦੇ ਮਾਡਲਾਂ ਅਤੇ ਕਲਾਕ੍ਰਿਤੀਆਂ ਦਾ ਅਜਾਇਬ ਘਰ, ਇੱਕ ਲੈਕਚਰ ਹਾਲ, ਇੱਕ ਸਿਖਲਾਈ ਕੇਂਦਰ ਅਤੇ ਇੰਟਰਐਕਟਿਵ ਆਊਟਡੋਰ ਪ੍ਰਦਰਸ਼ਨੀਆਂ ਵੀ ਹੋਣਗੀਆਂ।

ਇਸ ਕੇਂਦਰ ਦੀਆਂ ਗਤੀਵਿਧੀਆਂ ਭਾਰਤੀ ਤਾਰਾ-ਭੌਤਿਕੀ ਸੰਸਥਾਨ ਦੀ ਖੋਜ, ਪੂਰੇ ਦੇਸ਼ ਅਤੇ ਪੁਲਾੜ ਵਿੱਚ ਮਲਟੀ-ਵੇਵਲੈਂਥ (ਬਹੁ-ਤਰੰਗ ਲੰਬਾਈ) ਟੈਲੀਸਕੋਪ ਸਹੂਲਤਾਂ ਦੇ ਸੰਚਾਲਨ, ਭਵਿੱਖ ਦੀਆਂ ਖਗੋਲੀ ਸਹੂਲਤਾਂ ਦੇ ਵਿਕਾਸ ਅਤੇ ਰਾਸ਼ਟਰੀ ਪੱਧਰ ’ਤੇ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਦੇ ਪ੍ਰੋਗਰਾਮਾਂ ਦੀਆਂ ਪੂਰਕ ਹੋਣਗੀਆਂ।

**********

ਐੱਮਜੇਪੀਐੱਸ/ਐੱਸਐੱਸ/ਪੀਆਰਕੇ