ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਮਾਰਚ 2026 ਨੂੰ ਕੇਰਲ ਅਤੇ ਤਾਮਿਲਨਾਡੂ ਦੇ ਦੌਰੇ ‘ਤੇ ਜਾਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 1:30 ਵਜੇ ਕੇਰਲ ਦੇ ਏਰਨਾਕੁਲਮ ਵਿੱਚ ਲਗਭਗ ₹10,800 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸਮਾਗਮ ਦੇ ਦੌਰਾਨ ਪ੍ਰਧਾਨ ਮੰਤਰੀ ਇੱਕ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ, ਸ਼ਾਮ ਲਗਭਗ 5:45 ਵਜੇ, ਪ੍ਰਧਾਨ ਮੰਤਰੀ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿੱਚ ਲਗਭਗ ₹5,650 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਇੱਕ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।
ਏਰਨਾਕੁਲਮ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਦੀ ਕੋਚੀ ਰਿਫ਼ਾਈਨਰੀ ਵਿੱਚ ਪੌਲੀਪ੍ਰੋਪਾਈਲੀਨ ਇਕਾਈ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਵਿੱਚ ₹5,500 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਪੌਲੀਪ੍ਰੋਪਾਈਲੀਨ ਇਕਾਈ ਦੀ ਸਮਰੱਥਾ 400 ਕਿੱਲੋ ਟਨ ਸਲਾਨਾ ਹੈ। ਪੌਲੀਪ੍ਰੋਪਾਈਲੀਨ ਪੈਕੇਜਿੰਗ, ਆਟੋਮੋਟਿਵ ਕੰਪੋਨੈਂਟਸ, ਮੈਡੀਕਲ ਡਿਵਾਈਸਾਂ, ਟੈਕਸਟਾਈਲ ਅਤੇ ਘਰੇਲੂ ਉਤਪਾਦਾਂ ਵਿੱਚ ਵਰਤੀ ਜਾਣ ਵਾਲੀ ਇੱਕ ਜ਼ਰੂਰੀ ਸਮਗਰੀ ਹੈ। ਇਹ ਸਹੂਲਤ ਭਾਰਤ ਦੀ ਘਰੇਲੂ ਪੋਲੀਮਰ ਮੈਨੂਫੈਕਚਰਿੰਗ ਸਮਰੱਥਾ ਨੂੰ ਮਜ਼ਬੂਤ ਕਰੇਗੀ, ਆਯਾਤ ‘ਤੇ ਨਿਰਭਰਤਾ ਘੱਟ ਕਰੇਗੀ, ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ।
ਪ੍ਰਧਾਨ ਮੰਤਰੀ ਸੜਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਦੋ ਪ੍ਰਮੁੱਖ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪਹਿਲਾ ਪ੍ਰੋਜੈਕਟ ਐੱਨਐੱਚ-66 ਦੇ ਥਲਾਪਡੀ-ਚੇਂਗਲਾ ਸੈਕਸ਼ਨ ਦੇ ਛੇ-ਲੇਨ ਦਾ ਨਿਰਮਾਣ ਹੈ, ਜਿਸਨੂੰ ₹2,650 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਸੈਕਸ਼ਨ ਮੁੰਬਈ-ਕੰਨਿਆਕੁਮਾਰੀ ਆਰਥਿਕ ਗਲਿਆਰੇ ਦਾ ਹਿੱਸਾ ਹੈ ਅਤੇ ਕਾਸਰਗੋਡ ਅਤੇ ਕੰਨੂਰ ਜ਼ਿਲ੍ਹਿਆਂ ਅਤੇ ਮੰਗਲੌਰ ਅਤੇ ਮੁਝਾਪਿਲੰਗਡ ਸਮੇਤ ਗੁਆਂਢੀ ਖੇਤਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗਾ। ਇਹ ਪ੍ਰੋਜੈਕਟ ਕਾਸਰਗੋਡ, ਬੇਕਲ, ਪਯਾਨੂਰ ਅਤੇ ਕੰਨੂਰ ਜਿਹੇ ਪ੍ਰਮੁੱਖ ਸ਼ਹਿਰਾਂ ਨਾਲ ਸੰਪਰਕ ਵਿੱਚ ਸੁਧਾਰ ਕਰੇਗਾ, ਅਝਿਕਲ ਬੰਦਰਗਾਹ ਨਾਲ ਸੰਪਰਕ ਵਧਾਏਗਾ ਅਤੇ ਸੈਰ-ਸਪਾਟਾ ਅਤੇ ਵਪਾਰ ਨੂੰ ਹੁਲਾਰਾ ਦੇਵੇਗਾ।
ਦੂਜਾ ਪ੍ਰੋਜੈਕਟ ਵੇਂਗਲਮ ਤੋਂ ਰਾਮਨੱਟੁਕਰਾ ਤੱਕ ਕੋਝੀਕੋਡ ਬਾਈਪਾਸ ਦੇ ਛੇ-ਲੇਨ ਦਾ ਨਿਰਮਾਣ ਹੈ, ਜਿਸਨੂੰ ਲਗਭਗ ₹2,140 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਮੌਜੂਦਾ ਦੋ-ਲੇਨ ਦੀ ਸੜਕ ਨੂੰ ਦੋਵੇਂ ਪਾਸੇ ਸਰਵਿਸ ਸੜਕਾਂ ਦੇ ਨਾਲ ਛੇ-ਲੇਨ ਦੇ ਹਾਈਵੇਅ ਵਿੱਚ ਅੱਪਗ੍ਰੇਡ ਕੀਤਾ ਗਿਆ ਹੈ। ਇਸ ਨਾਲ ਟ੍ਰੈਫਿਕ ਜਾਮ ਵਿੱਚ ਕਾਫ਼ੀ ਕਮੀ ਆਵੇਗੀ, ਟ੍ਰੈਫਿਕ ਸਮਰੱਥਾ ਵਿੱਚ ਸੁਧਾਰ ਹੋਵੇਗਾ ਅਤੇ ਸੜਕ ਸੁਰੱਖਿਆ ਵਧੇਗੀ। ਇਸ ਸੜਕ ‘ਤੇ ਸਫ਼ਰ ਦਾ ਸਮਾਂ ਇੱਕ ਘੰਟੇ ਤੋਂ ਘਟ ਕੇ ਲਗਭਗ 15-20 ਮਿੰਟ ਹੋਣ ਦੀ ਸੰਭਾਵਨਾ ਹੈ। ਇਹ ਪ੍ਰੋਜੈਕਟ ਕੋਝੀਕੋਡ ਬੀਚ, ਬੇਪੋਰ ਬੰਦਰਗਾਹ ਅਤੇ ਕੱਪੜ ਬੀਚ ਜਿਹੇ ਅਹਿਮ ਸਥਾਨਾਂ ਨਾਲ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ, ਜਿਸ ਨਾਲ ਖੇਤਰ ਵਿੱਚ ਸੈਰ-ਸਪਾਟਾ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਕੇਰਲ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਬਣੀਆਂ 23 ਪੇਂਡੂ ਸੜਕਾਂ ਦਾ ਵੀ ਉਦਘਾਟਨ ਕਰਨਗੇ। ਇਹ ਸੜਕਾਂ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੀਆਂ ਅਤੇ ਬਜ਼ਾਰਾਂ, ਸਿੱਖਿਆ, ਸਿਹਤ ਸੰਭਾਲ ਅਤੇ ਰੁਜ਼ਗਾਰ ਦੇ ਮੌਕਿਆਂ ਤੱਕ ਬਿਹਤਰ ਪਹੁੰਚ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ, ਜਿਸ ਨਾਲ ਪੇਂਡੂ ਆਜੀਵਿਕਾ ਮਜ਼ਬੂਤ ਹੋਵੇਗੀ।
ਪ੍ਰਧਾਨ ਮੰਤਰੀ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਤਿੰਨ ਮੁੜ-ਵਿਕਸਿਤ ਕੀਤੇ ਰੇਲਵੇ ਸਟੇਸ਼ਨਾਂ – ਸ਼ੋਰਾਨੂਰ ਜੰਕਸ਼ਨ, ਕੁੱਟੀਪੁਰਮ ਅਤੇ ਚਾਂਗਨਾਸੇਰੀ ਦਾ ਉਦਘਾਟਨ ਕਰਨਗੇ। ਇਨ੍ਹਾਂ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਯਾਤਰੀਆਂ ਲਈ ਬਿਹਤਰ ਸਹੂਲਤਾਂ ਅਤੇ ਵਧੇਰੇ ਪਹੁੰਚਯੋਗਤਾ ਦੀ ਵਿਵਸਥਾ ਕੀਤੀ ਗਈ ਹੈ। ਮੁੜ-ਵਿਕਾਸ ਵਿੱਚ ਸਥਾਨਕ ਆਰਕੀਟੈਕਚਰਲ ਤੱਤਾਂ ਨੂੰ ਸ਼ਾਮਿਲ ਕਰਦੇ ਹੋਏ ਯਾਤਰੀਆਂ ਲਈ ਆਧੁਨਿਕ, ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਸਥਾਨ ਬਣਾਏ ਗਏ ਹਨ।
ਪ੍ਰਧਾਨ ਮੰਤਰੀ ਸ਼ੋਰਾਨੂਰ-ਨੀਲੰਬੁਰ ਰੋਡ ਰੇਲਵੇ ਲਾਈਨ ਦੇ ਬਿਜਲੀਕਰਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਅਹਿਮ ਰੇਲ ਸੈਕਸ਼ਨ ਦੇ ਬਿਜਲੀਕਰਨ ਨਾਲ ਸ਼ੋਰਾਨੂਰ ਵਿੱਚ ਲੋਕੋਮੋਟਿਵ ਬਦਲਣ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ, ਜਿਸ ਨਾਲ ਰੇਲ ਸੰਚਾਲਨ ਤੇਜ਼, ਵਧੇਰੇ ਕੁਸ਼ਲ ਅਤੇ ਟਿਕਾਊ ਹੋ ਸਕੇਗਾ। ਪ੍ਰਧਾਨ ਮੰਤਰੀ ਪਲਾਕਾੜ ਅਤੇ ਪੋਲਾਚੀ ਵਿਚਕਾਰ ਇੱਕ ਨਵੀਂ ਰੇਲ ਸੇਵਾ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਨਾਲ ਕੇਰਲ ਅਤੇ ਤਾਮਿਲਨਾਡੂ ਵਿਚਕਾਰ ਰੇਲ ਸੰਪਰਕ ਮਜ਼ਬੂਤ ਹੋਵੇਗਾ। ਇਸ ਸੇਵਾ ਨਾਲ ਦੋਵਾਂ ਸੂਬਿਆਂ ਵਿਚਕਾਰ ਯਾਤਰਾ ਕਰਨ ਵਾਲੇ ਰੋਜ਼ਾਨਾ ਯਾਤਰੀਆਂ, ਸ਼ਰਧਾਲੂਆਂ, ਵਪਾਰੀਆਂ ਅਤੇ ਸੈਲਾਨੀਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਕੇਰਲ ਦੇ ਕੋਲਮ ਜ਼ਿਲ੍ਹੇ ਦੇ ਪੱਛਮੀ ਕੱਲਾਡਾ ਵਿੱਚ 50 ਮੈਗਾਵਾਟ ਦੇ ਫਲੋਟਿੰਗ ਸੋਲਰ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਭਾਰਤ ਦੇ ਕਲੀਨ ਐਨਰਜੀ ਟੀਚਿਆਂ ਵਿੱਚ ਯੋਗਦਾਨ ਪਾਵੇਗਾ ਅਤੇ ਟਿਕਾਊ ਅਤੇ ਘੱਟ-ਕਾਰਬਨ ਉਤਸਰਜਨ ਵਾਲੀ ਊਰਜਾ ਵਾਲੇ ਭਵਿੱਖ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ।
ਤਿਰੂਚਿਰਾਪੱਲੀ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਤਿਰੂਚਿਰਾਪੱਲੀ ਵਿੱਚ ਲਗਭਗ ₹5,650 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਪੈਟਰੋਲੀਅਮ ਅਤੇ ਕੁਦਰਤੀ ਗੈਸ ਬੁਨਿਆਦੀ ਢਾਂਚਾ, ਲਿਊਬ੍ਰਿਕੈਂਟ ਨਿਰਮਾਣ, ਪੇਂਡੂ ਸੰਪਰਕ, ਹਾਈਵੇਅ ਵਿਕਾਸ ਅਤੇ ਰੇਲਵੇ ਸੇਵਾਵਾਂ ਸਮੇਤ ਪ੍ਰਮੁੱਖ ਖੇਤਰਾਂ ਨੂੰ ਸ਼ਾਮਿਲ ਕਰਦੇ ਹਨ।
ਪ੍ਰਧਾਨ ਮੰਤਰੀ ਪੈਟਰੋਲੀਅਮ ਖੇਤਰ ਵਿੱਚ ਨੀਲਗਿਰੀ ਅਤੇ ਇਰੋਡ ਜ਼ਿਲ੍ਹਿਆਂ ਵਿੱਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ₹3,680 ਕਰੋੜ ਤੋਂ ਵੱਧ ਦੇ ਨਿਵੇਸ਼ ਜ਼ਰੀਏ ਬਣਾਏ ਗਏ ਸ਼ਹਿਰੀ ਗੈਸ ਵੰਡ ਨੈੱਟਵਰਕ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਨਾਲ 8.8 ਲੱਖ ਤੋਂ ਵੱਧ ਘਰਾਂ ਨੂੰ ਪੀਐੱਨਜੀ ਕਨੈਕਸ਼ਨ ਮਿਲਣਗੇ, 200 ਤੋਂ ਵੱਧ ਵਪਾਰਕ ਅਦਾਰਿਆਂ ਨੂੰ ਗੈਸ ਦੀ ਸਪਲਾਈ ਹੋਵੇਗੀ ਅਤੇ 201 ਤੋਂ ਵੱਧ ਸੀਐੱਨਜੀ ਸਟੇਸ਼ਨ ਸਥਾਪਤ ਹੋਣਗੇ।
ਪ੍ਰਧਾਨ ਮੰਤਰੀ ਚੇਨਈ ਦੇ ਮਨਾਲੀ ਵਿੱਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ 6,72,000 ਮੀਟ੍ਰਿਕ ਟਨ ਸਲਾਨਾ ਸਮਰੱਥਾ ਵਾਲੇ ਲਿਊਬ ਬਲੈਂਡਿੰਗ ਪਲਾਂਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਗਭਗ ₹1,490 ਕਰੋੜ ਦੇ ਨਿਵੇਸ਼ ਨਾਲ ਵਿਕਸਿਤ ਇਹ ਪਲਾਂਟ ਭਾਰਤ ਦੀ ਲਿਊਬ੍ਰਿਕੈਂਟ ਉਤਪਾਦਨ ਸਮਰੱਥਾ ਨੂੰ ਮਜ਼ਬੂਤ ਕਰੇਗਾ।
ਸ਼੍ਰੀ ਮੋਦੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਤਾਮਿਲਨਾਡੂ ਵਿੱਚ 370 ਕਿੱਲੋਮੀਟਰ ਲੰਬੀਆਂ 89 ਪੇਂਡੂ ਸੜਕਾਂ ਦਾ ਵੀ ਉਦਘਾਟਨ ਕਰਨਗੇ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਬਜ਼ਾਰਾਂ, ਸਕੂਲਾਂ ਅਤੇ ਸਿਹਤ ਸੰਭਾਲ ਸਹੂਲਤਾਂ ਤੱਕ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਐੱਨਐੱਚ-81 ‘ਤੇ ਗੰਗਾਈਕੋਂਡਾ ਚੋਲਪੁਰਮ ਨੇੜੇ ਗ੍ਰੀਨਫੀਲਡ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਦੋ ਅਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ, ਦੋ ਐਕਸਪ੍ਰੈਸ ਰੇਲਗੱਡੀਆਂ ਅਤੇ ਇੱਕ ਯਾਤਰੀ ਰੇਲ ਸੇਵਾ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਨਾਲ ਤਾਮਿਲਨਾਡੂ ਅਤੇ ਤੇਲੰਗਾਨਾ, ਕਰਨਾਟਕ, ਕੇਰਲ ਅਤੇ ਪੂਰਬੀ ਭਾਰਤ ਸਮੇਤ ਹੋਰ ਖੇਤਰਾਂ ਵਿਚਕਾਰ ਰੇਲ ਸੰਪਰਕ ਮਜ਼ਬੂਤ ਹੋਵੇਗਾ। ਇਨ੍ਹਾਂ ਰੇਲਗੱਡੀਆਂ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਲਾਭ ਹੋਵੇਗਾ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
************
ਐੱਮਜੇਪੀਐੱਸ/ ਐੱਸਟੀ