ਪੀਐੱਮਇੰਡੀਆ
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਤੋਂ 8 ਜੁਲਾਈ, 2026 ਤੱਕ ਇੰਡੋਨੇਸ਼ੀਆ ਦੀ ਸਰਕਾਰੀ ਯਾਤਰਾ ’ਤੇ ਰਹੇ। ਭਾਰਤ ਦੇ 76ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਪ੍ਰਬੋਵੋ ਦੀ 23-26 ਜਨਵਰੀ, 2025 ਦੀ ਯਾਤਰਾ ਤੋਂ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇੰਡੋਨੇਸ਼ੀਆ ਦੀ ਇਹ ਯਾਤਰਾ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ-ਇੰਡੋਨੇਸ਼ੀਆ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਗੂੜ੍ਹਾ ਬਣਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਜਕਾਰਤਾ ਵਿੱਚ ਰਾਸ਼ਟਰਪਤੀ ਭਵਨ – ਇਸਤਾਨਾ ਮਰਦੇਕਾ ਵਿਖੇ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਰਾਸ਼ਟਰਪਤੀ ਪ੍ਰਬੋਵੋ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵਿਚਕਾਰ ਦੁਵੱਲੀ ਅਤੇ ਵਫ਼ਦ ਪੱਧਰ ਦੀ ਗੱਲਬਾਤ ਹੋਈ। ਰਾਸ਼ਟਰਪਤੀ ਪ੍ਰਬੋਵੋ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸਨਮਾਨ ਵਿੱਚ ਇੱਕ ਸਰਕਾਰੀ ਰਾਤ ਦੇ ਭੋਜਨ ਦਾ ਵੀ ਆਯੋਜਨ ਕੀਤਾ। ਇੰਡੋਨੇਸ਼ੀਆਈ ਸੰਸਦ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਡਾ. ਪੁਆਨ ਮਹਾਰਾਨੀ ਦੇ ਸੱਦੇ ’ਤੇ, ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਪ੍ਰਬੋਵੋ ਨੇ ਯੋਗਯਾਕਰਤਾ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰਮਬਨਨ ਮੰਦਰ ਕੰਪਲੈਕਸ ਵਿੱਚ ਨਵੀਨੀਕਰਨ ਅਤੇ ਸੰਭਾਲ ਕਾਰਜਾਂ ਦਾ ਉਦਘਾਟਨ ਕੀਤਾ। ਦੋਵਾਂ ਨੇਤਾਵਾਂ ਨੇ ਇੰਡੋਨੇਸ਼ੀਆ ਵਿੱਚ ਭਾਰਤੀ ਭਾਈਚਾਰੇ ਵੱਲੋਂ ਸ਼੍ਰੀ ਮੋਦੀ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਵਾਗਤੀ ਸਮਾਰੋਹ ਵਿੱਚ ਵੀ ਹਿੱਸਾ ਲਿਆ।
ਰਾਜਨੀਤਕ ਸਹਿਯੋਗ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਪ੍ਰਬੋਵੋ ਨੇ 7 ਜੁਲਾਈ, 2026 ਨੂੰ ਜਕਾਰਤਾ ਦੇ ਇਸਤਾਨਾ ਮਰਦੇਕਾ ਵਿੱਚ ਦੁਵੱਲੀ ਗੱਲਬਾਤ ਦੌਰਾਨ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ’ਤੇ ਚਰਚਾ ਕੀਤੀ। ਇਸ ਵਿੱਚ ਰਾਜਨੀਤਕ ਸਾਂਝੇਦਾਰੀ, ਰੱਖਿਆ ਅਤੇ ਸੁਰੱਖਿਆ ਸਹਿਯੋਗ, ਸਮੁੰਦਰੀ ਸਹਿਯੋਗ, ਵਪਾਰ ਅਤੇ ਨਿਵੇਸ਼, ਡਿਜੀਟਲ ਆਰਥਿਕਤਾ, ਵਿਗਿਆਨ ਅਤੇ ਤਕਨਾਲੋਜੀ, ਪੁਲਾੜ, ਮਹੱਤਵਪੂਰਨ ਖਣਿਜ, ਊਰਜਾ, ਖੇਤੀਬਾੜੀ, ਸਿਹਤ, ਫਾਰਮਾਸਿਊਟੀਕਲ, ਸਿੱਖਿਆ, ਸੱਭਿਆਚਾਰ, ਸੈਰ-ਸਪਾਟਾ, ਨੌਜਵਾਨਾਂ ਦੇ ਆਦਾਨ-ਪ੍ਰਦਾਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਬੰਧਾਂ ਦੇ ਨਾਲ-ਨਾਲ ਆਪਸੀ ਹਿੱਤਾਂ ਦੇ ਖੇਤਰੀ ਅਤੇ ਗਲੋਬਲ ਘਟਨਾਕ੍ਰਮ ’ਤੇ ਗੱਲਬਾਤ ਹੋਈ। ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਭਾਰਤ-ਇੰਡੋਨੇਸ਼ੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਗੂੜ੍ਹਾ ਬਣਾਉਣ ਲਈ ਕਈ ਦੁਵੱਲੇ ਦਸਤਾਵੇਜ਼ਾਂ ’ਤੇ ਹਸਤਾਖ਼ਰ ਅਤੇ ਆਦਾਨ-ਪ੍ਰਦਾਨ ਕੀਤੇ ਗਏ।
4. ਦੋਵਾਂ ਨੇਤਾਵਾਂ ਨੇ ਭਾਰਤ ਅਤੇ ਇੰਡੋਨੇਸ਼ੀਆ ਦੇ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ਦੀ ਇੱਛਾ ਪ੍ਰਗਟ ਕਰਦੇ ਹੋਏ ਉੱਚ-ਪੱਧਰੀ ਆਦਾਨ-ਪ੍ਰਦਾਨ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਬਹੁਪੱਖੀ ਸਮਾਗਮਾਂ ਸਮੇਤ ਨਿਯਮਤ ਤੌਰ ’ਤੇ ਸਿਖਰ ਸੰਮੇਲਨ ਮੀਟਿੰਗਾਂ ਆਯੋਜਿਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।
5. ਦੋਵਾਂ ਨੇਤਾਵਾਂ ਨੇ ਮੌਜੂਦਾ ਸੰਯੁਕਤ ਕਾਰਜ ਸਮੂਹ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਸੰਯੁਕਤ ਕਮਿਸ਼ਨ ਦੀ ਮੀਟਿੰਗ, ਵਿਦੇਸ਼ ਮੰਤਰਾਲੇ ਦੇ ਦਫ਼ਤਰੀ ਵਿਚਾਰ-ਵਟਾਂਦਰੇ ਅਤੇ ਹੋਰ ਮੰਤਰੀ-ਪੱਧਰ ਤੇ ਸੀਨੀਅਰ ਅਧਿਕਾਰੀਆਂ ਦੇ ਸੰਵਾਦ ਪ੍ਰਣਾਲੀ ਅਤੇ ਆਦਾਨ-ਪ੍ਰਦਾਨ ਸਮੇਤ ਨਿਯਮਤ ਦੁਵੱਲੀ ਸਲਾਹ-ਮਸ਼ਵਰੇ ਨੂੰ ਜਾਰੀ ਰੱਖਣ ਦੇ ਮਹੱਤਵ ਦੀ ਪੁਸ਼ਟੀ ਕੀਤੀ।
6. ਦੋਵਾਂ ਨੇਤਾਵਾਂ ਨੇ ਆਪਣੀਆਂ ਸੰਸਦਾਂ ਵਿੱਚ ਭਾਰਤ-ਇੰਡੋਨੇਸ਼ੀਆ ਸੰਸਦੀ ਮਿੱਤਰਤਾ ਸਮੂਹ ਸਥਾਪਿਤ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਸੰਸਦੀ ਵਫ਼ਦਾਂ ਦੇ ਨਿਯਮਤ ਦੌਰਿਆਂ ਰਾਹੀਂ ਦੋਵਾਂ ਲੋਕਤੰਤਰਾਂ ਵਿਚਕਾਰ ਆਦਾਨ-ਪ੍ਰਦਾਨ ਵਧਾਉਣ ਦੀ ਜ਼ਰੂਰਤ ਦੀ ਪੁਸ਼ਟੀ ਕੀਤੀ।
7. ਦੋਵਾਂ ਨੇਤਾਵਾਂ ਨੇ ਆਪਸੀ ਸਮਝ ਨੂੰ ਹੋਰ ਗੂੜ੍ਹਾ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਚਾਰ ਸਮੂਹਾਂ –ਥਿੰਕ ਟੈਂਕਾਂ, ਵਿਦਿਅਕ ਸੰਸਥਾਵਾਂ ਅਤੇ ਨੀਤੀ ਮਾਹਿਰਾਂ ਵਿਚਕਾਰ ਸਾਂਝੇਦਾਰੀ ਵਧਾਉਣ ਦਾ ਸਵਾਗਤ ਕੀਤਾ। ਇਸ ਵਿੱਚ 23 ਅਪ੍ਰੈਲ 2025 ਨੂੰ ਜਕਾਰਤਾ ਵਿੱਚ ਆਯੋਜਿਤ ਤੀਸਰਾ ਭਾਰਤ-ਇੰਡੋਨੇਸ਼ੀਆ ਨੀਤੀ ਯੋਜਨਾਬੰਦੀ ਸੰਵਾਦ, 15-16 ਸਤੰਬਰ, 2025 ਨੂੰ ਜਕਾਰਤਾ ਵਿੱਚ ਆਯੋਜਿਤ ਦੂਸਰਾ ਭਾਰਤ-ਇੰਡੋਨੇਸ਼ੀਆ ਟ੍ਰੈਕ 1.5 ਸੰਵਾਦ (ਗੈਰ-ਰਸਮੀ ਅਤੇ ਅਰਧ-ਸਰਕਾਰੀ ਚਰਚਾ ਪ੍ਰਕਿਰਿਆ, ਜਿਸ ਵਿੱਚ ਸਰਕਾਰੀ ਅਧਿਕਾਰੀ ਅਤੇ ਗੈਰ-ਸਰਕਾਰੀ ਮਾਹਿਰ ਮਿਲ ਕੇ ਗੱਲਬਾਤ ਕਰਦੇ ਹਨ) ਅਤੇ 5-6 ਅਗਸਤ 2025 ਨੂੰ ਜਕਾਰਤਾ ਵਿੱਚ ਆਯੋਜਿਤ ‘ਜਕਾਰਤਾ ਫਿਊਚਰਜ਼ ਫੋਰਮ’ ਸ਼ਾਮਲ ਹਨ।
ਰੱਖਿਆ ਅਤੇ ਸਮੁੰਦਰੀ ਸਹਿਯੋਗ
ਭਾਰਤ ਅਤੇ ਇੰਡੋਨੇਸ਼ੀਆ ਨੂੰ ਸਮੁੰਦਰੀ ਗੁਆਂਢੀ ਅਤੇ ਮਜ਼ਬੂਤ ਰੱਖਿਆ ਰਣਨੀਤਕ ਭਾਈਵਾਲ ਮੰਨਦੇ ਹੋਏ ਅਤੇ 2018 ਵਿੱਚ ਹਿੰਦ-ਪ੍ਰਸ਼ਾਂਤ ਵਿੱਚ ਸਮੁੰਦਰੀ ਸਹਿਯੋਗ ਬਾਰੇ ਭਾਰਤ-ਇੰਡੋਨੇਸ਼ੀਆ ਸਾਂਝਾ ਦ੍ਰਿਸ਼ਟੀਕੋਣ ਅਪਣਾਏ ਜਾਣ ਨੂੰ ਯਾਦ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਰੱਖਿਆ ਅਤੇ ਸਮੁੰਦਰੀ ਭਾਈਵਾਲੀ ਨੂੰ ਵਧਾਉਣ ਅਤੇ ਵਿਆਪਕ ਬਣਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ।
9. ਦੋਵਾਂ ਨੇਤਾਵਾਂ ਨੇ 27 ਨਵੰਬਰ, 2025 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀਆਂ ਦੀ ਤੀਸਰੀ ਸੰਵਾਦ ਮੀਟਿੰਗ ਆਯੋਜਿਤ ਹੋਣ ਦਾ ਸਵਾਗਤ ਕੀਤਾ ਅਤੇ ਰਵਾਇਤੀ ਤੇ ਉੱਭਰਦੇ ਦੋਵਾਂ ਖੇਤਰਾਂ ਵਿੱਚ ਰੱਖਿਆ ਸਹਿਯੋਗ ਨੂੰ ਮਜ਼ਬੂਤ ਬਣਾਉਣ ਅਤੇ ਸਰਗਰਮ ਹਿੱਸੇਦਾਰੀ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਇਨ੍ਹਾਂ ਵਿੱਚ ਨਿਯਮਤ ਰੱਖਿਆ ਸੰਵਾਦ, ਸਾਂਝੇ ਅਭਿਆਸ, ਸਟਾਫ਼ ਵਾਰਤਾ, ਸਾਂਝੀ ਖੋਜ ਅਤੇ ਨਵੀਆਂ ਰੱਖਿਆ ਤਕਨਾਲੋਜੀਆਂ ਦਾ ਸਹਿ-ਉਤਪਾਦਨ, ਬੰਦਰਗਾਹਾਂ ਦੇ ਦੌਰੇ, ਸ਼ਾਂਤੀ ਸਥਾਪਨਾ ਗਤੀਵਿਧੀਆਂ, ਜਾਣਕਾਰੀ ਸਾਂਝੀ ਕਰਨਾ, ਹਾਈਡ੍ਰੋਗ੍ਰਾਫੀ, ਸਮਰੱਥਾ ਨਿਰਮਾਣ, ਕੈਡੇਟ ਸਿਖਲਾਈ ਅਤੇ ਆਦਾਨ-ਪ੍ਰਦਾਨ ਅਤੇ ਰੱਖਿਆ ਉਦਯੋਗਿਕ ਸਹਿਯੋਗ ਸ਼ਾਮਲ ਹਨ। ਦੋਵਾਂ ਨੇਤਾਵਾਂ ਨੇ ਬ੍ਰਹਮੋਸ ਮਿਜ਼ਾਈਲ ਪ੍ਰਣਾਲੀ ਅਤੇ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਸਹਿਯੋਗ ਸਮਝੌਤੇ ਸਮੇਤ ਰੱਖਿਆ ਸਹਿਯੋਗ ਵਧਾਉਣ ਦਾ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਸਮੁੰਦਰੀ ਖੇਤਰ ਜਾਗਰੂਕਤਾ, ਸਮੁੰਦਰੀ ਸੰਪਰਕ, ਤੱਟਵਰਤੀ ਨਿਗਰਾਨੀ, ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ, ਪ੍ਰਦੂਸ਼ਣ ਕੰਟਰੋਲ ਅਤੇ ਖੋਜ ਤੇ ਬਚਾਅ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਿਰੰਤਰ ਸਮੁੰਦਰੀ ਸਹਿਯੋਗ ਦਾ ਸਵਾਗਤ ਕੀਤਾ। ਦੋਵਾਂ ਦੇਸ਼ਾਂ ਦੇ ਆਪਸੀ ਹਿੱਤਾਂ ਅਤੇ ਤਰਜੀਹਾਂ ’ਤੇ ਅਧਾਰਿਤ ਇਹ ਸਹਿਯੋਗ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਖ਼ੁਸ਼ਹਾਲੀ ਲਿਆਉਣ ਦੇ ਨਾਲ-ਨਾਲ ਵਿਆਪਕ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਧੇਰੇ ਸਥਿਰਤਾ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ। ਦੋਵਾਂ ਨੇਤਾਵਾਂ ਨੇ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਬਾਰੇ ਸਮਝੌਤਾ ਪੱਤਰ ਦੇ ਨਵੀਨੀਕਰਨ ਅਤੇ ਇੰਡੋਨੇਸ਼ੀਆਈ ਤੱਟ ਰੱਖਿਅਕ ਬਲ – ਬਾਕਾਮਲਾ ਆਰਆਈ ਅਤੇ ਭਾਰਤੀ ਤੱਟ ਰੱਖਿਅਕ ਬਲ ਵਿਚਕਾਰ ਕਾਰਜਕਾਰੀ ਪ੍ਰਬੰਧਾਂ ਦਾ ਵੀ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਸਾਂਝੇ ਅਭਿਆਸਾਂ ਅਤੇ ਰੱਖਿਆ ਸਿਖਲਾਈ ਪ੍ਰੋਗਰਾਮਾਂ ਦੇ ਰਣਨੀਤਕ ਅਤੇ ਸੰਚਾਲਨ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਮੌਜੂਦਾ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤਾਂ ਨਾਲ ਜੁੜੇ ਸਮੁੰਦਰੀ ਮੁੱਦਿਆਂ ’ਤੇ ਰਚਨਾਤਮਕ ਚਰਚਾ ਜਾਰੀ ਰੱਖਣ ’ਤੇ ਵੀ ਜ਼ੋਰ ਦਿੱਤਾ, ਜੋ ਸਬੰਧਤ ਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੇ ਨਾਲ-ਨਾਲ 1982 ਦੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸਮਝੌਤੇ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਅਨੁਕੂਲ ਹਨ।
12. ਦੋਵਾਂ ਨੇਤਾਵਾਂ ਨੇ ਗੁਰੂਗ੍ਰਾਮ ਵਿਖੇ ਸਥਿਤ ‘ਹਿੰਦ ਮਹਾਸਾਗਰ ਖੇਤਰ – ਸੂਚਨਾ ਸੰਯੋਜਨ ਕੇਂਦਰ’ ਵਿੱਚ ਇੰਡੋਨੇਸ਼ੀਆ ਦੇ ਅੰਤਰਰਾਸ਼ਟਰੀ ਸੰਪਰਕ ਅਧਿਕਾਰੀ ਦੀ ਨਿਯੁਕਤੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਮੁੰਦਰੀ ਸੁਰੱਖਿਆ ਵਿੱਚ ਆਪਸੀ ਲਾਭਕਾਰੀ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ’ਤੇ ਚਰਚਾ ਜਾਰੀ ਰੱਖਣ ’ਤੇ ਵੀ ਸਹਿਮਤੀ ਪ੍ਰਗਟਾਈ।
ਦੋਵਾਂ ਨੇਤਾਵਾਂ ਨੇ ਰੱਖਿਆ ਉਦਯੋਗ ਅਤੇ ਤਕਨਾਲੋਜੀ ਵਿੱਚ ਸਹਿਯੋਗ ਨੂੰ ਪ੍ਰਮੁੱਖ ਤਰਜੀਹੀ ਖੇਤਰਾਂ ਵਿੱਚੋਂ ਇੱਕ ਦੱਸਿਆ ਅਤੇ ਰੱਖਿਆ ਉਪਕਰਨਾਂ ਦੀ ਸੋਰਸਿੰਗ, ਜਿਸ ਵਿੱਚ ਸਾਂਝੇ ਉਪਕਰਨਾਂ ਦਾ ਉਤਪਾਦਨ, ਤਕਨਾਲੋਜੀ ਦਾ ਤਬਾਦਲਾ, ਤਕਨੀਕੀ ਸਹਾਇਤਾ ਅਤੇ ਸਮਰੱਥਾ ਨਿਰਮਾਣ, ਜਹਾਜ਼ ਨਿਰਮਾਣ ਵਿੱਚ ਸਹਿਯੋਗ ਸ਼ਾਮਲ ਹੈ, ਇੱਕੋ ਜਿਹੇ ਰੱਖਿਆ ਪਲੈਟਫਾਰਮਾਂ ਲਈ ਰੱਖ-ਰਖਾਅ, ਮੁਰੰਮਤ ਅਤੇ ਸੰਚਾਲਨ ਸਹੂਲਤਾਂ ਦੀ ਸਥਾਪਨਾ, ਰੱਖਿਆ ਖੋਜ ਅਤੇ ਵਿਕਾਸ ਦੀ ਸਥਾਪਨਾ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਰੱਖਿਆ ਸਪਲਾਈ ਚੇਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਰੱਖਿਆ ਉਦਯੋਗਾਂ ਵਿਚਕਾਰ ਆਪਸੀ ਲਾਭਕਾਰੀ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟ ਕੀਤੀ। ਦੋਵਾਂ ਨੇਤਾਵਾਂ ਨੇ ਫੌਜੀ ਦਵਾਈਆਂ ਦੀ ਸਪਲਾਈ ਬਾਰੇ ਭਾਰਤ ਅਤੇ ਇੰਡੋਨੇਸ਼ੀਆ ਦੇ ਹਥਿਆਰਬੰਦ ਬਲਾਂ ਦੇ ਮੈਡੀਕਲ ਸੰਸਥਾਨਾਂ ਵਿਚਕਾਰ ਫਾਰਮਾਸਿਊਟੀਕਲ ਸਹਿਯੋਗ ਵਿੱਚ ਹੋਈ ਪ੍ਰਗਤੀ ਦਾ ਵੀ ਸਵਾਗਤ ਕੀਤਾ।
ਅੱਤਵਾਦ ਵਿਰੋਧੀ ਅਤੇ ਸੁਰੱਖਿਆ ਸਹਿਯੋਗ
ਦੋਵਾਂ ਨੇਤਾਵਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪਸ਼ਟ ਅਤੇ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਵਿਆਪਕ ਅਤੇ ਨਿਰੰਤਰ ਉਪਾਵਾਂ ਰਾਹੀਂ ਅੱਤਵਾਦ ਨਾਲ ਨਜਿੱਠਣ ਲਈ ਨਿਰਣਾਇਕ ਅਤੇ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਦਾ ਸੱਦਾ ਦਿੱਤਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਪਾਬੰਦੀ ਕਮੇਟੀ ਵਿੱਚ ਸੂਚੀਬੱਧ ਸੰਗਠਨਾਂ ਸਮੇਤ ਵਿਸ਼ਵ ਪੱਧਰ ’ਤੇ ਪਾਬੰਦੀਸ਼ੁਦਾ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ।
ਦੋਵਾਂ ਨੇਤਾਵਾਂ ਨੇ ਅੱਤਵਾਦ ਅਤੇ ਉਸ ਨੂੰ ਹੁਲਾਰਾ ਦੇਣ ਵਾਲੇ ਹਿੰਸਕ ਕੱਟੜਵਾਦ ਦੀ ਰੋਕਥਾਮ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਇਸ ਵਿੱਚ ਅੱਤਵਾਦੀ ਫੰਡਿੰਗ ’ਤੇ ਠੱਲ੍ਹ ਪਾਉਣ ਦੇ ਯਤਨ, ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਨਿਤ ਮਨੀ ਲਾਂਡਰਿੰਗ ਵਿਰੋਧੀ ਉਪਾਵਾਂ ਅਤੇ ਅੱਤਵਾਦੀ ਫੰਡਿੰਗ ਦਾ ਮੁਕਾਬਲਾ ਕਰਨ ਲਈ ਨਿਯਮਾਂ-ਮਾਪਦੰਡਾਂ ਨੂੰ ਉਤਸ਼ਾਹਿਤ ਕਰਨਾ, ਅੱਤਵਾਦੀ ਮਕਸਦਾਂ ਲਈ ਵਰਤੀਆਂ ਜਾਣ ਵਾਲੀਆਂ ਨਵੀਆਂ ਅਤੇ ਉੱਭਰਦੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਨੂੰ ਰੋਕਣਾ, ਅਤੇ ਅੱਤਵਾਦੀਆਂ ਦੀ ਔਨਲਾਈਨ ਭਰਤੀ ਤੇ ਡਿਜੀਟਲ ਪਲੈਟਫਾਰਮਾਂ ਰਾਹੀਂ ਕੱਟੜਤਾ ਫੈਲਾਉਣ ਨਾਲ ਨਜਿੱਠਣ ਅਤੇ ਹਿੰਸਕ ਕੱਟੜਵਾਦ ਦੇ ਰੋਕਥਾਮ ਪ੍ਰੋਗਰਾਮਾਂ ’ਤੇ ਸਹਿਯੋਗ ਮਜ਼ਬੂਤ ਕਰਨਾ ਸ਼ਾਮਲ ਹੈ।
16. ਦੋਵਾਂ ਨੇਤਾਵਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਤਵਾਦੀ ਫੰਡਿੰਗ ਦੇ ਸਰੋਤਾਂ ਨੂੰ ਠੱਲ੍ਹ ਪਾਉਣ ਅਤੇ ਸੰਯੁਕਤ ਰਾਸ਼ਟਰ ਅਤੇ ਵਿੱਤੀ ਕਾਰਵਾਈ ਕਾਰਜ ਬਲ ਸਮੇਤ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਸਰਗਰਮ ਉਪਾਅ ਜਾਰੀ ਰੱਖਣ ਦੀ ਦ੍ਰਿੜ੍ਹ ਵਚਨਬੱਧਤਾ ਪ੍ਰਗਟ ਕੀਤੀ।
ਅੱਤਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਚਕਾਰ ਸਬੰਧਾਂ ਨੂੰ ਉਜਾਗਰ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਆਪਣੇ ਘਰੇਲੂ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਜ਼ੁੰਮੇਵਾਰੀਆਂ ਦੇ ਅਨੁਕੂਲ, ਜਾਣਕਾਰੀ ਅਤੇ ਸਰਬੋਤਮ ਤਰੀਕਿਆਂ ਨੂੰ ਸਾਂਝਾ ਕਰਨ ਸਮੇਤ, ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ। ਉਨ੍ਹਾਂ ਨੇ ਨੇੜਲੇ ਭਵਿੱਖ ਵਿੱਚ ਹਸਤਾਖ਼ਰ ਕੀਤੇ ਜਾਣ ਵਾਲੇ ਅੱਤਵਾਦ ਵਿਰੋਧੀ ਸਹਿਯੋਗ ਬਾਰੇ ਸਮਝੌਤਾ ਪੱਤਰ ਨੂੰ ਜਲਦੀ ਹੀ ਅੰਤਿਮ ਰੂਪ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਸੁਰੱਖਿਆ ਸਬੰਧੀ ਮੁੱਦਿਆਂ ’ਤੇ ਵਿਆਪਕ ਚਰਚਾ ਲਈ ਇਕ ਮੰਚ ਦੇ ਰੂਪ ਵਿੱਚ ਤੀਸਰੇ ਭਾਰਤ-ਇੰਡੋਨੇਸ਼ੀਆ ਸੁਰੱਖਿਆ ਸੰਵਾਦ ਦੇ ਆਯੋਜਨ ਦਾ ਸਵਾਗਤ ਕੀਤਾ। ਦੋਵਾਂ ਦੇਸ਼ਾਂ ਨੇ ਸੰਵਾਦ ਰਾਹੀਂ ਅੱਤਵਾਦ, ਸੰਗਠਿਤ ਅਤੇ ਅੰਤਰਰਾਸ਼ਟਰੀ ਅਪਰਾਧ, ਉੱਭਰ ਰਹੀ ਤਕਨਾਲੋਜੀ ਤੇ ਸਾਈਬਰ ਸੁਰੱਖਿਆ ਅਤੇ ਰੱਖਿਆ ਉਦਯੋਗ, ਸਮੁੰਦਰੀ ਅਤੇ ਪੁਲਾੜ ਸਹਿਯੋਗ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦਾ ਸੰਕਲਪ ਪ੍ਰਗਟ ਕੀਤਾ।
ਦੋਵਾਂ ਨੇਤਾਵਾਂ ਨੇ ਨੀਤੀਗਤ ਸੰਵਾਦ, ਸਮਰੱਥਾ ਨਿਰਮਾਣ, ਸਰਬੋਤਮ ਤਰੀਕੇ ਸਾਂਝੇ ਕਰਨ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਵਿੱਤੀ ਤਕਨਾਲੋਜੀ, ਡਿਜੀਟਲ ਅਰਥਵਿਵਸਥਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜੀਟਲ ਫੋਰੈਂਸਿਕ ਅਤੇ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ) ਸਹਿਯੋਗ, ਮਹੱਤਵਪੂਰਨ ਸੂਚਨਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਡਿਜੀਟਲ ਹੁਨਰ ’ਤੇ ਸਮਰੱਥਾ ਨਿਰਮਾਣ ਸਮੇਤ ਸਾਈਬਰ ਖੇਤਰ ਵਿੱਚ ਸੰਭਾਵੀ ਸਹਿਯੋਗ ’ਤੇ ਚਰਚਾ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ।
ਆਰਥਿਕ ਅਤੇ ਵਪਾਰਕ ਸਹਿਯੋਗ
ਦੋਵਾਂ ਨੇਤਾਵਾਂ ਨੇ ਜ਼ਿਕਰ ਕੀਤਾ ਕਿ ਆਰਥਿਕ ਅਤੇ ਵਪਾਰਕ ਸਹਿਯੋਗ ਭਾਰਤ-ਇੰਡੋਨੇਸ਼ੀਆ ਦੇ ਗਤੀਸ਼ੀਲ ਸਬੰਧਾਂ ਦਾ ਇੱਕ ਪ੍ਰਮੁੱਖ ਅਧਾਰ ਬਣਿਆ ਹੋਇਆ ਹੈ। ਉਨ੍ਹਾਂ ਨੇ ‘ਵਿਕਸਿਤ ਭਾਰਤ 2047’ ਅਤੇ ‘ਇੰਡੋਨੇਸ਼ੀਆ ਐਮਸ 2045’ ਦੇ ਦ੍ਰਿਸ਼ਟੀਕੋਣਾਂ ਵਿਚਕਾਰ ਵਿਆਪਕ ਆਰਥਿਕ ਅਤੇ ਵਿਕਾਸਾਤਮਕ ਤਾਲਮੇਲ ਨੂੰ ਸਵੀਕਾਰ ਕਰਦੇ ਹੋਏ, ਹੋਰ ਆਰਥਿਕ ਮੌਕੇ ਖੋਲ੍ਹਣ ਲਈ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਅਤੇ ਡੂੰਘੇ ਆਰਥਿਕ ਏਕੀਕਰਨ ਦੀ ਭੂਮਿਕਾ ਨੂੰ ਪ੍ਰਵਾਨ ਕੀਤਾ। ਇਸ ਦਿਸ਼ਾ ਵਿੱਚ, ਉਨ੍ਹਾਂ ਨੇ ਸੰਤੁਲਿਤ, ਆਪਸੀ ਲਾਭਕਾਰੀ ਅਤੇ ਵਪਾਰਕ ਸੁਗਮਤਾ ਲਈ ‘ਆਸੀਆਨ-ਭਾਰਤ ਵਸਤੂ ਵਪਾਰ ਸਮਝੌਤੇ’ ਦੀ ਸਮੀਖਿਆ ਸਮੇਂ ਸਿਰ ਪੂਰੀ ਕਰਨ ਅਤੇ ਉਸ ਤੋਂ ਬਾਅਦ ਦੁਵੱਲੇ ਵਪਾਰ ਨੂੰ ਵਧਾਉਣ ਲਈ ਵਿਆਪਕ ਅਤੇ ਡੂੰਘੀ ਦੁਵੱਲੀ ਵਪਾਰਕ ਸਾਂਝੇਦਾਰੀ ਦੀ ਇੱਛਾ ਪ੍ਰਗਟਾਈ।
ਦੋਵਾਂ ਨੇਤਾਵਾਂ ਨੇ ‘ਵਪਾਰ ਅਤੇ ਨਿਵੇਸ਼ ਕਾਰਜ ਸਮੂਹ’ ਦੀ ਦੂਜੀ ਮੀਟਿੰਗ, ‘ਵਪਾਰ ਮੰਤਰੀਆਂ ਦੇ ਚੌਥੇ ਦੋ-ਸਾਲਾ ਮੰਚ’ ਅਤੇ ‘ਸਾਂਝੇ ਆਰਥਿਕ ਅਤੇ ਵਿੱਤੀ ਸੰਵਾਦ’ ਦੀ ਪਹਿਲੀ ਮੀਟਿੰਗ ਸਮੇਤ ਮੌਜੂਦਾ ਦੁਵੱਲੇ ਆਰਥਿਕ ਤੰਤਰ ਦੀ ਪੂਰੀ ਵਰਤੋਂ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੰਤਰਾਂ ਨੂੰ ਰੁਕੇ ਹੋਏ ਟੈਰਿਫ ਅਤੇ ਗੈਰ-ਟੈਰਿਫ ਮੁੱਦਿਆਂ ਦੇ ਹੱਲ, ਬਾਜ਼ਾਰ ਤੱਕ ਪਹੁੰਚ ਵਿੱਚ ਸੁਧਾਰ, ਵਪਾਰ ਅਤੇ ਨਿਵੇਸ਼ ਦੀ ਸੁਗਮਤਾ ਅਤੇ ਵਿੱਤ, ਡਿਜੀਟਲ ਅਰਥ-ਵਿਵਸਥਾ, ਉਦਯੋਗ ਤੇ ਸਪਲਾਈ ਚੇਨ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਠੋਸ ਅਤੇ ਵਪਾਰ-ਮੁਖੀ ਨਤੀਜੇ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੱਕ-ਦੂਜੇ ਦੇ ਘਰੇਲੂ ਨਿਯਮਾਂ ਅਤੇ ਵਿਕਾਸ ਦੀਆਂ ਤਰਜੀਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਦੋਵਾਂ ਨੇਤਾਵਾਂ ਨੇ ਘਰੇਲੂ ਨਿਰਮਾਣ ਉਦਯੋਗਾਂ ਦੇ ਵਿਕਾਸ ਲਈ ਵਿਭਿੰਨਤਾਪੂਰਨ ਅਤੇ ਜ਼ਰੂਰਤ ਮੁਤਾਬਕ ਸਪਲਾਈ ਚੇਨ ਤਿਆਰ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਮਹੱਤਵਪੂਰਨ ਖਣਿਜਾਂ ਅਤੇ ਦੁਰਲੱਭ ਧਾਤੂ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ, ਤਾਂ ਜੋ ਕਮਜ਼ੋਰੀਆਂ ’ਤੇ ਕਾਬੂ ਪਾਇਆ ਜਾ ਸਕੇ ਅਤੇ ਆਰਥਿਕ ਸੁਰੱਖਿਆ ਮਜ਼ਬੂਤ ਹੋਵੇ। ਉਨ੍ਹਾਂ ਨੇ ਦੁਰਲੱਭ ਧਾਤੂ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਨਾਨ-ਫੈਰਸ ਮੈਟੀਰੀਅਲਜ਼ ਟੈਕਨਾਲੋਜੀ ਡਿਵੈਲਪਮੈਂਟ ਸੈਂਟਰ, ਮਿਡਵੈਸਟ ਲਿਮਟਿਡ ਅਤੇ ਪੀਟੀ ਪੇਰੂਸਹਾਨ ਮਿਨਰਲ ਨੈਸ਼ਨਲ ਵਿਚਕਾਰ ਸਮਝੌਤਾ ਪੱਤਰ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਖਣਿਜ ਅਤੇ ਸਟੀਲ ਸਪਲਾਈ ਚੇਨ ਤਕਨਾਲੋਜੀ ਖੇਤਰ ਵਿੱਚ ਸਹਿਯੋਗ ਸਮਝੌਤਾ ਪੱਤਰ ’ਤੇ ਹਸਤਾਖ਼ਰ ਹੋਣ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ‘ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ’ ਅਤੇ ‘ਪੀਟੀ ਕ੍ਰਾਕਾਟਾਊ ਸਟੀਲ’ ਵਿਚਕਾਰ ਇੰਡੋਨੇਸ਼ੀਆ ਵਿੱਚ ਸਟੇਨਲੈਸ ਸਟੀਲ ਸਲੈਬ ਨਿਰਮਾਣ ਸਹੂਲਤ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਰਣਨੀਤਕ ਸਾਂਝੇ ਉੱਦਮ ’ਤੇ ਵੀ ਸੰਤੋਖ ਪ੍ਰਗਟਾਇਆ।
ਦੋਵਾਂ ਨੇਤਾਵਾਂ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਬੈਂਕ ਇੰਡੋਨੇਸ਼ੀਆ ਵਿਚਕਾਰ ਸਥਾਨਕ ਕਰੰਸੀ ਦੇ ਲੈਣ-ਦੇਣ ਬਾਰੇ ਦਿਸ਼ਾ-ਨਿਰਦੇਸ਼ਾਂ ਦੇ ਸੰਚਾਲਨ ਵਿੱਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ ਅਤੇ ਦੋਵਾਂ ਅਰਥ-ਵਿਵਸਥਾਵਾਂ ਵਿਚਕਾਰ ਵਿੱਤੀ ਏਕੀਕਰਨ ਹੋਰ ਡੂੰਘਾ ਹੋਵੇਗਾ।
ਸਿਹਤ, ਫਾਰਮਾ, ਖੁਰਾਕ ਅਤੇ ਊਰਜਾ ਸੁਰੱਖਿਆ
ਦੋਵਾਂ ਨੇਤਾਵਾਂ ਨੇ ਇੰਡੋਨੇਸ਼ੀਆ ਵਿੱਚ ਇੱਕ ਸੰਭਾਵੀ ਸੰਚਾਲਨ ਵੰਡ ਮੰਚ ਦੇ ਰੂਪ ਵਿੱਚ ‘ਰੈੱਡ ਐਂਡ ਵ੍ਹਾਈਟ ਕੋਆਪ੍ਰੇਟਿਵ ਨੈੱਟਵਰਕ’ ਦੇ ਮਹੱਤਵ ’ਤੇ ਜ਼ੋਰ ਦਿੱਤਾ, ਤਾਂ ਜੋ ਸਬੰਧਤ ਘਰੇਲੂ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ, ਦੋਵਾਂ ਦੇਸ਼ਾਂ ਤੋਂ ਦਵਾਈਆਂ ਅਤੇ ਮੈਡੀਕਲ ਉਤਪਾਦਾਂ ਸਮੇਤ ਹੋਰ ਵਸਤੂਆਂ ਦੀ ਸਪਲਾਈ ਕੀਤੀ ਜਾ ਸਕੇ।
ਦੋਵਾਂ ਨੇਤਾਵਾਂ ਨੇ ਸਿਹਤ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ ‘ਸਿਹਤ ਪੇਸ਼ਾਵਰ ਕਾਰਜਬਲ ਵਿਕਾਸ ਕਾਰਜਕਾਰੀ ਸਮਝੌਤੇ’ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ। ਇਹ ਸਮਝੌਤਾ ਪੇਸ਼ੇਵਰਾਂ ਲਈ ਫੈਲੋਸ਼ਿਪ ਪ੍ਰੋਗਰਾਮਾਂ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ, ਵਿਸ਼ੇਸ਼ ਮੈਡੀਕਲ ਖੇਤਰਾਂ ਵਿੱਚ ਵਿਹਾਰਕ ਕਲੀਨਿਕਲ ਸਿਖਲਾਈ, ਸਿਹਤ ਪੇਸ਼ੇਵਰਾਂ ਤੇ ਮਾਹਰਾਂ ਦੇ ਆਦਾਨ-ਪ੍ਰਦਾਨ, ਮੈਡੀਕਲ ਅਤੇ ਸਿਹਤ ਸੇਵਾਵਾਂ ਵਿੱਚ ਸਰਬੋਤਮ ਤਰੀਕਿਆਂ ਦੇ ਆਦਾਨ-ਪ੍ਰਦਾਨ ਅਤੇ ਹੋਰ ਆਪਸੀ ਸਹਿਮਤੀ ਵਾਲੀਆਂ ਸਹਿਯੋਗੀ ਗਤੀਵਿਧੀਆਂ ਰਾਹੀਂ ਸਹਿਯੋਗ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਪ੍ਰੋਸੈਸਡ ਖੁਰਾਕ ਪਦਾਰਥਾਂ ਦੇ ਖੇਤਰ ਵਿੱਚ ਰੈਗੂਲੇਟਰੀ ਸਹਿਯੋਗ ਬਾਰੇ ‘ਇੰਡੋਨੇਸ਼ੀਆਈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ’ ਅਤੇ ‘ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ’ ਵਿਚਕਾਰ ਸਮਝੌਤਾ ਪੱਤਰ ਨੂੰ ਜਲਦੀ ਹੀ ਅੰਤਿਮ ਰੂਪ ਦਿੱਤੇ ਜਾਣ ਦਾ ਸੱਦਾ ਕੀਤਾ।
ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਦੀਆਂ ਘਰੇਲੂ ਨੀਤੀਆਂ ਦਾ ਸਨਮਾਨ ਕਰਦੇ ਹੋਏ ਖੁਰਾਕ ਸੁਰੱਖਿਆ ਅਤੇ ਪੋਸ਼ਣ ਖੇਤਰ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿੱਚ ਸਹਿਯੋਗ ਵਧਾਉਣ ਦੇ ਯਤਨਾਂ ਦਾ ਸਵਾਗਤ ਕੀਤਾ, ਜਿਸ ਵਿੱਚ ਖੁਰਾਕ ਅਤੇ ਖੇਤੀਬਾੜੀ ਵਪਾਰ, ਸਾਂਝੇ ਅਧਿਐਨ, ਨਵੀਨਤਾ ਅਤੇ ਗਿਆਨ ਸਾਂਝਾ ਕਰਨਾ ਸ਼ਾਮਲ ਹੈ, ਤਾਂ ਜੋ ਆਪਸੀ ਤੌਰ ’ਤੇ ਨਿਰਧਾਰਤ ਟਿਕਾਊ ਅਤੇ ਹਾਲਾਤਾਂ ਮੁਤਾਬਕ ਅਨੁਕੂਲ ਖੁਰਾਕ ਪ੍ਰਣਾਲੀਆਂ ਨੂੰ ਸਮਰਥਨ ਮਿਲ ਸਕੇ। ਉਨ੍ਹਾਂ ਨੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ ਨੂੰ ਜਲਦੀ ਪੂਰਾ ਕਰਨ ਅਤੇ ਸਮੁੰਦਰੀ ਤੇ ਮੱਛੀ ਪਾਲਣ ਉਦਯੋਗ ਖੇਤਰ ਵਿੱਚ ਸਮਝੌਤਾ ਪੱਤਰ ਦੇ ਜਲਦੀ ਨਵੀਨੀਕਰਨ ਦੀ ਉਮੀਦ ਪ੍ਰਗਟ ਕੀਤੀ।
ਦੋਵਾਂ ਨੇਤਾਵਾਂ ਨੇ ਦਵਾਈਆਂ ਅਤੇ ਮੈਡੀਕਲ ਉਤਪਾਦਾਂ ਦੇ ਖੇਤਰ ਵਿੱਚ ਇਸ ਵੇਲੇ ਜਾਰੀ ਸਹਿਯੋਗ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੈਡੀਕਲ ਉਤਪਾਦ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ਬਾਰੇ ‘ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ’ ਅਤੇ ਇੰਡੋਨੇਸ਼ੀਆ ਦੀ ‘ਫੂਡ ਐਂਡ ਡਰੱਗ ਸੁਪਰਵੀਜ਼ਨ ਏਜੰਸੀ’ ਵਿਚਕਾਰ ਸਮਝੌਤਾ ਪੱਤਰ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ।
29. ਦੋਵਾਂ ਨੇਤਾਵਾਂ ਨੇ ਖਾਦ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ ਅਤੇ ਬਦਲਦੇ ਗਲੋਬਲ ਬਾਜ਼ਾਰ ਦੇ ਅਨੁਕੂਲ ਸਥਿਰ, ਕਿਫਾਇਤੀ ਅਤੇ ਭਰੋਸੇਮੰਦ ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ।
30. ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਦੇ ਅਨੁਸਾਰ, ਰਵਾਇਤੀ, ਨਵੀਨ ਅਤੇ ਅਖੁੱਟ ਊਰਜਾ ਸਮੇਤ ਊਰਜਾ ਸੁਰੱਖਿਆ ਖੇਤਰ ਵਿੱਚ ਸਹਿਯੋਗ, ਸਾਂਝੇ ਅਧਿਐਨ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਤਰਲ ਕੁਦਰਤੀ ਗੈਸ, ਗ੍ਰੀਨ ਹਾਈਡ੍ਰੋਜਨ, ਬਾਇਓ-ਊਰਜਾ, ਸੂਰਜੀ ਊਰਜਾ ਅਤੇ ਊਰਜਾ ਕੁਸ਼ਲਤਾ ਤਕਨਾਲੋਜੀ ਵਿੱਚ ਸਹਿਯੋਗ ਵਧਾਉਣ ਦਾ ਸਵਾਗਤ ਕੀਤਾ।
ਬੁਨਿਆਦੀ ਢਾਂਚਾ ਅਤੇ ਸੰਪਰਕ
ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਵਿਚਕਾਰ ਸਮੁੰਦਰੀ ਅਤੇ ਹਵਾਈ ਸੰਪਰਕ ਵਧਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਹਵਾਈ ਸੰਪਰਕ ਤੇ ਬੰਦਰਗਾਹ-ਤੋਂ-ਬੰਦਰਗਾਹ ਸੰਪਰਕ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ 2026 ਦੇ ਅਖੀਰਲੇ ਮਹੀਨਿਆਂ ਵਿੱਚ ਆਯੋਜਿਤ ਹੋਣ ਵਾਲੀ ‘ਅੰਡੇਮਾਨ-ਆਚੇ ਸੰਪਰਕ’ ਬਾਰੇ ਤੀਜੀ ਸਾਂਝੀ ਕਾਰਜ ਬਲ ਮੀਟਿੰਗ ਅਤੇ ਜਲਦੀ ਲਾਗੂ ਹੋਣ ਵਾਲੀ ਕਾਰਜ ਯੋਜਨਾ ਪ੍ਰਤੀ ਉਤਸੁਕਤਾ ਪ੍ਰਗਟਾਈ।
ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ ਸਬਾਂਗ ਬੰਦਰਗਾਹ ਦੇ ਏਕੀਕ੍ਰਿਤ ਵਿਕਾਸ ਦੀ ਭਾਈਵਾਲੀ ਵਿੱਚ ਭਾਰਤ ਦੀ ਦਿਲਚਸਪੀ ਦਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਮੰਨਿਆ ਕਿ ਇਸ ਤਰ੍ਹਾਂ ਦੀ ਭਾਈਵਾਲੀ—ਜਿਸ ਵਿੱਚ ਕਰੂਜ਼ ਅਤੇ ਸਮੁੰਦਰੀ ਸੈਰ-ਸਪਾਟਾ ਸਹੂਲਤਾਂ, ਸਮੁੰਦਰੀ ਉਦਯੋਗ (ਜਹਾਜ਼ਾਂ ਦੀ ਮੁਰੰਮਤ ਅਤੇ ਜਹਾਜ਼ ਨਿਰਮਾਣ) ਅਤੇ ਅੰਡੇਮਾਨ ਸਾਗਰ ਵਿੱਚ ਤੱਟਵਰਤੀ ਊਰਜਾ ਗਤੀਵਿਧੀਆਂ ਨੂੰ ਸਮਰਥਨ ਦੇਣ ਵਾਲੀਆਂ ਤੱਟ-ਅਧਾਰਿਤ ਸੇਵਾਵਾਂ ਸ਼ਾਮਲ ਹਨ—ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ ਸੁਮਾਤਰਾ ਟਾਪੂ ਦੇ ਸੂਬਿਆਂ ਵਿਚਕਾਰ ਸੰਸਥਾਗਤ, ਭੌਤਿਕ, ਡਿਜੀਟਲ ਅਤੇ ਲੋਕਾਂ ਤੇ ਵਸਤੂਆਂ ਦੀ ਆਵਾਜਾਈ ਨੂੰ ਹੁਲਾਰਾ ਦੇਵੇਗੀ। ਇਸ ਨਾਲ ਨਿਵੇਸ਼, ਰੁਜ਼ਗਾਰ, ਤਕਨਾਲੋਜੀ ਦਾ ਤਬਾਦਲਾ ਅਤੇ ਸਾਂਝੀ ਖੇਤਰੀ ਖ਼ੁਸ਼ਹਾਲੀ ਆਵੇਗੀ। ਦੋਵਾਂ ਨੇਤਾਵਾਂ ਨੇ ਆਪਣੇ-ਆਪਣੇ ਸਬੰਧਤ ਅਧਿਕਾਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇੰਡੋਨੇਸ਼ੀਆ ਦੀਆਂ ਵਿਕਾਸ ਯੋਜਨਾਵਾਂ ਅਤੇ ਲਾਗੂ ਨਿਯਮਾਂ ਦੇ ਅਨੁਸਾਰ, ਸਮਾਂਬੱਧ ਅਤੇ ਆਪਸੀ ਲਾਭਕਾਰੀ ਤਰੀਕਿਆਂ ਨਾਲ ਪ੍ਰੋਜੈਕਟ ਦੇ ਦਾਇਰੇ, ਰੂਪ-ਰੇਖਾ ਅਤੇ ਫੰਡਿੰਗ ’ਤੇ ਕੰਮ ਕਰਨ।
33. ਦੋਵਾਂ ਨੇਤਾਵਾਂ ਨੇ ਭਾਰਤ ਵਿੱਚ ਡਿਜੀਟਲ ਵਪਾਰ ਲਈ ਓਪਨ ਨੈੱਟਵਰਕ ਆਰਕੀਟੈਕਚਰ ’ਤੇ ਅਧਾਰਿਤ ‘ਇੰਡੋਨੇਸ਼ੀਆ ਓਪਨ ਨੈੱਟਵਰਕ’ ਸ਼ੁਰੂ ਕੀਤੇ ਜਾਣ ਦਾ ਸਵਾਗਤ ਕੀਤਾ। ਇਸ ਦਾ ਉਦੇਸ਼ ਡਿਜੀਟਲ ਨੈੱਟਵਰਕ ਰਾਹੀਂ ਡਿਜੀਟਲ ਅਰਥ-ਵਿਵਸਥਾ ਵਿੱਚ ਇੰਡੋਨੇਸ਼ੀਆਈ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ।
34. ਦੋਵਾਂ ਨੇਤਾਵਾਂ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਬੈਂਕ ਇੰਡੋਨੇਸ਼ੀਆ ਵਿਚਕਾਰ ਹੋਏ ਸਮਝੌਤੇ ਤਹਿਤ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਰਹੱਦ ਪਾਰ ਕਿਊਆਰ ਭੁਗਤਾਨ ਸੰਪਰਕ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ। ਇਹ ਪਹਿਲਕਦਮੀ ਇੰਡੋਨੇਸ਼ੀਆ ਅਤੇ ਭਾਰਤ ਵਿਚਕਾਰ ਦੁਵੱਲੇ ਭੁਗਤਾਨ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਲੈਣ-ਦੇਣ ਦੀ ਕੁਸ਼ਲਤਾ ਨੂੰ ਵਧਾਏਗਾ, ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰੇਗਾ ਅਤੇ ਵਿਸ਼ੇਸ਼ ਤੌਰ ’ਤੇ ਲਘੂ ਤੇ ਮੱਧਮ ਉਦਯੋਗਾਂ, ਸੈਰ-ਸਪਾਟਾ ਅਤੇ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਕੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।
35. ਦੋਵਾਂ ਨੇਤਾਵਾਂ ਨੇ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਟੈਲੀਕੌਮ ਤਕਨਾਲੋਜੀ ਅਤੇ ਸੇਵਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ ਦੇ ਸੰਪੰਨ ਹੋਣ ਦਾ ਸਵਾਗਤ ਕੀਤਾ। ਇਹ ਸਮਾਵੇਸ਼ੀ ਆਰਥਿਕ ਵਿਕਾਸ ਅਤੇ ਡਿਜੀਟਲ ਬਦਲਾਵ ਲਈ ਦੂਰ-ਸੰਚਾਰ ਤਕਨਾਲੋਜੀ ਅਤੇ ਡਿਜੀਟਲ ਕਨੈਕਟੀਵਿਟੀ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ।
ਜੈਵਿਕ ਭਿੰਨਤਾ ਸੰਭਾਲ ਅਤੇ ਟਿਕਾਊ ਵਿਕਾਸ
ਰਾਸ਼ਟਰਪਤੀ ਪ੍ਰਬੋਵੋ ਨੇ ਜੈਵਿਕ ਭਿੰਨਤਾ ਦੀ ਸੰਭਾਲ ਦੇ ਖੇਤਰ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਪ੍ਰਵਾਨ ਕੀਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ‘ਅੰਤਰਰਾਸ਼ਟਰੀ ਬਿਗ ਕੈਟ ਐਲਾਇੰਸ’ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਬੰਧਤ ਘਰੇਲੂ ਪ੍ਰਕਿਰਿਆ ਦੇ ਅਨੁਸਾਰ ਇਸ ਵਿੱਚ ਸ਼ਾਮਲ ਹੋਣ ਦੀ ਇੰਡੋਨੇਸ਼ੀਆ ਦੀ ਇੱਛਾ ਦਾ ਸਵਾਗਤ ਕੀਤਾ ਅਤੇ ਇੰਡੋਨੇਸ਼ੀਆ ਦੀਆਂ ਪਹਿਲਕਦਮੀਆਂ, ਵਿਸ਼ੇਸ਼ ਤੌਰ ’ਤੇ ‘ਵਿਸ਼ਵ ਮੈਂਗਰੋਵ ਕੇਂਦਰ’ ਅਤੇ ‘ਅੰਤਰਰਾਸ਼ਟਰੀ ਟ੍ਰੌਪੀਕਲ ਪੀਟਲੈਂਡ ਸੈਂਟਰ’ ਦਾ ਜ਼ਿਕਰ ਕੀਤਾ, ਜੋ ਜੈਵਿਕ ਭਿੰਨਤਾ, ਮੈਂਗਰੋਵ ਅਤੇ ਪੀਟਲੈਂਡ ਦੀ ਸੰਭਾਲ ’ਤੇ ਗਲੋਬਲ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਕੁਦਰਤੀ ਅਤੇ ਮਨੁੱਖ ਵੱਲੋਂ ਬਣਾਈਆਂ ਆਫ਼ਤਾਂ ਪ੍ਰਤੀ ਸੰਵੇਦਨਸ਼ੀਲਤਾ ਪ੍ਰਗਟ ਕਰਦੇ ਹੋਏ ਦੋਵਾਂ ਨੇਤਾਵਾਂ ਨੇ ਆਫ਼ਤ ਪ੍ਰਬੰਧਨ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਾਣਕਾਰੀ, ਤਜਰਬੇ ਅਤੇ ਸਰਬੋਤਮ ਤਰੀਕਿਆਂ ਦੇ ਆਦਾਨ-ਪ੍ਰਦਾਨ ਦੇ ਨਾਲ-ਨਾਲ ਆਫ਼ਤ ਪ੍ਰਤੀਕਿਰਿਆ, ਮੁੜ-ਵਸੇਬੇ, ਘਟਾਓ ਅਤੇ ਤਿਆਰੀ ਸੰਬੰਧੀ ਸਮਰੱਥਾ ਨਿਰਮਾਣ ਤੇ ਸਿਖਲਾਈ, ਪ੍ਰਭਾਵਸ਼ਾਲੀ ਆਫ਼ਤ ਪ੍ਰਬੰਧਨ ਅਤੇ ਆਫ਼ਤ-ਸਹਿਣਸ਼ੀਲ ਬੁਨਿਆਦੀ ਢਾਂਚੇ ਲਈ ਡੇਟਾ ਦੀ ਵਰਤੋਂ ਰਾਹੀਂ ਸਹਿਯੋਗ ਵਧਾਉਣ ਲਈ ਦੋਵਾਂ ਦੇਸ਼ਾਂ ਦੇ ‘ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀਆਂ’ ਵਿਚਕਾਰ ਸਮਝੌਤਾ ਪੱਤਰ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਫ਼ਤ ਜੋਖਮ ਨੂੰ ਘਟਾਉਣ ਅਤੇ ਲਚਕੀਲੇਪਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ‘ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ’ ਦੇ ਮਹੱਤਵ ਦਾ ਵੀ ਜ਼ਿਕਰ ਕੀਤਾ।
ਵਿਗਿਆਨ ਅਤੇ ਤਕਨਾਲੋਜੀ, ਪੁਲਾੜ ਅਤੇ ਮਹੱਤਵਪੂਰਨ ਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ
ਦੋਵਾਂ ਨੇਤਾਵਾਂ ਨੇ 12 ਅਗਸਤ, 2025 ਨੂੰ ‘ਵਿਗਿਆਨ ਅਤੇ ਤਕਨਾਲੋਜੀ’ ’ਤੇ ਪਹਿਲੀ ਸਾਂਝੀ ਕਮਿਸ਼ਨ ਦੀ ਮੀਟਿੰਗ ਦੇ ਆਯੋਜਨ ਅਤੇ ਭਾਰਤ ਤੇ ਇੰਡੋਨੇਸ਼ੀਆ ਵਿਚਕਾਰ ਖੋਜ, ਤਕਨਾਲੋਜੀ ਅਤੇ ਨਵੀਨਤਾ ਸਹਿਯੋਗ ਬਾਰੇ ਸਮਝੌਤਾ ਪੱਤਰ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ‘ਭਾਰਤੀ ਪੁਲਾੜ ਖੋਜ ਸੰਗਠਨ’ – ਇਸਰੋ ਅਤੇ ਇੰਡੋਨੇਸ਼ੀਆ ਦੀ ‘ਰਾਸ਼ਟਰੀ ਖੋਜ ਅਤੇ ਨਵੀਨਤਾ ਏਜੰਸੀ’ ਵਿਚਕਾਰ ਚੱਲ ਰਹੇ ਪੁਲਾੜ ਸਹਿਯੋਗ ਦੇ ਨਾਲ-ਨਾਲ 24-25 ਜੂਨ 2026 ਨੂੰ ਭਾਰਤ ਦੇ ਬੈਂਗਲੁਰੂ ਵਿੱਚ ਆਯੋਜਿਤ ‘ਬਾਹਰੀ ਪੁਲਾੜ ਸਹਿਯੋਗ’ ’ਤੇ ਛੇਵੀਂ ਸਾਂਝੀ ਕਮਿਸ਼ਨ ਦੀ ਮੀਟਿੰਗ ’ਤੇ ਸੰਤੋਖ ਪ੍ਰਗਟਾਇਆ। ਉਨ੍ਹਾਂ ਨੇ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਵਿੱਚ ਸਹਿਯੋਗ ਬਾਰੇ ਫਰੇਮਵਰਕ ਸਮਝੌਤੇ ਦੇ ਵਿਸਤਾਰ ’ਤੇ ਹਸਤਾਖ਼ਰ ਹੋਣ ਦਾ ਵੀ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੇ ਸੈਟੇਲਾਈਟ ਅਤੇ ਲਾਂਚ ਵ੍ਹੀਕਲ ਪ੍ਰੋਗਰਾਮਾਂ ਅਤੇ ਭਾਰਤ ਦੇ ‘ਗਗਨਯਾਨ ਮਿਸ਼ਨ’ ਦੇ ਸਮਰਥਨ ਵਿੱਚ ਇੰਡੋਨੇਸ਼ੀਆ ਦੇ ਨਿਰੰਤਰ ਸਹਿਯੋਗ ਲਈ ਰਾਸ਼ਟਰਪਤੀ ਪ੍ਰਬੋਵੋ ਦਾ ਧੰਨਵਾਦ ਪ੍ਰਗਟ ਕੀਤਾ। ਇਹ ਸਹਿਯੋਗ ‘ਬ੍ਰਿਨ-ਇਸਰੋ’ ਅਤੇ ‘ਬਿਆਕ ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ’ (ਟੀਟੀਸੀ) ਸਹੂਲਤਾਂ ਵਿਚਕਾਰ ਸਹਿਯੋਗੀ ਪ੍ਰਬੰਧਾਂ ਰਾਹੀਂ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਪ੍ਰਬੋਵੋ ਨੇ ਇੰਡੋਨੇਸ਼ੀਆਈ ਉਪਗ੍ਰਹਿਆਂ ਦੇ ਲਾਂਚਿੰਗ ਅਤੇ ‘ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਪੁਲਾੜ ਵਿਗਿਆਨ ਤਕਨਾਲੋਜੀ ਸਿੱਖਿਆ ਕੇਂਦਰ’ ਰਾਹੀਂ ਇੰਡੋਨੇਸ਼ੀਆਈ ਅਧਿਕਾਰੀਆਂ ਦੀ ਸਿਖਲਾਈ ਅਤੇ ‘ਆਸੀਆਨ-ਭਾਰਤ ਪੁਲਾੜ ਸਹਿਯੋਗ’ ਲਈ ਭਾਰਤ ਦੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇੰਡੋਨੇਸ਼ੀਆ ਵਿੱਚ ਪੁਲਾੜ ਪੱਤਣ ਪ੍ਰੋਜੈਕਟ ’ਤੇ ਦੋਵਾਂ ਦੇਸ਼ਾਂ ਵਿਚਕਾਰ ਪੁਲਾੜ ਈਕੋਸਿਸਟਮ ਸਹਿਯੋਗ ਦਾ ਵੀ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਬਾਰੇ ਹੋਈਆਂ ਚਰਚਾਵਾਂ ਨੂੰ ਵੀ ਉਜਾਗਰ ਕੀਤਾ, ਜਿਸ ਨਾਲ ਖੋਜ, ਸਮਰੱਥਾ ਨਿਰਮਾਣ ਅਤੇ ਪਰਮਾਣੂ ਸੁਰੱਖਿਆ ਵਿੱਚ ਸਹਿਯੋਗ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਨਾਗਰਿਕ ਪਰਮਾਣੂ ਊਰਜਾ ਦੀ ਵਰਤੋਂ ਨੂੰ ਹੁਲਾਰਾ ਦੇਣ ਦੇ ਯਤਨਾਂ ਦਾ ਸਵਾਗਤ ਕੀਤਾ, ਜਿਸ ਵਿੱਚ ਉਦਯੋਗ, ਪਰਮਾਣੂ ਦਵਾਈਆਂ, ਖੇਤੀਬਾੜੀ ਅਤੇ ਜਲ ਪ੍ਰਬੰਧਨ ਵਿੱਚ ਸਬੰਧਤ ਰੈਗੂਲੇਟਰੀ ਤੇ ਤਕਨੀਕੀ ਪ੍ਰਗਤੀ ਅਤੇ ਐਪਲੀਕੇਸ਼ਨ ਸ਼ਾਮਲ ਹਨ।
ਸੱਭਿਆਚਾਰ, ਸੈਰ-ਸਪਾਟਾ ਅਤੇ ਲੋਕਾਂ ਵਿਚਕਾਰ ਆਦਾਨ-ਪ੍ਰਦਾਨ
ਦੋਵਾਂ ਨੇਤਾਵਾਂ ਨੇ ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਯੋਗਯਾਕਰਤਾ ਵਿੱਚ ਯੂਨੇਸਕੋ ਵਿਸ਼ਵ ਵਿਰਾਸਤ ਸਥਾਨ ‘ਪ੍ਰੰਬਾਨਨ ਮੰਦਰ ਕੰਪਲੈਕਸ’ ਦੇ ਮੁੜ-ਨਿਰਮਾਣ ਅਤੇ ਸੰਭਾਲ ਲਈ ਭਾਰਤ-ਸਮਰਥਿਤ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਦਾ ਸਵਾਗਤ ਕੀਤਾ। ਇੰਡੋਨੇਸ਼ੀਆ ਨੇ ਭਾਰਤ ਦੇ ਰਾਸ਼ਟਰੀ ਅਜਾਇਬ ਘਰ ਵੱਲੋਂ ਲਗਭਗ 860 ਈਸਵੀ ਦੀ ਮੂਲ ਨਾਲੰਦਾ ਤਾਮ੍ਰਪੱਤਰ ਦੀ ਕਾਪੀ ਭੇਟ ਕਰਨ ਦੀ ਵੀ ਸ਼ਲਾਘਾ ਕੀਤੀ, ਜੋ ਦੇਵਨਾਗਰੀ ਲਿਪੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਉੱਕਰੀ ਹੋਈ ਹੈ। ਇਹ ਹੁਣ ਮੁਆਰਾ ਜਾਂਬੀ ਦੇ ਨਵੇਂ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਦੋਵਾਂ ਨੇਤਾਵਾਂ ਨੇ ਅਗਸਤ, 2023 ਵਿੱਚ ਵਾਰਾਣਸੀ ਵਿਖੇ ਆਯੋਜਿਤ ਜੀ-20 ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਅਪਣਾਏ ਗਏ “ਕਾਸ਼ੀ ਕਲਚਰਲ ਪਾਥਵੇਅ” ਵਿੱਚ ਸ਼ਾਮਲ ਸਿਧਾਂਤਾਂ ਨੂੰ ਯਾਦ ਕੀਤਾ ਅਤੇ ਦੋਵਾਂ ਸਰਕਾਰਾਂ ਵਿਚਕਾਰ ਆਪਣੇ ਕਾਨੂੰਨਾਂ ਤੇ ਪ੍ਰਕਿਰਿਆਵਾਂ ਦੇ ਅਨੁਸਾਰ ਅਤੇ ਦੋਸਤੀ ਤੇ ਆਪਸੀ ਸਨਮਾਨ ਦੀ ਭਾਵਨਾ ਨਾਲ ਸੱਭਿਆਚਾਰਕ ਵਿਰਾਸਤ ’ਤੇ ਨਿਰੰਤਰ ਸਲਾਹ-ਮਸ਼ਵਰੇ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਦੋਵਾਂ ਨੇਤਾਵਾਂ ਨੇ ਰਬਿੰਦਰਨਾਥ ਟੈਗੋਰ ਅਤੇ ਇੰਡੋਨੇਸ਼ੀਆ ਵਿੱਚ ਸਿੱਖਿਆ ਤੇ ਆਜ਼ਾਦੀ ਦੀ ਲੜਾਈ ਵਿੱਚ ਵਡਮੁੱਲੇ ਯੋਗਦਾਨ ਪਾਉਣ ਵਾਲੇ ਮੋਢੀ ‘ਕੀ ਹਜਾਰ ਦੇਵਾਂਤਰਾ’ ਦੀ ਅਮਿੱਟ ਬੌਧਿਕ ਵਿਰਾਸਤ ਅਤੇ ਸਾਂਝੇ ਵਿਦਿਅਕ ਦ੍ਰਿਸ਼ਟੀਕੋਣ ਨੂੰ ਮਾਨਤਾ ਦਿੱਤੀ, ਜਿਨ੍ਹਾਂ ਦੇ ਆਦਾਨ-ਪ੍ਰਦਾਨ ਨੇ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਾਂਝੇ ਸੱਭਿਆਚਾਰਕ ਅਤੇ ਵਿਦਿਅਕ ਸਬੰਧਾਂ ਦੀ ਇੱਕ ਮਹੱਤਵਪੂਰਨ ਨੀਂਹ ਰੱਖਣ ਵਿੱਚ ਮਦਦ ਕੀਤੀ। ਦੋਵਾਂ ਨੇਤਾਵਾਂ ਨੇ 2026-2027 ਨੂੰ “ਭਾਰਤ-ਇੰਡੋਨੇਸ਼ੀਆ ਸੱਭਿਆਚਾਰਕ ਅਤੇ ਵਿਦਿਅਕ ਕੂਟਨੀਤੀ ਦਾ ਟੈਗੋਰ-ਦੇਵਾਂਤਰਾ ਸਾਲ” ਵਜੋਂ ਮਨਾਉਣ ’ਤੇ ਸਹਿਮਤੀ ਪ੍ਰਗਟਾਈ। ਇਹ ਆਯੋਜਨ ਦੋਵਾਂ ਦੇਸ਼ਾਂ ਵਿੱਚ ਸਾਂਝੀਆਂ ਸੱਭਿਆਚਾਰਕ, ਵਿਦਿਅਕ, ਅਕਾਦਮਿਕ ਅਤੇ ਜਨ-ਜਨ ਪਹਿਲਕਦਮੀਆਂ ਦੇ ਇੱਕ ਸਾਲ ਭਰ ਚੱਲਣ ਵਾਲੇ ਪ੍ਰਗੋਰਾਮ ਰਾਹੀਂ, ਰਬਿੰਦਰਨਾਥ ਟੈਗੋਰ ਦੀ 1927 ਵਿੱਚ ਇੰਡੋਨੇਸ਼ੀਆ ਯਾਤਰਾ ਦੀ ਸ਼ਤਾਬਦੀ (100ਵੇਂ ਸਾਲ) ਨੂੰ ਦਰਸਾਏਗਾ।
44. ਸੈਰ-ਸਪਾਟੇ ਨੂੰ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਬੰਧਾਂ ਦੇ ਪ੍ਰੇਰਕ ਵਜੋਂ ਉਜਾਗਰ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਸੈਰ-ਸਪਾਟਾ ਸਹਿਯੋਗ ਵਧਾਉਣ ਅਤੇ ਇੱਕ-ਦੂਜੇ ਦੇ ਦੇਸ਼ ਵਿੱਚ ਸੈਲਾਨੀਆਂ ਦੀ ਆਵਾਜਾਈ ਨੂੰ ਵਧਾਉਣ ਦੀ ਸਾਂਝੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਦੋਵਾਂ ਧਿਰਾਂ ਲਈ ਯਾਤਰਾ ਦੀ ਸੁਗਮਤਾ ਅਤੇ ਵੀਜ਼ਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਦੇ ਉਪਾਵਾਂ ’ਤੇ ਅੱਗੇ ਗੱਲਬਾਤ ਕਰਨ ’ਤੇ ਸਹਿਮਤੀ ਜਤਾਈ।
45. ਦੋਵਾਂ ਨੇਤਾਵਾਂ ਨੇ ਸਿੱਖਿਆ ਦੇ ਖੇਤਰ ਵਿੱਚ ਜਾਰੀ ਸਹਿਯੋਗ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਸਮੇਤ ਹੋਰ ਵੱਧ ਅਕਾਦਮਿਕ ਅਤੇ ਸੰਸਥਾਗਤ ਸਹਿਯੋਗ ਦੀ ਦਿਸ਼ਾ ਵਿੱਚ ਕੰਮ ਕਰਨ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ ਨੂੰ ਜਲਦੀ ਸੰਪੰਨ ਹੋਣ ਲਈ ਵੀ ਉਤਸ਼ਾਹਿਤ ਕੀਤਾ।
ਦੋਵਾਂ ਨੇਤਾਵਾਂ ਨੇ ਉੱਚ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਅਕਾਦਮਿਕ ਗਤੀਸ਼ੀਲਤਾ, ਸਾਂਝੀ ਖੋਜ, ਗਿਆਨ ਦੇ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ, ਸੰਸਥਾਗਤ ਸਹਿਯੋਗ ਅਤੇ ਮਨੁੱਖੀ ਸਰੋਤ ਵਿਕਾਸ ਨੂੰ ਸਮਰਥਨ ਦੇਣ ਵਾਲੀਆਂ ਹੋਰ ਪਹਿਲਕਦਮੀਆਂ ਰਾਹੀਂ ਆਪਸੀ ਲਾਭਕਾਰੀ ਭਾਈਵਾਲੀ ਦੇ ਵਿਸਤਾਰ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਉੱਚ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ ਦੇ ਜਲਦੀ ਸੰਪੰਨ ਹੋਣ ਦੀ ਉਮੀਦ ਪ੍ਰਗਟਾਈ। ਰਾਸ਼ਟਰਪਤੀ ਪ੍ਰਬੋਵੋ ਨੇ ਇੰਡੋਨੇਸ਼ੀਆ ਵਿੱਚ ਨਾਮਵਰ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਦੇ ਖੇਤਰੀ ਕੈਂਪਸ ਸਥਾਪਿਤ ਕਰਨ ਦੀ ਵਧਦੀ ਦਿਲਚਸਪੀ ਦਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ‘ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬੈਂਗਲੁਰੂ’ ਵੱਲੋਂ ਇੰਡੋਨੇਸ਼ੀਆ ਵਿੱਚ ਇੱਕ ਕੈਂਪਸ ਸਥਾਪਿਤ ਕਰਨ ਦੇ ਪ੍ਰਸਤਾਵ ਦਾ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਮਨੁੱਖੀ ਸੰਸਾਧਨ ਵਿਕਾਸ, ਬਿਹਤਰ ਪ੍ਰਬੰਧਨ ਅਤੇ ਚੋਣ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਦੀ ਦਿਸ਼ਾ ਵਿੱਚ ਭਾਰਤ ਦੇ ਚੋਣ ਕਮਿਸ਼ਨ ਅਤੇ ਇੰਡੋਨੇਸ਼ੀਆ ਦੇ ਆਮ ਚੋਣ ਕਮਿਸ਼ਨ ਵਿਚਕਾਰ ਸਹਿਯੋਗ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਚੋਣ ਪ੍ਰਬੰਧਨ ਅਤੇ ਤਕਨਾਲੋਜੀ ਦੀ ਵਰਤੋਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤੀ ਚੋਣ ਕਮਿਸ਼ਨ ਅਤੇ ਕੇਪੀਯੂ ਵਿਚਕਾਰ ਸਮਝੌਤਾ ਪੱਤਰ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ।
48. ਦੋਵਾਂ ਨੇਤਾਵਾਂ ਨੇ ਅਧਿਕਾਰਤ ਅੰਕੜਾ ਵਿਗਿਆਨ, ਸਮਰੱਥਾ ਨਿਰਮਾਣ ਅਤੇ ਰਣਨੀਤਕ ਸਹਿਯੋਗ ਦੇ ਖੇਤਰ ਵਿੱਚ ਭਾਰਤ ਦੇ ‘ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ’ ਅਤੇ ਇੰਡੋਨੇਸ਼ੀਆਈ ਅੰਕੜਾ ਵਿਭਾਗ – ਬੀਪੀਐੱਸ ਵਿਚਕਾਰ ਪ੍ਰਸਤਾਵਿਤ ਸਹਿਯੋਗ ਦਾ ਸਵਾਗਤ ਕੀਤਾ।
ਖੇਤਰੀ ਅਤੇ ਬਹੁਪੱਖੀ ਸਹਿਯੋਗ
ਦੋਵਾਂ ਨੇਤਾਵਾਂ ਨੇ ਮੌਜੂਦਾ ਭੂ-ਰਾਜਨੀਤਿਕ ਸਥਿਤੀ, ਆਰਥਿਕ ਅਤੇ ਸਪਲਾਈ ਚੇਨ ਵਿੱਚ ਵਿਘਨ ਅਤੇ ਆਪਸੀ ਚਿੰਤਾ ਦੇ ਗਲੋਬਲ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਯੁਕਤ ਰਾਸ਼ਟਰ ਅਤੇ ਇਸ ਦੀਆਂ ਵਿਸ਼ੇਸ਼ ਏਜੰਸੀਆਂ ਸਮੇਤ ਬਹੁਪੱਖੀ ਅਤੇ ਖੇਤਰੀ ਮੰਚਾਂ ’ਤੇ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਵਧੇਰੇ ਰਣਨੀਤਕ ਅਤੇ ਨਜ਼ਦੀਕੀ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਤਾਂ ਜੋ ਖੇਤਰ ਅਤੇ ਇਸ ਤੋਂ ਬਾਹਰ ਸ਼ਾਂਤੀ, ਸਥਿਰਤਾ, ਸਹਿਯੋਗ ਅਤੇ ਖ਼ੁਸ਼ਹਾਲੀ ’ਤੇ ਅਧਾਰਿਤ ਅੰਤਰਰਾਸ਼ਟਰੀ ਕਾਨੂੰਨ ’ਤੇ ਕੇਂਦ੍ਰਿਤ ਵਧੇਰੇ ਸੰਤੁਲਿਤ ਅਤੇ ਪ੍ਰਤੀਨਿਧਤਾ ਵਾਲੀ ਵਿਸ਼ਵ ਵਿਵਸਥਾ ਸਥਾਪਿਤ ਹੋ ਸਕੇ। ਦੋਵਾਂ ਧਿਰਾਂ ਨੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਸਾਂਝੇ ਸਨਮਾਨ ਦੀ ਪੁਸ਼ਟੀ ਕਰਦੇ ਹੋਏ ਖੇਤਰ ਅਤੇ ਇਸ ਤੋਂ ਬਾਹਰ ਸ਼ਾਂਤੀ, ਸਥਿਰਤਾ ਅਤੇ ਆਪਸੀ ਲਾਭਕਾਰੀ ਸਹਿਯੋਗ ਦੇ ਅਧਾਰ ਵਜੋਂ ਸੱਭਿਆਚਾਰਕ ਤੇ ਧਾਰਮਿਕ ਵਿਭਿੰਨਤਾ, ਬਹੁਲਵਾਦ ਅਤੇ ਕਾਨੂੰਨ ਦੇ ਸ਼ਾਸਨ ਨੂੰ ਬਣਾਈ ਰੱਖਣ ਦੇ ਮਹੱਤਵ ਨੂੰ ਉਜਾਗਰ ਕੀਤਾ। ਦੋਵਾਂ ਨੇਤਾਵਾਂ ਨੇ ਵਿਕਾਸਸ਼ੀਲ ਦੇਸ਼ਾਂ ਵਿਚਕਾਰ ਵਧਦੀ ਸਹਿਯੋਗੀ ਭੂਮਿਕਾ ਨੂੰ ਪ੍ਰਵਾਨ ਕੀਤਾ ਅਤੇ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਨੇਤਾਵਾਂ ਨੇ ਸਮਕਾਲੀ ਭੂ-ਰਾਜਨੀਤਿਕ ਹਕੀਕਤਾਂ ਨੂੰ ਦਰਸਾਉਣ ਅਤੇ ਗਲੋਬਲ ਸਾਊਥ ਦੀਆਂ ਇੱਛਾਵਾਂ ਪ੍ਰਤੀ ਸੰਵੇਦਨਸ਼ੀਲ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸਾਰਥਕ ਸੁਧਾਰਾਂ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿਆਪਕ ਸੁਧਾਰ ਅਤੇ ਵਿਸਤਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਜਿਸ ਵਿੱਚ ਸਥਾਈ ਅਤੇ ਅਸਥਾਈ ਦੋਵੇਂ ਤਰ੍ਹਾਂ ਦੀ ਮੈਂਬਰਸ਼ਿਪ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਧਾਰ ਸਮਾਵੇਸ਼ੀ ਅਤੇ ਮੈਂਬਰ ਦੇਸ਼ਾਂ ਵੱਲੋਂ ਸੰਚਾਲਿਤ ਅੰਤਰ-ਸਰਕਾਰੀ ਗੱਲਬਾਤ, ਜਿਸ ਵਿੱਚ ਲਿਖਤੀ ਗੱਲਬਾਤ ਵੀ ਸ਼ਾਮਲ ਹੈ, ਦੇ ਮਾਧਿਅਮ ਰਾਹੀਂ ਹੋਣੇ ਚਾਹੀਦੇ ਹਨ। ਬਹੁਪੱਖੀ ਮੰਚਾਂ ’ਤੇ ਆਪਸੀ ਸਹਿਯੋਗ ਦੀ ਮਜ਼ਬੂਤ ਭਾਵਨਾ ਨੂੰ ਦਰਸਾਉਂਦੇ ਹੋਏ, ਦੋਵਾਂ ਨੇਤਾਵਾਂ ਨੇ ਵੱਖ-ਵੱਖ ਅੰਤਰਰਾਸ਼ਟਰੀ ਉਮੀਦਵਾਰਾਂ ਲਈ ਆਪਸੀ ਸਮਰਥਨ ’ਤੇ ਚਰਚਾ ਕੀਤੀ।
ਦੋਵਾਂ ਨੇਤਾਵਾਂ ਨੇ ਗਲੋਬਲ ਵਿੱਤੀ ਢਾਂਚੇ ਵਿੱਚ ਸੁਧਾਰਾਂ ਦੀ ਜ਼ਰੂਰਤ ਦੇ ਨਾਲ-ਨਾਲ ਗੈਰ-ਬਾਜ਼ਾਰੂ ਅਭਿਆਸਾਂ, ਸਪਲਾਈ ਚੇਨ ਦੇ ਕੇਂਦਰੀਕਰਨ ਅਤੇ ਅਨਿਸ਼ਚਿਤ ਬਾਜ਼ਾਰ ਪਹੁੰਚ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ‘ਵਿਸ਼ਵ ਵਪਾਰ ਸੰਗਠਨ’ ਨੂੰ ਕੇਂਦਰ ਵਿੱਚ ਰੱਖਦੇ ਹੋਏ ਨਿਯਮ-ਅਧਾਰਿਤ, ਨਿਰਪੱਖ, ਖੁੱਲ੍ਹੀ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਵਪਾਰ ਪ੍ਰਣਾਲੀ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।
52. ਇੰਡੋਨੇਸ਼ੀਆ ਨੇ ਭਾਰਤ ਦੀ 2026 ਦੀ ਬ੍ਰਿਕਸ ਪ੍ਰਧਾਨਗੀ ਪ੍ਰਤੀ ਪੂਰਨ ਸਮਰਥਨ ਪ੍ਰਗਟਾਇਆ। ਭਾਰਤ ਨੇ ਬ੍ਰਿਕਸ ਮੈਂਬਰ ਦੇਸ਼ ਵਜੋਂ ਇੰਡੋਨੇਸ਼ੀਆ ਦੀ ਭੂਮਿਕਾ ਦਾ ਸਮਰਥਨ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ। ਦੋਵਾਂ ਨੇਤਾਵਾਂ ਨੇ ਸਮਾਨ ਗਲੋਬਲ ਸ਼ਾਸਨ ਅਤੇ ਟਿਕਾਊ ਵਿਕਾਸ ਲਈ ਰਚਨਾਤਮਕ ਯੋਗਦਾਨ ਪਾਉਣ ਲਈ ਬ੍ਰਿਕਸ, ਜੀ-20, ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ ਸਮੇਤ ਪ੍ਰਮੁੱਖ ਮੰਚਾਂ ਰਾਹੀਂ ਆਪਸੀ ਤਾਲਮੇਲ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
53. ਦੋਵਾਂ ਨੇਤਾਵਾਂ ਨੇ 2018 ਵਿੱਚ ਐਲਾਨੇ ਗਏ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ-ਇੰਡੋਨੇਸ਼ੀਆ ਸਮੁੰਦਰੀ ਸਹਿਯੋਗ ਦੇ ਸਾਂਝੇ ਦ੍ਰਿਸ਼ਟੀਕੋਣ’ ਨੂੰ ਯਾਦ ਕਰਦੇ ਹੋਏ ਇੱਕ ਸੁਤੰਤਰ, ਖੁੱਲ੍ਹੇ, ਪਾਰਦਰਸ਼ੀ, ਨਿਯਮ-ਅਧਾਰਿਤ, ਸ਼ਾਂਤੀਪੂਰਨ, ਖ਼ੁਸ਼ਹਾਲ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
54. ਉਨ੍ਹਾਂ ਨੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ, 1982 ਦੇ ‘ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ’ (ਯੂਐੱਨਸੀਐੱਲਓਐੱਸ) ਸਮੇਤ ਅੰਤਰਰਾਸ਼ਟਰੀ ਸੰਧੀਆਂ ਦੀ ਪਾਲਣਾ, ਜਹਾਜ਼ਰਾਨੀ ਅਤੇ ਹਵਾਈ ਉਡਾਣਾਂ ਦੀ ਆਜ਼ਾਦੀ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਤਾਕਤ ਦੀ ਵਰਤੋਂ ਜਾਂ ਧਮਕੀ ਤੋਂ ਗੁਰੇਜ਼ ਕਰਦੇ ਹੋਏ ਗੱਲਬਾਤ ਅਤੇ ਸਹਿਯੋਗ ਨੂੰ ਹੁਲਾਰਾ ਦੇਣ ’ਤੇ ਸਹਿਮਤੀ ਪ੍ਰਗਟਾਈ।
55. ਰਾਸ਼ਟਰਪਤੀ ਪ੍ਰਬੋਵੋ ਨੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ ਵਿਕਸਿਤ ਹੋ ਰਹੀ ਖੇਤਰੀ ਸੰਰਚਨਾ ਵਿੱਚ ਆਸੀਆਨ ਦੀ ਏਕਤਾ ਅਤੇ ਆਸੀਆਨ ’ਤੇ ਕੇਂਦ੍ਰਿਤ ਭਾਰਤ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ‘ਆਸੀਆਨ-ਭਾਰਤ ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਮਜ਼ਬੂਤ ਕਰਨ ਦਾ ਸਮਰਥਨ ਕੀਤਾ, ਜੋ ਸਬੰਧਤ ਮੈਂਬਰ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਦੀ ਪੂਰਕ ਹੈ। ਦੋਵਾਂ ਨੇਤਾਵਾਂ ਨੇ ‘ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ ਹਿੰਦ-ਪ੍ਰਸ਼ਾਂਤ ਬਾਰੇ ਆਸੀਆਨ ਆਊਟਲੁੱਕ’ ਅਤੇ ਭਾਰਤ ਦੀ ‘ਹਿੰਦ-ਪ੍ਰਸ਼ਾਂਤ ਮਹਾਂਸਾਗਰ ਪਹਿਲਕਦਮੀ’ ਸਮੇਤ ਆਪਸੀ ਤਾਲਮੇਲ ਨੂੰ ਹੋਰ ਗੂੜ੍ਹਾ ਬਣਾਉਣ ਲਈ ਦੇਸ਼ਾਂ ਨੂੰ ਉਤਸ਼ਾਹਿਤ ਕੀਤਾ।
56. ਦੋਵਾਂ ਨੇਤਾਵਾਂ ਨੇ ਭਾਰਤ-ਇੰਡੋਨੇਸ਼ੀਆ-ਆਸਟ੍ਰੇਲੀਆ ਤ੍ਰਿਪੱਖੀ ਤੰਤਰ ਦੇ ਪ੍ਰਭਾਵਸ਼ਾਲੀ ਸਹਿਯੋਗ ਦਾ ਸਵਾਗਤ ਕੀਤਾ ਅਤੇ ਸਮੁੰਦਰੀ ਖੇਤਰ ਜਾਗਰੂਕਤਾ, ਸਮੁੰਦਰੀ ਪ੍ਰਦੂਸ਼ਣ, ਸਮੁੰਦਰ-ਆਧਾਰਿਤ ਅਰਥਵਿਵਸਥਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈਏਐੱਸ), ਹਿੰਦ-ਪ੍ਰਸ਼ਾਂਤ ਮਹਾਂਸਾਗਰ ਪਹਿਲਕਦਮੀ (ਆਈਪੀਓਆਈ) ਅਤੇ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ (ਆਈਓਆਰਏ) ਦੇ ਢਾਂਚੇ ਤਹਿਤ ਸਹਿਯੋਗ ਵਧਾਉਣ ਦਾ ਸਵਾਗਤ ਕੀਤਾ।
57. ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ/ਮੱਧ ਪੂਰਬ ਦੀ ਸਥਿਤੀ ਅਤੇ ਇਸ ਦੇ ਗਲੋਬਲ ਪ੍ਰਭਾਵਾਂ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ 17 ਜੂਨ, 2026 ਨੂੰ ਹਸਤਾਖ਼ਰ ਕੀਤੇ ਗਏ ਸ਼ਾਂਤੀ ਸਮਝੌਤਾ ਪੱਤਰ ਦਾ ਸਵਾਗਤ ਕੀਤਾ। ਉਨ੍ਹਾਂ ਨੇ ਤਣਾਅ ਨੂੰ ਘਟਾਉਣ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਦੁਹਰਾਇਆ ਕਿ ਸਾਰੇ ਮੁੱਦਿਆਂ ਦਾ ਹੱਲ ਸੰਵਾਦ ਅਤੇ ਕੂਟਨੀਤੀ ਰਾਹੀਂ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜਹਾਜ਼ਰਾਨੀ ਦੀ ਆਜ਼ਾਦੀ ਅਤੇ ਗਲੋਬਲ ਵਪਾਰ ਦੇ ਪ੍ਰਵਾਹ ਦਾ ਸਨਮਾਨ ਕਰਨ ਅਤੇ ਹੋਰਮੁਜ਼ ਜਲਡਮਰੂਮੱਧ ਤੋਂ ਲਾਂਘਾ ਲਾਗੂ ਕਰਨ ’ਤੇ ਵੀ ਇੱਕੋ ਜਿਹਾ ਰੁਖ਼ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸਮਝੌਤੇ ਦੇ ਪ੍ਰਬੰਧਾਂ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਕੂਲ ਹੋਣਾ ਚਾਹੀਦਾ ਹੈ।
58. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯਾਤਰਾ ਦੌਰਾਨ ਆਪਣੇ ਅਤੇ ਵਫ਼ਦ ਦੇ ਨਿੱਘੇ ਸਵਾਗਤ ਅਤੇ ਸ਼ਾਨਦਾਰ ਪਰਾਹੁਣਚਾਰੀ ਲਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੰਡੋਨੇਸ਼ੀਆ ਦੇ ਦੋਸਤਾਨਾ ਲੋਕਾਂ ਦੀ ਖ਼ੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦੇ ਹੋਏ, ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੂੰ ਆਪਸੀ ਸਹਿਮਤੀ ਨਾਲ ਸੁਵਿਧਾਜਨਕ ਸਮੇਂ ’ਤੇ ਭਾਰਤ ਆਉਣ ਦਾ ਦਿਲੋਂ ਸੱਦਾ ਦਿੱਤਾ।
*******
ਐੱਮਜੇਪੀਐੱਸ/ਐੱਸਐੱਸ/ਐੱਸਟੀ
PM @narendramodi and President @prabowo held extensive talks at Istana Merdeka in Jakarta.
— PMO India (@PMOIndia) July 7, 2026
The leaders reviewed the growing momentum in India-Indonesia ties and discussed cooperation in trade, healthcare, agriculture, food security, defence, security and maritime affairs.
They… pic.twitter.com/6QBs2ljA0W
Held productive discussions with President Prabowo Subianto at Istana Merdeka in Jakarta. Over the past few years, India-Indonesia relations have acquired new momentum and greater depth. Today’s talks covered various subjects such as trade, human development, agriculture, food… pic.twitter.com/FvVqXEpDDZ
— Narendra Modi (@narendramodi) July 7, 2026
Looking at the future, we agreed that our nations must work closely in areas such as space, telecommunications, artificial intelligence, Digital Public Infrastructure and other emerging technologies. pic.twitter.com/PWOf3mgtbs
— Narendra Modi (@narendramodi) July 7, 2026
Telah melaksanakan diskusi yang produktif bersama Presiden Prabowo Subianto di Istana Merdeka, Jakarta. Dalam beberapa tahun terakhir, hubungan India-Indonesia telah memperoleh momentum baru dan cakupan yang lebih mendalam. Pembicaraan hari ini mencakup berbagai bidang seperti… pic.twitter.com/w4igar20lk
— Narendra Modi (@narendramodi) July 7, 2026
Melihat ke depan, kami sepakat bahwa kedua bangsa kita harus bekerja sama secara erat di berbagai bidang seperti antariksa, telekomunikasi, kecerdasan buatan, Infrastruktur Publik Digital, serta teknologi digital terbarukan lainnya. pic.twitter.com/r7DXJQxnBw
— Narendra Modi (@narendramodi) July 7, 2026
The outcomes from this visit are comprehensive, substantive and futuristic.
— Narendra Modi (@narendramodi) July 7, 2026
The India-Indonesia friendship will keep scaling new heights in the years to come. https://t.co/5o3XGTWlD8
Hasil dari kunjungan ini bersifat komprehensif, substantif, dan berorientasi ke masa depan.
— Narendra Modi (@narendramodi) July 7, 2026
Persahabatan India-Indonesia akan terus mencapai tingkatan yang lebih tinggi di tahun-tahun mendatang. https://t.co/5o3XGTWlD8