Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੜੀਸਾ ਦੇ ਭੁਵਨੇਸ਼ਵਰ ਵਿੱਚ ਆਰਬੀਆਈ ਦੇ ਨਵੇਂ ਸਥਾਪਤ ਡੇਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੜੀਸਾ ਦੇ ਭੁਵਨੇਸ਼ਵਰ ਵਿੱਚ ਆਰਬੀਆਈ ਦੇ ਨਵੇਂ ਸਥਾਪਤ ਡੇਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੜੀਸਾ ਦੇ ਭੁਵਨੇਸ਼ਵਰ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਵੇਂ ਸਥਾਪਤ ਡੇਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਉਦਘਾਟਨ ਕੀਤਾ। ਮਹਾਪ੍ਰਭੂ ਜਗਨਨਾਥ ਦੇ ਆਸ਼ੀਰਵਾਦ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਨੂੰ ਭੁਵਨੇਸ਼ਵਰ ਵੱਲੋਂ ਇੱਕ ਮਹੱਤਵਪੂਰਨ ਨਵਾਂ ਸੰਸਥਾਨ ਸਮਰਪਿਤ ਕੀਤੇ ਜਾਣ ’ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਇਨ੍ਹਾਂ ਦੋਵਾਂ ਸਹੂਲਤਾਂ ਦੀ ਸ਼ੁਰੂਆਤ ਕਰਨ ਲਈ ਆਰਬੀਆਈ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਇਹ ਉੜੀਸਾ ਦੇ ਲੋਕਾਂ ਅਤੇ ਪੂਰੇ ਦੇਸ਼ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ।”

ਉਦਘਾਟਨ ਦੇ ਵਿਆਪਕ ਮਹੱਤਵ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਦੇਸ਼ ਦੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਵਿੱਚ ਆਏ ਇੱਕ ਬੁਨਿਆਦੀ ਤਬਦੀਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦੇ ਦੌਰ ਦਾ ਸੁਸ਼ਾਸਨ ਵਿਕਾਸ ਨੂੰ ਤਰਜੀਹ ਦੇਣ, ਇਸ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਆਖ਼ਰੀ ਵਿਅਕਤੀ ਤੱਕ ਸਹੂਲਤਾਂ (ਲਾਸਟ-ਮਾਈਲ ਡਿਲੀਵਰੀ) ਪਹੁੰਚਾਉਣ ’ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਵਿੱਚ ਗਵਰਨੈਂਸ ਦਾ ਤਰੀਕਾ ਕਿਸ ਤਰ੍ਹਾਂ ਬਦਲਿਆ ਹੈ।”

ਪ੍ਰਧਾਨ ਮੰਤਰੀ ਨੇ ਜਨ-ਕੇਂਦ੍ਰਿਤ ਅਤੇ ਸਰਗਰਮ ਸੁਸ਼ਾਸਨ ਦੇ ਉਸ ਮਾਡਲ ਦੀ ਚਰਚਾ ਕੀਤੀ, ਜੋ ਸੰਤੁਲਿਤ ਖੇਤਰੀ ਵਿਕਾਸ, ਗ਼ਰੀਬਾਂ ਦੇ ਸਨਮਾਨ ਅਤੇ ਇਹ ਯਕੀਨੀ ਬਣਾਉਣ ’ਤੇ ਕੇਂਦ੍ਰਿਤ ਹੈ ਕਿ ਕੋਈ ਵੀ ਨਾਗਰਿਕ ਪਿੱਛੇ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਅੱਜ ਐਕਸਪ੍ਰੈੱਸਵੇਅ ਛੋਟੇ ਸ਼ਹਿਰਾਂ ਨੂੰ ਆਪਸ ਵਿੱਚ ਜੋੜ ਰਹੇ ਹਨ, ਏਮਸ ਜਿਹੇ ਸੰਸਥਾਨਾਂ ਦਾ ਕਈ ਸੂਬਿਆਂ ਵਿੱਚ ਵਿਸਤਾਰ ਹੋਇਆ ਹੈ, ਛੋਟੇ ਸ਼ਹਿਰਾਂ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ, ਪਿੰਡਾਂ ਵਿੱਚ ਲਗਭਗ 1.75 ਲੱਖ ਆਯੁਸ਼ਮਾਨ ਆਰੋਗਯ ਮੰਦਰ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡਿਜੀਟਲ ਕਨੈਕਟੀਵਿਟੀ ਦਾ ਵਿਸਤਾਰ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਨਾ ਹੀ ਹੁਣ ਸੁਸ਼ਾਸਨ ਦਾ ਅਸਲ ਉਦੇਸ਼ ਹੈ।”

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ 1960 ਅਤੇ 1970 ਦੇ ਦਹਾਕੇ ਵਿੱਚ ਗ਼ਰੀਬਾਂ ਦੀ ਭਲਾਈ ਦੇ ਨਾਮ ’ਤੇ ਬੈਂਕਾਂ ਦਾ ਰਾਸ਼ਟਰੀਕਰਨ ਕੀਤੇ ਜਾਣ ਦੇ ਬਾਵਜੂਦ, 2014 ਤੱਕ ਅੱਧੀ ਤੋਂ ਵੱਧ ਆਬਾਦੀ ਬੈਂਕਿੰਗ ਵਿਵਸਥਾ ਤੋਂ ਬਾਹਰ ਸੀ। ਉਸ ਸਮੇਂ ਮੱਧ ਵਰਗ ਦੇ ਲਈ ਬੈਂਕ ਤੋਂ ਕਰਜ਼ਾ ਲੈਣਾ ਦੂਰ ਦਾ ਸੁਪਨਾ ਸੀ, ਜਦੋਂ ਕਿ ਛੋਟੇ ਕਿਸਾਨਾਂ, ਬੇਜ਼ਮੀਨੇ ਅਤੇ ਮਹਿਲਾਵਾਂ ਦੇ ਲਈ ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਮਾਵੇਸ਼ਨ ਦੇ ਆਧੁਨਿਕ ਦੌਰ ਨੇ ਦੇਸ਼ ਭਰ ਵਿੱਚ ਇਸ ਸਥਿਤੀ ਨੂੰ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਅੱਜ ਭਾਰਤ ਵਿੱਚ ਡਿਜੀਟਲ ਬੈਂਕਿੰਗ ਨੇ ਹਰ ਕਿਸੇ ਨੂੰ 24 ਘੰਟੇ ਬੈਂਕਿੰਗ ਸੇਵਾਵਾਂ ਨਾਲ ਜੋੜ ਦਿੱਤਾ ਹੈ।”

ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਅੱਜ ਡਿਜੀਟਲ ਬੈਂਕਿੰਗ ਰਾਹੀਂ ਦੇਸ਼ ਦਾ ਹਰ ਪਰਿਵਾਰ ਲਾਭਪਾਤਰੀ ਬਣ ਗਿਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਰਕਾਰੀ ਸਹਾਇਤਾ ਦੀ ਵੰਡ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਲੀਕੇਜ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ-ਇੱਕ ਰੁਪਿਆ ਹੁਣ ਬਿਨਾਂ ਕਿਸੇ ਕਟੌਤੀ ਦੇ ਸਿੱਧੇ ਲਾਭਪਾਤਰੀ ਦੇ ਖਾਤੇ ਵਿੱਚ ਪਹੁੰਚਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਹ ਦੇਸ਼ ਵਿੱਚ ਖੋਲ੍ਹੇ ਗਏ ਲਗਭਗ 60 ਕਰੋੜ ਜਨ-ਧਨ ਖਾਤਿਆਂ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਬਿਨਾਂ ਕਿਸੇ ਜਾਇਦਾਦ ਨੂੰ ਗਿਰਵੀ (ਕੋਲੈਟਰਲ) ਰੱਖੇ ਵੀ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਿਫ਼ਾਇਤੀ ਦਰਾਂ ’ਤੇ ਰਸਮੀ ਕਰਜ਼ਾ (ਫੌਰਮਲ ਕ੍ਰੈਡਿਟ) ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਨਿਰਧਾਰਿਤ ਯੋਜਨਾਵਾਂ ਅਤੇ ਪਹਿਲਕਦਮੀਆਂ ਰਾਹੀਂ ਛੋਟੇ ਉੱਦਮੀ, ਰਵਾਇਤੀ ਕਾਰੀਗਰ, ਰੇਹੜੀ-ਫੜ੍ਹੀ ਵਾਲੇ ਅਤੇ ਅਸੰਗਠਿਤ ਖੇਤਰ ਦੇ ਕਾਮੇ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁਦਰਾ ਯੋਜਨਾ ਦੇ ਤਹਿਤ 13 ਕਰੋੜ ਲੋਕ ਪਹਿਲੀ ਵਾਰ ਉੱਦਮੀ ਬਣੇ, ਪੀਐੱਮ ਸਵਨਿਧੀ ਅਤੇ ਪੀਐੱਮ ਵਿਸ਼ਵਕਰਮਾ ਯੋਜਨਾਵਾਂ ਰਾਹੀਂ ਲੱਖਾਂ ਰੇਹੜੀ-ਫੜ੍ਹੀ ਵਾਲਿਆਂ ਅਤੇ ਕੁਸ਼ਲ ਕਾਰੀਗਰਾਂ ਨੂੰ ਰਸਮੀ ਕਰਜ਼ਾ ਮਿਲਿਆ ਅਤੇ ਇੱਕ ਕਰੋੜ ਪੇਂਡੂ ਮਹਿਲਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਵੈ-ਸਹਾਇਤਾ ਸਮੂਹਾਂ ਨੂੰ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ। ਸ਼੍ਰੀ ਮੋਦੀ ਨੇ ਕਿਹਾ, “ਪਹਿਲੀ ਵਾਰ ਉਨ੍ਹਾਂ ਨੂੰ ਰਸਮੀ ਬੈਂਕਿੰਗ ਵਿਵਸਥਾ ਦਾ ਲਾਭ ਮਿਲਿਆ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਡੈਬਿਟ ਅਤੇ ਕ੍ਰੈਡਿਟ ਕਾਰਡ ਕੇਵਲ ਅਮੀਰ ਲੋਕਾਂ ਤੱਕ ਸੀਮਤ ਸਨ, ਪਰ ਅੱਜ ਕਰੋੜਾਂ ਰੁਪੇ ਕਾਰਡਾਂ ਰਾਹੀਂ ਇਹ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰੁਪੇ ਕਾਰਡ ਸਵੈ-ਮਾਣ ਅਤੇ ਆਤਮਨਿਰਭਰਤਾ ਦਾ ਪ੍ਰਤੀਕ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਇਸ ਬਦਲਾਅ ਵਿੱਚ ਬੈਂਕਿੰਗ ਖੇਤਰ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕਰਦਿਆਂ ਭਾਰਤੀ ਰਿਜ਼ਰਵ ਬੈਂਕ, ਵਪਾਰਕ ਬੈਂਕਾਂ ਅਤੇ ਦੇਸ਼ ਭਰ ਦੇ ਹਰੇਕ ਬੈਂਕ ਕਰਮਚਾਰੀ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ਼ਲਾਘਾ ਕਰਦਿਆਂ ਕਿਹਾ, “ਇਸ ਮਾਣ ਦੇ ਆਪ ਸਭ ਸਹਿਭਾਗੀ ਹੋ।”

‘ਨਾਗਰਿਕ ਦੇਵੋ ਭਵ’ ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਆਰਥਿਕ ਸਸ਼ਕਤੀਕਰਨ ਦੇ ਨਾਲ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਅਭੂਤਪੂਰਵ ਵਿਸਤਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਟਲ ਪੈਨਸ਼ਨ ਯੋਜਨਾ ਦੇ ਤਹਿਤ 9 ਕਰੋੜ ਨਾਗਰਿਕਾਂ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਉੜੀਸਾ ਦੇ 38 ਲੱਖ ਲੋਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਦੇ ਤਹਿਤ ਸਿਰਫ਼ 20 ਰੁਪਏ ਦੇ ਸਾਲਾਨਾ ਪ੍ਰੀਮੀਅਮ ’ਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਤਹਿਤ 450 ਰੁਪਏ ਤੋਂ ਘੱਟ ਦੇ ਸਾਲਾਨਾ ਪ੍ਰੀਮੀਅਮ ’ਤੇ ਜੀਵਨ ਬੀਮਾ ਉਪਲਬਧ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਯੋਜਨਾਵਾਂ ਨੇ ਬੀਮਾ ਜਿਹੀ ਸਹੂਲਤ, ਜੋ ਕਦੇ ਲਗਜ਼ਰੀ ਮੰਨੀ ਜਾਂਦੀ ਸੀ, ਗ਼ਰੀਬਾਂ ਅਤੇ ਮੱਧ ਵਰਗ ਦੇ ਲੋਕਾਂ ਦੇ ਲਈ ਵੀ ਸੁਲਭ ਬਣਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹੋਰ ਸਰਕਾਰਾਂ ਅਜਿਹੇ ਬੀਮਾ ਦਾਅਵਿਆਂ ਦੇ ਭੁਗਤਾਨ ਨੂੰ ਵੱਡੇ ਪ੍ਰਚਾਰ ਅਤੇ ਸੁਰਖੀਆਂ ਦਾ ਵਿਸ਼ਾ ਬਣਾਉਂਦੀਆਂ, ਜਦੋਂ ਕਿ ਔਖੇ ਸਮੇਂ ਵਿੱਚ ਪਰਿਵਾਰਾਂ ਨੂੰ 25,000 ਕਰੋੜ ਰੁਪਏ ਤੋਂ ਵੱਧ ਦੀ ਦਾਅਵਾ ਰਾਸ਼ੀ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਵੰਡੀ ਜਾ ਚੁੱਕੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇਹੀ ਸੁਸ਼ਾਸਨ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਨ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਦੋਂ ਕਿ ਆਉਣ ਵਾਲਾ ਦਹਾਕਾ ਉੜੀਸਾ ਦੇ ਨਵੇਂ ਡੇਟਾ ਸੈਂਟਰ ਅਤੇ ਮਜ਼ਬੂਤ ਕੰਪਿਊਟਿੰਗ ਪ੍ਰਣਾਲੀਆਂ ਦੀ ਮਦਦ ਨਾਲ ਬੈਂਕਿੰਗ ਸੇਵਾਵਾਂ ਨੂੰ ਵਧੇਰੇ ਕੁਸ਼ਲ ਅਤੇ ਭਰੋਸੇਮੰਦ ਬਣਾਉਣ ਦੇ ਲਈ ਸਮਰਪਿਤ ਹੈ। ਉਨ੍ਹਾਂ ਨੇ ਸੁਚੇਤ ਕੀਤਾ ਕਿ ਆਧੁਨਿਕ ਯੁੱਧ ਦੇ ਤੌਰ-ਤਰੀਕਿਆਂ ਵਿੱਚ ਬਦਲਾਅ ਦੇ ਨਾਲ ਸਾਈਬਰ ਖ਼ਤਰਿਆਂ ਜ਼ਰੀਏ ਅਰਥਵਿਵਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਉੱਭਰਦੀ ਆਰਥਿਕ ਸ਼ਕਤੀ ਦੇ ਰੂਪ ਵਿੱਚ ਭਾਰਤ ਨੂੰ ਆਪਣੀ ਵਿੱਤੀ ਪ੍ਰਣਾਲੀ ਨੂੰ ਸਾਈਬਰ ਲੁਟੇਰਿਆਂ ਅਤੇ ਸਾਈਬਰ ਅੱਤਵਾਦੀਆਂ ਤੋਂ ਸੁਰੱਖਿਅਤ ਰੱਖਣਾ ਹੋਵੇਗਾ। ਇਸ ਦੇ ਲਈ ਪੁਰਾਣੇ ਸਿਖਲਾਈ ਸਾਧਨਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਅਤੇ ਕੁਸ਼ਲ ਮਾਨਵ ਸਰੋਤ ਨਾਲ ਲੈਸ ਕਰਨਾ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਕਿਹਾ, “ਅਜਿਹੇ ਵਿੱਚ ਇਸ ਨਵੇਂ ਸਾਈਬਰ ਸੁਰੱਖਿਆ ਸੰਸਥਾਨ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।”

ਪ੍ਰਧਾਨ ਮੰਤਰੀ ਨੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਪੂਰਬੀ ਭਾਰਤ ਨੂੰ ਵਿਕਾਸ ਦਾ ਇੱਕ ਸਮਰੱਥ ਇੰਜਣ ਦੱਸਦਿਆਂ ਕਿਹਾ ਕਿ ਉੜੀਸਾ ਵਿੱਚ ਮੌਜੂਦਾ ਸਰਕਾਰ ਦੀ ਅਗਵਾਈ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਆਪਣੇ ਰਵਾਇਤੀ ਖਣਿਜ-ਅਧਾਰਿਤ ਉਦਯੋਗਾਂ ਦੇ ਨਾਲ-ਨਾਲ ਸੈਮੀਕੰਡਕਟਰ, ਇਲੈਕਟ੍ਰੌਨਿਕਸ, ਡੇਟਾ ਸੈਂਟਰ ਅਤੇ ਉੱਨਤ ਕੰਪਿਊਟਿੰਗ ਦੇ ਨਵੇਂ ਈਕੋਸਿਸਟਮ ਨੂੰ ਵਿਕਸਤ ਕਰ ਰਿਹਾ ਹੈ।। ਇਸ ਤਰ੍ਹਾਂ ਉੜੀਸਾ ਖਾਣਾਂ ਤੋਂ ਲੈ ਕੇ ਮਾਈਕ੍ਰੋਚਿੱਪ ਤੱਕ ਦੀ ਵਿਕਾਸ ਯਾਤਰਾ ਰਾਹੀਂ ਆਪਣੇ ਭਵਿੱਖ ਦੇ ਵੱਡੇ ਮੌਕੇ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਕਾਸ ਦੇ ਇਹ ਉੱਭਰਦੇ ਖੇਤਰ ਵਿਆਪਕ ਮੌਕਿਆਂ ਦੇ ਦੁਆਰ ਖੋਲ੍ਹਣਗੇ ਅਤੇ ਉੜੀਸਾ ਦੇ ਨੌਜਵਾਨਾਂ ਦੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਤਿਉਹਾਰਾਂ ਦੇ ਮੌਕੇ ’ਤੇ ਸਭ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਜੈ ਜਗਨਨਾਥ ਦੇ ਜਾਪ ਨਾਲ ਆਪਣਾ ਸੰਬੋਧਨ ਸਮਾਪਤ ਕੀਤਾ। ਸ਼੍ਰੀ ਮੋਦੀ ਨੇ ਭਰੋਸਾ ਨਾਲ ਕਿਹਾ, “ਤੁਸੀਂ ਦੇਖੋਗੇ, ਉੜੀਸਾ ਖਾਣਾਂ ਤੋਂ ਮਾਈਕ੍ਰੋਚਿੱਪ ਤੱਕ ਦੀ ਯਾਤਰਾ ਜ਼ਰੀਏ ਇੱਕ ਨਵਾਂ ਭਵਿੱਖ ਲਿਖਣ ਜਾ ਰਿਹਾ ਹੈ।”

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ