Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 11 ਅਕਤੂਬਰ ਨੂੰ ਚੇਨੱਈ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਕਤੂਬਰ ਨੂੰ ਤਾਮਿਲਨਾਡੂ ਦੇ ਚੇਨੱਈ ਦਾ ਦੌਰਾ ਕਰਨਗੇ। ਉਹ ਸਵੇਰੇ ਲਗਭਗ 11:30 ਵਜੇ ਚੇਨੱਈ ਮੈਟਰੋ ਵਿੱਚ ਪੋਰੂਰ ਬਾਈਪਾਸ ਸਟੇਸ਼ਨ ਤੋਂ ਪੂਨਾਮੱਲੀ ਬਾਈਪਾਸ ਸਟੇਸ਼ਨ ਤੱਕ ਯਾਤਰਾ ਕਰਨਗੇ ਅਤੇ ਫਿਰ ਵਾਪਸ ਪਰਤਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 12:15 ਵਜੇ ਚੇਨੱਈ ਦੇ ਜਲਕੰਡੇਸ਼ਵਰ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਇਸ ਤੋਂ ਬਾਅਦ, ਉਹ ਆਈ.ਆਈ.ਟੀ. ਮਦਰਾਸ ਸਥਿਤ ਬ੍ਰੇਨ ਸੈਂਟਰ ਦਾ ਦੌਰਾ ਕਰਨਗੇ।

ਦੁਪਹਿਰ ਲਗਭਗ 1:30 ਵਜੇ ਸ਼੍ਰੀ ਮੋਦੀ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਦਾ ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 3 ਵਜੇ ਚੇਨੱਈ ਸਥਿਤ ਜੈਗੋਪਾਲ ਗਾਰੋਡੀਆ ਹਿੰਦੂ ਵਿਦਿਆਲਾ ਮੈਟ੍ਰਿਕੂਲੇਸ਼ਨ ਉੱਚਤਮ ਸੈਕੰਡਰੀ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਚੇਨੱਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਪੂਨਾਮੱਲੀ-ਵਡਾਪਲਾਨੀ ਖੰਡ ਦਾ ਉਦਘਾਟਨ ਕਰਨਗੇ। ਇਸ ਸੈਕਸ਼ਨ ਦਾ ਨਿਰਮਾਣ ਲਗਭਗ 4,900 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਕੌਰੀਡੋਰ ਵਿੱਚ 3.7 ਕਿਲੋਮੀਟਰ ਲੰਬਾ ਵਿਸ਼ੇਸ਼ ਦੋ-ਪੱਧਰੀ ਢਾਂਚਾ ਹੈ। ਇਸ ਵਿੱਚ ਚਾਲਕ-ਰਹਿਤ ਟ੍ਰੇਨਾਂ ਦੇ ਸੰਚਾਲਨ ਵਿੱਚ ਸਹਾਇਤਾ ਲਈ ਉੱਨਤ ਸਿਗਨਲ ਪ੍ਰਣਾਲੀ ਵੀ ਸਥਾਪਿਤ ਕੀਤੀ ਗਈ ਹੈ। ਇਸ ਪ੍ਰੋਜੈਕਟ ਨਾਲ ਯਾਤਰੀਆਂ ਦੇ ਰੋਜ਼ਾਨਾ ਯਾਤਰਾ ਸਮੇਂ ਵਿੱਚ ਕਮੀ ਆਉਣ ਅਤੇ ਚੇਨੱਈ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਪੱਛਮੀ ਉਪਨਗਰਾਂ ਅਤੇ ਸ਼ਹਿਰ ਦੇ ਕੇਂਦਰ ਵਿਚਕਾਰ ਸੜਕ ਸੰਪਰਕ ਬਿਹਤਰ ਹੋਣ ਦੀ ਉਮੀਦ ਹੈ।

ਸ਼੍ਰੀ ਮੋਦੀ ਲਗਭਗ 3,700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਵਿੱਚ ਸੜਕ ਸੰਪਰਕ ਮਜ਼ਬੂਤ ​​ਹੋਵੇਗਾ, ਯਾਤਰਾ ਦਾ ਸਮਾਂ ਘੱਟ ਹੋਵੇਗਾ, ਆਵਾਜਾਈ ਜਾਮ ਦੀ ਸਮੱਸਿਆ ਘੱਟ ਹੋਵੇਗੀ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ-744 ਦੇ 36 ਕਿਲੋਮੀਟਰ ਲੰਬੇ, ਚਾਰ ਲੇਨ ਵਾਲੇ ਵਡੁਗਾਪੱਟੀ-ਥੇਰਕੁਵੇਂਗਨੱਲੂਰ ਖੰਡ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨਾਲ ਖੇਤਰ ਦੇ ਪ੍ਰਮੁੱਖ ਤੀਰਥ ਸਥਾਨਾਂ, ਉਦਯੋਗਿਕ ਕੇਂਦਰਾਂ ਅਤੇ ਵਪਾਰਕ ਕੇਂਦਰਾਂ ਤੱਕ ਸੰਪਰਕ ਬਿਹਤਰ ਹੋਵੇਗਾ, ਜਿਸ ਨਾਲ ਲੋਕਾਂ ਅਤੇ ਵਸਤੂਆਂ ਦੀ ਆਵਾਜਾਈ ਸੌਖੀ ਹੋਵੇਗੀ। ਸ਼੍ਰੀ ਮੋਦੀ ਰਾਸ਼ਟਰੀ ਰਾਜਮਾਰਗ-744ਏ ਦੇ 30 ਕਿਲੋਮੀਟਰ ਲੰਬੇ, ਚਾਰ ਲੇਨ ਵਾਲੇ ਮਦੁਰਈ ਰਿੰਗ ਰੋਡ ਖੰਡ ਦਾ ਵੀ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨਾਲ ਮਦੁਰਈ ਦੇ ਆਸ-ਪਾਸ ਆਵਾਜਾਈ ਦਾ ਪ੍ਰਵਾਹ ਬਿਹਤਰ ਹੋਵੇਗਾ ਅਤੇ ਸ਼ਹਿਰ ਦੇ ਅੰਦਰ ਆਵਾਜਾਈ ਜਾਮ ਦੀ ਸਮੱਸਿਆ ਘੱਟ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ-83 ਦੇ ਨਾਗਪੱਟਿਨਮ-ਤੰਜਾਵੁਰ ਖੰਡ ‘ਤੇ ਚਾਰ ਲੇਨ ਵਾਲੇ ਤਿਰੂਵਰੂਰ ਬਾਈਪਾਸ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਨਾਲ ਤਿਰੂਵਰੂਰ ਵਿੱਚ ਸੜਕ ਸੰਪਰਕ ਮਜ਼ਬੂਤ ​​ਹੋਵੇਗਾ ਅਤੇ ਸ਼ਹਿਰ ਦੇ ਚਾਰੋਂ ਪਾਸੇ ਇੱਕ ਬਦਲਵਾਂ ਮਾਰਗ ਉਪਲਬਧ ਹੋਣ ਨਾਲ ਆਵਾਜਾਈ ਦਾ ਪ੍ਰਵਾਹ ਸੁਚਾਰੂ ਹੋਵੇਗਾ।

ਸ਼੍ਰੀ ਮੋਦੀ 750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰੇਲਵੇ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ। ਉਹ ਕਰਾਇਕਲ-ਪੇਰਾਲਮ ਰੇਲਵੇ ਲਾਈਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ ਇਸ ਖੇਤਰ ਵਿੱਚ ਰੇਲ ਸੰਪਰਕ ਹੋਰ ਮਜ਼ਬੂਤ ​​ਹੋਵੇਗਾ। ਪ੍ਰਧਾਨ ਮੰਤਰੀ ਕੋਇੰਬਟੂਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਤਿੰਨ ਰੇਲ ਓਵਰਬ੍ਰਿਜਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਨਾਲ ਭੀੜ-ਭੜੱਕੇ ਵਾਲੀਆਂ ਰੇਲਵੇ ਕਰਾਸਿੰਗਾਂ ‘ਤੇ ਆਵਾਜਾਈ ਦਾ ਦਬਾਅ ਘੱਟ ਹੋਵੇਗਾ, ਉਡੀਕ ਸਮਾਂ ਘਟੇਗਾ ਅਤੇ ਯਾਤਰੀਆਂ ਲਈ ਸੜਕ ਸੁਰੱਖਿਆ ਬਿਹਤਰ ਹੋਵੇਗੀ। ਸ਼੍ਰੀ ਮੋਦੀ ਪਲਾਨੀ, ਵੇਲੋਰ ਛਾਉਣੀ, ਅੰਬਾਸਮੁਦ੍ਰਮ, ਪਰਮਕੁਡੀ ਅਤੇ ਨਾਮਕਲ ਵਿੱਚ ਪੰਜ ਅੰਮ੍ਰਿਤ ਸਟੇਸ਼ਨਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਸਟੇਸ਼ਨਾਂ ਦਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ-ਵਿਕਾਸ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਤਾਮਿਲਨਾਡੂ ਵਿੱਚ ਸਮੁੰਦਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ, ਮਾਲ ਦੀ ਢੋਆ-ਢੁਆਈ ਸਮਰੱਥਾ ਦਾ ਵਿਸਥਾਰ ਕਰਨ ਅਤੇ ਲੌਜਿਸਟਿਕਸ ਵਿਵਸਥਾ ਦੀ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ ਬੰਦਰਗਾਹਾਂ ਨਾਲ ਜੁੜੀਆਂ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਸ਼੍ਰੀ ਮੋਦੀ ਚੇਨੱਈ ਬੰਦਰਗਾਹ ‘ਤੇ ਚਾਰ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਇੱਕ ਪੱਕਾ ਸਟੋਰੇਜ ਯਾਰਡ, ਚਾਰ ਨਿਰਯਾਤ-ਆਯਾਤ (ਐਗਜ਼ਿਮ) ਗੋਦਾਮ, ਇੱਕ ਉੱਨਤ ਕ੍ਰੂਜ਼ ਟਰਮੀਨਲ ਅਤੇ ਇੱਕ ਨਾਵਿਕ ਕਲੱਬ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਮਾਲ ਦੇ ਸਟੋਰੇਜ ਅਤੇ ਸੰਚਾਲਨ ਵਿੱਚ ਸੁਧਾਰ ਹੋਵੇਗਾ, ਗੋਦਾਮਾਂ ਦੀ ਸਮਰੱਥਾ ਵਧੇਗੀ ਅਤੇ ਯਾਤਰੀਆਂ ਦੀਆਂ ਸਹੂਲਤਾਂ ਦਾ ਆਧੁਨਿਕੀਕਰਨ ਹੋਵੇਗਾ, ਜਿਸ ਨਾਲ ਇੱਕੋ ਸਮੇਂ ਵੱਧ ਕ੍ਰੂਜ਼ ਯਾਤਰੀਆਂ ਦੀ ਆਵਾਜਾਈ ਸੰਭਵ ਹੋ ਸਕੇਗੀ। ਇਸ ਤੋਂ ਇਲਾਵਾ ਆਉਣ ਵਾਲੇ ਨਾਵਿਕਾਂ ਅਤੇ ਸਮੁੰਦਰੀ ਕਰਮਚਾਰੀਆਂ ਨੂੰ ਆਧੁਨਿਕ ਕਲਿਆਣਕਾਰੀ, ਮਨੋਰੰਜਕ ਅਤੇ ਸਹਾਇਕ ਸਹੂਲਤਾਂ ਉਪਲਬਧ ਹੋਣਗੀਆਂ। ਪ੍ਰਧਾਨ ਮੰਤਰੀ ਵੀ.ਓ. ਚਿਦੰਬਰਨਾਰ ਬੰਦਰਗਾਹ ‘ਤੇ ਅੱਠ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਮਾਲ ਅਤੇ ਕੰਟੇਨਰ ਸੰਚਾਲਨ ਦੀ ਸਮਰੱਥਾ ਵਧੇਗੀ, ਸਵੱਛ ਸਮੁੰਦਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚਾ ਵਿਕਸਿਤ ਹੋਵੇਗਾ ਅਤੇ ਬੰਦਰਗਾਹ ਕੰਪਲੈਕਸ ਵਿੱਚ ਮਾਲ ਦੀ ਨਿਕਾਸੀ ਤੇ ਲੌਜਿਸਟਿਕਸ ਵਿਵਸਥਾ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਕਾਮਰਾਜਾਰ ਬੰਦਰਗਾਹ ‘ਤੇ ਕੋਲਾ ਬਰਥ-3 ਪ੍ਰੋਜੈਕਟ ਦਾ ਉਦਘਾਟਨ ਵੀ ਕਰਨਗੇ ਅਤੇ ਕੰਟੇਨਰ ਟਰਮੀਨਲ ਦੇ ਪਹਿਲੇ ਪੜਾਅ ਦੇ ਦੂਜੇ ਪੜਾਅ (ਫੇਜ਼-I, ਸਟੇਜ-II) ਲਈ ਪੂੰਜੀਗਤ ਡ੍ਰੇਜਿੰਗ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਚੇਨੱਈ ਵਿੱਚ ਚੇਨੱਈ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਸੀਪੀਸੀਐੱਲ) ਦੀ ਮੌਜੂਦਾ ਮਨਾਲੀ ਰਿਫਾਇਨਰੀ ਵਿੱਚ ਗਰੁੱਪ-II/III ਲਿਊਬ ਆਇਲ ਬੇਸ ਸਟਾਕਸ (ਐੱਲਓਬੀਐੱਸ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਲਗਭਗ 1,620 ਕਰੋੜ ਰੁਪਏ ਦੀ ਲਾਗਤ ਅਤੇ 2.70 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਦੀ ਉਤਪਾਦਨ ਸਮਰੱਥਾ ਵਾਲੇ ਇਸ ਪ੍ਰੋਜੈਕਟ ਦਾ ਉਦੇਸ਼ ਭਾਰਤ ਵਿੱਚ ਵਿਸ਼ਵ ਪੱਧਰੀ ਅਤੇ ਪ੍ਰੀਮੀਅਮ ਗੁਣਵੱਤਾ ਵਾਲੇ ਲੁਬਰੀਕੈਂਟਸ ਬਣਾਉਣ ਲਈ ਗਰੁੱਪ-II/III ਲਿਊਬ ਆਇਲ ਬੇਸ ਸਟਾਕਸ ਦਾ ਉਤਪਾਦਨ ਕਰਨਾ ਹੈ।

ਸ਼੍ਰੀ ਮੋਦੀ ਆਈ.ਆਈ.ਟੀ. ਮਦਰਾਸ ਵਿੱਚ ਸੁਧਾ ਗੋਪਾਲਕ੍ਰਿਸ਼ਨਨ ਬ੍ਰੇਨ ਸੈਂਟਰ (ਐੱਸਜੀਬੀਸੀ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਕੇਂਦਰ ਦੇ ਇੱਕ ਵਿਲੱਖਣ ਵਿਸ਼ਵਵਿਆਪੀ ਵਿਗਿਆਨਕ ਮਿਸ਼ਨ ਦਾ ਵੀ ਉਦਘਾਟਨ ਕਰਨਗੇ। ਇਸ ਦਾ ਮੰਤਵ ਭਰੂਣ ਅਵਸਥਾ ਤੋਂ ਲੈ ਕੇ ਬੁਢਾਪੇ ਤੱਕ, ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ 100 ਤੋਂ ਵੱਧ ਮਨੁੱਖੀ ਦਿਮਾਗਾਂ ਦਾ  ਕੋਸ਼ਿਕਾ ਪੱਧਰ ‘ਤੇ ਤਿੰਨ-ਪੱਖੀ ਨਕਸ਼ਾ ਤਿਆਰ ਕਰਨਾ ਹੈ। ਪ੍ਰਧਾਨ ਮੰਤਰੀ ‘ਸੀ-ਸਟ੍ਰੋਕ’ ਵੀ ਜਾਰੀ ਕਰਨਗੇ, ਜੋ ਆਪਣੀ ਕਿਸਮ ਦਾ ਪਹਿਲਾ ਮਨੁੱਖੀ ਇਸਕੈਮਿਕ ਸਟ੍ਰੋਕ ਐਟਲਸ ਹੈ। ਇਸ ਵਿੱਚ ਸਟ੍ਰੋਕ ਤੋਂ ਪ੍ਰਭਾਵਿਤ ਦਿਮਾਗ ਦੇ 1,000 ਤੋਂ ਵੱਧ ਮਾਈਕ੍ਰੋਸਕੋਪਿਕ (ਸੂਖਮਦਰਸ਼ੀ) ਭਾਗਾਂ ਦਾ ਵਿਸਤ੍ਰਿਤ ਵੇਰਵਾ ਸ਼ਾਮਲ ਹੈ। ਇਸ ਐਟਲਸ ਨਾਲ ਦੁਨੀਆ ਭਰ ਦੇ ਖੋਜਕਾਰਾਂ ਨੂੰ ਇਲਾਜ ਦੇ ਨਵੇਂ ਟੀਚਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਚੇਨੱਈ ਵਿੱਚ ਜੈਗੋਪਾਲ ਗਾਰੋਡੀਆ ਹਿੰਦੂ ਵਿਦਿਆਲਾ ਮੈਟ੍ਰਿਕੂਲੇਸ਼ਨ ਉੱਚਤਮ ਸੈਕੰਡਰੀ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਗੋਲਡਨ ਜੁਬਲੀ ਸਿੱਖਿਆ ਦੇ ਖੇਤਰ ਵਿੱਚ ਸੰਸਥਾ ਦੇ ਪੰਜ ਦਹਾਕਿਆਂ ਦੇ ਯੋਗਦਾਨ ਅਤੇ ਵਿਦਿਅਕ ਉੱਤਮਤਾ, ਅਨੁਸ਼ਾਸਨ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਸਰਬ-ਪੱਖੀ ਸਿੱਖਿਆ ਰਾਹੀਂ ਵਿਦਿਆਰਥੀਆਂ ਦੀਆਂ ਪੀੜ੍ਹੀਆਂ ਨੂੰ ਤਿਆਰ ਕਰਨ ਵਿੱਚ ਇਸ ਦੀ ਭੂਮਿਕਾ ਦੀ ਪ੍ਰਤੀਕ ਹੈ। ਆਪਣੇ ਆਦਰਸ਼ ਵਾਕ “ਸਾ ਵਿਦਿਆ ਯਾ ਵਿਮੁਕਤਯੇ” (ਗਿਆਨ ਜੋ ਮੁਕਤੀ ਦਿਵਾਉਂਦਾ ਹੈ) ਤੋਂ ਪ੍ਰੇਰਿਤ ਇਹ ਸਕੂਲ ਅਜਿਹੇ ਵਿਦਿਆਰਥੀਆਂ ਨੂੰ ਤਿਆਰ ਕਰਨ ਦਾ ਯਤਨ ਕਰਦਾ ਹੈ, ਜੋ ਸਮਾਜ ਵਿੱਚ ਸਾਰਥਕ ਯੋਗਦਾਨ ਪਾਉਣ। ਸਮੇਂ ਦੇ ਨਾਲ, ਸੰਸਥਾ ਨੇ ਬਦਲਦੀਆਂ ਵਿਦਿਅਕ ਲੋੜਾਂ ਅਨੁਸਾਰ ਆਪਣੇ ਆਪ ਨੂੰ ਢਾਲਿਆ ਹੈ। ਨਾਲ ਹੀ, ਇਹ ਚਰਿੱਤਰ ਨਿਰਮਾਣ, ਗਿਆਨ ਅਤੇ ਜ਼ੁੰਮੇਵਾਰ ਨਾਗਰਿਕਤਾ ਦੀਆਂ ਕਦਰਾਂ-ਕੀਮਤਾਂ ‘ਤੇ ਨਿਰੰਤਰ ਜ਼ੋਰ ਦਿੰਦੀ ਰਹੀ ਹੈ। 

********

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ