ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ 2026 ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਲੱਦਾਖ ਵਿੱਚ ਲਗਭਗ 3,350 ਕਰੋੜ ਰੁਪਏ ਦੀ ਲਾਗਤ ਵਾਲੇ ਪੰਜ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਹ ਪੰਜ ਪ੍ਰੋਜੈਕਟ ਖੇਤਰ ਵਿੱਚ ਸੰਪਰਕ ਨੂੰ ਮਜ਼ਬੂਤ ਕਰਨ, ਊਰਜਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ, ਸਭਿਆਚਾਰਕ ਵਿਰਾਸਤ ਦੀ ਸੰਭਾਲ ਕਰਨ ਅਤੇ ਜਲ ਸੁਰੱਖਿਆ ਨੂੰ ਵਧਾਉਣਗੇ।
ਪ੍ਰਧਾਨ ਮੰਤਰੀ ਲੇਹ ਸਥਿਤ ਕੁਸ਼ੋਕ ਬਕੁਲਾ ਰਿੰਪੋਚੇ ਹਵਾਈ ਅੱਡੇ ਦੇ ਨਵੇਂ ਯਾਤਰੀ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ, ਜਿਸ ਦਾ ਨਿਰਮਾਣ 640 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। 23,800 ਵਰਗ ਮੀਟਰ ਵਿੱਚ ਫੈਲਿਆ ਇਹ ਆਧੁਨਿਕ ਟਰਮੀਨਲ ਸਾਲਾਨਾ 35 ਲੱਖ ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਊਰਜਾ ਕੁਸ਼ਲਤਾ ਵਧਾਉਣ ਅਤੇ ਕਾਰਬਨ ਫੁੱਟਪ੍ਰਿੰਟ ਘਟਾਉਣ ਲਈ ਭੂ-ਤਾਪੀ ਊਰਜਾ ਨੂੰ ਸ਼ਾਮਲ ਕਰਦੇ ਹੋਏ, ਇਹ ਸਹੂਲਤ ਲੱਦਾਖ ਦੇ ਵਾਤਾਵਰਣ ਤੌਰ ’ਤੇ ਸੰਵੇਦਨਸ਼ੀਲ ਖੇਤਰ ਵਿੱਚ ਟਿਕਾਊ ਬੁਨਿਆਦੀ ਢਾਂਚੇ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਆਧੁਨਿਕ ਯਾਤਰੀ ਸਹੂਲਤਾਂ ਨੂੰ ਲੱਦਾਖ ਦੀ ਅਮੀਰ ਸਭਿਆਚਾਰਕ ਵਿਰਾਸਤ ਦੇ ਪਹਿਲੂਆਂ ਨਾਲ ਜੋੜਦਾ ਇਹ ਟਰਮੀਨਲ ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰੇਗਾ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹਵਾਈ ਸੰਪਰਕ ਨੂੰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਸਰਹੱਦੀ ਸੜਕ ਸੰਗਠਨ (ਬੀਆਰਓ) ਵੱਲੋਂ ਬਣਾਈ ਗਈ 298 ਕਿੱਲੋਮੀਟਰ ਲੰਬੀ ਨਿਮੂ-ਪਦਮ-ਦਾਰਚਾ ਸੜਕ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸੜਕ ਲੇਹ ਦੇ ਨਿਮੂ ਨੂੰ ਹਿਮਾਚਲ ਪ੍ਰਦੇਸ਼ ਦੇ ਦਾਰਚਾ ਨਾਲ ਦੂਰ-ਦੁਰਾਡੇ ਸਥਿਤ ਜ਼ਾਂਸਕਰ ਘਾਟੀ ਰਾਹੀਂ ਜੋੜਦੀ ਹੈ ਅਤੇ ਲੱਦਾਖ ਲਈ ਇੱਕ ਬਦਲਵਾਂ ਸੰਪਰਕ ਮਾਰਗ ਪ੍ਰਦਾਨ ਕਰਦੀ ਹੈ, ਜੋ ਸ੍ਰੀਨਗਰ-ਲੇਹ ਅਤੇ ਮਨਾਲੀ-ਲੇਹ ਰਾਜਮਾਰਗਾਂ ਦੇ ਪੂਰਕ ਵਜੋਂ ਕੰਮ ਕਰੇਗੀ। ਉੱਚੇ ਹਿਮਾਲਿਆਈ ਖੇਤਰ ਸਮੇਤ ਮੁਸ਼ਕਲ ਭੂ-ਭਾਗ ਵਿੱਚੋਂ ਲੰਘਦੀ ਇਹ ਸੜਕ, ਜਿਸ ਵਿੱਚ ਉਚਾਈ ’ਤੇ ਸਥਿਤ ਸ਼ਿੰਕੁਨ ਲਾ ਦੱਰਾ ਵੀ ਸ਼ਾਮਲ ਹੈ, ਇੰਜੀਨੀਅਰਿੰਗ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਦੀ ਰਣਨੀਤਕ ਮਹੱਤਤਾ ਹਥਿਆਰਬੰਦ ਬਲਾਂ ਦੀ ਕਾਰਜਸ਼ੀਲ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਲਈ ਰਸਦ ਸਹਾਇਤਾ ਨੂੰ ਮਜ਼ਬੂਤ ਕਰਨ ਵਿੱਚ ਹੈ। ਇਹ ਸੜਕ ਜ਼ਾਂਸਕਰ ਦੇ ਵਸਨੀਕਾਂ ਨੂੰ ਸਿਹਤ ਸੰਭਾਲ, ਸਿੱਖਿਆ, ਬਾਜ਼ਾਰਾਂ ਅਤੇ ਜ਼ਰੂਰੀ ਸੇਵਾਵਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਕੇ ਵੀ ਲਾਭ ਪਹੁੰਚਾਏਗੀ।
ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਲੱਦਾਖ ਦੀ ਅਖੁੱਟ ਊਰਜਾ ਸਮਰੱਥਾ ਦੀ ਵਰਤੋਂ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ 9 ਮੈਗਾਵਾਟ ਦੇ ਹਾਨੂ ਲਘੂ ਪਣ-ਬਿਜਲੀ ਪ੍ਰੋਜੈਕਟ ਅਤੇ 66 ਕੇਵੀ ਦੀ ਡਬਲ-ਸਰਕਟ ਦਾਹ-ਹਾਨੂ-ਖਾਲਤਸੀ ਟਰਾਂਸਮਿਸ਼ਨ ਲਾਈਨ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਬਿਜਲੀ ਨਿਕਾਸੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ ਅਤੇ ਲੱਦਾਖ ਦੇ ਬਿਜਲੀ ਨੈੱਟਵਰਕ ਦੀ ਭਰੋਸੇਯੋਗਤਾ ਵਿੱਚ ਸੁਧਾਰ ਕਰਨਗੇ। ਇਹ ਖੇਤਰ ਦੇ ਪਣ-ਬਿਜਲੀ ਸਰੋਤਾਂ ਦੀ ਵਰਤੋਂ ਕਰਨ ਅਤੇ ਇਸ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹਨ।
ਲੱਦਾਖ ਦੀ ਪੁਰਾਤਨ ਪੁਰਾਤੱਤਵ ਵਿਰਾਸਤ ਦੀ ਸੰਭਾਲ ਦੀ ਮਹੱਤਤਾ ਨੂੰ ਮਾਨਤਾ ਦਿੰਦਿਆਂ, ਪ੍ਰਧਾਨ ਮੰਤਰੀ ਲੇਹ ਦੇ ਸਿੰਧੂ ਘਾਟ ਵਿਖੇ ਭਾਰਤ ਦੇ ਪਹਿਲੇ ਪੈਟਰੋਗਲਿਫ ਕੰਜ਼ਰਵੇਸ਼ਨ ਪਾਰਕ ਦਾ ਉਦਘਾਟਨ ਕਰਨਗੇ। ਲੱਦਾਖ ਵਿੱਚ ਪੂਰਵ-ਇਤਿਹਾਸਕ ਚਟਾਨੀ ਕਲਾ ਦੇ ਸੈਂਕੜੇ ਸਥਾਨ ਹਨ, ਜਿੱਥੇ ਜੰਗਲੀ ਜੀਵਾਂ, ਮਨੁੱਖੀ ਆਕ੍ਰਿਤੀਆਂ ਅਤੇ ਪ੍ਰਤੀਕਾਤਮਕ ਚਿੱਤਰਾਂ ਦੀਆਂ ਉੱਕਰੀਆਂ ਹੋਈਆਂ ਤਸਵੀਰਾਂ ਮੌਜੂਦ ਹਨ। ਇਹ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਹ ਪੈਟਰੋਗਲਿਫ ਖੇਤਰ ਦੇ ਸਭਿਆਚਾਰਕ ਅਤੇ ਸੱਭਿਅਤਾਗਤ ਅਤੀਤ ਦਾ ਇੱਕ ਅਣਮੁੱਲਾ ਰਿਕਾਰਡ ਹਨ, ਜਿਸ ਦੀ ਥਾਂ ਕੋਈ ਹੋਰ ਚੀਜ਼ ਨਹੀਂ ਲੈ ਸਕਦੀ। ਇਹ ਕੰਜ਼ਰਵੇਸ਼ਨ ਪਾਰਕ ਇਨ੍ਹਾਂ ਨਾਜ਼ੁਕ ਪੁਰਾਤੱਤਵ ਅਵਸ਼ੇਸ਼ਾਂ ਦੀ ਸੁਰੱਖਿਆ, ਜਨਤਕ ਜਾਗਰੂਕਤਾ ਵਧਾਉਣ ਅਤੇ ਜ਼ਿੰਮੇਵਾਰ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਸਥਾਨ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਪ੍ਰੋਜੈਕਟ ਹਿਮ ਸਰੋਵਰ ਤਹਿਤ 40 ਪਿੰਡਾਂ ਵਿੱਚ ਵਿਕਸਿਤ ਕੀਤੇ ਗਏ 40 ਜਲ ਸਰੋਤਾਂ ਦਾ ਵੀ ਉਦਘਾਟਨ ਕਰਨਗੇ। ਇਹ ਪਹਿਲ ਮਿਸ਼ਨ ਅੰਮ੍ਰਿਤ ਸਰੋਵਰ ਦੇ ਮੰਤਵਾਂ ਦੇ ਅਨੁਸਾਰ, ਜਲ ਸੰਭਾਲ ਰਾਹੀਂ ਲੱਦਾਖ ਦੀਆਂ ਵਿਲੱਖਣ ਭੂਗੋਲਿਕ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਦਾ ਹੱਲ ਕਰਨ ਲਈ ਸ਼ੁਰੂ ਕੀਤੀ ਗਈ ਹੈ। ਲੱਦਾਖ ਵਿੱਚ ਖੇਤੀਬਾੜੀ ਨੂੰ ਪਾਣੀ ਦੀ ਉਪਲਬਧਤਾ ਅਤੇ ਮੰਗ ਵਿਚਕਾਰ ਮੌਸਮੀ ਅਸੰਤੁਲਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਅਕਸਰ ਬਿਜਾਈ ਦੇ ਮਹੱਤਵਪੂਰਨ ਮੌਸਮ ਦੌਰਾਨ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਹੋਰ ਸਮਿਆਂ ਦੌਰਾਨ ਬਰਫ਼ ਪਿਘਲਣ ਅਤੇ ਗਲੇਸ਼ੀਅਰਾਂ ਤੋਂ ਵਹਿਣ ਵਾਲੇ ਪਾਣੀ ਰਾਹੀਂ ਕਾਫ਼ੀ ਜਲ ਸਰੋਤ ਉਪਲਬਧ ਹੁੰਦੇ ਹਨ। ਪ੍ਰੋਜੈਕਟ ਹਿਮ ਸਰੋਵਰ ਦਾ ਮੰਤਵ ਪਾਣੀ ਦੀ ਉਪਲਬਧਤਾ ਦੇ ਸਮੇਂ ਇਸ ਨੂੰ ਸੰਭਾਲ ਕੇ ਅਤੇ ਲੋੜ ਪੈਣ ’ਤੇ ਇਸ ਦੀ ਉਪਲਬਧਤਾ ਯਕੀਨੀ ਬਣਾ ਕੇ ਇਸ ਚੁਣੌਤੀ ਦਾ ਹੱਲ ਕਰਨਾ ਹੈ। ਇਸ ਨਾਲ ਸਿੰਚਾਈ ਨੂੰ ਸਹਾਇਤਾ ਮਿਲੇਗੀ, ਖੇਤੀਬਾੜੀ ’ਤੇ ਨਿਰਭਰ ਲੋਕਾਂ ਦੀ ਰੋਜ਼ੀ-ਰੋਟੀ ਕਾਇਮ ਰਹੇਗੀ ਅਤੇ ਖੇਤਰ ਵਿੱਚ ਲੰਬੇ ਸਮੇਂ ਦੀ ਜਲ ਸੁਰੱਖਿਆ ਮਜ਼ਬੂਤ ਹੋਵੇਗੀ।
*****
ਐੱਮਜੇਪੀਐੱਸ/ਐੱਸਐੱਸ/ਐੱਸਟੀ