Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 19 ਜੂਨ ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦੇ ਤਹਿਤ ਲਗਭਗ ₹2,400 ਕਰੋੜ ਦੀ ਪ੍ਰੋਤਸਾਹਨ ਰਕਮ ਵੰਡਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜੂਨ, 2026 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸ਼ਾਮ 5 ਵਜੇ ਆਯੋਜਿਤ ਇੱਕ ਖ਼ਾਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦੇ ਤਹਿਤ ਲਗਭਗ ₹2,400 ਕਰੋੜ ਦੀ ਪ੍ਰੋਤਸਾਹਨ ਰਕਮ ਦੀ ਵੰਡ ਕਰਨਗੇ।

ਇਹ ਰਕਮ ਵੰਡ ਪੀਐੱਮ-ਵੀਬੀਆਰਵਾਈ ਦੇ ਲਾਗੂਕਰਨ ਵਿੱਚ ਇੱਕ ਅਹਿਮ ਪ੍ਰਾਪਤੀ ਹੈ। ਪੀਐੱਮ-ਵੀਬੀਆਰਵਾਈ ਭਾਰਤ ਸਰਕਾਰ ਦੀ ਪ੍ਰਮੁੱਖ ਰੁਜ਼ਗਾਰ-ਸਬੰਧੀ ਪ੍ਰੋਤਸਾਹਨ ਯੋਜਨਾ ਹੈ, ਜਿਸਦਾ ਮੰਤਵ ਰੁਜ਼ਗਾਰ ਸਿਰਜਣਾ ਵਿੱਚ ਤੇਜ਼ੀ ਲਿਆਉਣਾ, ਰੁਜ਼ਗਾਰ ਨੂੰ ਰਸਮੀ ਬਣਾਉਣਾ, ਰੁਜ਼ਗਾਰ ਸਮਰੱਥਾ ਵਧਾਉਣਾ ਅਤੇ ਸਾਰੇ ਸੈਕਟਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਤਾਰ ਕਰਨਾ ਹੈ। ਇਸ ਯੋਜਨਾ ਜ਼ਰੀਏ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਚੁੱਕੇ ਹਨ।

ਪੀਐੱਮ-ਵੀਬੀਆਰਵਾਈ ਯੋਜਨਾ ਦਾ ਮੰਤਵ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ-ਵਿਵਸਥਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਪਹਿਲੀ ਵਾਰ ਨੌਕਰੀ ਲੱਗਣ ਵਾਲੇ ਕਰਮਚਾਰੀਆਂ ਨੂੰ ₹15,000 ਤੱਕ ਦਾ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਰਜਬਲ ਵਿੱਚ ਸ਼ਾਮਲ ਹੋਣ ਵਿੱਚ ਅਹਿਮ ਸਹਾਇਤਾ ਮਿਲਦੀ ਹੈ। ਵਾਧੂ ਰੁਜ਼ਗਾਰ ਪੈਦਾ ਕਰਨ ਵਾਲੇ ਮਾਲਕਾਂ ਨੂੰ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ ₹3,000 ਤੱਕ ਦਾ ਪ੍ਰੋਤਸਾਹਨ ਮਿਲਦਾ ਹੈ, ਜਿਸ ਨਾਲ ਟਿਕਾਊ ਰੁਜ਼ਗਾਰ ਸਿਰਜਣਾ ਨੂੰ ਪ੍ਰੋਤਸਾਹਨ ਮਿਲਦਾ ਹੈ। ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਮੈਨੁਫ਼ੈਕਚਰਿੰਗ ਦੇ ਰਣਨੀਤਿਕ ਮਹੱਤਵ ਨੂੰ ਦੇਖਦੇ ਹੋਏ, ਮੈਨੁਫ਼ੈਕਚਰਿੰਗ ਖੇਤਰ ਦੇ ਮਾਲਕ ਚਾਰ ਸਾਲਾਂ ਦੀ ਮਿਆਦ ਲਈ ਪ੍ਰੋਤਸਾਹਨ ਪ੍ਰਾਪਤ ਕਰਨ ਦੇ ਯੋਗ ਹਨ, ਜਦੋਂ ਕਿ ਹੋਰ ਸਾਰੇ ਸੈਕਟਰਾਂ ਵਿੱਚ ਮਾਲਕ ਦੋ ਸਾਲਾਂ ਲਈ ਪ੍ਰੋਤਸਾਹਨ ਦਾ ਲਾਭ ਉਠਾ ਸਕਦੇ ਹਨ।

ਇਹ ਯੋਜਨਾ ਰੁਜ਼ਗਾਰ-ਅਧਾਰਿਤ ਵਿਕਾਸ ਲਈ ਅਨੁਕੂਲ ਵਾਤਾਵਰਨ ਨੂੰ ਹੁਲਾਰਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਦੇ ਲਾਭ ਇਸਦੇ ਨੌਜਵਾਨਾਂ ਲਈ ਗੁਣਵੱਤਾਪੂਰਨ ਰਸਮੀ ਰੁਜ਼ਗਾਰ ਦੇ ਮੌਕਿਆਂ ਵਿੱਚ ਤਬਦੀਲ ਹੋਣ।

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) 1 ਅਗਸਤ, 2025 ਤੋਂ ਲਾਗੂ ਹੋਈ। ₹99,446 ਕਰੋੜ ਦੇ ਕੁੱਲ ਖ਼ਰਚ ਵਾਲੀ ਇਸ ਯੋਜਨਾ ਦਾ ਮੰਤਵ ਦੋ ਸਾਲਾਂ ਵਿੱਚ 3.5 ਕਰੋੜ ਤੋਂ ਵੱਧ ਰੁਜ਼ਗਾਰ ਸਿਰਜਣਾ ਕਰਨ ਲਈ ਪ੍ਰੋਤਸਾਹਨ ਦੇਣਾ ਹੈ। ਇਨ੍ਹਾਂ ਵਿੱਚੋਂ ਲਗਭਗ 1.92 ਕਰੋੜ ਲਾਭਪਾਤਰੀ ਪਹਿਲੀ ਵਾਰ ਕਾਰਜਬਲ ਵਿੱਚ ਦਾਖ਼ਲ ਹੋਣਗੇ। ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਦੀ ਸਹਾਇਤਾ ਕਰਨ ਜ਼ਰੀਏ, ਇਹ ਯੋਜਨਾ ਰਸਮੀ ਰੁਜ਼ਗਾਰ ਦੇ ਵਿਸਥਾਰ, ਸਮਾਜਿਕ ਸੁਰੱਖਿਆ ਕਵਰੇਜ ਨੂੰ ਮਜ਼ਬੂਤ ਕਰਨ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

*********

ਐਮਜੇਪੀਐੱਸ/ਐੱਸਐੱਸ/ਐੱਸਟੀ