Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 2 ਨਵੰਬਰ ਨੂੰ ਭਾਰਤ ਅਖੁੱਟ ਊਰਜਾ ਸੰਮੇਲਨ ਅਤੇ ਐਕਸਪੋ 2026 ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਨਵੰਬਰ ਨੂੰ ਸ਼ਾਮ ਲਗਭਗ 4:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਅਖੁੱਟ ਊਰਜਾ ਸੰਮੇਲਨ ਅਤੇ ਐਕਸਪੋ 2026 ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਚਾਰ ਦਿਨਾਂ ਦਾ ਇਹ ਸੰਮੇਲਨ 2 ਤੋਂ 5 ਨਵੰਬਰ, 2026 ਤੱਕ ਆਯੋਜਿਤ ਕੀਤਾ ਜਾਵੇਗਾ। ਸੰਮੇਲਨ ਦਾ ਵਿਸ਼ਾ ‘ਨਿਵੇਸ਼, ਨਵੀਨਤਾ, ਪ੍ਰੇਰਣਾ’ ਹੈ।

ਭਾਰਤ ਆਰਈ 2026 ਵਿੱਚ 130 ਤੋਂ ਵੱਧ ਦੇਸ਼ਾਂ ਦੇ ਭਾਗੀਦਾਰ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ 40 ਤੋਂ ਵੱਧ ਮੰਤਰੀਆਂ ਦੇ ਨਾਲ ਨੀਤੀ ਨਿਰਮਾਤਾ, ਨਿਵੇਸ਼ਕ, ਵਿੱਤੀ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਆਗੂ ਸ਼ਾਮਲ ਹੋਣਗੇ। ਇਹ ਸਾਫ਼ ਊਰਜਾ ਨਿਵੇਸ਼, ਉਦਯੋਗਿਕ ਭਾਗੀਦਾਰੀ ਅਤੇ ਤਕਨਾਲੋਜੀ ਸਾਂਝੇਦਾਰੀ ਲਈ ਇੱਕ ਵਿਸ਼ਵ ਪੱਧਰੀ ਮੰਚ ਵਜੋਂ ਕੰਮ ਕਰੇਗਾ। ਆਸਟ੍ਰੇਲੀਆ, ਡੈਨਮਾਰਕ, ਯੂਰਪੀ ਸੰਘ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਯੂਨਾਈਟਿਡ ਕਿੰਗਡਮ ਦੇਸ਼ਾਂ ਦੇ ਭਾਈਵਾਲਾਂ ਵਜੋਂ ਸ਼ਾਮਲ ਹੋਣਗੇ।

13 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ – ਆਂਧਰਾ ਪ੍ਰਦੇਸ਼, ਅਸਮ, ਬਿਹਾਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ – ਆਪਣੀ ਅਖੁੱਟ ਊਰਜਾ ਸਮਰੱਥਾ, ਨਿਵੇਸ਼ ਦੇ ਮੌਕਿਆਂ ਅਤੇ ਨਿਰਮਾਣ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨਗੇ।

ਇਹ ਸੰਮੇਲਨ ਅੰਤਰਰਾਸ਼ਟਰੀ ਸੌਰ ਗਠਜੋੜ (ਆਈਐੱਸਏ) ਦੇ 9ਵੇਂ ਅਸੈਂਬਲੀ ਇਜਲਾਸ ਅਤੇ ਗ੍ਰੀਨ ਹਾਈਡ੍ਰੋਜਨ ਬਾਰੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ (ਆਈਸੀਜੀਐੱਚ) ਦੇ ਨਾਲ ਆਯੋਜਿਤ ਕੀਤਾ ਜਾਵੇਗਾ। ਜਿੱਥੇ ਭਾਰਤ ਅਖੁੱਟ ਊਰਜਾ ਸੰਮੇਲਨ ਸਾਫ਼ ਊਰਜਾ ਖੇਤਰ ਵਿੱਚ ਨਿਵੇਸ਼, ਉਦਯੋਗ ਅਤੇ ਤਕਨਾਲੋਜੀ ਸਾਂਝੇਦਾਰੀ ‘ਤੇ ਧਿਆਨ ਕੇਂਦਰਿਤ ਕਰੇਗਾ, ਉੱਥੇ ਹੀ ਆਈਐੱਸਏ ਅਸੈਂਬਲੀ ਵਿੱਤ ਅਤੇ ਸੰਸਥਾਗਤ ਸਮਰੱਥਾ ਸਮੇਤ ਸੌਰ ਊਰਜਾ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਏਗੀ। ਆਈਸੀਜੀਐੱਚ ਗ੍ਰੀਨ ਹਾਈਡ੍ਰੋਜਨ ਤਕਨਾਲੋਜੀਆਂ, ਨਿਵੇਸ਼ ਅਤੇ ਇਸ ਦੇ ਵੱਡੇ ਪੱਧਰ ‘ਤੇ ਵਿਸਥਾਰ ‘ਤੇ ਧਿਆਨ ਕੇਂਦਰਿਤ ਕਰੇਗੀ। ਇਹ ਤਿੰਨੇ ਮੰਚ ਮਿਲ ਕੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਾਫ਼ ਊਰਜਾ ਦੀ ਵਰਤੋਂ ਨੂੰ ਤੇਜ਼ ਕਰਨ ਵਿੱਚ ਮਦਦ ਕਰਨਗੇ।

ਭਾਰਤ ਦੇ ਪ੍ਰਮੁੱਖ ਅਖੁੱਟ ਊਰਜਾ ਨਿਵੇਸ਼ ਸੰਮੇਲਨ ‘ਰੀ-ਇਨਵੈਸਟ’ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ, ਭਾਰਤ ਆਰਈ 2026 ਸਾਫ਼ ਊਰਜਾ ਖੇਤਰ ਵਿੱਚ ਵਿਸ਼ਵ ਪੱਧਰੀ ਭਾਗੀਦਾਰੀ ਲਈ ਇੱਕ ਵੱਡਾ ਮੰਚ ਪ੍ਰਦਾਨ ਕਰੇਗਾ। ਸੰਮੇਲਨ ਵਿੱਚ ਪੂਰਨ ਸੈਸ਼ਨ, ਮੰਤਰੀ ਪੱਧਰੀ ਵਿਚਾਰ-ਵਟਾਂਦਰੇ, ਮੁੱਖ ਕਾਰਜਕਾਰੀ ਅਧਿਕਾਰੀਆਂ ਦੀਆਂ ਗੋਲਮੇਜ਼ ਮੀਟਿੰਗਾਂ ਅਤੇ ਦੇਸ਼ ਤੇ ਰਾਜ ਪੱਧਰੀ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਨਿਵੇਸ਼, ਸਾਂਝੇਦਾਰੀ ਅਤੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਾਰੋਬਾਰ-ਤੋਂ-ਕਾਰੋਬਾਰ, ਕਾਰੋਬਾਰ-ਤੋਂ-ਸਰਕਾਰ ਅਤੇ ਸਰਕਾਰ-ਤੋਂ-ਸਰਕਾਰ ਪੱਧਰ ‘ਤੇ ਵਿਚਾਰ-ਵਟਾਂਦਰੇ ਵੀ ਹੋਣਗੇ। ਐਕਸਪੋ ਵਿੱਚ 400 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ, ਜੋ ਸੌਰ ਅਤੇ ਪੌਣ ਊਰਜਾ, ਗ੍ਰੀਨ ਹਾਈਡ੍ਰੋਜਨ, ਊਰਜਾ ਭੰਡਾਰਨ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਉੱਨਤ ਤਕਨਾਲੋਜੀਆਂ, ਭਾਰਤੀ ਨਿਰਮਾਣ ਸਮਰੱਥਾਵਾਂ ਅਤੇ ਸਾਫ਼ ਊਰਜਾ ਹੱਲਾਂ ਦਾ ਪ੍ਰਦਰਸ਼ਨ ਕਰਨਗੇ।

*****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ