ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਅਕਤੂਬਰ 2026 ਨੂੰ ਸਵੇਰੇ ਲਗਭਗ 10 ਵਜੇ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਦੇ 10ਵੇਂ ਸੰਸਕਰਣ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਦੂਰਸੰਚਾਰ ਵਿਭਾਗ (ਡੀਓਟੀ) ਅਤੇ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ਼ ਇੰਡੀਆ (ਸੀਓਏਆਈ) ਵੱਲੋਂ ਸੰਯੁਕਤ ਤੌਰ ’ਤੇ ਆਯੋਜਿਤ ਇਹ ਪ੍ਰੋਗਰਾਮ 7 ਤੋਂ 10 ਅਕਤੂਬਰ ਤੱਕ ਚੱਲੇਗਾ। ਆਈਐੱਮਸੀ 2026 ਦਾ ਵਿਸ਼ਾ “ਹੱਦਾਂ ਤੋਂ ਪਰੇ ਵਿਸਤਾਰ” ਹੈ, ਜੋ ਡਿਜੀਟਲ ਨਵੀਨਤਾ, ਅਗਲੀ ਪੀੜ੍ਹੀ ਦੀ ਕਨੈਕਟੀਵਿਟੀ ਅਤੇ ਤਕਨੀਕ-ਅਧਾਰਿਤ ਵਿਕਾਸ ਵਿੱਚ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਹੈ।
ਆਈਐੱਮਸੀ 2026 ਦੇ ਚਾਰ ਪ੍ਰਮੁੱਖ ਥੰਮ੍ਹ ਹੋਣਗੇ – ਸ੍ਰਿਸ਼ਟੀ: ਭਵਿੱਖ ਦਾ ਨਿਰਮਾਣ; ਸੰਵਰਧਨ: ਵਿਕਾਸ ਨੂੰ ਗਤੀ ਦੇਣਾ; ਸਸ਼ਕਤ: ਮੌਕਿਆਂ ਦਾ ਵਿਸਤਾਰ; ਅਤੇ ਸੁਰਕਸ਼ਾ: ਭਰੋਸੇ ਨੂੰ ਮਜ਼ਬੂਤ ਕਰਨਾ। ਇਹ ਨਵੀਨਤਾ ਅਤੇ ਅਗਲੀ ਪੀੜ੍ਹੀ ਦੇ ਡਿਜੀਟਲ ਬੁਨਿਆਦੀ ਢਾਂਚੇ, ਤਕਨੀਕ-ਅਧਾਰਿਤ ਆਰਥਿਕ ਵਿਕਾਸ, ਸਮਾਵੇਸ਼ੀ ਡਿਜੀਟਲ ਪਹੁੰਚ ਅਤੇ ਸੁਰੱਖਿਅਤ ਤੇ ਗਤੀਸ਼ੀਲ ਡਿਜੀਟਲ ਈਕੋਸਿਸਟਮ ਦੇ ਵਿਕਾਸ ’ਤੇ ਕੇਂਦ੍ਰਿਤ ਹੋਵੇਗਾ। ਆਈਐੱਮਸੀ 2026 ਵਿਸ਼ਵ ਪੱਧਰ ’ਤੇ ਤਕਨਾਲੋਜੀ ਨਾਲ ਜੁੜੇ ਮੋਹਰੀ ਵਿਅਕਤੀਆਂ, ਨੀਤੀ ਘਾੜਿਆਂ, ਉਦਯੋਗ ਮਾਹਿਰਾਂ, ਸਟਾਰਟਅੱਪਸ, ਨਿਵੇਸ਼ਕਾਂ ਅਤੇ ਨਵੀਨਤਾਕਾਰਾਂ ਨੂੰ ਇਕੱਠੇ ਲਿਆਵੇਗਾ ਤਾਂ ਜੋ ਡਿਜੀਟਲ ਈਕੋਸਿਸਟਮ ਵਿੱਚ ਉੱਭਰ ਰਹੇ ਮੌਕਿਆਂ ਦਾ ਪਤਾ ਲਗਾਇਆ ਜਾ ਸਕੇ।
2026 ਦੇ ਸੰਸਕਰਣ ਵਿੱਚ ਨੌਂ ਸਥਾਪਿਤ ਪ੍ਰਮੁੱਖ ਸੈਕਟਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚ 5ਜੀ ਅਤੇ 6ਜੀ, ਅਗਲੀ ਪੀੜ੍ਹੀ ਦੇ ਏਆਈ ਨੈੱਟਵਰਕ, ਸੈਮੀਕੰਡਕਟਰ, ਗੈਰ-ਧਰਤੀ ਅਧਾਰਿਤ (non-terrestrial), ਸਾਈਬਰ ਸੁਰੱਖਿਆ, ਕੁਆਂਟਮ ਕਮਿਊਨੀਕੇਸ਼ਨ, ਉੱਦਮ ਪਰਿਵਰਤਨ, ਚੱਕਰੀ ਅਰਥਚਾਰਾ ਅਤੇ ਈਐੱਸਜੀ ਅਤੇ ਇਲੈਕਟ੍ਰੋਨਿਕਸ ਨਿਰਮਾਣ ਸ਼ਾਮਲ ਹਨ। ਇਹ ਆਯੋਜਨ ਆਪਣੇ ਸੈਕਟਰ-ਵਾਰ ਫੋਕਸ ਨੂੰ ਚਾਰ ਨਵੇਂ ਖੇਤਰਾਂ – ਸਮਾਰਟ ਮੋਬੀਲਿਟੀ, ਸਟੇਡੀਅਮ ਅਨੁਭਵ, ਉਦਯੋਗਿਕ ਰੋਬੋਟਿਕਸ ਅਤੇ ਟ੍ਰਾਂਸਪੋਰਟ ਤਕਨਾਲੋਜੀ ਤੱਕ ਵਿਸਤ੍ਰਿਤ ਕਰੇਗਾ ।
ਆਈਐੱਮਸੀ 2026 ਵਿੱਚ 100 ਤੋਂ ਵੱਧ ਦੇਸ਼ਾਂ ਤੋਂ 1.5 ਲੱਖ ਤੋਂ ਵੱਧ ਭਾਗੀਦਾਰਾਂ ਦੇ ਆਉਣ ਦੀ ਉਮੀਦ ਹੈ, ਜਿਸ ਵਿੱਚ 500 ਤੋਂ ਵੱਧ ਭਾਈਵਾਲ ਅਤੇ ਪ੍ਰਦਰਸ਼ਕ, 600 ਤੋਂ ਵੱਧ ਸਟਾਰਟਅੱਪਸ ਅਤੇ 900 ਤੋਂ ਵੱਧ ਚਿੰਤਕਾਂ ਦੀ ਭਾਗੀਦਾਰੀ ਹੋਵੇਗੀ। ਇਸ ਆਯੋਜਨ ਵਿੱਚ 2,000 ਤੋਂ ਵੱਧ ਤਕਨਾਲੋਜੀ ਉਪਯੋਗ ਦੇ ਉਦਾਹਰਣ ਅਤੇ 120 ਤੋਂ ਵੱਧ ਸੈਸ਼ਨ ਹੋਣਗੇ।
****
ਐੱਮਜੇਪੀਐੱਸ/ਐੱਸਐੱਸ/ਐੱਸਟੀ