Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਜੌਰਡਨ ਵਪਾਰ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਭਾਰਤ-ਜੌਰਡਨ ਵਪਾਰ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


His Majesty ਰਾਜਾ ਅਬਦੁੱਲਾ,

ਦਿ ਕਰਾਊਨ ਪ੍ਰਿੰਸ,

ਦੋਵੇਂ ਦੇਸ਼ਾਂ ਦੇ ਵਫ਼ਦ,

ਬਿਜਨਸ ਜਗਤ ਦੇ ਲੀਡਰਜ਼,

ਨਮਸਕਾਰ।

ਦੋਸਤੋ,

ਦੁਨੀਆਂ ਵਿੱਚ ਕਈ ਦੇਸ਼ਾਂ ਦੀਆਂ ਸਰਹੱਦਾਂ ਮਿਲਦੀਆਂ ਹੀ ਹਨ, ਕਈ ਦੇਸ਼ਾਂ ਦੀਆਂ ਮੰਡੀਆਂ ਵੀ ਮਿਲਦੀਆਂ ਹਨ। ਪਰ ਭਾਰਤ ਅਤੇ ਜੌਰਡਨ ਦੇ ਸਬੰਧ ਅਜਿਹੇ ਹਨ, ਜਿੱਥੇ ਇਤਿਹਾਸਿਕ ਭਰੋਸੇ ਅਤੇ ਭਵਿੱਖ ਦੇ ਆਰਥਿਕ ਮੌਕੇ ਇਕੱਠੇ ਮਿਲਦੇ ਹਨ।

ਕੱਲ੍ਹ His Majesty  ਦੇ ਨਾਲ ਮੇਰੀ ਗੱਲਬਾਤ ਦਾ ਸਾਰ ਵੀ ਇਹੀ ਸੀ। ਭੂਗੋਲ ਨੂੰ ਮੌਕੇ ਵਿੱਚ ਅਤੇ ਮੌਕੇ ਨੂੰ ਗ੍ਰੋਥ ਵਿੱਚ ਕਿਵੇਂ ਬਦਲਿਆ ਜਾਵੇ, ਇਸ ’ਤੇ ਅਸੀਂ ਵਿਸਤਾਰ ਨਾਲ ਚਰਚਾ ਕੀਤੀ।

His Majesty,

ਤੁਹਾਡੀ ਲੀਡਰਸ਼ਿਪ ਵਿੱਚ ਜੌਰਡਨ ਇੱਕ ਅਜਿਹਾ ਪੁਲ਼ ਬਣਿਆ ਹੈ, ਜੋ ਵੱਖ-ਵੱਖ ਖੇਤਰਾਂ ਦੇ ਵਿੱਚ ਸਹਿਯੋਗ ਅਤੇ ਤਾਲਮੇਲ ਵਧਾਉਣ ਵਿੱਚ ਬਹੁਤ ਮਦਦ ਕਰ ਰਿਹਾ ਹੈ। ਕੱਲ੍ਹ ਸਾਡੀ ਮੁਲਾਕਾਤ ਵਿੱਚ ਤੁਸੀਂ ਦੱਸਿਆ ਕਿਵੇਂ ਭਾਰਤੀ ਕੰਪਨੀਆਂ ਜੌਰਡਨ ਦੇ ਮਾਰਗ ਤੋਂ ਯੂਐੱਸਏ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਮੰਡੀਆਂ ਤੱਕ ਪਹੁੰਚ ਸਕਦੀਆਂ ਹਨ। ਮੈਂ ਇੱਥੇ ਆਈਆਂ ਭਾਰਤੀ ਕੰਪਨੀਆਂ ਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਲੈਣ ਦੀ ਬੇਨਤੀ ਕਰਾਂਗਾ।

ਦੋਸਤੋ,

ਭਾਰਤ ਅੱਜ ਜੌਰਡਨ ਦਾ ਤੀਸਰਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਮੈਂ ਜਾਣਦਾ ਹਾਂ ਕਿ ਬਿਜਨਸ ਦੀ ਦੁਨੀਆ ਵਿੱਚ ਨੰਬਰਜ਼ ਦਾ ਮਹੱਤਵ ਹੁੰਦਾ ਹੈ। ਪਰ ਇੱਥੇ ਅਸੀਂ ਸਿਰਫ਼ ਨੰਬਰਜ਼ ਗਿਣਨ ਨਹੀਂ ਆਏ ਹਾਂ, ਬਲਕਿ ਅਸੀਂ ਲੰਬੇ ਸਮੇਂ ਲਈ ਰਿਸ਼ਤਾ ਬਣਾਉਣ ਆਏ ਹਾਂ।

ਇੱਕ ਜ਼ਮਾਨਾ ਸੀ, ਜਦੋਂ ਗੁਜਰਾਤ ਤੋਂ ਪੈਟਰਾ ਦੇ ਰਸਤੇ ਯੂਰਪ ਤੱਕ ਦਾ ਵਪਾਰ ਹੁੰਦਾ ਸੀ। ਸਾਡੀ ਭਵਿੱਖ ਦੀ ਖ਼ੁਸ਼ਹਾਲੀ ਲਈ ਸਾਨੂੰ ਉਹ ਲਿੰਕ ਫਿਰ ਤੋਂ ਰਿਵਾਈਵ ਕਰਨੇ ਹੋਣਗੇ। ਅਤੇ ਇਸ ਨੂੰ ਸਾਕਾਰ ਕਰਨ ਵਿੱਚ ਤੁਹਾਡਾ ਸਾਰਿਆਂ ਦਾ ਅਹਿਮ ਯੋਗਦਾਨ ਰਹੇਗਾ।

ਦੋਸਤੋ,

ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ, ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਦੀ ਗ੍ਰੋਥ ਰੇਟ 8 ਫ਼ੀਸਦੀ ਤੋਂ ਉੱਪਰ ਹੈ। ਇਹ ਗ੍ਰੋਥ ਨੰਬਰ, ਉਤਪਾਦਕਤਾ-ਅਧਾਰਿਤ ਸ਼ਾਸਨ ਅਤੇ ਨਵੀਨਤਾ-ਅਧਾਰਿਤ ਨੀਤੀਆਂ ਦਾ ਨਤੀਜਾ ਹਨ।

ਅੱਜ ਜੌਰਡਨ ਦੇ ਹਰ ਬਿਜਨਸ, ਹਰ ਨਿਵੇਸ਼ਕ ਲਈ ਵੀ ਭਾਰਤ ਵਿੱਚ ਮੌਕਿਆਂ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਭਾਰਤ ਦੀ ਤੇਜ਼ ਗ੍ਰੋਥ ਵਿੱਚ ਤੁਸੀਂ ਸਹਿਯੋਗੀ ਬਣ ਸਕਦੇ ਹੋ ਅਤੇ ਆਪਣੇ ਨਿਵੇਸ਼ ’ਤੇ ਸ਼ਾਨਦਾਰ ਰਿਟਰਨ ਵੀ ਪਾ ਸਕਦੇ ਹੋ।

ਦੋਸਤੋ,

ਅੱਜ ਦੁਨੀਆਂ ਨੂੰ ਨਵੇਂ ਗ੍ਰੋਥ ਇੰਜਣ ਚਾਹੀਦੇ ਹਨ। ਦੁਨੀਆਂ ਨੂੰ ਇੱਕ ਭਰੋਸੇਯੋਗ ਸਪਲਾਈ ਚੇਨ ਦੀ ਜ਼ਰੂਰਤ ਹੈ। ਭਾਰਤ ਅਤੇ ਜੌਰਡਨ ਮਿਲ ਕੇ, ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੱਡਾ ਰੋਲ ਨਿਭਾ ਸਕਦੇ ਹਨ।

ਮੈਂ ਆਪਸੀ ਸਹਿਯੋਗ ਦੇ ਕੁਝ ਮੁੱਖ ਖੇਤਰਾਂ ਦੀ ਚਰਚਾ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੂੰਗਾ। ਅਜਿਹੇ ਖੇਤਰ, ਜਿੱਥੇ vision, viability ਅਤੇ velocity, ਇਹ ਤਿੰਨੋਂ ਮੌਜੂਦ ਹਨ।

ਪਹਿਲਾ, ਡਿਜੀਟਲ ਪਬਲਿਕ ਇੰਫਰਾਸਟ੍ਰਕਚਰ ਅਤੇ ਆਈਟੀ। ਇਸ ਵਿੱਚ ਭਾਰਤ ਦਾ ਤਜਰਬਾ ਜੌਰਡਨ ਦੇ ਵੀ ਬਹੁਤ ਕੰਮ ਆ ਸਕਦਾ ਹੈ। ਭਾਰਤ ਨੇ ਡਿਜੀਟਲ ਟੈਕਨਾਲੋਜੀ ਨੂੰ ਸਮਾਵੇਸ਼ ਅਤੇ ਕੁਸ਼ਲਤਾ ਦਾ ਮਾਡਲ ਬਣਾਇਆ ਹੈ। ਸਾਡੇ ਯੂਪੀਆਈ, ਆਧਾਰ, ਡਿਜੀਲੌਕਰ ਜਿਹੇ ਫਰੇਮਵਰਕ ਅੱਜ ਗਲੋਬਲ ਬੈਂਚਮਾਰਕ ਬਣ ਰਹੇ ਹਨ। His Majesty ਅਤੇ ਮੈਂ ਇਨ੍ਹਾਂ ਫਰੇਮਵਰਕਜ਼ ਨੂੰ ਜੌਰਡਨ ਦੇ ਸਿਸਟਮਸ ਨਾਲ ਜੋੜਨ ‘ਤੇ ਚਰਚਾ ਕੀਤੀ ਹੈ। ਅਸੀਂ ਦੋਵੇਂ ਦੇਸ਼, ਫਿਨਟੈਕ, ਸਿਹਤ-ਤਕਨੀਕ, ਖੇਤੀਬਾੜੀ-ਤਕਨੀਕ ਅਜਿਹੇ ਅਨੇਕਾਂ ਖੇਤਰਾਂ ਵਿੱਚ ਆਪਣੇ ਸਟਾਰਟਅੱਪਸ ਨੂੰ ਸਿੱਧੇ ਤੌਰ ‘ਤੇ ਜੋੜ ਸਕਦੇ ਹਾਂ। ਇੱਕ ਸਾਂਝਾ ਈਕੋਸਿਸਟਮ ਬਣਾ ਸਕਦੇ ਹਾਂ, ਜਿੱਥੇ ਅਸੀਂ ਵਿਚਾਰਾਂ ਨੂੰ ਪੂੰਜੀ ਨਾਲ ਅਤੇ ਨਵੀਨਤਾ ਨੂੰ ਪੈਮਾਨੇ ਨਾਲ ਕਨੈੱਕਟ ਕਰ ਸਕਦੇ ਹਾਂ।

ਦੋਸਤੋ,

ਫਾਰਮਾ ਅਤੇ ਮੈਡੀਕਲ ਡਿਵਾਈਸਿਸ ਦੇ ਖੇਤਰ ਵਿੱਚ ਵੀ ਕਈ ਸੰਭਾਵਨਾਵਾਂ ਹਨ। ਅੱਜ ਸਿਹਤ ਸੰਭਾਲ ਸਿਰਫ਼ ਇੱਕ ਖੇਤਰ ਨਹੀਂ ਹੈ, ਬਲਕਿ ਇੱਕ ਰਣਨੀਤਿਕ ਤਰਜੀਹ ਹੈ।

ਜੌਰਡਨ ਵਿੱਚ ਭਾਰਤੀ ਕੰਪਨੀਆਂ ਦਵਾਈਆਂ ਬਣਾਉਣ, ਮੈਡੀਕਲ ਡਿਵਾਈਸ ਬਣਾਉਣ, ਇਸ ਨਾਲ ਜੌਰਡਨ ਦੇ ਲੋਕਾਂ ਨੂੰ ਤਾਂ ਫ਼ਾਇਦਾ ਹੋਵੇਗਾ ਹੀ। ਪੱਛਮੀ ਏਸ਼ੀਆ ਅਤੇ ਅਫ਼ਰੀਕਾ ਦੇ ਲਈ ਵੀ ਜੌਰਡਨ ਇੱਕ ਭਰੋਸੇਯੋਗ ਕੇਂਦਰ ਬਣ ਸਕਦਾ ਹੈ। ਭਾਵੇਂ ਇਹ ਜੈਨੇਰਿਕਸ ਹੋਵੇ, ਟੀਕੇ ਹੋਣ, ਆਯੁਰਵੇਦ ਹੋਵੇ ਜਾਂ ਤੰਦਰੁਸਤੀ, ਭਾਰਤ ਭਰੋਸਾ ਲਿਆਉਂਦਾ ਹੈ ਅਤੇ ਜੌਰਡਨ ਪਹੁੰਚ ਲਿਆਉਂਦਾ ਹੈ।

ਦੋਸਤੋ,

ਹੁਣ ਅਗਲਾ ਖੇਤਰ ਖੇਤੀਬਾੜੀ ਦਾ ਹੈ। ਭਾਰਤ ਕੋਲ ਖ਼ੁਸ਼ਕ ਮੌਸਮ ਵਿੱਚ ਖੇਤੀ ਕਰਨ ਦਾ ਬਹੁਤ ਤਜਰਬਾ ਹੈ। ਸਾਡਾ ਇਹ ਤਜਰਬਾ, ਜੌਰਡਨ ਵਿੱਚ ਅਸਲ ਫ਼ਰਕ ਲਿਆ ਸਕਦਾ ਹੈ। ਅਸੀਂ ਸ਼ੁੱਧਤਾ ਖੇਤੀ ਅਤੇ ਸੂਖ਼ਮ-ਸਿੰਚਾਈ ਵਰਗੇ ਹੱਲਾਂ ‘ਤੇ ਕੰਮ ਕਰ ਸਕਦੇ ਹਾਂ। ਕੋਲਡ ਚੇਨਾਂ, ਫੂਡ ਪਾਰਕਾਂ ਅਤੇ ਸਟੋਰੇਜ ਸਹੂਲਤਾਂ ਬਣਾਉਣ ਵਿੱਚ ਵੀ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਜਿਵੇਂ ਖਾਦਾਂ ਵਿੱਚ ਅਸੀਂ ਜੁਆਇੰਟ ਵੈਨਚਰ ਕਰ ਰਹੇ ਹਾਂ, ਓਵੇਂ ਹੀ ਹੋਰ ਖੇਤਰਾਂ ਵਿੱਚ ਵੀ ਅਸੀਂ ਅੱਗੇ ਵਧ ਸਕਦੇ ਹਾਂ।

ਦੋਸਤੋ,

ਬੁਨਿਆਦੀ ਢਾਂਚਾ ਅਤੇ ਉਸਾਰੀ ਤੇਜ਼ ਗ੍ਰੋਥ ਦੇ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਖੇਤਰਾਂ ਵਿੱਚ ਸਾਡਾ ਸਹਿਯੋਗ ਸਾਨੂੰ ਗਤੀ ਅਤੇ ਪੈਮਾਨਾ, ਦੋਵੇਂ ਦੇਵੇਗਾ।

His Majesty ਨੇ ਜੌਰਡਨ ਵਿੱਚ ਰੇਲਵੇ ਅਤੇ ਨੈਕਸਟ ਜੈਨਰੇਸ਼ਨ ਇੰਫਰਾਸਟ੍ਰਕਚਰ ਬਣਾਉਣ ਦਾ ਵਿਜ਼ਨ ਸਾਂਝਾ ਕੀਤਾ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ, ਕਿ ਸਾਡੀਆਂ ਕੰਪਨੀਆਂ ਉਨ੍ਹਾਂ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਸਮਰੱਥ ਵੀ ਹਨ ਅਤੇ ਉਤਸੁਕ ਵੀ ਹਨ।

ਕੱਲ੍ਹ ਸਾਡੀ ਮੁਲਾਕਾਤ ਵਿੱਚ His Majesty  ਨੇ ਸੀਰੀਆ ਵਿੱਚ ਇੰਫਰਾਸਟ੍ਰਕਚਰ ਰੀਕੰਸਟ੍ਰਕਸ਼ਨ ਦੀਆਂ ਜ਼ਰੂਰਤਾਂ ਬਾਰੇ ਵੀ ਦੱਸਿਆ। ਭਾਰਤ ਅਤੇ ਜੌਰਡਨ ਦੀਆਂ ਕੰਪਨੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ’ਤੇ ਮਿਲ ਕੇ ਕੰਮ ਕਰ ਸਕਦੀਆਂ ਹਨ।

ਦੋਸਤੋ,

ਅੱਜ ਦੀ ਦੁਨੀਆ ਗ੍ਰੀਨ ਗ੍ਰੋਥ ਦੇ ਬਿਨਾਂ ਅੱਗੇ ਨਹੀਂ ਵਧ ਸਕਦੀ। ਕਲੀਨ ਐਨਰਜੀ ਹੁਣ ਸਿਰਫ਼ ਵਿਕਲਪ ਨਹੀਂ ਹੈ, ਬਲਕਿ ਇੱਕ ਜ਼ਰੂਰਤ ਬਣ ਚੁੱਕੀ ਹੈ। ਸੂਰਜੀ, ਹਵਾਈ, ਗ੍ਰੀਨ ਹਾਈਡ੍ਰੋਜਨ, ਊਰਜਾ ਭੰਡਾਰਨ ਇਸ ਵਿੱਚ ਭਾਰਤ ਬਹੁਤ ਵੱਡੇ ਨਿਵੇਸ਼ਕ ਵਜੋਂ ਕੰਮ ਕਰ ਰਿਹਾ ਹੈ। ਜੌਰਡਨ ਦੇ ਕੋਲ ਵੀ ਬਹੁਤ ਵੱਡੀ ਸਮਰੱਥਾ ਹੈ, ਜਿਸ ਨੂੰ ਅਸੀਂ ਅਨਲੌਕ ਕਰ ਸਕਦੇ ਹਾਂ।

ਐਵੇਂ ਹੀ ਆਟੋ-ਮੋਬਾਈਲ ਅਤੇ ਮੋਬਿਲੀਟੀ ਦਾ ਸੈਕਟਰ ਹੈ। ਭਾਰਤ ਅੱਜ ਅਫੋਰਡੇਬਲ ਈਵੀ, ਟੂ-ਵ੍ਹੀਲਰ ਅਤੇ ਸੀਐੱਨਜੀ ਮੋਬਿਲਿਟੀ ਸਲਿਊਸ਼ਨਜ਼ ਵਿੱਚ ਦੁਨੀਆਂ ਦੇ ਟੌਪ ਦੇਸ਼ਾਂ ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਵੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਮਿਲ ਕੇ ਕਰਨਾ ਚਾਹੀਦਾ ਹੈ।

ਦੋਸਤੋ,

ਭਾਰਤ ਅਤੇ ਜੌਰਡਨ ਦੋਵੇਂ ਦੇਸ਼ ਆਪਣੇ ਸਭਿਆਚਾਰ, ਆਪਣੀ ਵਿਰਾਸਤ ’ਤੇ ਬਹੁਤ ਮਾਣ ਕਰਦੇ ਹਨ। ਵਿਰਾਸਤ ਅਤੇ ਸਭਿਆਚਾਰ ਟੂਰਿਜ਼ਮ ਲਈ ਵੀ ਦੋਵੇਂ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਸਕੋਪ ਹੈ। ਮੈਂ ਸਮਝਦਾ ਹਾਂ ਕਿ ਦੋਵੇਂ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਇਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ।

ਭਾਰਤ ਵਿੱਚ ਇੰਨੀਆਂ ਸਾਰੀਆਂ ਫਿਲਮਾਂ ਬਣਦੀਆਂ ਹਨ। ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਜੌਰਡਨ ਵਿੱਚ ਹੋਵੇ, ਜਿੱਥੇ ਜੁਆਇੰਟ ਫਿਲਮ ਫੈਸਟੀਵਲ ਹੋਣ, ਇਸ ਦੇ ਲਈ ਵੀ ਜ਼ਰੂਰੀ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ। ਭਾਰਤ ਵਿੱਚ ਹੋਣ ਵਾਲੇ ਅਗਲੇ ਵੇਵਜ਼ ਸਮਿਟ ਵਿੱਚ ਅਸੀਂ ਜੌਰਡਨ ਤੋਂ ਇੱਕ ਵੱਡੇ ਵਫ਼ਦ ਦੀ ਉਮੀਦ ਕਰਦੇ ਹਾਂ।

ਦੋਸਤੋ,

ਜਿਓਗਰਫੀ, ਜੌਰਡਨ ਦੀ ਤਾਕਤ ਹੈ, ਅਤੇ ਭਾਰਤ ਦੇ ਕੋਲ, ਸਕਿੱਲ ਵੀ ਹੈ ਅਤੇ ਸਕੇਲ ਵੀ। ਦੋਵਾਂ ਦੀ ਤਾਕਤ ਜਦੋਂ ਇਕੱਠੀ ਮਿਲ ਜਾਵੇਗੀ, ਤਾਂ ਇਸ ਨਾਲ ਦੋਵੇਂ ਦੇਸ਼ਾਂ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ।

ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦਾ ਵਿਜ਼ਨ ਬਿਲਕੁਲ ਸਪਸ਼ਟ ਹੈ। ਹੁਣ ਬਿਜਨਸ ਵਰਲਡ ਦੇ ਤੁਸੀਂ ਸਾਰੇ ਸਾਥੀਆਂ ਨੇ ਆਪਣੀ ਕਲਪਨਾ, ਨਵੀਨਤਾ ਅਤੇ ਉੱਦਮਤਾ ਨਾਲ ਇਸ ਨੂੰ ਜ਼ਮੀਨ ’ਤੇ ਉਤਾਰਨਾ ਹੈ।

ਅਖ਼ੀਰ ਵਿੱਚ ਮੈਂ ਤੁਹਾਨੂੰ ਫਿਰ ਕਹਾਂਗਾ।

ਆਓ…

ਆਓ ਇਕੱਠੇ ਨਿਵੇਸ਼ ਕਰੀਏ, ਇਕੱਠੇ ਨਵੀਨਤਾ ਕਰੀਏ ਅਤੇ ਇਕੱਠੇ ਅੱਗੇ ਵਧੀਏ।

His Majesty ,

ਮੈਂ ਇੱਕ ਵਾਰ ਫਿਰ ਤੁਹਾਡਾ, ਜੌਰਡਨ ਸਰਕਾਰ ਦਾ ਅਤੇ ਇਸ ਸਮਾਗਮ ਵਿੱਚ ਮੌਜੂਦ ਸਾਰੇ ਪਤਵੰਤਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।

‘ਸ਼ੁਕਰਾਨ’।

ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ ਐੱਸਟੀ