Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ’ ਦੀ 51ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.12.2018)


ਮੇਰੇ ਪਿਆਰੇ ਦੇਸ਼ ਵਾਸੀਓ! ਨਮਸਕਾਰ ਸਾਲ 2018 ਖਤਮ ਹੋਣ ਵਾਲਾ ਹੈ। ਅਸੀਂ 2019 ’ਚ ਪ੍ਰਵੇਸ਼ ਕਰਨ ਵਾਲੇ ਹਾਂ। ਸੁਭਾਵਿਕ ਰੂਪ ਵਿੱਚ, ਅਜਿਹੇ ਵੇਲੇ, ਬੀਤੇ ਵਰ੍ਹੇ ਦੀਆਂ ਗੱਲਾਂ ਚਰਚਾ ਵਿੱਚ ਹੁੰਦੀਆਂ ਹਨ ਅਤੇ ਆਉਣ ਵਾਲੇ ਵਰ੍ਹੇ ਦੇ ਸੰਕਲਪ ਦੀ ਵੀ ਚਰਚਾ ਸੁਣਨ ਨੂੰ ਮਿਲਦੀ ਹੈ। ਭਾਵੇਂ ਵਿਅਕਤੀ ਦਾ ਜੀਵਨ ਹੋਵੇ, ਸਮਾਜ ਦਾ ਜੀਵਨ ਹੋਵੇ, ਰਾਸ਼ਟਰ ਦਾ ਜੀਵਨ ਹੋਵੇ। ਹਰ ਕਿਸੇ ਨੇ ਪਿੱਛੇ ਮੁੜ ਕੇ ਵੇਖਣਾ ਵੀ ਹੁੰਦਾ ਹੈ ਅਤੇ ਅਗਾਂਹ ਵੱਲ ਜਿੰਨਾ ਦੂਰ ਵੇਖ ਸਕੀਏ, ਵੇਖਣ ਦੀ ਕੋਸ਼ਿਸ਼ ਵੀ ਕਰਨੀ ਹੁੰਦੀ ਹੈ ਅਤੇ ਤਾਂ ਹੀ ਤਜ਼ਰਬਿਆਂ ਦਾ ਲਾਭ ਵੀ ਮਿਲਦਾ ਹੈ ਤੇ ਨਵਾਂ ਕਰਨ ਦਾ ਸਵੈ-ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਅਸੀਂ ਅਜਿਹਾ ਕੀ ਕਰੀਏ, ਜਿਸ ਨਾਲ ਆਪਣੇ ਜੀਵਨ ਵਿੱਚ ਤਬਦੀਲੀ ਲਿਆ ਸਕੀਏ ਅਤੇ ਨਾਲ ਦੀ ਨਾਲ ਦੇਸ਼ ਤੇ ਸਮਾਜ ਨੂੰ ਵੀ ਅੱਗੇ ਵਧਾਉਣ ’ਚ ਆਪਣਾ ਯੋਗਦਾਨ ਦੇ ਸਕੀਏ। ਤੁਹਾਨੂੰ ਸਾਰਿਆਂ ਨੂੰ 2019 ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਤੁਸੀਂ ਸਾਰਿਆਂ ਨੇ ਸੋਚਿਆ ਹੋਵੇਗਾ ਕਿ 2018 ਨੂੰ ਕਿਵੇਂ ਯਾਦ ਰੱਖਿਆ ਜਾਵੇ। 2018 ਨੂੰ ਭਾਰਤ ਇੱਕ ਦੇਸ਼ ਦੇ ਰੂਪ ਵਿੱਚ ਆਪਣੀ 130 ਕਰੋੜ ਦੀ ਜਨਤਾ ਦੀ ਸਮਰੱਥਾ ਦੇ ਰੂਪ ਵਿੱਚ ਕਿਸ ਤਰ੍ਹਾਂ ਯਾਦ ਰੱਖੇਗਾ, ਇਹ ਯਾਦ ਕਰਨਾ ਵੀ ਮਹੱਤਵਪੂਰਨ ਹੈ, ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰ ਦੇਣ ਵਾਲਾ ਹੈ।

2018 ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ‘ਆਯੁਸ਼ਮਾਨ ਭਾਰਤ’ ਦੀ ਸ਼ੁਰੂਆਤ ਹੋਈ। ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਗਈ। ਵਿਸ਼ਵ ਦੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਨੇ ਮੰਨਿਆ ਹੈ ਕਿ ਭਾਰਤ ਰਿਕਾਰਡ ਤੇਜ਼ੀ ਨਾਲ ਦੇਸ਼ ਨੂੰ ਗ਼ਰੀਬੀ ਤੋਂ ਮੁਕਤ ਕਰ ਰਿਹਾ ਹੈ। ਦੇਸ਼ ਵਾਸੀਆਂ ਦੇ ਦ੍ਰਿੜ੍ਹ ਸੰਕਲਪ ਨਾਲ ਸਵੱਛਤਾ ਕਵਰੇਜ ਵਧ ਕੇ 95% ਨੂੰ ਪਾਰ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।

ਆਜ਼ਾਦੀ ਤੋਂ ਬਾਅਦ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਉੱਪਰ ਤਿਰੰਗਾ ਲਹਿਰਾਇਆ ਗਿਆ। ਦੇਸ਼ ਨੂੰ ਏਕਤਾ ਦੇ ਸੂਤਰ ’ਚ ਪਰੋਣ ਵਾਲੇ ਸ. ਵੱਲਭਭਾਈ ਪਟੇਲ ਦੇ ਸਨਮਾਨ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ‘Statue of Unity’ ਦੇਸ਼ ਨੂੰ ਮਿਲੀ। ਦੁਨੀਆ ਵਿੱਚ ਦੇਸ਼ ਦਾ ਨਾਮ ਉੱਚਾ ਹੋਇਆ। ਦੇਸ਼ ਨੂੰ ਸੰਯੁਕਤ ਰਾਸ਼ਟਰ ਦਾ ਸਰਵਉੱਚ ਵਾਤਾਵਰਣ ਪੁਰਸਕਾਰ Champions of the Earth ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੂਰਜੀ ਊਰਜਾ ਅਤੇ Climate Change ਵਿੱਚ ਭਾਰਤ ਦੇ ਯਤਨਾਂ ਨੂੰ ਵਿਸ਼ਵ ’ਚ ਸਥਾਨ ਮਿਲਿਆ। ਭਾਰਤ ਵਿੱਚ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਪਹਿਲੀ ਮਹਾਸਭਾ International Solar Alliance ਦਾ ਆਯੋਜਨ ਹੋਇਆ। ਸਾਡੀਆਂ ਸਮੂਹਿਕ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਸਾਡੇ ਦੇਸ਼ ਦੀ Ease of doing business ranking ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਦੇਸ਼ ਦੇ Self Defence ਨੂੰ ਨਵੀਂ ਮਜ਼ਬੂਤੀ ਮਿਲੀ ਹੈ। ਇਸੇ ਵਰ੍ਹੇ ਸਾਡੇ ਦੇਸ਼ ਨੇ ਸਫਲਤਾਪੂਰਵਕ Nuclear Triad ਨੂੰ ਪੂਰਾ ਕੀਤਾ ਹੈ। ਭਾਵ ਹੁਣ ਅਸੀਂ ਜਲ, ਥਲ ਅਤੇ ਆਕਾਸ਼ ਤਿੰਨਾਂ ਵਿੱਚ ਪ੍ਰਮਾਣੂ ਸ਼ਕਤੀ ਨਾਲ ਸੰਪਨ ਹੋ ਗਏ ਹਾਂ। ਦੇਸ਼ ਦੀਆਂ ਧੀਆਂ ਨੇ ਨਾਵਿਕਾ ਸਾਗਰ ਪਰਿਕਰਮਾ ਦੇ ਮਾਧਿਅਮ ਨਾਲ ਪੂਰਾ ਵਿਸ਼ਵ ਘੁੰਮ ਕੇ ਦੇਸ਼ ਨੂੰ ਮਾਣ ਨਾਲ ਭਰ ਦਿੱਤਾ ਹੈ। ਵਾਰਾਣਸੀ ਵਿੱਚ ਭਾਰਤ ਦੇ ਪਹਿਲੇ ਜਲ ਮਾਰਗ ਦੀ ਸ਼ੁਰੂਆਤ ਹੋਈ। ਇਸ ਨਾਲ Waterways ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਦੇਸ਼ ਦੇ ਸਭ ਤੋਂ ਲੰਮੇ ਰੇਲ ਰੋਡ ਪੁਲ਼ ਬੋਗੀਬੀਲ ਬ੍ਰਿਜ ਦਾ ਉਦਘਾਟਨ ਕੀਤਾ ਗਿਆ। ਸਿੱਕਮ ਦੇ ਪਹਿਲੇ ਅਤੇ ਦੇਸ਼ ਦੇ 100ਵੇਂ ਏਅਰਪੋਰਟ ਪਾਕਯੌਂਗ ਦਾ ਆਰੰਭ ਹੋਇਆ। Under-19 ਕ੍ਰਿਕਟ ਵਿਸ਼ਵ ਕੱਪ ਅਤੇ Blind ਕ੍ਰਿਕਟ ਵਿਸ਼ਵ ਕੱਪ ’ਚ ਭਾਰਤ ਨੇ ਜਿੱਤ ਦਰਜ ਕਰਵਾਈ। ਇਸ ਵਾਰੀ ਏਸ਼ੀਅਨ ਗੇਮਜ਼ ’ਚ ਭਾਰਤ ਨੇ ਵੱਡੀ ਸੰਖਿਆ ’ਚ ਮੈਡਲ ਜਿੱਤੇ। Para Asian Games ਵਿੱਚ ਵੀ ਭਾਰਤ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ। ਵੈਸੇ ਜੇਕਰ ਮੈਂ ਹਰ ਭਾਰਤੀ ਦੇ ਪੁਰਸ਼ਾਰਥ ਦੀਆਂ, ਸਾਡੇ ਸਮੂਹਿਕ ਯਤਨਾਂ ਦੀਆਂ ਗੱਲਾਂ ਕਰਦਾ ਰਹਾਂ ਤਾਂ ਸਾਡਾ ‘ਮਨ ਕੀ ਬਾਤ’ ਇੰਨੀ ਦੇਰ ਚੱਲੇਗਾ ਕਿ ਸ਼ਾਇਦ 2019 ਹੀ ਆ ਜਾਵੇਗਾ। ਇਹ ਸਾਰਾ ਕੁਝ 130 ਕਰੋੜ ਦੇਸ਼ ਵਾਸੀਆਂ ਦੇ ਅਣਥੱਕ ਯਤਨਾਂ ਨਾਲ ਹੀ ਸੰਭਵ ਹੋ ਸਕਿਆ ਹੈ। ਮੈਨੂੰ ਉਮੀਦ ਹੈ ਕਿ 2019 ਵਿੱਚ ਵੀ ਭਾਰਤ ਦੀ ਉੱਨਤੀ ਅਤੇ ਤਰੱਕੀ ਦੀ ਇਹ ਯਾਤਰਾ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸਾਡਾ ਦੇਸ਼ ਹੋਰ ਮਜ਼ਬੂਤੀ ਨਾਲ ਨਵੀਆਂ ਬੁਲੰਦੀਆਂ ਨੂੰ ਛੂਹੇਗਾ।

ਮੇਰੇ ਪਿਆਰੇ ਦੇਸ਼ ਵਾਸੀਓ! ਇਸ ਦਸੰਬਰ ਵਿੱਚ ਅਸੀਂ ਕੁਝ ਅਸਧਾਰਣ ਦੇਸ਼ ਵਾਸੀਆਂ ਨੂੰ ਗੁਆ ਦਿੱਤਾ। 19 ਦਸੰਬਰ ਨੂੰ ਚੇਨਈ ਦੇ ਡਾ. ਜਯਾ ਚੰਦਰਨ ਦਾ ਦੇਹਾਂਤ ਹੋ ਗਿਆ। ਡਾ. ਜਯਾ ਚੰਦਰਨ ਨੂੰ ਪਿਆਰ ਨਾਲ ਲੋਕ ‘ਮੱਕਲ ਮਾਰੂਥੂਵਰ’ ਕਹਿੰਦੇ ਸਨ, ਕਿਉਂਕਿ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਸਨ। ਡਾ. ਜਯਾ ਚੰਦਰਨ ਗ਼ਰੀਬਾਂ ਨੂੰ ਸਸਤੇ ਤੋਂ ਸਸਤਾ ਇਲਾਜ ਮੁਹੱਈਆ ਕਰਵਾਉਣ ਲਈ ਜਾਣੇ ਜਾਂਦੇ ਸਨ। ਲੋਕ ਦੱਸਦੇ ਹਨ ਕਿ ਮਰੀਜ਼ਾਂ ਦੇ ਇਲਾਜ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਆਪਣੇ ਕੋਲ ਇਲਾਜ ਲਈ ਆਉਣ ਵਾਲੇ ਬਜ਼ੁਰਗ ਮਰੀਜ਼ਾਂ ਨੂੰ ਉਹ ਆਉਣ-ਜਾਣ ਦਾ ਕਿਰਾਇਆ ਤੱਕ ਵੀ ਦੇ ਦਿੰਦੇ ਸਨ। ਮੈਂ thebetterindia.com website ਵਿੱਚ ਸਮਾਜ ਨੂੰ ਪ੍ਰੇਰਣਾ ਦੇਣ ਵਾਲੇ ਉਨ੍ਹਾਂ ਦੇ ਅਨੇਕਾਂ ਅਜਿਹੇ ਕੰਮਾਂ ਬਾਰੇ ਪੜ੍ਹਿਆ ਹੈ।

ਇਸੇ ਤਰ੍ਹਾਂ 25 ਦਸੰਬਰ ਨੂੰ ਕਰਨਾਟਕ ਦੀ ਸੁਲਾਗਿੱਟੀ ਨਰਸੱਮਾ ਦੇ ਦੇਹਾਂਤ ਦੀ ਜਾਣਕਾਰੀ ਮਿਲੀ। ਸੁਲਾਗਿੱਟੀ ਨਰਸੱਮਾ ਗਰਭਵਤੀ ਮਾਵਾਂ-ਭੈਣਾਂ ਨੂੰ ਪ੍ਰਸੂਤ ਵਿੱਚ ਮਦਦ ਕਰਨ ਵਾਲੀ ਸਹਾਇਕਾ ਸਨ। ਉਨ੍ਹਾਂ ਨੇ ਕਰਨਾਟਕ ਵਿੱਚ ਖਾਸ ਕਰਕੇ ਉੱਥੋਂ ਦੇ ਦੁਸ਼ਵਾਰ ਇਲਾਕਿਆਂ ਵਿੱਚ ਹਜ਼ਾਰਾਂ ਮਾਵਾਂ-ਭੈਣਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ. ਜਯਾ ਚੰਦਰਨ ਤੇ ਸੁਲਾਗਿੱਟੀ ਨਰਸੱਮਾ ਵਰਗੀਆਂ ਕਈ ਪ੍ਰੇਰਣਾਦਾਇੱਕ ਸ਼ਖਸੀਅਤਾਂ ਹਨ, ਜਿਨ੍ਹਾਂ ਨੇ ਸਮਾਜ ਵਿੱਚ ਸਾਰਿਆਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਜਦ ਹੁਣ ਅਸੀਂ Health Care ਦੀਆਂ ਗੱਲਾਂ ਕਰ ਰਹੇ ਹਾਂ ਤਾਂ ਮੈਂ ਇੱਥੇ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਡਾਕਟਰਾਂ ਦੇ ਸਮਾਜਿਕ ਯਤਨਾਂ ਬਾਰੇ ਵੀ ਚਰਚਾ ਕਰਨੀ ਚਾਹਾਂਗਾ। ਪਿਛਲੇ ਦਿਨੀਂ ਸਾਡੀ ਪਾਰਟੀ ਦੇ ਕੁਝ ਕਾਰਜਕਰਤਾਵਾਂ ਨੇ ਮੈਨੂੰ ਦੱਸਿਆ ਕਿ ਸ਼ਹਿਰ ਦੇ ਕੁਝ ਨੌਜਵਾਨ ਡਾਕਟਰ ਕੈਂਪ ਲਗਾ ਕੇ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਦੇ ਹਨ। ਇੱਥੋਂ ਦੇ Heart Lungs Critical Centre ਵੱਲੋਂ ਹਰ ਮਹੀਨੇ ਅਜਿਹੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ, ਜਿੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਅਤੇ ਇਲਾਜ ਦਾ ਪ੍ਰਬੰਧ ਹੁੰਦਾ ਹੈ। ਅੱਜ ਹਰ ਮਹੀਨੇ ਸੈਂਕੜੇ ਗ਼ਰੀਬ ਮਰੀਜ਼ ਇਸ ਕੈਂਪ ਤੋਂ ਲਾਭ ਲੈ ਰਹੇ ਹਨ। ਨਿਰਸਵਾਰਥ ਭਾਵਨਾ ਨਾਲ ਸੇਵਾ ’ਚ ਜੁਟੇ ਇਨ੍ਹਾਂ doctors ਮਿੱਤਰਾਂ ਦਾ ਉਤਸ਼ਾਹ ਸਚਮੁੱਚ ਤਾਰੀਫ ਦੇ ਕਾਬਲ ਹੈ। ਅੱਜ ਮੈਂ ਇਹ ਗੱਲ ਬਹੁਤ ਹੀ ਮਾਣ ਨਾਲ ਦੱਸ ਰਿਹਾ ਹਾਂ ਕਿ ਸਮੂਹਿਕ ਯਤਨਾਂ ਦੇ ਨਾਲ ਹੀ ‘ਸਵੱਛ ਭਾਰਤ ਮਿਸ਼ਨ’ ਇੱਕ ਸਫਲ ਮੁਹਿੰਮ ਬਣ ਗਈ ਹੈ। ਮੈਨੂੰ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇਕੱਠੇ 3 ਲੱਖ ਤੋਂ ਜ਼ਿਆਦਾ ਲੋਕ ਸਫਾਈ ਮੁਹਿੰਮ ਵਿੱਚ ਜੁਟੇ। ਸਵੱਛਤਾ ਦੇ ਇਸ ਮਹਾਯੱਗ ਵਿੱਚ ਨਗਰ ਨਿਗਮ, ਸਵੈ-ਸੇਵੀ ਸੰਗਠਨ, ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਜਬਲਪੁਰ ਦੀ ਜਨਤਾ-ਜਨਾਰਦਨ ਸਾਰੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਮੈਂ ਹੁਣੇ thebetterindia.com ਦਾ ਜ਼ਿਕਰ ਕੀਤਾ ਸੀ, ਜਿੱਥੇ ਮੈਨੂੰ ਡਾ. ਜਯਾ ਚੰਦਰਨ ਦੇ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ thebetterindia.com website ’ਤੇ ਜਾ ਕੇ ਅਜਿਹੀਆਂ ਪ੍ਰੇਰਣਾਦਾਇੱਕ ਚੀਜ਼ਾਂ ਨੂੰ ਜਾਨਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ-ਕੱਲ੍ਹ ਅਜਿਹੀਆਂ ਕਈ Website ਹਨ ਜੋ ਅਜਿਹੇ ਵਿਲੱਖਣ ਲੋਕਾਂ ਦੇ ਜੀਵਨ ਤੋਂ ਪ੍ਰੇਰਣਾ ਦੇਣ ਵਾਲੀਆਂ ਕਈ ਕਹਾਣੀਆਂ ਨਾਲ ਸਾਨੂੰ ਜਾਣੂ ਕਰਵਾ ਰਹੀਆਂ ਹਨ। ਜਿਵੇਂ thepositiveindia.com ਸਮਾਜ ਵਿੱਚ Positivity ਫੈਲਾਉਣ ਅਤੇ ਸਮਾਜ ਨੂੰ ਜ਼ਿਆਦਾ ਸੰਵੇਦਨਸ਼ੀਲ ਬਣਾਉਣ ਦਾ ਕੰਮ ਕਰ ਰਹੀ ਹੈ। ਇਸੇ ਤਰ੍ਹਾਂ yourstory.com ਇਸ ਉੱਪਰ Young Innovators ਅਤੇ ਉੱਦਮੀਆਂ ਦੀ ਸਫਲਤਾ ਦੀ ਕਹਾਣੀ ਨੂੰ ਬਾਖੂਬੀ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ samskritabharti.in ਦੇ ਮਾਧਿਅਮ ਨਾਲ ਤੁਸੀਂ ਘਰ ਬੈਠੇ ਸੌਖੇ ਤਰੀਕੇ ਨਾਲ ਸੰਸਕ੍ਰਿਤ ਭਾਸ਼ਾ ਸਿੱਖ ਸਕਦੇ ਹੋ। ਕੀ ਅਸੀਂ ਇਹ ਕੰਮ ਕਰ ਸਕਦੇ ਹਾਂ? ਅਜਿਹੀ ਵੈੱਬਸਾਈਟ ਦੇ ਬਾਰੇ ’ਚ ਆਪਸ ਵਿੱਚ ਸ਼ੇਅਰ ਕਰੀਏ। Positivity ਨੂੰ ਮਿਲ ਕੇ ਵਾਇਰਲ ਕਰੀਏ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਸਮਾਜ ਵਿੱਚ ਤਬਦੀਲੀ ਲਿਆਉਣ ਵਾਲੇ ਸਾਡੇ ਨਾਇਕਾਂ ਬਾਰੇ ਜਾਣ ਸਕਣਗੇ। Negativity ਫੈਲਾਉਣਾ ਕਾਫੀ ਸੌਖਾ ਹੁੰਦਾ ਹੈ ਪਰ ਸਾਡੇ ਸਮਾਜ ਵਿੱਚ, ਸਾਡੇ ਆਲ਼ੇ-ਦੁਆਲ਼ੇ ਬਹੁਤ ਸਾਰੇ ਚੰਗੇ ਕੰਮ ਹੋ ਰਹੇ ਹਨ ਅਤੇ ਇਹ ਸਾਰਾ ਕੁਝ 130 ਕਰੋੜ ਭਾਰਤ ਵਾਸੀਆਂ ਦੇ ਸਮੂਹਿਕ ਯਤਨਾਂ ਨਾਲ ਹੋ ਰਿਹਾ ਹੈ।

ਹਰ ਸਮਾਜ ਵਿੱਚ ਖੇਡਣ-ਕੁੱਦਣ ਦਾ ਆਪਣਾ ਮਹੱਤਵ ਹੁੰਦਾ ਹੈ, ਜਦੋਂ ਖੇਡਾਂ ਖੇਡੀਆਂ ਜਾਂਦੀਆਂ ਹਨ ਤਾਂ ਵੇਖਣ ਵਾਲਿਆਂ ਦਾ ਮਨ ਵੀ ਊਰਜਾ ਨਾਲ ਭਰ ਜਾਂਦਾ ਹੈ। ਖਿਡਾਰੀਆਂ ਨੂੰ ਨਾਮ, ਪਛਾਣ, ਸਨਮਾਨ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਹਿਸੂਸ ਕਰਦੇ ਹਾਂ ਪਰ ਕਦੀ-ਕਦੀ ਇਸ ਸਭ ਦੇ ਪਿੱਛੇ ਦੀਆਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਖੇਡ ਜਗਤ ਤੋਂ ਵੀ ਬਹੁਤ ਵਧ ਕੇ ਹੁੰਦੀਆਂ ਹਨ, ਬਹੁਤ ਵੱਡੀਆਂ ਹੁੰਦੀਆਂ ਹਨ। ਮੈਂ ਕਸ਼ਮੀਰ ਦੀ ਇੱਕ ਬੇਟੀ ਹਨਾਯਾ ਨਿਸਾਰ ਦੇ ਬਾਰੇ ਦੱਸਣਾ ਚਾਹਾਂਗਾ, ਜਿਸ ਨੇ ਕੋਰੀਆ ਵਿੱਚ Karate Championship ਵਿੱਚ ਗੋਲਡ ਮੈਡਲ ਜਿੱਤਿਆ ਹੈ। ਹਨਾਯਾ 12 ਸਾਲਾਂ ਦੀ ਹੈ ਅਤੇ ਕਸ਼ਮੀਰ ਦੇ ਅਨੰਤਨਾਗ ਵਿੱਚ ਰਹਿੰਦੀ ਹੈ। ਹਨਾਯਾ ਨੇ ਮਿਹਨਤ ਅਤੇ ਲਗਨ ਨਾਲ ਕਰਾਟੇ ਦਾ ਅਭਿਆਸ ਕੀਤਾ, ਉਸ ਦੀਆਂ ਬਾਰੀਕੀਆਂ ਨੂੰ ਜਾਣਿਆ ਤੇ ਖੁਦ ਨੂੰ ਸਾਬਿਤ ਕਰਕੇ ਵਿਖਾਇਆ। ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਉਸ ਦੇ ਸੁਨਹਿਰੇ ਭਵਿੱਖ ਦੀ ਦੁਆ ਕਰਦਾ ਹਾਂ। ਹਨਾਯਾ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ। ਇਸੇ ਤਰ੍ਹਾਂ 16 ਸਾਲ ਦੀ ਇੱਕ ਬੇਟੀ ਰਜਨੀ ਬਾਰੇ ਵੀ ਮੀਡੀਆ ’ਚ ਬਹੁਤ ਚਰਚਾ ਹੋਈ ਹੈ। ਤੁਸੀਂ ਵੀ ਜ਼ਰੂਰ ਪੜ੍ਹਿਆ ਹੋਣਾ, ਰਜਨੀ ਨੇ ਜੂਨੀਅਰ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਜਿਵੇਂ ਹੀ ਰਜਨੀ ਨੇ ਤਮਗਾ ਜਿੱਤਿਆ, ਉਹ ਉਸੇ ਵੇਲੇ ਨੇੜਲੇ ਇੱਕ ਦੁੱਧ ਦੇ ਸਟਾਲ ’ਤੇ ਗਈ ਤੇ ਇੱਕ ਗਿਲਾਸ ਦੁੱਧ ਪੀਤਾ। ਇਸ ਤੋਂ ਬਾਅਦ ਰਜਨੀ ਨੇ ਤਮਗੇ ਨੂੰ ਇੱਕ ਕੱਪੜੇ ’ਚ ਲਪੇਟਿਆ ਤੇ ਬੈਗ ’ਚ ਰੱਖ ਲਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਰਜਨੀ ਨੇ ਇੱਕ ਗਿਲਾਸ ਦੁੱਧ ਕਿਉਂ ਪੀਤਾ? ਉਸ ਨੇ ਅਜਿਹਾ ਆਪਣੇ ਪਿਤਾ ਜਸਮੇਰ ਸਿੰਘ ਜੀ ਦੇ ਸਨਮਾਨ ਵਿੱਚ ਕੀਤਾ ਜੋ ਪਾਣੀਪਤ ਦੇ ਇੱਕ ਸਟਾਲ ’ਤੇ ਲੱਸੀ ਵੇਚਦੇ ਹਨ। ਰਜਨੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਬਹੁਤ ਤਿਆਗ ਕੀਤਾ ਹੈ, ਬਹੁਤ ਕਸ਼ਟ ਸਹੇ ਹਨ। ਜਸਮੇਰ ਸਿੰਘ ਹਰ ਸਵੇਰ ਰਜਨੀ ਤੇ ਉਸ ਦੇ ਭੈਣਾਂ-ਭਰਾਵਾਂ ਦੇ ਉੱਠਣ ਤੋਂ ਪਹਿਲਾਂ ਹੀ ਕੰਮ ’ਤੇ ਚਲੇ ਜਾਂਦੇ ਸਨ। ਰਜਨੀ ਨੇ ਜਦ ਆਪਣੇ ਪਿਤਾ ਨੂੰ ਬਾਕਸਿੰਗ ਸਿੱਖਣ ਦੀ ਇੱਛਾ ਦੱਸੀ ਤਾਂ ਪਿਤਾ ਨੇ ਉਸ ਲਈ ਸਾਰੇ ਸੰਭਵ ਸਾਧਨ ਜੁਟਾ ਕੇ ਉਸ ਦਾ ਹੌਸਲਾ ਵਧਾਇਆ। ਰਜਨੀ ਨੂੰ ਮੁੱਕੇਬਾਜ਼ੀ ਦਾ ਅਭਿਆਸ ਪੁਰਾਣੇ gloves ਨਾਲ ਸ਼ੁਰੂ ਕਰਨਾ ਪਿਆ, ਕਿਉਂਕਿ ਉਨ੍ਹੀਂ ਦਿਨੀਂ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਇੰਨੀਆਂ ਸਾਰੀਆਂ ਰੁਕਾਵਟਾਂ ਦੇ ਬਾਅਦ ਵੀ ਰਜਨੀ ਨੇ ਹਿੰਮਤ ਨਹੀਂ ਹਾਰੀ ਤੇ ਮੁੱਕੇਬਾਜ਼ੀ ਸਿੱਖਦੀ ਰਹੀ। ਉਸ ਨੇ ਸਰਬੀਆ ਵਿੱਚ ਵੀ ਇੱਕ ਤਮਗਾ ਜਿੱਤਿਆ ਹੈ, ਮੈਂ ਰਜਨੀ ਨੂੰ ਸ਼ੁਭਕਾਮਨਾਵਾਂ ਤੇ ਅਸ਼ੀਰਵਾਦ ਦਿੰਦਾ ਹਾਂ ਅਤੇ ਰਜਨੀ ਦਾ ਸਾਥ ਦੇਣ ਵਾਲੇ ਤੇ ਉਸ ਦਾ ਉਤਸ਼ਾਹ ਵਧਾਉਣ ਲਈ ਉਸ ਦੇ ਮਾਤਾ-ਪਿਤਾ ਜਸਮੇਰ ਸਿੰਘ ਜੀ ਅਤੇ ਊਸ਼ਾ ਰਾਣੀ ਜੀ ਨੂੰ ਵੀ ਵਧਾਈ ਦਿੰਦਾ ਹਾਂ। ਇਸੇ ਮਹੀਨੇ ਪੂਣੇ ਦੀ ਇੱਕ 20 ਸਾਲ ਦੀ ਬੇਟੀ ਵੇਦਾਂਗੀ ਕੁਲਕਰਣੀ ਸਾਈਕਲ ਰਾਹੀਂ ਦੁਨੀਆ ਦਾ ਚੱਕਰ ਲਗਾਉਣ ਵਾਲੀ ਸਭ ਤੋਂ ਤੇਜ਼ ਏਸ਼ਿਆਈ ਬਣ ਗਈ ਹੈ। ਉਹ 159 ਦਿਨਾਂ ਤੱਕ ਰੋਜ਼ਾਨਾ ਲਗਭਗ 300 ਕਿਲੋਮੀਟਰ ਸਾਈਕਲ ਚਲਾਉਂਦੀ ਸੀ। ਤੁਸੀਂ ਕਲਪਨਾ ਕਰ ਸਕਦੇ ਹੋ ਹਰ ਦਿਨ 300 ਕਿਲੋਮੀਟਰ ਸਾਈਕਲਿੰਗ! ਸਾਈਕਲ ਚਲਾਉਣ ਪ੍ਰਤੀ ਉਸ ਦਾ ਜਨੂੰਨ ਸਚਮੁੱਚ ਪ੍ਰਸ਼ੰਸਾ ਦੇ ਕਾਬਲ ਹੈ। ਕੀ ਇਸੇ ਤਰ੍ਹਾਂ ਦੀਆਂ Achievements ਅਜਿਹੀ ਸਿੱਧੀ ਬਾਰੇ ਸੁਣ ਕੇ ਸਾਨੂੰ Inspiration ਨਹੀਂ ਮਿਲਦੀ। ਖਾਸ ਕਰਕੇ ਮੇਰੇ ਨੌਜਵਾਨ ਮਿੱਤਰ ਜਦ ਅਜਿਹੀਆਂ ਘਟਨਾਵਾਂ ਸੁਣਦੇ ਹਨ, ਫਿਰ ਸਾਨੂੰ ਵੀ ਮੁਸ਼ਕਿਲਾਂ ਵਿਚਕਾਰ ਕੁਝ ਕਰ-ਗੁਜ਼ਰਨ ਦੀ ਪ੍ਰੇਰਣਾ ਮਿਲਦੀ ਹੈ। ਜੇਕਰ ਸੰਕਲਪ ਵਿੱਚ ਸਮਰੱਥਾ ਹੈ, ਹੌਸਲੇ ਬੁਲੰਦ ਹਨ ਤਾਂ ਰੁਕਾਵਟਾਂ ਖੁਦ ਹੀ ਰੁਕ ਜਾਂਦੀਆਂ ਹਨ। ਮੁਸ਼ਕਿਲਾਂ ਕਦੀ ਵੀ ਰੁਕਾਵਟ ਨਹੀਂ ਬਣ ਸਕਦੀਆਂ। ਅਨੇਕਾਂ ਅਜਿਹੀਆਂ ਮਿਸਾਲਾਂ ਜਦ ਸੁਣਦੇ ਹਾਂ ਤਾਂ ਸਾਨੂੰ ਵੀ ਆਪਣੇ ਜੀਵਨ ਵਿੱਚ ਹਰ ਪਲ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ! ਜਨਵਰੀ ਵਿੱਚ ਉਮੰਗ ਤੇ ਉਤਸ਼ਾਹ ਨਾਲ ਭਰੇ ਬਹੁਤ ਸਾਰੇ ਤਿਓਹਾਰ ਆਉਣ ਵਾਲੇ ਹਨ। ਜਿਵੇਂ ਲੋਹੜੀ, ਪੋਂਗਲ, ਮਕਰ ਸੰਕ੍ਰਾਂਤੀ, ਉਤਰਾਇਣ, ਮਾਘ ਬਿਹੂ, ਮਾਘੀ ਇਨ੍ਹਾਂ ਤਿਓਹਾਰਾਂ ਦੇ ਮੌਕੇ ’ਤੇ ਪੂਰੇ ਭਾਰਤ ਵਿੱਚ ਕਿਤੇ ਪ੍ਰੰਪਰਾਗਤ ਨਾਚਾਂ ਦਾ ਰੰਗ ਦਿੱਸੇਗਾ ਤਾਂ ਕਿਧਰੇ ਫਸਲ ਤਿਆਰ ਹੋਣ ਦੀ ਖੁਸ਼ੀ ਵਿੱਚ ਲੋਹੜੀ ਬਾਲੀ ਜਾਵੇਗੀ, ਕਿਤੇ ਅਸਮਾਨ ਵਿੱਚ ਰੰਗ-ਬਰੰਗੀਆਂ ਪਤੰਗਾਂ ਉੱਡਦੀਆਂ ਨਜ਼ਰ ਆਉਣਗੀਆਂ ਤਾਂ ਕਿਤੇ ਮੇਲੇ ਦੀਆਂ ਰੌਣਕਾਂ ਲੱਗਣਗੀਆਂ ਤਾਂ ਕਿਤੇ ਖੇਡਾਂ ਦੇ ਮੁਕਾਬਲੇ ਹੋਣਗੇ ਤਾਂ ਕਿਤੇ ਇੱਕ-ਦੂਜੇ ਨੂੰ ਤਿਲ-ਗੁੜ ਖਵਾਇਆ ਜਾਵੇਗਾ। ਲੋਕ ਇੱਕ-ਦੂਜੇ ਨੂੰ ਕਹਿਣਗੇ ‘ਤਿਲ-ਗੁੜ ਘਯਾ – ਆਣੀ ਗੌੜ – ਗੌੜ ਬੋਲਾ’ ਇਨ੍ਹਾਂ ਸਾਰੇ ਤਿਓਹਾਰਾਂ ਦੇ ਨਾਮ ਭਾਵੇਂ ਵੱਖ-ਵੱਖ ਹਨ ਪਰ ਸਾਰਿਆਂ ਨੂੰ ਮਨਾਉਣ ਦੀ ਭਾਵਨਾ ਇੱਕ ਹੈ। ਇਹ ਉਤਸਵ ਕਿਤੇ ਨਾ ਕਿਤੇ ਫਸਲ ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ, ਕਿਸਾਨ ਨਾਲ ਜੁੜੇ ਹੋਏ ਹਨ, ਪਿੰਡ ਨਾਲ ਜੁੜੇ ਹੋਏ ਹਨ, ਖੇਤਾਂ ਨਾਲ ਜੁੜੇ ਹੋਏ ਹਨ। ਇਸੇ ਦੌਰਾਨ ਸੂਰਜ ਉਤਰਾਇਣ ਹੋ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਇਸ ਤੋਂ ਬਾਅਦ ਦਿਨ ਹੌਲੀ-ਹੌਲੀ ਵੱਡੇ ਹੋਣ ਲਗਦੇ ਹਨ ਅਤੇ ਸਰਦੀਆਂ ਦੀਆਂ ਫਸਲਾਂ ਦੀ ਵਾਢੀ ਵੀ ਸ਼ੁਰੂ ਹੋ ਜਾਂਦੀ ਹੈ। ਸਾਡੇ ਅੰਨਦਾਤਾ ਕਿਸਾਨ ਭੈਣਾਂ-ਭਰਾਵਾਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ‘ਵਿਵਿਧਤਾ ਵਿੱਚ ਏਕਤਾ’ – ‘ਇੱਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦੀ ਮਹਿਕ ਸਾਡੇ ਤਿਓਹਾਰ ਆਪਣੇ ਅੰਦਰ ਸਮੋਈ ਬੈਠੇ ਹਨ। ਅਸੀਂ ਵੇਖ ਸਕਦੇ ਹਾਂ ਕਿ ਸਾਡੇ ਦਿਨ-ਤਿਓਹਾਰ ਕੁਦਰਤ ਨਾਲ ਕਿੰਨੀ ਨੇੜਤਾ ਨਾਲ ਜੁੜੇ ਹੋਏ ਹਨ। ਭਾਰਤੀ ਸੰਸਕ੍ਰਿਤੀ ਵਿੱਚ ਸਮਾਜ ਅਤੇ ਕੁਦਰਤ ਨੂੰ ਵੱਖ-ਵੱਖ ਨਹੀਂ ਮੰਨਿਆ ਜਾਂਦਾ। ਇੱਥੇ ਵਿਅਕਤੀ ਅਤੇ ਕੁਦਰਤ ਇੱਕ ਹੀ ਹਨ, ਕੁਦਰਤ ਦੇ ਨਾਲ ਸਾਡੇ ਨੇੜਲੇ ਸਬੰਧ ਦਾ ਇੱਕ ਵਧੀਆ ਉਦਾਹਰਣ ਹੈ, ਤਿਓਹਾਰਾਂ ’ਤੇ ਅਧਾਰਿਤ ਕੈਲੰਡਰ। ਇਸ ਵਿੱਚ ਸਾਲ ਭਰ ਦੇ ਦਿਨ-ਤਿਓਹਾਰਾਂ ਦੇ ਨਾਲ ਹੀ ਗ੍ਰਹਿ ਨਛੱਤਰਾਂ ਦਾ ਲੇਖਾ-ਜੋਖਾ ਵੀ ਹੁੰਦਾ ਹੈ। ਇਸ ਪ੍ਰੰਪਰਾਗਤ ਕੈਲੰਡਰ ਤੋਂ ਪਤਾ ਲਗਦਾ ਹੈ ਕਿ ਕੁਦਰਤ ਅਤੇ ਖਗੋਲੀ ਘਟਨਾਵਾਂ ਨਾਲ ਸਾਡਾ ਰਿਸ਼ਤਾ ਕਿੰਨਾ ਪੁਰਾਣਾ ਹੈ। ਚੰਦਰਮਾ ਅਤੇ ਸੂਰਜ ਦੀ ਗਤੀ ਉੱਪਰ ਅਧਾਰਿਤ, ਚੰਦਰਮਾ ਅਤੇ ਸੂਰਜ ਦੇ ਕੈਲੰਡਰ ਅਨੁਸਾਰ ਪਰਵ-ਤਿਓਹਾਰਾਂ ਦੀ ਤਾਰੀਕ ਨਿਰਧਾਰਿਤ ਹੁੰਦੀ ਹੈ। ਇਹ ਇਸ ਉੱਪਰ ਨਿਰਭਰ ਕਰਦਾ ਹੈ ਕਿ ਕੌਣ ਕਿਹੜੇ ਕੈਲੰਡਰ ਨੂੰ ਮੰਨਦਾ ਹੈ। ਕਈ ਖੇਤਰਾਂ ਵਿੱਚ ਗ੍ਰਹਿ ਨਛੱਤਰਾਂ ਦੀ ਸਥਿਤੀ ਅਨੁਸਾਰ ਵੀ ਦਿਨ-ਤਿਓਹਾਰ ਮਨਾਏ ਜਾਂਦੇ ਹਨ। ਗੁੜੀ ਪੜਵਾ, ਚੇਤੀਚੰਦ, ਉਗਾਦੀ ਇਹ ਸਭ ਜਿੱਥੇ ਚੰਦਰ ਕੈਲੰਡਰ ਦੇ ਅਨੁਸਾਰ ਮਨਾਏ ਜਾਂਦੇ ਹਨ, ਉੱਥੇ ਤਮਿਲ ਪੁਥਾਂਡੂ, ਵਿਸ਼ੂ ਵੈਸਾਖ, ਵਿਸਾਖੀ, ਪੋਇਲਾ ਵੈਸਾਖ, ਬਿਹੂ ਇਹ ਸਾਰੇ ਤਿਓਹਾਰ ਸੂਰਜ ਕੈਲੰਡਰ ਦੇ ਅਧਾਰ ਉੱਪਰ ਮਨਾਏ ਜਾਂਦੇ ਹਨ। ਸਾਡੇ ਕਈ ਤਿਓਹਾਰਾਂ ਵਿੱਚ ਨਦੀਆਂ ਤੇ ਪਾਣੀ ਨੂੰ ਬਚਾਉਣ ਦੀ ਭਾਵਨਾ ਜੁੜੀ ਹੋਈ ਹੈ। ਛਠ ਪਰਵ ਨਦੀਆਂ-ਤਲਾਬਾਂ ਵਿੱਚ ਸੂਰਜ ਦੀ ਉਪਾਸਨਾ ਨਾਲ ਜੁੜਿਆ ਹੋਇਆ ਹੈ। ਮਕਰ ਸੰਕ੍ਰਾਂਤੀ ’ਤੇ ਵੀ ਲੱਖਾਂ-ਕਰੋੜਾਂ ਲੋਕ ਪਵਿੱਤਰ ਨਦੀਆਂ ਵਿੱਚ ਡੁਬਕੀ ਲਗਾਉਂਦੇ ਹਨ। ਸਾਡੇ ਪਰਵ-ਤਿਓਹਾਰ ਸਾਨੂੰ ਸਮਾਜਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਦਿੰਦੇ ਹਨ। ਇੱਕ ਪਾਸੇ ਜਿੱਥੇ ਇਨ੍ਹਾਂ ਦਾ ਪੌਰਾਣਿਕ ਮਹੱਤਵ ਹੈ, ਉੱਥੇ ਹਰ ਤਿਓਹਾਰ ਜੀਵਨ ਦੇ ਪਾਠ, ਇੱਕ-ਦੂਜੇ ਨਾਲ ਭਾਈਚਾਰੇ ਨਾਲ ਰਹਿਣ ਦੀ ਪ੍ਰੇਰਣਾ ਸਹਿਜੇ ਹੀ ਸਿਖਾ ਜਾਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ 2019 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਉਣ ਵਾਲੇ ਤਿਓਹਾਰਾਂ ਦੀਆਂ ਤੁਸੀਂ ਭਰਪੂਰ ਖੁਸ਼ੀਆਂ ਮਾਣੋ, ਇਸ ਦੀ ਕਾਮਨਾ ਕਰਦਾ ਹਾਂ। ਇਨ੍ਹਾਂ ਤਿਓਹਾਰਾਂ ਉੱਪਰ ਲਈਆਂ ਗਈਆਂ Photos ਨੂੰ ਸਾਰਿਆਂ ਨਾਲ ਸ਼ੇਅਰ ਕਰੋ ਤਾਂ ਕਿ ਭਾਰਤ ਦੀ ਵਿਵਿਧਤਾ ਅਤੇ ਭਾਰਤੀ ਸੰਸਕ੍ਰਿਤੀ ਦੀ ਸੁੰਦਰਤਾ ਨੂੰ ਹਰ ਕੋਈ ਵੇਖ ਸਕੇ।

ਮੇਰੇ ਪਿਆਰੇ ਦੇਸ਼ ਵਾਸੀਓ! ਸਾਡੀ ਸੰਸਕ੍ਰਿਤੀ ਵਿੱਚ ਕਈ ਅਜਿਹੀਆਂ ਚੀਜ਼ਾਂ ਦੀ ਭਰਮਾਰ ਹੈ, ਜਿਨ੍ਹਾਂ ਉੱਪਰ ਅਸੀਂ ਮਾਣ ਕਰ ਸਕਦੇ ਹਾਂ ਤੇ ਪੂਰੀ ਦੁਨੀਆ ਨੂੰ ਮਾਣ ਨਾਲ ਵਿਖਾ ਸਕਦੇ ਹਾਂ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਕੁੰਭ ਦਾ ਮੇਲਾ। ਤੁਸੀਂ ਕੁੰਭ ਬਾਰੇ ਬਹੁਤ ਕੁਝ ਸੁਣਿਆ ਹੋਣਾ। ਫਿਲਮਾਂ ਵਿੱਚ ਵੀ ਤੁਸੀਂ ਉਸ ਦੀ ਖੂਬਸੂਰਤੀ ਅਤੇ ਵਿਸ਼ਾਲਤਾ ਬਾਰੇ ਕਾਫੀ ਕੁਝ ਵੇਖਿਆ ਹੋਵੇਗਾ ਅਤੇ ਇਹ ਸੱਚ ਵੀ ਹੈ। ਕੁੰਭ ਦਾ ਸਰੂਪ ਵਿਰਾਟ ਹੁੰਦਾ ਹੈ, ਜਿੰਨਾ ਦਿਵਯ ਓਨਾ ਹੀ ਖੂਬਸੂਰਤ। ਦੇਸ਼ ਅਤੇ ਦੁਨੀਆ ਭਰ ਦੇ ਲੋਕ ਆਉਂਦੇ ਹਨ ਅਤੇ ਕੁੰਭ ਨਾਲ ਜੁੜ ਜਾਂਦੇ ਹਨ। ਕੁੰਭ ਮੇਲੇ ਵਿੱਚ ਆਸਥਾ ਅਤੇ ਸ਼ਰਧਾ ਦਾ ਜਨ-ਸਾਗਰ ਉੱਛਲਦਾ ਹੈ। ਇਕੱਠਿਆਂ ਇੱਕੋ ਜਗ੍ਹਾ ਦੇਸ਼-ਵਿਦੇਸ਼ ਦੇ ਲੱਖਾਂ-ਕਰੋੜਾਂ ਲੋਕ ਜੁੜਦੇ ਹਨ। ਕੁੰਭ ਦੀ ਪ੍ਰੰਪਰਾ ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਨਾਲ ਵਧੀ-ਫੁਲੀ ਹੈ। ਇਸ ਵਾਰ 15 ਜਨਵਰੀ ਤੋਂ ਪ੍ਰਯਾਗ ਰਾਜ ਵਿੱਚ ਆਯੋਜਿਤ ਹੋਣ ਜਾ ਰਿਹਾ ਵਿਸ਼ਵ ਪ੍ਰਸਿੱਧ ਕੁੰਭ ਮੇਲਾ ਜਿਸ ਦੀ ਸ਼ਾਇਦ ਤੁਸੀਂ ਸਾਰੇ ਬੜੀ ਉਤਸੁਕਤਾ ਨਾਲ ਉਡੀਕ ਕਰ ਰਹੇ ਹੋਵੋਗੇ, ਕੁੰਭ ਮੇਲੇ ’ਤੇ ਹੁਣ ਤੋਂ ਹੀ ਸੰਤਾਂ-ਮਹਾਤਮਾਵਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਵੀ ਹੋ ਚੁੱਕਾ ਹੈ। ਇਸ ਦੇ ਵਿਸ਼ਵੀ ਮਹੱਤਵ ਦਾ ਅੰਦਾਜ਼ਾ ਇਸੇ ਤੋਂ ਲੱਗ ਜਾਂਦਾ ਹੈ ਕਿ ਪਿਛਲੇ ਵਰ੍ਹੇ UNESCO ਨੇ ਕੁੰਭ ਮੇਲੇ ਨੂੰ Intangible Cultural Heritage of Humanity ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਕੁਝ ਦਿਨ ਪਹਿਲਾਂ ਕਈ ਦੇਸ਼ਾਂ ਦੇ ਰਾਜਦੂਤਾਂ ਨੇ ਕੁੰਭ ਦੀਆਂ ਤਿਆਰੀਆਂ ਨੂੰ ਵੇਖਿਆ। ਇੱਥੇ ਇਕੱਠਿਆਂ ਕਈ ਦੇਸ਼ਾਂ ਦੇ ਰਾਸ਼ਟਰੀ ਝੰਡੇ ਲਹਿਰਾਏ ਗਏ। ਪ੍ਰਯਾਗਰਾਜ ਵਿੱਚ ਆਯੋਜਿਤ ਹੋ ਰਹੇ ਇਸ ਕੁੰਭ ਮੇਲੇ ਵਿੱਚ 150 ਤੋਂ ਵੀ ਜ਼ਿਆਦਾ ਦੇਸ਼ਾਂ ਦੇ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਕੁੰਭ ਦੀ ਦਿੱਵਿਯਤਾ ਨਾਲ ਭਾਰਤ ਦੀ ਖੂਬਸੂਰਤੀ ਦਾ ਰੰਗ ਪੂਰੀ ਦੁਨੀਆ ’ਚ ਨਜ਼ਰ ਆਏਗਾ। ਕੁੰਭ ਮੇਲਾ Self Discovery ਦਾ ਵੀ ਇੱਕ ਵੱਡਾ ਮਾਧਿਅਮ ਹੈ, ਜਿੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਵੱਖ-ਵੱਖ ਅਹਿਸਾਸ ਹੁੰਦੇ ਨੇ। ਸੰਸਾਰਿਕ ਚੀਜ਼ਾਂ ਨੂੰ ਅਧਿਆਤਮਕ ਨਜ਼ਰੀਏ ਨਾਲ ਵੇਖਿਆ-ਸਮਝਿਆ ਜਾਂਦਾ ਹੈ। ਖਾਸਕਰ ਨੌਜਵਾਨਾਂ ਲਈ ਇਹ ਇੱਕ ਬਹੁਤ ਵੱਡਾ Learning Experience ਹੋ ਸਕਦਾ ਹੈ। ਮੈਂ ਖੁਦ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਗਿਆ ਸੀ। ਮੈਂ ਵੇਖਿਆ ਕਿ ਕੁੰਭ ਦੀ ਤਿਆਰੀ ਜ਼ੋਰ-ਸ਼ੋਰ ਨਾਲ ਚਲ ਰਹੀ ਹੈ। ਪ੍ਰਯਾਗਰਾਜ ਦੇ ਲੋਕ ਵੀ ਕੁੰਭ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉੱਥੇ ਮੈਂ Integrated Command and Control Centre ਦਾ ਉਦਘਾਟਨ ਕੀਤਾ। ਸ਼ਰਧਾਲੂਆਂ ਨੂੰ ਇਸ ਨਾਲ ਕਾਫੀ ਮਦਦ ਮਿਲੇਗੀ। ਇਸ ਵਾਰੀ ਕੁੰਭ ’ਚ ਸਵੱਛਤਾ ਉੱਪਰ ਵੀ ਕਾਫੀ ਜ਼ੋਰ ਦਿੱਤਾ ਜਾ ਰਿਹਾ ਹੈ। ਆਯੋਜਨ ’ਚ ਸ਼ਰਧਾ ਦੇ ਨਾਲ-ਨਾਲ ਸਫਾਈ ਵੀ ਰਹੇਗੀ ਤਾਂ ਦੂਰ-ਦੂਰ ਤੱਕ ਇਸ ਦਾ ਵਧੀਆ ਸੰਦੇਸ਼ ਵੀ ਪਹੁੰਚੇਗਾ। ਇਸ ਵਾਰ ਹਰ ਸ਼ਰਧਾਲੂ ਸੰਗਮ ’ਚ ਪਵਿੱਤਰ ਇਸ਼ਨਾਨ ਤੋਂ ਬਾਅਦ ਅਕਸ਼ਵਟ ਦੇ ਪਾਵਨ ਦਰਸ਼ਨ ਵੀ ਕਰ ਸਕੇਗਾ। ਲੋਕਾਂ ਦੀ ਆਸਥਾ ਦਾ ਪ੍ਰਤੀਕ ਇਹ ਅਕਸ਼ਵਟ ਸੈਂਕੜੇ ਵਰ੍ਹਿਆਂ ਤੋਂ ਕਿਲ੍ਹੇ ’ਚ ਬੰਦ ਸੀ, ਜਿਸ ਦੇ ਸ਼ਰਧਾਲੂ ਚਾਹੁੰਦੇ ਹੋਏ ਵੀ ਦਰਸ਼ਨ ਨਹੀਂ ਸਨ ਕਰ ਸਕਦੇ। ਹੁਣ ਅਕਸ਼ਵਟ ਦਾ ਦੁਆਰ ਸਾਰਿਆਂ ਲਈ ਖੋਲ੍ਹ ਦਿੱਤਾ ਗਿਆ। ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਕਿ ਤੁਸੀਂ ਜਦੋਂ ਕੁੰਭ ਜਾਓ ਤਾਂ ਕੁੰਭ ਦੇ ਵੱਖ-ਵੱਖ ਪਹਿਲੂ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੁੰਭ ਵਿੱਚ ਜਾਣ ਦੀ ਪ੍ਰੇਰਣਾ ਮਿਲੇ।

ਅਧਿਆਤਮ ਕਾ ਯਹ ਕੁੰਭ ਭਾਰਤੀਯ ਦਰਸ਼ਨ ਕਾ ਮਹਾਕੁੰਭ ਬਨੇ

ਆਸਥਾ ਕਾ ਯਹ ਕੁੰਭ ਰਾਸ਼ਟਰੀਯਤਾ ਕਾ ਭੀ ਮਹਾਕੁੰਭ ਬਨੇ

ਰਾਸ਼ਟਰੀਯ ਏਕਤਾ ਕਾ ਭੀ ਮਹਾਕੁੰਭ ਬਨੇ

ਸ਼ਰਧਾਲੂਓਂ ਕਾ ਯਹ ਕੁੰਭ ਵੈਸ਼ਵਿਕ ਟੂਰਿਸਟੋਂ ਕਾ ਭੀ ਮਹਾਕੁੰਭ ਬਨੇ

ਕਲਾਤਮਕਤਾ ਕਾ ਯਹ ਕੁੰਭ ਸਿਰਜਨ ਸ਼ਕਤੀਓਂ ਕਾ ਭੀ ਮਹਾਕੁੰਭ ਬਨੇ।

ਮੇਰੇ ਪਿਆਰੇ ਦੇਸ਼ ਵਾਸੀਓ! 26 ਜਨਵਰੀ ਦੇ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ ਸਾਡੇ ਦੇਸ਼ ਵਾਸੀਆਂ ਦੇ ਮਨ ਵਿੱਚ ਬਹੁਤ ਸਾਰੀ ਉਤਸੁਕਤਾ ਰਹਿੰਦੀ ਹੈ। ਉਸ ਦਿਨ ਅਸੀਂ ਆਪਣੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਸਾਡਾ ਸੰਵਿਧਾਨ ਦਿੱਤਾ।

ਇਸ ਵਰ੍ਹੇ ਅਸੀਂ ਪੂਜਨੀਕ ਬਾਪੂ ਦਾ 150ਵੀਂ ਜਯੰਤੀ ਵਰ੍ਹਾ ਮਨਾ ਰਹੇ ਹਾਂ। ਸਾਡੇ ਲਈ ਸੁਭਾਗ ਵਾਲੀ ਗੱਲ ਹੈ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ, ਸ਼੍ਰੀ ਸਿਰਿਲ ਰਾਮਾਫੋਸਾ ਇਸ ਵਰ੍ਹੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਪਧਾਰ ਰਹੇ ਹਨ। ਪੂਜਨੀਕ ਬਾਪੂ ਤੇ ਦੱਖਣੀ ਅਫਰੀਕਾ ਦਾ ਇੱਕ ਅਟੁੱਟ ਰਿਸ਼ਤਾ ਰਿਹਾ ਹੈ। ਇਹ ਦੱਖਣੀ ਅਫਰੀਕਾ ਹੀ ਸੀ, ਜਿੱਥੋਂ ਮੋਹਨ, ‘ਮਹਾਤਮਾ’ ਬਣ ਗਏ। ਦੱਖਣੀ ਅਫਰੀਕਾ ਵਿੱਚ ਹੀ ਮਹਾਤਮਾ ਗਾਂਧੀ ਨੇ ਆਪਣਾ ਪਹਿਲਾ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਅਤੇ ਰੰਗ-ਭੇਦ ਦੇ ਵਿਰੋਧ ਵਿੱਚ ਡਟ ਕੇ ਖੜ੍ਹੇ ਹੋਏ ਸਨ। ਉਨ੍ਹਾਂ ਨੇ ਫੀਨਿਕਸ ਅਤੇ ਟਾਲਸਟਾਏ ਫਾਰਮਸ ਦੀ ਵੀ ਸਥਾਪਨਾ ਕੀਤੀ ਸੀ, ਜਿੱਥੋਂ ਪੂਰੇ ਵਿਸ਼ਵ ਵਿੱਚ ਸ਼ਾਂਤੀ ਅਤੇ ਇਨਸਾਫ ਲਈ ਗੂੰਜ ਉੱਠੀ ਸੀ। 2018 ਨੈਲਸਨ ਮੰਡੇਲਾ ਦੇ ਜਨਮ ਸ਼ਤਾਬਦੀ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ। ਉਹ ‘ਮੜੀਬਾ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ। ਅਸੀਂ ਸਾਰੇ ਜਾਣਦੇ ਹਾਂ ਕਿ ਨੈਲਸਨ ਮੰਡੇਲਾ ਪੂਰੀ ਦੁਨੀਆ ਵਿੱਚ ਨਸਲ-ਭੇਦ ਦੇ ਖ਼ਿਲਾਫ਼ ਸੰਘਰਸ਼ ਦੀ ਇੱਕ ਮਿਸਾਲ ਸਨ ਅਤੇ ਮੰਡੇਲਾ ਦੇ ਪ੍ਰੇਰਣਾ ਸਰੋਤ ਕੌਣ ਸਨ? ਉਨ੍ਹਾਂ ਨੂੰ ਇੰਨੇ ਵਰ੍ਹੇ ਜੇਲ੍ਹ ਵਿੱਚ ਕੱਟਣ ਦੀ ਸਹਿਣ ਸ਼ਕਤੀ ਅਤੇ ਪ੍ਰੇਰਣਾ ਪੂਜਨੀਕ ਬਾਪੂ ਤੋਂ ਹੀ ਤਾਂ ਮਿਲੀ ਸੀ। ਮੰਡੇਲਾ ਨੇ ਬਾਪੂ ਲਈ ਕਿਹਾ ਸੀ, ‘ਮਹਾਤਮਾ ਸਾਡੇ ਇਤਿਹਾਸ ਦੇ ਅਟੁੱਟ ਅੰਗ ਹਨ, ਕਿਉਂਕਿ ਇੱਥੇ ਹੀ ਉਨ੍ਹਾਂ ਨੇ ਸੱਚ ਦੇ ਨਾਲ ਆਪਣਾ ਪ੍ਰਯੋਗ ਕੀਤਾ ਸੀ। ਇੱਥੇ ਹੀ ਉਨ੍ਹਾਂ ਨੇ ਇਨਸਾਫ ਦੇ ਪ੍ਰਤੀ ਆਪਣੀ ਦ੍ਰਿੜ੍ਹਤਾ ਦਾ ਵਿਲੱਖਣ ਪ੍ਰਦਰਸ਼ਨ ਕੀਤਾ ਸੀ। ਇੱਥੇ ਹੀ ਉਨ੍ਹਾਂ ਨੇ ਆਪਣੇ ਸੱਤਿਆਗ੍ਰਹਿ ਦਾ ਦਰਸ਼ਨ ਅਤੇ ਸੰਘਰਸ਼ ਦੇ ਤਰੀਕੇ ਵਿਕਸਿਤ ਕੀਤੇ।’ ਉਹ ਬਾਪੂ ਨੂੰ ਰੋਲ ਮਾਡਲ ਮੰਨਦੇ ਸਨ। ਬਾਪੂ ਅਤੇ ਮੰਡੇਲਾ ਦੋਵੇਂ ਪੂਰੀ ਦੁਨੀਆ ਲਈ ਨਾ ਸਿਰਫ ਪ੍ਰੇਰਣਾ ਦੇ ਸਰੋਤ ਹਨ, ਸਗੋਂ ਉਨ੍ਹਾਂ ਦੇ ਆਦਰਸ਼ ਸਾਨੂੰ ਪ੍ਰੇਮ ਅਤੇ ਕਰੁਣਾ ਨਾਲ ਭਰੇ ਹੋਏ ਸਮਾਜ ਦੇ ਨਿਰਮਾਣ ਲਈ ਵੀ ਹਮੇਸ਼ਾ ਉਤਸ਼ਾਹਿਤ ਕਰਦੇ ਹਨ।

ਮੇਰੇ ਪਿਆਰੇ ਦੇਸ਼ ਵਾਸੀਓ! ਕੁਝ ਦਿਨ ਪਹਿਲਾਂ ਗੁਜਰਾਤ ਦੇ ਨਰਮਦਾ ਦੇ ਕੰਢੇ ’ਤੇ ਕੇਵੜੀਆ ਵਿੱਚ DGP Conference ਹੋਈ, ਜਿੱਥੇ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ Statue of Unity ਹੈ। ਜਿੱਥੇ ਦੇਸ਼ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਸਾਰਥਕ ਚਰਚਾ ਹੋਈ। ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਦੇਣ ਲਈ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣ, ਇਸ ਬਾਰੇ ਵਿਸਤਾਰ ਨਾਲ ਗੱਲ ਹੋਈ। ਉਸੇ ਦੌਰਾਨ ਮੈਂ ਰਾਸ਼ਟਰੀ ਏਕਤਾ ਦੇ ਲਈ ‘ਸਰਦਾਰ ਪਟੇਲ ਪੁਰਸਕਾਰ’ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ। ਇਹ ਪੁਰਸਕਾਰ ਉਨ੍ਹਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਰਾਸ਼ਟਰੀ ਏਕਤਾ ਲਈ ਆਪਣਾ ਯੋਗਦਾਨ ਦਿੱਤਾ ਹੋਵੇ। ਸ. ਪਟੇਲ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਏਕਤਾ ਲਈ ਸਮਰਪਿਤ ਕਰ ਦਿੱਤੀ। ਉਹ ਹਮੇਸ਼ਾ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਜੁਟੇ ਰਹੇ। ਸਰਦਾਰ ਸਾਹਿਬ ਮੰਨਦੇ ਸਨ ਕਿ ਭਾਰਤ ਦੀ ਤਾਕਤ ਇੱਥੋਂ ਦੀ ਅਨੇਕਤਾ ਵਿੱਚ ਹੀ ਲੁਕੀ ਹੋਈ ਹੈ। ਸ. ਪਟੇਲ ਜੀ ਦੀ ਇਸ ਭਾਵਨਾ ਦਾ ਸਨਮਾਨ ਕਰਦੇ ਹੋਏ ਏਕਤਾ ਦੇ ਇਸ ਪੁਰਸਕਾਰ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! 13 ਜਨਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਯੰਤੀ ਦਾ ਪਵਿੱਤਰ ਦਿਵਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ’ਚ ਹੋਇਆ ਸੀ। ਜੀਵਨ ਦੇ ਜ਼ਿਆਦਾਤਰ ਸਮੇਂ ਤੱਕ ਉਨ੍ਹਾਂ ਦੀ ਕਰਮਭੂਮੀ ਉੱਤਰ ਭਾਰਤ ਰਹੀ ਅਤੇ ਮਹਾਰਾਸ਼ਟਰ ਦੇ ਨੰਦੇੜ ਵਿੱਚ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗੇ। ਜਨਮ ਭੂਮੀ ਪਟਨਾ ਵਿੱਚ, ਕਰਮਭੂਮੀ ਉੱਤਰ ਭਾਰਤ ਵਿੱਚ ਅਤੇ ਜੀਵਨ ਦੇ ਅੰਤਿਮ ਪਲ ਨੰਦੇੜ ਵਿੱਚ। ਇੱਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਪੂਰੇ ਭਾਰਤ ਵਰਸ਼ ਨੂੰ ਉਨ੍ਹਾਂ ਦਾ ਅਸ਼ੀਰਵਾਦ ਮਿਲਿਆ। ਉਨ੍ਹਾਂ ਦੇ ਜੀਵਨ ਕਾਲ ਨੂੰ ਵੇਖੀਏ ਤਾਂ ਉਸ ਵਿੱਚੋਂ ਪੂਰੇ ਭਾਰਤ ਦੀ ਝਲਕ ਨਜ਼ਰ ਆਉਂਦੀ ਹੈ। ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰਗੱਦੀ ਪ੍ਰਾਪਤ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਨਸਾਫ ਦੀ ਲੜਾਈ ਲੜਨ ਦਾ ਸਾਹਸ ਸਿੱਖ ਗੁਰੂਆਂ ਤੋਂ ਵਿਰਾਸਤ ਵਿੱਚ ਮਿਲਿਆ। ਉਹ ਸ਼ਾਂਤ ਅਤੇ ਸਰਲ ਸੁਭਾਅ ਦੇ ਧਨੀ ਸਨ ਪਰ ਜਦੋਂ-ਜਦੋਂ ਗਰੀਬਾਂ ਅਤੇ ਕਮਜ਼ੋਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਉਨ੍ਹਾਂ ਨਾਲ ਬੇਇਨਸਾਫੀ ਕੀਤੀ ਗਈ, ਉਦੋਂ-ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬਾਂ ਅਤੇ ਕਮਜ਼ੋਰਾਂ ਲਈ ਆਪਣੀ ਆਵਾਜ਼ ਦ੍ਰਿੜ੍ਹਤਾ ਨਾਲ ਬੁਲੰਦ ਕੀਤੀ ਅਤੇ ਇਸੇ ਲਈ ਤਾਂ ਆਖਦੇ ਹਨ :

ਸਵਾ ਲਾਖ ਸੇ ਏਕ ਲੜਾਊਂ,

ਚਿੜੀਓਂ ਸੇ ਮੈਂ ਬਾਜ ਤੁੜਾਊਂ,

ਤਬੈ ਗੋਬਿੰਦ ਸਿੰਘ ਨਾਮ ਕਹਾਊਂ।

ਉਹ ਕਿਹਾ ਕਰਦੇ ਸਨ ਕਿ ਕਮਜ਼ੋਰ ਤਬਕਿਆਂ ਨਾਲ ਲੜ ਕੇ ਤਾਕਤ ਦਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸਨ ਕਿ ਸਭ ਤੋਂ ਵੱਡੀ ਸੇਵਾ ਹੈ ਮਨੁੱਖੀ ਦੁੱਖਾਂ ਨੂੰ ਦੂਰ ਕਰਨਾ। ਉਹ ਵੀਰਤਾ, ਹਿੰਮਤ, ਤਿਆਗ, ਧਰਮ ਦੇ ਪਾਲਣ ਨਾਲ ਭਰੇ ਹੋਏ ਦੈਵੀ ਪੁਰਸ਼ ਸਨ, ਜਿਨ੍ਹਾਂ ਨੂੰ ਸ਼ਸਤਰ ਅਤੇ ਸ਼ਾਸਤਰ ਦੋਹਾਂ ਦਾ ਹੀ ਅਲੌਕਿਕ ਗਿਆਨ ਸੀ। ਉਹ ਇੱਕ ਤੀਰਅੰਦਾਜ਼ ਤਾਂ ਸਨ ਹੀ, ਇਸ ਦੇ ਨਾਲ-ਨਾਲ ਗੁਰਮੁਖੀ, ਬ੍ਰਜ ਭਾਸ਼ਾ, ਸੰਸਕ੍ਰਿਤ, ਫਾਰਸੀ, ਹਿੰਦੀ ਅਤੇ ਉਰਦੂ ਤੋਂ ਇਲਾਵਾ ਕਈ ਭਾਸ਼ਾਵਾਂ ਦੇ ਗਿਆਤਾ ਵੀ ਸਨ। ਮੈਂ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਨ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਦੇਸ਼ ਵਿੱਚ ਕਈ ਅਜਿਹੇ ਵਧੀਆ ਪ੍ਰਕਰਣ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਵਿਆਪਕ ਚਰਚਾ ਨਹੀਂ ਹੁੰਦੀ। ਇੱਦਾਂ ਦੀ ਹੀ ਇੱਕ ਅਨੋਖੀ ਕੋਸ਼ਿਸ਼ F.S.S.A.I. ਭਾਵ Food Safety and Standard Authority of India ਦੁਆਰਾ ਹੋ ਰਿਹਾ ਹੈ। ਮਹਾਤਮਾ ਗਾਂਧੀ ਦੇ 150ਵੇਂ ਜਯੰਤੀ ਵਰ੍ਹੇ ਦੇ ਸੰਦਰਭ ਵਿੱਚ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਹੋ ਰਹੇ ਹਨ। ਇਸੇ ਕੜੀ ਵਿੱਚ F.S.S.A.I., Safe ਅਤੇ Healthy Diet Habits ਖਾਣ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹ ਦੇਣ ਵਿੱਚ ਜੁਟਿਆ ਹੋਇਆ ਹੈ। ‘ Eat Right India’ ਮੁਹਿੰਮ ਅਧੀਨ ਦੇਸ਼ ਭਰ ਵਿੱਚ ਸਿਹਤਮੰਦ ਭਾਰਤ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਹ ਮੁਹਿੰਮ 27 ਜਨਵਰੀ ਤੱਕ ਚੱਲੇਗੀ। ਕਦੀ-ਕਦੀ ਸਰਕਾਰੀ ਸੰਗਠਨਾਂ ਦੀ ਪਛਾਣ ਇੱਕ Regulator ਦੀ ਤਰ੍ਹਾਂ ਹੁੰਦੀ ਹੈ ਪਰ ਇਹ ਪ੍ਰਸ਼ੰਸਾਯੋਗ ਹੈ। F.S.S.A.I. ਇਸ ਵਿੱਚ ਅੱਗੇ ਵਧ ਕੇ ਜਨ-ਜਾਗ੍ਰਿਤੀ ਅਤੇ ਲੋਕ ਸਿੱਖਿਆ ਦਾ ਕੰਮ ਕਰ ਰਹੀ ਹੈ, ਜਦੋਂ ਭਾਰਤ ਸਵੱਛ ਹੋਵੇਗਾ, ਸਿਹਤਮੰਦ ਹੋਵੇਗਾ, ਤਦ ਭਾਰਤ ਸਮ੍ਰਿੱਧ ਹੋਵੇਗਾ। ਚੰਗੀ ਸਿਹਤ ਲਈ ਸਭ ਤੋਂ ਜ਼ਰੂਰੀ ਹੈ ਪੌਸ਼ਟਿਕ ਭੋਜਨ। ਇਸ ਸੰਦਰਭ ਵਿੱਚ ਇਸ ਪਹਿਲ ਲਈ F.S.S.A.I. ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਆਓ ਇਸ ਪਹਿਲ ਨਾਲ ਜੁੜੀਏ। ਤੁਸੀਂ ਵੀ ਇਸ ਵਿੱਚ ਹਿੱਸਾ ਲਓ ਅਤੇ ਖਾਸ ਕਰਕੇ ਮੈਂ ਤਾਕੀਦ ਕਰਾਂਗਾ ਕਿ ਬੱਚਿਆਂ ਨੂੰ ਵੀ ਇਹ ਚੀਜ਼ਾਂ ਜ਼ਰੂਰ ਦਿਖਾਓ। ਖਾਣ ਦੇ ਮਹੱਤਵ ਦੀ ਸਿੱਖਿਆ ਬਚਪਨ ਤੋਂ ਹੀ ਜ਼ਰੂਰੀ ਹੁੰਦੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ! 2018 ਦਾ ਇਹ ਅੰਤਿਮ ਪ੍ਰੋਗਰਾਮ ਹੈ। 2019 ਵਿੱਚ ਅਸੀਂ ਫਿਰ ਤੋਂ ਮਿਲਾਂਗੇ। ਫਿਰ ਤੋਂ ਮਨ ਦੀਆਂ ਗੱਲਾਂ ਕਰਾਂਗੇ। ਵਿਅਕਤੀ ਦਾ ਜੀਵਨ ਹੋਵੇ, ਰਾਸ਼ਟਰ ਦਾ ਜੀਵਨ ਹੋਵੇ, ਸਮਾਜ ਦਾ ਜੀਵਨ ਹੋਵੇ, ਪ੍ਰੇਰਣਾ ਪ੍ਰਗਤੀ ਦਾ ਅਧਾਰ ਹੁੰਦੀ ਹੈ। ਆਓ ਨਵੀਂ ਪ੍ਰੇਰਣਾ, ਨਵੀਂ ਉਮੰਗ, ਨਵੇਂ ਸੰਕਲਪ, ਨਵੀਂ ਸਿੱਧੀ, ਨਵੀਂ ਉਚਾਈ ਅੱਗੇ ਚੱਲੀਏ, ਵਧਦੇ ਚੱਲੀਏ, ਖੁਦ ਵੀ ਬਦਲੀਏ, ਦੇਸ਼ ਨੂੰ ਵੀ ਬਦਲੀਏ।

ਬਹੁਤ-ਬਹੁਤ ਧੰਨਵਾਦ

*****

ਏਕੇਟੀ/ਐੱਸਐੱਚ/ਵੀਕੇ