Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ’ ਦੀ 53ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ (24.02.2019)


ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਸ਼ੁਰੂ ਕਰਦੇ ਹੋਏ ਅੱਜ ਮਨ ਭਰਿਆ ਹੋਇਆ ਹੈ। 10 ਦਿਨ ਪਹਿਲਾਂ ਭਾਰਤ ਮਾਤਾ ਨੇ ਆਪਣੇ ਵੀਰ ਸਪੂਤਾਂ ਨੂੰ ਗੁਆ ਦਿੱਤਾ। ਇਨ੍ਹਾਂ ਬਹਾਦਰ ਵੀਰਾਂ ਨੇ, ਸਵਾ ਸੌ ਕਰੋੜ ਭਾਰਤੀਆਂ ਦੀ ਰੱਖਿਆ ਵਿੱਚ ਖੁਦ ਨੂੰ ਵਾਰ ਦਿੱਤਾ। ਦੇਸ਼ ਵਾਸੀ ਚੈਨ ਦੀ ਨੀਂਦ ਸੌਂ ਸਕਣ, ਇਸ ਲਈ ਇਨ੍ਹਾਂ ਸਾਡੇ ਵੀਰ ਸਪੂਤਾਂ ਨੇ ਰਾਤ-ਦਿਨ ਇੱਕ ਕੀਤਾ ਹੋਇਆ ਸੀ। ਪੁਲਵਾਮਾ ਦੇ ਆਤੰਕੀ ਹਮਲੇ ਵਿੱਚ ਵੀਰ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ, ਅਤੇ ਲੋਕਾਂ ਦੇ ਮਨ ਵਿੱਚ ਸਦਮਾ (ਦਰਦ) ਹੈ, ਗੁੱਸਾ ਹੈ। ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਚਾਰ-ਚੁਫੇਰਿਓਂ ਸੰਵੇਦਨਾਵਾਂ ਉਮੜ ਪਈਆਂ ਹਨ। ਇਸ ਆਤੰਕੀ ਹਿੰਸਾ ਦੇ ਵਿਰੋਧ ਵਿੱਚ ਜੋ ਬੇਚੈਨੀ ਤੁਹਾਡੇ ਅਤੇ ਮੇਰੇ ਮਨ ਵਿੱਚ ਹੈ, ਉਹੀ ਭਾਵ ਹਰ ਦੇਸ਼ ਵਾਸੀ ਦੇ ਅੰਤਰ-ਮਨ ਵਿੱਚ ਹੈ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਕਰਨ ਵਾਲੇ ਵਿਸ਼ਵ ਦੇ ਮਾਨਵਤਾਵਾਦੀ ਸਮੁਦਾਇਆਂ ਵਿੱਚ ਵੀ ਹੈ। ਭਾਰਤ ਮਾਤਾ ਦੀ ਰੱਖਿਆ ਵਿੱਚ ਆਪਣੇ ਪ੍ਰਾਣ ਵਾਰਨ ਵਾਲੇ ਦੇਸ਼ ਦੇ ਸਾਰੇ ਵੀਰ ਸਪੂਤਾਂ ਨੂੰ ਮੈਂ ਨਮਨ ਕਰਦਾ ਹਾਂ। ਇਹ ਸ਼ਹਾਦਤ, ਆਤੰਕ ਨੂੰ ਜੜ੍ਹੋਂ ਖ਼ਤਮ ਕਰਨ ਦੇ ਲਈ ਸਾਨੂੰ ਨਿਰੰਤਰ ਪ੍ਰੇਰਿਤ ਕਰੇਗੀ, ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕਰੇਗੀ। ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਸਾਹਮਣਾ ਅਸੀਂ ਸਾਰਿਆਂ ਨੇ ਜਾਤੀਵਾਦ, ਭੇਦਭਾਵ, ਖੇਤਰਵਾਦ ਅਤੇ ਬਾਕੀ ਸਾਰੇ ਮਤਭੇਦਾਂ ਨੂੰ ਭੁਲਾ ਕੇ ਕਰਨਾ ਹੈ ਤਾਂ ਕਿ ਆਤੰਕ ਦੇ ਖ਼ਿਲਾਫ਼ ਸਾਡੇ ਕਦਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਣ, ਤਾਕਤਵਰ ਹੋਣ ਅਤੇ ਫੈਸਲਾਕੁੰਨ ਹੋਣ। ਸਾਡੇ ਹਥਿਆਰਬੰਦ ਬਲ ਹਮੇਸ਼ਾ ਹੀ ਬੇਜੋੜ ਸਾਹਸ ਅਤੇ ਵੀਰਤਾ ਦਾ ਪ੍ਰਗਟਾਵਾ ਕਰਦੇ ਆਏ ਹਨ। ਸ਼ਾਂਤੀ ਦੀ ਸਥਾਪਨਾ ਲਈ ਜਿੱਥੇ ਉਨ੍ਹਾਂ ਨੇ ਅਨੋਖੀ ਸਮਰੱਥਾ ਵਿਖਾਈ ਹੈ, ਉੱਥੇ ਹਮਲਾਵਰਾਂ ਨੂੰ ਵੀ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣ ਦਾ ਕੰਮ ਕੀਤਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਹਮਲੇ ਦੇ ਸੌ ਘੰਟੇ ਦੇ ਅੰਦਰ ਹੀ, ਕਿਸ ਤਰ੍ਹਾਂ ਨਾਲ ਕਦਮ ਉਠਾਏ ਗਏ ਹਨ। ਸੈਨਾ ਨੇ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੰਕਲਪ ਲੈ ਲਿਆ ਹੈ। ਵੀਰ ਸੈਨਿਕਾਂ ਦੀ ਸ਼ਹਾਦਤ ਦੇ ਬਾਅਦ ਮੀਡੀਆ ਦੇ ਮਾਧਿਅਮ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਜਿਹੜੀਆਂ ਪ੍ਰੇਰਣਾਦਾਇੱਕ ਗੱਲਾਂ ਸਾਹਮਣੇ ਆਈਆਂ ਹਨ, ਉਸ ਨੇ ਪੂਰੇ ਦੇਸ਼ ਦੇ ਹੌਸਲੇ ਨੂੰ ਹੋਰ ਬਲ ਦਿੱਤਾ ਹੈ। ਬਿਹਾਰ ਦੇ ਭਾਗਲਪੁਰ ਵਿੱਚ ਸ਼ਹੀਦ ਰਤਨ ਠਾਕੁਰ ਦੇ ਪਿਤਾ ਰਾਮ ਨਿਰੰਜਨ ਜੀ ਨੇ ਦੁਖ ਦੀ ਇਸ ਘੜੀ ਵਿੱਚ ਵੀ ਜਿਸ ਜਜ਼ਬੇ ਦਾ ਪ੍ਰਗਟਾਵਾ ਕੀਤਾ ਹੈ, ਉਹ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੂਸਰੇ ਬੇਟੇ ਨੂੰ ਵੀ ਦੁਸ਼ਮਣਾਂ ਨਾਲ ਲੜਨ ਲਈ ਭੇਜਣਗੇ ਅਤੇ ਲੋੜ ਪਈ ਤਾਂ ਖੁਦ ਵੀ ਲੜਨ ਜਾਣਗੇ। ਓਡੀਸ਼ਾ ਦੇ ਜਗਤ ਸਿੰਘਪੁਰ ਦੇ ਸ਼ਹੀਦ ਪ੍ਰਸੰਨਾ ਸਾਹੂ ਦੀ ਪਤਨੀ ਮੀਨਾ ਜੀ ਦੇ ਅਨੋਖੇ ਹੌਸਲੇ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। ਉਨ੍ਹਾਂ ਨੇ ਆਪਣੇ ਇੱਕਲੌਤੇ ਬੇਟੇ ਨੂੰ ਵੀ CRPF Join ਕਰਵਾਉਣ ਦਾ ਪ੍ਰਣ ਲਿਆ ਹੈ। ਜਦੋਂ ਤਿਰੰਗੇ ਵਿੱਚ ਲਿਪਟੇ ਸ਼ਹੀਦ ਵਿਜੈ ਸ਼ੋਰੇਨ ਦੀ ਮ੍ਰਿਤਕ ਦੇਹ ਝਾਰਖੰਡ ਦੇ ਗੁਮਲਾ ਪਹੁੰਚੀ ਤਾਂ ਮਾਸੂਮ ਬੇਟੇ ਨੇ ਇਹੀ ਕਿਹਾ ਕਿ ਮੈਂ ਵੀ ਫੌਜ ਵਿੱਚ ਜਾਵਾਂਗਾ। ਇਸ ਮਾਸੂਮ ਦਾ ਜਜ਼ਬਾ ਅੱਜ ਭਾਰਤ ਦੇ ਬੱਚੇ-ਬੱਚੇ ਦੀ ਭਾਵਨਾ ਨੂੰ ਦਰਸਾਉਂਦਾ ਹੈ। ਅਜਿਹੀਆਂ ਹੀ ਭਾਵਨਾਵਾਂ ਸਾਡੇ ਵੀਰ, ਬਹਾਦਰ, ਸ਼ਹੀਦਾਂ ਦੇ ਘਰ-ਘਰ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਸਾਡਾ ਇੱਕ ਵੀ ਵੀਰ ਸ਼ਹੀਦ ਇਸ ਵਿੱਚ ਅਪਵਾਦ ਨਹੀਂ ਹੈ, ਉਨ੍ਹਾਂ ਦਾ ਪਰਿਵਾਰ ਅਪਵਾਦ ਨਹੀਂ ਹੈ। ਭਾਵੇਂ ਉਹ ਦੇਵਰੀਆ ਦੇ ਸ਼ਹੀਦ ਵਿਜੈ ਮੌਰਿਆ ਦਾ ਪਰਿਵਾਰ ਹੋਵੇ, ਕਾਂਗੜਾ ਦੇ ਸ਼ਹੀਦ ਤਿਲਕ ਰਾਜ ਦੇ ਮਾਤਾ-ਪਿਤਾ ਹੋਣ ਜਾਂ ਫਿਰ ਕੋਟਾ ਦੇ ਸ਼ਹੀਦ ਹੇਮਰਾਜ ਦਾ 6 ਸਾਲ ਦਾ ਬੇਟਾ ਹੋਵੇ – ਸ਼ਹੀਦਾਂ ਦੇ ਹਰ ਪਰਿਵਾਰ ਦੀ ਕਹਾਣੀ ਪ੍ਰੇਰਣਾ ਨਾਲ ਭਰੀ ਹੋਈ ਹੈ। ਮੈਂ ਨੌਜਵਾਨ ਪੀੜ੍ਹੀ ਨੂੰ ਅਨੁਰੋਧ ਕਰਾਂਗਾ ਕਿ ਉਹ, ਇਨ੍ਹਾਂ ਪਰਿਵਾਰਾਂ ਨੇ ਜੋ ਜਜ਼ਬਾ ਵਿਖਾਇਆ ਹੈ, ਜੋ ਭਾਵਨਾ ਵਿਖਾਈ ਹੈ, ਉਸ ਨੂੰ ਜਾਨਣ, ਸਮਝਣ ਦੀ ਕੋਸ਼ਿਸ਼ ਕਰਨ। ਦੇਸ਼ ਭਗਤੀ ਕੀ ਹੁੰਦੀ ਹੈ, ਤਿਆਗ-ਤਪੱਸਿਆ ਕੀ ਹੁੰਦੀ ਹੈ, ਉਸ ਦੇ ਲਈ ਸਾਨੂੰ ਇਤਿਹਾਸ ਦੀਆਂ ਪੁਰਾਣੀਆਂ ਘਟਨਾਵਾਂ ਵੱਲ ਜਾਣ ਦੀ ਲੋੜ ਨਹੀਂ ਪਵੇਗੀ। ਸਾਡੀਆਂ ਅੱਖਾਂ ਦੇ ਸਾਹਮਣੇ ਇਹ ਜਿਊਂਦੇ-ਜਾਗਦੇ ਉਦਾਹਰਣ ਹਨ ਅਤੇ ਇਹੀ ਉੱਜਵਲ ਭਾਰਤ ਦੇ ਭਵਿੱਖ ਲਈ ਪ੍ਰੇਰਣਾ ਦਾ ਕਾਰਣ ਹਨ।

ਮੇਰੇ ਪਿਆਰੇ ਦੇਸ਼ ਵਾਸੀਓ, ਅਜ਼ਾਦੀ ਦੇ ਇੰਨੇ ਲੰਮੇ ਸਮੇਂ ਤੱਕ ਸਾਨੂੰ ਸਾਰਿਆਂ ਨੂੰ ਜਿਸ War Memorial ਦੀ ਉਡੀਕ ਸੀ, ਉਹ ਹੁਣ ਖ਼ਤਮ ਹੋਣ ਜਾ ਰਹੀ ਹੈ। ਇਸ ਦੇ ਬਾਰੇ ਦੇਸ਼ ਵਾਸੀਆਂ ਦੀ ਜਿਗਿਆਸਾ, ਉਤਸੁਕਤਾ ਬਹੁਤ ਸੁਭਾਵਿਕ ਹੈ। NarendraModiApp ‘ਤੇ ਉਡੁੱਪੀ, ਕਰਨਾਟਕ ਦੇ ਸ਼੍ਰੀ ਓਂਕਾਰ ਸ਼ੈਟੀ ਜੀ ਨੇ National War Memorial ਤਿਆਰ ਹੋਣ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਮੈਨੂੰ ਹੈਰਾਨੀ ਵੀ ਹੁੰਦੀ ਹੈ ਅਤੇ ਦੁਖ ਵੀ ਕਿ ਭਾਰਤ ਵਿੱਚ ਕੋਈ National War Memorial ਨਹੀਂ ਸੀ। ਇੱਕ ਅਜਿਹਾ ਮੈਮੋਰੀਅਲ, ਜਿੱਥੇ ਦੇਸ਼ ਦੀ ਰੱਖਿਆ ਦੇ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਵੀਰ ਜਵਾਨਾਂ ਦੀਆਂ ਬਹਾਦਰੀ ਭਰੀਆਂ ਕਹਾਣੀਆਂ ਨੂੰ ਸਹੇਜ ਕੇ ਰੱਖਿਆ ਜਾ ਸਕੇ। ਮੈਂ ਫੈਸਲਾ ਕੀਤਾ ਕਿ ਦੇਸ਼ ਵਿੱਚ ਇੱਕ ਅਜਿਹਾ ਸਮਾਰਕ ਜ਼ਰੂਰ ਹੋਣਾ ਚਾਹੀਦਾ ਹੈ।

ਅਸੀਂ National War Memorial ਦੇ ਨਿਰਮਾਣ ਦਾ ਫੈਸਲਾ ਕੀਤਾ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸਮਾਰਕ ਇੰਨੇ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ। ਕੱਲ੍ਹ ਯਾਨੀ 25 ਫਰਵਰੀ ਨੂੰ ਅਸੀਂ ਕਰੋੜਾਂ ਦੇਸ਼ ਵਾਸੀ ਇਸ ਰਾਸ਼ਟਰੀ ਸੈਨਿਕ ਸਮਾਰਕ ਨੂੰ ਆਪਣੀ ਸੈਨਾ ਦੇ ਸਪੁਰਦ ਕਰਾਂਗੇ। ਦੇਸ਼ ਆਪਣਾ ਕਰਜ਼ਾ ਚੁਕਾਉਣ ਦੀ ਇਹ ਛੋਟੀ ਜਿਹੀ ਕੋਸ਼ਿਸ਼ ਕਰੇਗਾ।

ਦਿੱਲੀ ਦੇ ਦਿਲ ਯਾਨੀ ਉਹ ਜਗ੍ਹਾ, ਜਿੱਥੇ ਇੰਡੀਆ ਗੇਟ ਅਤੇ ਅਮਰ ਜਵਾਨ ਜਯੋਤੀ ਮੌਜੂਦ ਹੈ। ਬਸ ਓਹਦੇ ਬਿਲਕੁਲ ਨਜ਼ਦੀਕ ਇਹ ਨਵਾਂ ਸਮਾਰਕ ਬਣਾਇਆ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਵਾਸੀਆਂ ਦੇ ਲਈ ਰਾਸ਼ਟਰੀ ਸੈਨਿਕ ਸਮਾਰਕ ਜਾਣਾ ਕਿਸੇ ਤੀਰਥ ਸਥਾਨ ਜਾਣ ਦੇ ਬਰਾਬਰ ਹੋਵੇਗਾ। ਰਾਸ਼ਟਰੀ ਸੈਨਿਕ ਸਮਾਰਕ ਅਜ਼ਾਦੀ ਦੇ ਬਾਅਦ ਸਰਵਉੱਚ ਬਲੀਦਾਨ ਦੇਣ ਵਾਲੇ ਜਵਾਨਾਂ ਦੇ ਪ੍ਰਤੀ, ਰਾਸ਼ਟਰ ਪ੍ਰਤੀ ਆਭਾਰ ਪ੍ਰਗਟ ਕਰਨ ਦਾ ਪ੍ਰਤੀਕ ਹੈ। ਸਮਾਰਕ ਦਾ ਡਿਜ਼ਾਈਨ ਸਾਡੇ ਅਮਰ ਸੈਨਿਕਾਂ ਦੇ ਬੇਜੋੜ ਹੌਸਲੇ (ਸਾਹਸ) ਨੂੰ ਦਰਸਾਉਂਦਾ ਹੈ। ਰਾਸ਼ਟਰੀ ਸੈਨਿਕ ਸਮਾਰਕ ਦਾ Concept, Four Concentric Circles ਯਾਨੀ ਚਾਰ ਚੱਕਰਾਂ ‘ਤੇ ਕੇਂਦਰਿਤ ਹੈ। ਜਿੱਥੇ ਇੱਕ ਸੈਨਿਕ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੀ ਯਾਤਰਾ ਦਾ ਚਿਤਰਣ ਹੈ। ਅਮਰ ਚੱਕਰ ਦੀ ਲੋਅ ਸ਼ਹੀਦ ਸੈਨਿਕਾਂ ਦੀ ਅਮਰਤਾ ਦਾ ਪ੍ਰਤੀਕ ਹੈ। ਦੂਸਰਾ Circle ਵੀਰਤਾ ਚੱਕਰ ਦਾ ਹੈ ਜੋ ਸੈਨਿਕਾਂ ਦੇ ਸਾਹਸ ਅਤੇ ਬਹਾਦਰੀ ਨੂੰ ਦਰਸਾਉਂਦਾ ਹੈ। ਇਹ ਇੱਕ ਅਜਿਹੀ Gallery ਹੈ, ਜਿੱਥੇ ਦੀਵਾਰਾਂ ‘ਤੇ ਸੈਨਿਕਾਂ ਦੀ ਬਹਾਦਰੀ ਦੇ ਕਾਰਨਾਮਿਆਂ ਨੂੰ ਉਕੇਰਿਆ ਗਿਆ ਹੈ। ਇਸ ਤੋਂ ਬਾਅਦ ਤਿਆਗ ਚੱਕਰ ਹੈ, ਇਹ Circle ਸੈਨਿਕਾਂ ਦੇ ਬਲੀਦਾਨ ਨੂੰ ਦਰਸਾਉਂਦਾ ਹੈ, ਇਸ ਵਿੱਚ ਦੇਸ਼ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਸੈਨਿਕਾਂ ਦੇ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖੇ ਗਏ ਹਨ। ਇਸ ਤੋਂ ਬਾਅਦ ਰਕਸ਼ਕ ਚੱਕਰ ਸੁਰੱਖਿਆ ਨੂੰ ਦਰਸਾਉਂਦਾ ਹੈ। ਇਸ ਸਰਕਲ ਵਿੱਚ ਸੰਘਣੇ ਦਰੱਖਤਾਂ ਦੀ ਪੰਗਤੀ ਹੈ। ਇਹ ਦਰੱਖਤ ਸੈਨਿਕਾਂ ਦੇ ਪ੍ਰਤੀਕ ਹਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹੋਏ ਸੰਦੇਸ਼ ਦੇ ਰਹੇ ਹਨ ਕਿ ਹਰ ਪਹਿਰ ਸੈਨਿਕ ਸੀਮਾ ‘ਤੇ ਤਾਇਨਾਤ ਹਨ ਅਤੇ ਦੇਸ਼ ਵਾਸੀ ਸੁਰੱਖਿਅਤ ਹਨ। ਕੁੱਲ ਮਿਲਾ ਕੇ ਵੇਖੀਏ ਤਾਂ ਰਾਸ਼ਟਰੀ ਸੈਨਿਕ ਸਮਾਰਕ ਦੀ ਪਹਿਚਾਣ ਇੱਕ ਅਜਿਹੇ ਸਥਾਨ ਦੇ ਰੂਪ ਵਿੱਚ ਬਣੇਗੀ, ਜਿੱਥੇ ਲੋਕ ਦੇਸ਼ ਦੇ ਮਹਾਨ ਸ਼ਹੀਦਾਂ ਦੇ ਬਾਰੇ ਜਾਣਕਾਰੀ ਲੈਣ, ਆਪਣਾ ਆਭਾਰ ਪ੍ਰਗਟ ਕਰਨ, ਉਨ੍ਹਾਂ ‘ਤੇ ਖੋਜ ਕਰਨ ਦੇ ਉਦੇਸ਼ ਨਾਲ ਆਉਣਗੇ। ਇਹ ਉਨ੍ਹਾਂ ਬਲੀਦਾਨੀਆਂ ਦੀ ਕਹਾਣੀ ਹੈ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਹਨ ਤਾਕਿ ਅਸੀਂ ਜਿਊਂਦੇ ਰਹਿ ਸਕੀਏ ਤਾਕਿ ਦੇਸ਼ ਸੁਰੱਖਿਅਤ ਰਹੇ ਅਤੇ ਵਿਕਾਸ ਕਰ ਸਕੇ। ਦੇਸ਼ ਦੇ ਵਿਕਾਸ ਵਿੱਚ ਸਾਡੇ ਹਥਿਆਰਬੰਦ ਬਲਾਂ, ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਮਹਾਨ ਯੋਗਦਾਨ ਨੂੰ ਸ਼ਬਦਾਂ ਵਿੱਚ ਵਿਅਕਤ ਕਰਨਾ ਸੰਭਵ ਨਹੀਂ ਹੈ। ਪਿਛਲੇ ਸਾਲ ਅਕਤੂਬਰ ਵਿੱਚ ਮੈਨੂੰ National Police Memorial ਨੂੰ ਵੀ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਇਹ ਵੀ ਸਾਡੇ ਉਸ ਵਿਚਾਰ ਦਾ ਪ੍ਰਤੀਬਿੰਬ ਸੀ, ਜਿਸ ਦੇ ਤਹਿਤ ਅਸੀਂ ਮੰਨਦੇ ਹਾਂ ਕਿ ਦੇਸ਼ ਨੂੰ ਉਨ੍ਹਾਂ ਪੁਰਸ਼ ਅਤੇ ਮਹਿਲਾ ਪੁਲਿਸ ਕਰਮੀਆਂ ਦੇ ਪ੍ਰਤੀ ਆਭਾਰੀ ਹੋਣਾ ਚਾਹੀਦਾ ਹੈ ਜੋ ਲਗਾਤਾਰ ਸਾਡੀ ਸੁਰੱਖਿਆ ਵਿੱਚ ਜੁਟੇ ਰਹਿੰਦੇ ਹਨ। ਮੈਂ ਆਸ ਕਰਦਾ ਹਾਂ ਕਿ ਤੁਸੀਂ ਰਾਸ਼ਟਰੀ ਸੈਨਿਕ ਸਮਾਰਕ ਅਤੇ National Police Memorial ਨੂੰ ਵੇਖਣ ਜ਼ਰੂਰ ਜਾਓ। ਤੁਸੀਂ ਜਦੋਂ ਵੀ ਜਾਓ, ਉੱਥੇ ਲਈਆਂ ਗਈਆਂ ਆਪਣੀਆਂ ਤਸਵੀਰਾਂ ਨੂੰ social media ‘ਤੇ ਜ਼ਰੂਰ ਸ਼ੇਅਰ ਕਰੋ ਤਾਕਿ ਦੂਸਰੇ ਲੋਕਾਂ ਨੂੰ ਵੀ ਇਸ ਨਾਲ ਪ੍ਰੇਰਣਾ ਮਿਲੇ ਅਤੇ ਉਹ ਵੀ ਇਸ ਪਵਿੱਤਰ ਸਥਾਨ, ਇਸ memorial ਨੂੰ ਵੇਖਣ ਲਈ ਉਤਸੁਕ ਹੋਣ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਲਈ ਤੁਹਾਡੇ ਹਜ਼ਾਰਾਂ ਖ਼ਤ ਅਤੇ Comment, ਮੈਨੂੰ ਅਲੱਗ-ਅਲੱਗ ਮਾਧਿਅਮਾਂ ਤੋਂ ਪੜ੍ਹਨ ਲਈ ਮਿਲਦੇ ਰਹਿੰਦੇ ਹਨ। ਇਸ ਵਾਰੀ ਜਦੋਂ ਮੈਂ ਤੁਹਾਡੇ Comment ਪੜ੍ਹ ਰਿਹਾ ਸੀ ਤਾਂ ‘ਆਤਿਸ਼ ਮੁਖੋਪਾਧਿਆਇ ਜੀ’ ਦੀ ਇੱਕ ਬਹੁਤ ਹੀ ਰੋਚਕ ਟਿੱਪਣੀ ਮੇਰੇ ਧਿਆਨ ਵਿੱਚ ਆਈ, ਉਨ੍ਹਾਂ ਨੇ ਲਿਖਿਆ ਹੈ ਕਿ ਸਾਲ 1900 ਵਿੱਚ 3 ਮਾਰਚ ਨੂੰ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਗ੍ਰਿਫਤਾਰ ਕੀਤਾ ਸੀ, ਉਦੋਂ ਉਨ੍ਹਾਂ ਦੀ ਉਮਰ ਸਿਰਫ 25 ਸਾਲ ਦੀ ਸੀ ਅਤੇ ਇਹ ਸੰਜੋਗ ਹੀ ਹੈ ਕਿ 3 ਮਾਰਚ ਨੂੰ ਹੀ ‘ਜਮਸ਼ੇਦ ਜੀ ਟਾਟਾ’ ਦੀ ਜਯੰਤੀ ਵੀ ਹੈ ਅਤੇ ਉਹ ਅੱਗੇ ਲਿਖਦੇ ਹਨ ਕਿ ਦੋਵੇਂ ਸ਼ਖਸੀਅਤਾਂ ਪੂਰੀ ਤਰ੍ਹਾਂ ਨਾਲ ਦੋ ਵੱਖੋ-ਵੱਖਰੇ ਪਰਿਵਾਰਕ ਪਿਛੋਕੜ ਤੋਂ ਹਨ, ਜਿਨ੍ਹਾਂ ਨੇ ਝਾਰਖੰਡ ਦੀ ਵਿਰਾਸਤ ਅਤੇ ਇਤਿਹਾਸ ਨੂੰ ਸਮ੍ਰਿੱਧ ਕੀਤਾ। ‘ਮਨ ਕੀ ਬਾਤ’ ਵਿੱਚ ਬਿਰਸਾ ਮੁੰਡਾ ਅਤੇ ‘ਜਮਸ਼ੇਦ ਜੀ ਟਾਟਾ’ ਨੂੰ ਸ਼ਰਧਾਂਜਲੀ ਦੇਣਾ ਇੱਕ ਤਰ੍ਹਾਂ ਨਾਲ ਝਾਰਖੰਡ ਦੇ ਮਾਣਮੱਤੇ ਇਤਿਹਾਸ ਅਤੇ ਵਿਰਾਸਤ ਨੂੰ ਨਮਨ ਕਰਨ ਵਾਂਗ ਹੈ। ਆਤਿਸ਼ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਨ੍ਹਾਂ ਦੋ ਮਹਾਨ ਸ਼ਖਸੀਅਤਾਂ ਨੇ ਝਾਰਖੰਡ ਦਾ ਨਹੀਂ, ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪੂਰਾ ਦੇਸ਼ ਉਨ੍ਹਾਂ ਦੇ ਯੋਗਦਾਨ ਦੇ ਲਈ ਆਭਾਰੀ ਹੈ। ਅੱਜ ਜੇਕਰ ਸਾਡੇ ਨੌਜਵਾਨਾਂ ਨੂੰ ਅਗਵਾਈ ਦੇ ਲਈ ਕਿਸੇ ਪ੍ਰੇਰਣਾਦਾਇਕ ਸ਼ਖਸੀਅਤ ਦੀ ਲੋੜ ਹੈ ਤਾਂ ਉਹ ਹੈ ਭਗਵਾਨ ‘ਬਿਰਸਾ ਮੁੰਡਾ’। ਅੰਗਰੇਜ਼ਾਂ ਨੇ ਲੁਕ ਕੇ ਬੜੀ ਹੀ ਚਲਾਕੀ ਨਾਲ ਉਨ੍ਹਾਂ ਨੂੰ ਉਸ ਵਕਤ ਪਕੜਿਆ ਸੀ, ਜਦੋਂ ਉਹ ਸੌਂ ਰਹੇ ਸਨ, ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਅਜਿਹੀ ਕਾਇਰਤਾਪੂਰਨ ਕਾਰਵਾਈ ਦਾ ਸਹਾਰਾ ਕਿਉਂ ਲਿਆ? ਕਿਉਂਕਿ ਇੰਨਾ ਵੱਡਾ ਸਾਮਰਾਜ ਖੜ੍ਹਾ ਕਰਨ ਵਾਲੇ ਅੰਗਰੇਜ਼ ਵੀ ਉਨ੍ਹਾਂ ਤੋਂ ਡਰਦੇ ਸਨ। ਭਗਵਾਨ ‘ਬਿਰਸਾ ਮੁੰਡਾ’ ਨੇ ਸਿਰਫ ਆਪਣੇ ਰਵਾਇਤੀ ਤੀਰ ਕਮਾਨ ਨਾਲ ਹੀ ਬੰਦੂਕਾਂ ਅਤੇ ਤੋਪਾਂ ਨਾਲ ਲੈਸ ਅੰਗਰੇਜ਼ੀ ਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਰਅਸਲ ਜਦੋਂ ਲੋਕਾਂ ਨੂੰ ਇਹ ਪ੍ਰੇਰਣਾਦਾਇਕ ਅਗਵਾਈ ਮਿਲਦੀ ਹੈ ਤਾਂ ਫਿਰ ਹਥਿਆਰਾਂ ਦੀ ਸ਼ਕਤੀ ਉੱਤੇ ਲੋਕਾਂ ਦੀ ਸਮੂਹਿਕ ਇੱਛਾ ਸ਼ਕਤੀ ਭਾਰੀ ਪੈਂਦੀ ਹੈ। ਭਗਵਾਨ ‘ਬਿਰਸਾ ਮੁੰਡਾ’ ਨੇ ਅੰਗਰੇਜ਼ਾਂ ਨਾਲ ਨਾ ਸਿਰਫ ਰਾਜਨੀਤਿਕ ਅਜ਼ਾਦੀ ਦੇ ਲਈ ਸੰਘਰਸ਼ ਕੀਤਾ, ਸਗੋਂ ਆਦਿਵਾਸੀਆਂ ਦੇ ਸਮਾਜਿਕ ਅਤੇ ਆਰਥਿਕ ਹੱਕਾਂ ਦੇ ਲਈ ਵੀ ਲੜਾਈ ਲੜੀ। ਆਪਣੇ ਛੋਟੇ ਜਿਹੇ ਜੀਵਨ ਵਿੱਚ ਉਨ੍ਹਾਂ ਨੇ ਇਹ ਸਭ ਕਰ ਵਿਖਾਇਆ। ਵੰਚਿਤਾਂ ਅਤੇ ਸ਼ੋਸ਼ਿਤਾਂ ਦੇ ਹਨੇਰੇ ਨਾਲ ਭਰੇ ਜੀਵਨ ਵਿੱਚ ਸੂਰਜ ਦੀ ਚਮਕ ਫੈਲਾਈ। ਭਗਵਾਨ ਬਿਰਸਾ ਮੁੰਡਾ ਨੇ 25 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਆਪਣਾ ਬਲੀਦਾਨ ਦੇ ਦਿੱਤਾ। ਬਿਰਸਾ ਮੁੰਡਾ ਵਰਗੇ ਭਾਰਤ ਮਾਂ ਦੇ ਸਪੂਤ ਦੇਸ਼ ਦੇ ਹਰ ਭਾਗ ਵਿੱਚ ਹੋਏ ਹਨ। ਸ਼ਾਇਦ ਹਿੰਦੁਸਤਾਨ ਦਾ ਕੋਈ ਕੋਨਾ ਅਜਿਹਾ ਹੋਵੇਗਾ ਕਿ ਸਦੀਆਂ ਤੱਕ ਚੱਲੀ ਅਜ਼ਾਦੀ ਦੀ ਇਸ ਜੰਗ ਵਿੱਚ ਕਿਸੇ ਨੇ ਯੋਗਦਾਨ ਨਾ ਦਿੱਤਾ ਹੋਵੇ ਪਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਦੇ ਤਿਆਗ, ਬਹਾਦਰੀ ਅਤੇ ਬਲੀਦਾਨ ਦੀਆਂ ਕਹਾਣੀਆਂ ਨਵੀਂ ਪੀੜ੍ਹੀ ਤੱਕ ਪਹੁੰਚੀਆਂ ਹੀ ਨਹੀਂ। ਜੇਕਰ ਭਗਵਾਨ ‘ਬਿਰਸਾ ਮੁੰਡਾ’ ਵਰਗੀ ਸ਼ਖਸੀਅਤ ਨੇ ਸਾਨੂੰ ਆਪਣੀ ਹੋਂਦ ਤੋਂ ਜਾਣੂ ਕਰਵਾਇਆ ਤਾਂ ‘ਜਮਸ਼ੇਦ ਜੀ ਟਾਟਾ’ ਵਰਗੀ ਸ਼ਖਸੀਅਤ ਨੇ ਦੇਸ਼ ਨੂੰ ਵੱਡੇ-ਵੱਡੇ ਸੰਸਥਾਨ ਦਿੱਤੇ। ‘ਜਮਸ਼ੇਦ ਜੀ ਟਾਟਾ’ ਸਹੀ ਅਰਥਾਂ ਵਿੱਚ ਇੱਕ ਦੂਰਦਰਸ਼ੀ ਸਨ, ਜਿਨ੍ਹਾਂ ਨੇ ਨਾ ਸਿਰਫ ਭਾਰਤ ਦੇ ਭਵਿੱਖ ਨੂੰ ਵੇਖਿਆ, ਸਗੋਂ ਉਸ ਦੀ ਮਜਬੂਤ ਨੀਂਹ ਵੀ ਰੱਖੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਰਤ ਨੂੰ Science, Technology ਅਤੇ Industry ਦਾ Hub ਬਣਾਉਣਾ ਭਵਿੱਖ ਦੇ ਲਈ ਜ਼ਰੂਰੀ ਹੈ। ਇਹ ਉਨ੍ਹਾਂ ਦਾ Vision ਸੀ, ਜਿਸ ਦੇ ਨਤੀਜੇ ਵਜੋਂ Tata Institute of Science ਦੀ ਸਥਾਪਨਾ ਹੋਈ, ਜਿਸ ਨੂੰ ਹੁਣ Indian Institute of Science ਕਿਹਾ ਜਾਂਦਾ ਹੈ। ਇਹੀ ਨਹੀਂ, ਉਨ੍ਹਾਂ ਨੇ ਟਾਟਾ ਸਟੀਲ ਵਰਗੇ ਕਈ ਵਿਸ਼ਵ ਪੱਧਰ ਦੇ ਸੰਸਥਾਨਾਂ ਨੂੰ ਅਤੇ ਉਦਯੋਗਾਂ ਦੀ ਵੀ ਸਥਾਪਨਾ ਕੀਤੀ। ‘ਜਮਸ਼ੇਦ ਜੀ ਟਾਟਾ’ ਅਤੇ ‘ਸੁਆਮੀ ਵਿਵੇਕਾਨੰਦ ਜੀ’ ਦੀ ਮੁਲਾਕਾਤ ਅਮਰੀਕੀ ਯਾਤਰਾ ਦੌਰਾਨ Ship ਵਿੱਚ ਹੋਈ ਸੀ ਤਾਂ ਉਨ੍ਹਾਂ ਦੋਹਾਂ ਦੀ ਚਰਚਾ ਵਿੱਚ ਮਹੱਤਵਪੂਰਨ Topic ਭਾਰਤ ਵਿੱਚ Science, Technology ਦੇ ਪ੍ਰਚਾਰ-ਪ੍ਰਸਾਰ ਨਾਲ ਜੁੜਿਆ ਹੋਇਆ ਸੀ। ਕਹਿੰਦੇ ਹਨ… ਇਸੇ ਚਰਚਾ ਨਾਲ Indian Institute of Science ਦੀ ਬੁਨਿਆਦ ਪਈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਭਾਈ ਦੇਸਾਈ ਦਾ ਜਨਮ 29 ਫਰਵਰੀ ਨੂੰ ਹੋਇਆ ਸੀ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਦਿਨ 4 ਸਾਲਾਂ ‘ਚ ਇੱਕ ਵਾਰ ਹੀ ਆਉਂਦਾ ਹੈ। ਸਹਿਜ, ਸ਼ਾਂਤੀਪੂਰਨ ਸ਼ਖਸੀਅਤ ਦੇ ਧਨੀ ਮੋਰਾਰਜੀ ਭਾਈ ਦੇਸ਼ ਦੇ ਸਭ ਤੋਂ ਅਨੁਸ਼ਾਸਿਤ ਆਗੂਆਂ ਵਿੱਚੋਂ ਸਨ। ਆਜ਼ਾਦ ਭਾਰਤ ਵਿੱਚ ਸੰਸਦ ‘ਚ ਸਭ ਤੋਂ ਜ਼ਿਆਦਾ ਬਜਟ ਪੇਸ਼ ਕਰਨ ਦਾ ਰਿਕਾਰਡ ਮੋਰਾਰਜੀ ਭਾਈ ਦੇਸਾਈ ਦੇ ਹੀ ਨਾਮ ਹੈ। ਮੋਰਾਰਜੀ ਭਾਈ ਦੇਸਾਈ ਨੇ ਉਸ ਔਖੇ ਸਮੇਂ ਵਿੱਚ ਭਾਰਤ ਦੀ ਕੁਸ਼ਲ ਅਗਵਾਈ ਕੀਤੀ, ਜਦੋਂ ਦੇਸ਼ ਦੇ ਲੋਕਤੰਤਰੀ ਤਾਣੇ-ਬਾਣੇ ਨੂੰ ਖ਼ਤਰਾ ਸੀ। ਇਸ ਦੇ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੀਆਂ ਰਿਣੀ ਰਹਿਣਗੀਆਂ। ਮੋਰਾਰਜੀ ਭਾਈ ਦੇਸਾਈ ਨੇ ਲੋਕਤੰਤਰ ਦੀ ਰੱਖਿਆ ਲਈ ਐਮਰਜੈਂਸੀ ਦੇ ਖ਼ਿਲਾਫ਼ ਅੰਦੋਲਨ ਵਿੱਚ ਖੁਦ ਨੂੰ ਝੋਕ ਦਿੱਤਾ। ਇਸ ਦੇ ਲਈ ਉਨ੍ਹਾਂ ਨੂੰ ਬੁਢਾਪੇ ਵਿੱਚ ਵੀ ਭਾਰੀ ਕੀਮਤ ਚੁਕਾਉਣੀ ਪਈ। ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਪਰ 1977 ਵਿੱਚ ਜਦੋਂ ਜਨਤਾ ਪਾਰਟੀ ਚੋਣ ਜਿੱਤੀ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਹੀ 44ਵੀਂ ਸੰਵਿਧਾਨਕ ਸੋਧ ਕੀਤੀ ਗਈ। ਇਹ ਮਹੱਤਵਪੂਰਨ ਇਸ ਲਈ ਵੀ ਹੈ ਕਿ ਉਨ੍ਹਾਂ ਨੇ emergency ਦੇ ਦੌਰਾਨ ਜਿਹੜੀ 42ਵੀਂ ਸੋਧ ਕੀਤੀ ਸੀ, ਜਿਸ ਵਿੱਚ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਅਤੇ ਦੂਸਰੇ ਅਜਿਹੇ ਪ੍ਰਬੰਧ ਸਨ, ਜਿਹੜੇ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਨਸ਼ਟ ਕਰਦੇ ਸਨ – ਉਨ੍ਹਾਂ ਨੂੰ ਵਾਪਸ ਲਿਆ ਗਿਆ। ਜਿਵੇਂ 44ਵੀਂ ਸੋਧ ਦੇ ਜ਼ਰੀਏ ਸੰਸਦ ਅਤੇ ਵਿਧਾਨ ਸਭਾਵਾਂ ਦੀ ਕਾਰਵਾਈ ਦਾ ਅਖ਼ਬਾਰਾਂ ਵਿੱਚ ਛਾਪਣ ਦਾ ਪ੍ਰਬੰਧ ਕੀਤਾ ਗਿਆ। ਇਸੇ ਦੇ ਤਹਿਤ ਸੁਪਰੀਮ ਕੋਰਟ ਦੀਆਂ ਕੁਝ ਸ਼ਕਤੀਆਂ ਨੂੰ ਬਹਾਲ ਕੀਤਾ ਗਿਆ। ਇਸੇ ਸੋਧ ਵਿੱਚ ਇਹ ਵੀ ਪ੍ਰਬੰਧ ਕੀਤਾ ਗਿਆ ਕਿ ਸੰਵਿਧਾਨ ਦੀ ਧਾਰਾ 20 ਅਤੇ 21 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਨੂੰ ਐਮਰਜੈਂਸੀ ਦੇ ਦੌਰਾਨ ਵੀ ਨਸ਼ਟ ਨਹੀਂ ਕੀਤਾ ਜਾ ਸਕਦਾ। ਪਹਿਲੀ ਵਾਰੀ ਅਜਿਹੀ ਵਿਵਸਥਾ ਕੀਤੀ ਗਈ ਕਿ ਮੰਤਰੀ ਮੰਡਲ ਦੀ ਲਿਖਤੀ ਸਿਫਾਰਿਸ਼ ‘ਤੇ ਹੀ ਰਾਸ਼ਟਰਪਤੀ ਐਮਰਜੈਂਸੀ ਦੀ ਘੋਸ਼ਣਾ ਕਰਨਗੇ। ਨਾਲ ਹੀ ਇਹ ਵੀ ਤੈਅ ਕੀਤਾ ਗਿਆ ਹੈ ਕਿ ਐਮਰਜੈਂਸੀ ਦੇ ਸਮੇਂ ਨੂੰ ਇੱਕ ਵਾਰ ਵਿੱਚ 6 ਮਹੀਨਿਆਂ ਤੋਂ ਵੱਧ ਨਹੀਂ ਵਧਾਇਆ ਜਾ ਸਕਦਾ। ਇਸ ਤਰ੍ਹਾਂ ਨਾਲ ਮੋਰਾਰਜੀ ਭਾਈ ਨੇ ਇਹ ਨਿਸ਼ਚਿਤ ਕੀਤਾ ਕਿ ਐਮਰਜੈਂਸੀ ਲਾਗੂ ਕਰਕੇ 1975 ਵਿੱਚ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ, ਉਹ ਭਵਿੱਖ ਵਿੱਚ ਫਿਰ ਦੁਹਰਾਇਆ ਨਾ ਜਾ ਸਕੇ। ਭਾਰਤੀ ਲੋਕਤੰਤਰ ਦੇ ਮਹੱਤਵ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣਗੀਆਂ। ਇੱਕ ਵਾਰ ਫਿਰ ਮੈਂ ਅਜਿਹੇ ਮਹਾਨ ਨੇਤਾ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਦਮ ਅਵਾਰਡ ਨੂੰ ਲੈ ਕੇ ਲੋਕਾਂ ਵਿੱਚ ਬੜੀ ਉਤਸੁਕਤਾ ਸੀ। ਅੱਜ ਅਸੀਂ ਇੱਕ ਨਿਊ ਇੰਡੀਆ ਵੱਲ ਵਧ ਰਹੇ ਹਾਂ। ਇਸ ਵਿੱਚ ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਜੋ Grass-root-level ‘ਤੇ ਆਪਣਾ ਕੰਮ ਨਿਸ਼ਕਾਮ ਭਾਵ ਨਾਲ ਕਰ ਰਹੇ ਹਨ। ਆਪਣੀ ਮਿਹਨਤ ਦੇ ਬਲ ‘ਤੇ ਵੱਖ-ਵੱਖ ਤਰੀਕਿਆਂ ਨਾਲ ਦੂਸਰਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਓ ਲਿਆ ਰਹੇ ਹਨ। ਦਰਅਸਲ ਉਹ ਸੱਚੇ ਕਰਮਯੋਗੀ ਹਨ ਜੋ ਜਨਸੇਵਾ, ਸਮਾਜਸੇਵਾ ਅਤੇ ਇਨ੍ਹਾਂ ਸਾਰਿਆਂ ਤੋਂ ਵਧ ਕੇ ਰਾਸ਼ਟਰ ਸੇਵਾ ਵਿੱਚ ਨਿਰਸਵਾਰਥ ਭਾਵ ਨਾਲ ਜੁਟੇ ਰਹਿੰਦੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਪਦਮ ਅਵਾਰਡ ਦੀ ਘੋਸ਼ਣਾ ਹੁੰਦੀ ਹੈ ਤਾਂ ਉਹ ਪੁੱਛਦੇ ਹਨ ਕੀ ਇਹ ਕੌਣ ਹੈ? ਇੱਕ ਤਰ੍ਹਾਂ ਨਾਲ ਇਸ ਨੂੰ ਮੈਂ ਬਹੁਤ ਵੱਡੀ ਸਫਲਤਾ ਮੰਨਦਾ ਹਾਂ, ਕਿਉਂਕਿ ਇਹ ਉਹ ਲੋਕ ਹਨ ਜੋ T.V., Magazine ਜਾਂ ਅਖ਼ਬਾਰਾਂ ਦੇ Front Page ‘ਤੇ ਨਹੀਂ ਹਨ। ਇਹ ਚਮਕ-ਦਮਕ ਦੀ ਦੁਨੀਆ ਤੋਂ ਦੂਰ ਹਨ ਪਰ ਇਹ ਅਜਿਹੇ ਲੋਕ ਹਨ, ਜਿਹੜੇ ਆਪਣੇ ਨਾਮ ਦੀ ਪ੍ਰਵਾਹ ਨਹੀਂ ਕਰਦੇ, ਬਸ! ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ‘ਯੋਗ : ਕਰਮਸੁ ਕੌਸ਼ਲਮ੍’ (‘योगः कर्मसु कौशलम्’) ਗੀਤਾ ਦੇ ਸੰਦੇਸ਼ ਨੂੰ ਉਹ ਇੱਕ ਤਰ੍ਹਾਂ ਨਾਲ ਜਿਊਂਦੇ ਹਨ। ਮੈਂ ਅਜਿਹੇ ਹੀ ਕੁਝ ਲੋਕਾਂ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਓਡੀਸ਼ਾ ਦੇ ਦੈਤਾਰੀ ਨਾਇਕ ਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਉਨ੍ਹਾਂ ਨੂੰ `Canal Man of the Odisha’ ਉਂਝ ਹੀ ਨਹੀਂ ਕਿਹਾ ਜਾਂਦਾ। ਦੈਤਾਰੀ ਨਾਇਕ ਨੇ ਆਪਣੇ ਪਿੰਡ ਵਿੱਚ ਆਪਣੇ ਹੱਥਾਂ ਨਾਲ ਪਹਾੜ ਕੱਟ ਕੇ ਤਿੰਨ ਕਿਲੋਮੀਟਰ ਤੱਕ ਨਹਿਰ ਦਾ ਰਸਤਾ ਬਣਾ ਦਿੱਤਾ। ਆਪਣੀ ਮਿਹਨਤ ਨਾਲ ਸਿੰਚਾਈ ਅਤੇ ਪਾਣੀ ਦੀ ਸਮੱਸਿਆ ਹਮੇਸ਼ਾ ਦੇ ਲਈ ਖ਼ਤਮ ਕਰ ਦਿੱਤੀ। ਗੁਜਰਾਤ ਦੇ ਅਬਦੁਲ ਗ਼ਫ਼ੂਰ ਖ਼ਤਰੀ ਜੀ ਨੂੰ ਵੀ ਵੇਖ ਲਓ, ਉਨ੍ਹਾਂ ਨੇ ਕੱਛ ਦੇ ਰਵਾਇਤੀ ਰੋਗਨ-ਪੇਂਟਿੰਗ ਨੂੰ ਪੁਨਰ ਜੀਵਿਤ ਕਰਨ ਦਾ ਅਨੋਖਾ ਕੰਮ ਕੀਤਾ। ਉਹ ਇਸ ਦੁਰਲੱਭ ਚਿੱਤਰਕਾਰੀ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਵੱਡਾ ਕੰਮ ਕਰ ਰਹੇ ਹਨ। ਅਬਦੁਲ ਗ਼ਫ਼ੂਰ ਵੱਲੋਂ ਬਣਾਈ ਗਈ ‘Tree of Life’ ਕਲਾਕ੍ਰਿਤੀ ਨੂੰ ਹੀ ਮੈਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਤੋਹਫੇ ਵਿੱਚ ਦਿੱਤਾ ਸੀ। ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮਰਾਠਵਾੜਾ ਦੇ ਸ਼ਬੀਰ ਸਈਅਦ, ਗਊਮਾਤਾ ਦੇ ਸੇਵਕ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਆਪਣਾ ਪੂਰਾ ਜੀਵਨ ਗਊਮਾਤਾ ਦੀ ਸੇਵਾ ਵਿੱਚ ਲਗਾ ਦਿੱਤਾ, ਇਹ ਆਪਣੇ ਆਪ ਵਿੱਚ ਅਨੂਠਾ ਹੈ। ਮਦੁਰੈ ਚਿੰਨਾ ਪਿੱਲਾਈ ਉਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਮਿਲਨਾਡੂ ਵਿੱਚ ਕਲੰਜੀਅਮ ਅੰਦੋਲਨ ਦੇ ਜ਼ਰੀਏ ਪੀੜਤਾਂ ਅਤੇ ਸ਼ੋਸ਼ਿਤਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਹੀ ਸਮੁਦਾਇ ਅਧਾਰਿਤ ਲਘੂ ਵਿੱਤੀ ਵਿਵਸਥਾ ਦੀ ਸ਼ੁਰੂਆਤ ਕੀਤੀ। ਅਮਰੀਕਾ ਦੀ Tao Porchon-Lynch ਦੇ ਬਾਰੇ ਸੁਣ ਕੇ ਤੁਹਾਨੂੰ ਸੁਖਦ ਹੈਰਾਨਗੀ ਹੋਵੇਗੀ। Lynch ਅੱਜ ਯੋਗ ਦੀ ਜਿਊਂਦੀ-ਜਾਗਦੀ ਸੰਸਥਾ ਬਣ ਗਈ ਹੈ। ਸੌ ਸਾਲ ਦੀ ਉਮਰ ਵਿੱਚ ਵੀ ਉਹ ਦੁਨੀਆ ਭਰ ਦੇ ਲੋਕਾਂ ਨੂੰ ਯੋਗ ਦੀ ਸਿਖਲਾਈ ਦੇ ਰਹੀ ਹੈ ਅਤੇ ਹੁਣ ਤੱਕ ਡੇਢ ਹਜ਼ਾਰ ਲੋਕਾਂ ਨੂੰ ਯੋਗ ਅਧਿਆਪਕ ਬਣਾ ਚੁੱਕੀ ਹੈ। ਝਾਰਖੰਡ ਵਿੱਚ ‘Lady Tarzan’ ਦੇ ਨਾਮ ਨਾਲ ਮਸ਼ਹੂਰ ਜਮੁਨਾ ਟੁੱਡੂ ਨੇ ਟਿੰਬਰ ਮਾਫੀਆ ਅਤੇ ਨਕਸਲੀਆਂ ਨਾਲ ਮੁਕਾਬਲਾ ਕਰਨ ਦਾ ਸਾਹਸੀ ਕੰਮ ਕੀਤਾ। ਉਨ੍ਹਾਂ ਨੇ ਨਾ ਸਿਰਫ 50 ਹੈਕਟੇਅਰ ਜੰਗਲ ਨੂੰ ਉਜੜਣ ਤੋਂ ਬਚਾਇਆ ਸਗੋਂ 10 ਹਜ਼ਾਰ ਔਰਤਾਂ ਨੂੰ ਇਕੱਠਾ ਕਰਕੇ ਦਰੱਖਤਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਪ੍ਰੇਰਿਤ ਕੀਤਾ। ਇਹ ਜਮੁਨਾ ਜੀ ਦੀ ਮਿਹਨਤ ਦਾ ਹੀ ਪ੍ਰਤਾਪ ਹੈ ਕਿ ਅੱਜ ਪਿੰਡ ਵਾਲੇ ਹਰ ਬੱਚੇ ਦੇ ਜਨਮ ‘ਤੇ 18 ਦਰੱਖਤ ਅਤੇ ਲੜਕੀ ਦੀ ਸ਼ਾਦੀ ‘ਤੇ 10 ਦਰੱਖਤ ਲਗਾਉਂਦੇ ਹਨ। ਗੁਜਰਾਤ ਦੀ ਮੁਕਤਾ ਬੇਨ ਪੰਕਜ ਕੁਮਾਰ ਦਗਲੀ ਦੀ ਕਹਾਣੀ ਤੁਹਾਨੂੰ ਪ੍ਰੇਰਣਾ ਨਾਲ ਭਰ ਦੇਵੇਗੀ। ਖੁਦ ਦਿੱਵਿਯਾਂਗ ਹੁੰਦੇ ਹੋਏ ਵੀ ਉਨ੍ਹਾਂ ਨੇ ਦਿੱਵਿਯਾਂਗ ਔਰਤਾਂ ਦੀ ਤਰੱਕੀ ਲਈ ਜੋ ਕੰਮ ਕੀਤੇ, ਅਜਿਹਾ ਉਦਾਹਰਣ ਮਿਲਣਾ ਮੁਸ਼ਕਿਲ ਹੈ। ਚਕਸ਼ੂ ਮਹਿਲਾ ਸੇਵਾ ਕੁੰਜ ਨਾਮ ਦੀ ਸੰਸਥਾ ਦੀ ਸਥਾਪਨਾ ਕਰਕੇ ਉਹ ਨੇਤਰਹੀਣ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਦੇ ਪਵਿੱਤਰ ਕੰਮ ਵਿੱਚ ਜੁਟੀ ਹੋਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਕਿਸਾਨ ਚਾਚੀ ਯਾਨੀ ਰਾਜ ਕੁਮਾਰੀ ਦੇਵੀ ਦੀ ਕਹਾਣੀ ਬਹੁਤ ਪ੍ਰੇਰਣਾਦਾਇਕ ਹੈ। ਮਹਿਲਾ ਸਸ਼ਕਤੀਕਰਨ ਅਤੇ ਖੇਤੀ ਨੂੰ ਲਾਭਕਾਰੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਿਸਾਲ ਪੇਸ਼ ਕੀਤੀ ਹੈ। ਕਿਸਾਨ ਚਾਚੀ ਨੇ ਆਪਣੇ ਇਲਾਕੇ ਦੀਆਂ 300 ਔਰਤਾਂ ਨੂੰ ‘Self Help Group’ ਨਾਲ ਜੋੜਿਆ ਅਤੇ ਆਰਥਿਕ ਰੂਪ ਵਿੱਚ ਆਤਮ-ਨਿਰਭਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪਿੰਡ ਦੀਆਂ ਔਰਤਾਂ ਨੂੰ ਖੇਤੀ ਦੇ ਨਾਲ ਹੀ ਰੋਜ਼ਗਾਰ ਦੇ ਹੋਰ ਸਾਧਨਾਂ ਦੀ ਸਿਖਲਾਈ ਦਿੱਤੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਖੇਤੀ ਦੇ ਨਾਲ Technology ਨੂੰ ਜੋੜਨ ਦਾ ਕੰਮ ਕੀਤਾ ਅਤੇ ਮੇਰੇ ਦੇਸ਼ਵਾਸੀਓ, ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਸ ਸਾਲ ਜੋ ਪਦਮ ਪੁਰਸਕਾਰ ਦਿੱਤੇ ਗਏ, ਉਨ੍ਹਾਂ ਵਿੱਚ 12 ਕਿਸਾਨਾਂ ਨੂੰ ਪਦਮ ਪੁਰਸਕਾਰ ਮਿਲੇ ਹਨ। ਆਮ ਤੌਰ ‘ਤੇ ਖੇਤੀ ਜਗਤ ਨਾਲ ਜੁੜੇ ਬਹੁਤ ਹੀ ਘੱਟ ਲੋਕ ਅਤੇ ਪ੍ਰਤੱਖ ਕਿਸਾਨੀ ਕਰਨ ਵਾਲੇ ਬਹੁਤ ਹੀ ਘੱਟ ਲੋਕ ਪਦਮਸ਼੍ਰੀ ਦੀ ਸੂਚੀ ਵਿੱਚ ਆਏ ਹਨ। ਇਹ ਆਪਣੇ ਆਪ ਵਿੱਚ ਬਦਲਦੇ ਹੋਏ ਹਿੰਦੁਸਤਾਨ ਦੀ ਜਿਊਂਦੀ ਜਾਗਦੀ ਤਸਵੀਰ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਅਜਿਹੇ ਦਿਲ ਨੂੰ ਛੂਹਣ ਵਾਲੇ ਅਨੁਭਵ ਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਪਿਛਲੇ ਕੁਝ ਦਿਨਾਂ ਤੋਂ ਮੈਂ ਮਹਿਸੂਸ ਕਰ ਰਿਹਾ ਹਾਂ। ਅੱਜ-ਕੱਲ੍ਹ ਦੇਸ਼ ਵਿੱਚ ਜਿੱਥੇ ਵੀ ਜਾ ਰਿਹਾ ਹਾਂ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ‘ਆਯੁਸ਼ਮਾਨ ਭਾਰਤ ਯੋਜਨਾ’ PM – JAY ਯਾਨੀ PM ਜਨ ਆਰੋਗਯ ਯੋਜਨਾ ਦੇ ਕੁਝ ਲਾਭਪਾਤਰੀਆਂ ਨਾਲ ਮਿਲਾਂ। ਕੁਝ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਕੱਲੀ ਮਾਂ, ਉਸ ਦੇ ਛੋਟੇ ਬੱਚੇ ਪੈਸੇ ਨਾ ਹੋਣ ਕਰਕੇ ਇਲਾਜ ਨਹੀਂ ਕਰਵਾ ਸਕਦੀ ਸੀ, ਇਸ ਯੋਜਨਾ ਨਾਲ ਉਸ ਦਾ ਇਲਾਜ ਹੋਇਆ ਅਤੇ ਉਹ ਸਿਹਤਮੰਦ ਹੋ ਗਈ। ਘਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ Accident ਦਾ ਸ਼ਿਕਾਰ ਹੋ ਗਿਆ, ਕੰਮ ਨਹੀਂ ਕਰ ਸਕਦਾ ਸੀ – ਇਸ ਯੋਜਨਾ ਨਾਲ ਉਸ ਨੂੰ ਲਾਭ ਮਿਲਿਆ ਅਤੇ ਉਹ ਦੁਬਾਰਾ ਸਿਹਤਮੰਦ ਹੋਇਆ ਤੇ ਨਵੀਂ ਜ਼ਿੰਦਗੀ ਜਿਊਣ ਲੱਗਾ।
ਭੈਣੋ-ਭਰਾਵੋ, ਪਿਛਲੇ 5 ਮਹੀਨਿਆਂ ਵਿੱਚ ਲਗਭਗ 12 ਲੱਖ ਗ਼ਰੀਬ ਪਰਿਵਾਰ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਮੈਂ ਵੇਖਿਆ ਕਿ ਗ਼ਰੀਬ ਦੇ ਜੀਵਨ ਵਿੱਚ ਇਸ ਨਾਲ ਕਿੰਨਾ ਵੱਡਾ ਪਰਿਵਰਤਨ ਆ ਰਿਹਾ ਹੈ। ਤੁਸੀਂ ਸਾਰੇ ਵੀ ਜੇਕਰ ਕਿਸੇ ਵੀ ਅਜਿਹੇ ਗ਼ਰੀਬ ਵਿਅਕਤੀ ਨੂੰ ਜਾਣਦੇ ਹੋ, ਜਿਹੜਾ ਪੈਸੇ ਦੀ ਅਣਹੋਂਦ ਕਾਰਨ ਇਲਾਜ ਨਾ ਕਰਵਾ ਸਕਦਾ ਹੋਵੇ ਤਾਂ ਉਸ ਨੂੰ ਇਸ ਯੋਜਨਾ ਦੇ ਬਾਰੇ ਜ਼ਰੂਰ ਦੱਸੋ। ਇਹ ਯੋਜਨਾ ਹਰ ਅਜਿਹੇ ਗ਼ਰੀਬ ਵਿਅਕਤੀ ਦੇ ਲਈ ਹੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਸਕੂਲਾਂ ਵਿੱਚ ਪ੍ਰੀਖਿਆ ਦਾ ਸਮਾਂ ਸ਼ੁਰੂ ਹੋਣ ਹੀ ਵਾਲਾ ਹੈ। ਦੇਸ਼ ਭਰ ਵਿੱਚ ਵੱਖ-ਵੱਖ ਸਿੱਖਿਆ ਬੋਰਡ ਅਗਲੇ ਕੁਝ ਹਫ਼ਤਿਆਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਦੇ ਲਈ ਪ੍ਰਕਿਰਿਆ ਸ਼ੁਰੂ ਕਰਨਗੇ। ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਅਤੇ ਸਾਰੇ Teachers ਨੂੰ ਮੇਰੇ ਵੱਲੋਂ ਹਾਰਦਿਕ ਸ਼ੁਭਕਾਮਨਾਵਾਂ ਹਨ।
ਕੁਝ ਦਿਨ ਪਹਿਲਾਂ ਦਿੱਲੀ ਵਿੱਚ ‘ਪਰੀਕਸ਼ਾ ਪੇ ਚਰਚਾ’ ਦਾ ਇੱਕ ਬਹੁਤ ਵੱਡਾ ਆਯੋਜਨ Town Hall ਦੇ Format ਵਿੱਚ ਹੋਇਆ। ਇਸ Town Hall ਪ੍ਰੋਗਰਾਮ ਵਿੱਚ ਮੈਨੂੰ Technology ਦੇ ਮਾਧਿਅਮ ਨਾਲ ਦੇਸ਼-ਵਿਦੇਸ਼ ਦੇ ਕਰੋੜਾਂ students ਦੇ ਨਾਲ, ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ, Teachers ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ‘ਪਰੀਕਸ਼ਾ ਪੇ ਚਰਚਾ’ ਇਸ ਦੀ ਇੱਕ ਖਾਸੀਅਤ ਇਹ ਰਹੀ ਕਿ ਪ੍ਰੀਖਿਆ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਖੁੱਲ੍ਹ ਕੇ ਗੱਲਬਾਤ ਹੋਈ। ਕਈ ਅਜਿਹੇ ਪੱਖ ਸਾਹਮਣੇ ਆਏ, ਜਿਹੜੇ ਨਿਸ਼ਚਿਤ ਰੂਪ ਵਿੱਚ ਵਿਦਿਆਰਥੀਆਂ ਲਈ ਲਾਭਦਾਇਕ ਹੋ ਸਕਦੇ ਹਨ। ਸਾਰੇ ਵਿਦਿਆਰਥੀ, ਉਨ੍ਹਾਂ ਦੇ ਅਧਿਆਪਕ, ਮਾਤਾ-ਪਿਤਾ Youtube ‘ਤੇ ਇਸ ਪੂਰੇ ਪ੍ਰੋਗਰਾਮ ਦੀ Recording ਦੇਖ ਸਕਦੇ ਹਨ, ਤਾਂ ਆਉਣ ਵਾਲੀ ਪ੍ਰੀਖਿਆ ਦੇ ਲਈ ਮੇਰੇ ਸਾਰੇ Exam Warriors ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਗੱਲ ਹੋਵੇ ਅਤੇ ਤਿਓਹਾਰ ਦੀ ਗੱਲ ਨਾ ਹੋਵੇ। ਅਜਿਹਾ ਹੋ ਹੀ ਨਹੀਂ ਸਕਦਾ। ਸ਼ਾਇਦ ਹੀ ਸਾਡੇ ਦੇਸ਼ ਵਿੱਚ ਕੋਈ ਦਿਨ ਅਜਿਹਾ ਨਹੀਂ ਹੁੰਦਾ, ਜਿਸ ਦਾ ਮਹੱਤਵ ਹੀ ਨਾ ਹੋਵੇ, ਜਿਸ ਦਾ ਕੋਈ ਤਿਓਹਾਰ ਨਾ ਹੋਵੇ, ਕਿਉਂਕਿ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰ ਦੀ ਇਹ ਵਿਰਾਸਤ ਸਾਡੇ ਕੋਲ ਹੈ। ਕੁਝ ਦਿਨ ਬਾਅਦ ਮਹਾਸ਼ਿਵਰਾਤਰੀ ਦਾ ਤਿਓਹਾਰ ਆਉਣ ਵਾਲਾ ਹੈ ਅਤੇ ਇਸ ਵਾਰੀ ਤਾਂ ਸ਼ਿਵਰਾਤਰੀ ਸੋਮਵਾਰ ਨੂੰ ਹੈ ਅਤੇ ਜਦੋਂ ਸ਼ਿਵਰਾਤਰੀ ਸੋਮਵਾਰ ਨੂੰ ਹੋਵੇ ਤਾਂ ਉਸ ਦਾ ਇੱਕ ਵਿਸ਼ੇਸ਼ ਮਹੱਤਵ ਸਾਡੇ ਮਨ-ਮੰਦਿਰ ਵਿੱਚ ਛਾ ਜਾਂਦਾ ਹੈ। ਇਸ ਸ਼ਿਵਰਾਤਰੀ ਦੇ ਪਵਿੱਤਰ ਤਿਓਹਾਰ ‘ਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨ ਪਹਿਲਾਂ ਮੈਂ ਕਾਸ਼ੀ ਗਿਆ ਸੀ। ਉੱਥੇ ਮੈਨੂੰ ਦਿੱਵਿਯਾਂਗ ਭੈਣ-ਭਰਾਵਾਂ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨਾਲ ਕਈ ਵਿਸ਼ਿਆਂ ‘ਤੇ ਚਰਚਾ ਹੋਈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਾਕਿਆ ਹੀ ਪ੍ਰਭਾਵਿਤ ਕਰਨ ਵਾਲਾ ਸੀ – ਪ੍ਰੇਰਕ ਸੀ। ਗੱਲਬਾਤ ਦੇ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇਤਰਹੀਣ ਨੌਜਵਾਨ ਨਾਲ ਜਦੋਂ ਮੈਂ ਗੱਲ ਕਰ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਮੈਂ ਤਾਂ Stage Artist ਹਾਂ। ਮੈਂ ਮਨੋਰੰਜਨ ਦੇ ਪ੍ਰੋਗਰਾਮਾਂ ਵਿੱਚ Mimicry ਕਰਦਾ ਹਾਂ ਤਾਂ ਮੈਂ ਉਂਝ ਹੀ ਪੁੱਛ ਲਿਆ, ਤੁਸੀਂ ਕਿਸ ਦੀ Mimicry ਕਰਦੇ ਹੋ ਤਾਂ ਉਸ ਨੇ ਦੱਸਿਆ ਕਿ ਮੈਂ ਪ੍ਰਧਾਨ ਮੰਤਰੀ ਦੀ Mimicry ਕਰਦਾ ਹਾਂ ਤਾਂ ਮੈਂ ਉਸ ਨੂੰ ਕਿਹਾ ਕਿ ਜ਼ਰਾ ਕਰ ਕੇ ਵਿਖਾਓ ਅਤੇ ਇਹ ਮੇਰੇ ਲਈ ਬਹੁਤ ਸੁਖਦ ਹੈਰਾਨੀ ਸੀ ਤਾਂ ਉਨ੍ਹਾਂ ਨੇ ‘ਮਨ ਕੀ ਬਾਤ’ ਜਿਸ ਤਰ੍ਹਾਂ ਨਾਲ ਮੈਂ ਗੱਲ ਕਰਦਾ ਹਾਂ, ਉਸ ਦੀ ਪੂਰੀ Mimicry ਕੀਤੀ ਅਤੇ ‘ਮਨ ਕੀ ਬਾਤ’ ਦੀ ਹੀ Mimicry ਕੀਤੀ। ਮੈਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਾ ਕਿ ਲੋਕ ਨਾ ਸਿਰਫ ‘ਮਨ ਕੀ ਬਾਤ’ ਸੁਣਦੇ ਹਨ, ਬਲਕਿ ਉਸ ਨੂੰ ਕਈ ਮੌਕਿਆਂ ‘ਤੇ ਯਾਦ ਵੀ ਕਰਦੇ ਹਨ। ਮੈਂ ਸਚਮੁੱਚ ਹੀ ਉਸ ਦਿੱਵਿਯਾਂਗ ਨੌਜਵਾਨ ਦੀ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਹੋਇਆ।

ਮੇਰੇ ਪਿਆਰੇ ਦੇਸ਼ ਵਾਸੀਓ, ‘ਮਨ ਕੀ ਬਾਤ’ ਪ੍ਰੋਗਰਾਮ ਦੇ ਮਾਧਿਅਮ ਨਾਲ ਤੁਹਾਡੇ ਸਾਰਿਆਂ ਨਾਲ ਜੁੜਨਾ ਮੇਰੇ ਲਈ ਇੱਕ ਅਨੋਖਾ ਅਨੁਭਵ ਰਿਹਾ। ਰੇਡੀਓ ਦੇ ਮਾਧਿਅਮ ਨਾਲ ਮੈਂ ਇੱਕ ਤਰ੍ਹਾਂ ਕਰੋੜਾਂ ਪਰਿਵਾਰਾਂ ਦੇ ਹਰ ਮਹੀਨੇ ਰੂ-ਬ-ਰੂ ਹੁੰਦਾ ਹਾਂ। ਕਈ ਵਾਰ ਤਾਂ ਤੁਹਾਡੇ ਸਾਰਿਆਂ ਨਾਲ ਗੱਲ ਕਰਦਿਆਂ, ਤੁਹਾਡੀਆਂ ਚਿੱਠੀਆਂ ਪੜ੍ਹਦਿਆਂ ਜਾਂ ਤੁਹਾਡੇ ਫੋਨ ‘ਤੇ ਭੇਜੇ ਗਏ ਵਿਚਾਰ ਸੁਣਦਿਆਂ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਮੈਨੂੰ ਆਪਣੇ ਪਰਿਵਾਰ ਦਾ ਹੀ ਹਿੱਸਾ ਮੰਨ ਲਿਆ ਹੈ। ਇਹ ਮੇਰੇ ਲਈ ਇੱਕ ਬਹੁਤ ਹੀ ਸੁਖਦ ਭਾਵਨਾ (ਅਨੁਭੂਤੀ) ਰਹੀ ਹੈ।

ਦੋਸਤੋ, ਚੋਣ ਲੋਕਤੰਤਰ ਦਾ ਸਭ ਤੋਂ ਵੱਡਾ ਉਤਸਵ ਹੁੰਦਾ ਹੈ। ਅਗਲੇ ਦੋ ਮਹੀਨੇ ਅਸੀਂ ਸਾਰੇ ਚੋਣਾਂ ਦੀ ਗਹਿਮਾ-ਗਹਿਮੀ ਵਿੱਚ ਰੁੱਝੇ ਰਹਾਂਗੇ। ਮੈਂ ਖੁਦ ਵੀ ਇਸ ਚੋਣ ਵਿੱਚ ਇੱਕ ਉਮੀਦਵਾਰ ਰਹਾਂਗਾ। ਸਵਸਥ ਲੋਕਤੰਤਰੀ ਪ੍ਰੰਪਰਾ ਦਾ ਸਨਮਾਨ ਕਰਦੇ ਹੋਏ ਅਗਲੀ ‘ਮਨ ਕੀ ਬਾਤ’ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਹੋਵੇਗੀ। ਯਾਨੀ ਕਿ ਮਾਰਚ ਮਹੀਨਾ, ਅਪ੍ਰੈਲ ਮਹੀਨਾ ਅਤੇ ਪੂਰਾ ਮਈ ਮਹੀਨਾ, ਇਨ੍ਹਾਂ ਤਿੰਨ ਮਹੀਨਿਆਂ ਦੀਆਂ ਸਾਡੀਆਂ ਸਾਰੀਆਂ ਜੋ ਭਾਵਨਾਵਾਂ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਚੋਣ ਤੋਂ ਬਾਅਦ ਇੱਕ ਨਵੇਂ ਵਿਸ਼ਵਾਸ ਦੇ ਨਾਲ, ਤੁਹਾਡੇ ਅਸ਼ੀਰਵਾਦ ਦੀ ਤਾਕਤ ਨਾਲ, ਫਿਰ ਇੱਕ ਵਾਰ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗਾ ਅਤੇ ਸਾਲਾਂ ਤੱਕ ਆਪਣੇ ‘ਮਨ ਕੀ ਬਾਤ’ ਕਰਦਾ ਰਹਾਂਗਾ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

***

ਏਕੇਟੀ/ਐੱਸਐੱਚ/ਵੀਕੇ