Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕ-ਪ੍ਰਸਿੱਧ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਲਖਨਊ ਦੇ ਸਾਂਸਦ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਯੂਪੀ ਭਾਜਪਾ ਦੇ ਪ੍ਰਧਾਨ ਅਤੇ ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਪੰਕਜ ਚੌਧਰੀ ਜੀ, ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਜੀ, ਮੌਜੂਦ ਹੋਰ ਮੰਤਰੀ, ਲੋਕਾਂ ਦੇ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ,

ਅੱਜ ਲਖਨਊ ਦੀ ਇਹ ਧਰਤੀ, ਇੱਕ ਨਵੀਂ ਪ੍ਰੇਰਨਾ ਦੀ ਗਵਾਹ ਬਣ ਰਹੀ ਹੈ। ਇਸ ਦੀ ਵਿਸਥਾਰ ਨਾਲ ਚਰਚਾ ਕਰਨ ਤੋਂ ਪਹਿਲਾਂ, ਮੈਂ ਦੇਸ਼ ਅਤੇ ਦੁਨੀਆ ਨੂੰ ਕ੍ਰਿਸਮਿਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਭਾਰਤ ਵਿੱਚ ਵੀ ਕਰੋੜਾਂ ਈਸਾਈ ਪਰਿਵਾਰ ਅੱਜ ਤਿਉਹਾਰ ਮਨਾ ਰਹੇ ਹਨ, ਕ੍ਰਿਸਮਸ ਦਾ ਇਹ ਤਿਉਹਾਰ, ਸਾਰਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਲਿਆਵੇ, ਇਹ ਸਾਡੀ ਸਾਰਿਆਂ ਦੀ ਕਾਮਨਾ ਹੈ।

ਸਾਥੀਓ,

25 ਦਸੰਬਰ ਦਾ ਇਹ ਦਿਨ, ਦੇਸ਼ ਦੀਆਂ ਦੋ ਮਹਾਨ ਸ਼ਖ਼ਸ਼ੀਅਤਾਂ ਦੇ ਜਨਮ ਦਾ ਸ਼ਾਨਦਾਰ ਮੌਕਾ ਲੈ ਕੇ ਵੀ ਆਇਆ ਹੈ। ਭਾਰਤ ਰਤਨ ਅਟਲ ਬਿਹਾਰੀ ਵਾਜਪਈ ਜੀ, ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਆ ਜੀ, ਇਨ੍ਹਾਂ ਦੋਹਾਂ ਮਹਾਪੁਰਖਾਂ ਨੇ ਭਾਰਤ ਦੀ ਪਹਿਚਾਣ, ਏਕਤਾ ਅਤੇ ਸਵੈਮਾਣ ਦੀ ਰੱਖਿਆ ਕੀਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਅਮਿੱਟ ਛਾਪ ਛੱਡੀ।

ਸਾਥੀਓ,

ਅੱਜ 25 ਦਸੰਬਰ ਨੂੰ ਹੀ ਮਹਾਰਾਜਾ ਬਿਜਲੀ ਪਾਸੀ ਜੀ ਦੀ ਵੀ ਜਨਮ ਵਰ੍ਹੇਗੰਢ ਹੈ। ਲਖਨਊ ਦਾ ਪ੍ਰਸਿੱਧ ਬਿਜਲੀ ਪਾਸੀ ਕਿਲ੍ਹਾ ਇੱਥੋਂ ਤੋਂ ਜ਼ਿਆਦਾ ਦੂਰ ਨਹੀਂ ਹੈ। ਮਹਾਰਾਜਾ ਬਿਜਲੀ ਪਾਸੀ ਨੇ, ਬਹਾਦਰੀ, ਚੰਗੇ ਸ਼ਾਸਨ ਅਤੇ ਸਮਾਵੇਸ਼ ਦੀ ਜੋ ਵਿਰਾਸਤ ਛੱਡੀ, ਉਸਨੂੰ ਸਾਡੇ ਪਾਸੀ ਸਮਾਜ ਨੇ ਮਾਣ ਨਾਲ ਅੱਗੇ ਵਧਾਇਆ ਹੈ। ਇਹ ਵੀ ਸੰਯੋਗ ਹੀ ਹੈ ਕਿ, ਅਟਲ ਜੀ ਨੇ ਹੀ ਸਾਲ 2000 ਵਿੱਚ ਮਹਾਰਾਜਾ ਬਿਜਲੀ ਪਾਸੀ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ ਸੀ।

ਸਾਥੀਓ,

ਅੱਜ ਇਸ ਪਵਿੱਤਰ ਦਿਨ, ਮੈਂ ਮਹਾਮਨਾ ਮਾਲਵੀਆ ਜੀ, ਅਟਲ ਜੀ ਅਤੇ ਮਹਾਰਾਜਾ ਬਿਜਲੀ ਪਾਸੀ ਨੂੰ ਸ਼ਰਧਾ ਨਾਲ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸਤਿਕਾਰ ਭੇਟ ਕਰਦਾ ਹਾਂ।

ਸਾਥੀਓ,

ਥੋੜ੍ਹੀ ਦੇਰ ਪਹਿਲਾਂ ਮੈਨੂੰ, ਇੱਥੇ ਰਾਸ਼ਟਰੀ ਪ੍ਰੇਰਨਾ ਸਥਲ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਰਾਸ਼ਟਰ ਪ੍ਰੇਰਨਾ ਸਥਲ, ਉਸ ਸੋਚ ਦਾ ਪ੍ਰਤੀਕ ਹੈ, ਜਿਸ ਨੇ ਭਾਰਤ ਨੂੰ ਆਤਮ-ਸਨਮਾਨ, ਏਕਤਾ ਅਤੇ ਸੇਵਾ ਦਾ ਰਾਹ ਦਿਖਾਇਆ ਹੈ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨ ਦਿਆਲ ਉਪਾਧਿਆਏ ਜੀ ਅਤੇ ਅਟਲ ਬਿਹਾਰੀ ਵਾਜਪਈ ਜੀ, ਇਨ੍ਹਾਂ ਦੀਆਂ ਵੱਡੀਆਂ ਮੂਰਤੀਆਂ ਜਿੰਨੀਆਂ ਉੱਚੀਆਂ ਹਨ, ਉਨ੍ਹਾਂ ਤੋਂ ਮਿਲਣ ਵਾਲੀਆਂ ਪ੍ਰੇਰਨਾਵਾਂ ਉਸ ਤੋਂ ਵੀ ਜ਼ਿਆਦਾ ਬੁਲੰਦ ਹਨ। ਅਟਲ ਜੀ ਨੇ ਲਿਖਿਆ ਸੀ, ਨੀਰਵਤਾ ਨਾਲ ਮੁਖਰਿਤ ਮਧੂਬਨ, ਪਰਹਿਤ ਅਰਪਿਤ ਆਪਣਾ ਤਨ-ਮਨ, ਜੀਵਨ ਨੂੰ ਸ਼ਤ-ਸ਼ਤ ਆਹੂਤੀ ਵਿੱਚ ਜਲਨਾ ਹੋਵੇਗਾ, ਗਲਨਾ ਹੋਵੇਗਾ। (नीरवता से मुखरित मधुबन, परहित अर्पित अपना तन-मन, जीवन को शत-शत आहुति में, जलना होगा, गलना होगा।) ਕਦਮ ਮਿਲਾ ਕੇ ਚੱਲਣਾ ਹੋਵੇਗਾ। ਇਹ ਰਾਸ਼ਟਰ ਪ੍ਰੇਰਨਾ ਸਥਲ, ਸਾਨੂੰ ਸੁਨੇਹਾ ਦਿੰਦਾ ਹੈ ਕਿ ਸਾਡਾ ਹਰ ਕਦਮ, ਹਰ ਪੁਲਾਂਘ, ਹਰ ਯਤਨ, ਰਾਸ਼ਟਰ-ਨਿਰਮਾਣ ਲਈ ਸਮਰਪਿਤ ਹੋਵੇ। ਸਭ ਦਾ ਯਤਨ ਹੀ, ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰੇਗਾ। ਮੈਂ, ਲਖਨਊ ਨੂੰ, ਉੱਤਰ ਪ੍ਰਦੇਸ਼ ਨੂੰ, ਪੂਰੇ ਦੇਸ਼ ਨੂੰ, ਇਸ ਆਧੁਨਿਕ ਪ੍ਰੇਰਨਾ ਸਥਲ ਦੀ ਵਧਾਈ ਦਿੰਦਾ ਹਾਂ। ਅਤੇ ਜਿਵੇਂ ਹੁਣ ਦੱਸਿਆ ਗਿਆ ਹੈ ਅਤੇ ਵੀਡੀਓ ਵਿੱਚ ਵੀ ਦਿਖਾਇਆ ਗਿਆ, ਕਿ ਜਿਸ ਜ਼ਮੀਨ ’ਤੇ ਇਹ ਪ੍ਰੇਰਨਾ ਸਥਲ ਬਣਿਆ ਹੈ, ਉਸਦੀ 30 ਏਕੜ ਤੋਂ ਜ਼ਿਆਦਾ ਜ਼ਮੀਨ ’ਤੇ ਕਈ ਦਹਾਕਿਆਂ ਤੋਂ ਕਚਰੇ ਦਾ ਪਹਾੜ ਜਮ੍ਹਾਂ ਹੋਇਆ ਸੀ। ਪਿਛਲੇ ਤਿੰਨ ਸਾਲਾਂ ਵਿੱਚ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਗਿਆ ਹੈ। ਇਸ ਪ੍ਰਾਜੈਕਟ ਨਾਲ ਜੁੜੇ ਸਾਰੇ ਕਾਮਿਆਂ, ਕਾਰੀਗਰਾਂ, ਯੋਜਨਾਕਾਰਾਂ, ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਨੂੰ ਦਿਸ਼ਾ ਦੇਣ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਈ ਹੈ। ਇਹ ਡਾਕਟਰ ਮੁਖਰਜੀ ਹੀ ਸੀ, ਜਿਨ੍ਹਾਂ ਨੇ ਭਾਰਤ ਵਿੱਚ ਦੋ ਸੰਵਿਧਾਨਾਂ, ਦੋ ਝੰਡਿਆਂ ਅਤੇ ਦੋ ਪ੍ਰਧਾਨਾਂ ਦੇ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਵੀ, ਜੰਮੂ-ਕਸ਼ਮੀਰ ਵਿੱਚ ਇਹ ਵਿਵਸਥਾ, ਭਾਰਤ ਦੀ ਅਖੰਡਤਾ ਲਈ ਬਹੁਤ ਵੱਡੀ ਚੁਣੌਤੀ ਸੀ। ਭਾਜਪਾ ਨੂੰ ਮਾਣ ਹੈ ਕਿ, ਸਾਡੀ ਸਰਕਾਰ ਨੂੰ ਆਰਟੀਕਲ 370 ਦੀ ਕੰਧ ਢਾਹੁਣ ਦਾ ਮੌਕਾ ਮਿਲਿਆ। ਅੱਜ ਭਾਰਤ ਦਾ ਸੰਵਿਧਾਨ ਜੰਮੂ-ਕਸ਼ਮੀਰ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਹੈ।

ਸਾਥੀਓ,

ਆਜ਼ਾਦ ਭਾਰਤ ਤੋਂ ਪਹਿਲਾਂ ਉਦਯੋਗ ਮੰਤਰੀ ਵਜੋਂ, ਡਾਕਟਰ ਮੁਖਰਜੀ ਨੇ ਭਾਰਤ ਵਿੱਚ ਆਰਥਿਕ ਸਵੈ-ਨਿਰਭਰਤਾ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਦੇਸ਼ ਨੂੰ ਪਹਿਲੀ ਉਦਯੋਗਿਕ ਨੀਤੀ ਦਿੱਤੀ ਸੀ। ਯਾਨੀ ਭਾਰਤ ਵਿੱਚ ਉਦਯੋਗੀਕਰਨ ਦੀ ਬੁਨਿਆਦ ਰੱਖੀ ਸੀ। ਅੱਜ ਸਵੈ-ਨਿਰਭਰਤਾ ਦੇ ਉਸੇ ਮੰਤਰ ਨੂੰ ਅਸੀਂ ਨਵੀਂ ਬੁਲੰਦੀ ਦੇ ਰਹੇ ਹਾਂ। ਮੇਡ ਇਨ ਇੰਡੀਆ ਸਮਾਨ ਅੱਜ ਦੁਨੀਆ ਭਰ ਵਿੱਚ ਪਹੁੰਚ ਰਿਹਾ ਹੈ। ਇੱਥੇ ਯੂਪੀ ਵਿੱਚ ਹੀ ਦੇਖੋ, ਇੱਕ ਪਾਸੇ, ਇੱਕ ਜ਼ਿਲ੍ਹਾ ਇੱਕ ਉਤਪਾਦ ਦੀ ਇੰਨੀ ਵੱਡੀ ਮੁਹਿੰਮ ਚੱਲ ਰਹੀ ਹੈ, ਛੋਟੇ-ਛੋਟੇ ਉਦਯੋਗਾਂ, ਛੋਟੀਆਂ ਇਕਾਈਆਂ ਦੀ ਸਮਰੱਥਾ ਵਧ ਰਹੀ ਹੈ। ਦੂਜੇ ਪਾਸੇ, ਯੂਪੀ ਵਿੱਚ ਬਹੁਤ ਵੱਡਾ ਡਿਫੈਂਸ ਕੌਰੀਡੋਰ ਬਣ ਰਿਹਾ ਹੈ। ਆਪ੍ਰੇਸ਼ਨ ਸਿੰਧੂਰ ਵਿੱਚ ਦੁਨੀਆ ਨੇ ਜਿਸ ਬ੍ਰਹਮੋਸ ਮਿਸਾਇਲ ਦਾ ਜਲਵਾ ਦੇਖਿਆ, ਉਹ ਹੁਣ ਲਖਨਊ ਵਿੱਚ ਬਣ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਪੀ ਦਾ ਡਿਫੈਂਸ ਕੌਰੀਡੋਰ, ਦੁਨੀਆ ਭਰ ਵਿੱਚ ਡਿਫੈਂਸ ਮੈਨੁਫੈਕਚਰਿੰਗ ਦੇ ਲਈ ਜਾਣਿਆ ਜਾਵੇਗਾ।

ਸਾਥੀਓ,

ਦਹਾਕਿਆਂ ਪਹਿਲਾਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਨੇ ਅੰਤੋਦਿਆ ਦਾ ਇੱਕ ਸੁਪਨਾ ਦੇਖਿਆ ਸੀ। ਉਹ ਮੰਨਦੇ ਸੀ ਕਿ ਭਾਰਤ ਦੀ ਤਰੱਕੀ ਦਾ ਪੈਮਾਨਾ, ਆਖ਼ਰੀ ਕਤਾਰ ਵਿੱਚ ਖੜ੍ਹੇ ‘ਆਖ਼ਰੀ ਵਿਅਕਤੀ’ ਦੇ ਚਿਹਰੇ ਦੀ ਮੁਸਕਾਨ ਨਾਲ ਮਾਪਿਆ ਜਾਵੇਗਾ। ਦੀਨ ਦਿਆਲ ਜੀ ਨੇ ‘ਏਕਾਤਮ ਮਾਨਵਵਾਦ’ ਦਾ ਫ਼ਲਸਫ਼ਾ ਵੀ ਦਿੱਤਾ, ਜਿੱਥੇ ਸਰੀਰ, ਮਨ, ਬੁੱਧੀ ਅਤੇ ਆਤਮਾ, ਸਭ ਦਾ ਵਿਕਾਸ ਹੋਵੇ। ਦੀਨ ਦਿਆਲ ਜੀ ਦੇ ਸੁਪਨੇ ਨੂੰ ਮੋਦੀ ਨੇ ਆਪਣਾ ਸੰਕਲਪ ਬਣਾਇਆ ਹੈ। ਅਸੀਂ ਅੰਤੋਦਿਆ ਨੂੰ ਸੈਚੁਰੇਸ਼ਨ ਯਾਨੀ ਸੰਤੁਸ਼ਟੀਕਰਨ ਦਾ ਨਵਾਂ ਵਿਸਥਾਰ ਦਿੱਤਾ ਹੈ। ਸੈਚੁਰੇਸ਼ਨ ਯਾਨੀ ਹਰ ਜ਼ਰੂਰਤਮੰਦ, ਹਰ ਲਾਭਪਾਤਰੀ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੇ ਦਾਇਰੇ ਵਿੱਚ ਲਿਆਉਣ ਦਾ ਯਤਨ। ਜਦੋਂ ਸੈਚੁਰੇਸ਼ਨ ਦੀ ਭਾਵਨਾ ਹੁੰਦੀ ਹੈ, ਤਾਂ ਵਿਤਕਰਾ ਨਹੀਂ ਹੁੰਦਾ, ਅਤੇ ਇਹੀ ਤਾਂ ਚੰਗਾ ਸ਼ਾਸਨ ਹੈ, ਇਹੀ ਸੱਚਾ ਸਮਾਜਿਕ ਇਨਸਾਫ਼ ਹੈ, ਇਹੀ ਸੱਚਾ ਸੈਕੁਲਰਿਜ਼ਮ ਹੈ। ਅੱਜ ਜਦੋਂ ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ, ਬਿਨਾਂ ਵਿਤਕਰੇ, ਪਹਿਲੀ ਵਾਰ ਪੱਕਾ ਘਰ, ਪਖਾਨੇ, ਨਲ ਤੋਂ ਜਲ, ਬਿਜਲੀ ਅਤੇ ਗੈਸ ਕਨੈਕਸ਼ਨ ਮਿਲ ਰਿਹਾ ਹੈ, ਕਰੋੜਾਂ ਲੋਕਾਂ ਨੂੰ ਪਹਿਲੀ ਵਾਰ ਮੁਫ਼ਤ ਅਨਾਜ ਅਤੇ ਮੁਫ਼ਤ ਇਲਾਜ ਮਿਲ ਰਿਹਾ ਹੈ। ਕਤਾਰ ਵਿੱਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਪਹੁੰਚਣ ਦਾ ਯਤਨ ਹੋ ਰਿਹਾ ਹੈ, ਤਾਂ ਪੰਡਿਤ ਦੀਨ ਦਿਆਲ ਜੀ ਦੇ ਵਿਜ਼ਨ ਨਾਲ ਇਨਸਾਫ਼ ਹੋ ਰਿਹਾ ਹੈ।

ਸਾਥੀਓ,

ਬੀਤੇ ਦਹਾਕੇ ਵਿੱਚ ਕਰੋੜਾਂ ਭਾਰਤੀਆਂ ਨੇ ਗ਼ਰੀਬੀ ’ਤੇ ਕਾਬੂ ਪਾਇਆ ਹੈ, ਗ਼ਰੀਬੀ ਨੂੰ ਹਰਾਇਆ ਹੈ। ਇਹ ਇਸ ਲਈ ਸੰਭਵ ਹੋਇਆ, ਕਿਉਂਕਿ ਭਾਜਪਾ ਸਰਕਾਰ ਨੇ, ਜੋ ਪਿੱਛੇ ਰਹਿ ਗਿਆ ਸੀ, ਉਸ ਨੂੰ ਤਰਜੀਹ ਦਿੱਤੀ, ਜੋ ਆਖ਼ਰੀ ਕਤਾਰ ਵਿੱਚ ਸੀ, ਉਸਨੂੰ ਤਰਜੀਹ ਦਿੱਤੀ।

ਸਾਥੀਓ,

2014 ਤੋਂ ਪਹਿਲਾਂ ਲਗਭਗ 25 ਕਰੋੜ ਦੇਸ਼ਵਾਸੀ ਅਜਿਹੇ ਸੀ, ਜੋ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਦਾਇਰੇ ਵਿੱਚ ਸੀ, 25 ਕਰੋੜ। ਅੱਜ ਲਗਭਗ 95 ਕਰੋੜ ਭਾਰਤਵਾਸੀ, ਇਸ ਸੁਰੱਖਿਆ ਕਵਚ ਦੇ ਦਾਇਰੇ ਵਿੱਚ ਹਨ। ਉੱਤਰ ਪ੍ਰਦੇਸ਼ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸਦਾ ਲਾਭ ਮਿਲਿਆ ਹੈ। ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ ਹਾਂ। ਜਿਵੇਂ ਬੈਂਕ ਖਾਤੇ ਸਿਰਫ਼ ਕੁਝ ਹੀ ਲੋਕਾਂ ਦੇ ਹੁੰਦੇ ਸੀ, ਉਵੇਂ ਹੀ, ਬੀਮਾ ਵੀ ਕੁਝ ਹੀ ਅਮੀਰ ਲੋਕਾਂ ਤੱਕ ਸੀਮਤ ਸੀ। ਸਾਡੀ ਸਰਕਾਰ ਨੇ ਆਖ਼ਰੀ ਵਿਅਕਤੀ ਤੱਕ ਬੀਮਾ ਸੁਰੱਖਿਆ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ। ਉਸਦੇ ਲਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਬਣਾਈ, ਇਸ ਨਾਲ ਮਾਮੂਲੀ ਪ੍ਰੀਮੀਅਮ ’ਤੇ 2 ਲੱਖ ਰੁਪਏ ਦਾ ਬੀਮਾ ਯਕੀਨੀ ਹੋਇਆ। ਅੱਜ ਇਸ ਸਕੀਮ ਨਾਲ 25 ਕਰੋੜ ਤੋਂ ਜ਼ਿਆਦਾ ਗ਼ਰੀਬ ਜੁੜੇ ਹਨ। ਇਸੇ ਤਰ੍ਹਾਂ, ਹਾਦਸੇ ਦੌਰਾਨ ਬੀਮੇ ਲਈ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਚੱਲ ਰਹੀ ਹੈ। ਇਸ ਨਾਲ ਵੀ ਲਗਭਗ 55 ਕਰੋੜ ਗ਼ਰੀਬ ਜੁੜੇ ਹਨ। ਇਹ ਉਹ ਗ਼ਰੀਬ ਦੇਸ਼ਵਾਸੀ ਹਨ, ਜੋ ਪਹਿਲਾਂ ਬੀਮੇ ਦੇ ਬਾਰੇ ਸੋਚ ਵੀ ਨਹੀਂ ਪਾਉਂਦੇ ਸੀ।

ਸਾਥੀਓ,

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਇਨ੍ਹਾਂ ਯੋਜਨਾਵਾਂ ਨਾਲ ਲਗਭਗ 25 ਹਜ਼ਾਰ ਕਰੋੜ ਰੁਪਏ ਦਾ ਕਲੇਮ, ਇਨ੍ਹਾਂ ਛੋਟੇ-ਛੋਟੇ ਪਰਿਵਾਰਾਂ ਦੇ ਛੋਟੇ-ਛੋਟੇ ਜ਼ਿੰਦਗੀ ਦੇ ਗੁਜ਼ਾਰੇ ਕਰਨ ਵਾਲੇ, ਮੇਰੇ ਆਮ ਗ਼ਰੀਬ ਪਰਿਵਾਰਾਂ ਤੱਕ 25 ਹਜ਼ਾਰ ਕਰੋੜ ਰੁਪਏ ਦਾ ਲਾਭ ਪਹੁੰਚਿਆ ਹੈ। ਯਾਨੀ ਸੰਕਟ ਦੇ ਸਮੇਂ ਇਹ ਪੈਸਾ ਗ਼ਰੀਬ ਪਰਿਵਾਰਾਂ ਦੇ ਕੰਮ ਆਇਆ ਹੈ।

ਸਾਥੀਓ,

ਅੱਜ ਅਟਲ ਜੀ ਦੀ ਜਨਮ ਵਰ੍ਹੇਗੰਢ ਦਾ ਇਹ ਦਿਨ ਚੰਗੇ ਸ਼ਾਸਨ ਦੇ ਜਸ਼ਨ ਦਾ ਵੀ ਦਿਨ ਹੈ। ਲੰਬੇ ਸਮੇਂ ਤੱਕ, ਦੇਸ਼ ਵਿੱਚ ਗ਼ਰੀਬੀ ਹਟਾਓ ਵਰਗੇ ਨਾਅਰਿਆਂ ਨੂੰ ਹੀ ਗਵਰਨੈਂਸ ਮੰਨ ਲਿਆ ਗਿਆ ਸੀ। ਪਰ ਅਟਲ ਜੀ ਨੇ, ਸਹੀ ਮਾਅਨੇ ਵਿੱਚ ਚੰਗੇ ਸ਼ਾਸਨ ਨੂੰ ਜ਼ਮੀਨ ’ਤੇ ਉਤਾਰਿਆ। ਅੱਜ ਡਿਜੀਟਲ ਪਹਿਚਾਣ ਦੀ ਇੰਨੀ ਚਰਚਾ ਹੁੰਦੀ ਹੈ, ਇਸ ਦੀ ਨੀਂਹ ਬਣਾਉਣ ਦਾ ਕੰਮ ਅਟਲ ਜੀ ਦੀ ਸਰਕਾਰ ਨੇ ਹੀ ਕੀਤਾ ਸੀ। ਉਸ ਸਮੇਂ ਜਿਸ ਖ਼ਾਸ ਕਾਰਡ ਲਈ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਆਧਾਰ ਦੇ ਰੂਪ ਵਿੱਚ ਵਿਸ਼ਵ ਪ੍ਰਸਿੱਧ ਹੋ ਗਿਆ ਹੈ। ਭਾਰਤ ਵਿੱਚ ਟੈਲੀਕਾਮ ਕ੍ਰਾਂਤੀ ਨੂੰ ਗਤੀ ਦੇਣ ਦਾ ਸਿਹਰਾ ਵੀ ਅਟਲ ਜੀ ਨੂੰ ਹੀ ਜਾਂਦਾ ਹੈ। ਉਨ੍ਹਾਂ ਦੀ ਸਰਕਾਰ ਨੇ ਜੋ ਟੈਲੀਕਾਮ ਨੀਤੀ ਬਣਾਈ, ਉਸ ਨਾਲ ਘਰ-ਘਰ ਤੱਕ ਫੋਨ ਅਤੇ ਇੰਟਰਨੈੱਟ ਪਹੁੰਚਾਉਣਾ ਆਸਾਨ ਹੋਇਆ, ਅਤੇ ਅੱਜ ਭਾਰਤ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮੋਬਾਇਲ ਅਤੇ ਇੰਟਰਨੈੱਟ ਯੂਜ਼ਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

ਸਾਥੀਓ,

ਅੱਜ ਅਟਲ ਜੀ ਜਿੱਥੇ ਹੋਣਗੇ, ਇਸ ਗੱਲ ਨਾਲ ਖ਼ੁਸ਼ ਹੋਣਗੇ ਕਿ, ਬੀਤੇ 11 ਸਾਲਾਂ ਵਿੱਚ ਭਾਰਤ, ਦੁਨੀਆ ਦਾ ਦੂਜਾ ਵੱਡਾ ਮੋਬਾਇਲ ਫੋਨ ਨਿਰਮਾਤਾ ਬਣ ਗਿਆ ਹੈ। ਅਤੇ ਜਿਸ ਯੂਪੀ ਤੋਂ ਉਹ ਸਾਂਸਦ ਰਹੇ, ਉਹ ਯੂਪੀ ਅੱਜ ਭਾਰਤ ਦਾ ਨੰਬਰ ਇੱਕ ਮੋਬਾਇਲ ਮੈਨੁਫੈਕਚਰਿੰਗ ਸੂਬਾ ਹੈ।

ਸਾਥੀਓ,

ਕਨੈਕਟੀਵਿਟੀ ਨੂੰ ਲੈ ਕੇ ਅਟਲ ਜੀ ਦੇ ਵਿਜ਼ਨ ਨੇ, 21ਵੀਂ ਸਦੀ ਦੇ ਭਾਰਤ ਨੂੰ ਸ਼ੁਰੂਆਤੀ ਮਜ਼ਬੂਤੀ ਦਿੱਤੀ। ਅਟਲ ਜੀ ਦੀ ਸਰਕਾਰ ਦੇ ਸਮੇਂ ਹੀ, ਪਿੰਡ-ਪਿੰਡ ਤੱਕ ਸੜਕਾਂ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਸੁਨਹਿਰੀ ਚਤੁਰਭੁਜ, ਯਾਨੀ ਹਾਈਵੇ ਦੇ ਵਿਸਥਾਰ ’ਤੇ ਕੰਮ ਸ਼ੁਰੂ ਹੋਇਆ ਸੀ।

ਸਾਥੀਓ,

ਸਾਲ 2000 ਦੇ ਬਾਅਦ ਤੋਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ 8 ਲੱਖ ਕਿੱਲੋਮੀਟਰ ਸੜਕਾਂ ਪਿੰਡਾਂ ਵਿੱਚ ਬਣੀਆਂ ਹਨ। ਅਤੇ ਇਨ੍ਹਾਂ ਵਿੱਚੋਂ ਲਗਭਗ 4 ਲੱਖ ਕਿੱਲੋਮੀਟਰ ਪੇਂਡੂ ਸੜਕਾਂ ਪਿਛਲੇ 10-11 ਸਾਲਾਂ ਵਿੱਚ ਬਣੀਆਂ ਹਨ।

ਅਤੇ ਸਾਥੀਓ,

ਅੱਜ ਤੁਸੀਂ ਦੇਖੋ, ਅੱਜ ਸਾਡੇ ਦੇਸ਼ ਵਿੱਚ ਬੇਮਿਸਾਲ ਗਤੀ ਨਾਲ ਐਕਸਪ੍ਰੈੱਸ-ਵੇਅ ਬਣਾਉਣ ਦਾ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ। ਸਾਡਾ ਯੂਪੀ ਵੀ ਐਕਸਪ੍ਰੈੱਸ-ਵੇਅ ਸੂਬੇ ਵਜੋਂ ਆਪਣੀ ਪਹਿਚਾਣ ਬਣਾ ਰਿਹਾ ਹੈ। ਉਹ ਅਟਲ ਜੀ ਹੀ ਸੀ, ਜਿਨ੍ਹਾਂ ਨੇ ਦਿੱਲੀ ਵਿੱਚ ਮੈਟਰੋ ਦੀ ਸ਼ੁਰੂਆਤ ਕੀਤੀ ਸੀ। ਅੱਜ ਦੇਸ਼ ਦੇ 20 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ, ਲੱਖਾਂ ਲੋਕਾਂ ਦੀ ਜ਼ਿੰਦਗੀ ਸੌਖੀ ਬਣਾ ਰਿਹਾ ਹੈ। ਭਾਜਪਾ-ਐੱਨਡੀਏ ਸਰਕਾਰ ਨੇ ਚੰਗੇ ਸ਼ਾਸਨ ਦੀ ਜੋ ਵਿਰਾਸਤ ਬਣਾਈ ਹੈ, ਉਸਨੂੰ ਅੱਜ ਭਾਜਪਾ ਦੀ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ, ਨਵੇਂ ਆਯਾਮ, ਨਵਾਂ ਵਿਸਥਾਰ ਦੇ ਰਹੀਆਂ ਹਨ।

ਸਾਥੀਓ,

ਡਾਕਟਰ ਮੁਖਰਜੀ, ਪੰਡਿਤ ਦੀਨ ਦਿਆਲ ਜੀ, ਅਟਲ ਜੀ, ਇਨ੍ਹਾਂ ਤਿੰਨ ਮਹਾਪੁਰਖਾਂ ਦੀ ਪ੍ਰੇਰਨਾ, ਉਨ੍ਹਾਂ ਦੇ ਵਿਜ਼ਨਰੀ ਕੰਮ, ਇਹ ਵੱਡੀਆਂ ਮੂਰਤੀਆਂ, ਵਿਕਸਿਤ ਭਾਰਤ ਦਾ ਬਹੁਤ ਵੱਡਾ ਅਧਾਰ ਹਨ। ਅੱਜ ਇਨ੍ਹਾਂ ਦੀਆਂ ਮੂਰਤੀਆਂ, ਸਾਨੂੰ ਨਵੀਂ ਊਰਜਾ ਨਾਲ ਭਰ ਰਹੀਆਂ ਹਨ। ਪਰ ਅਸੀਂ ਇਹ ਨਹੀਂ ਭੁੱਲਣਾ ਹੈ ਕਿ, ਆਜ਼ਾਦੀ ਤੋਂ ਬਾਅਦ, ਭਾਰਤ ਵਿੱਚ ਹੋਏ ਹਰ ਚੰਗੇ ਕੰਮ ਨੂੰ ਕਿਵੇਂ ਇੱਕ ਹੀ ਪਰਿਵਾਰ ਨਾਲ ਜੋੜਨ ਦੀ ਪ੍ਰਵਿਰਤੀ ਵਿਕਸਤ ਹੋਈ। ਕਿਤਾਬਾਂ ਹੋਣ, ਸਰਕਾਰੀ ਯੋਜਨਾਵਾਂ ਹੋਣ, ਸਰਕਾਰੀ ਅਦਾਰੇ ਹੋਣ, ਗਲੀਆਂ, ਸੜਕਾਂ, ਚੌਰਾਹੇ ਹੋਣ, ਇੱਕ ਹੀ ਪਰਿਵਾਰ ਦੀ ਮਹਿਮਾ, ਇੱਕ ਹੀ ਪਰਿਵਾਰ ਦੇ ਨਾਮ, ਉਨ੍ਹਾਂ ਦੀਆਂ ਹੀ ਮੂਰਤੀਆਂ, ਇਹੀ ਸਭ ਕੁਝ ਚੱਲਿਆ। ਭਾਜਪਾ ਨੇ ਦੇਸ਼ ਨੂੰ ਇੱਕ ਪਰਿਵਾਰ ਦੀ ਬੰਦਸ਼ ਬਣੀ ਇਸ ਪੁਰਾਣੀ ਪ੍ਰਵਿਰਤੀ ਤੋਂ ਵੀ ਬਾਹਰ ਕੱਢਿਆ ਹੈ। ਸਾਡੀ ਸਰਕਾਰ, ਮਾਂ ਭਾਰਤੀ ਦੀ ਸੇਵਾ ਕਰਨ ਵਾਲੀ ਹਰ ਅਮਰ ਸੰਤਾਨ, ਹਰ ਕਿਸੇ ਦੇ ਯੋਗਦਾਨ ਨੂੰ ਸਨਮਾਨ ਦੇ ਰਹੀ ਹੈ। ਮੈਂ ਕੁਝ ਉਦਾਹਰਣ ਤੁਹਾਨੂੰ ਦਿੰਦਾ ਹਾਂ, ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ, ਦਿੱਲੀ ਦੇ ਕਰਤੱਵਯ ਪੱਥ ’ਤੇ ਹੈ। ਅੰਡੇਮਾਨ ਵਿੱਚ ਜਿਸ ਟਾਪੂ ’ਤੇ ਨੇਤਾਜੀ ਨੇ ਤਿਰੰਗਾ ਲਹਿਰਾਇਆ, ਅੱਜ ਉਸਦਾ ਨਾਮ ਨੇਤਾਜੀ ਦੇ ਨਾਮ ’ਤੇ ਹੈ।

ਸਾਥੀਓ,

ਕੋਈ ਨਹੀਂ ਭੁੱਲ ਸਕਦਾ ਹੈ ਕਿਵੇਂ ਬਾਬਾ ਸਾਹਿਬ ਅੰਬੇਡਕਰ ਦੀ ਵਿਰਾਸਤ ਨੂੰ ਮਿਟਾਉਣ ਦਾ ਯਤਨ ਹੋਇਆ, ਦਿੱਲੀ ਵਿੱਚ ਕਾਂਗਰਸ ਦੇ ਸ਼ਾਹੀ ਪਰਿਵਾਰ ਨੇ ਇਹ ਪਾਪ ਕੀਤਾ, ਅਤੇ ਇੱਥੇ ਯੂਪੀ ਵਿੱਚ ਸਪਾ ਵਾਲਿਆਂ ਨੇ ਵੀ ਇਹੀ ਹਿੰਮਤ ਕੀਤੀ, ਪਰ ਭਾਜਪਾ ਨੇ ਬਾਬਾ ਸਾਹਿਬ ਦੀ ਵਿਰਾਸਤ ਨੂੰ ਮਿਟਣ ਨਹੀਂ ਦਿੱਤਾ। ਅੱਜ ਦਿੱਲੀ ਤੋਂ ਲੈ ਕੇ ਲੰਦਨ ਤੱਕ, ਬਾਬਾ ਸਾਹਿਬ ਅੰਬੇਡਕਰ ਦੇ ਪੰਚਤੀਰਥ ਉਨ੍ਹਾਂ ਦੀ ਵਿਰਾਸਤ ਦਾ ਗੁਣਗਾਨ ਕਰ ਰਹੇ ਹਨ।

ਸਾਥੀਓ,

ਸਰਦਾਰ ਵੱਲਭ ਭਾਈ ਪਟੇਲ ਨੇ ਸੈਂਕੜੇ ਰਿਆਸਤਾਂ ਵਿੱਚ ਵੰਡੇ ਸਾਡੇ ਦੇਸ਼ ਨੂੰ ਇੱਕ ਕੀਤਾ ਸੀ, ਪਰ ਆਜ਼ਾਦੀ ਤੋਂ ਬਾਅਦ, ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੇ ਕੱਦ, ਦੋਵਾਂ ਨੂੰ ਛੋਟਾ ਕਰਨ ਦਾ ਯਤਨ ਕੀਤਾ ਗਿਆ। ਇਹ ਭਾਜਪਾ ਹੈ ਜਿਸ ਨੇ ਸਰਦਾਰ ਸਾਹਿਬ ਨੂੰ ਉਹ ਮਾਣ-ਸਨਮਾਨ ਦਿੱਤਾ, ਜਿਸ ਦੇ ਉਹ ਹੱਕਦਾਰ ਸੀ। ਭਾਜਪਾ ਨੇ ਹੀ ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਬਣਾਈ, ਏਕਤਾ ਨਗਰ ਵਜੋਂ ਇੱਕ ਪ੍ਰੇਰਨਾ ਸਥਾਨ ਦਾ ਨਿਰਮਾਣ ਕੀਤਾ। ਹੁਣ ਹਰ ਸਾਲ ਉੱਥੇ 31 ਅਕਤੂਬਰ ਨੂੰ ਦੇਸ਼ ਰਾਸ਼ਟਰੀ ਏਕਤਾ ਦਿਵਸ ਦਾ ਮੁੱਖ ਆਯੋਜਨ ਕਰਦਾ ਹੈ।

ਸਾਥੀਓ,

ਸਾਡੇ ਇੱਥੇ ਦਹਾਕਿਆਂ ਤੱਕ ਆਦਿਵਾਸੀਆਂ ਦੇ ਯੋਗਦਾਨ ਨੂੰ ਵੀ ਢੁਕਵਾਂ ਸਥਾਨ ਨਹੀਂ ਦਿੱਤਾ ਗਿਆ। ਸਾਡੀ ਸਰਕਾਰ ਨੇ ਹੀ ਭਗਵਾਨ ਵਿਰਸਾ ਮੁੰਡਾ ਦੀ ਵੱਡੀ ਯਾਦਗਾਰ ਬਣਾਈ, ਹਾਲੇ ਕੁਝ ਹਫ਼ਤੇ ਪਹਿਲਾਂ ਹੀ ਛੱਤੀਸਗੜ੍ਹ ਵਿੱਚ ਸ਼ਹੀਦ ਵੀਰ ਨਾਰਾਇਣ ਸਿੰਘ ਆਦਿਵਾਸੀ ਮਿਊਜ਼ੀਅਮ ਦਾ ਉਦਘਾਟਨ ਹੋਇਆ ਹੈ।

ਸਾਥੀਓ,

ਦੇਸ਼ ਭਰ ਵਿੱਚ ਅਜਿਹੇ ਅਨੇਕਾਂ ਉਦਾਹਰਣ ਹਨ, ਇੱਥੇ ਹੀ ਉੱਤਰ ਪ੍ਰਦੇਸ਼ ਵਿੱਚ ਹੀ ਦੇਖੀਏ ਤਾਂ, ਮਹਾਰਾਜਾ ਸੁਹੇਲਦੇਵ ਦੀ ਯਾਦਗਾਰ, ਓਦੋਂ ਬਣੀ ਜਦੋਂ ਭਾਜਪਾ ਸਰਕਾਰ ਬਣੀ। ਇੱਥੇ ਨਿਸ਼ਾਦਰਾਜ ਅਤੇ ਪ੍ਰਭੂ ਸ਼੍ਰੀਰਾਮ ਦੇ ਮਿਲਣ ਸਥਾਨ ਨੂੰ ਹੁਣ ਜਾ ਕੇ ਮਾਣ-ਸਨਮਾਨ ਮਿਲਿਆ। ਰਾਜਾ ਮਹੇਂਦਰ ਪ੍ਰਤਾਪ ਸਿੰਘ ਤੋਂ ਲੈ ਕੇ ਚੋਰੀ-ਚੋਰਾ ਦੇ ਸ਼ਹੀਦਾਂ ਤੱਕ, ਮਾਂ ਭਾਰਤੀ ਦੇ ਸਪੂਤਾਂ ਦੇ ਯੋਗਦਾਨ ਨੂੰ ਭਾਜਪਾ ਸਰਕਾਰ ਨੇ ਹੀ ਪੂਰੀ ਸ਼ਰਧਾ ਅਤੇ ਨਿਮਰਤਾ ਨਾਲ ਯਾਦ ਕੀਤਾ ਹੈ।

ਸਾਥੀਓ,

ਪਰਿਵਾਰਵਾਦ ਦੀ ਸਿਆਸਤ ਦੀ ਇੱਕ ਖ਼ਾਸ ਪਹਿਚਾਣ ਹੁੰਦੀ ਹੈ, ਇਹ ਅਸੁਰੱਖਿਆ ਨਾਲ ਭਰੀ ਹੋਈ ਹੁੰਦੀ ਹੈ। ਇਸ ਲਈ, ਪਰਿਵਾਰਵਾਦੀਆਂ ਦੇ ਲਈ, ਦੂਸਰਿਆਂ ਦੀ ਲਕੀਰ ਛੋਟੀ ਕਰਨਾ ਮਜਬੂਰੀ ਹੋ ਜਾਂਦਾ ਹੈ, ਤਾਂਕਿ ਉਨ੍ਹਾਂ ਦੇ ਪਰਿਵਾਰ ਦਾ ਕੱਦ ਵੱਡਾ ਦਿਖੇ ਅਤੇ ਉਨ੍ਹਾਂ ਦੀ ਦੁਕਾਨ ਚਲਦੀ ਰਹੇ। ਇਸੇ ਸੋਚ ਨੇ ਭਾਰਤ ਵਿੱਚ ਰਾਜਨੀਤਿਕ ਛੂਤ-ਛਾਤ ਦੀ ਰਵਾਇਤ ਸ਼ੁਰੂ ਕੀਤੀ। ਤੁਸੀਂ ਸੋਚੋ, ਆਜ਼ਾਦ ਭਾਰਤ ਵਿੱਚ ਅਨੇਕਾਂ ਪ੍ਰਧਾਨ ਮੰਤਰੀ ਹੋਏ, ਪਰ ਰਾਜਧਾਨੀ ਦਿੱਲੀ ਵਿੱਚ ਜੋ ਮਿਊਜ਼ੀਅਮ ਸੀ, ਉਸ ਵਿੱਚ ਅਨੇਕਾਂ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ। ਇਸ ਹਾਲਤ ਨੂੰ ਵੀ ਭਾਜਪਾ ਨੇ, ਐੱਨਡੀਏ ਨੇ ਹੀ ਬਦਲਿਆ ਹੈ। ਅੱਜ ਤੁਸੀਂ ਦਿੱਲੀ ਜਾਂਦੇ ਹੋ, ਤਾਂ ਸ਼ਾਨਦਾਰ ਪ੍ਰਧਾਨ ਮੰਤਰੀ ਅਜਾਇਬ-ਘਰ ਤੁਹਾਡਾ ਸਵਾਗਤ ਕਰਦਾ ਹੈ, ਉੱਥੇ ਆਜ਼ਾਦ ਭਾਰਤ ਦੇ ਹਰ ਪ੍ਰਧਾਨ ਮੰਤਰੀ, ਚਾਹੇ ਕਾਰਜਕਾਲ ਕਿੰਨਾ ਵੀ ਛੋਟਾ ਰਿਹਾ ਹੋਵੇ, ਸਭ ਨੂੰ ਢੁਕਵਾਂ ਸਨਮਾਨ ਅਤੇ ਸਥਾਨ ਦਿੱਤਾ ਗਿਆ ਹੈ।

ਸਾਥੀਓ,

ਕਾਂਗਰਸ ਅਤੇ ਉਸਦੇ ਸਹਿਯੋਗੀਆਂ ਨੇ ਰਾਜਨੀਤਿਕ ਤੌਰ ’ਤੇ ਭਾਜਪਾ ਨੂੰ ਹਮੇਸ਼ਾ ਅਛੂਤ ਬਣਾਈ ਰੱਖਿਆ। ਪਰ ਭਾਜਪਾ ਦੇ ਸੰਸਕਾਰ ਸਾਨੂੰ ਸਭ ਦਾ ਸਨਮਾਨ ਕਰਨਾ ਸਿਖਾਉਂਦੇ ਹਨ। ਬੀਤੇ 11 ਸਾਲਾਂ ਵਿੱਚ ਭਾਜਪਾ ਸਰਕਾਰ ਦੇ ਦੌਰਾਨ, ਐੱਨਡੀਏ ਸਰਕਾਰ ਦੇ ਦੌਰਾਨ, ਨਰਸਿਮਹਾ ਰਾਓ ਜੀ ਅਤੇ ਪ੍ਰਣਬ ਬਾਬੂ ਨੂੰ ਭਾਰਤ ਰਤਨ ਦਿੱਤਾ ਗਿਆ ਹੈ। ਇਹ ਸਾਡੀ ਸਰਕਾਰ ਹੈ ਜਿਸ ਨੇ ਮੁਲਾਇਮ ਸਿੰਘ ਯਾਦਵ ਜੀ ਅਤੇ ਤਰੁਣ ਗੋਗੋਈ ਜੀ ਜਿਹੇ ਅਨੇਕਾਂ ਆਗੂਆਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਕਾਂਗਰਸ ਤੋਂ, ਇੱਥੇ ਸਮਾਜਵਾਦੀ ਪਾਰਟੀ ਤੋਂ ਕੋਈ ਵੀ ਅਜਿਹੀ ਉਮੀਦ ਤੱਕ ਨਹੀਂ ਕਰ ਸਕਦਾ। ਇਨ੍ਹਾਂ ਲੋਕਾਂ ਦੇ ਰਾਜ ਵਿੱਚ ਤਾਂ ਭਾਜਪਾ ਦੇ ਆਗੂਆਂ ਨੂੰ ਸਿਰਫ਼ ਅਪਮਾਨ ਹੀ ਮਿਲਦਾ ਸੀ।

ਸਾਥੀਓ,

ਭਾਜਪਾ ਦੀ ਡਬਲ ਇੰਜਨ ਸਰਕਾਰ ਦਾ ਬਹੁਤ ਜ਼ਿਆਦਾ ਫ਼ਾਇਦਾ ਉੱਤਰ ਪ੍ਰਦੇਸ਼ ਨੂੰ ਹੋ ਰਿਹਾ ਹੈ। ਉੱਤਰ ਪ੍ਰਦੇਸ਼, 21ਵੀਂ ਸਦੀ ਦੇ ਭਾਰਤ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਰਿਹਾ ਹੈ। ਅਤੇ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਯੂਪੀ ਤੋਂ ਸਾਂਸਦ ਹਾਂ। ਅੱਜ ਮੈਂ ਬਹੁਤ ਮਾਣ ਨਾਲ ਕਹਿ ਸਕਦਾ ਹਾਂ, ਕਿ ਉੱਤਰ ਪ੍ਰਦੇਸ਼ ਦੇ ਮਿਹਨਤਕਸ਼ ਲੋਕ ਇੱਕ ਨਵਾਂ ਭਵਿੱਖ ਲਿਖ ਰਹੇ ਹਨ। ਕਦੇ ਯੂਪੀ ਦੀ ਚਰਚਾ ਖ਼ਰਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਹੁੰਦੀ ਸੀ, ਅੱਜ ਯੂਪੀ ਦੀ ਚਰਚਾ ਵਿਕਾਸ ਦੇ ਲਈ ਹੁੰਦੀ ਹੈ। ਅੱਜ ਯੂਪੀ ਦੇਸ਼ ਦੇ ਸੈਰ-ਸਪਾਟੇ ਨਕਸ਼ੇ ‘ਤੇ ਤੇਜ਼ੀ ਨਾਲ ਉੱਭਰ ਰਿਹਾ ਹੈ। ਅਯੋਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ, ਕਾਸ਼ੀ ਵਿਸ਼ਵਨਾਥ ਧਾਮ, ਇਹ ਦੁਨੀਆ ਵਿੱਚ ਯੂਪੀ ਦੀ ਨਵੀਂ ਪਹਿਚਾਣ ਦੇ ਪ੍ਰਤੀਕ ਬਣ ਰਹੇ ਹਨ। ਅਤੇ ਰਾਸ਼ਟਰ ਪ੍ਰੇਰਨਾ ਸਥਲ ਜਿਹੇ ਆਧੁਨਿਕ ਨਿਰਮਾਣ, ਉੱਤਰ ਪ੍ਰਦੇਸ਼ ਦੀ ਨਵੀਂ ਦਿੱਖ ਨੂੰ ਹੋਰ ਜ਼ਿਆਦਾ ਰੋਸ਼ਨ ਬਣਾਉਂਦੇ ਹਨ।

ਸਾਥੀਓ,

ਸਾਡਾ ਉੱਤਰ ਪ੍ਰਦੇਸ਼, ਚੰਗੇ ਸ਼ਾਸਨ, ਖ਼ੁਸ਼ਹਾਲੀ, ਸੱਚੇ ਸਮਾਜਿਕ ਇਨਸਾਫ਼ ਦੇ ਮਾਡਲ ਵਜੋਂ ਹੋਰ ਬੁਲੰਦੀ ਹਾਸਲ ਕਰੇ, ਇਸੇ ਕਾਮਨਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਰਾਸ਼ਟਰ ਪ੍ਰੇਰਨਾ ਸਥਲ ਦੀ ਵਧਾਈ। ਮੈਂ ਕਹਾਂਗਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਤੁਸੀਂ ਆਖਣਾ ਅਮਰ ਰਹੇ, ਅਮਰ ਰਹੇ। ਮੈਂ ਕਹਾਂਗਾ ਪੰਡਿਤ ਦੀਨ ਦਿਆਲ ਉਪਾਧਿਆਏ ਜੀ, ਤੁਸੀਂ ਆਖਣਾ ਅਮਰ ਰਹੇ, ਅਮਰ ਰਹੇ। ਮੈਂ ਕਹੂੰ ਅਟਲ ਬਿਹਾਰੀ ਵਾਜਪਈ ਜੀ, ਤੁਸੀਂ ਆਖਣਾ ਅਮਰ ਰਹੇ, ਅਮਰ ਰਹੇ।

ਸ਼ਿਆਮਾ ਪ੍ਰਸਾਦ ਮੁਖਰਜੀ – ਅਮਰ ਰਹੇ, ਅਮਰ ਰਹੇ।

ਸ਼ਿਆਮਾ ਪ੍ਰਸਾਦ ਮੁਖਰਜੀ – ਅਮਰ ਰਹੇ, ਅਮਰ ਰਹੇ।

ਸ਼ਿਆਮਾ ਪ੍ਰਸਾਦ ਮੁਖਰਜੀ – ਅਮਰ ਰਹੇ, ਅਮਰ ਰਹੇ।

ਪੰਡਿਤ ਦੀਨ ਦਿਆਲ ਜੀ – ਅਮਰ ਰਹੇ, ਅਮਰ ਰਹੇ।

ਪੰਡਿਤ ਦੀਨ ਦਿਆਲ ਜੀ – ਅਮਰ ਰਹੇ, ਅਮਰ ਰਹੇ।

ਪੰਡਿਤ ਦੀਨ ਦਿਆਲ ਜੀ – ਅਮਰ ਰਹੇ, ਅਮਰ ਰਹੇ।

ਅਟਲ ਬਿਹਾਰੀ ਵਾਜਪਈ ਜੀ – ਅਮਰ ਰਹੇ, ਅਮਰ ਰਹੇ।

ਅਟਲ ਬਿਹਾਰੀ ਵਾਜਪਈ ਜੀ – ਅਮਰ ਰਹੇ, ਅਮਰ ਰਹੇ।

ਅਟਲ ਬਿਹਾਰੀ ਵਾਜਪਈ ਜੀ – ਅਮਰ ਰਹੇ, ਅਮਰ ਰਹੇ।

ਭਾਰਤ ਮਾਤਾ ਦੀ ਜੈ!

ਵੰਦੇ ਮਾਤਰਮ।

ਵੰਦੇ ਮਾਤਰਮ।

ਬਹੁਤ-ਬਹੁਤ ਧੰਨਵਾਦ।

*****

ਐੱਮਜੇਪੀਐੱਸ/ ਵੀਜੇ/ ਐੱਸਐੱਸ/ ਏਕੇ/ ਡੀਕੇ