Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

“ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ” ਉੱਤੇ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

“ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ” ਉੱਤੇ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


 ਪ੍ਰੋਗਰਾਮ ਵਿੱਚ ਮੌਜੂਦ ਭਾਰਤ ਦੇ ਮੁੱਖ ਜੱਜ ਜਸਟਿਸ ਸੂਰਿਆਕਾਂਤ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਭੂਪੇਂਦਰ ਯਾਦਵ ਜੀ, ਭਾਰਤ ਦੇ ਅਟਾਰਨੀ ਜਨਰਲ ਆਰ. ਵੈਂਕਟਰਮਣੀ ਜੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ – ਐੱਨਜੀਟੀ ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਜੀ, ਇੱਥੇ ਹਾਲ ਵਿੱਚ ਮੌਜੂਦ ਉੱਘੀਆਂ ਸ਼ਖਸੀਅਤਾਂ, ਭੈਣੋ ਅਤੇ ਭਰਾਵੋ। 

 

ਕੁਦਰਤ ਅਤੇ ਵਾਤਾਵਰਣ ਦੇ ਵਿਸ਼ੇ ’ਤੇ ਸਦੀਆਂ ਤੱਕ ਭਾਰਤ ਨੇ ਇੱਕ ਤਰ੍ਹਾਂ ਨਾਲ ਦੁਨੀਆ ਦੀ ਅਗਵਾਈ ਕੀਤੀ ਹੈ। ਆਪਣੀ ਉਸ ਵਿਚਾਰਕ ਵਚਨਬੱਧਤਾ ਨੂੰ ਲੈ ਕੇ ਆਪਣੇ ਸੱਭਿਆਚਾਰਕ ਤਜ਼ਰਬਿਆਂ ਨੂੰ ਅਧਾਰ ਬਣਾ ਕੇ ਭਾਰਤ ਹੁਣ ਆਧੁਨਿਕ ਜਲਵਾਯੂ ਚੁਣੌਤੀਆਂ ਦੇ ਹੱਲ ਵੀ ਦੇ ਰਿਹਾ ਹੈ, ਅਤੇ ਨਾਲ ਹੀ ਭਾਰਤ ਮਨੁੱਖਤਾ ਦੇ ਸਮੂਹਿਕ ਯਤਨਾਂ ਲਈ ਸੱਦਾ ਵੀ ਦੇ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਐੱਨਜੀਟੀ ਦੀ ਇਹ ਕਾਨਫਰੰਸ ਉਸੇ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਇਸ ਆਯੋਜਨ ਲਈ ਮੈਂ ਐੱਨਜੀਟੀ ਦੇ ਸਾਰੇ ਅਹੁਦੇਦਾਰਾਂ ਨੂੰ, ਇਸ ਨਾਲ ਸਬੰਧਤ ਸਾਰੀਆਂ ਸ਼ਖ਼ਸੀਅਤਾਂ ਨੂੰ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ, 

ਅਸੀਂ ਸਭ ਜਾਣਦੇ ਹਾਂ ਕਿ ਅਕਸਰ ਕਾਰਬਨ ਨਿਕਾਸੀ ਦੀ ਜ਼ਿੰਮੇਵਾਰੀ ਗਲਤ ਤਰੀਕੇ ਨਾਲ ਵਿਕਾਸਸ਼ੀਲ ਦੇਸ਼ਾਂ ’ਤੇ ਪਾਈ ਜਾਂਦੀ ਰਹੀ ਹੈ। ਇੱਥੇ ਬਹੁਤ ਸਾਰੇ ਗਲੋਬਲ ਸਾਊਥ ਦੇ ਮੇਰੇ ਸਾਥੀ ਬੈਠੇ ਹਨ। ਜਦੋਂ ਕਿ ਇਤਿਹਾਸਕ ਸੱਚਾਈ ਇਹ ਹੈ ਕਿ ਅੱਜ ਵੀ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿੱਚ ਭਾਰਤ ਦਾ ਯੋਗਦਾਨ ਗਲੋਬਲ ਔਸਤ ਤੋਂ ਅੱਧੇ ਤੋਂ ਵੀ ਘੱਟ ਹੈ। ਵਿਕਸਤ ਦੇਸ਼ਾਂ ਵਿੱਚ ਭਾਰਤ ਦੇ ਮੁਕਾਬਲੇ ਛੇ ਗੁਣਾ ਜ਼ਿਆਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਹੋ ਰਹੀ ਹੈ। ਛੇ ਗੁਣਾ ਜ਼ਿਆਦਾ। ਭਾਰਤ ਇਸ ਤੱਥ ਨੂੰ ਮਜ਼ਬੂਤੀ ਨਾਲ ਗਲੋਬਲ ਮੰਚਾਂ ’ਤੇ ਰੱਖਦਾ ਹੈ। ਅਤੇ ਮੈਂ ਹਰ ਭਾਰਤਵਾਸੀ ਨੂੰ ਕਹਾਂਗਾ, ਤੁਸੀਂ ਵੀ ਦਮ ਦਿਖਾਓ। ਅਸੀਂ ਆਪਣੀਆਂ ਪਰੰਪਰਾਵਾਂ ਅਤੇ ਉਨ੍ਹਾਂ ਦੀ ਤਾਕਤ ਨੂੰ ਵੀ ਦੁਨੀਆ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਵਿਸ਼ਿਆਂ ਨੂੰ ਲੈ ਕੇ ਪੈਰਿਸ ਵਿੱਚ ਸੀਓਪੀ-21 ਦੌਰਾਨ ਅਸੀਂ “ਸੁਵਿਧਾਜਨਕ ਕਾਰਵਾਈ – ਤਬਦੀਲੀ ਲਈ ਨਿਰੰਤਰਤਾ” ਕਿਤਾਬ ਨੂੰ ਵੀ ਲਾਂਚ ਕੀਤਾ ਸੀ। ਅਸੀਂ ਦੁਨੀਆ ਨੂੰ ਨਾਲ ਲੈ ਕੇ ਵਾਤਾਵਰਣ ਸੁਰੱਖਿਆ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ। ਇੱਕ ਸੂਰਜ, ਇੱਕ ਧਰਤੀ, ਇੱਕ ਗ੍ਰਿੱਡ ਦੀ ਸੋਚ ਹੋਵੇ ਜਾਂ ਇੰਟਰਨੈਸ਼ਨਲ ਸੋਲਰ ਅਲਾਇੰਸ, ਸੀਡੀਆਰਆਈ, ਗਲੋਬਲ ਬਾਇਓਫਿਊਲ ਅਲਾਇੰਸ, ਇੰਟਰਨੈਸ਼ਨਲ ਬਿਗ ਕੈਟ ਅਲਾਇੰਸ, ਮਿਸ਼ਨ ਲਾਈਫ ਲਾਈਫਸਟਾਈਲ ਫੌਰ ਐਨਵਾਇਰਮੈਂਟ, ਅਜਿਹਾ ਹਰ ਇੱਕ ਮੰਚ ਜਲਵਾਯੂ ਅਤੇ ਵਾਤਾਵਰਣ ’ਤੇ ਭਾਰਤ ਦੇ ਸਮਰਪਿਤ ਵਚਨਬੱਧਤਾਵਾਂ ਦਾ ਪਲੈਟਫਾਰਮ ਬਣ ਰਿਹਾ ਹੈ।

 

ਸਾਥੀਓ, 

ਅੱਜ ਦਾ ਭਾਰਤ ਵਾਤਾਵਰਣ ਸੁਰੱਖਿਆ ਦੇ ਆਪਣੇ ਪੁਰਾਣੇ ਵਿਚਾਰਾਂ ਨੂੰ ਆਧੁਨਿਕ ਵਿਜ਼ਨ ਵਿੱਚ ਪਰੋ ਕੇ ਅੱਗੇ ਵਧ ਰਿਹਾ ਹੈ। ਬੀਤੇ 12 ਸਾਲਾਂ ਵਿੱਚ ਵਾਤਾਵਰਣ ਨਾਲ ਜੁੜੇ ਹਰ ਖੇਤਰ ਵਿੱਚ, ਹਰ ਸੈਕਟਰ ਵਿੱਚ, ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਹੈ। ਸਾਡਾ ਵੱਡਾ ਧਿਆਨ ਅਖੁੱਟ ਊਰਜਾ ’ਤੇ ਰਿਹਾ ਹੈ ਅਤੇ ਇਸ ਨੇ ਵਾਤਾਵਰਣ ਸੁਰੱਖਿਆ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਭਾਰਤ ਜੀ-20 ਵਿੱਚ ਇਕੱਲਾ ਅਜਿਹਾ ਦੇਸ਼ ਹੈ। ਮੈਂ ਜੀ-20 ਦੇ ਵੱਡੇ-ਵੱਡੇ ਲੋਕ ਹਨ ਨਾ, ਉਨ੍ਹਾਂ ਦੇ ਸਾਹਮਣੇ ਦੱਸ ਰਿਹਾ ਹਾਂ ਜੀ। ਇਕੱਲਾ ਭਾਰਤ ਅਜਿਹਾ ਦੇਸ਼ ਹੈ, ਜਿਸ ਨੇ ਪੈਰਿਸ ਵਿੱਚ ਸੀਓਪੀ-21 ਸਮਿਟ ਵਿੱਚ ਜੋ ਵੀ ਵਚਨਬੱਧਤਾਵਾਂ ਕੀਤੀਆਂ ਸਨ, ਉਨ੍ਹਾਂ ਸਾਰੀਆਂ ਵਚਨਬੱਧਤਾਵਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਦਿਖਾਇਆ ਹੈ। ਇਹ ਹਿੰਦੁਸਤਾਨ ਦੀ ਤਾਕਤ ਦੀ ਮੈਂ ਗੱਲ ਕਰ ਰਿਹਾ ਹਾਂ। ਨੌਨ-ਫਾਸਿਲ ਫਿਊਲ, ਸੋਲਰ ਐਨਰਜੀ ਕੈਪੇਸਿਟੀ , ਕਾਰਬਨ ਨਿਕਾਸ ’ਤੇ ਰੋਕਥਾਮ, ਹਰ ਪੈਮਾਨੇ ’ਤੇ ਭਾਰਤ ਦੀ ਕਾਰਗੁਜ਼ਾਰੀ ਦੁਨੀਆ ਵਿੱਚ ਅੱਜ ਸਕਾਰਾਤਮਕ ਤੌਰ ’ਤੇ ਚਰਚਾ ਦਾ ਵਿਸ਼ਾ ਹੈ।

 

ਤੁਸੀਂ ਅੰਕੜਿਆਂ ਨੂੰ ਦੇਖੋ, 12 ਸਾਲ ਪਹਿਲਾਂ ਭਾਰਤ ਦੀ ਸੂਰਜੀ ਊਰਜਾ ਸਮਰੱਥਾ ਲਗਭਗ 2 ਗੀਗਾਵਾਟ ਸੀ। 12 ਸਾਲ ਪਹਿਲਾਂ 2 ਗੀਗਾਵਾਟ। ਜੇ ਇੱਥੇ ਵਕੀਲ ਬੈਠੇ ਹਨ, ਤਾਂ ਜ਼ਰਾ ਧਿਆਨ ਰੱਖੋ ਅੰਕੜੇ ਕਦੇ ਕੰਮ ਆਉਣਗੇ। ਅੱਜ ਇਹ 160 ਗੀਗਾਵਾਟ ਤੋਂ ਵੱਧ ਹੋ ਚੁੱਕੀ ਹੈ। 2 ਗੀਗਾਵਾਟ ਤੋਂ 160 ਗੀਗਾਵਾਟ 12 ਸਾਲ ਵਿੱਚ। ਅਸੀਂ ਪੀਐੱਮ ਸੂਰਿਆਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਘਰਾਂ ਨੂੰ ਹੀ ਸੋਲਰ ਪਾਵਰ ਜਨਰੇਸ਼ਨ ਦਾ ਕੇਂਦਰ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ। ਇਸ ਯੋਜਨਾ ਤਹਿਤ ਹੁਣ ਤੱਕ 50 ਲੱਖ ਤੋਂ ਵੱਧ ਘਰਾਂ ਵਿੱਚ ਛੱਤ ਉੱਤੇ ਲੱਗਣ ਵਾਲੇ ਸੋਲਰ ਪੈਨਲ ਲੱਗ ਚੁੱਕੇ ਹਨ। ਇਹ ਦੁਨੀਆ ਦੇ ਕਈ ਦੇਸ਼ਾਂ ਦੇ ਕੁੱਲ ਘਰਾਂ ਨਾਲੋਂ ਵੀ ਵੱਧ ਹੈ। ਇਸ ਲਈ ਸਰਕਾਰ ਨੇ ਹਰ ਘਰ ਨੂੰ ਲਗਭਗ 80,000 ਰੁਪਏ ਤੱਕ ਦੀ ਆਰਥਿਕ ਮਦਦ ਦਿੱਤੀ ਹੈ। ਕੁਸੁਮ ਯੋਜਨਾ ਤਹਿਤ ਸਰਕਾਰ ਨੇ 30 ਲੱਖ ਕਿਸਾਨਾਂ ਦੇ ਖੇਤਾਂ ਵਿੱਚ ਸੋਲਰ ਪੰਪ ਲਗਾਉਣ ਦਾ ਕੰਮ ਕੀਤਾ ਹੈ। ਅਸੀਂ ਇੱਕ ਦੇਸ਼, ਇੱਕ ਗ੍ਰਿਡ ਦੇ ਅਭਿਲਾਸ਼ੀ ਪ੍ਰੋਜੈਕਟ ਵੀ ਪੂਰਾ ਕਰ ਲਿਆ ਹੈ। ਇੰਨਾ ਹੀ ਨਹੀਂ ਘਰਾਂ ਵਿੱਚ ਐੱਲਈਡੀ ਬਲਬ ਜੋ ਬਿਜਲੀ ਦੀ ਬਚਤ ਕਰਨ ਵਿੱਚ ਸਫਲ ਸਾਬਤ ਹੋਏ ਹਨ, ਕਰੋੜਾਂ ਦੀ ਗਿਣਤੀ ਵਿੱਚ ਘਰਾਂ ਤੱਕ ਪਹੁੰਚਾਏ ਹਨ। ਅਤੇ ਇਨ੍ਹਾਂ ਯਤਨਾਂ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਇਕੱਲੇ ਸੂਰਜੀ ਊਰਜਾ ਨਾਲ ਹੀ ਭਾਰਤ ਵਿੱਚ ਲਗਭਗ, ਇਹ ਅੰਕੜਾ ਵੀ ਵਕੀਲਾਂ ਲਈ ਹੈ, ਭਾਰਤ ਵਿੱਚ ਲਗਭਗ 20 ਕਰੋੜ ਟਨ ਕਾਰਬਨ ਨਿਕਾਸੀ ਨੂੰ ਰੋਕਣ ਵਿੱਚ ਸਫਲਤਾ ਮਿਲੀ ਹੈ।

 

ਸਾਥੀਓ, 

ਸੋਲਰ ਐਨਰਜੀ ਦੇ ਨਾਲ-ਨਾਲ ਕਲੀਨ ਐਨਰਜੀ ਦੇ ਦੂਜੇ ਸੈਕਟਰ ਵਿੱਚ ਵੀ ਭਾਰਤ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਬੀਤੇ 12 ਸਾਲਾਂ ਵਿੱਚ ਦੇਸ਼ ਦੀ ਪੌਣ ਊਰਜਾ ਸਮਰੱਥਾ ਤਿੰਨ ਗੁਣਾ ਵਧੀ ਹੈ। ਹਾਈਡ੍ਰੋ ਐਨਰਜੀ ਕੈਪੇਸਿਟੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਅਤੇ ਹੁਣ ਦੇਸ਼ ਪਰਮਾਣੂ ਊਰਜਾ ਉਤਪਾਦਨ ’ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਅਤੇ ਜੋ ਲੋਕ ਵਾਤਾਵਰਣ ’ਤੇ ਲੰਬੇ-ਲੰਬੇ ਭਾਸ਼ਣ ਝਾੜਦੇ ਰਹਿੰਦੇ ਹਨ, ਇਹ ਜਦੋਂ ਪਰਮਾਣੂ ਊਰਜਾ ਦਾ ਕੰਮ ਮੈਂ ਅੱਗੇ ਵਧਾਵਾਂਗਾ, ਜਦੋਂ ਅਦਾਲਤਾਂ ਵਿੱਚ ਜਾ ਕੇ ਖੜ੍ਹੇ ਹੋ ਜਾਣਗੇ, ਰੋਕਣ ਲਈ। ਇਸ ਸੈਕਟਰ ਵਿੱਚ ਪ੍ਰਾਈਵੇਟ ਖਿਡਾਰੀਆਂ ਨੂੰ ਵੀ ਲਿਆਉਣ ਦਾ ਰਸਤਾ ਬਣਾਇਆ ਗਿਆ ਹੈ। ਇਨ੍ਹਾਂ ਕੋਸ਼ਿਸ਼ਾਂ ਕਾਰਨ ਅੱਜ ਭਾਰਤ ਦੀ ਨੌਨ ਫੋਸਿਲ ਐਨਰਜੀ ਕੈਪੇਸਿਟੀ ਲਗਭਗ-ਲਗਭਗ ਚਾਰ ਗੁਣਾ ਵਧ ਗਈ ਹੈ। ਭਾਰਤ ਕੋਲੇ ਦੀ ਹੋਰ ਵੀ ਸਾਫ਼ ਸੁਥਰੀ ਵਰਤੋਂ ਲਈ ਕੋਲ ਗੈਸੀਫਿਕੇਸ਼ਨ ਵਰਗੀ ਤਕਨਾਲੋਜੀ ਨੂੰ ਵੀ ਹੁਲਾਰਾ ਦੇ ਰਿਹਾ ਹੈ।

 

 

ਸਾਥੀਓ, 

ਭਾਰਤ ਅੱਜ ਕਲੀਨ ਮੋਬੀਲਿਟੀ ਅਤੇ ਗ੍ਰੀਨ ਹਾਈਡ੍ਰੋਜਨ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਹੁਣੇ ਕੁਝ ਦਿਨ ਪਹਿਲਾਂ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਚੱਲੀ ਹੈ, ਅਤੇ ਇਹ ਦੁਨੀਆ ਦੀ ਸਭ ਤੋਂ ਲੰਬੀ ਹਾਈਡ੍ਰੋਜਨ ਟ੍ਰੇਨ ਹੈ। ਇਹ ਕਲੀਨ ਮੋਬੀਲਿਟੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। 

ਸਾਥੀਓ, 

12 ਸਾਲਾਂ ਵਿੱਚ ਸਾਡੇ ਦੇਸ਼ ਵਿੱਚ ਇਲੈਕਟ੍ਰਿਕ ਵ੍ਹੀਕਲਜ਼ ਦੀ ਗਿਣਤੀ ਵਿੱਚ ਲਗਭਗ 950 ਗੁਣਾ ਦਾ ਵਾਧਾ ਹੋਇਆ ਹੈ। 950 ਗੁਣਾ। 2014 ਤੋਂ ਪਹਿਲਾਂ ਦੇ ਸਾਲ ਵਿੱਚ ਭਾਰਤ ਵਿੱਚ 3000 ਤੋਂ ਵੀ ਘੱਟ ਈਵੀ ਦੀ ਵਿਕਰੀ ਸੀ, 3000। ਉੱਥੇ ਹੀ ਪਿਛਲੇ ਸਾਲ ਲਗਭਗ 25 ਲੱਖ ਈਵੀ ਭਾਰਤ ਵਿੱਚ ਵਿਕੀਆਂ ਹਨ। ਭਾਵ ਈਵੀ ਕ੍ਰਾਂਤੀ ਦੇ ਇਸ ਮੌਕੇ ਨੂੰ ਭਾਰਤ ਪੂਰੀ ਤਾਕਤ ਨਾਲ ਅਪਣਾ ਰਿਹਾ ਹੈ ਅਤੇ ਇਸ ਨਾਲ ਵਾਤਾਵਰਣ ਦੀ ਵੀ ਮਦਦ ਹੋ ਰਹੀ ਹੈ। ਸਾਡੇ ਹਾਈਵੇਜ਼ ਅਤੇ ਐਕਸਪ੍ਰੈੱਸਵੇਜ਼ ’ਤੇ ਫਾਸਟਟੈਗ ਦੀ ਆਧੁਨਿਕ ਵਿਵਸਥਾ ਨਾਲ ਵੀ ਟੋਲ ਬੂਥ ’ਤੇ ਉਡੀਕ ਘੱਟ ਹੋਈ ਹੈ। ਇਸ ਨਾਲ ਟੋਲ ਬੂਥ ’ਤੇ ਜੋ ਈਧਣ ਖ਼ਰਾਬ ਹੁੰਦਾ ਸੀ, ਉਹ ਬੰਦ ਹੋਇਆ ਹੈ।

 

ਸਾਥੀਓ, 

2014 ਤੱਕ ਸਾਡੇ ਦੇਸ਼ ਦੇ ਪੰਜ ਸ਼ਹਿਰਾਂ ਵਿੱਚ ਲਗਭਗ 250 ਕਿਲੋਮੀਟਰ ਦਾ ਮੇਟਰੋ ਨੈੱਟਵਰਕ ਸੀ। ਇਹ ਵੀ ਮੇਰੇ ਵਕੀਲ ਮਿੱਤਰ ਯਾਦ ਰੱਖਣ। 2014 ਤੋਂ ਪਹਿਲਾਂ ਸਿਰਫ਼ ਪੰਜ ਸ਼ਹਿਰਾਂ ਵਿੱਚ 250 ਕਿਲੋਮੀਟਰ ਤੋਂ ਘੱਟ, ਅੱਜ ਦੇਸ਼ ਦੇ 20 ਤੋਂ ਵੱਧ ਸ਼ਹਿਰਾਂ ਵਿੱਚ ਮੇਟਰੋ ਚੱਲ ਰਹੀ ਹੈ ਅਤੇ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ 1000 ਕਿਲੋਮੀਟਰ ਤੋਂ ਵੱਧ ਦਾ ਮੇਟਰੋ ਨੈੱਟਵਰਕ ਹੈ। 

ਸਾਥੀਓ, 

ਰੇਲਵੇ ਦਾ ਲਗਭਗ 100% ਇਲੈਕਟ੍ਰੀਫਿਕੇਸ਼ਨ ਹੋਣ ਨਾਲ ਵੀ ਕਰੋੜਾਂ-ਕਰੋੜ ਲੀਟਰ ਡੀਜ਼ਲ ਬਚਿਆ ਹੈ। ਵਾਤਾਵਰਣ ਦੀ ਰੱਖਿਆ ਹੋਈ ਹੈ। ਇਸੇ ਮਹੀਨੇ ਕੁਝ ਦਿਨ ਪਹਿਲਾਂ ਲਗਭਗ 3000 ਕਿਲੋਮੀਟਰ ਲੰਬੇ ਡੈਡੀਕੇਟਡ ਫ੍ਰੇਟ ਕੌਰੀਡੋਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ’ਤੇ ਚੱਲਣ ਵਾਲੀ ਹਰ ਟ੍ਰੇਨ ਇੱਕ ਵਾਰ ਵਿੱਚ ਸੈਂਕੜੇ ਟਰੱਕਾਂ ਦਾ ਲੋਡ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚ ਰਹੀ ਹੈ। ਡਬਲ ਸਟੈਕ ਕੰਟੇਨਰ ਮਾਲਗੱਡੀ ਦਾ ਸੰਚਾਲਨ ਆਪਣੇ ਆਪ ਵਿੱਚ ਇਤਿਹਾਸਕ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਨਾਲ ਕਿੰਨੇ ਵੱਡੇ ਪੱਧਰ ’ਤੇ ਵਾਤਾਵਰਣ ਦੀ ਵੀ ਮਦਦ ਹੁੰਦੀ ਹੈ।

 

 

ਸਾਥੀਓ, 

ਦੇਸ਼ ਵਿੱਚ ਅੱਜ ਲਗਭਗ 5000 ਕਿਲੋਮੀਟਰ ਲੰਬੇ ਜਲ ਮਾਰਗਾਂ ’ਤੇ ਆਵਾਜਾਈ ਹੋਣ ਲੱਗੀ ਹੈ। ਜੋ ਸਭ ਤੋਂ ਵੱਧ ਵਾਤਾਵਰਣ ਅਨੁਕੂਲ ਆਵਾਜਾਈ ਹੈ। ਇਨ੍ਹਾਂ ’ਤੇ ਚੱਲਣ ਵਾਲਾ ਇੱਕ ਸਟੈਂਡਰਡ ਅੰਦਰੂਨੀ ਜਹਾਜ਼, ਇੱਕ ਯਾਤਰਾ ਵਿੱਚ ਦਰਜਨਾਂ ਟਰੱਕਾਂ ਦੇ ਬਰਾਬਰ ਲੋਡ ਲੈ ਜਾਂਦਾ ਹੈ। ਇਸ ਨਾਲ ਵੀ ਵਾਤਾਵਰਣ ਸੁਰੱਖਿਆ ਵਿੱਚ ਵੱਡੀ ਸਹਾਇਤਾ ਮਿਲ ਰਹੀ ਹੈ। 

 

ਸਾਥੀਓ, 

ਇਕੱਲੇ ਮੋਬੀਲਿਟੀ ਸੈਕਟਰ ਵਿੱਚ ਇਹ ਸਾਰੇ ਬਦਲਾਅ ਇਸ ਗੱਲ ਦੇ ਗਵਾਹ ਹਨ ਕਿ ਸਾਡਾ ਵਿਕਾਸ ਤੇਜ਼ ਵੀ ਹੈ ਅਤੇ ਟਿਕਾਊ ਵੀ ਹੈ।

 

ਸਾਥੀਓ, 

ਅੱਜ ਕਰੋੜਾਂ ਲੋਕਾਂ ਦੀ ਭਾਗੀਦਾਰੀ ਨਾਲ ਭਾਰਤ ਵਿੱਚ ਜਲ ਸੁਰੱਖਿਆ ’ਤੇ ਵੀ ਬੇਮਿਸਾਲ ਕੰਮ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ 70,000 ਤੋਂ ਵੱਧ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਹੋਇਆ ਹੈ। ‘ਕੈਚ ਦ ਰੇਨ’ ਮੁਹਿੰਮ ਤਹਿਤ ਦੇਸ਼ ਵਿੱਚ ਲਗਭਗ ਡੇਢ ਕਰੋੜ ਮੀਂਹ ਦੇ ਪਾਣੀ ਦੀ ਸੰਭਾਲ ਦੇ ਢਾਂਚੇ ਬਣੇ ਹਨ। ਜਿਸ ਵਿੱਚ ਮੀਂਹ ਦਾ ਪਾਣੀ ਸੁਰੱਖਿਅਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਜ਼ਰੀਏ ਅੱਜ 2 ਕਰੋੜ ਤੋਂ ਵੱਧ ਕਿਸਾਨ ਸਿੰਚਾਈ ਦੀਆਂ ਆਧੁਨਿਕ ਸਹੂਲਤਾਂ ਨਾਲ ਜੁੜੇ ਹਨ। ‘ਪਰ ਡ੍ਰੌਪ ਮੋਰ ਕ੍ਰੌਪ’ ਵਰਗੀਆਂ ਪਹਿਲਕਦਮੀਆਂ ਨਾਲ ਵੀ ਪਾਣੀ ਦੀ ਬੱਚਤ ਹੋ ਰਹੀ ਹੈ। ‘ਸ਼੍ਰੀ ਅੰਨ’ ਭਾਵ ਮਿਲਟਸ, ਇਹ ਵੀ ਇੱਕ ਬਹੁਤ ਵੱਡਾ ਸਫਲ ਉਦਾਹਰਣ ਹੈ। ਭਾਰਤ ਮਿਲਟਸ ਸ਼੍ਰੀ ਅੰਨ ਦੀ ਪੈਦਾਵਾਰ ਨੂੰ ਹੁਲਾਰਾ ਰਿਹਾ ਹੈ। ਜੋ ਪਾਣੀ ਦੀ ਖਪਤ ਘੱਟ ਕਰਦੇ ਹਨ। ਬੀਤੇ ਸਾਲਾਂ ਵਿੱਚ ਦੇਸ਼ ਵਿੱਚ ਮਿਲਟਸ ਦਾ ਉਤਪਾਦਨ ਵੀ ਵਧਿਆ ਹੈ ਅਤੇ ਨਿਰਯਾਤ ਵੀ ਵਧ ਕੇ ਲਗਭਗ ਡੇਢ ਲੱਖ ਟਨ ਹੋ ਗਿਆ ਹੈ। ਇਸ ਨਾਲ ਕਿਸਾਨਾਂ ਲਈ ਨਵੇਂ ਮੌਕੇ ਤਾਂ ਬਣ ਹੀ ਰਹੇ ਹਨ, ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਅਤੇ ਇਸੇ ਮਾਡਲ ਕਾਰਨ ਦੁਨੀਆ ਵੀ ਸਾਡੇ ਨਾਲ ਜੁੜ ਰਹੀ ਹੈ। ਭਾਰਤ ਦੇ ਯਤਨਾਂ ਕਾਰਨ 2023 ਨੂੰ ‘ਇੰਟਰਨੈਸ਼ਨਲ ਈਅਰ ਆਫ਼ ਮਿਲੈਟਸ’ ਵਜੋਂ ਮਨਾਇਆ ਗਿਆ ਸੀ।

 

ਸਾਥੀਓ, 

ਨੈਸ਼ਨਲ ਮਿਸ਼ਨ ਔਨ ਨੈਚੁਰਲ ਫਾਰਮਿੰਗ ਤਹਿਤ ਅੱਜ ਦੇਸ਼ ਵਿੱਚ ਲਗਭਗ ਸਾਢੇ ਬਾਰਾਂ ਲੱਖ ਹੈਕਟੇਅਰ ਵਿੱਚ ਕੁਦਰਤੀ ਖੇਤੀ ਦੇ 24,000 ਕਲੱਸਟਰ ਬਣ ਚੁੱਕੇ ਹਨ। ਇਹੀ ਨਹੀਂ, ਦੇਸ਼ ਵਿੱਚ ਜਲਵਾਯੂ-ਸਹਿਣਸ਼ੀਲ ਫਸਲਾਂ ਦੀਆਂ ਵੀ ਲਗਭਗ 3000 ਕਿਸਮਾਂ ਵਿਕਸਤ ਹੋ ਚੁੱਕੀਆਂ ਹਨ। ਐਗਰੋ-ਫਾਰੈਸਟਰੀ ਨੂੰ ਹੁਲਾਰਾ ਦੇ ਕੇ ਵੀ ਅਸੀਂ ਕਾਰਬਨ ਫੁੱਟਪ੍ਰਿੰਟਸ ਨੂੰ ਘੱਟ ਕਰ ਰਹੇ ਹਾਂ। 

ਸਾਥੀਓ, 

ਸਾਡੇ ਇਹ ਯਤਨ ਕਿੰਨੇ ਵਿਆਪਕ ਹਨ, ਇਸ ਦਾ ਇੱਕ ਉਦਾਹਰਣ ਭਾਰਤ ਦਾ ਜੰਗਲਾਤ ਖੇਤਰ ਵੀ ਹੈ। ਇਹ ਵੀ ਮੈਂ ਵਕੀਲ ਮਿੱਤਰਾਂ ਲਈ ਦੱਸਦਾ ਹਾਂ। ਬੀਤੇ 12 ਸਾਲਾਂ ਵਿੱਚ ਸਾਡਾ ਬਹੁਤ ਸੰਘਣਾ ਜੰਗਲਾਤ ਖੇਤਰ 22% ਤੋਂ ਵੱਧ ਵਧਿਆ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਏਕ ਪੇੜ ਮਾਂ ਕੇ ਨਾਮ ਇਸ ਮੁਹਿੰਮ ਤਹਿਤ ਵੀ ਦੇਸ਼ ਵਿੱਚ ਕਰੋੜਾਂ ਰੁੱਖ ਲਗਾਏ ਗਏ ਹਨ। ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।

 

ਸਾਥੀਓ, 

ਵਾਤਾਵਰਣ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਪਲਾਸਟਿਕ ਕਚਰੇ ਦੀ ਵੀ ਰਹੀ ਹੈ। ਅਤੇ ਇਸ ਲਈ ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਗਾਈ ਹੈ। ਅਸੀਂ ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ ਮੰਤਰ ਨਾਲ ਸਰਕੂਲਰ ਇਕੌਨਮੀ ਨੂੰ ਹੁਲਾਰਾ ਦਿੱਤਾ ਹੈ। ਅੱਜ ਭਾਰਤ ਵਿੱਚ ਹਰ ਰੋਜ਼ ਹਜ਼ਾਰਾਂ ਟਨ ਵੇਸਟ ਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ। ਗੋਬਰਧਨ ਯੋਜਨਾ ਰਾਹੀਂ ਪਿੰਡਾਂ ਵਿੱਚ ਗੋਬਰ ਅਤੇ ਦੂਜੇ ਜੈਵਿਕ ਕਚਰੇ ਨੂੰ ਵੀ ਉਪਯੋਗੀ ਸਾਧਨ ਵਿੱਚ ਬਦਲਿਆ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਇਹੀ ਹੈ ਕਿ ਕਚਰੇ ਨੂੰ ਸਮੱਸਿਆ ਨਾ ਮੰਨ ਕੇ ਉਸ ਨੂੰ ਵੇਸਟ ਟੂ ਵੈਲਥ ਮਾਡਲ ’ਤੇ ਇੱਕ ਸਰੋਤ ਵਿੱਚ ਬਦਲਿਆ ਗਿਆ ਹੈ। 

ਸਾਥੀਓ, 

ਇਹ ਸਾਰੇ ਦੇ ਸਾਰੇ ਅੰਕੜੇ ਸਿਰਫ਼ ਭਾਰਤ ਦੇ ਵਿਕਾਸ ਦੇ ਅੰਕੜੇ ਨਹੀਂ ਹਨ, ਇਹ ਮਨੁੱਖਤਾ ਦੇ ਭਵਿੱਖ ਲਈ ਭਾਰਤ ਦੇ ਯੋਗਦਾਨ ਦੇ ਅੰਕੜੇ ਹਨ।

 

ਸਾਥੀਓ, 

ਸਾਡਾ ਸੱਭਿਆਚਾਰਕ ਵਿਚਾਰ ਹੈ – “ਮਾਤਾ ਭੂਮਿ:, ਪੁਤਰੋ ਅਹੰ ਪ੍ਰਿਥਵਿਆ” ਭਾਵ ਇਹ ਧਰਤੀ ਸਾਡੀ ਮਾਂ ਹੈ ਅਤੇ ਅਸੀਂ ਇਸ ਦੀ ਸੰਤਾਨ ਹਾਂ। ਇਸੇ ਸੋਚ ਨਾਲ ਭਾਰਤ ਵੀ ਇੱਕ ਜ਼ਿੰਮੇਵਾਰ ਅਤੇ ਟਿਕਾਊ ਭਵਿੱਖ ਬਣਾਉਣ ਲਈ ਕੰਮ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਕਾਨਫਰੰਸ ਵਿੱਚ ਹੋਣ ਵਾਲੀਆਂ ਚਰਚਾਵਾਂ ਤੋਂ ਜੋ ਨਵੇਂ ਵਿਚਾਰ, ਨਵੇਂ ਹੱਲ ਸਾਹਮਣੇ ਆਉਣਗੇ। ਉਹ ਹੋ ਸਕਦਾ ਹੈ ਕਿ ਆਉਣ ਵਾਲੀ ਪੀੜ੍ਹੀ ਲਈ ਇੱਕ ਬਹੁਤ ਵੱਡਾ ਸਹਾਰਾ ਬਣ ਕੇ ਨਿਕਲਣਗੇ। ਇੱਕ ਵਾਰ ਫਿਰ ਇਸ ਕਾਨਫਰੰਸ ਲਈ ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ। 

 

***

ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਡੀਕੇ