ਜੋਹਾਰ!
ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਤੁਹਾਨੂੰ ਸਾਰਿਆਂ ਨੂੰ ‘ਜਨਜਾਤੀਯ ਗੌਰਵ ਦਿਵਸ’ ਦੀ ਬਹੁਤ-ਬਹੁਤ ਵਧਾਈ। ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ’ਤੇ ਮੈਂ ਉਨ੍ਹਾਂ ਨੂੰ ਸ਼ਰਧਾ ਪੂਰਵਕ ਨਮਨ ਕਰਦਾ ਹਾਂ। ਜਨਜਾਤੀਯ ਗੌਰਵ ਦਿਵਸ, ਦੇਸ਼ ਦਾ ਇੱਕ ਅਜਿਹਾ ਤਿਉਹਾਰ ਹੈ, ਜਿਸ ਨਾਲ ਕਬਾਇਲੀ ਸਮਾਜ ਦਾ ਗੌਰਵ ਜੁੜਿਆ ਹੈ, ਜਿਸ ਨਾਲ ਭਗਵਾਨ ਬਿਰਸਾ ਮੁੰਡਾ ਦੀ ਪ੍ਰੇਰਨਾ ਜੁੜੀ ਹੈ। ਇਸੇ ਊਰਜਾ ਦੇ ਨਾਲ ਅੱਜ ਦੇਸ਼ ਭਰ ਵਿੱਚ ਜਨਜਾਤੀਯ ਗੌਰਵ ਦਿਵਸ ਦੇ ਪ੍ਰੋਗਰਾਮ ਹੋ ਰਹੇ ਹਨ। ਦੇਸ਼ ਅੱਜ ਆਪਣੇ ਆਦਿ-ਵਾਸੀ ਨਾਇਕ-ਨਾਇਕਾਵਾਂ ਨੂੰ ਮਾਣ ਨਾਲ ਯਾਦ ਕਰ ਰਿਹਾ ਹੈ। ਖ਼ਾਸ ਕਰਕੇ, ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੰਨਾ ਵੱਡਾ ਸਮਾਗਮ ਹੋ ਰਿਹਾ ਹੈ, ਮੇਰੀ ਨਜ਼ਰ ਜਿੱਥੇ ਤੱਕ ਪਹੁੰਚਦੀ ਹੈ, ਲੋਕ ਹੀ ਲੋਕ ਦਿਖਾਈ ਦੇ ਰਹੇ ਹਨ। ਅਤੇ ਗੜ੍ਹਚਿਰੌਲੀ ਵਿੱਚ, ਉੱਥੇ ਤਾਂ ਕਬਾਇਲੀ ਸਮਾਜ ਦਾ ਅਮੀਰ ਸੱਭਿਆਚਾਰ ਰਿਹਾ ਹੈ। ਰਾਘੋਜੀ ਭਾਂਗਰੇ, ਭਾਗੋਜੀ ਨਾਈਕ ਅਤੇ ਵੀਰ ਬਾਬੂਰਾਵ ਸ਼ੇਡਮਾਕੇ, ਅਜਿਹੇ ਵੀਰਾਂ ਦੀਆਂ ਵੀਰ ਗਾਥਾਵਾਂ ਇਸ ਧਰਤੀ ਨਾਲ ਜੁੜੀਆਂ ਹਨ। ਮੈਂ ਇਸ ਮੌਕੇ ’ਤੇ ਸਾਰੇ ਆਦਿ-ਵਾਸੀ ਵੀਰਾਂ ਨੂੰ ਸ਼ਰਧਾ ਪੂਰਵਕ ਨਮਨ ਕਰਦਾ ਹਾਂ। ਦੇਸ਼ ਭਰ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਸਾਰੇ ਰਾਜਪਾਲਾਂ ਦਾ, ਸਾਰੇ ਸਤਿਕਾਰਯੋਗ ਮੁੱਖ ਮੰਤਰੀਆਂ, ਉਪ-ਮੁੱਖ ਮੰਤਰੀਆਂ ਅਤੇ ਹਰੇਕ ਜਨ-ਪ੍ਰਤੀਨਿਧੀਆਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ।
ਸਾਥੀਓ,
15 ਨਵੰਬਰ, 2021 ਤੋਂ ਜਨਜਾਤੀਯ ਗੌਰਵ ਦਿਵਸ ਮਨਾਉਣ ਦੀ ਜੋ ਸ਼ੁਰੂਆਤ ਹੋਈ, ਅੱਜ ਉਹ ਇੱਕ ਰਾਸ਼ਟਰੀ ਉਤਸਵ ਬਣ ਚੁੱਕਿਆ ਹੈ। ਪਿਛਲੇ ਵਰ੍ਹੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਜਯੰਤੀ ’ਤੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਪ੍ਰੋਗਰਾਮ ਹੋਏ। ਕਰੋੜਾਂ ਦੇਸ਼ ਵਾਸੀ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੇ। ਇੱਕ ਸਮਾਂ ਸੀ, ਜਦੋਂ ਸਾਡੇ ਦੇਸ਼ ਵਿੱਚ ਅਨੇਕਾਂ ਦਿਵਸ ਅਤੇ ਉਤਸਵ ਵਿਦੇਸ਼ੀ ਨਜ਼ਰੀਏ ਤੋਂ ਤੈਅ ਹੁੰਦੇ ਸਨ। ਪਰ ਅੱਜ, ਭਾਰਤ ਆਪਣੀ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਨਾਇਕਾਂ ਨੂੰ ਸਵਦੇਸ਼ੀ ਸਵੈ-ਮਾਣ ਦੇ ਨਾਲ ਗੌਰਵ ਪੂਰਵਕ ਯਾਦ ਕਰ ਰਿਹਾ ਹੈ। ਇਹ ਸਾਡੀ ਰਾਸ਼ਟਰੀ ਚੇਤਨਾ ਵਿੱਚ ਆਏ ਇੱਕ ਵੱਡੇ ਬਦਲਾਅ ਦਾ ਪ੍ਰਤੀਕ ਹੈ।
ਸਾਥੀਓ,
ਆਜ਼ਾਦੀ ਦੀ ਲੜਾਈ ਵਿੱਚ, ਖਾਸੀ ਪਹਾੜੀਆਂ ਵਿੱਚ ਤਿਰੋਤ ਸਿੰਘ ਦਾ ਸੰਘਰਸ਼ ਹੋਵੇ, ਛੋਟਾ ਨਾਗਪੁਰ ਦਾ ਕੋਲ ਅੰਦੋਲਨ ਹੋਵੇ, ਜਾਂ ਸਿੱਧੋ-ਕਾਨਹੂ ਦੀ ਅਗਵਾਈ ਵਿੱਚ ਸੰਥਾਲ ਕ੍ਰਾਂਤੀ ਹੋਵੇ, ਕਬਾਇਲੀ ਸਮਾਜ ਨੇ ਹਮੇਸ਼ਾ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕੀਤੀ। ਮਾਨਗੜ੍ਹ ਦੀ ਧਰਤੀ ’ਤੇ ਗੋਵਿੰਦ ਗੁਰੂ ਦੇ ਪੈਰੋਕਾਰਾਂ ਨੇ ਕੁਰਬਾਨੀ ਦਿੱਤੀ। ਰਾਣੀ ਗਾਇਦਿਨਲਿਊ, ਤਾਂਤਿਆ ਭੀਲ, ਅਜਿਹੇ ਅਨੇਕਾਂ ਵੀਰਾਂ ਅਤੇ ਵੀਰਾਂਗਣਾਂ ਨੇ ਆਪਣੀ ਹਿੰਮਤ ਨਾਲ ਦੇਸ਼ ਨੂੰ ਪ੍ਰੇਰਨਾ ਦਿੱਤੀ। ਅੱਲੂਰੀ ਸੀਤਾਰਾਮ ਰਾਜੂ ਅਤੇ ਰਾਣੀ ਦੁਰਗਾਵਤੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੇ ਵੀ ਆਦਿ-ਵਾਸੀ ਅੰਦੋਲਨਾਂ ਨੂੰ ਊਰਜਾ ਦਿੱਤੀ। ਅਤੇ ਇਨ੍ਹਾਂ ਸਾਰੀਆਂ ਗਾਥਾਵਾਂ ਦੇ ਨਾਲ-ਨਾਲ ਭਗਵਾਨ ਬਿਰਸਾ ਮੁੰਡਾ ਦਾ ਉਲਗੁਲਾਨ, ਛੋਟੀ ਉਮਰ ਵਿੱਚ ਉਨ੍ਹਾਂ ਦਾ ਸੰਘਰਸ਼, ਅੱਜ ਵੀ ਸਾਡੇ ਕਰੋੜਾਂ ਦੇਸ਼ ਵਾਸੀਆਂ ਲਈ ਬਹੁਤ ਵੱਡੀ ਪ੍ਰੇਰਨਾ ਹੈ।
ਸਾਥੀਓ,
ਅੱਜ ਜਨਜਾਤੀਯ ਗੌਰਵ ਦਿਵਸ ਦੇ ਇਸ ਮੌਕੇ ’ਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਬਾਇਲੀ ਵਿਕਾਸ ਨਾਲ ਜੁੜੇ 170 ਤੋਂ ਵੱਧ ਪ੍ਰੋਜੈਕਟਾਂ ਦਾ ਉਦਘਾਟਨ ਅਤੇ 70 ਤੋਂ ਵੱਧ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਮਿਜ਼ੋਰਮ ਵਿੱਚ ਮਹਾਨ ਆਜ਼ਾਦੀ ਘੁਲਾਟੀਏ ਰੋਪੁਈਲਿਆਨੀ ਜੀ ਨੂੰ ਸਮਰਪਿਤ ਅਜਾਇਬ ਘਰ ਦਾ ਉਦਘਾਟਨ ਹੋਇਆ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਕਬਾਇਲੀ ਖੋਜ ਸੰਸਥਾਨ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਹੋਇਆ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਸਿੱਖਿਆ ਨਾਲ ਜੁੜੀਆਂ ਸੰਸਥਾਵਾਂ ਹਨ, ਸਿਹਤ ਸੇਵਾਵਾਂ ਹਨ, ਕਬਾਇਲੀ ਉਤਪਾਦਾਂ ਲਈ ਮਾਰਕੀਟਿੰਗ ਕੇਂਦਰ ਹਨ, ਅਤੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਤਾਰ ਨਾਲ ਜੁੜੇ ਕਈ ਕੰਮ ਹਨ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਰੀਬ 3 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਤੁਹਾਨੂੰ ਸਾਰਿਆਂ ਨੂੰ, ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਦਾ ਇਹ ਸਮਾਗਮ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਦੇਸ਼ ਦੀਆਂ ਦੋ ਵੱਡੀਆਂ ਪ੍ਰਾਪਤੀਆਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਪਹਿਲੀ ਪ੍ਰਾਪਤੀ ਹੈ- ਦੇਸ਼ ਦੇ ਕਰੀਬ 50 ਕਰੋੜ ਲੋਕਾਂ ਵੱਲੋਂ ਅਤਿ ਦੀ ਗ਼ਰੀਬੀ ਨੂੰ ਮਾਤ ਦੇਣਾ, ਗ਼ਰੀਬੀ ਵਿੱਚੋਂ ਬਾਹਰ ਨਿਕਲਣਾ, ਅਤੇ ਦੂਜੀ ਪ੍ਰਾਪਤੀ ਹੈ- ਦੇਸ਼ ਵਿੱਚੋਂ ਨਕਸਲਵਾਦ, ਮਾਓਵਾਦੀ ਦਹਿਸ਼ਤਗਰਦੀ ਦਾ ਖ਼ਾਤਮਾ, ਮਾਓਵਾਦੀ ਦਹਿਸ਼ਤਗਰਦੀ ਤੋਂ ਮੁਕਤੀ ਪਾਉਣਾ। ਇਹ ਦੋਵੇਂ ਪ੍ਰਾਪਤੀਆਂ ਸਾਡੇ ਕਬਾਇਲੀ ਭੈਣਾਂ-ਭਰਾਵਾਂ ਦੇ ਜੀਵਨ ਨਾਲ ਡੂੰਘਾਈ ਨਾਲ ਜੁੜੀਆਂ ਹਨ। ਇਸ ਲਈ, ਕੁਝ ਹੀ ਹਫ਼ਤੇ ਪਹਿਲਾਂ ਵਿਸ਼ਵ ਬੈਂਕ ਦੀ ਰਿਪੋਰਟ ਆਈ ਹੈ, ਅਤੇ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਤੇ 12-13 ਵਰ੍ਹਿਆਂ ਵਿੱਚ ਭਾਰਤ ਦੇ ਕਰੀਬ 50 ਕਰੋੜ ਲੋਕ, ਇਹ ਅੰਕੜਾ ਬਹੁਤ ਵੱਡਾ ਹੈ, 50 ਕਰੋੜ ਲੋਕ ਅਤਿ ਦੀ ਗ਼ਰੀਬੀ ਵਿੱਚੋਂ ਬਾਹਰ ਨਿਕਲੇ ਹਨ। ਮੈਂ ਇਸ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਮੰਨਦਾ ਹਾਂ। ਇਹ ਪੂਰੇ ਦੇਸ਼ ਦੀ ਪ੍ਰਾਪਤੀ ਹੈ, ਇਹ ਕਿਸੇ ਇੱਕ ਸਰਕਾਰ ਦਾ ਸਿਹਰਾ ਨਹੀਂ ਹੈ, ਇਸ ਦੇ ਪਿੱਛੇ ਸਮਾਜ ਦੀ ਸਮੂਹਿਕ ਤਾਕਤ ਹੈ, ਇਸ ਦੇ ਪਿੱਛੇ ਦੇਸ਼ ਦੇ ਹਰ ਨਾਗਰਿਕ ਦਾ ਯਤਨ ਹੈ, ਉਨ੍ਹਾਂ ਦੀ ਸਖ਼ਤ ਮਿਹਨਤ ਹੈ। ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਕਬਾਇਲੀ ਭਲਾਈ ਲਈ ਜੋ ਫ਼ੈਸਲੇ ਲਏ, ਜੋ ਯੋਜਨਾਵਾਂ ਬਣਾਈਆਂ, ਉਨ੍ਹਾਂ ਦੀ ਵੀ ਇਸ ਪ੍ਰਾਪਤੀ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਹੈ। ਮੈਂ ਇਸ ਪ੍ਰਾਪਤੀ ਲਈ ਸਾਰੇ ਦੇਸ਼ ਵਾਸੀਆਂ ਨੂੰ, ਵਿਸ਼ੇਸ਼ ਤੌਰ ’ਤੇ ਆਪਣੇ ਕਬਾਇਲੀ ਭੈਣਾਂ ਅਤੇ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਗ਼ਰੀਬੀ ਵਿੱਚੋਂ ਬਾਹਰ ਨਿਕਲਣਾ, ਆਪਣੇ-ਆਪ ਵਿੱਚ ਬਹੁਤ ਵੱਡਾ ਬਦਲਾਅ ਹੈ। ਇਹ ਬਦਲਾਅ ਇੱਕ ਵੱਡੇ ਸੰਕਲਪ ਦੀ ਸਿੱਧੀ ਤੱਕ ਦੀ ਯਾਤਰਾ ਦੀ ਲੰਬੀ ਕਹਾਣੀ ਹੈ। ਸੰਕਲਪ ਕਿਵੇਂ ਸਿੱਧ ਕੀਤਾ ਜਾ ਸਕਦਾ ਹੈ, ਉਹ ਅੱਜ ਭਾਰਤ ਕਰ ਸਕਦਾ ਹੈ, ਹਰ ਭਾਰਤੀ ਕਰ ਸਕਦਾ ਹੈ, ਇਹ ਆਤਮ-ਵਿਸ਼ਵਾਸ ਪੈਦਾ ਹੋਇਆ ਹੈ। ਅਸੀਂ ਇੱਕ ਸੰਕਲਪ ਲਿਆ ਸੀ ਕਿ ਜੋ ਦਹਾਕਿਆਂ ਤੋਂ ਵਿਕਾਸ ਦੀਆਂ ਸਹੂਲਤਾਂ ਤੋਂ ਵਾਂਝੇ ਰਹੇ ਹਨ, ਉਨ੍ਹਾਂ ਨੂੰ ਪਹਿਲ ਦੇਣੀ ਹੈ। ਜਿਵੇਂ-ਜਿਵੇਂ ਸਾਡੇ ਸੰਕਲਪ ਹਕੀਕਤ ਬਣ ਕੇ ਜ਼ਮੀਨ ’ਤੇ ਉੱਤਰਨ ਲੱਗੇ, ਸਕਾਰਾਤਮਕ ਬਦਲਾਵਾਂ ਦੀ ਲੜੀ ਬਣਨ ਲੱਗੀ। ਦੇਸ਼ ਦੇ ਉਹ ਆਦਿ-ਵਾਸੀ ਇਲਾਕੇ, ਜੋ ਪਛੜਿਆਂ ਵਿੱਚੋਂ ਵੀ ਪਛੜੇ ਇਲਾਕੇ ਸਨ, ਜਿੱਥੇ ਜ਼ਿੰਦਗੀ ਦੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਪਹੁੰਚੀਆਂ ਸਨ, ਉਨ੍ਹਾਂ ’ਤੇ ਸਾਡੀ ਸਰਕਾਰ ਨੇ ਆਪਣੀ ਪੂਰੀ ਸਮਰੱਥਾ ਲਗਾਈ। ‘ਪੀਐੱਮ-ਜਨਮਨ’ ਯੋਜਨਾ ਅਤੇ ‘ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ’, ਇਨ੍ਹਾਂ ਦੋਵਾਂ ਯੋਜਨਾਵਾਂ ਲਈ ਅਸੀਂ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਬਣਾਇਆ। ਸਾਡਾ ਯਤਨ ਰਿਹਾ ਕਿ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਪਰਿਵਾਰਾਂ ਤੱਕ ਸਭ ਤੋਂ ਦੇਰੀ ਨਾਲ ਸਹੂਲਤਾਂ ਪਹੁੰਚੀਆਂ, ਹੁਣ ਉਨ੍ਹਾਂ ਤੱਕ ਸਭ ਤੋਂ ਤੇਜ਼ੀ ਨਾਲ ਸਹੂਲਤਾਂ ਪਹੁੰਚਾਈਆਂ ਜਾਣ।
ਸਾਥੀਓ,
ਵਾਂਝਿਆਂ ਨੂੰ ਤਰਜੀਹ, ਵਾਂਝਿਆਂ ਨੂੰ ਤਰਜੀਹ, ਇਹ ਸਾਡੀ ਪਹਿਲ ਰਹੀ। ਅਸੀਂ ਦੇਸ਼ ਦੇ ਗ਼ਰੀਬ ਪਰਿਵਾਰਾਂ ਲਈ ਚਾਰ ਕਰੋੜ ਤੋਂ ਵੱਧ ਪੱਕੇ ਘਰ ਬਣਾਏ। ਦੇਸ਼ ਦੇ ਉਨ੍ਹਾਂ 18 ਹਜ਼ਾਰ ਪਿੰਡਾਂ ਤੱਕ ਬਿਜਲੀ ਪਹੁੰਚਾਈ, ਜਿੱਥੇ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਸੀ। ‘ਆਯੁਸ਼ਮਾਨ ਭਾਰਤ ਯੋਜਨਾ’ ਰਾਹੀਂ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ। ਦੇਸ਼ ਭਰ ਵਿੱਚ ਇੱਕ ਲੱਖ 75 ਹਜ਼ਾਰ ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਬਣਾਏ ਗਏ, ਜਿਨ੍ਹਾਂ ਸਦਕਾ ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਤੱਕ ਵੀ ਸਿਹਤ ਸੇਵਾਵਾਂ ਦਾ ਲਾਭ ਪਹੁੰਚਿਆ। ਜਦੋਂ ਗ਼ਰੀਬ ਪਰਿਵਾਰਾਂ ਨੂੰ ਪਖਾਨੇ ਮਿਲੇ, ਸਵੱਛਤਾ ਦੀਆਂ ਸਹੂਲਤਾਂ ਵਧੀਆਂ, ਤਾਂ ਅਨੇਕਾਂ ਬਿਮਾਰੀਆਂ ਦਾ ਖ਼ਤਰਾ ਵੀ ਘਟਿਆ।
ਸਾਥੀਓ,
ਗ਼ਰੀਬੀ ਨੂੰ ਮਾਤ ਦੇਣ ਲਈ ਗ਼ਰੀਬ ਪਰਿਵਾਰਾਂ ਵਾਸਤੇ ਕਮਾਈ ਦੇ ਮੌਕੇ ਵਧਾਉਣੇ ਵੀ ਓਨੇ ਹੀ ਜ਼ਰੂਰੀ ਸਨ। ਅਸੀਂ ‘ਮੁਦਰਾ ਯੋਜਨਾ’ ਰਾਹੀਂ ਬਿਨਾਂ ਗਰੰਟੀ ਦੇ ਕਰਜ਼ੇ ਦੀ ਸਹੂਲਤ ਦਿੱਤੀ। ਇਸ ਯੋਜਨਾ ਤਹਿਤ ਲੱਖਾਂ ਕਰੋੜ ਰੁਪਏ ਦੀ ਮਦਦ ਦਿੱਤੀ ਗਈ। ਇਸ ਤਰ੍ਹਾਂ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਗ਼ਰੀਬਾਂ ਨੂੰ ਮਿਲਿਆ, ਦਲਿਤਾਂ ਨੂੰ ਮਿਲਿਆ, ਪਛੜਿਆਂ ਨੂੰ ਮਿਲਿਆ, ਸਾਡੇ ਕਬਾਇਲੀ ਭੈਣਾਂ-ਭਰਾਵਾਂ ਨੂੰ ਵੀ ਮਿਲਿਆ। ਇਸ ਨਾਲ ਉਨ੍ਹਾਂ ਦੇ ਅੰਦਰ ਅੱਗੇ ਵਧਣ ਦਾ ਨਵਾਂ ਆਤਮ-ਵਿਸ਼ਵਾਸ ਪੈਦਾ ਹੋਇਆ।
ਸਾਥੀਓ,
ਅਸੀਂ ਉਨ੍ਹਾਂ ਖੇਤਰਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ, ਜੋ ਲੰਬੇ ਸਮੇਂ ਤੱਕ ਵਿਕਾਸ ਵਿੱਚ ਪਿੱਛੇ ਰਹਿ ਗਏ ਸਨ। ਦੇਸ਼ ਦੇ 100 ਤੋਂ ਵੱਧ ਖਾਹਿਸ਼ੀ ਜ਼ਿਲ੍ਹਿਆਂ ਅਤੇ 500 ਤੋਂ ਵੱਧ ਖਾਹਿਸ਼ੀ ਬਲਾਕਾਂ ਵਿੱਚ ਵਿਕਾਸ ਦੀ, ਸਹੂਲਤਾਂ ਦੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਦੀ ਵਿਸ਼ੇਸ਼ ਮੁਹਿੰਮ ਚਲਾਈ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕਬਾਇਲੀ ਆਬਾਦੀ ਵਾਲੇ ਖੇਤਰ ਸ਼ਾਮਲ ਹਨ। ਹੁਣ ‘ਪੀਐੱਮ ਕ੍ਰਿਸ਼ੀ ਧਨ ਧਾਨਯ ਯੋਜਨਾ’ ਤਹਿਤ ਖੇਤੀਬਾੜੀ ਦੇ ਖੇਤਰ ਵਿੱਚ ਪਛੜੇ 100 ਜ਼ਿਲ੍ਹਿਆਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਾਡਾ ਯਤਨ ਹੈ ਕਿ ਉੱਥੋਂ ਦੇ ਕਿਸਾਨਾਂ, ਗ਼ਰੀਬ ਪਰਿਵਾਰਾਂ ਅਤੇ ਕਬਾਇਲੀ ਸਮਾਜ ਨੂੰ ਅੱਗੇ ਵਧਣ ਦੇ ਨਵੇਂ ਮੌਕੇ ਮਿਲਣ। ਇਨ੍ਹਾਂ ਸਮੂਹਿਕ ਯਤਨਾਂ ਨੇ ਅਤੇ ‘ਸਬਕਾ ਸਾਥ-ਸਬਕਾ ਵਿਕਾਸ’ ਦੇ ਮੰਤਰ ਨੇ ਦੇਸ਼ ਦੇ ਗ਼ਰੀਬਾਂ ਨੂੰ ਨਵਾਂ ਆਤਮ-ਵਿਸ਼ਵਾਸ ਦਿੱਤਾ, ਅਤੇ ਕਰੋੜਾਂ ਗ਼ਰੀਬਾਂ ਨੇ ਗ਼ਰੀਬੀ ਨੂੰ ਮਾਤ ਦੇ ਕੇ ਦਿਖਾਇਆ।
ਸਾਥੀਓ,
ਦੇਸ਼ ਦੀ ਦੂਜੀ ਪ੍ਰਾਪਤੀ, ਜਿਸ ਦੀ ਮੈਂ ਚਰਚਾ ਕੀਤੀ ਸੀ, ਉਹ ਹੈ- ਨਕਸਲਵਾਦ, ਮਾਓਵਾਦ ਤੋਂ ਮੁਕਤੀ। ਸਾਡਾ ਗੜ੍ਹਚਿਰੌਲੀ, ਗੜ੍ਹਚਿਰੌਲੀ ਸਮੇਤ ਦੇਸ਼ ਦੇ ਤਮਾਮ ਆਦਿ-ਵਾਸੀ ਇਲਾਕਿਆਂ ਦੇ ਲੋਕ ਜਾਣਦੇ ਹਨ ਕਿ ਨਕਸਲੀ ਹਿੰਸਾ ਨੇ ਸਭ ਤੋਂ ਵੱਧ ਨੁਕਸਾਨ ਸਾਡੇ ਕਬਾਇਲੀ ਸਮਾਜ ਦਾ ਹੀ ਕੀਤਾ। 2014 ਵਿੱਚ, ਦੇਸ਼ ਦੇ ਕਰੀਬ ਸਵਾ ਸੌ ਜ਼ਿਲ੍ਹੇ ਮਾਓਵਾਦ-ਨਕਸਲਵਾਦ ਤੋਂ ਪੀੜਤ ਸਨ। ਹਰ ਸਾਲ ਹਿੰਸਾ ਦੀਆਂ ਸੈਂਕੜੇ ਘਟਨਾਵਾਂ ਵਾਪਰਦੀਆਂ ਸਨ। ਇਨ੍ਹਾਂ ਘਟਨਾਵਾਂ ਵਿੱਚ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਸਾਡੇ ਆਦਿ-ਵਾਸੀ ਭੈਣਾਂ-ਭਰਾਵਾਂ ਦੀ ਸੀ।
ਪਰ ਸਾਥੀਓ,
ਮਾਓਵਾਦ-ਨਕਸਲਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ, ਉਸ ਵੇਲੇ ਦੀਆਂ ਸਰਕਾਰਾਂ ਵੱਲੋਂ, ਉਸ ਜ਼ਮਾਨੇ ਵਿੱਚ, ਮੇਰੇ ਇਨ੍ਹਾਂ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ ਸੀ, ਉਨ੍ਹਾਂ ਦੇ ਅਧਿਕਾਰ ਖੋਹ ਲਏ ਗਏ ਸਨ। ਅਤੇ ਸਾਰੇ ਮੂੰਹ ’ਤੇ ਤਾਲਾ ਲਗਾ ਕੇ ਬੈਠੇ ਸਨ, ਸਾਰੇ ਚੁੱਪ ਰਹਿੰਦੇ ਸਨ। ਤੁਸੀਂ ਹੈਰਾਨ ਹੋ ਜਾਓਗੇ, ਮੇਰੇ ਇਸ ਕਬਾਇਲੀ ਸਮਾਜ ਦੇ ਭੈਣਾਂ-ਭਰਾਵਾਂ ਨੂੰ ਵੋਟ ਤੱਕ ਨਹੀਂ ਪਾਉਣ ਦਿੱਤੀ ਜਾਂਦੀ ਸੀ। ਉਦੋਂ ਦੀਆਂ ਸਰਕਾਰਾਂ ਇੰਝ ਹੀ ਮੂਕ ਦਰਸ਼ਕ ਬਣੀਆਂ ਰਹਿੰਦੀਆਂ ਸਨ, ਅੱਖਾਂ ਬੰਦ ਕਰਕੇ ਬੈਠੀਆਂ ਰਹਿੰਦੀਆਂ ਸਨ। ਗ਼ਰੀਬ ਮਾਂ ਦੇ ਸਾਹਮਣਿਓਂ, ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੂੰ, ਇਹ ਮਾਓਵਾਦੀ-ਨਕਸਲਵਾਦੀ ਖੋਹ ਕੇ ਲੈ ਜਾਂਦੇ ਸਨ, ਅਤੇ ਕੋਈ ਕੁਝ ਨਹੀਂ ਕਰ ਸਕਦਾ ਸੀ। ਨਕਸਲੀ ਸਾਡੇ ਘਰ ਦੀਆਂ ਧੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ, ਸਾਰੇ ਬੇਵਸੀ ਵਿੱਚ ਤੜਫ ਕੇ ਰਹਿ ਜਾਂਦੇ ਸਨ।
ਸਾਥੀਓ,
ਅੱਜ ਜਦੋਂ ਉਹ ਮਾਓਵਾਦ-ਨਕਸਲਵਾਦ ਖ਼ਤਮ ਹੋਇਆ, ਤਾਂ ਉਹ ਮਾਂ, ਮੇਰੇ ਕਬਾਇਲੀ ਸਮਾਜ ਦੀਆਂ ਮਾਤਾਵਾਂ-ਭੈਣਾਂ, ਅੱਜ ਸਾਨੂੰ ਅਨੇਕਾਂ ਅਸ਼ੀਰਵਾਦ ਦੇ ਰਹੀਆਂ ਹਨ। ਉਹ ਭੈਣ ਸਾਨੂੰ ਅਸ਼ੀਰਵਾਦ ਦੇ ਰਹੀ ਹੈ, ਜੋ ਅੱਜ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਜਿਸ ਦਾ ਬਚਪਨ ਖੋਹ ਲਿਆ ਗਿਆ ਸੀ, ਉਹ ਹੁਣ ਨੌਜਵਾਨ ਬਣ ਕੇ ਸਾਡੇ ਨਾਲ ਜੁੜ ਰਿਹਾ ਹੈ, ਉਸ ਨੂੰ ਪੜ੍ਹਾਈ ਦੇ ਮੌਕੇ ਮਿਲ ਰਹੇ ਹਨ, ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ। ਛੱਤੀਸਗੜ੍ਹ ਵਿੱਚ ਬਸਤਰ ਵਰਗਾ ਇਲਾਕਾ, ਜਿੱਥੇ ਇੱਕ ਸਮੇਂ ਲੋਕ ਜਾਣ ਤੋਂ ਡਰਦੇ ਸਨ, ਹਾਲੇ ਕੁਝ ਹੀ ਦਿਨ ਪਹਿਲਾਂ ਮੈਂ ਉਸ ਇਲਾਕੇ ਦੇ ਕੇਂਦਰ ਬਿੰਦੂ ਵਿੱਚ, ਉੱਥੇ ਸਾਡੇ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਈ। ਗੜ੍ਹਚਿਰੌਲੀ ਸਮੇਤ ਨਕਸਲ ਪ੍ਰਭਾਵਿਤ ਰਹੇ ਸਾਰੇ ਇਲਾਕਿਆਂ ਵਿੱਚ ਇਸ ਵਾਰ ਦੀਵਾਲੀ ਮੌਕੇ ਦੀਵਿਆਂ ਦੇ ਨਾਲ-ਨਾਲ ਉਮੀਦ ਦੀ ਰੌਸ਼ਨੀ ਵੀ ਲੋਕਾਂ ਤੱਕ ਪਹੁੰਚੀ ਹੈ।
ਸਾਥੀਓ,
ਅੱਜ ਸਾਡਾ ਆਦਿ-ਵਾਸੀ ਸਮਾਜ, ਸਾਡਾ ਕਬਾਇਲੀ ਸਮਾਜ ਵਧ-ਚੜ੍ਹ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਿਹਾ ਹੈ। ਅੱਜ ਦੇਸ਼ ਦੀ ਅਗਵਾਈ ਵੀ ਆਦਿ-ਵਾਸੀ ਸਮਾਜ ਦੀ ਇੱਕ ਧੀ ਦੇ ਹੱਥ ਵਿੱਚ ਹੈ। ਸਾਨੂੰ ਸਾਰਿਆਂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ’ਤੇ ਮਾਣ ਹੈ।
ਸਾਥੀਓ,
ਅੱਜ ਸਮਾਂ ਹੈ ਕਿ ਅਸੀਂ ਭਗਵਾਨ ਬਿਰਸਾ ਮੁੰਡਾ ਤੋਂ ਪ੍ਰੇਰਨਾ ਲੈ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਆਪਣੀ ਪੂਰੀ ਊਰਜਾ ਲਗਾਈਏ। ਇਸੇ ਸੱਦੇ ਦੇ ਨਾਲ ਭਗਵਾਨ ਬਿਰਸਾ ਮੁੰਡਾ ਨੂੰ ਪ੍ਰਣਾਮ ਕਰਦਿਆਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਹਰ ਵਰ੍ਹੇ 15 ਨਵੰਬਰ ਦੀ ਉਡੀਕ ਹੋਣੀ ਚਾਹੀਦੀ ਹੈ। ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ, ਉਸ ਤੋਂ ਵੀ ਵਧ ਕੇ ਜਨਜਾਤੀਯ ਗੌਰਵ ਦਿਵਸ, ਇਹ ਪੂਰੇ ਦੇਸ਼ ਦਾ ਮਾਣ ਹੈ, ਪੂਰੇ ਦੇਸ਼ ਦਾ ਸਵੈ-ਮਾਣ ਹੈ। ਹਰ 15 ਨਵੰਬਰ ਨੂੰ ਪਹਿਲਾਂ ਨਾਲੋਂ ਵੱਧ ਤਾਕਤ ਨਾਲ, ਪਹਿਲਾਂ ਨਾਲੋਂ ਵੱਧ ਉਤਸ਼ਾਹ ਨਾਲ, ਪਹਿਲਾਂ ਨਾਲੋਂ ਵੱਧ ਵਿਆਪਕ ਰੂਪ ਵਿੱਚ, ਅਸੀਂ ਹਰ ਵਾਰ ਇਸ ਨੂੰ ਮਨਾਉਂਦੇ ਚੱਲੀਏ, ਜਨਜਾਤੀਯ ਗੌਰਵ ਦਿਵਸ ’ਤੇ ਨਵੇਂ ਸੰਕਲਪ ਲੈਂਦੇ ਚੱਲੀਏ ਅਤੇ ਉਨ੍ਹਾਂ ਸੰਕਲਪਾਂ ਨੂੰ ਸਮਾਂ ਸੀਮਾ ਵਿੱਚ ਸਿੱਧ ਕਰਨ ਲਈ ਅਸੀਂ ਸਾਰੇ ਪੂਰੀ ਤਾਕਤ ਲਗਾ ਕੇ ਚੱਲ ਪਈਏ। ਆਜ਼ਾਦੀ ਦੇ ਇੰਨੇ ਸਾਲਾਂ ਤੱਕ ਜੋ ਨਹੀਂ ਹੋਇਆ, ਉਹ ਅਸੀਂ ਘੱਟ ਸਮੇਂ ਵਿੱਚ ਕਰਕੇ ਦਿਖਾਉਣਾ ਹੈ। ਮੈਂ ਫਿਰ ਇੱਕ ਵਾਰ, ਮੈਂ ਸਕ੍ਰੀਨ ’ਤੇ ਦੇਖ ਰਿਹਾ ਹਾਂ, ਕਿੰਨੇ ਸਥਾਨਾਂ ’ਤੇ, ਕਿੰਨੇ ਲੋਕ ਬੈਠੇ ਹਨ, ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਉਤਸ਼ਾਹ ਅਤੇ ਉਮੰਗ ਨਾਲ ਭਰੇ ਹੋਏ ਹਨ। ਇਹ ਦ੍ਰਿਸ਼ ਹੀ ਜਨਜਾਤੀਯ ਗੌਰਵ ਦਿਵਸ ਦੀ ਆਨ-ਬਾਨ-ਸ਼ਾਨ ਬਣ ਗਿਆ ਹੈ। ਮੇਰੇ ਵੱਲੋਂ ਇੰਨੇ ਸਫ਼ਲ ਯਤਨ ਲਈ ਵੀ ਕਬਾਇਲੀ ਸਮਾਜ ਦੇ ਮੇਰੇ ਤੁਸੀਂ ਸਾਰੇ ਭੈਣ-ਭਰਾ ਵਧਾਈ ਦੇ ਹੱਕਦਾਰ ਹੋ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਜੋਹਾਰ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਲਗਭਗ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Janjatiya Gaurav Diwas celebrates the rich heritage, culture and contributions of India's tribal communities. https://t.co/jaafdnMJ6n
— Narendra Modi (@narendramodi) November 15, 2026
15 नवंबर 2021 से जनजातीय गौरव दिवस मनाने की जो शुरुआत हुई, आज वो एक राष्ट्रीय उत्सव बन चुका है: PM @narendramodi
— PMO India (@PMOIndia) November 15, 2026
एक समय था, जब हमारे देश में अनेक दिवस और उत्सव विदेशी दृष्टिकोण से तय होते थे। लेकिन आज भारत अपनी विरासत को, अपने इतिहास को, अपने नायकों को स्वदेशी स्वाभिमान के साथ याद कर रहा है। ये हमारी राष्ट्रीय चेतना में आए एक बड़े परिवर्तन का प्रतीक है: PM @narendramodi
— PMO India (@PMOIndia) November 15, 2026
देश की दो बड़ी उपलब्धियों की चर्चा हर जगह हो रही है। पहली उपलब्धि है देश के करीब 50 करोड़ लोगों की भीषण गरीबी को परास्त करना। और दूसरी उपलब्धि है, देश का नक्सलवाद...माओवादी आतंक से मुक्ति पाना: PM @narendramodi
— PMO India (@PMOIndia) November 15, 2026
हमने उन क्षेत्रों पर भी विशेष ध्यान दिया, जो लंबे समय तक विकास में पीछे रह गए थे। देश के 100 से अधिक आकांक्षी जिलों और 500 से अधिक आकांक्षी ब्लॉकों में विशेष अभियान चलाया। इनमें बड़ी संख्या में जनजातीय आबादी वाले क्षेत्र शामिल हैं। अब पीएम कृषि धन धान्य योजना के तहत कृषि के क्षेत्र में पिछड़े 100 जिलों पर भी विशेष ध्यान दिया जा रहा है: PM @narendramodi
— PMO India (@PMOIndia) November 15, 2026