ਪ੍ਰੋਗਰਾਮ ਵਿੱਚ ਮੌਜੂਦ ਉਪ ਰਾਜਪਾਲ ਸ਼੍ਰੀ ਵੀ. ਕੇ. ਸਕਸੈਨਾ ਜੀ, ਬੀਆਰਓ ਅਤੇ ਹਵਾਈ ਅੱਡਾ ਅਥਾਰਟੀ ਦੇ ਸਾਰੇ ਸੀਨੀਅਰ ਅਧਿਕਾਰੀ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਰੇ ਅਧਿਕਾਰੀ, ਹੋਰ ਪਤਵੰਤੇ ਸੱਜਣੋ, ਮੇਰੇ ਪਿਆਰੇ ਭਰਾਵੋ ਅਤੇ ਭੈਣੋ।
ਲੱਦਾਖ ਮੀ-ਮੰਗਸ ਕੁਨਲਾ, ਜੁਲੇ!”
ਅੱਜ ਲੱਦਾਖ ਦੀ ਤਰੱਕੀ ਅਤੇ ਵਿਕਾਸ ਵਿੱਚ ਇੱਕ ਹੋਰ ਅਧਿਆਇ ਜੁੜ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਤਕਨਾਲੋਜੀ ਰਾਹੀਂ ਇਸ ਮੌਕੇ ਦਾ ਹਿੱਸਾ ਬਣ ਰਿਹਾ ਹਾਂ। ਅੱਜ ਲੱਦਾਖ ਵਿੱਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਕਈ ਲੋਕਾਂ ਦਾ ਸਫ਼ਰ ਸੁਖਾਲ਼ਾ ਹੋਵੇਗਾ, ਕਿਤੇ ਬਿਜਲੀ ਦੀਆਂ ਸਹੂਲਤਾਂ ਬਿਹਤਰ ਹੋਣਗੀਆਂ, ਕਿਤੇ ਪਾਣੀ ਦੀ ਉਪਲਬਧਤਾ ਵਧੇਗੀ ਅਤੇ ਸਾਡੀ ਪੁਰਾਤਨ ਵਿਰਾਸਤ ਦੀ ਸੰਭਾਲ ਨੂੰ ਵੀ ਨਵੀਂ ਤਾਕਤ ਮਿਲੇਗੀ। ਹੁਣੇ ਮੈਂ ਦੇਖ ਰਿਹਾ ਸੀ ਕਿ ਜ਼ਾਂਸਕਰ ਵਿੱਚ ਬਰਫ਼ ਵੀ ਪੈ ਰਹੀ ਸੀ ਅਤੇ ਮੈਂ ਇਹ ਵੀ ਦੇਖ ਰਿਹਾ ਸੀ ਕਿ ਜ਼ਾਂਸਕਰ ਦੇ ਲੋਕਾਂ ਦਾ ਉਤਸ਼ਾਹ, ਜਦੋਂ ਬਰਫ਼ ਪੈ ਰਹੀ ਹੈ, ਫਿਰ ਵੀ ਤਿਰੰਗਾ ਲਹਿਰਾਉਣ ਦਾ ਉਨ੍ਹਾਂ ਦਾ ਜੋਸ਼ ਅਤੇ ਉਤਸ਼ਾਹ।
ਸਾਥੀਓ,
ਇਹ ਮੇਰਾ ਲੇਹ, ਲੱਦਾਖ ਹੈ। ਮੈਂ ਇਨ੍ਹਾਂ ਪ੍ਰੋਜੈਕਟਾਂ ਲਈ ਲੱਦਾਖ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇਨ੍ਹਾਂ ਪ੍ਰੋਜੈਕਟਾਂ ਵਿੱਚ ਲੱਗੇ ਸਾਰੇ ਇੰਜੀਨੀਅਰਾਂ, ਮਜ਼ਦੂਰਾਂ ਅਤੇ ਸਥਾਨਕ ਸਾਥੀਆਂ ਨੂੰ ਵੀ ਵਧਾਈ ਦਿੰਦਾ ਹਾਂ। ਮੈਂ ਬੀਆਰਓ ਦੇ ਸਾਥੀਆਂ ਦੀ ਵੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਾ ਹਾਂ।
ਸਾਥੀਓ,
ਕੁਝ ਸਮਾਂ ਪਹਿਲਾਂ ਮੈਂ ਲੇਹ ਦੇ ਕੁਸ਼ੋਕ ਬਕੁਲਾ ਰਿੰਪੋਚੇ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ। ਅਤੇ ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਹੀ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਮਿਲਿਆ ਹੈ। ਲਗਭਗ 650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਟਰਮੀਨਲ ਨਾਲ ਹਵਾਈ ਅੱਡੇ ਦੀ ਸਾਲਾਨਾ ਯਾਤਰੀ ਸਮਰੱਥਾ 10 ਲੱਖ ਤੋਂ ਵਧ ਕੇ 35 ਲੱਖ ਹੋ ਜਾਵੇਗੀ। ਇੱਥੇ ਉਡਾਣਾਂ ਦੀ ਗਿਣਤੀ ਵੀ ਤਿੰਨ ਗੁਣਾ ਤੱਕ ਵਧ ਸਕਦੀ ਹੈ। ਇਸ ਟਰਮੀਨਲ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਲੱਦਾਖ ਦੇ ਔਖੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਿੱਚ ਭੂ-ਤਾਪੀ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਸੌਰ ਊਰਜਾ ਦੀ ਵੀ ਵਰਤੋਂ ਕੀਤੀ ਗਈ ਹੈ। ਭਾਰਤ ਵਿੱਚ ਭੂ-ਤਾਪ ਤਕਨਾਲੋਜੀ ਦੀ ਸਹੂਲਤ ਵਾਲਾ ਇਹ ਦੇਸ਼ ਦਾ ਪਹਿਲਾ ਹਵਾਈ ਅੱਡਾ ਟਰਮੀਨਲ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਸਾਡਾ ਯਤਨ ਹੈ ਕਿ ਲੱਦਾਖ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇ ਅਤੇ ਇੱਥੋਂ ਦੇ ਵਾਤਾਵਰਣ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਇਸ ਹਵਾਈ ਅੱਡੇ ਦੇ ਟਰਮੀਨਲ ਨਾਲ ਲੱਦਾਖ ਦੇ ਸੈਰ-ਸਪਾਟਾ ਖੇਤਰ ਨੂੰ ਵੀ ਨਵੀਂ ਊਰਜਾ ਮਿਲੇਗੀ। ਮੈਂ ਇਸ ਆਧੁਨਿਕ ਹਵਾਈ ਅੱਡਾ ਟਰਮੀਨਲ ਲਈ ਲੱਦਾਖ ਦੇ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਜਿਨ੍ਹਾਂ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਦੀ ਵੀ ਬਹੁਤ ਮਹੱਤਤਾ ਹੈ। ਅੱਜ ਨਿਮੂ-ਪਦੁਮ-ਦਾਰਚਾ ਸੜਕ ਲੱਦਾਖ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਇਸ ’ਤੇ ਲਗਭਗ ਢਾਈ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਜਿਸ ਸਫ਼ਰ ਵਿੱਚ ਪਹਿਲਾਂ ਲਗਭਗ 12 ਘੰਟੇ ਲੱਗਦੇ ਸਨ, ਹੁਣ ਉਹ ਲਗਭਗ 3 ਘੰਟਿਆਂ ਵਿੱਚ ਪੂਰਾ ਹੋ ਸਕੇਗਾ। ਭਾਵ, ਇਸ ਨਾਲ ਯਾਤਰਾ ਦਾ ਸਮਾਂ ਤਾਂ ਬਚੇਗਾ ਹੀ, ਇਸ ਸੜਕ ਨਾਲ ਵਪਾਰ ਅਤੇ ਕਾਰੋਬਾਰ ਨੂੰ ਵੀ ਬਹੁਤ ਮਦਦ ਮਿਲੇਗੀ।
ਸਾਥੀਓ,
ਪਹਿਲਾਂ ਮੈਨੂੰ ਸ੍ਰੀਨਗਰ ਤੋਂ ਲੇਹ ਨੂੰ ਜੋੜਨ ਵਾਲੀ ਬਿਜਲੀ ਟ੍ਰਾਂਸਮਿਸ਼ਨ ਲਾਈਨ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਸੀ। ਅੱਜ ਹਾਨੂ ਪਣ-ਬਿਜਲੀ ਪ੍ਰੋਜੈਕਟ ਅਤੇ ਇਸ ਨਾਲ ਜੁੜੀ ਟ੍ਰਾਂਸਮਿਸ਼ਨ ਲਾਈਨ ਦਾ ਵੀ ਉਦਘਾਟਨ ਹੋਇਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬਿਜਲੀ ਦੀ ਭਰੋਸੇਯੋਗ ਵਿਵਸਥਾ ਨਾਲ ਰੌਸ਼ਨੀ ਤਾਂ ਆਉਂਦੀ ਹੀ ਹੈ, ਪਰ ਰੌਸ਼ਨੀ ਨਾਲ ਸਿਰਫ਼ ਘਰ ਹੀ ਨਹੀਂ, ਸਗੋਂ ਜੀਵਨ ਵੀ ਰੌਸ਼ਨ ਹੋ ਜਾਂਦਾ ਹੈ। ਜੀਵਨ ਵਿੱਚ ਇੱਕ ਵੱਡਾ ਬਦਲਾਅ ਆਉਂਦਾ ਹੈ। ਪਿੰਡਾਂ ਵਿੱਚ ਕਿੰਨੇ ਹੀ ਨਵੇਂ ਕੰਮ ਸੰਭਵ ਹੋ ਜਾਂਦੇ ਹਨ। ਬੱਚਿਆਂ ਦੀ ਪੜ੍ਹਾਈ, ਸਿਹਤ ਸੇਵਾਵਾਂ, ਸਥਾਨਕ ਲੋਕਾਂ ਦੇ ਛੋਟੇ-ਛੋਟੇ ਕਾਰੋਬਾਰ, ਹਰ ਖੇਤਰ ਵਿੱਚ ਇਸ ਦਾ ਲਾਭ ਮਿਲੇਗਾ। ਪੁਗਾ ਘਾਟੀ ਵਿੱਚ ਵੀ ਆਧੁਨਿਕ ਤਕਨਾਲੋਜੀ ਨਾਲ ਬਿਜਲੀ ਪੈਦਾ ਕਰਨ ਦੇ ਪ੍ਰੋਜੈਕਟ ’ਤੇ ਕੰਮ ਅੱਗੇ ਵਧ ਰਿਹਾ ਹੈ।
ਸਾਥੀਓ,
ਅੱਜ ਪ੍ਰੋਜੈਕਟ ਅੰਮ੍ਰਿਤ ਸਰੋਵਰ ਦੇ ਤਹਿਤ ਬਣੇ 40 ਜਲ ਭੰਡਾਰ ਵੀ ਲੱਦਾਖ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਨ੍ਹਾਂ ਨਾਲ ਕਿਸਾਨਾਂ ਨੂੰ ਲੋੜ ਪੈਣ ’ਤੇ ਸਿੰਚਾਈ ਲਈ ਪਾਣੀ ਉਪਲਬਧ ਕਰਵਾਉਣ ਵਿੱਚ ਮਦਦ ਮਿਲੇਗੀ।
ਸਾਥੀਓ,
ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਲੱਦਾਖ ਵਿੱਚ ਕੁਦਰਤੀ ਹਾਲਾਤ ਕਾਰਨ ਜੀਵਨ ਬਹੁਤ ਮੁਸ਼ਕਲ ਹੁੰਦਾ ਹੈ। ਕੁਦਰਤੀ ਵਾਤਾਵਰਣ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ, ਪਰ ਬਦਕਿਸਮਤੀ ਨਾਲ, ਅਜਿਹੀਆਂ ਸਥਿਤੀਆਂ ਦੇ ਬਾਵਜੂਦ ਪਹਿਲੀਆਂ ਸਰਕਾਰਾਂ ਨੇ ਲੱਦਾਖ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ। ਪਰ ਅੱਜ ਕੇਂਦਰ ਸਰਕਾਰ ਲਈ ਲੱਦਾਖ ਦਾ ਵਿਕਾਸ ਬਹੁਤ ਵੱਡੀ ਤਰਜੀਹ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ ਵਿਕਾਸ ਦੀਆਂ ਲੋੜਾਂ ਵੱਲ ਹੋਰ ਵੀ ਵੱਧ ਧਿਆਨ ਦਿੱਤਾ ਗਿਆ ਹੈ। 2019 ਤੱਕ ਲੱਦਾਖ ਵਿੱਚ ਲਗਭਗ 1,800 ਕਿਲੋਮੀਟਰ ਸੜਕਾਂ ਦਾ ਨੈੱਟਵਰਕ ਸੀ। ਅੱਜ ਇਹ ਵਧ ਕੇ 4,000 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ। ਪਹਿਲਾਂ ਇੱਥੇ 19 ਵੱਡੇ ਪੁਲ ਸਨ, ਅੱਜ ਇਨ੍ਹਾਂ ਦੀ ਗਿਣਤੀ ਲਗਭਗ 75 ਹੋ ਗਈ ਹੈ। ਹੈਲੀਪੈਡਾਂ ਦੀ ਗਿਣਤੀ ਵੀ 7 ਤੋਂ ਵਧ ਕੇ 40 ਤੋਂ ਵੱਧ ਹੋ ਗਈ ਹੈ। ਪਹਿਲਾਂ ਲੱਦਾਖ ਦੇ ਲਗਭਗ 3.5 ਫ਼ੀਸਦੀ ਘਰਾਂ ਵਿੱਚ ਹੀ ਟੂਟੀ ਰਾਹੀਂ ਪਾਣੀ ਪਹੁੰਚਦਾ ਸੀ। ਅੱਜ ਲਗਭਗ 99 ਫ਼ੀਸਦੀ ਘਰਾਂ ਤੱਕ ਟੂਟੀ ਰਾਹੀਂ ਪਾਣੀ ਦੀ ਸਹੂਲਤ ਪਹੁੰਚ ਚੁੱਕੀ ਹੈ। ਲੱਦਾਖ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਵੀ ਵਧ ਕੇ ਦੁੱਗਣੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜੋਜਿਲਾ ਸੁਰੰਗ ਵਰਗੇ ਮਹੱਤਵਪੂਰਨ ਪ੍ਰੋਜੈਕਟ ’ਤੇ ਵੀ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਪੂਰਾ ਹੋਣ ਨਾਲ ਲੱਦਾਖ ਨੂੰ ਦੇਸ਼ ਦੇ ਦੂਜੇ ਹਿੱਸਿਆਂ ਨਾਲ ਸਾਲ ਭਰ ਬਿਹਤਰ ਸੰਪਰਕ ਸਹੂਲਤ ਮਿਲੇਗੀ।
ਸਾਥੀਓ,
ਕੇਂਦਰ ਸਰਕਾਰ ਦਾ ਜ਼ੋਰ ਲੱਦਾਖ ਵਿੱਚ ਖੁਸ਼ਹਾਲੀ ਦੀਆਂ ਨਵੀਆਂ ਸੰਭਾਵਨਾਵਾਂ ਵਿਕਸਿਤ ਕਰਨ ’ਤੇ ਵੀ ਹੈ। ਅੱਜ ਲੱਦਾਖ ਵਿੱਚ ਸੈਰ-ਸਪਾਟੇ ਦੇ ਮੌਕੇ ਵੀ ਵਧ ਰਹੇ ਹਨ। ਇੱਥੇ ਸਰਦ ਰੁੱਤ ਸੈਰ-ਸਪਾਟੇ ਅਤੇ ਸਾਹਸੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਅਤੇ ਅਸੀਂ ਵਾਈਬ੍ਰੈਂਟ ਵਿਲੇਜ ਅਭਿਆਨ ਦੇ ਤਹਿਤ ਲੱਦਾਖ ਦੇ 40 ਤੋਂ ਵੱਧ ਸਰਹੱਦੀ ਪਿੰਡਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਅਸੀਂ ਉਨ੍ਹਾਂ ਨੂੰ ਪਹਿਲੇ ਪਿੰਡ ਕਹਿੰਦੇ ਹਾਂ। ਇਸ ਨਾਲ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।
ਸਾਥੀਓ,
ਪਹਿਲਾਂ ਲੱਦਾਖ ਵਿੱਚ ਲਗਭਗ 150 ਹੋਮਸਟੇਅ ਸਨ, ਅੱਜ ਇਨ੍ਹਾਂ ਦੀ ਗਿਣਤੀ ਵਧ ਕੇ 3,000 ਹੋ ਗਈ ਹੈ। ਲੱਦਾਖ ਵਿੱਚ ਗ੍ਰੀਨਹਾਊਸ ਖੇਤੀ ਨੂੰ ਵੀ ਲਗਾਤਾਰ ਉਤਸ਼ਾਹਿਤ ਕੀਤਾ ਗਿਆ ਹੈ। ਅੱਜ ਲੱਦਾਖ ਵਿੱਚ 11,000 ਗ੍ਰੀਨਹਾਊਸ ਹਨ। ਇਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ।
ਸਾਥੀਓ,
ਲੱਦਾਖ ਵਿੱਚ ਹਾਈ ਕੋਰਟ ਦੀ ਬੈਂਚ ਦੀ ਮੰਗ ਵੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਨੂੰ ਵੀ ਸਾਡੀ ਸਰਕਾਰ ਨੇ ਹੀ ਪੂਰਾ ਕੀਤਾ ਹੈ। ਇਸੇ ਸਾਲ ਅਗਸਤ ਵਿੱਚ ਲੱਦਾਖ ਵਿੱਚ ਹਾਈ ਕੋਰਟ ਦੀ ਬੈਂਚ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਪ੍ਰਸ਼ਾਸਨ ਦੇ ਨਾਲ-ਨਾਲ ਨਿਆਂ ਪ੍ਰਣਾਲੀ ਵੀ ਸੁਖਾਲੀ ਹੋਵੇਗੀ।
ਸਾਥੀਓ,
ਅੱਜ ਡਿਜੀਟਲ ਤਕਨਾਲੋਜੀ ਰਾਹੀਂ ਵੀ ਕਈ ਨਵੇਂ ਮੌਕੇ ਨੇੜੇ ਆ ਰਹੇ ਹਨ। ਹੋਟਲ, ਰੈਸਟੋਰੈਂਟ, ਹੋਮਸਟੇਅ ਹੋਣ ਜਾਂ ਸਥਾਨਕ ਉਤਪਾਦ ਹੋਣ, ਅੱਜ ਆਨਲਾਈਨ ਕਾਰੋਬਾਰ ਆਮਦਨ ਦੇ ਨਵੇਂ ਰਸਤੇ ਖੋਲ੍ਹ ਰਿਹਾ ਹੈ। ਇਸੇ ਲਈ ਅਸੀਂ ਲੱਦਾਖ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਭਾਰਤਨੈੱਟ ਅਤੇ ਹਾਈ ਸਪੀਡ ਇੰਟਰਨੈੱਟ ਦਾ ਵਿਸਤਾਰ ਕੀਤਾ ਹੈ। ਸਰਕਾਰੀ ਸੇਵਾਵਾਂ ਤੱਕ ਪਹੁੰਚ ਆਸਾਨ ਹੋਵੇ, ਨੌਜਵਾਨ ਆਨਲਾਈਨ ਪੜ੍ਹਾਈ ਕਰ ਸਕਣ ਅਤੇ ਸਥਾਨਕ ਉੱਦਮੀ ਦੇਸ਼-ਦੁਨੀਆ ਦੇ ਬਾਜ਼ਾਰਾਂ ਨਾਲ ਜੁੜ ਸਕਣ, ਇਸ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਸਾਥੀਓ,
ਸਾਡਾ ਵਿਸ਼ੇਸ਼ ਧਿਆਨ ਲੱਦਾਖ ਦੀ ਨਵੀਂ ਪੀੜ੍ਹੀ ’ਤੇ ਹੈ। ਇੱਥੋਂ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਮਿਲੇ, ਨਵੀਂ ਤਕਨਾਲੋਜੀ ਸਿੱਖਣ ਦਾ ਮੌਕਾ ਮਿਲੇ ਅਤੇ ਉਨ੍ਹਾਂ ਨੂੰ ਦੂਜੇ ਸ਼ਹਿਰਾਂ ’ਤੇ ਨਿਰਭਰ ਨਾ ਰਹਿਣਾ ਪਵੇ। ਇਸੇ ਲਈ ਲੇਹ ਵਿੱਚ ਇੱਕ ਵੱਡਾ ‘ਸੈਂਟਰ ਆਫ਼ ਐਕਸੀਲੈਂਸ’ ਬਣ ਰਿਹਾ ਹੈ। ਆਈਆਈਟੀ ਜੰਮੂ ਅਤੇ ਆਈਆਈਐੱਮ ਜੰਮੂ ਦੇ ਸੈਟੇਲਾਈਟ ਕੈਂਪਸ ਸਥਾਪਤ ਕਰਨ ਦੇ ਪ੍ਰਸਤਾਵ ਵੀ ਅੱਗੇ ਵਧਾਏ ਜਾ ਰਹੇ ਹਨ। ਇਨ੍ਹਾਂ ਨਾਲ ਉੱਚ ਸਿੱਖਿਆ, ਖੋਜ ਅਤੇ ਨਵੇਂ ਹੁਨਰਾਂ ਲਈ ਲੱਦਾਖ ਦੇ ਨੌਜਵਾਨਾਂ ਨੂੰ ਆਪਣੇ ਹੀ ਖੇਤਰ ਵਿੱਚ ਬਿਹਤਰ ਮੌਕੇ ਮਿਲ ਸਕਣਗੇ।
ਸਾਥੀਓ,
ਲੱਦਾਖ ਵਿੱਚ ਖੇਡਾਂ ਦੀਆਂ ਵੀ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਇੱਥੋਂ ਦੇ ਨੌਜਵਾਨਾਂ ਨੇ ਆਈਸ ਹਾਕੀ, ਸਰਦ ਰੁੱਤ ਦੀਆਂ ਖੇਡਾਂ ਅਤੇ ਪਰਬਤਾਰੋਹਣ ਵਰਗੇ ਖੇਤਰਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਮੈਨੂੰ ਖ਼ੁਸ਼ੀ ਹੈ ਕਿ ਲੱਦਾਖ ਵਿੱਚ ਨਵੀਂ ਖੇਡ ਨੀਤੀ ਰਾਹੀਂ ਖੇਡ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਾਡਾ ਯਤਨ ਹੈ ਕਿ ਇੱਥੋਂ ਦੇ ਨੌਜਵਾਨਾਂ ਨੂੰ ਬਿਹਤਰ ਸਿਖਲਾਈ ਅਤੇ ਸਹੂਲਤਾਂ ਮਿਲਣ ਅਤੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਵੀਆਂ ਪ੍ਰਾਪਤੀਆਂ ਹਾਸਲ ਕਰਨ।
ਸਾਥੀਓ,
ਲੱਦਾਖ ਵਿੱਚ ਤੁਸੀਂ ਸਾਰੇ ਆਪਣੀ ਮਿਹਨਤ ਨਾਲ ਜੋ ਉਤਪਾਦ ਬਣਾਉਂਦੇ ਹੋ, ਉਹ ਬਹੁਤ ਵਧੀਆ ਹੁੰਦੇ ਹਨ। ਤੁਸੀਂ ਤਾਂ ਜਾਣਦੇ ਹੀ ਹੋ ਕਿ ਜਦੋਂ ਮੈਂ ਵਿਦੇਸ਼ੀ ਮਹਿਮਾਨਾਂ ਨੂੰ ਮਿਲਦਾ ਹਾਂ, ਤਾਂ ਅਕਸਰ ਲੱਦਾਖ ਵਿੱਚ ਬਣੀਆਂ ਚੀਜ਼ਾਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਤੁਹਾਡੇ ਬਾਰੇ ਵੀ ਜ਼ਰੂਰ ਦੱਸਦਾ ਹਾਂ। ਮੈਂ ਜਰਮਨੀ ਦੀ ਚਾਂਸਲਰ, ਸਵੀਡਨ ਦੇ ਪ੍ਰਧਾਨ ਮੰਤਰੀ ਅਤੇ ਕਿਰਗਿਸਤਾਨ ਦੇ ਰਾਸ਼ਟਰਪਤੀ ਜੀ ਨੂੰ ਲੱਦਾਖ ਵਿੱਚ ਬਣੇ ਉਤਪਾਦ ਤੋਹਫ਼ੇ ਵਜੋਂ ਦਿੱਤੇ ਹਨ। ਇੱਥੋਂ ਦੀ ਪਸ਼ਮੀਨਾ, ਸੀ-ਬਕਥੌਰਨ ਅਤੇ ਸਥਾਨਕ ਦਸਤਕਾਰੀ ਦੀਆਂ ਵਸਤਾਂ, ਖੁਰਮਾਨੀ ਵਰਗੇ ਫਲਾਂ ਵਿੱਚ ਵਪਾਰ ਦੀਆਂ ਕਿੰਨੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸੇ ਲਈ ਅਸੀਂ ਲੱਦਾਖ ਦੀ ਖੁਰਮਾਨੀ ਨੂੰ ਜੀਆਈ ਟੈਗ ਦਿੱਤਾ ਹੈ। ਅੱਜ ਇਸ ਦੀ ਦੁਨੀਆ ਭਰ ਵਿੱਚ ਮੰਗ ਵਧ ਰਹੀ ਹੈ। ਸਾਡਾ ਯਤਨ ਹੈ ਕਿ ਇੱਥੋਂ ਦੇ ਉਤਪਾਦਾਂ ਨੂੰ ਨਵੇਂ ਬਾਜ਼ਾਰ ਮਿਲਣ, ਉਨ੍ਹਾਂ ਦੀ ਬਿਹਤਰ ਬ੍ਰਾਂਡਿੰਗ ਹੋਵੇ ਅਤੇ ਉਨ੍ਹਾਂ ਦਾ ਲਾਭ ਸਿੱਧਾ ਉਤਪਾਦਕਾਂ ਤੱਕ ਪਹੁੰਚੇ। ਸਾਡਾ ਵਿਸ਼ੇਸ਼ ਧਿਆਨ ਚਾਂਗਪਾ ਭਾਈਚਾਰੇ ਦੇ ਪਸ਼ੂ ਪਾਲਕਾਂ ’ਤੇ ਵੀ ਹੈ। ਉਨ੍ਹਾਂ ਦੀ ਮਿਹਨਤ ਅਤੇ ਰਵਾਇਤੀ ਹੁਨਰ ਨਾਲ ਜੁੜੀ ਪਸ਼ਮੀਨਾ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਲੱਦਾਖ ਵਿੱਚ ਹੁਣ ਉੱਚਾਈ ਵਾਲੇ ਖੇਤਰਾਂ ਵਿੱਚ ਫੁੱਲਾਂ ਦੀ ਵਪਾਰਕ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਾਥੀਓ,
ਲੱਦਾਖ ਦੀ ਸੱਭਿਆਚਾਰਕ ਵਿਰਾਸਤ ਸਾਡੇ ਦੇਸ਼ ਦੀ ਅਨਮੋਲ ਧਰੋਹਰ ਹੈ। ਇੱਥੋਂ ਦੇ ਪੁਰਾਤਨ ਮੱਠਾਂ, ਬੋਧੀ ਪਰੰਪਰਾਵਾਂ ਅਤੇ ਇੱਥੋਂ ਦੇ ਤਿਉਹਾਰਾਂ ਨੂੰ ਸੰਭਾਲਣਾ ਅਤੇ ਅਗਲੀ ਪੀੜ੍ਹੀ ਲਈ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਦਿਸ਼ਾ ਵਿੱਚ ਪੂਜਨੀਕ ਕੁਸ਼ੋਕ ਬਕੁਲਾ ਰਿੰਪੋਚੇ ਜੀ ਦਾ ਯੋਗਦਾਨ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ। ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਦੁਨੀਆ ਭਰ ਦੇ ਲੋਕ ਲੱਦਾਖ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਤੋਂ ਜਾਣੂ ਹੋਣ। ਇਸੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਅੱਜ ਲੇਹ ਵਿੱਚ ਭਾਰਤ ਦੇ ਪਹਿਲੇ ਪੈਟਰੋਗਲਿਫ ਕੰਜ਼ਰਵੇਸ਼ਨ ਪਾਰਕ ਦਾ ਉਦਘਾਟਨ ਹੋਇਆ ਹੈ। ਇਸ ਨਾਲ ਲੱਦਾਖ ਦੀ ਇਸ ਪੁਰਾਤਨ ਵਿਰਾਸਤ ਨੂੰ ਸੰਭਾਲਣ ਦੇ ਯਤਨਾਂ ਨੂੰ ਹੋਰ ਹੁਲਾਰਾ ਮਿਲੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਇਸ ਵਿਰਾਸਤ ਨੂੰ ਜਾਣ ਸਕਣਗੀਆਂ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਲੋਕ ਵੀ ਲੱਦਾਖ ਦੇ ਅਮੀਰ ਇਤਿਹਾਸ ਤੋਂ ਜਾਣੂ ਹੋ ਸਕਣਗੇ।
ਸਾਥੀਓ,
ਮੈਨੂੰ ਭਰੋਸਾ ਹੈ ਕਿ ਅਸੀਂ ਸਾਰੇ ਰਲ਼ ਮਿਲ ਕੇ ਲੱਦਾਖ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਕੇ ਜਾਵਾਂਗੇ। ਇਸੇ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਵਿਕਾਸ ਦੇ ਅਨੇਕਾਂ ਕਾਰਜਾਂ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ। ਜੁਲੇ!
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
A big day for Ladakh! Projects worth around Rs. 3,350 crore are set to give the region's development fresh momentum. https://t.co/ADbqwCGmiS
— Narendra Modi (@narendramodi) October 15, 2026
आज लद्दाख में कई अहम development projects का लोकार्पण हुआ है। इन परियोजनाओं से कहीं लोगों का सफर आसान होगा, कहीं बिजली की सुविधाएं बेहतर होंगी, कहीं पानी की उपलब्धता बढ़ेगी और हमारी प्राचीन विरासत के संरक्षण को भी नई ताकत मिलेगी: PM @narendramodi
— PMO India (@PMOIndia) October 15, 2026
हमारा विशेष ध्यान लद्दाख की नई पीढ़ी पर है। यहां के युवाओं को अच्छी शिक्षा मिले, नई technology सीखने का अवसर मिले और उन्हें दूसरे शहरों पर निर्भर न रहना पड़े। लेह में इसलिए एक बड़ा centre of excellence बन रहा है: PM @narendramodi
— PMO India (@PMOIndia) October 15, 2026
लद्दाख में नई sports policy के माध्यम से खेल प्रतिभाओं को आगे बढ़ाने का प्रयास किया जा रहा है। हमारा प्रयास है कि यहां के युवाओं को बेहतर training और सुविधाएं मिलें और वो राष्ट्रीय तथा अंतरराष्ट्रीय स्तर पर नई उपलब्धियां हासिल करें: PM @narendramodi
— PMO India (@PMOIndia) October 15, 2026