Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੀ ਸਵੈ-ਜੀਵਨੀ ਦੇ ਰਿਲੀਜ਼ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

PM's speech during release of former President Shri Ram Nath Kovind's autobiography


ਸਾਡੇ ਸਾਬਕਾ ਰਾਸ਼ਟਰਪਤੀ ਸ਼੍ਰੀਮਾਨ ਰਾਮਨਾਥ ਕੋਵਿੰਦ ਜੀ, ਲੋਕ ਸਭਾ ਦੇ ਸਪੀਕਰ ਸਤਿਕਾਰਯੋਗ ਓਮ ਬਿਰਲਾ ਜੀ, ਸ਼੍ਰੀਮਤੀ ਸਵਿਤਾ ਕੋਵਿੰਦ ਜੀ, ਹਾਲ ਵਿੱਚ ਸਾਰੇ ਸੀਨੀਅਰ ਸੱਜਣ ਬੈਠੇ ਹਨ, ਸਭ ਦਾ ਜ਼ਿਕਰ ਨਹੀਂ ਕਰ ਸਕਾਂਗਾ, ਪਰ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਇਹ ਇੱਕ ਪਰਿਵਾਰਕ ਪ੍ਰੋਗਰਾਮ ਲੱਗ ਰਿਹਾ ਹੈ।

ਭਰਾਵੋ ਅਤੇ ਭੈਣੋ,

ਅੱਜ ਸਾਨੂੰ ਸ਼੍ਰੀ ਰਾਮਨਾਥ ਕੋਵਿੰਦ ਜੀ ਦੀ ਸਵੈ-ਜੀਵਨੀ ਦੇ ਰਿਲੀਜ਼ ਦਾ ਮੌਕਾ ਮਿਲਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੋਵਿੰਦ ਜੀ ਨਾਲ ਮੇਰੀ ਬਹੁਤ ਲੰਬੀ ਸਾਂਝ ਰਹੀ ਹੈ, ਉਨ੍ਹਾਂ ਨੂੰ ਨੇੜਿਓਂ ਜਾਣਨ ਦਾ ਵੀ ਮੌਕਾ ਮਿਲਿਆ ਅਤੇ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਮਾਰਗਦਰਸ਼ਨ ਅਤੇ ਇਸ ਸਭ ਦੇ ਨਾਲ-ਨਾਲ ਉਨ੍ਹਾਂ ਦਾ ਮੇਰੇ ਪ੍ਰਤੀ ਵਿਸ਼ੇਸ਼ ਪਿਆਰ, ਉਨ੍ਹਾਂ ਦਾ ਆਪਣਾਪਣ, ਇਹ ਮੇਰੀ ਬਹੁਤ ਵੱਡੀ ਪੂੰਜੀ ਰਹੀ ਹੈ। ਮੈਂ ਉਨ੍ਹਾਂ ਦੇ ਜੀਵਨ ਨੂੰ ਜਿੰਨਾ ਸਮਝਿਆ ਹੈ, ਉਨ੍ਹਾਂ ਦੀਆਂ ਕਾਰਜ-ਕੁਸ਼ਲਤਾਵਾਂ ਨੂੰ ਜਿੰਨਾ ਜਾਣਿਆ ਹੈ, ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸ਼੍ਰੀ ਰਾਮਨਾਥ ਕੋਵਿੰਦ ਜੀ ਦੀ ਸਵੈ-ਜੀਵਨੀ ਆਪਣੇ ਆਪ ਵਿੱਚ ਭਾਰਤੀ ਲੋਕਤੰਤਰ ਅਤੇ ਭਾਰਤੀ ਸਮਾਜ ਲਈ ਇੱਕ ਵਿਰਾਸਤ ਬਣੇਗੀ। ਕੋਵਿੰਦ ਜੀ ਦੀ ਜੀਵਨ ਯਾਤਰਾ, ਸਮਾਜ ਅਤੇ ਰਾਸ਼ਟਰ ਲਈ ਉਨ੍ਹਾਂ ਦਾ ਯੋਗਦਾਨ, ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਮੈਂ ਵਿਸਥਾਰ ਨਾਲ ਗੱਲ ਕਰ ਸਕਦਾ ਹਾਂ, ਪਰ ਬੁੱਕ ਰਿਲੀਜ਼ ਵਿੱਚ ਸਿਰਫ਼ ‘ਕਰਟਨ ਰੇਜ਼ਰ’ ਹੀ ਹੋਣਾ ਚਾਹੀਦਾ ਹੈ। ਤੁਸੀਂ ਸਾਰੇ ਕਿਤਾਬ ਦਾ ਪੂਰਾ ਲਾਭ ਪੜ੍ਹ ਕੇ ਹੀ ਲਵੋ, ਤਾਂ ਹੀ ਜ਼ਿਆਦਾ ਚੰਗਾ ਹੈ।

ਸਾਥੀਓ,

ਕੋਵਿੰਦ ਜੀ ਦੀ ਜੀਵਨ ਯਾਤਰਾ ਨੂੰ ਤੁਸੀਂ ਉਨ੍ਹਾਂ ਦੇ ਸ਼ਬਦਾਂ ਵਿੱਚ ਜਾਣੋ, ਉਨ੍ਹਾਂ ਦੀ ਲੇਖਣੀ ਨੂੰ, ਉਨ੍ਹਾਂ ਦੇ ਤਜਰਬਿਆਂ ਨੂੰ ਦੇਸ਼ ਦੀ ਨਵੀਂ ਪੀੜ੍ਹੀ ਪੜ੍ਹੇ, ਇਸ ਨਾਲ ਹਰ ਕਿਸੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮੈਂ ਰਾਮਨਾਥ ਕੋਵਿੰਦ ਜੀ ਨੂੰ ਇਸ ਸਵੈ-ਜੀਵਨੀ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕੋਵਿੰਦ ਜੀ ਨੇ ਆਪਣੀ ਇਸ ਕਿਤਾਬ ਨੂੰ ਬਹੁਤ ਹੀ ਢੁਕਵਾਂ ਨਾਂ ਦਿੱਤਾ ਹੈ- “Triumph of the Indian Republic: My Life, My Struggles” ਕਹਿਣ ਦਾ ਭਾਵ ਇਹ ਹੈ ਕਿ ਜੀਵਨ ਅਤੇ ਜੀਵਨ ਦੇ ਸੰਘਰਸ਼ ਉਨ੍ਹਾਂ ਦੇ ਨਿੱਜੀ ਹਨ, ਪਰ ਉਨ੍ਹਾਂ ਸੰਘਰਸ਼ਾਂ ਦੇ ਨਤੀਜੇ ਵਜੋਂ ਮਿਲੀ ਜਿੱਤ, ਭਾਰਤ ਦੇ ਗਣਰਾਜ ਦੀ ਹੈ, ਭਾਰਤ ਦੇ ਲੋਕਤੰਤਰ ਦੀ ਹੈ।

ਸਾਥੀਓ,

ਅਸੀਂ ਸਾਰੇ ਅਕਸਰ ਅਨੁਭਵ ਕਰਦੇ ਹਾਂ ਕਿ ਮਨੁੱਖ ਦਾ ਇੱਕ ਸੁਭਾਅ ਹੁੰਦਾ ਹੈ, ਲੋਕ ਆਪਣੀ ਸਫ਼ਲਤਾ ਦਾ ਸਿਹਰਾ ਖ਼ੁਦ ਸਿਰ ਲੈਂਦੇ ਹਨ ਅਤੇ ਜੀਵਨ ਦੀਆਂ ਮੁਸ਼ਕਲਾਂ ਲਈ, ਔਕੜਾਂ ਲਈ ਸਮਾਜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਪਰ, ਜਦੋਂ ਦਿਲ ਉਦਾਰ ਹੋਵੇ, ਭਾਰਤੀ ਸੰਸਕਾਰ ਹੋਣ, ਉਦੋਂ ਵਿਅਕਤੀ ਸਮਾਜ ਦੀਆਂ ਕਮੀਆਂ ਕੱਢਣ ਵਿੱਚ ਸਮਾਂ ਨਹੀਂ ਗੁਆਉਂਦਾ, ਉਹ ਉਸ ਦੇ ਸਕਾਰਾਤਮਿਕ ਪੱਖ ‘ਤੇ ਧਿਆਨ ਕੇਂਦਰਿਤ ਕਰਦਾ ਹੈ, ਉਹ ਆਪਣੀ ਸਫ਼ਲਤਾ ਵਿੱਚ ਸਮਾਜ ਨੂੰ ਬਰਾਬਰ ਦਾ ਭਾਈਵਾਲ ਮੰਨਦਾ ਹੈ। ਕੋਵਿੰਦ ਜੀ ਦੀ ਸਵੈ-ਜੀਵਨੀ ਅਤੇ ਉਸ ਦਾ ਸਿਰਲੇਖ ਇਸ ਦੀਆਂ ਮਿਸਾਲਾਂ ਹਨ। ਤੁਸੀਂ ਉਨ੍ਹਾਂ ਦਾ ਜੀਵਨ ਦੇਖੋ, ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚ, ਕਾਨਪੁਰ ਦਿਹਾਤੀ ਵਿੱਚ ਉਨ੍ਹਾਂ ਦਾ ਜਨਮ ਹੋਇਆ। ਕੋਵਿੰਦ ਜੀ ਨੇ ਅਜੇ ਵੀ ਕੁਝ ਜ਼ਿਕਰ ਕੀਤਾ ਅਤੇ ਆਪਣੀ ਕਿਤਾਬ ਵਿੱਚ ਵੀ ਲਿਖਿਆ ਹੈ, ਕਿਵੇਂ ਗਰਮੀ ਦੇ ਮੌਸਮ ਵਿੱਚ ਇੱਕ ਦਿਨ ਉਨ੍ਹਾਂ ਦੇ ਘਰ ਵਿੱਚ ਅੱਗ ਲੱਗ ਗਈ, ਉਨ੍ਹਾਂ ਦੀ ਮਾਂ ਆਪਣੀ ਚਿੰਤਾ ਛੱਡ ਕੇ ਘਰ ਦੀਆਂ ਚੀਜ਼ਾਂ ਨੂੰ ਬਚਾ ਰਹੀ ਸੀ। ਆਖ਼ਰ, ਇੱਕ ਸਾਧਾਰਨ ਪਰਿਵਾਰ ਵਿੱਚ, ਮਾਂ ਲਈ ਇੱਕ-ਇੱਕ ਚੀਜ਼ ਬੱਚਿਆਂ ਦੇ ਪਾਲਣ-ਪੋਸ਼ਣ ਦਾ ਜ਼ਰ੍ਹੀਆ ਹੁੰਦੀ ਹੈ। ਉਸੇ ਕੋਸ਼ਿਸ਼ ਵਿੱਚ, ਅੱਗ ਵਿੱਚ ਫਸ ਕੇ ਉਨ੍ਹਾਂ ਦੀ ਮਾਤਾ ਜੀ ਦੀ ਮੌਤ ਹੋ ਗਈ। ਤੁਸੀਂ ਕਲਪਨਾ ਕਰ ਸਕਦੇ ਹੋ, ਛੋਟੀ ਜਿਹੀ ਉਮਰ ਵਿੱਚ ਇਸ ਤਰ੍ਹਾਂ ਦੀ ਘਟਨਾ, ਮਾਂ ਨੂੰ ਇਸ ਤਰ੍ਹਾਂ ਗੁਆ ਦੇਣਾ, ਇਹ ਕਿੰਨਾ ਦਰਦਨਾਕ ਰਿਹਾ ਹੋਵੇਗਾ। ਮੈਂ ਤਾਂ ਕਿਸਮਤ ਵਾਲਾ ਰਿਹਾ ਹਾਂ, ਮੇਰੀ ਮਾਂ 100 ਸਾਲ ਤੋਂ ਵੀ ਵੱਧ ਜਿਊਂਦੀ ਰਹੀ ਅਤੇ ਮੈਨੂੰ ਅਸ਼ੀਰਵਾਦ ਦਿੰਦੀ ਰਹੀ। ਉਸ ਦੇ ਬਾਵਜੂਦ ਵੀ, ਅੱਜ ਵੀ ਮੈਂ ਮਾਂ ਦੀ ਕਮੀ ਮਹਿਸੂਸ ਕਰਦਾ ਹਾਂ।

ਸਾਥੀਓ,

ਉਨ੍ਹਾਂ ਦੇ ਜੀਵਨ ਦੀ ਇੱਕ ਅਜਿਹੀ ਦਰਦਨਾਕ ਇਹ ਘਟਨਾ ਸੀ, ਕੋਈ ਵੀ ਇਸ ਨਾਲ ਟੁੱਟ ਸਕਦਾ ਸੀ, ਪਰ ਕੋਵਿੰਦ ਜੀ ਨੂੰ ਉਨ੍ਹਾਂ ਮੁਸ਼ਕਲਾਂ ਨੇ ਮਜ਼ਬੂਤ ਕੀਤਾ। ਗੁਆਂਢ ਦੀ ਇੱਕ ਮਾਤਾ ਜੀ ਨੇ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਮਦਦ ਕੀਤੀ। ਇਸ ਨਾਲ ਉਨ੍ਹਾਂ ਨੇ ਸਮਾਜ ਦੀ ਏਕਤਾ ਅਤੇ ਭਾਈਚਾਰਕ ਸਾਂਝ ਦੀ ਤਾਕਤ ਨੂੰ ਸਮਝਿਆ। ਇਸ ਘਟਨਾ ਤੋਂ ਬਾਅਦ ਕੋਵਿੰਦ ਜੀ ਦੇ ਜੀਵਨ ਵਿੱਚ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਹੋਰ ਵੀ ਵੱਡੀ ਹੋ ਗਈ ਅਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਸੰਸਕਾਰ ਦਿੱਤੇ, ਇਸੇ ਲਈ, ਕੋਵਿੰਦ ਜੀ ਆਪਣੇ ਪਿਤਾ ਨੂੰ ਆਪਣਾ ਹੀਰੋ ਮੰਨਦੇ ਹਨ।

ਸਾਥੀਓ,

ਬਚਪਨ ਦੇ ਇਨ੍ਹਾਂ ਸੰਘਰਸ਼ਾਂ ਦੇ ਵਿਚਕਾਰ ਕੋਵਿੰਦ ਜੀ ਨੇ ਸਿੱਖਿਆ ਨੂੰ ਆਪਣੀ ਤਾਕਤ ਨੂੰ ਵਧਾਉਣ ਦਾ ਮਾਰਗ ਬਣਾਇਆ। ਉਨ੍ਹਾਂ ਨੇ ਮਿਹਨਤ ਕੀਤੀ, ਉਨ੍ਹਾਂ ਨੇ ਸਾਧਨਾਂ ਦੀ ਘਾਟ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ ਅਤੇ ਇੱਕ ਅਜਿਹੇ ਮੁਕਾਮ ਤੱਕ ਪਹੁੰਚੇ, ਜਿਸ ਦੀ ਕਲਪਨਾ ਵੀ ਉਦੋਂ ਲੋਕਾਂ ਨੇ ਨਹੀਂ ਕੀਤੀ ਸੀ। ਉਹ ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਰਾਸ਼ਟਰਪਤੀ ਬਣੇ।

 

ਸਾਥੀਓ,

ਇੰਨੇ ਵੱਡੇ ਅਹੁਦੇ ‘ਤੇ ਪਹੁੰਚਣ ਤੋਂ ਬਾਅਦ ਵੀ ਕੋਵਿੰਦ ਜੀ ਦੀ ਨਿਮਰ ਸ਼ਖ਼ਸੀਅਤ, ਉਨ੍ਹਾਂ ਦੀ ਸਾਦਗੀ ਇਸੇ ਤਰ੍ਹਾਂ ਹੀ ਕਾਇਮ ਰਹੀ। ਮੈਨੂੰ ਯਾਦ ਹੈ ਪ੍ਰਧਾਨ ਮੰਤਰੀ ਦੇ ਤੌਰ ‘ਤੇ ਮੈਂ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਮਿਲਣ ਜਾਂਦਾ ਸੀ। ਪ੍ਰੋਟੋਕੋਲ ਦੇ ਹਿਸਾਬ ਨਾਲ ਜੋ ਗੱਲਾਂ ਨਹੀਂ ਹੋ ਸਕਦੀਆਂ, ਉਹ ਗੱਲਾਂ ਉਹ ਕਰਦੇ ਸਨ। ਉਹ ਪ੍ਰਧਾਨ ਮੰਤਰੀ ਨੂੰ ਛੱਡਣ ਲਈ ਗੱਡੀ ਦੇ ਦਰਵਾਜ਼ੇ ਤੱਕ ਆਉਂਦੇ ਸਨ। ਮੈਂ ਸ਼ੁਰੂ ਵਿੱਚ ਉਨ੍ਹਾਂ ਨੂੰ ਬੇਨਤੀ ਕਰਦਾ ਰਹਿੰਦਾ ਸੀ, ਕਿਰਪਾ ਕਰਕੇ ਤੁਸੀਂ ਅਜਿਹਾ ਨਾ ਕਰੋ, ਪਰ ਉਨ੍ਹਾਂ ਨੇ ਜੀਵਨ ਦੇ ਅੰਤ ਤੱਕ ਆਪਣੀ ਉਸ ਨਿਮਰਤਾ ਨੂੰ ਕਦੇ ਨਹੀਂ ਛੱਡਿਆ। ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਉਹ ਆਪਣੇ ਪਿੰਡ ਪਰੌਂਖ ਗਏ, ਤਾਂ ਉਨ੍ਹਾਂ ਨੇ ਉੱਥੇ ਆਪਣੇ ਗੁਰੂਆਂ ਦੇ ਪੈਰ ਛੂਹ ਕੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਪਿੰਡ ਦੀ ਮਿੱਟੀ ਨੂੰ ਨਮਨ ਕਰਕੇ ਉਨ੍ਹਾਂ ਨੇ ਪਿੰਡ ਦੇ ਆਮ ਲੋਕਾਂ ਦਾ ਧੰਨਵਾਦ ਕੀਤਾ। ਪੂਰੇ ਦੇਸ਼ ਨੇ ਉਹ ਭਾਵੁਕ ਦ੍ਰਿਸ਼ ਦੇਖਿਆ ਸੀ। ਉਨ੍ਹਾਂ ਦੇ ਇਸ ਵਿਵਹਾਰ ਨੇ ਦੁਨੀਆ ਦੇ ਸਾਹਮਣੇ ਭਾਰਤ ਦੇ ਸੰਸਕਾਰਾਂ ਦੀ ਅਜਿਹੀ ਤਸਵੀਰ ਸਾਹਮਣੇ ਰੱਖੀ, ਜਿਸ ‘ਤੇ ਹਰ ਭਾਰਤੀ ਮਾਣ ਕਰਦਾ ਹੈ।

ਸਾਥੀਓ,

ਗ਼ੁਲਾਮੀ ਦੇ ਸੈਂਕੜੇ ਸਾਲਾਂ ਵਿੱਚ ਸਾਡੇ ਦੇਸ਼ ਨੇ ਆਰਥਿਕ ਅਤੇ ਸਮਾਜਿਕ ਤੌਰ ‘ਤੇ ਬਹੁਤ ਕੁਝ ਗੁਆਇਆ ਸੀ। ਸਾਡੇ ਪੂਰਵਜਾਂ ਨੇ ਸਦੀਆਂ ਤੱਕ ਸੰਘਰਸ਼ ਕੀਤਾ। ਮਹਾਤਮਾ ਗਾਂਧੀ, ਬਾਬਾ ਸਾਹਿਬ ਅੰਬੇਦਕਰ, ਜਯੋਤੀਬਾ ਫੁਲੇ, ਸਾਵਿਤਰੀਬਾਈ ਫੁਲੇ, ਅਜਿਹੀਆਂ ਕਿੰਨੀਆਂ ਹੀ ਮਹਾਨ ਸ਼ਖ਼ਸੀਅਤਾਂ ਨੇ ਭਾਰਤ ਦੇ ਨਵ-ਨਿਰਮਾਣ ਦਾ ਸੁਪਨਾ ਦੇਖਿਆ ਸੀ। ਇੱਕ ਅਜਿਹਾ ਭਾਰਤ ਜਿੱਥੇ ਗ਼ਰੀਬ ਤੋਂ ਗ਼ਰੀਬ, ਵਾਂਝੇ ਤੋਂ ਵਾਂਝੇ ਵਿਅਕਤੀ ਨੂੰ ਸਿਖਰ ਤੱਕ ਪਹੁੰਚਣ ਦਾ ਮੌਕਾ ਮਿਲ ਸਕੇ। ਕੋਵਿੰਦ ਜੀ ਵਰਗੀਆਂ ਸ਼ਖ਼ਸੀਅਤਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕੇਵਲ ਖ਼ੁਦ ਦਾ ਜੀਵਨ ਹੀ ਬਦਲਿਆ, ਇੰਨਾ ਨਹੀਂ ਹੈ, ਉਨ੍ਹਾਂ ਨੇ ਸਦੀਆਂ ਦੇ ਉਸ ਸੁਪਨੇ ਨੂੰ, ਉਸ ਦ੍ਰਿਸ਼ਟੀਕੋਣ ਨੂੰ ਵੀ ਪੂਰਾ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਅਤੇ ਇਸ ਦਿਸ਼ਾ ਵਿੱਚ ਸਾਡੇ ਸਭ ਦੇ ਯਤਨ ਅਜੇ ਵੀ ਜਾਰੀ ਹਨ। ਸਾਨੂੰ ਭਵਿੱਖ ਵਿੱਚ ਕੋਵਿੰਦ ਜੀ ਵਰਗੇ ਅਨੇਕਾਂ ਨੌਜਵਾਨ ਚਾਹੀਦੇ ਹਨ, ਜੋ ਪਰੇਸ਼ਾਨੀਆਂ ਤੋਂ ਹਾਰ ਨਾ ਮੰਨਣ, ਜੋ ਮੁਸ਼ਕਲਾਂ ਦੇ ਸਾਹਮਣੇ ਨਿਰਾਸ਼ ਨਾ ਹੋਣ, ਸਗੋਂ ਆਪਣੀ ਮਿਹਨਤ ਨਾਲ ਹਰ ਮੰਜ਼ਿਲ ਨੂੰ ਆਸਾਨ ਬਣਾਉਣ ਦਾ ਹੌਸਲਾ ਰੱਖਣ। ਇਸੇ ਬਦਲਾਅ ਨਾਲ ਸਸ਼ਕਤ ਭਾਰਤ ਦੇ ਨਿਰਮਾਣ ਦਾ ਸੰਕਲਪ ਪੂਰਾ ਹੋਵੇਗਾ। ਇੱਥੋਂ ਹੀ ਆਤਮਨਿਰਭਰ ਅਤੇ ਵਿਕਸਿਤ ਭਾਰਤ ਦਾ ਰਾਹ ਬਣੇਗਾ।

ਸਾਥੀਓ,

ਅਜਿਹੀ ਯੁਵਾ ਸ਼ਕਤੀ ਦੇ ਨਿਰਮਾਣ ਲਈ ਜੋ ਪ੍ਰੇਰਨਾ ਚਾਹੀਦੀ ਹੈ, ਕੋਵਿੰਦ ਜੀ ਦੀ ਸਵੈ-ਜੀਵਨੀ ਉਸ ਦਾ ਮਹੱਤਵਪੂਰਨ 

ਸਾਥੀਓ,

ਕੋਵਿੰਦ ਜੀ ਨੇ ਆਪਣੀ ਜੀਵਨੀ ਵਿੱਚ ਮੋਰਾਰਜੀ ਭਾਈ ਦੇਸਾਈ ਦੇ ਨਾਲ ਆਪਣੇ ਤਜਰਬਿਆਂ ਦੇ ਬਾਰੇ ਵੀ ਇਸ ਵਿੱਚ ਵਿਸਥਾਰ ਨਾਲ ਦੱਸਿਆ ਹੈ। ਕੋਵਿੰਦ ਜੀ ਦੇ ਅੰਦਰ ਦੇਸ਼ ਸੇਵਾ ਦੀ ਜੋ ਭਾਵਨਾ ਸੀ, ਮੋਰਾਰਜੀ ਭਾਈ ਨਾਲ ਕੰਮ ਕਰਕੇ ਉਨ੍ਹਾਂ ਨੂੰ ਜੋ ਸਿੱਖਣ ਨੂੰ ਮਿਲਿਆ, ਜੋ ਰਸਤਾ ਮਿਲਿਆ। ਕੋਵਿੰਦ ਜੀ ਨੇ ਰਾਜਨੀਤੀ ਅਤੇ ਸਮਾਜ ਸੇਵਾ ਨੂੰ ਆਪਣਾ ਮਾਰਗ ਬਣਾਇਆ। ਉਹ ਆਪਣੇ ਫ਼ਰਜ਼ਾਂ ਲਈ ਸਮਰਪਿਤ ਰਹੇ। ਸੇਵਾ ਨੂੰ ਉਨ੍ਹਾਂ ਨੇ ਆਪਣਾ ਟੀਚਾ ਬਣਾ ਕੇ ਕੰਮ ਕੀਤਾ। ਸੰਸਦ ਵਿੱਚ ਉਨ੍ਹਾਂ ਦਾ ਕਾਰਜਕਾਲ ਗਵਾਹ ਹੈ। ਰਾਜਪਾਲ ਵਜੋਂ ਵੀ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ। ਰਾਸ਼ਟਰਪਤੀ ਵਜੋਂ ਵੀ ਸਾਨੂੰ ਉਨ੍ਹਾਂ ਦੀ ਇਹੋ ਫ਼ਰਜ਼ ਦੀ ਭਾਵਨਾ ਦਿਖਾਈ ਦਿੰਦੀ ਰਹੀ। ਇੱਥੋਂ ਤੱਕ ਕਿ ਰਾਸ਼ਟਰਪਤੀ ਵਰਗੇ ਸਰਵਉੱਚ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਆਰਾਮ ਨਹੀਂ ਕੀਤਾ ਹੈ। ਉਹ ਅਜੇ ਵੀ ‘ਇੱਕ ਦੇਸ਼, ਇੱਕ ਚੋਣ’ (One Nation, One Election) ਵਰਗੇ ਮਹੱਤਵਪੂਰਨ ਵਿਸ਼ੇ ‘ਤੇ ਕੰਮ ਕਰ ਰਹੇ ਹਨ। ਦੇਸ਼ ਨੂੰ ਜਗਾ ਰਹੇ ਹਨ। ਇਹ ਇੱਕ ਅਜਿਹਾ ਵਿਸ਼ਾ ਹੈ, ਜਿਸ ਦਾ ਹੱਲ ਦੇਸ਼ ਦੇ ਲੋਕਤੰਤਰ ਦਾ ਨਵਾਂ ਅਧਿਆਇ ਸ਼ੁਰੂ ਕਰ ਸਕਦਾ ਹੈ। ਮੈਂ ਮੰਨਦਾ ਹਾਂ, ਕੋਵਿੰਦ ਜੀ ਦੀ ਇਸ ਫ਼ਰਜ਼ ਦੀ ਭਾਵਨਾ ਅਤੇ ਸੇਵਾ-ਭਾਵਨਾ ਤੋਂ ਦੇਸ਼ ਦੇ ਲੋਕ ਬਹੁਤ ਕੁਝ ਸਿੱਖ ਸਕਦੇ ਹਨ।

ਸਾਥੀਓ,

ਸਮਾਜਿਕ ਜੀਵਨ ਵਿੱਚ ਸਰਗਰਮ ਰਹਿੰਦੇ ਹੋਏ ਸਵੈ-ਜੀਵਨੀ ਲਈ ਸਮਾਂ ਕੱਢ ਸਕਣਾ ਬਹੁਤ ਔਖਾ ਹੁੰਦਾ ਹੈ। ਕੋਵਿੰਦ ਜੀ ਨੇ ਇਹ ਕੰਮ ਸਾਡੇ ਸਾਰਿਆਂ ਲਈ ਕੀਤਾ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਵਿੱਚ ਅਜਿਹਾ ਕਿੰਨਾ ਕੁਝ ਹੈ, ਜਿਸ ਵਿੱਚ ਗ਼ਰੀਬ ਵਾਂਝੇ ਤਬਕੇ ਤੋਂ ਆਏ ਤਮਾਮ ਲੋਕ ਆਪਣੇ ਜੀਵਨ ਦਾ ਪਰਛਾਵਾਂ ਦੇਖ ਸਕਦੇ ਹਨ। ਕਿਵੇਂ ਇੱਕ ਸਾਧਾਰਨ ਪਰਿਵਾਰ ਔਖੇ ਹਾਲਾਤਾਂ ਵਿੱਚ ਵੀ ਜੀਵਨ ਦੀ ਪਵਿੱਤਰਤਾ ਅਤੇ ਇਮਾਨਦਾਰੀ ਨਾਲ ਸਮਝੌਤਾ ਨਹੀਂ ਕਰਦਾ, ਕਿਵੇਂ ਉਹੀ ਆਦਰਸ਼ ਅੱਗੇ ਚੱਲ ਕੇ ਸਾਡੇ ਜੀਵਨ ਦਾ ਆਧਾਰ ਬਣਦੇ ਹਨ, ਸਾਡੇ ਔਖੇ ਸਮੇਂ ਦੀਆਂ ਕਦਰਾਂ-ਕੀਮਤਾਂ ਕਿਸ ਤਰ੍ਹਾਂ ਜੀਵਨ ਭਰ ਸਾਨੂੰ ਰੋਸ਼ਨੀ ਦਿੰਦੀਆਂ ਹਨ, ਕਿਵੇਂ ਇਸ ਪਵਿੱਤਰਤਾ ਤੋਂ ਸਾਨੂੰ ਰਾਸ਼ਟਰ ਸੇਵਾ ਦੀ ਸ਼ਕਤੀ ਮਿਲਦੀ ਹੈ। ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ, ਕੋਵਿੰਦ ਜੀ ਨੇ ਸਮਾਜ ਨੂੰ ਲਗਾਤਾਰ ਇਸ ਦੀ ਪ੍ਰੇਰਨਾ ਦਿੱਤੀ ਹੈ।

 

ਸਾਥੀਓ,

ਮੈਨੂੰ ਵਿਸ਼ਵਾਸ ਹੈ, ਕੋਵਿੰਦ ਜੀ ਦੀ ਸਵੈ-ਜੀਵਨੀ, ਇਸ ਵਿੱਚ ਉਨ੍ਹਾਂ ਦੇ ਜੀਵਨ ਦੀਆਂ ਹੀ ਨਹੀਂ, ਸਗੋਂ ਸਾਡੇ ਲੋਕਤੰਤਰ ਦੀਆਂ ਵੀ ਅਹਿਮ ਯਾਦਾਂ ਸੁਰੱਖਿਅਤ ਹੋਣਗੀਆਂ। ਮੈਂ ਇੱਕ ਵਾਰ ਫਿਰ ਉਨ੍ਹਾਂ ਨੂੰ ਉਨ੍ਹਾਂ ਦੀ ਸਵੈ-ਜੀਵਨੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਾਂਗਾ, ਰੀਲ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਵਿੱਚ ਇਨਫਲੂਐਂਸਰ ਤੁਹਾਨੂੰ ਖਿੱਚ ਕੇ ਕਿਤੇ ਦਾ ਕਿਤੇ ਲੈ ਜਾਂਦੇ ਹਨ। ਇਸ ਸ਼ਾਰਟਕੱਟ ਦੇ ਯੁੱਗ ਵਿੱਚ ਵੀ ਇੱਕ ਗੱਲ ਅਸੀਂ ਜ਼ਰੂਰ ਯਾਦ ਰੱਖੀਏ, ਰੇਲਵੇ ਸਟੇਸ਼ਨ ‘ਤੇ ਲਿਖਿਆ ਹੋਇਆ ਹੁੰਦਾ ਹੈ, ਕੁਝ ਲੋਕਾਂ ਨੂੰ ਪਟੜੀ ਟੱਪ ਕੇ ਜਾਣ ਦੀ ਆਦਤ ਹੁੰਦੀ ਹੈ, ਪੁਲ਼ ਤੋਂ ਨਹੀਂ ਜਾਂਦੇ ਤਾਂ ਉੱਥੇ ਲਿਖਿਆ ਹੁੰਦਾ ਹੈ, ਸ਼ਾਰਟਕੱਟ ਤੁਹਾਨੂੰ ਛੋਟਾ ਕਰ ਦੇਵੇਗਾ ਅਤੇ ਜੇ ਸ਼ਾਰਟਕੱਟ ਦੇ ਰਸਤੇ ਤੋਂ ਵੀ ਕਿਤੇ ਬਾਹਰ ਨਿਕਲਣਾ ਹੈ, ਤਾਂ ਮੈਂ ਨੌਜਵਾਨਾਂ ਨੂੰ ਕਹਾਂਗਾ ਤੁਹਾਨੂੰ ਜਿਸ ਦੀ ਵੀ ਪਸੰਦ ਹੋਵੇ ਸਵੈ-ਜੀਵਨੀ ਜ਼ਰੂਰ ਪੜ੍ਹੋ। ਸਵੈ-ਜੀਵਨੀ ਉਸ ਸਮੇਂ ਦੇ ਇਤਿਹਾਸ ਦੀਆਂ ਘਟਨਾਵਾਂ ਨੂੰ ਇੱਕ ਵੱਖਰੇ ਤਰੀਕੇ ਨਾਲ ਸਮਝਣ ਦਾ ਮੌਕਾ ਦਿੰਦੀ ਹੈ। ਇਤਿਹਾਸ ਦੇ ਬਹੁਤ ਨੇੜੇ ਹੁੰਦਾ ਹੈ ਉਹ ਸਮਾਂ-ਕਾਲ ਜੀਵਨੀ ਦਾ ਅਤੇ ਇਸ ਲਈ ਮੈਂ ਜ਼ਰੂਰ ਚਾਹਾਂਗਾ ਕਿ ਕੋਵਿੰਦ ਜੀ ਦੀ ਜੋ ਮਿਹਨਤ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਵੇ, ਨੌਜਵਾਨ ਪੀੜ੍ਹੀ ਦੇ ਵਿਸ਼ੇਸ਼ ਰੂਪ ਵਿੱਚ ਕੰਮ ਆਵੇ। ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

*****

 

ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਆਰਕੇ