Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਪੰਜਾਬੀ ਅਨੁਵਾਦ: “ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ: ਸੰਮਲਿਤ ਆਲਮੀ ਵਿਕਾਸ ਦੇ ਭਵਿੱਖ ਨੂੰ ਰੂਪ ਦੇਣਾ”

18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਪੰਜਾਬੀ ਅਨੁਵਾਦ: “ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ: ਸੰਮਲਿਤ ਆਲਮੀ ਵਿਕਾਸ ਦੇ ਭਵਿੱਖ ਨੂੰ ਰੂਪ ਦੇਣਾ”


ਮਾਣਯੋਗ ਹਸਤੀਆਂ,

ਪਤਵੰਤੇ ਸੱਜਣੋ,

ਨਮਸਕਾਰ।

ਬ੍ਰਿਕਸ ਦੇ ਵਿਸਥਾਰਤ ਪਰਿਵਾਰ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ।

ਅੱਜ ਇਹ ਆਡੀਟੋਰੀਅਮ ਵੱਖ-ਵੱਖ ਮਹਾਦੀਪਾਂ, ਸੱਭਿਆਚਾਰਾਂ ਅਤੇ ਵਿਕਾਸ ਯਾਤਰਾਵਾਂ ਨੂੰ ਇੱਕ ਮੰਚ ’ਤੇ ਇਕੱਠਾ ਕਰ ਰਿਹਾ ਹੈ। ਇਹ ਬ੍ਰਿਕਸ ਦੀ ਵਧਦੀ ਤਾਕਤ, ਆਕਰਸ਼ਣ ਅਤੇ ਬੇਮਿਸਾਲ ਭਰੋਸੇ ਦਾ ਸਬੂਤ ਹੈ।

ਸਾਥੀਓ,

ਭਾਰਤ ਦੀ ਅਗਵਾਈ ਹੇਠ ਅਸੀਂ ਸਾਰੇ ਯਤਨਾਂ ਨੂੰ ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ—ਇਨ੍ਹਾਂ ਚਾਰ ਥੰਮ੍ਹਾਂ ’ਤੇ ਕੇਂਦਰਿਤ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਅਤੇ ਸਾਥ ਨਾਲ ਅਸੀਂ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਆਪਸੀ ਲਾਭ ਵਾਲੇ ਸਹਿਯੋਗ ਵਿੱਚ ਬਦਲ ਸਕੇ ਹਾਂ।

ਅੱਜ ਦੁਨੀਆ ਵਿੱਚ ਤਣਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਸ ਦਾ ਆਮ ਮਨੁੱਖ ਦੇ ਜੀਵਨ ’ਤੇ ਬਹੁਤ ਨਕਾਰਾਤਮਕ ਅਸਰ ਵੀ ਪੈ ਰਿਹਾ ਹੈ ਅਤੇ ਵਿਆਪਕ ਪ੍ਰਭਾਵ ਵੀ ਹੋ ਰਿਹਾ ਹੈ।

ਮਹਾਮਾਰੀਆਂ, ਜਲਵਾਯੂ ਆਫ਼ਤਾਂ ਅਤੇ ਸਪਲਾਈ-ਲੜੀ ਵਿੱਚ ਰੁਕਾਵਟਾਂ ਨੇ ਦਿਖਾਇਆ ਹੈ ਕਿ ਅੱਜ ਦੀ ਆਪਸ ਵਿੱਚ ਜੁੜੀ ਹੋਈ ਦੁਨੀਆ ਵਿੱਚ ਕੋਈ ਵੀ ਸੰਕਟ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਰਹਿੰਦਾ। ਇਸ ਲਈ ਅਸੀਂ ਬ੍ਰਿਕਸ ਸਮੂਹ ਵਿੱਚ ਲਚਕਤਾ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਚੁਣੌਤੀਆਂ ਦੀ ਸਮੇਂ ਸਿਰ ਪਛਾਣ ਕਰਨਾ, ਉਨ੍ਹਾਂ ਲਈ ਤਿਆਰ ਰਹਿਣਾ ਅਤੇ ਤੁਰੰਤ ਕਾਰਵਾਈ ਕਰਨਾ ਵੀ ਓਨਾ ਹੀ ਜ਼ਰੂਰੀ ਹੈ।

ਇਸੇ ਸੋਚ ਦੇ ਨਾਲ, ਸੰਕਰਾਮਕ ਬਿਮਾਰੀਆਂ ਦੀ ਰੋਕਥਾਮ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਬ੍ਰਿਕਸ ਏਕੀਕ੍ਰਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਸਬੰਧੀ ਸਹਿਮਤੀ ਬਣੀ ਹੈ। ਆਫ਼ਤ ਪ੍ਰਬੰਧਨ ਲਈ ਸ਼ੁਰੂਆਤੀ ਚੇਤਾਵਨੀ ਅੰਕੜਾ ਏਕੀਕਰਨ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ। ਬ੍ਰਿਕਸ ਲੌਜਿਸਟਿਕਸ ਸਪਲਾਈ ਲੜੀ ਸਹਿਯੋਗ ਢਾਂਚਾ ਸਾਡੀਆਂ ਸਪਲਾਈ ਲੜੀਆਂ ਨੂੰ ਵਧੇਰੇ ਭਰੋਸੇਮੰਦ ਅਤੇ ਲਚਕੀਲਾ ਬਣਾਉਣ ਵਿੱਚ ਸਹਾਇਕ ਹੋਵੇਗਾ।

ਸਾਥੀਓ,

ਨਵੀਨਤਾ ਦੇ ਅਧੀਨ ਬ੍ਰਿਕਸ ਇਨਕਿਊਬੇਟਰ ਨੈੱਟਵਰਕ ਸਾਡੇ ਸਟਾਰਟ ਅੱਪਸ ਅਤੇ ਇਨਕਿਊਬੇਟਰਾਂ ਨੂੰ ਆਪਸ ਵਿੱਚ ਜੋੜੇਗਾ। ਨਵੀਨਤਾਕਾਰੀ ਅਤੇ ਵੱਡੇ ਪੱਧਰ ’ਤੇ ਲਾਗੂ ਕੀਤੇ ਜਾ ਸਕਣ ਵਾਲੇ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਬ੍ਰਿਕਸ ਸਟਾਰਟਅਪ ਨਵੀਨਤਾ ਫੰਡ ਦਾ ਪ੍ਰਸਤਾਵ ਰੱਖਿਆ ਹੈ।

ਬ੍ਰਿਕਸ ਡਿਜੀਟਲ ਖੇਤੀਬਾੜੀ ਨੈੱਟਵਰਕ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ। ਇਸ ਦੇ ਮਾਧਿਅਮ ਰਾਹੀਂ ਮਸਨੂਈ ਬੁੱਧੀ, ਭੂ-ਸਥਾਨਕ ਤਕਨਾਲੋਜੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਕਿਸਾਨਾਂ ਦੀਆਂ ਅਸਲ ਲੋੜਾਂ ਨਾਲ ਜੋੜਿਆ ਜਾਵੇਗਾ।

ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜਾਂ ਨੂੰ ਹਥਿਆਰ ਵਜੋਂ ਵਰਤਣਾ ਸਾਡੀ ਸਾਂਝੀ ਤਰੱਕੀ ਵਿੱਚ ਰੁਕਾਵਟ ਬਣ ਸਕਦਾ ਹੈ। ਇਸ ਲਈ ਅਸੀਂ ਤਕਨਾਲੋਜੀ ਨੂੰ ਅਪਣਾਉਣ ਵਿੱਚ ਸਮਾਵੇਸ਼ ’ਤੇ ਜ਼ੋਰ ਦਿੱਤਾ ਹੈ।

ਸਾਥੀਓ,

ਭਾਰਤ ਨੇ ਬ੍ਰਿਕਸ ਦੇ ਮੰਚ ਤੋਂ ਮਿੱਤਰਤਾ, ਭਾਗੀਦਾਰੀ ਅਤੇ ਸਹਿਯੋਗ ਨੂੰ ਅੱਗੇ ਵਧਾਇਆ ਹੈ।

ਸਾਡਾ ਯਤਨ ਰਿਹਾ ਹੈ ਕਿ ਬ੍ਰਿਕਸ ਸਹਿਯੋਗ ਸਿਰਫ਼ ਸਰਕਾਰਾਂ ਤੱਕ ਸੀਮਤ ਨਾ ਰਹੇ। ਸਾਡੇ ਉੱਦਮੀ, ਕਿਸਾਨ, ਖੋਜਕਰਤਾ, ਮਹਿਲਾਵਾਂ, ਨੌਜਵਾਨ ਅਤੇ ਆਮ ਨਾਗਰਿਕ ਵੀ ਇਸ ਦੇ ਸਰਗਰਮ ਭਾਗੀਦਾਰ ਬਣਨ।

ਅਸੀਂ ‘ਬ੍ਰਿਕਸ ਕਨੈਕਟ’ ਰਾਹੀਂ ਹੁਨਰ, ਰੋਜ਼ਗਾਰ ਯੋਗਤਾ, ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ, ਸਮਾਜਿਕ ਸੁਰੱਖਿਆ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਹੈ।

ਛੋਟੇ ਉੱਦਮਾਂ ਨੂੰ ਗਿਆਨ, ਵਿੱਤ ਅਤੇ ਨਵੇਂ ਬਾਜ਼ਾਰਾਂ ਨਾਲ ਜੋੜਨ ਲਈ ‘ਬ੍ਰਿਕਸ ਐੱਮਐੱਸਐੱਮਈ ਸਹਿਯੋਗ ਪੋਰਟਲ’ ਦੀ ਪਹਿਲ ਕੀਤੀ ਗਈ ਹੈ।

ਸਾਡੇ ਸ਼ਹਿਰਾਂ ਦਰਮਿਆਨ ਸਰਵੋਤਮ ਕਾਰਜ-ਪ੍ਰਣਾਲੀਆਂ ਨੂੰ ਸਾਂਝਾ ਕਰਨ ਲਈ ਬ੍ਰਿਕਸ ਸ਼ਹਿਰੀ ਗਤੀਸ਼ੀਲਤਾ ਹੱਬ ਦੀ ਸਥਾਪਨਾ ਕੀਤੀ ਗਈ ਹੈ।

ਸਾਥੀਓ,

ਭਾਰਤੀ ਸੱਭਿਅਤਾ ਵਿੱਚ ਕੁਦਰਤ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਸਦੀਆਂ ਤੋਂ ਸਾਡੀ ਮਾਨਤਾ ਰਹੀ ਹੈ ਕਿ ਵਿਕਾਸ ਅਤੇ ਵਾਤਾਵਰਣ ਇੱਕ-ਦੂਜੇ ਦੇ ਬਦਲ ਨਹੀਂ, ਸਗੋਂ ਪੂਰਕ ਹਨ। ਬ੍ਰਿਕਸ ਵਿੱਚ ਵੀ ਅਸੀਂ ਮਨੁੱਖੀ ਵਿਕਾਸ ਅਤੇ ਵਾਤਾਵਰਣ ਵਿਚਕਾਰ ਸੰਤੁਲਨ ’ਤੇ ਜ਼ੋਰ ਦਿੱਤਾ ਹੈ।

ਇਹੀ ਟਿਕਾਊਪਣ ਦਾ ਆਧਾਰ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ। ਇਸ ਦਿਸ਼ਾ ਵਿੱਚ ਅਸੀਂ ਕਈ ਪਹਿਲੂਆਂ ’ਤੇ ਤਰੱਕੀ ਕੀਤੀ ਹੈ।

ਸਮਾਰਟ ਗ੍ਰਿਡ ਅਤੇ ਊਰਜਾ ਭੰਡਾਰਨ ਲਈ ਅਸੀਂ ਬ੍ਰਿਕਸ ਡਿਜੀਟਲ ਉੱਤਮਤਾ ਕੇਂਦਰ ਬਣਾਇਆ ਹੈ। ਇਹ ਸਾਡੀਆਂ ਸਾਫ਼ ਊਰਜਾ ਪ੍ਰਣਾਲੀਆਂ ਨੂੰ ਵਧੇਰੇ ਭਰੋਸੇਮੰਦ, ਕੁਸ਼ਲ ਅਤੇ ਪਹੁੰਚਯੋਗ ਬਣਾਉਣ ਵਿੱਚ ਮਦਦ ਕਰੇਗਾ।

ਖੇਤੀ-ਵਾਤਾਵਰਣ ਅਤੇ ਮੁੜ-ਸੁਰਜੀਤ ਖੇਤੀਬਾੜੀ ਦੇ ਉੱਤਮਤਾ ਕੇਂਦਰ ਰਵਾਇਤੀ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਜੋੜਨਗੇ। ਭਾਈਚਾਰਾ-ਅਧਾਰਿਤ ਜਲਵਾਯੂ ਅਨੁਕੂਲਨ ਲਈ ਤਿਆਰ ਕੀਤੇ ਗਏ ਸਿਧਾਂਤ, ਮੂਲ ਗਿਆਨ ਨੂੰ ਜਲਵਾਯੂ ਕਾਰਵਾਈ ਦਾ ਮਹੱਤਵਪੂਰਨ ਆਧਾਰ ਬਣਾਉਣਗੇ।

ਸਾਥੀਓ,

ਇਨ੍ਹਾਂ ਚਾਰਾਂ ਥੰਮ੍ਹਾਂ ’ਤੇ ਅੱਗੇ ਵਧਦੇ ਹੋਏ ਬ੍ਰਿਕਸ ਰਾਹੀਂ ਅਸੀਂ ਸੰਮਲਿਤ ਆਲਮੀ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਹੈ। ਕਿਉਂਕਿ ਸਾਡਾ ਮੰਨਣਾ ਹੈ ਕਿ ਬ੍ਰਿਕਸ ਵਿੱਚ ਵਿਕਸਤ ਕੀਤੇ ਗਏ ਹੱਲਾਂ ਦਾ ਲਾਭ ਸਿਰਫ਼ ਬ੍ਰਿਕਸ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਇਨ੍ਹਾਂ ਨੂੰ ਗਲੋਬਲ ਸਾਊਥ ਦੀਆਂ ਲੋੜਾਂ ਦੇ ਅਨੁਕੂਲ ਬਣਾਇਆ ਜਾ ਸਕਣ ਵਾਲਾ ਅਤੇ ਪਹੁੰਚਯੋਗ ਬਣਾਇਆ ਜਾਣਾ ਚਾਹੀਦਾ ਹੈ।

ਸਾਥੀਓ,

ਮੈਂ ਆਪਣੇ ਨਿੱਜੀ ਤਜ਼ਰਬੇ ਨਾਲ ਆਖ ਸਕਦਾ ਹਾਂ ਕਿ ਬ੍ਰਿਕਸ ਵਿੱਚ ਗਲੋਬਲ ਸਾਊਥ ਦੇ ਦੇਸ਼ਾਂ ਦਾ ਭਰੋਸਾ ਵਧਿਆ ਹੈ, ਕਿਉਂਕਿ ਬ੍ਰਿਕਸ ਵਿੱਚ—

ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ।

ਉਨ੍ਹਾਂ ਦੇ ਤਜਰਬੇ ਦਾ ਸਨਮਾਨ ਹੁੰਦਾ ਹੈ।

ਅਤੇ ਹੱਲ ਉਨ੍ਹਾਂ ਲਈ ਨਹੀਂ, ਸਗੋਂ ਉਨ੍ਹਾਂ ਦੇ ਨਾਲ ਮਿਲ ਕੇ ਤਿਆਰ ਕੀਤੇ ਜਾਂਦੇ ਹਨ।

ਬ੍ਰਿਕਸ ਦੀ ਤਾਕਤ ਸਾਡੀ ਭਿੰਨਤਾ ਅਤੇ ਸਹਿਯੋਗ ਵਿੱਚ ਹੈ।

ਅਸੀਂ ਭਾਵੇਂ ਵੱਖ-ਵੱਖ ਹਕੀਕਤਾਂ ਨਾਲ ਜੁੜੇ ਹੋਏ ਹਾਂ, ਪਰ ਰਲ਼-ਮਿਲ ਕੇ ਅਸੀਂ ਸਹਿਯੋਗ ਰਾਹੀਂ ਉੱਭਰਦੇ ਹਾਂ ਅਤੇ ਮਨੁੱਖਤਾ ਲਈ ਖਿੜਦੇ ਹਾਂ।

ਸਾਡੀ ਭਿੰਨਤਾ ਸਾਡੀ ਪਛਾਣ ਬਣੀ ਰਹੇ, ਸਾਡਾ ਸਹਿਯੋਗ ਸਾਡੀ ਪ੍ਰੇਰਣਾ ਬਣੇ ਅਤੇ ਸਾਡੀ ਤਰੱਕੀ ਸਮੁੱਚੀ ਮਨੁੱਖਤਾ ਦੇ ਕੰਮ ਆਵੇ।

ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

***********

ਐੱਮਜੇਪੀਐੱਸ/ਐੱਸਐੱਸ/ਐੱਸਟੀ