ਪੀਐੱਮਇੰਡੀਆ
ਸ਼੍ਰੀ ਪੀਯੂਸ਼ ਗੋਇਲ ਜੀ, ਡਾ. ਐੱਲ. ਮੁਰੂਗਨ ਜੀ, ਸ਼੍ਰੀ ਏਡੱਪਾਦੀ ਕੇ. ਪਲਾਨੀਸਵਾਮੀ ਜੀ, ਸ਼੍ਰੀ ਨੈਨਾਰ ਨਾਗੇਂਦਰਨ, ਸ਼੍ਰੀ ਥੰਗਮ ਤੇਨਾਰਾਸੂ, ਮੇਰੇ ਤਾਮਿਲ ਭਰਾਵੋ ਅਤੇ ਭੈਣੋ, ਵਣੱਕਮ!
ਦੋਸਤੋ,
ਤ੍ਰਿਚੀ ਦੇ ਇਸ ਖ਼ੂਬਸੂਰਤ ਸ਼ਹਿਰ ਵਿੱਚ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।
ਅੱਜ ਦਾ ਇਹ ਪ੍ਰੋਗਰਾਮ ਤਾਮਿਲਨਾਡੂ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ। ਇਹ 5,600 ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ ਜੁੜਿਆ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਾਫ਼ ਊਰਜਾ ਲਈ ਬੁਨਿਆਦੀ ਢਾਂਚਾ, ਪੈਟਰੋਲੀਅਮ ਨਾਲ ਸਬੰਧਤ ਨਿਰਮਾਣ, ਹਾਈਵੇਅ, ਰੇਲਵੇ ਅਤੇ ਗ੍ਰਾਮੀਣ ਸੜਕਾਂ ਸ਼ਾਮਲ ਹਨ। ਇਨ੍ਹਾਂ ਨਾਲ ਊਰਜਾ ਦੀ ਉਪਲਬਧਤਾ ਅਤੇ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਤਾਮਿਲਨਾਡੂ ਦੇ ਨੌਜਵਾਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਦੋਸਤੋ,
ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋ ਰਹੀ ਹੈ ਕਿ ਭਾਰਤ ਪੈਟਰੋਲੀਅਮ ਦੇ ਸ਼ਹਿਰੀ ਗੈਸ ਵੰਡ ਨੈੱਟਵਰਕ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਵਿੱਚ ਲਗਭਗ 3,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਨੈੱਟਵਰਕ ਤਾਮਿਲਨਾਡੂ ਦੇ ਨੀਲਗਿਰੀ ਅਤੇ ਇਰੋਡ ਜ਼ਿਲ੍ਹਿਆਂ ਨੂੰ ਕਵਰ ਕਰੇਗਾ। ਇਸ ਨਾਲ ਲਗਭਗ 9 ਲੱਖ ਪਰਿਵਾਰਾਂ ਅਤੇ ਸੈਂਕੜੇ ਵਪਾਰਕ ਸੰਗਠਨਾਂ ਨੂੰ ਪਾਈਪਲਾਈਨਾਂ ਰਾਹੀਂ ਕੁਦਰਤੀ ਗੈਸ ਪ੍ਰਾਪਤ ਹੋਵੇਗੀ। ਪਾਈਪਲਾਈਨਾਂ ਰਾਹੀਂ ਸਿੱਧੇ ਘਰਾਂ ਤੱਕ ਗੈਸ ਪਹੁੰਚੇਗੀ, ਜਿਸ ਨਾਲ ਜੀਵਨ ਆਸਾਨ ਹੋਵੇਗਾ। ਇਸ ਨਾਲ ਹਜ਼ਾਰਾਂ ਲੋਕਾਂ ਲਈ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਪੈਦਾ ਹੋਣਗੇ। ਕੁਦਰਤੀ ਗੈਸ ਇੱਕ ਵਾਤਾਵਰਣ ਅਨੁਕੂਲ ਈਂਧਣ ਹੈ, ਜੋ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸਿਰਫ਼ ਅੱਠ ਸਾਲਾਂ ਵਿੱਚ ਇਸ ਪ੍ਰੋਜੈਕਟ ਦਾ ਵਾਤਾਵਰਨ ’ਤੇ ਸਕਾਰਾਤਮਕ ਪ੍ਰਭਾਵ 4 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੋਵੇਗਾ!
ਦੋਸਤੋ,
ਅੱਜ ਚੇਨਈ ਵਿੱਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਲੁਬਰੀਕੈਂਟ ਬਲੈਂਡਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਮਾਣ ਹੋਵੇਗਾ ਕਿ ਇਹ ਦੁਨੀਆ ਵਿੱਚ ਆਪਣੀ ਕਿਸਮ ਦੇ ਸਭ ਤੋਂ ਵੱਡੇ ਪਲਾਂਟਾਂ ਵਿੱਚੋਂ ਇੱਕ ਹੈ। ਇਹ ਪਲਾਂਟ ਤਾਮਿਲਨਾਡੂ ਅਤੇ ਇਸ ਤੋਂ ਬਾਹਰ ਦੇ ਕਈ ਮਹੱਤਵਪੂਰਨ ਉਦਯੋਗਾਂ ਦੀ ਮੰਗ ਨੂੰ ਪੂਰਾ ਕਰੇਗਾ। ਸਥਾਨਕ ਲੁਬਰੀਕੈਂਟ ਉਤਪਾਦਨ ਵਧਾਉਣ ਨਾਲ ਆਯਾਤ ਘਟਦਾ ਹੈ ਅਤੇ ਦੇਸ਼ ਨੂੰ ਆਰਥਿਕ ਲਾਭ ਮਿਲਦਾ ਹੈ।
ਦੋਸਤੋ,
ਅੱਜ ਅਸੀਂ 370 ਕਿੱਲੋਮੀਟਰ ਲੰਬੀ ਗ੍ਰਾਮੀਣ ਸੜਕਾਂ ਦਾ ਉਦਘਾਟਨ ਕਰ ਰਹੇ ਹਾਂ। ਇਹ ਕੰਮ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰੇਕ ਸੜਕ ਸਿਰਫ਼ ਇੱਕ ਭੌਤਿਕ ਬੁਨਿਆਦੀ ਢਾਂਚੇ ਤੋਂ ਵੱਧ ਹੈ। ਇਹ ਮਰੀਜ਼ਾਂ ਨੂੰ ਬਿਹਤਰ ਸਿਹਤ ਸੰਭਾਲ ਪ੍ਰਦਾਨ ਕਰਨਗੀਆਂ। ਵਿਦਿਆਰਥੀ ਸਕੂਲ ਅਤੇ ਕਾਲਜ ਆਰਾਮ ਨਾਲ ਯਾਤਰਾ ਕਰ ਸਕਣਗੇ। ਕਿਸਾਨ ਆਪਣੀ ਉਪਜ ਵੇਚਣ ਜਾਂ ਖੇਤੀਬਾੜੀ ਸਮੱਗਰੀ ਖਰੀਦਣ ਲਈ ਵੱਖ-ਵੱਖ ਥਾਵਾਂ ’ਤੇ ਯਾਤਰਾ ਕਰ ਸਕਣਗੇ। ਕੁੱਲ ਮਿਲਾ ਕੇ, ਹਰੇਕ ਸੜਕ ਗ੍ਰਾਮੀਣ ਆਰਥਿਕਤਾ ਨੂੰ ਹੁਲਾਰਾ ਦਿੰਦੀ ਹੈ ਅਤੇ ਜੀਵਨ ਨੂੰ ਆਸਾਨ ਬਣਾਉਂਦੀ ਹੈ।
ਦੋਸਤੋ,
ਪਿਛਲੇ ਸਾਲ, ਮੈਨੂੰ ਆਦਿ ਤਿਰੂਵਤਿਰਾਈ ਤਿਉਹਾਰ ਲਈ ਗੰਗਾਈਕੋਂਡਾ ਚੋਲਪੁਰਮ ਵਿੱਚ ਆ ਕੇ ਬਹੁਤ ਖ਼ੁਸ਼ੀ ਹੋਈ। ਅਸੀਂ ਸਮਰਾਟ ਰਾਜੇਂਦਰ ਚੋਲ ਵੱਲੋਂ ਸ਼ਾਨਦਾਰ ਮੰਦਰ ਦੀ ਉਸਾਰੀ ਸ਼ੁਰੂ ਕੀਤੇ ਜਾਣ ਦੇ 1,000 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਇਹ ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਸਥਾਨ ਹੈ ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਅੱਜ, ਅਸੀਂ ਉੱਥੇ ਇੱਕ ਮਹੱਤਵਪੂਰਨ ਹਾਈਵੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਰਹੇ ਹਾਂ। ਮੌਜੂਦਾ ਹਾਈਵੇ ਮੰਦਿਰ ਦੇ ਬਹੁਤ ਨੇੜੇ ਤੋਂ ਲੰਘਦਾ ਹੈ, ਜਿਸ ਨਾਲ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਨਵੇਂ ਬਾਈਪਾਸ ਦੇ ਨਿਰਮਾਣ ਨਾਲ ਹੋਰ ਵਾਹਨਾਂ ਨੂੰ ਮੰਦਿਰ ਤੋਂ ਦੂਰ ਭੇਜਿਆ ਜਾ ਸਕੇਗਾ। ਇਸ ਦਾ ਉਦੇਸ਼ ਸਾਰਿਆਂ ਲਈ ਵਧੇਰੇ ਸੁਰੱਖਿਆ ਯਕੀਨੀ ਬਣਾਉਣਾ ਹੈ।
ਦੋਸਤੋ,
ਪਿਛਲੇ ਹਫ਼ਤੇ ਹੀ, ਅਸੀਂ ਅੰਮ੍ਰਿਤ ਭਾਰਤ ਪ੍ਰੋਗਰਾਮ ਦੇ ਤਹਿਤ ਮਦੁਰਾਈ ਵਿੱਚ ਅੱਠ ਆਧੁਨਿਕ ਅਤੇ ਨਵੀਨੀਕਰਨ ਕੀਤੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਸੀ। ਅੱਜ, ਕਈ ਨਵੀਆਂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਹੈ। ਇਹ ਸੇਵਾਵਾਂ ਨਾਗਰਕੋਇਲ, ਕੋਇੰਬਟੂਰ, ਰਾਮੇਸ਼ਵਰਮ, ਤਿਰੂਨੇਲਵੇਲੀ, ਮਯਿਲਾਦੁਥੁਰਾਈ ਅਤੇ ਕਰਾਈਕੁਡੀ ਵਰਗੇ ਸਥਾਨਾਂ ਨੂੰ ਹੋਰ ਖੇਤਰਾਂ ਨਾਲ ਜੋੜਦੀਆਂ ਹਨ। ਇਹ ਨਵੀਆਂ ਰੇਲ ਸੇਵਾਵਾਂ ਸੈਰ-ਸਪਾਟੇ ਨੂੰ ਹੁਲਾਰਾ ਦੇਣਗੀਆਂ, ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨਗੀਆਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਕਰਨਗੀਆਂ। ਸਾਡਾ ਟੀਚਾ ਇੱਕ ਵਿਕਸਿਤ ਭਾਰਤ ਲਈ ਇੱਕ ਵਿਕਸਿਤ ਤਾਮਿਲਨਾਡੂ ਦਾ ਨਿਰਮਾਣ ਕਰਨਾ ਹੈ। ਕੇਂਦਰ ਸਰਕਾਰ ਤਾਮਿਲਨਾਡੂ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਰਾਜ ਦੀ ਤਰੱਕੀ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।
ਨੰਦ੍ਰੀ!
************
ਐੱਮਜੇਪੀਐੱਸ/ਵੀਜੇ/ਪੀਆਰਕੇ
Speaking at the launch of various development initiatives in Tiruchirappalli. These will add momentum to Tamil Nadu’s progress. https://t.co/TCVfIoAxmi
— Narendra Modi (@narendramodi) March 11, 2026