ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੈਸੂਰੂ ਵਿੱਚ ਭਾਰਤ ਦੇ ਪਹਿਲੇ ਐੱਲ.ਈ.ਡੀ. ਡੋਮ ਤਾਰਾਮੰਡਲ, ‘ਕੋਸਮੋਸ-ਮੈਸੂਰੂ ਤਾਰਾਮੰਡਲ’ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕੰਨੜ ਭਾਸ਼ਾ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ‘ਵਿਵੇਕ ਸਮਾਰਕ’ ਦੇ ਉਦਘਾਟਨ ਤੋਂ ਕੁਝ ਹੀ ਮਹੀਨਿਆਂ ਬਾਅਦ ‘ਕੋਸਮੋਸ ਤਾਰਾਮੰਡਲ’ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਮੈਸੂਰੂ ਵਾਪਸ ਆਉਣ ‘ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਜਿੱਥੇ ‘ਵਿਵੇਕ ਸਮਾਰਕ’ ਆਤਮ-ਚਿੰਤਨ ਅਤੇ ਅਧਿਆਤਮਕ ਖੋਜ ਲਈ ਪ੍ਰੇਰਿਤ ਕਰਦਾ ਹੈ, ਉੱਥੇ ਹੀ ‘ਕੋਸਮੋਸ ਤਾਰਾਮੰਡਲ’ ਵਿਸ਼ਾਲ ਬ੍ਰਹਿਮੰਡ ਦੇ ਰਹੱਸਾਂ ਨੂੰ ਜਾਣਨ ਲਈ ਸਾਡੀ ਨਜ਼ਰ ਅਸਮਾਨ ਵੱਲ ਲੈ ਜਾਂਦਾ ਹੈ। ਉਨ੍ਹਾਂ ਨੇ ਇਨ੍ਹਾਂ ਦੋਵਾਂ ਸਥਾਨਾਂ ਦੇ ਡੂੰਘੇ ਸੱਭਿਆਚਾਰਕ ਸੁਨੇਹੇ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਇਹ ਇਸ ਗੱਲ ਦੀ ਉਦਾਹਰਨ ਹੈ ਕਿ ਭਾਰਤ ਵਿੱਚ ਅਧਿਆਤਮਕਤਾ ਅਤੇ ਵਿਗਿਆਨ ਦੀਆਂ ਪਰੰਪਰਾਵਾਂ ਹਮੇਸ਼ਾ ਇਕੱਠੀਆਂ ਅੱਗੇ ਵਧੀਆਂ ਹਨ।”
ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਕਿਵੇਂ ਸਾਡੇ ਪੁਰਾਤਨ ਪੁਰਖਿਆਂ ਨੇ ਅਸਮਾਨ ਦਾ ਬਾਰੀਕੀ ਨਾਲ ਅਧਿਐਨ ਕੀਤਾ, ਗ੍ਰਹਿਆਂ ਅਤੇ ਤਾਰਿਆਂ ਦੀ ਗਤੀ ਨੂੰ ਸਮਝਿਆ, ਕੈਲੰਡਰ ਬਣਾਏ ਅਤੇ ਸੂਰਜ ਤੇ ਚੰਦਰਮਾ ਗ੍ਰਹਿਣ ਦੀ ਗਣਨਾ ਕੀਤੀ। ਉਨ੍ਹਾਂ ਨੇ ਆਰਿਆਭੱਟ, ਵਰਾਹਮਿਹਿਰ, ਭਾਸਕਰਾਚਾਰਿਆ ਅਤੇ ਨੀਲਕੰਠ ਸੋਮਯਾਜੀ ਵਰਗੇ ਮਹਾਨ ਭਾਰਤੀ ਖਗੋਲ ਵਿਗਿਆਨੀਆਂ ਦੀ ਵਿਰਾਸਤ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉਸ ਸਮੇਂ ਅੱਜ ਵਾਂਗ ਉੱਨਤ ਉਪਕਰਨ ਅਤੇ ਤਕਨਾਲੋਜੀ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਮਹਾਨ ਖੋਜਾਂ ਕੀਤੀਆਂ ਅਤੇ ਔਖੀਆਂ ਗਣਨਾਵਾਂ ਕੀਤੀਆਂ।”
ਮੈਸੂਰੂ ਦੀ ਗਿਆਨ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦੀ ਅਮੀਰ ਪਰੰਪਰਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਸੂਰੂ ਇਸ ਅਤਿ-ਆਧੁਨਿਕ ਤਾਰਾਮੰਡਲ ਨੂੰ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਸਮਰਪਿਤ ਕਰਕੇ ਭਾਰਤ ਦੀ ਵਿਗਿਆਨਕ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੋੜ ਰਿਹਾ ਹੈ। ਇਸ ਪਰੰਪਰਾ ਵਿੱਚ ਮਹਾਰਾਜਾ ਨਲਵਾਡੀ ਕ੍ਰਿਸ਼ਨਰਾਜ ਵਾਡਿਆਰ ਦੇ ਸ਼ਾਸਨਕਾਲ ਦੌਰਾਨ ਮੈਸੂਰੂ ਯੂਨੀਵਰਸਿਟੀ ਦੀ ਸਥਾਪਨਾ ਅਤੇ ਬੈਂਗਲੁਰੂ ਵਿੱਚ ‘ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ’ ਦੀ ਨੀਂਹ ਰੱਖਣ ਵਿੱਚ ਵਾਡਿਆਰ ਸ਼ਾਹੀ ਪਰਿਵਾਰ ਦੀ ਅਹਿਮ ਭੂਮਿਕਾ ਸ਼ਾਮਲ ਹੈ, ਜਿਸ ਨੇ ਵਿਦਵਾਨਾਂ ਦੀਆਂ ਕਈ ਪੀੜ੍ਹੀਆਂ ਨੂੰ ਸਮਰੱਥ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਐੱਲ.ਈ.ਡੀ. ਗੁੰਬਦ ਦੇ ਅੰਦਰ ਪ੍ਰਦਰਸ਼ਨ ਦੇਖਣਾ ਆਪਣੇ ਆਪ ਵਿੱਚ ਇੱਕ ਅਦਭੁਤ ਅਹਿਸਾਸ ਸੀ ਅਤੇ ਇਸ ਪ੍ਰਾਪਤੀ ਲਈ ਉਨ੍ਹਾਂ ਨੇ ਪੂਰੇ ਦੇਸ਼ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਮੈਂ ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ, ਮੈਸੂਰੂ ਯੂਨੀਵਰਸਿਟੀ, ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਇਸ ਦੇ ਨਿਰਮਾਣ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।”
ਪ੍ਰਧਾਨ ਮੰਤਰੀ ਨੇ ਭਾਰਤ ਦੇ ਰਾਸ਼ਟਰੀ ਆਦਰਸ਼ ਵਾਕ ਦੀ ਵਿਕਾਸ ਲੜੀ ‘ਤੇ ਜ਼ੋਰ ਦਿੱਤਾ – ‘ਜੈ ਜਵਾਨ, ਜੈ ਕਿਸਾਨ’ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਵੱਲੋਂ ਜੋੜੇ ਗਏ ‘ਜੈ ਵਿਗਿਆਨ’ ਅਤੇ ਉਨ੍ਹਾਂ ਵੱਲੋਂ ਖੁਦ ਜੋੜੇ ਗਏ ‘ਜੈ ਅਨੁਸੰਧਾਨ’ ਤੱਕ, ਜੋ 21ਵੀਂ ਸਦੀ ਦੇ ਭਾਰਤ ਦਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਮੁੰਬਈ ਵਿੱਚ ਆਯੋਜਿਤ ‘ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ ਦੇ ਅੰਤਰਰਾਸ਼ਟਰੀ ਓਲੰਪਿਆਡ’ ਵਿੱਚ ਭਾਰਤੀ ਨੌਜਵਾਨਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਵੀਅਤਨਾਮ ਵਿੱਚ ਇਸ ਸਾਲ ਦੇ ਆਯੋਜਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤ ਤੋਂ ਪੰਜ ਵਿਦਿਆਰਥੀ ਵੀਅਤਨਾਮ ਗਏ ਸਨ, ਜਿਨ੍ਹਾਂ ਵਿੱਚੋਂ ਚਾਰ ਨੇ ਸੋਨ ਤਮਗ਼ੇ ਅਤੇ ਇੱਕ ਨੇ ਚਾਂਦੀ ਦਾ ਤਮਗ਼ਾ ਜਿੱਤਿਆ, ਜੋ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।”
ਸ਼੍ਰੀ ਮੋਦੀ ਨੇ ਇਸ ਸਾਲ ਦੇ ਅੰਤਰਰਾਸ਼ਟਰੀ ਓਲੰਪਿਆਡ ਵਿੱਚ ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਵਰਗੇ ਵਿਸ਼ਿਆਂ ਵਿੱਚ ਸੋਨ ਜਾਂ ਚਾਂਦੀ ਦੇ ਤਮਗ਼ੇ ਜਿੱਤਣ ਵਾਲੇ ਨੌਜਵਾਨ ਭਾਰਤੀ ਵਿਦਿਆਰਥੀਆਂ ਦੀ ਰਿਕਾਰਡ ਤੋੜ ਪ੍ਰਾਪਤੀਆਂ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਨੌਜਵਾਨ ਭਾਰਤੀਆਂ ਨੂੰ ਸਿੱਖਣ ਦੇ ਸਾਧਨ, ਤਕਨਾਲੋਜੀ, ਉਪਕਰਨ ਅਤੇ ਸੰਸਥਾਗਤ ਸਹਿਯੋਗ ਮਿਲਦਾ ਹੈ, ਤਾਂ ਉਹ ਅਸਾਧਾਰਨ ਪ੍ਰਾਪਤੀਆਂ ਹਾਸਲ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਇਹ ਕੋਸਮੋਸ ਤਾਰਾਮੰਡਲ ਹੁਣ ਉਨ੍ਹਾਂ ਦੇ ਸੁਪਨਿਆਂ ਨੂੰ ਆਕਾਰ ਦੇਣ ਵਿੱਚ ਵੀ ਬਹੁਤ ਮਦਦ ਕਰੇਗਾ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਸ਼ਵ ਪੱਧਰ ‘ਤੇ ਹੋ ਰਹੀਆਂ ਤੇਜ਼ ਤਕਨੀਕੀ ਤਬਦੀਲੀਆਂ ਦਰਮਿਆਨ ਕੋਈ ਵੀ ਦੇਸ਼ ਹੌਲੀ ਰਫ਼ਤਾਰ ਨਾਲ ਅੱਗੇ ਵਧਣ ਦਾ ਜੋਖ਼ਮ ਨਹੀਂ ਚੁੱਕ ਸਕਦਾ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਦੌਰਾਨ ਖਗੋਲ ਵਿਗਿਆਨ, ਖਗੋਲ ਭੌਤਿਕ ਵਿਗਿਆਨ ਅਤੇ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦੀ ਬੇਮਿਸਾਲ ਤਰੱਕੀ ਦਾ ਜ਼ਿਕਰ ਕੀਤਾ। ਇਸ ਵਿੱਚ ਨਵੀਆਂ ਦੂਰਬੀਨਾਂ ਅਤੇ ਇਸਰੋ ਦੇ ਮਹੱਤਵਪੂਰਨ ਮਿਸ਼ਨ ਸ਼ਾਮਲ ਹਨ, ਜਿਵੇਂ ਕਿ ਚੰਦਰਯਾਨ-3 ਰਾਹੀਂ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣਨਾ ਅਤੇ ਭਾਰਤ ਦੀ ਪਹਿਲੀ ਸਪੇਸ ਸੋਲਰ ਆਬਜ਼ਰਵੇਟਰੀ ‘ਆਦਿੱਤਿਆ-ਐੱਲ1’ ਨੂੰ ਲਾਂਚ ਕਰਨਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪਿਛਲੇ ਸਾਲ ਹੀ ਭਾਰਤ ਪੁਲਾੜ ਵਿੱਚ ਡੌਕਿੰਗ ਅਤੇ ਅਨਡੌਕਿੰਗ (ਜੁੜਨ ਅਤੇ ਵੱਖ ਹੋਣ) ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਭਾਰਤੀ ਪੁਲਾੜ ਯਾਤਰੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕੀਤੀ ਅਤੇ ਉੱਥੇ ਕਈ ਨਵੇਂ ਪ੍ਰਯੋਗ ਕੀਤੇ। ਉਨ੍ਹਾਂ ਨੇ ਇਨ੍ਹਾਂ ਪ੍ਰਯੋਗਾਂ ਤੋਂ ਪ੍ਰਾਪਤ ਨਤੀਜਿਆਂ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਮਿਸ਼ਨ ਤੋਂ ਪ੍ਰਾਪਤ ਤਜਰਬਾ ਸਾਡੇ ਆਪਣੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ‘ਗਗਨਯਾਨ’ ਲਈ ਵੀ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਣ ਦੇ ਸਰਕਾਰ ਦੇ ਫ਼ੈਸਲੇ ਦਾ ਜ਼ਿਕਰ ਕੀਤਾ। ਇਸ ਨਾਲ ਭਾਰਤੀ ਸਟਾਰਟਅੱਪਸ ਅਤੇ ਨੌਜਵਾਨਾਂ ਨੂੰ ਨਿੱਜੀ ਰਾਕੇਟ ਲਾਂਚ ਕਰਨ, ਉਪਗ੍ਰਹਿਆਂ ਨੂੰ ਉਨ੍ਹਾਂ ਦੇ ਨਿਰਧਾਰਤ ਪੰਧ ਵਿੱਚ ਸਥਾਪਤ ਕਰਨ ਅਤੇ ਪੁਲਾੜ ਨਾਲ ਜੁੜੇ ਨਵੇਂ ਤੇ ਸਾਹਸੀ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨਾਲ ਉਹ ਆਪਣੀਆਂ ਸਮਰੱਥਾਵਾਂ ਸਾਬਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਨਵੇਂ ਭਾਰਤ’ ਦੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇੱਥੇ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਨਵੀਆਂ ਤਕਨਾਲੋਜੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਹਮੇਸ਼ਾ ‘ਮਨੁੱਖਤਾ ਸਰਵਉੱਚ’ ਦੇ ਮੰਤਰ ਤੋਂ ਪ੍ਰੇਰਿਤ ਰਿਹਾ ਹੈ ਅਤੇ ਉਸ ਨੇ ਆਪਣੇ ਪੁਲਾੜ ਪ੍ਰੋਗਰਾਮ ਨੂੰ ਮਨੁੱਖੀ ਭਲਾਈ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਮਛੇਰਿਆਂ ਲਈ ਇਸਰੋ ਵੱਲੋਂ ਵਿਕਸਿਤ ਕੀਤੀ ਗਈ ਸੈਟੇਲਾਈਟ ਸੰਚਾਰ ਪ੍ਰਣਾਲੀ ਦੀ ਉਦਾਹਰਨ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਇਸ ਪ੍ਰਣਾਲੀ ਦੀ ਮਦਦ ਨਾਲ, ਜਿਨ੍ਹਾਂ ਕਿਸ਼ਤੀਆਂ ਵਿੱਚ ਰਿਸੀਵਰ ਲੱਗੇ ਹੋਏ ਹਨ, ਉਨ੍ਹਾਂ ਦੇ ਮਲਾਹਾਂ ਨੂੰ ਤੂਫ਼ਾਨ ਦੌਰਾਨ ਸਮੇਂ ਸਿਰ ਚੇਤਾਵਨੀ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੇ ਸੁਰੱਖਿਅਤ ਤੱਟ ‘ਤੇ ਵਾਪਸ ਪਰਤਣ ‘ਤੇ ਨਜ਼ਰ ਵੀ ਰੱਖੀ ਜਾ ਸਕਦੀ ਹੈ।”
ਪ੍ਰਧਾਨ ਮੰਤਰੀ ਨੇ ਪੁਲਾੜ ਤਕਨਾਲੋਜੀ ਦੀ ਰੋਜ਼ਾਨਾ ਜੀਵਨ ਵਿੱਚ ਹੋਣ ਵਾਲੀ ਵਰਤੋਂ ਦਾ ਜ਼ਿਕਰ ਕਰਦਿਆਂ ਭਾਰਤ ਦੀ ਪੁਲਾੜ ਸਮਰੱਥਾ ਦੇ ਦੋਹਰੇ ਪ੍ਰਭਾਵ ‘ਤੇ ਜ਼ੋਰ ਦਿੱਤਾ। ਇਨ੍ਹਾਂ ਵਿੱਚ ਭਾਰਤੀ ਰੇਲਵੇ ਅਤੇ ਇਸਰੋ ਵੱਲੋਂ ਵਿਕਸਿਤ ਕੀਤਾ ਗਿਆ ‘ਰੀਅਲ-ਟਾਈਮ ਟ੍ਰੇਨ ਟ੍ਰੈਕਿੰਗ ਸਿਸਟਮ’ ਸ਼ਾਮਲ ਹੈ, ਜਿਸ ਨਾਲ ਰੇਲਗੱਡੀਆਂ ਦੀ ਲਾਈਵ ਸਥਿਤੀ ਦਾ ਪਤਾ ਲੱਗਦਾ ਹੈ। ਇਸ ਤੋਂ ਇਲਾਵਾ, ‘ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ’ ਤਹਿਤ ਫ਼ਸਲ ਦੀ ਪੈਦਾਵਾਰ ਦਾ ਅੰਦਾਜ਼ਾ ਲਗਾਉਣ ਅਤੇ ਬੀਮੇ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਸੈਟੇਲਾਈਟ ਡਾਟਾ ਅਤੇ ਜ਼ਮੀਨੀ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਸਾਡੇ ਉਪਗ੍ਰਹਿ ਪੁਲਾੜ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਇਸ ਦੇ ਨਾਲ ਹੀ ਇਨ੍ਹਾਂ ਦੀ ਵਰਤੋਂ ਧਰਤੀ ‘ਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ‘ਸਮਾਜ ਲਈ ਵਿਗਿਆਨ’ ਦੀ ਸੋਚ ਪੂਰੇ ਦੇਸ਼ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦਾ ਮੁੱਖ ਆਧਾਰ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਮੌਜੂਦ 10,000 ਤੋਂ ਵੱਧ ‘ਅਟਲ ਟਿੰਕਰਿੰਗ ਲੈਬਾਂ’ ਤੋਂ ਹੁਣ ਤੱਕ ਇੱਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਲੈਬਾਂ ਵਿੱਚ ਬੱਚਿਆਂ ਨੂੰ ਆਪਣੇ ਵਿਚਾਰਾਂ ‘ਤੇ ਕੰਮ ਕਰਨ, ਨਵੇਂ ਪ੍ਰਯੋਗ ਕਰਨ ਅਤੇ ਨਵੀਨਤਾ ਲਿਆਉਣ ਦੇ ਮੌਕੇ ਮਿਲ ਰਹੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੋਜ ਨੂੰ ਅੱਗੇ ਵਧਾਉਣ ਲਈ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਦੁਨੀਆ ਦੇ ਬਿਹਤਰੀਨ ਵਿਗਿਆਨਕ ਸਾਹਿਤ ਤੱਕ ਪਹੁੰਚ ਪ੍ਰਦਾਨ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਜਰਨਲ ਉਪਲਬਧ ਕਰਵਾਉਣ ਲਈ ‘ਵਨ ਨੇਸ਼ਨ ਵਨ ਸਬਸਕ੍ਰਿਪਸ਼ਨ’ ਸ਼ੁਰੂ ਕੀਤਾ ਗਿਆ ਹੈ ਅਤੇ ‘ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ’ ਦਾ ਗਠਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਰਾਹੀਂ ਅਸੀਂ ਵੱਧ ਤੋਂ ਵੱਧ ਯੂਨੀਵਰਸਿਟੀਆਂ ਨੂੰ ਨਵੀਆਂ ਖੋਜਾਂ ਕਰਨ ਵਿੱਚ ਸਹਾਇਤਾ ਕਰ ਰਹੇ ਹਾਂ।”
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸ਼ੁਰੂ ਕੀਤੀ ਗਈ ਇੱਕ ਲੱਖ ਕਰੋੜ ਰੁਪਏ ਦੀ ‘ਖੋਜ, ਵਿਕਾਸ ਅਤੇ ਨਵੀਨਤਾ’ ਯੋਜਨਾ ਦਾ ਜ਼ਿਕਰ ਕੀਤਾ, ਜਿਸ ਦਾ ਮੰਤਵ ਦੇਸ਼ ਦੇ ਖੋਜਕਰਤਾਵਾਂ ਨੂੰ ਲਗਾਤਾਰ ਫੰਡ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਇਸ ਪਹਿਲਕਦਮੀ ਦੇ ਵਿਹਾਰਕ ਅਸਰ ‘ਤੇ ਜ਼ੋਰ ਦਿੰਦਿਆਂ ਕਿਹਾ, “ਇਸ ਨਾਲ ਨਵੀਆਂ ਤਕਨਾਲੋਜੀਆਂ ਨੂੰ ਪ੍ਰਯੋਗਸ਼ਾਲਾਵਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦੇ ਵਿਹਾਰਕ ਉਪਯੋਗ ਤੱਕ ਪਹੁੰਚਾਉਣ ਵਿੱਚ ਮਦਦ ਮਿਲ ਰਹੀ ਹੈ।”
ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਵਿਗਿਆਨ ਅਤੇ ਖੋਜ ਦੇ ਵਾਤਾਵਰਣ ਵਿੱਚ ਨੌਜਵਾਨਾਂ ਦੀ ਉਤਸੁਕਤਾ ਜਗਾਉਣ ਵਿੱਚ ਤਾਰਾਮੰਡਲ ਅਤੇ ਵਿਗਿਆਨ ਕੇਂਦਰ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ‘ਕੋਸਮੋਸ’ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਆਲੇ-ਦੁਆਲੇ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇੱਥੇ ਸੱਦਾ ਦਿੰਦੇ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਦੇ ਸਫ਼ਰ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਿਹੜੇ ਬੱਚੇ ਇੱਥੇ ਬ੍ਰਹਿਮੰਡ ਬਾਰੇ ਜਾਣਨ ਲਈ ਆਉਂਦੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਇੱਕ ਦਿਨ ਵਾਪਸ ਆਉਣ ਅਤੇ ਸਾਨੂੰ ਦੱਸਣ ਕਿ ਉਨ੍ਹਾਂ ਨੇ ਬ੍ਰਹਿਮੰਡ ਬਾਰੇ ਕਿਹੜੀਆਂ ਨਵੀਆਂ ਖੋਜਾਂ ਕੀਤੀਆਂ ਹਨ। ਇਹੀ ਇਸ ‘ਕੋਸਮੋਸ ਤਾਰਾਮੰਡਲ’ ਦੀ ਸਭ ਤੋਂ ਵੱਡੀ ਸਫਲਤਾ ਹੋਵੇਗੀ।”
https://x.com/narendramodi/status/2121201424042463610
https://x.com/PMOIndia/status/2121202665518719445
https://x.com/PMOIndia/status/2121203086857519276
https://x.com/PMOIndia/status/2121204746690130375
****
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ
The new COSMOS Planetarium in Mysuru brings the wonders of the universe closer to young minds. https://t.co/AhdAkpkSGF
— Narendra Modi (@narendramodi) November 13, 2026
भारत में आर्यभट्ट, वराहमिहिर, भास्कराचार्य और नीलकंठ सोमयाजी जैसे अनेक महान astronomers हुए। आज जैसे advanced instruments और technology उस समय नहीं थे। इसके बावजूद उन्होंने बड़ी-बड़ी खोजें कीं, मुश्किल calculations किए: PM @narendramodi
— PMO India (@PMOIndia) November 13, 2026
आज जब भारत science के क्षेत्र में एक के बाद एक नई उपलब्धियां हासिल कर रहा है, तब इस अत्याधुनिक COSMOS Planetarium के रूप में मैसूरु भी भारत की scientific journey में एक नया chapter जोड़ रहा है: PM @narendramodi
— PMO India (@PMOIndia) November 13, 2026
हमारी सरकार ने space sector को open किया। इससे private sector के लिए नई संभावनाएं बनी हैं। भारत के startups को भी अपनी क्षमता दिखाने का अवसर मिला है: PM @narendramodi
— PMO India (@PMOIndia) November 13, 2026