Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਵਿੱਚ 15,600 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਵਿੱਚ 15,600 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ 15,600 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਉਨ੍ਹਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕੰਨੜ ਭਾਸ਼ਾ ਵਿੱਚ ਲੋਕਾਂ ਦਾ ਸਵਾਗਤ ਕੀਤਾ ਅਤੇ ਸ਼ਹਿਰ ਦੀ ਪ੍ਰਧਾਨ ਦੇਵੀ ਅਨੰਮਾ ਤਾਈ ਅਤੇ ਨਾਡਪ੍ਰਭੂ ਕੈਂਪੇਗੌੜਾ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਕਨੈਕਟੀਵਿਟੀ ਅਤੇ ਊਰਜਾ ਸੁਰੱਖਿਆ ਨਾਲ ਜੁੜੇ ਪ੍ਰੋਜੈਕਟਾਂ ਰਾਹੀਂ ਬੰਗਲੁਰੂ ਅਤੇ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਨਵੀਂ ਗਤੀ ਦੇਣ ਦਾ ਦਿਨ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਟਰੋ ਅਤੇ ਰੇਲ ਨਾਲ ਜੁੜੇ ਪ੍ਰੋਜੈਕਟਾਂ ਤੋਂ ਲੈ ਕੇ ਊਰਜਾ ਸੁਰੱਖਿਆ ਦੇ ਕੰਮਾਂ ਤੱਕ, ਇਹ ਸਾਰੇ ਪ੍ਰੋਜੈਕਟ ਕਰਨਾਟਕ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਗੇ।”

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਬੁਨਿਆਦੀ ਢਾਂਚਾ ਅਤੇ ਬਿਹਤਰ ਕਨੈਕਟੀਵਿਟੀ ਤਰੱਕੀ, ਰੁਜ਼ਗਾਰ ਅਤੇ ਉਦਯੋਗ ਦੇ ਨਵੇਂ ਮੌਕੇ ਪੈਦਾ ਕਰਦੇ ਹਨ, ਜੋ ਸਮਾਜ ਦੇ ਹਰ ਵਰਗ ਤੱਕ ਪਹੁੰਚਦੇ ਹਨ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਬਣਾਉਂਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਲਗਭਗ 50 ਕਰੋੜ ਨਾਗਰਿਕਾਂ ਦਾ ਅਤਿਅੰਤ ਗ਼ਰੀਬੀ ਤੋਂ ਬਾਹਰ ਆਉਣਾ ਇਸੇ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਨਵੇਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਲਈ ਕਰਨਾਟਕ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਪ੍ਰੋਜੈਕਟ ਵਿਕਸਤ ਕਰਨਾਟਕ ਰਾਹੀਂ ਵਿਕਸਤ ਭਾਰਤ ਦੇ ਨਿਰਮਾਣ ਨੂੰ ਨਵੀਂ ਗਤੀ ਦੇਣਗੇ ਅਤੇ ਨਾਲ ਹੀ ਟੈੱਕ ਸਿਟੀ ਵਜੋਂ ਬੰਗਲੁਰੂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨਗੇ।”

ਕੁਝ ਹੀ ਸਮਾਂ ਪਹਿਲਾਂ ਬੰਗਲੁਰੂ ਮੈਟਰੋ ਦੀ ਨਵੀਂ ਪਿੰਕ ਲਾਈਨ ਨੂੰ ਸਮਰਪਿਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕੌਰੀਡੋਰ ਨਾਲ ਆਈਆਈਐੱਮ ਬੰਗਲੁਰੂ, ਸ਼ਹਿਰ ਦੇ ਕਈ ਵਿਦਿਅਕ ਸੰਸਥਾਨਾਂ ਅਤੇ ਪ੍ਰਮੁੱਖ ਵਪਾਰਕ, ਤਕਨਾਲੋਜੀ ਅਤੇ ਕਮਰਸ਼ੀਅਲ ਕੇਂਦਰਾਂ ਤੱਕ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ, “ਬੰਗਲੁਰੂ ਦੇ ਲੱਖਾਂ ਲੋਕਾਂ ਨੂੰ ਨਾ ਸਿਰਫ਼ ਆਉਣ-ਜਾਣ ਵਿੱਚ ਸਹੂਲਤ ਮਿਲੇਗੀ, ਸਗੋਂ ਉਹ ਆਪਣੇ ਪੈਸੇ ਅਤੇ ਸਮੇਂ ਦੀ ਵੀ ਬੱਚਤ ਕਰ ਸਕਣਗੇ।”

ਪ੍ਰਧਾਨ ਮੰਤਰੀ ਨੇ ਖੇਤਰ ਨਾਲ ਡੂੰਘਾ ਜੁੜਾਅ ਰੱਖਣ ਵਾਲੇ ਮਰਹੂਮ ਅਨੰਤ ਕੁਮਾਰ ਦੀ ਪੁੰਨਿਆ ਤਿਥੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ, “ਅੱਜ ਇਸ ਮੈਟਰੋ ਲਾਈਨ ਨੂੰ ਦੇਖ ਕੇ ਉਨ੍ਹਾਂ ਦੀ ਆਤਮਾ ਨੂੰ ਵੀ ਯਕੀਨੀ ਤੌਰ ’ਤੇ ਖ਼ੁਸ਼ੀ ਹੋਈ ਹੋਵੇਗੀ।”

 

ਬੰਗਲੁਰੂ ਨੂੰ ਭਾਰਤ ਦੀ ਸਿਲੀਕੌਨ ਵੈਲੀ ਦੱਸਦਿਆਂ, ਜੋ ਦੇਸ਼ ਦੇ ਕੁੱਲ ਆਈਟੀ ਨਿਰਯਾਤ ਵਿੱਚ ਇੱਕ-ਤਿਹਾਈ ਤੋਂ ਵੱਧ ਯੋਗਦਾਨ ਦਿੰਦੀ ਹੈ ਅਤੇ ਨਵੀਨਤਾ ਅਤੇ ਆਰਥਿਕ ਵਿਕਾਸ ਦਾ ਇੱਕ ਪ੍ਰਮੁੱਖ ਕੇਂਦਰ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੰਗਲੁਰੂ ਖੇਤਰ ਦੇ ਤੇਜ਼ੀ ਨਾਲ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਨੰਮਾ ਮੈਟਰੋ ਦਾ ਵਿਸਤਾਰ ਸਾਲ 2014 ਵਿੱਚ ਸਿਰਫ਼ 17 ਕਿਲੋਮੀਟਰ ਤੋਂ ਵਧਾ ਕੇ ਅੱਜ 100 ਕਿਲੋਮੀਟਰ ਤੋਂ ਵੱਧ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੰਗਲੁਰੂ, ਦਿੱਲੀ-ਐੱਨਸੀਆਰ ਅਤੇ ਮੁੰਬਈ ਮਹਾਨਗਰ ਖੇਤਰ ਤੋਂ ਬਾਅਦ 100 ਕਿਲੋਮੀਟਰ ਤੋਂ ਵੱਧ ਮੈਟਰੋ ਨੈੱਟਵਰਕ ਵਾਲਾ ਦੇਸ਼ ਦਾ ਤੀਜਾ ਸ਼ਹਿਰ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਨੰਮਾ ਮੈਟਰੋ ਦੀ ਇਹ ਸਫ਼ਲਤਾ ਸੁਗਮ ਜੀਵਨ ਅਤੇ ਸੁਗਮ ਯਾਤਰਾ ਦੇ ਸਬੰਧ ਵਿੱਚ ਦੇਸ਼ ਦੀ ਨਵੀਂ ਸੋਚ ਦਾ ਨਤੀਜਾ ਹੈ। ਇਹ ਮੱਧਵਰਗੀ ਪਰਿਵਾਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਦੇਸ਼ ਦੀ ਵਚਨਬੱਧਤਾ ਦਾ ਵੀ ਨਤੀਜਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਬਸਤੀਵਾਦੀ ਮਾਨਸਿਕਤਾ ਨੂੰ ਪਿੱਛੇ ਛੱਡਦਿਆਂ ਕਰਨਾਟਕ ਵਿੱਚ ਚਾਮਰਾਜਨਗਰ, ਚਿੱਕਮਗਲੁਰੂ, ਸਕਲੇਸ਼ਪੁਰ ਅਤੇ ਸੁਬ੍ਰਹਮਣਿਆ ਰੋਡ ਸਮੇਤ 60 ਤੋਂ ਵੱਧ ਸਟੇਸ਼ਨਾਂ ’ਤੇ ਇੱਕ ਨਵੀਂ ਵਿਰਾਸਤ ਦਾ ਨਿਰਮਾਣ ਕਰ ਰਹੀ ਹੈ, ਜਿਸ ਵਿੱਚ ਵੰਦੇ ਭਾਰਤ ਟ੍ਰੇਨਾਂ ਅਤੇ ਅੰਮ੍ਰਿਤ ਭਾਰਤ ਸਟੇਸ਼ਨਾਂ ਦੇ ਜ਼ਰੀਏ ਰੇਲਵੇ ਸਟੇਸ਼ਨ, ਇੰਜਣ ਅਤੇ ਕੋਚ ਭਾਰਤ ਦੀ ਵਿਸ਼ੇਸ਼ ਪਛਾਣ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਟੇਸ਼ਨ ਆਧੁਨਿਕਤਾ ਦੇ ਨਾਲ ਸੰਵੇਦਨਸ਼ੀਲਤਾ ਦਾ ਮਿਸ਼ਰਣ ਹਨ ਅਤੇ ਇਨ੍ਹਾਂ ਵਿੱਚ ਸੀਨੀਅਰ ਸਿਟੀਜ਼ਨਾਂ ਅਤੇ ਦਿਵਿਆਂਗਜਨਾਂ ਲਈ ਵਿਸ਼ੇਸ਼ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪਹਿਲਾਂ ਜੋ ਸਹੂਲਤਾਂ ਹਵਾਈ ਅੱਡਿਆਂ ’ਤੇ ਹੀ ਦੇਖਣ ਨੂੰ ਮਿਲਦੀਆਂ ਸਨ, ਹੁਣ ਉਹੀ ਸਹੂਲਤਾਂ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਉਪਲਬਧ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਤੋਂ 12 ਸਾਲਾਂ ਵਿੱਚ ਭਾਰਤ ਦੇ ਰੇਲ ਬਜਟ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਕਰਨਾਟਕ ਲਈ ਰੇਲ ਬਜਟ ਅਲਾਟਮੈਂਟ ਵਿੱਚ ਨੌਂ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸੂਬੇ ਨੂੰ ਚਾਰ ਅੰਮ੍ਰਿਤ ਸਟੇਸ਼ਨ ਅਤੇ ਦੋ ਦੋਹਰੀਕਰਨ ਅਤੇ ਬਿਜਲੀਕਰਨ ਪ੍ਰੋਜੈਕਟ ਮਿਲੇ ਹਨ। ਇਸ ਤੋਂ ਇਲਾਵਾ, ਸੂਬੇ ਨੂੰ ਆਪਣੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਮਿਲਣ ਦੇ ਕੁਝ ਹੀ ਦਿਨਾਂ ਬਾਅਦ ਅੱਜ ਕਰਨਾਟਕ ਨੂੰ ਗੋਆ ਨਾਲ ਜੋੜਨ ਵਾਲੀ ਇੱਕ ਨਵੀਂ ਵੰਦੇ ਭਾਰਤ ਟ੍ਰੇਨ ਵੀ ਸਮਰਪਿਤ ਕੀਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਟ੍ਰੇਨ ਰਾਹੀਂ ਮੰਗਲੁਰੂ ਸਮੇਤ ਕਰਨਾਟਕ ਦੇ ਪੂਰੇ ਤਟੀ ਮਾਰਗ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸੈਮੀ ਹਾਈ-ਸਪੀਡ ਟ੍ਰੇਨ ਦਾ ਨਵਾਂ ਤਜਰਬਾ ਮਿਲੇਗਾ।”

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਈਰਾਨ ਅਤੇ ਖਾੜੀ ਖੇਤਰ ਦੇ ਆਲੇ-ਦੁਆਲੇ ਜਾਰੀ ਯੁੱਧ ਨੇ ਊਰਜਾ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਚੁੱਕੇ ਗਏ ਕਦਮਾਂ ਕਾਰਨ ਭਾਰਤ ਇਸ ਚੁਣੌਤੀਪੂਰਨ ਦੌਰ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਸਕਿਆ ਹੈ। ਇਨ੍ਹਾਂ ਕਦਮਾਂ ਵਿੱਚ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੇ ਉਤਪਾਦਨ ਦਾ ਵਿਸਤਾਰ, ਕੱਚੇ ਤੇਲ ਦੀ ਭੰਡਾਰਨ ਸਮਰੱਥਾ ਵਧਾਉਣਾ, ਸੂਰਜੀ, ਪਣ-ਬਿਜਲੀ ਅਤੇ ਪੌਣ ਊਰਜਾ ਦਾ ਵਿਕਾਸ, ਰੇਲਵੇ ਦਾ ਲਗਭਗ ਪੂਰਨ ਬਿਜਲੀਕਰਨ ਅਤੇ ਮੈਟਰੋ ਨੈੱਟਵਰਕ ਦਾ ਵਿਸਤਾਰ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਤਿੰਨ ਨਵੇਂ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ: ਮੰਗਲੁਰੂ ਐੱਲਪੀਜੀ ਪ੍ਰੋਜੈਕਟ, ਜਿਸ ਨਾਲ 80,000 ਮੀਟ੍ਰਿਕ ਟਨ ਭੰਡਾਰਨ ਸਮਰੱਥਾ ਵਧੇਗੀ; ਦੇਵਣਗੋਂਠੀ ਮਾਰਕੀਟਿੰਗ ਟਰਮੀਨਲ, ਜਿਸ ਨਾਲ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਈਂਧਣ ਦੀ ਸਪਲਾਈ ਸੁਚਾਰੂ ਹੋਵੇਗੀ ਅਤੇ ਬੰਗਲੁਰੂ ਸੀਬੀਜੀ ਪਲਾਂਟ, ਜੋ ਪ੍ਰਤੀ ਦਿਨ 13 ਟਨ ਬਾਇਓਗੈਸ ਦਾ ਉਤਪਾਦਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਨਾਲ ਕੂੜਾ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਅਤੇ ਕੁਦਰਤੀ ਗੈਸ ਦੇ ਆਯਾਤ ’ਤੇ ਖਰਚ ਹੋਣ ਵਾਲੀ ਧਨਰਾਸ਼ੀ ਦੀ ਵੀ ਬੱਚਤ ਹੋਵੇਗੀ।”

ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਚਿੱਪ ਤੋਂ ਲੈ ਕੇ ਸ਼ਿਪ ਤੱਕ ਅਤੇ ਏਆਈ ਅਤੇ ਡਾਟਾ ਸੈਂਟਰ ਤੋਂ ਲੈ ਕੇ ਕਵਾਂਟਮ ਕੰਪਿਊਟਿੰਗ ਤੱਕ, ਨਵੀਂਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਗਲੋਬਲ ਅਗਵਾਈ ਹਾਸਲ ਕਰਨ ਦੇ ਭਾਰਤ ਦੇ ਯਤਨਾਂ ਲਈ ਭਰੋਸੇਯੋਗ ਬਿਜਲੀ ਉਤਪਾਦਨ ਜ਼ਰੂਰੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਊਰਜਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਦੇਸ਼ ਆਪਣੇ ਪਰਮਾਣੂ ਊਰਜਾ ਪਲਾਂਟਾਂ ਦਾ ਵਿਸਤਾਰ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਭਾਰਤ ਦੀ ਅਖੁੱਟ ਊਰਜਾ ਸਮਰੱਥਾ 300 ਗੀਗਾਵਾਟ ਤੋਂ ਵੱਧ ਹੋ ਗਈ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਭਾਰਤੀ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕ ਬਣਨ ਵਿੱਚ ਸਮਰੱਥ ਬਣਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 60 ਲੱਖ ਤੋਂ ਵੱਧ ਪਰਿਵਾਰਾਂ ਨੇ, ਜਿਨ੍ਹਾਂ ਵਿੱਚ ਕਰਨਾਟਕ ਦੇ 40,000 ਤੋਂ ਵੱਧ ਪਰਿਵਾਰ ਸ਼ਾਮਲ ਹਨ, ਕੇਂਦਰ ਸਰਕਾਰ ਦੀ ਸਹਾਇਤਾ ਨਾਲ ਆਪਣੀ ਛੱਤਾਂ ’ਤੇ ਸੂਰਜੀ ਊਰਜਾ ਪਲਾਂਟ ਲਗਾਏ ਹਨ। ਹਰ ਪਰਿਵਾਰ ਨੂੰ ਲਗਭਗ 80,000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਉੱਥੇ ਹੀ, ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਕਰਨਾਟਕ ਦੇ ਕਿਸਾਨਾਂ ਦੀ ਸਿੰਚਾਈ ਲਈ 8 ਲੱਖ ਤੋਂ ਵੱਧ ਸੂਰਜੀ ਪੰਪਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿਸ ਨਾਲ ਬਿਜਲੀ ਦੀ ਲਾਗਤ ਘੱਟ ਹੋਵੇਗੀ ਅਤੇ ਆਮਦਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਵ, ਕਰਨਾਟਕ ਦੇ ਅੰਨਦਾਤਾ ਹੁਣ ਊਰਜਾਦਾਤਾ ਵੀ ਬਣ ਰਹੇ ਹਨ।”

ਇਹ ਦੇਖਦੇ ਹੋਏ ਕਿ ਸਾਲ 2014 ਤੋਂ ਬਾਅਦ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸੰਕਲਪ ਤਹਿਤ ਉਦੇਸ਼ਪੂਰਨ ਰਾਸ਼ਟਰੀ ਯਤਨਾਂ, ਜਨਭਾਗੀਦਾਰੀ ਅਤੇ ਕਰਦਾਤਿਆਂ ਦੇ ਧਨ ਦੀ ਉਚਿਤ ਵਰਤੋਂ ਨਾਲ ਮੱਧ ਵਰਗ ਦਾ ਵਿਸਤਾਰ ਹੋਇਆ ਹੈ ਅਤੇ ਇੱਕ ਨਵੇਂ ‘ਅਭਿਲਾਸ਼ੀ ਵਰਗ’ ਦਾ ਉਭਾਰ ਹੋਇਆ ਹੈ, ਜੋ ਘਰੇਲੂ ਉਪਕਰਣ, ਦੋਪਹੀਆ ਵਾਹਨ, ਗੁਣਵੱਤਾਪੂਰਨ ਸਿੱਖਿਆ, ਪੋਸ਼ਣ, ਸਿਹਤ ਸੇਵਾਵਾਂ ਅਤੇ ਸੈਰ-ਸਪਾਟੇ ਦੇ ਤਜਰਬੇ ਚਾਹੁੰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਧਦੀਆਂ ਉਮੀਦਾਂ ਆਟੋਮੋਬਾਈਲ, ਇਲੈਕਟ੍ਰੌਨਿਕਸ, ਸੈਰ-ਸਪਾਟੇ ਅਤੇ ਸੇਵਾ ਖੇਤਰਾਂ ਵਿੱਚ ਨਵੇਂ ਉਦਯੋਗਾਂ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ, “ਨਵ-ਮੱਧ ਵਰਗ ਭਾਰਤ ਦੀ ਆਰਥਿਕ ਵਿਕਾਸ ਦਾ ਇੱਕ ਪ੍ਰਮੁੱਖ ਵਾਹਕ ਬਣ ਰਿਹਾ ਹੈ ਜੋ ਕਰਨਾਟਕ ਅਤੇ ਬੰਗਲੁਰੂ ਵਿੱਚ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਵ-ਮੱਧ ਵਰਗ ਦੇ ਹਿੱਤ ਕੇਂਦਰ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਮੱਧ ਵਰਗ ਦੀ ਬੱਚਤ ਵਧਾਉਣ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਵਧੇਰੇ ਖ਼ਰਚਯੋਗ ਆਮਦਨ ਉਪਲਬਧ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੀਤੇ ਗਏ ਉਪਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਇਨਕਮ ਟੈਕਸ ਤੋਂ ਛੋਟ ਦਿੱਤੀ ਗਈ ਹੈ, ਸੀਨੀਅਰ ਸਿਟੀਜ਼ਨਾਂ ਅਤੇ ਕਿਰਾਏ ਤੋਂ ਆਮਦਨ ਪ੍ਰਾਪਤ ਕਰਨ ਵਾਲਿਆਂ ਨੂੰ ਲਾਭ ਪਹੁੰਚਾਉਣ ਲਈ ਟੀਡੀਐੱਸ ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਰਾਹੀਂ ਰੋਜ਼ਾਨਾ ਦੀਆਂ ਵਸਤੂਆਂ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਵਿਅਕਤੀਗਤ ਸਿਹਤ ਅਤੇ ਜੀਵਨ ਬੀਮਾ ’ਤੇ ਜੀਐੱਸਟੀ ਸਮਾਪਤ ਕਰਕੇ ਅਸੀਂ ਬੀਮੇ ਨੂੰ ਵਧੇਰੇ ਕਿਫ਼ਾਇਤੀ ਬਣਾਇਆ ਹੈ।”

ਆਪਣੇ ਸੰਬੋਧਨ ਦੇ ਸਮਾਪਤੀ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਵਿੱਚ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਦੇਸ਼ ਦੀ ਵਿਕਾਸ ਯਾਤਰਾ ਨੂੰ ਹੋਰ ਗਤੀ ਪ੍ਰਦਾਨ ਕਰਨਗੇ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮੱਧਵਰਗੀ ਪਰਿਵਾਰਾਂ ਨੂੰ ਸਸ਼ਕਤ ਬਣਾਉਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਸ਼੍ਰੀ ਮੋਦੀ ਨੇ ਕਿਹਾ, “ਸਾਡਾ ਯਤਨ ਹੈ ਕਿ ਮੱਧ ਵਰਗ ਦੀ ਬੱਚਤ ਵਧੇ, ਉਨ੍ਹਾਂ ਦੀ ਖ਼ਰੀਦ ਸ਼ਕਤੀ ਮਜ਼ਬੂਤ ਹੋਵੇ ਅਤੇ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਦੇਸ਼ ਦੀ ਆਰਥਿਕ ਤਰੱਕੀ ਵਿੱਚ ਵੀ ਭਾਈਵਾਲ ਬਣਨ।”

https://x.com/narendramodi/status/2121155624864276505 

https://x.com/PMOIndia/status/2121157054140461138 

https://x.com/PMOIndia/status/2121157974257541349 

https://x.com/PMOIndia/status/2121158280508829944 

*****

ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ