Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਰਨਾਟਕ ਦੇ ਮੈਸੂਰੂ ਵਿੱਚ ਕੋਸਮੋਸ-ਮੈਸੂਰੂ ਤਾਰਾਮੰਡਲ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਕਰਨਾਟਕ ਦੇ ਮੈਸੂਰੂ ਵਿੱਚ ਕੋਸਮੋਸ-ਮੈਸੂਰੂ ਤਾਰਾਮੰਡਲ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


 

ਸਾਰਿਆਂ ਨੂੰ ਮੇਰੀ ਨਮਸਕਾਰ!

ਕਰਨਾਟਕ ਦੀ ਰਾਜਪਾਲ ਸੁਧਾ ਯਾਦਵ ਜੀ, ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਜੀ, ਕੈਬਨਿਟ ਵਿੱਚ ਮੇਰੀ ਸਹਿਯੋਗੀ ਨਿਰਮਲਾ ਸੀਤਾਰਮਨ ਜੀ, ਰਾਜ ਸਰਕਾਰ ਵਿੱਚ ਮੰਤਰੀ ਬਸਵਰਾਜ ਰਾਇਰੈੱਡੀ ਜੀ, ਸੰਸਦ ਵਿੱਚ ਮੇਰੇ ਸਾਥੀ ਯਦੁਵੀਰ ਕ੍ਰਿਸ਼ਨਦੱਤ ਚਾਮਰਾਜ ਵਾਡੀਆਰ ਜੀ, ਸਾਰੇ ਵਿਗਿਆਨੀ, ਖੋਜਾਰਥੀ, ਅਧਿਆਪਕ, ਹੋਰ ਪਤਵੰਤੇ ਅਤੇ ਮੈਸੂਰੂ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਸਭ ਤੋਂ ਪਹਿਲਾਂ ਮੈਂ ਦੇਵੀ ਚਾਮੁੰਡੇਸ਼ਵਰੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਮੈਸੂਰੂ ਵਿੱਚ ਇੱਕ ਵਾਰ ਫਿਰ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਮੈਂ ਵਿਵੇਕਾ ਸਮਾਰਕ ਦੇ ਉਦਘਾਟਨ ਲਈ ਆਪ ਸਭ ਦੇ ਵਿਚਕਾਰ ਆਇਆ ਸੀ। ਅਤੇ ਅੱਜ, ਅਸੀਂ ਇੱਥੇ ਕੋਸਮੋਸ ਪਲੈਨੇਟੇਰਿਅਮ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਇਕੱਠੇ ਹੋਏ ਹਾਂ। ਇਹ ਦੋਵੇਂ ਹੀ ਮੌਕੇ, ਭਾਰਤ ਦੇ ਸੰਸਕਾਰ, ਸਾਡੇ ਸੱਭਿਆਚਾਰ ਬਾਰੇ ਡੂੰਘਾ ਸੁਨੇਹਾ ਦਿੰਦੇ ਹਨ। ਵਿਵੇਕਾ ਸਮਾਰਕਾ ਸਾਨੂੰ ਆਪਣੇ ਅੰਦਰ ਝਾਤੀ ਮਾਰਨ, ਅਧਿਆਤਮਕ ਗਿਆਨ ਦੀ ਖੋਜ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉੱਥੇ ਹੀ ਕੋਸਮੋਸ ਵਿੱਚ ਆ ਕੇ, ਸਾਡੀਆਂ ਨਜ਼ਰਾਂ ਅਸਮਾਨ ਵੱਲ ਉੱਠਦੀਆਂ ਹਨ। ਅਸੀਂ ਇਸ ਵਿਸ਼ਾਲ ਬ੍ਰਹਿਮੰਡ ਨੂੰ ਜਾਣਨ, ਇਸ ਦੇ ਰਹੱਸਾਂ ਨੂੰ ਸਮਝਣ ਲਈ ਪ੍ਰੇਰਿਤ ਹੁੰਦੇ ਹਾਂ। ਇਹ ਇਸ ਗੱਲ ਦੀ ਉਦਾਹਰਣ ਹੈ ਕਿ ਭਾਰਤ ਵਿੱਚ ਅਧਿਆਤਮ ਅਤੇ ਵਿਗਿਆਨ ਦੀਆਂ ਪਰੰਪਰਾਵਾਂ ਹਮੇਸ਼ਾ ਨਾਲ-ਨਾਲ ਅੱਗੇ ਵਧੀਆਂ ਹਨ।

ਸਾਥੀਓ, 

ਸਾਡੇ ਪੁਰਖੇ ਅਸਮਾਨ ਦਾ ਬਹੁਤ ਬਾਰੀਕੀ ਨਾਲ ਅਧਿਐਨ ਕਰਦੇ ਸਨ। ਉਨ੍ਹਾਂ ਨੇ ਤਾਰਿਆਂ ਅਤੇ ਗ੍ਰਹਿਆਂ ਦੀ ਗਤੀ ਨੂੰ ਸਮਝਿਆ, ਉਨ੍ਹਾਂ ਨੇ ਕੈਲੰਡਰ ਬਣਾਏ, ਸੂਰਜ ਅਤੇ ਚੰਦਰ ਗ੍ਰਹਿਣ ਦੇ ਸਮੇਂ ਦੀ ਗਣਨਾ ਕੀਤੀ। ਭਾਰਤ ਵਿੱਚ ਆਰਿਆਭੱਟ, ਵਰਾਹਮਿਹਿਰ, ਭਾਸਕਰਾਚਾਰਿਆ ਅਤੇ ਨੀਲਕੰਠ ਸੋਮਯਾਜੀ ਵਰਗੇ ਕਈ ਮਹਾਨ ਖਗੋਲ ਵਿਗਿਆਨੀ ਹੋਏ। ਅੱਜ ਵਰਗੇ ਉੱਨਤ ਯੰਤਰ ਅਤੇ ਤਕਨਾਲੋਜੀ, ਅੱਜ ਜੋ ਉਪਲਬਧ ਹੈ, ਉਸ ਸਮੇਂ ਨਹੀਂ ਸੀ। ਇਸ ਦੇ ਬਾਵਜੂਦ, ਉਨ੍ਹਾਂ ਨੇ ਵੱਡੀਆਂ-ਵੱਡੀਆ ਖੋਜਾਂ ਕੀਤੀਆਂ, ਮੁਸ਼ਕਲ ਤੋਂ ਮੁਸ਼ਕਲ ਗਣਨਾਵਾਂ ਕੀਤੀਆਂ।

ਸਾਥੀਓ, 

ਮੈਸੂਰੂ ਵਿੱਚ ਅਜਿਹੀਆਂ ਸੰਸਥਾਵਾਂ ਦੇ ਨਿਰਮਾਣ ਦੀ ਪਰੰਪਰਾ ਰਹੀ ਹੈ, ਜੋ ਗਿਆਨ ਦੀ ਖੋਜ ਨੂੰ ਉਤਸ਼ਾਹਿਤ ਕਰਦੀਆਂ ਹਨ। ਮਹਾਰਾਜਾ ਨਾਲਵੜੀ ਕ੍ਰਿਸ਼ਨਰਾਜ ਵਾਡੀਆਰ ਦੇ ਸਮੇਂ ਹੀ ਮੈਸੂਰੂ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਵਾਡੀਆਰ ਪਰਿਵਾਰ ਨੇ ਬੰਗਲੁਰੂ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੀ ਨੀਂਹ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਨ੍ਹਾਂ ਸੰਸਥਾਵਾਂ ਨੇ ਕਈ ਪੀੜ੍ਹੀਆਂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ। ਅਤੇ ਅੱਜ, ਜਦੋਂ ਭਾਰਤ ਵਿਗਿਆਨ ਦੇ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਨਵੀਆਂ ਉਪਲਬਧੀਆਂ ਹਾਸਲ ਕਰ ਰਿਹਾ ਹੈ, ਓਦੋਂ ਇਸ ਅਤਿ-ਆਧੁਨਿਕ ਕੋਸਮੋਸ ਪਲੈਨੇਟੇਰਿਅਮ ਦੇ ਰੂਪ ਵਿੱਚ ਮੈਸੂਰੂ ਵੀ, ਭਾਰਤ ਦੀ ਵਿਗਿਆਨਕ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਜੋੜ ਰਿਹਾ ਹੈ। ਅੱਜ ਇਹ ਸਟੇਟ-ਆਫ਼-ਦੀ-ਆਰਟ ਕੋਸਮੋਸ ਪਲੈਨੇਟੇਰਿਅਮ ਨੌਜਵਾਨਾਂ ਅਤੇ ਦੇਸ਼ਵਾਸੀਆਂ ਨੂੰ ਸਮਰਪਿਤ ਹੋ ਰਿਹਾ ਹੈ। ਇਹ ਭਾਰਤ ਦਾ ਪਹਿਲਾ ਐੱਲਈਡੀ ਡੋਮ ਪਲੈਨੇਟੇਰਿਅਮ ਹੈ। ਮੈਨੂੰ ਹੁਣੇ-ਹੁਣੇ ਇਸ ਵਿੱਚ ਇੱਕ ਸ਼ੋਅ ਦੇਖਣ ਦਾ ਮੌਕਾ ਵੀ ਮਿਲਿਆ। ਇਹ ਆਪਣੇ ਆਪ ਵਿੱਚ ਇੱਕ ਅਦਭੁਤ ਤਜਰਬਾ ਰਿਹਾ। ਮੈਂ ਇੰਡੀਅਨ ਇੰਸਟੀਟਿਊਟ ਆਫ਼ ਐਸਟਰੋਫਿਜ਼ਿਕਸ, ਮੈਸੂਰੂ ਯੂਨੀਵਰਸਿਟੀ, ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਇਸ ਦੇ ਨਿਰਮਾਣ ਨਾਲ ਜੁੜੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹਾਂ। ਦੇਸ਼ ਨੂੰ ਇਸ ਮੌਕੇ ਦੀ ਵਧਾਈ ਦਿੰਦਾ ਹਾਂ।

ਸਾਥੀਓ, 

ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੋਂ ਇੱਕ ਸੱਦਾ ਚਲਿਆ ਆ ਰਿਹਾ ਸੀ, ਜਿਸ ਦਾ ਜ਼ਿਕਰ ਅੱਜ ਨਿਰਮਲਾ ਜੀ ਨੇ ਆਪਣੇ ਭਾਸ਼ਣ ਵਿੱਚ ਕੀਤਾ – ਜੈ ਜਵਾਨ, ਜੈ ਕਿਸਾਨ। ਅਟਲ ਜੀ ਨੇ ਇਸ ਵਿੱਚ ਜੈ ਵਿਗਿਆਨ ਅਤੇ ਫਿਰ ਮੈਂ ਇਸ ਵਿੱਚ ਜੈ ਅਨੁਸੰਧਾਨ ਵੀ ਜੋੜਿਆ। 21ਵੀਂ ਸਦੀ ਦਾ ਭਾਰਤ ਇਸੇ ਵਿਜ਼ਨ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਅਤੇ ਇਸ ਵਿੱਚ ਸਾਡੇ ਦੇਸ਼ ਦੇ ਨੌਜਵਾਨ ਬਹੁਤ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਸਾਲ ਭਾਰਤ ਨੇ ਮੁੰਬਈ ਵਿੱਚ ਇੰਟਰਨੈਸ਼ਨਲ ਓਲੰਪਿਆਡ ਔਨ ਐਸਟ੍ਰਨੌਮੀ ਐਂਡ ਐਸਟਰੋਫਿਜ਼ਿਕਸ ਦਾ ਆਯੋਜਨ ਕੀਤਾ ਸੀ। ਇਸ ਵਿੱਚ ਸਾਡੇ ਨੌਜਵਾਨਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਅਤੇ ਇਸ ਸਾਲ, ਇਸੇ ਓਲੰਪਿਆਡ ਦੇ ਅਗਲੇ ਐਡੀਸ਼ਨ ਲਈ ਭਾਰਤ ਦੇ ਪੰਜ ਵਿਦਿਆਰਥੀ ਵਿਅਤਨਾਮ ਗਏ। ਇਨ੍ਹਾਂ ਵਿੱਚੋਂ ਚਾਰ ਨੇ ਗੋਲਡ ਮੈਡਲ ਜਿੱਤੇ ਅਤੇ ਇੱਕ ਨੇ ਸਿਲਵਰ ਮੈਡਲ ਜਿੱਤਿਆ। ਇਹ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ।

 

ਸਾਥੀਓ, 

ਸਾਡੇ ਨੌਜਵਾਨ ਵਿਦਿਆਰਥੀ ਵਿਗਿਆਨ ਦੇ ਦੂਜੇ ਖੇਤਰਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਸਾਲ ਅੰਤਰਰਾਸ਼ਟਰੀ ਓਲੰਪਿਆਡ ਵਿੱਚ ਵੀ ਭਾਰਤ ਦੇ ਵਿਦਿਆਰਥੀਆਂ ਨੇ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ। ਇਨ੍ਹਾਂ ਵਿੱਚ ਮੈਥਸ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਵਰਗੇ ਵਿਸ਼ੇ ਸ਼ਾਮਲ ਸਨ। ਸਾਰੇ ਵਿਦਿਆਰਥੀਆਂ ਨੇ ਗੋਲਡ ਜਾਂ ਸਿਲਵਰ ਮੈਡਲ ਜਿੱਤੇ। ਇਹ ਭਾਰਤ ਲਈ ਇੱਕ ਰਿਕਾਰਡ ਉਪਲਬਧੀ ਰਹੀ ਹੈ। ਭਾਵ, ਜਦੋਂ ਸਾਡੇ ਨੌਜਵਾਨਾਂ ਨੂੰ ਮੌਕੇ ਮਿਲਦੇ ਹਨ, ਜਦੋਂ ਉਨ੍ਹਾਂ ਨੂੰ ਸਿੱਖਣ ਲਈ ਜ਼ਰੂਰੀ ਸਾਧਨ ਮਿਲਦੇ ਹਨ, ਤਕਨਾਲੋਜੀ, ਟੂਲਸ ਅਤੇ ਸੰਸਥਾਵਾਂ ਦਾ ਸਹਿਯੋਗ ਮਿਲਦਾ ਹੈ, ਤਾਂ ਉਹ ਵੱਡੀਆਂ ਉਪਲਬਧੀਆਂ ਹਾਸਲ ਕਰਕੇ ਦਿਖਾਉਂਦੇ ਹਨ। ਇਹ ਕੋਸਮੋਸ ਪਲੈਨੇਟੇਰਿਅਮ ਵੀ ਹੁਣ ਉਨ੍ਹਾਂ ਦੇ ਸੁਪਨਿਆਂ ਨੂੰ ਆਕਾਰ ਦੇਣ ਵਿੱਚ ਬਹੁਤ ਮਦਦ ਕਰਨ ਵਾਲਾ ਹੈ।

ਸਾਥੀਓ, 

ਅੱਜ ਤਕਨਾਲੋਜੀ ਦੁਨੀਆ ਨੂੰ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅਤੇ ਕੋਈ ਵੀ ਦੇਸ਼ ਇਸ ਵਿੱਚ ਹੌਲੀ ਰਫ਼ਤਾਰ ਨਾਲ ਚੱਲਣ ਦਾ ਰਿਸਕ ਨਹੀਂ ਲੈ ਸਕਦਾ। ਬੀਤੇ ਇੱਕ ਦਹਾਕੇ ਵਿੱਚ ਭਾਰਤ ਨੇ ਐਸਟ੍ਰੋਨੌਮੀ, ਐਸਟਰੋਫਿਜ਼ਿਕਸ ਅਤੇ ਪੁਲਾੜ ਸੈਕਟਰ ਵਿੱਚ ਬੇਮਿਸਾਲ ਰਫ਼ਤਾਰ ਨਾਲ ਕੰਮ ਕੀਤਾ ਹੈ। ਅਸੀਂ ਦੇਸ਼ ਵਿੱਚ ਨਵੇਂ ਟੈਲੀਸਕੋਪ ਲਗਾਏ ਹਨ, ਪੁਲਾੜ ਖੋਜ ਦੇ ਕਈ ਕਠਿਨ ਖੇਤਰਾਂ ਵਿੱਚ, ਭਾਰਤ ਅੱਜ ਦੁਨੀਆ ਦੇ ਗਿਣੇ-ਚੁਣੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਚੰਦਰਯਾਨ-3 ਰਾਹੀਂ ਇਸਰੋ ਨੇ, ਭਾਰਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਕੋਲ ਉਤਰਨ ਵਾਲਾ, ਦੁਨੀਆ ਦਾ ਪਹਿਲਾ ਦੇਸ਼ ਬਣਾਇਆ। ਆਦਿੱਤਿਆ-ਐੱਲ-ਵਨ ਦੇ ਰੂਪ ਵਿੱਚ ਭਾਰਤ ਨੂੰ ਪੁਲਾੜ ਵਿੱਚ ਆਪਣੀ ਪਹਿਲੀ ਸੋਲਰ ਔਬਜ਼ਰਵੇਟਰੀ ਮਿਲੀ ਹੈ। ਪਿਛਲੇ ਸਾਲ ਹੀ ਭਾਰਤ, ਪੁਲਾੜ ਵਿੱਚ ਡੌਕਿੰਗ ਅਤੇ ਅਨਡੌਕਿੰਗ ਦੀ ਸਮਰੱਥਾ ਦਿਖਾਉਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਿਆ।

ਸਾਥੀਓ, 

ਇਸੇ ਦੌਰਾਨ, ਇੱਕ ਭਾਰਤੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਪਹੁੰਚ ਕੇ, ਨਵੇਂ-ਨਵੇਂ ਪ੍ਰਯੋਗ ਵੀ ਕੀਤੇ ਹਨ। ਇਸ ਮਿਸ਼ਨ ਤੋਂ ਮਿਲਿਆ ਤਜਰਬਾ ਸਾਡੇ ਆਪਣੇ ਹਿਊਮਨ ਸਪੇਸਫਲਾਈਟ ਪ੍ਰੋਗਰਾਮ, ਗਗਨਯਾਨ ਲਈ ਵੀ ਉਪਯੋਗੀ ਹੋ ਰਿਹਾ ਹੈ।

 

ਸਾਥੀਓ, 

ਸਾਡੀ ਸਰਕਾਰ ਨੇ ਪੁਲਾੜ ਸੈਕਟਰ ਨੂੰ ਖੋਲ੍ਹਿਆ। ਇਸ ਨਾਲ ਪ੍ਰਾਈਵੇਟ ਸੈਕਟਰ ਲਈ ਨਵੀਆਂ ਸੰਭਾਵਨਾਵਾਂ ਬਣੀਆਂ ਹਨ। ਭਾਰਤ ਦੇ ਸਟਾਰਟਅੱਪਸ ਨੂੰ ਵੀ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲਿਆ ਹੈ। ਅੱਜ ਸਾਡੇ ਨੌਜਵਾਨ ਆਪਣੇ ਰਾਕੇਟ ਲਾਂਚ ਕਰ ਰਹੇ ਹਨ, ਸੈਟੇਲਾਈਟਸ ਨੂੰ ਔਰਬਿਟ ਵਿੱਚ ਪਹੁੰਚਾ ਰਹੇ ਹਨ, ਅਤੇ ਪੁਲਾੜ ਸੈਕਟਰ ਵਿੱਚ ਅਜਿਹੇ ਕਈ ਕੰਮ ਕਰ ਰਹੇ ਹਨ, ਜੋ ਭਾਰਤ ਵਿੱਚ ਪਹਿਲਾਂ ਕਦੇ ਨਹੀਂ ਹੋਏ ਸਨ। ਇਹੀ ਨਵੇਂ ਭਾਰਤ ਦਾ ਵਿਗਿਆਨਕ ਦ੍ਰਿਸ਼ਟੀਕੋਣ ਹੈ, ਜਿੱਥੇ ਨਵੀਆਂ ਖੋਜਾਂ ਨੂੰ ਹੁਲਾਰਾ ਮਿਲ ਰਿਹਾ ਹੈ, ਨਵੀਂ ਤਕਨਾਲੋਜੀ ਵਿਕਸਿਤ ਹੋ ਰਹੀ ਹੈ, ਅਤੇ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਬਣ ਰਹੇ ਹਨ।

ਸਾਥੀਓ, 

ਭਾਰਤ, ਹਮੇਸ਼ਾ ਤੋਂ ਮਨੁੱਖਤਾ ਪਹਿਲਾਂ ਦੇ ਮੰਤਰ ਨੂੰ ਲੈ ਕੇ ਅੱਗੇ ਚੱਲਿਆ ਹੈ। ਭਾਰਤ ਦਾ ਪੁਲਾੜ ਮਿਸ਼ਨ ਵੀ, ਮਨੁੱਖਤਾ ਦੇ ਭਲੇ ਲਈ ਸਮਰਪਿਤ ਰਿਹਾ ਹੈ। ਜਿਵੇਂ ਸਾਡੇ ਮਛੁਆਰੇ ਭਰਾਵਾਂ ਲਈ ਇਸਰੋ ਨੇ ਇੱਕ ਸੈਟੇਲਾਈਟ ਕਮਿਊਨੀਕੇਸ਼ਨ ਸਿਸਟਮ ਵਿਕਸਤ ਕੀਤਾ ਹੈ। ਇਸ ਸਿਸਟਮ ਦੀ ਮਦਦ ਨਾਲ ਜਿਨ੍ਹਾਂ ਕਿਸ਼ਤੀਆਂ ਵਿੱਚ ਰਿਸੀਵਰ ਲੱਗੇ ਹਨ, ਤੂਫ਼ਾਨ ਦੇ ਸਮੇਂ ਉਨ੍ਹਾਂ ਤੱਕ ਅਧਿਕਾਰੀ ਸਮੇਂ ’ਤੇ ਅਲਰਟ ਪਹੁੰਚਾ ਸਕਦੇ ਹਨ। ਅਤੇ ਉਨ੍ਹਾਂ ਦੇ ਸੁਰੱਖਿਅਤ ਕੰਢੇ ਤੱਕ ਪਰਤਣ ਨੂੰ ਟ੍ਰੈਕ ਵੀ ਕਰ ਸਕਦੇ ਹਨ।

ਸਾਥੀਓ, 

ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਟ੍ਰੇਨ ਦੀ ਲਾਈਵ ਲੋਕੇਸ਼ਨ ਚੈੱਕ ਕਰਦੇ ਹੋਣਗੇ। ਇਸ ਤੋਂ ਪਤਾ ਚੱਲਦਾ ਹੈ ਕਿ ਟ੍ਰੇਨ ਕਿੱਥੇ ਪਹੁੰਚੀ ਹੈ ਅਤੇ ਸਟੇਸ਼ਨ ’ਤੇ ਕਦੋਂ ਤੱਕ ਆਵੇਗੀ। ਇਹ ਜਾਣਕਾਰੀ ਇੰਡੀਅਨ ਰੇਲਵੇ ਅਤੇ ਇਸਰੋ ਵੱਲੋਂ ਵਿਕਸਤ ਰੀਅਲ ਟਾਈਮ ਟ੍ਰੇਨ ਟ੍ਰੈਕਿੰਗ ਸਿਸਟਮ ਤੋਂ ਮਿਲਦੀ ਹੈ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿੱਚ ਵੀ ਸੈਟੇਲਾਈਟ ਡਾਟਾ ਦਾ ਉਪਯੋਗ ਹੁੰਦਾ ਹੈ। ਇਸ ਵਿੱਚ ਖੇਤਾਂ ਤੋਂ ਮਿਲੀ ਜਾਣਕਾਰੀ, ਅਤੇ ਸੈਟੇਲਾਈਟ ਡਾਟਾ ਦੀ ਮਦਦ ਨਾਲ ਫ਼ਸਲ ਦੀ ਪੈਦਾਵਾਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਇਸੇ ਅੰਦਾਜ਼ੇ ਦੇ ਅਧਾਰ ’ਤੇ ਕਿਸਾਨਾਂ ਦੇ ਇੰਸ਼ੋਰੈਂਸ ਕਲੇਮ ਤੈਅ ਹੋ ਰਹੇ ਹਨ। ਯਾਨੀ ਅੱਜ ਸਾਡੀਆਂ ਸੈਟੇਲਾਈਟਸ ਪੁਲਾੜ ਦੀਆਂ ਬੁਲੰਦੀਆਂ ਛੂਹ ਰਹੀਆਂ ਹਨ, ਨਾਲ ਹੀ, ਉਨ੍ਹਾਂ ਦੀ ਵਰਤੋਂ ਧਰਤੀ ’ਤੇ ਲੋਕਾਂ ਦਾ ਜੀਵਨ ਬਿਹਤਰ ਬਣਾਉਣ ਵਿੱਚ ਹੋ ਰਿਹਾ ਹੈ।

ਸਾਥੀਓ, 

‘ਸਾਇੰਸ ਫਾਰ ਸੁਸਾਇਟੀ’, ਭਾਵ ਸਮਾਜ ਲਈ ਵਿਗਿਆਨ, ਇਹੀ ਸਾਡੀ ਸੋਚ ਹੈ। ਅਸੀਂ ਦੇਸ਼ ਵਿੱਚ ਖੋਜ ਅਤੇ ਨਵੀਨਤਾ ਨੂੰ ਲਗਾਤਾਰ ਹੁਲਾਰਾ ਦੇ ਰਹੇ ਹਨ। ਦੇਸ਼ ਦੀ 10 ਹਜ਼ਾਰ ਤੋਂ ਵੱਧ ਅਟਲ ਟਿੰਕਰਿੰਗ ਲੈਬਾਂ ਦਾ ਲਾਭ ਹੁਣ ਤੱਕ ਇੱਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਮਿਲ ਚੁੱਕਿਆ ਹੈ। ਇਨ੍ਹਾਂ ਲੈਬਾਂ ਵਿੱਚ ਬੱਚਿਆਂ ਨੂੰ ਆਪਣੇ ਵਿਚਾਰਾਂ ’ਤੇ ਕੰਮ ਕਰਨ, ਨਵੇਂ ਪ੍ਰਯੋਗ ਕਰਨ ਅਤੇ ਇਨੋਵੇਸ਼ਨ ਦੇ ਮੌਕੇ ਮਿਲ ਰਹੇ ਹਨ।

ਸਾਥੀਓ, 

ਖੋਜ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ ਕਿ ਸਾਡੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਦੁਨੀਆ ਦੀ ਬਿਹਤਰੀਨ ਖੋਜ ਤੱਕ ਪਹੁੰਚ ਮਿਲੇ। ਇਸੇ ਉਦੇਸ਼ ਨਾਲ ਅਸੀਂ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਦੀ ਸ਼ੁਰੂਆਤ ਕੀਤੀ। ਹੁਣ ਦੇਸ਼ ਦੇ ਵਿਦਿਅਕ ਅਤੇ ਖੋਜ ਸੰਸਥਾਨਾਂ ਨੂੰ, ਦੁਨੀਆ ਦੇ ਪ੍ਰਮੁੱਖ ਵਿਗਿਆਨਕ ਰਸਾਲਿਆਂ ਤੱਕ ਪਹੁੰਚਣ ਵਿੱਚ ਬਹੁਤ ਮਦਦ ਮਿਲ ਰਹੀ ਹੈ। ਅਸੀਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਇਸ ਦੇ ਜ਼ਰੀਏ ਅਸੀਂ ਵੱਧ ਤੋਂ ਵੱਧ ਯੂਨੀਵਰਸਿਟੀਆਂ ਨੂੰ ਨਵੀਂ ਖੋਜ ਕਰਨ ਵਿੱਚ ਮਦਦ ਕਰ ਰਹੇ ਹਾਂ।

ਸਾਥੀਓ, 

ਪਿਛਲੇ ਸਾਲ ਅਸੀਂ ਇੱਕ ਲੱਖ ਕਰੋੜ ਰੁਪਏ ਦੀ ਖੋਜ, ਵਿਕਾਸ ਅਤੇ ਇਨੋਵੇਸ਼ਨ ਸਕੀਮ ਵੀ ਸ਼ੁਰੂ ਕੀਤੀ ਹੈ, ਤਾਂ ਕਿ ਸਾਡੇ ਦੇਸ਼ ਦੇ ਖੋਜਾਰਥੀਆਂ ਨੂੰ ਲੋੜੀਂਦਾ ਫੰਡ ਮਿਲਦਾ ਰਹੇ। ਇਸ ਨਾਲ ਨਵੀਂ ਤਕਨਾਲੋਜੀ ਨੂੰ ਲੈਬ ਤੋਂ ਕੱਢ ਕੇ ਵਿਹਾਰਕ ਵਰਤੋਂ ਤੱਕ ਪਹੁੰਚਾਉਣ ਵਿੱਚ ਮਦਦ ਮਿਲ ਰਹੀ ਹੈ।

ਸਾਥੀਓ, 

ਅੱਜ ਦੇਸ਼ ਵਿੱਚ ਵਿਗਿਆਨ ਅਤੇ ਖੋਜ ਲਈ ਇੱਕ ਮਜ਼ਬੂਤ ਈ​ਕੋਸਿਸਟਮ ਬਣ ਰਿਹਾ ਹੈ। ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਨੌਜਵਾਨਾਂ ਦੇ ਮਨ ਵਿੱਚ ਉਤਸੁਕਤਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਇਸ ਉਤਸੁਕਤਾ ਨੂੰ ਜਗਾਉਣ ਵਿੱਚ ਪਲੈਨੇਟੇਰੀਅਮ ਅਤੇ ਵਿਗਿਆਨ ਸੈਂਟਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਮੇਰਾ ਕੋਸਮੋਸ ਨਾਲ ਜੁੜੇ ਸਾਰੇ ਲੋਕਾਂ ਨੂੰ ਤਾਕੀਦ ਹੈ ਕਿ ਤੁਸੀਂ ਇਸ ਖੇਤਰ ਵਿੱਚ ਇੱਥੇ ਦੇ ਸਕੂਲਾਂ ਅਤੇ ਕਾਲਜਾਂ ਨੂੰ ਉੱਥੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਉੱਥੇ ਆਉਣ ਦਾ ਪ੍ਰੋਗਰਾਮ ਬਣੇ, ਉਨ੍ਹਾਂ ਨੂੰ ਲਿਆਉਣ ਦੀ ਵਿਵਸਥਾ ਹੋਵੇ। ਜਿਹੜੇ ਬੱਚੇ ਇੱਥੇ ਬ੍ਰਹਿਮੰਡ ਬਾਰੇ ਜਾਣਨ ਲਈ ਆਉਣਗੇ, ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ, ਇੱਕ ਦਿਨ ਇੱਥੇ ਵਾਪਸ ਆਉਣ, ਅਤੇ ਸਾਨੂੰ ਦੱਸਣ ਕਿ ਉਨ੍ਹਾਂ ਨੇ ਬ੍ਰਹਿਮੰਡ ਬਾਰੇ ਕੀ ਨਵੀਂ ਖੋਜ ਕੀਤੀ ਹੈ। ਅਤੇ ਇਹੀ ਇਸ ਕੋਸਮੋਸ ਪਲੈਨੇਟੇਰੀਅਮ ਦੀ ਸਭ ਤੋਂ ਵੱਡੀ ਸਫ਼ਲਤਾ ਹੋਵੇਗੀ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਅੱਗੇ ਦੀ ਯਾਤਰਾ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਤੁਹਾਡਾ ਬਹੁਤ-ਬਹੁਤ ਧੰਨਵਾਦ!

*******

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ