Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਲਯਾਲਾ ਮਨੋਰਮਾ ਨਿਊਜ਼ ਕਨਕਲੇਵ (ਸਮਾਚਾਰ ਸੰਮੇਲਨ) 2019 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸ਼੍ਰੀਮਾਨ ਮੈਮਨ ਮੈਥਿਊ, ਸ਼੍ਰੀ ਜੈਕਬ ਮੈਥਿਊ, ਸ਼੍ਰੀ ਜਯੰਤ ਜੈਕਬ ਮੈਥਿਊ, ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਡਾ. ਸ਼ਸ਼ੀ ਥਰੂਰ, ਪਿਆਰੇ ਮਿੱਤਰੋਂ ਨਮਸਕਾਰਮ,

ਮਲਯਾਲਾ ਮਨੋਰਮਾ ਨਿਊਜ਼ ਕਨਕਲੇਵ (ਸਮਾਚਾਰ ਸੰਮੇਲਨ) – 2019 ਨੂੰ ਸੰਬੋਧਨ ਕਰਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ| ਮੈਂ ਕੇਰਲ ਦੀ ਪਵਿੱਤਰ ਮਿੱਟੀ ਅਤੇ ਇਸ ਦੇ ਵਿਲੱਖਣ ਸੱਭਿਆਚਾਰ ਨੂੰ ਪ੍ਰਣਾਮ ਕਰਦਾ ਹਾਂ| ਇਹ ਅਧਿਆਤਮ ਅਤੇ ਸਮਾਜਿਕ ਗਿਆਨ-ਦਾਨ ਦੀ ਧਰਤੀ ਹੈ, ਜਿਸ ਨੇ ਭਾਰਤ ਨੂੰ ਮਹਾਨ ਬੇਟੇ ਅਤੇ ਬੇਟੀਆਂ ਜਿਵੇਂ ਕਿ ਆਦਿ ਸ਼ੰਕਰ, ਮਹਾਤਮਾ ਆਯਯਨਕਲੀ (Mahatma Ayyankali), ਸ੍ਰੀ ਨਾਰਾਯਣ ਗੁਰੂ, ਛਤੰਬੀ ਸਵਾਮੀਗਲ, ਪੰਡਿਤ ਕਰੁੱਪਨ, ਸੰਤ ਕੁਰੀਆਕੋਸ ਏਲੀਅਸ ਛਾਵਰ (Saint Kuriakose Elias Chavara), ਸੰਤ ਅਲਫੋਂਸ ਅਤੇ ਹੋਰ ਮਹਾਨ ਵਿਭੂਤੀਆਂ ਦਿੱਤੇ | ਕੇਰਲ ਵਿਅਕਤੀਗਤ ਤੌਰ ’ਤੇ ਮੇਰੇ ਲਈ ਖ਼ਾਸ ਜਗ੍ਹਾ ਹੈ, ਮੈਨੂੰ ਕੇਰਲ ਦੀ ਯਾਤਰਾ ਕਰਨ ਦੇ ਅਨੇਕ ਅਵਸਰ ਮਿਲੇ | ਦੇਸ਼ ਦੀ ਜਨਤਾ ਦੁਆਰਾ ਮੈਨੂੰ ਇੱਕ ਵਾਰ ਫਿਰ ਵੱਡੀ ਜ਼ਿੰਮੇਦਾਰੀ ਸੌਂਪਣ ਦੇ ਬਾਅਦ ਮੈਂ ਪਹਿਲਾ ਕੰਮ ਗੁਰੂਵਯੂਰ ਸ੍ਰੀ ਕ੍ਰਿਸ਼ਨ ਮੰਦਿਰ ਦੀ ਯਾਤਰਾ ਕਰਨ ਦਾ ਕੀਤਾ |

ਮਿੱਤਰੋਂ,

ਮਲਯਾਲਾ ਮਨੋਰਮਾ ਨਿਊਜ਼ ਕਨਕਲੇਵ (ਸਮਾਚਾਰ ਸੰਮੇਲਨ) ਵਿੱਚ ਮੇਰੇ ਸੰਬੋਧਨ ਨੇ ਕਾਫ਼ੀ ਜਗਿਆਸਾ ਪੈਦਾ ਕਰ ਰੱਖੀ ਹੈ| ਆਮ ਤੌਰ ’ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਜਨਤਕ ਹਸਤੀਆਂ ਦੀ ਪਹਿਲ ਅਜਿਹੇ ਮੰਚਾਂ ’ਤੇ ਜਾਣ ਦੀ ਹੁੰਦੀ ਹੈ ਕਿਉਂਕਿ ਅਜਿਹੇ ਲੋਕਾਂ ਦਰਮਿਆਨ ਜਾਣ ਨਾਲ ਕਾਫ਼ੀ ਅਰਾਮ ਰਹਿੰਦਾ ਹੈ| ਨਿਸ਼ਚਿਤ ਰੂਪ ਮੈਂ ਵੀ ਅਜਿਹੇ ਮਾਹੌਲ ਵਿੱਚ ਜਾ ਕੇ ਆਨੰਦ ਉਠਾਉਂਦਾ ਹਾਂ| ਨਾਲ ਹੀ ਮੇਰਾ ਇਹ ਮੰਨਣਾ ਹੈ ਕਿ ਵਿਅਕਤੀ ਅਤੇ ਸੰਗਠਨਾਂ ਦਰਮਿਆਨ ਨਿਰੰਤਰ ਬਾਤਚੀਤ ਜਾਰੀ ਰਹਿਣੀ ਚਾਹੀਦੀ ਹੈ ਚਾਹੇ ਕਿਸੇ ਵਿਅਕਤੀ ਦੀ ਚਿੰਤਨ ਪ੍ਰਕਿਰਿਆ ਕਿਸੇ ਵੀ ਤਰ੍ਹਾਂ ਦੀ ਹੋਵੇ|

ਇਹ ਜਰੂਰੀ ਨਹੀਂ ਹੈ ਕਿ ਅਸੀਂ ਹਰ ਗੱਲ ’ਤੇ ਸਹਿਮਤ ਹੋਈਏ ਲੇਕਿਨ ਵੱਖ – ਵੱਖ ਖੇਤਰਾਂ ਦੇ ਜਨਤਕ ਜੀਵਨ ਵਿੱਚ ਇਤਨੀ ਸ਼ਿਸ਼ਟਤਾ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ – ਦੂਸਰੇ ਦੇ ਵਿਚਾਰਾਂ ਨੂੰ ਸੋਚ ਸਕੀਏ| ਇੱਥੇ ਮੈਂ ਅਜਿਹੇ ਬਹੁਤ ਸਾਰੇ ਮੰਚ ’ਤੇ ਹਾਂ ਜਿੱਥੇ ਹੋ ਸਕਦਾ ਹੈ ਕਿ ਅਜਿਹੇ ਬਹੁਤ ਘੱਟ ਲੋਕ ਹੋਣ ਜੋ ਮੇਰੀ ਤਰ੍ਹਾਂ ਸੋਚਦੇ ਹੋਣਗੇ| ਲੇਕਿਨ ਅਜਿਹੇ ਲੋਕ ਹਨ ਜਿਨ੍ਹਾਂ ਦੀ ਰਚਨਾਤਮਕ ਆਲੋਚਨਾ ਦਾ ਮੈਂ ਸੁਵਾਗਤ ਕਰਦਾ ਹਾਂ|

ਮਿੱਤਰੋ,

ਮੈਨੂੰ ਜਾਣਕਾਰੀ ਹੈ ਕਿ ਮਲਯਾਲਾ ਮਨੋਰਮਾ ਇੱਕ ਸ਼ਤਾਬਦੀ ਤੋਂ ਵੀ ਅਧਿਕ ਸਮੇਂ ਤੋਂ ਮਲਯਾਲੀ ਦਿਲੋ ਦਿਮਾਗ ਦਾ ਹਿੱਸਾ ਰਿਹਾ ਹੈ| ਇਸ ਨੇ ਆਪਣੀਆਂ ਖ਼ਬਰਾਂ ਦੇ ਜਰੀਏ ਕੇਰਲ ਦੇ ਲੋਕਾਂ ਨੂੰ ਅਧਿਕ ਜਾਗਰੂਕ ਬਣਾਇਆ ਹੈ| ਇਸਨੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦਾ ਸਮਰਥਨ ਕਰਨ ਵਿੱਚ ਵੀ ਇੱਕ ਭੂਮਿਕਾ ਨਿਭਾਈ ਹੈ| ਅਨੇਕ ਯੁਵਾ, ਖ਼ਾਸ ਤੌਰ ‘ਤੇ ਜੋ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬੈਠਦੇ ਹਨ ਉਨ੍ਹਾਂ ਨੇ ਤੁਹਾਡੀ ਵਾਰਸ਼ਿਕ ਪੁਸਤਕ ਜ਼ਰੂਰ ਪੜ੍ਹੀ ਹੋਵੇਗੀ! ਇਸ ਲਈ, ਤੁਸੀਂ ਕਈ ਪੀੜ੍ਹੀਆਂ ਦਰਮਿਆਨ ਮਸ਼ਹੂਰ ਹੋ| ਮੈਂ ਉਨ੍ਹਾਂ ਸਾਰੇ ਸੰਪਾਦਕਾਂ, ਰਿਪੋਰਟਰਾਂ ਅਤੇ ਕਰਮਚਾਰੀਆਂ ਦਾ ਅਭਿਵਾਦਨ ਕਰਦਾ ਹਾਂ ਜੋ ਇਸ ਮਹਾਨ ਯਾਤਰਾ ਦਾ ਹਿੱਸਾ ਰਹੇ ਹਨ|

ਮਿੱਤਰੋ,

ਇਸ ਸੰਮੇਲਨ (ਕਨਕਲੇਵ) ਦੇ ਆਯੋਜਕਾਂ ਨੇ ਬੇਹੱਦ ਦਿਲਚਸਪ ਵਿਸ਼ਾ- ਵਸਤੂ ਨਵਾਂ ਭਾਰਤ (ਨਿਊ ਇੰਡੀਆ) ਚੁਣਿਆ ਹੈ| ਆਲੋਚਕ ਤੁਹਾਨੂੰ ਪੁੱਛਣਗੇ – ਕੀ ਤੁਸੀਂ ਵੀ ਹੁਣ ਮੋਦੀ ਜੀ ਦੀ ਭਾਸ਼ਾ ਬੋਲਣ ਲਗੇ ਹੋ? ਮੈਨੂੰ ਉਮੀਦ ਹੈ ਕਿ ਤੁਸੀਂ ਉਸ ਦਾ ਜਵਾਬ ਤਿਆਰ ਕਰ ਰੱਖਿਆ ਹੋਵੇਗਾ! ਲੇਕਿਨ, ਕਿਉਂਕਿ ਤੁਸੀਂ ਇੱਕ ਵਿਸ਼ਾ-ਵਸਤੂ (ਥੀਮ) ਚੁਣੀ ਹੈ ਜੋ ਮੇਰੇ ਦਿਲ ਦੇ ਕਾਫੀ ਕਰੀਬ ਹੈ, ਇਸ ਲਈ ਮੈਂ ਤੁਹਾਡੇ ਨਾਲ ਇਸ ਅਵਸਰ ਨੂੰ ਵੰਡਣਾ ਚਾਹੁੰਦਾ ਹਾਂ| ਨਵੇਂ ਭਾਰਤ ਦੀ ਭਾਵਨਾ ਬਾਰੇ ਮੈਂ ਕੀ ਸੋਚਦਾ ਹਾਂ|

ਮਿੱਤਰੋ,

ਮੈਂ ਹਮੇਸ਼ਾ ਕਿਹਾ ਹੈ – ਅਸੀਂ ਅੱਗੇ ਵਧੀਏ ਜਾਂ ਨਾ ਵਧੀਏ, ਅਸੀਂ ਬਦਲਾਵ ਚਾਹੁੰਦੇ ਹੋਈਏ ਜਾਂ ਨਾ ਚਾਹੁੰਦੇ ਹੋਈਏ, ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਇਹ ਬਦਲਾਵ ਚੰਗੇ ਲਈ ਹੋ ਰਿਹਾ ਹੈ| ਨਵੇਂ ਭਾਰਤ ਦੀ ਭਾਵਨਾ ਦੇ ਮਰਮ ਅੰਦਰ ਵੱਖ-ਵੱਖ ਵਿਅਕਤੀਆਂ ਦੀਆਂ ਆਕਾਂਖਿਆਵਾਂ, ਸਮੂਹਿਕ ਕੋਸ਼ਿਸ਼ਾਂ ਅਤੇ ਰਾਸ਼ਟਰੀ ਪ੍ਰਗਤੀ ਲਈ ਮਲਕੀਅਤ ਦੇ ਅਧਿਕਾਰ ਦੀ ਭਾਵਨਾ ਹੈ| ਨਵਾਂ ਭਾਰਤ ਸਹਿਭਾਗੀ ਲੋਕਤੰਤਰ, ਨਾਗਰਿਕਾਂ ਦੀ ਸਰਕਾਰ ਅਤੇ ਅਤਿ ਸਰਗਰਮ ਨਾਗਰਿਕਾਂ ਦਾ ਨਵਾਂ ਭਾਰਤ ਉੱਤਰਦਾਈ ਲੋਕਾਂ ਅਤੇ ਉੱਤਰਦਾਈ ਸਰਕਾਰ ਦਾ ਯੁੱਗ ਹੈ|

ਵਿਸ਼ਿਸ਼ਟ ਅਤਿਥੀਆਂ, ਅਨੇਕ ਵਰ੍ਹਿਆਂ ਤੋਂ ਇੱਕ ਅਜਿਹਾ ਸੱਭਿਆਚਾਰ ਅੱਗੇ ਵਧ ਰਿਹਾ ਸੀ ਜਿਸ ਵਿੱਚ ਆਕਾਂਖਿਆ ਬੁਰਾ ਸ਼ਬਦ ਸੀ| ਦਰਵਾਜ਼ਿਆਂ ਦਾ ਖੁੱਲ੍ਹਣਾ ਤੁਹਾਡੇ ਸੰਪਰਕਾਂ ’ਤੇ ਨਿਰਭਰ ਕਰਦਾ ਸੀ| ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰਦੀ ਸੀ ਕਿ ਕੀ ਤੁਸੀਂ ਧਨ ਅਤੇ ਸੱਤਾ ਰੱਖਣ ਵਾਲੇ ਕਿਸੇ ਸਮੂਹ ਨਾਲ ਸਬੰਧ ਰੱਖਦੇ ਹੋ? ਵੱਡੇ ਸ਼ਹਿਰ, ਚੁਣੇ ਹੋਏ ਵੱਡੇ ਸੰਸਥਾਨ ਅਤੇ ਵੱਡੇ ਪਰਿਵਾਰ – ਇਹੀ ਸਭ ਕੁਝ ਮਾਅਨੇ ਰੱਖਦਾ ਸੀ| ਲਾਈਸੈਂਸ ਰਾਜ ਅਤੇ ਪਰਮਿਟ ਰਾਜ ਦਾ ਆਰਥਿਕ ਸੱਭਿਆਚਾਰ ਵਿਅਕਤੀਆਂ ਦੀਆਂ ਮਹੱਤਵ ਆਕਾਂਖਿਆਵਾਂ ਦੇ ਦਰਮਿਆਨ ਫਸ ਗਿਆ| ਪਰ, ਅੱਜ ਚੀਜ਼ਾਂ ਬਿਹਤਰੀ ਲਈ ਬਦਲ ਰਹੀਆਂ ਹਨ| ਅਸੀਂ ਜੋਸ਼ੀਲੀ ਸਟਾਰਟ-ਅੱਪ ਈਕੋ ਸਿਸਟਮ (ਪਾਰਿਸਥਿਤਕੀ ਪ੍ਰਣਾਲੀ) ਵਿੱਚ ਨਵੇਂ ਭਾਰਤ ਦੀ ਭਾਵਨਾ ਦੇਖ ਰਹੇ ਹਾਂ| ਹਜ਼ਾਰਾਂ ਪ੍ਰਤਿਭਾਸ਼ਾਲੀ ਯੁਵਾ ਸ਼ਾਨਦਾਰ ਮੰਚ ਤਿਆਰ ਕਰ ਰਹੇ ਹਨ, ਉੱਦਮ ਪ੍ਰਤੀ ਆਪਣੇ ਜੋਸ਼ ਦਾ ਪ੍ਰਦਰਸ਼ਨ ਕਰ ਰਹੇ ਹਨ| ਅਸੀਂ ਖੇਡਾਂ ਦੇ ਖੇਤਰ ਵਿੱਚ ਵੀ ਇਹ ਉਤਸ਼ਾਹ ਦੇਖਿਆ ਹੈ|

ਭਾਰਤ ਹੁਣ ਨਵੇਂ ਕਾਰਜ ਖੇਤਰਾਂ ਵਿੱਚ ਵੀ ਉਤਕ੍ਰਿਸ਼ਟਤਾ ਹਾਸਲ ਕਰ ਰਿਹਾ ਹੈ ਜਿੱਥੇ ਅਸੀਂ ਪਹਿਲਾਂ ਸ਼ਾਇਦ ਹੀ ਕਿਤੇ ਦਿਖਾਈ ਦਿੰਦੇ ਸੀ| ਚਾਹੇ ਸਟਾਰਟ-ਅੱਪ ਹੋਵੇ ਜਾਂ ਖੇਡਾਂ, ਇਸ ਜੋਸ਼ ਨੂੰ ਕੌਣ ਊਰਜਾ ਪ੍ਰਦਾਨ ਕਰ ਰਿਹਾ ਹੈ? ਇਹ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਸਾਹਸੀ ਯੁਵਾ ਹਨ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੇ ਸੁਣਿਆ ਵੀ ਨਹੀਂ ਹੋਵੇਗਾ| ਉਨ੍ਹਾਂ ਦਾ ਸਥਾਪਤ ਪਰਿਵਾਰਾਂ ਨਾਲ ਸਬੰਧਤ ਨਹੀਂ ਹੈ ਨਾ ਹੀ ਉਨ੍ਹਾਂ ਕੋਲ ਕੋਈ ਵੱਡਾ ਬੈਂਕ ਬੈਲੈਂਸ ਹੈ| ਉਨ੍ਹਾਂ ਕੋਲ ਕਾਫ਼ੀ ਸਮਰਪਣ ਅਤੇ ਮਹੱਤਵ ਆਕਾਂਖਿਆ ਹੈ| ਉਹ ਆਪਣੀ ਆਕਾਂਖਿਆ ਨੂੰ ਉਤਕ੍ਰਿਸ਼ਟਤਾ ਵਿੱਚ ਬਦਲ ਰਹੇ ਹਨ ਅਤੇ ਭਾਰਤ ਨੂੰ ਮਾਣ ਦਵਾ ਰਹੇ ਹਨ| ਇਹ ਮੇਰੇ ਲਈ ਨਵੇਂ ਭਾਰਤ ਦਾ ਜੋਸ਼ ਹੈ| ਇਹ ਇੱਕ ਅਜਿਹਾ ਭਾਰਤ ਹੈ ਜਿੱਥੇ ਨੌਜਵਾਨਾਂ ਦੇ ਉਪਨਾਮ ਦਾ ਕੋਈ ਮਹੱਤਵ ਨਹੀਂ ਹੈ, ਮਹੱਤਵ ਹੈ ਤਾਂ ਸਿਰਫ਼ ਆਪਣਾ ਨਾਮ ਕਮਾਉਣ ਲਈ ਉਨ੍ਹਾਂ ਦੀ ਯੋਗਤਾ ਦਾ| ਇਹ ਇੱਕ ਅਜਿਹਾ ਭਾਰਤ ਹੈ ਜਿੱਥੇ ਭ੍ਰਿਸ਼ਟਾਚਾਰ ਕਦੇ ਵੀ ਇੱਕ ਵਿਕਲਪ ਨਹੀਂ ਹੈ, ਚਾਹੇ ਕੋਈ ਵੀ ਵਿਅਕਤੀ ਹੋਵੇ| ਸਿਰਫ਼ ਯੋਗਤਾ ਹੀ ਇੱਕ ਮਾਪਦੰਡ ਹੈ|

ਨਵਾਂ ਭਾਰਤ ਕੁਝ ਚੁਣੇ ਹੋਏ ਲੋਕਾਂ ਦੀ ਅਵਾਜ਼ ਨਹੀਂ ਹੈ| ਇਹ 130 ਕਰੋੜ ਭਾਰਤੀਆਂ ਵਿੱਚੋਂ ਹਰੇਕ ਭਾਰਤੀ ਦੀ ਅਵਾਜ਼ ਦਾ ਭਾਰਤ ਹੈ ਅਤੇ ਮੀਡੀਆ ਮੰਚਾਂ ਲਈ ਇਹ ਜ਼ਰੂਰੀ ਹੈ ਕਿ ਉਹ ਲੋਕਾਂ ਦੀ ਇਸ ਅਵਾਜ਼ ਨੂੰ ਸੁਣਨ| ਹਰ ਨਾਗਰਿਕ ਜਾਂ ਤਾਂ ਕੁਝ ਯੋਗਦਾਨ ਦੇਣਾ ਚਾਹੁੰਦਾ ਹੈ ਜਾਂ ਦੇਸ਼ ਦੇ ਲਈ ਕੁਝ ਛੱਡਣਾ ਚਾਹੁੰਦਾ ਹੈ| ਉਦਾਹਰਣ ਦੇ ਤੌਰ ’ਤੇ ਨਿਪਟਾਰਾ ਨਾ ਹੋਣ ਯੋਗ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਚੁੱਕਿਆ ਗਿਆ ਹਾਲ ਹੀ ਦਾ ਕਦਮ| ਇਹ ਸਿਰਫ਼ ਨਰਿੰਦਰ ਮੋਦੀ ਦਾ ਵਿਚਾਰ ਜਾਂ ਉਪਰਾਲਾ ਨਹੀਂ ਹੈ| ਭਾਰਤ ਦੇ ਲੋਕਾਂ ਨੇ ਖ਼ੁਦ ਗਾਂਧੀ ਜੀ ਦੇ 150ਵੇਂ ਜਨਮ ਦਿਹਾੜੇ ਦੇ ਮੌਕੇ ’ਤੇ ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਜਿੰਮਾ ਚੁੱਕਿਆ ਹੈ| ਇਹ ਅਨੋਖਾ ਸਮਾਂ ਹੈ ਅਤੇ ਸਾਨੂੰ ਅਜਿਹੇ ਕਿਸੇ ਮੌਕੇ ਨੂੰ ਨਹੀਂ ਛੱਡਣਾ ਚਾਹੀਦਾ ਜੋ ਸਾਨੂੰ ਆਪਣੇ ਦੇਸ਼ ਨੂੰ ਬਦਲਣ ਦੇ ਸਮਰੱਥ ਕਰੇ|

ਮਿੱਤਰੋ,

ਇੱਕ ਸਰਕਾਰ ਵਜੋਂ, ਅਸੀਂ ਭਾਰਤ ਦੀ ਬਿਹਤਰੀ ਦੇ ਲਈ ਵਿਅਕਤੀਗਤ ਮਹੱਤਵ ਆਕਾਂਖਿਆਵਾਂ ਅਤੇ ਸਮੂਹਿਕ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ| ਜ਼ਿੰਦਗੀ ਸੁਖਾਲੀ ਬਣਾਉਣੀ ਹੋਵੇ, ਚਾਹੇ ਉਹ ਕੀਮਤਾਂ ਨੂੰ ਕਾਬੂ ਵਿੱਚ ਰੱਖਣਾ ਹੋਵੇ, ਪੰਜ ਸਾਲਾਂ ਵਿੱਚ 1.25 ਕਰੋੜ ਘਰਾਂ ਨੂੰ ਬਣਾਉਣਾ ਹੋਵੇ, ਸਾਰੇ ਪਿੰਡਾਂ ਵਿੱਚ ਬਿਜਲੀਕਰਨ ਕਰਨਾ ਹੋਵੇ, ਹਰ ਘਰ ਨੂੰ ਪਾਣੀ ਮੁਹੱਈਆ ਕਰਵਾਉਣਾ ਹੋਵੇ, ਸਿਹਤ ਦੇ ਨਾਲ ਨਾਲ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਹੋਵੇ, ਇਹ ਸਾਡੇ ਨੌਜਵਾਨਾਂ ਦੇ ਲਈ ਇੱਕ ਚੰਗਾ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਚੁੱਕੇ ਗਏ ਸੁਧਾਰ ਦੇ ਕਦਮ ਹਨ| ਜਿਸ ਹੱਦ ਤੱਕ ਇਸ ਸਰਕਾਰ ਨੇ ਕੰਮ ਕੀਤਾ ਹੈ ਉਹ ਹੈਰਾਨ ਕਰਨ ਯੋਗ ਹੈ| ਅਸੀਂ ਬਹੁਤ ਤੇਜ਼ੀ ਨਾਲ ਅਤੇ ਲਾ-ਬੇਮਿਸਾਲ ਪੈਮਾਨੇ ਨਾਲ ਅੰਤਿਮ ਮੀਲ ਤੱਕ ਪਹੁੰਚ ਚੁੱਕੇ ਹਾਂ| 36 ਕਰੋੜ ਬੈਂਕ ਖਾਤੇ ਖੋਲ੍ਹ ਦਿੱਤੇ ਗਏ ਹਨ, ਛੋਟੇ ਉਦਯੋਗਾਂ ਨੂੰ 20 ਕਰੋੜ ਦੇ ਕਰਜ਼ੇ ਦਿੱਤੇ ਗਏ ਹਨ| 8 ਕਰੋੜ ਤੋਂ ਵੱਧ ਗੈਸ ਕਨੈਕਸ਼ਨਾਂ ਨੇ ਧੂੰਆਂ ਮੁਕਤ ਰਸੋਈਆਂ ਨੂੰ ਯਕੀਨੀ ਬਣਾਇਆ ਹੈ, ਸੜਕ ਨਿਰਮਾਣ ਦੀ ਗਤੀ ਦੁੱਗਣੀ ਹੋਈ ਹੈ|

ਇਹ ਸਿਰਫ਼ ਕੁਝ ਉਦਾਹਰਣ ਹਨ| ਹਾਲਾਂਕਿ, ਜਿਹੜੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਦਿੰਦੀ ਹੈ ਅਤੇ ਜੋ ਮੇਰੇ ਅਨੁਸਾਰ ਨਵੇਂ ਭਾਰਤ ਦੀ ਖੁਸ਼ਬੂ ਹੈ, ਉਹ ਇਹ ਹੈ ਕਿ ਕਿਵੇਂ ਭਾਰਤ ਦੇ ਲੋਕ ਸਵੈ ਹਿਤਾਂ ਤੋਂ ਉੱਪਰ ਉੱਠਦੇ ਹਨ ਅਤੇ ਸਮਾਜ ਦੇ ਹਿਤਾਂ ਨੂੰ ਦੇਖਦੇ ਹਨ| ਨਹੀਂ ਤਾਂ ਗ਼ਰੀਬ ਤੋਂ ਗ਼ਰੀਬ ਆਦਮੀ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਕਿਉਂ ਜਮ੍ਹਾਂ ਕਰਦਾ| ਜ਼ੀਰੋ ਬੈਲੈਂਸ ਖਾਤਾ ਹੋਣ ਦੇ ਬਾਵਾਜੂਦ ਜਨ ਧਨ ਦੇ ਖਾਤਿਆਂ ਵਿੱਚ? ਕਿਉਂ ਸਾਡੇ ਮੱਧ ਵਰਗ ਨੇ ਗੈਸ ਸਬਸਿਡੀ ਛੱਡ ਦਿੱਤੀ ਹੈ? ਕਿਉਂ ਸਾਡੇ ਬਜ਼ੁਰਗ ਨਾਗਰਿਕਾਂ ਨੇ ਇੱਕ ਹੀ ਬੇਨਤੀ ਕਰਨ ’ਤੇ ਰੇਲਵੇ ਵਿੱਚ ਦਿੱਤੀ ਜਾਣ ਵਾਲੀ ਰਿਆਇਤ ਛੱਡ ਦਿੱਤੀ?

ਹੋ ਸਕਦਾ ਹੈ ਕਿ ਇਹ ਸੰਰੱਖਣ ਦੇ ਸਿਧਾਂਤ ਵਜੋਂ ਗਾਂਧੀ ਜੀ ਵੱਲੋਂ ਇੱਕ ਸਦੀ ਪਹਿਲਾਂ ਕਹੀ ਗਈ ਗੱਲ ਦਾ ਪ੍ਰਗਟਾਵਾ ਹੋਵੇ| ਅੱਜ ਨਾ ਸਿਰਫ਼ ਭਾਰਤ ਦੀ ਕਾਇਆਕਲਪ ਨੂੰ ਦੇਖਣ ਦੀ ਇੱਛਾ ਹੈ ਬਲਕਿ ਇਸ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਵੀ ਇੱਛਾ ਹੈ| ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਟੈਕਸ ਦੇਣ ਵਾਲਿਆਂ ਦੀ ਗਿਣਤੀ ਵੀ ਵਧ ਗਈ ਹੈ| ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਭਾਰਤ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ!

ਮਿੱਤਰੋ,

ਤੁਸੀਂ ਉਹ ਤਬਦੀਲੀਆਂ ਦੇਖ ਰਹੇ ਹੋਵੋਗੇ ਜਿਨ੍ਹਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਅਸੰਭਵ ਮੰਨਿਆ ਜਾਂਦਾ ਸੀ| ਹਰਿਆਣਾ ਵਰਗੇ ਸੂਬੇ ਵਿੱਚ, ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਸਰਕਾਰੀ ਨੌਕਰੀਆਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਭਰਤੀਆਂ ਕੀਤੀਆਂ ਜਾ ਸਕਦੀਆਂ ਹਨ| ਪਰ ਹਰਿਆਣੇ ਦੇ ਕਿਸੇ ਵੀ ਪਿੰਡ ਵਿੱਚ ਚਲੇ ਜਾਓ, ਲੋਕ ਪਾਰਦਰਸ਼ੀ ਢੰਗ ਨਾਲ ਭਰਤੀਆਂ ਦੀ ਗੱਲ ਕਰ ਰਹੇ ਹਨ| ਹੁਣ ਰੇਲਵੇ ਸਟੇਸ਼ਨਾਂ ’ਤੇ ਲੋਕਾਂ ਨੂੰ ਵਾਈ – ਫਾਈ ਦੀ ਸਹੂਲਤ ਦੀ ਵਰਤੋਂ ਕਰਦੇ ਆਮ ਹੀ ਵੇਖਿਆ ਜਾ ਸਕਦਾ ਹੈ|
ਕੌਣ ਸੋਚ ਸਕਦਾ ਸੀ ਕਿ ਇਹ ਇੱਕ ਦਿਨ ਹਕੀਕਤ ਹੋਵੇਗੀ| ਇਸ ਤੋਂ ਪਹਿਲਾਂ ਪਲੇਟਫਾਰਮਾਂ ਨੂੰ ਮਾਲ ਅਤੇ ਯਾਤਰੀਆਂ ਨਾਲ ਜੋੜਿਆ ਜਾਂਦਾ ਸੀ| ਪਰ ਹੁਣ, ਟੀਅਰ -2 ਅਤੇ ਟੀਅਰ -3 ਸ਼ਹਿਰਾਂ ਵਿੱਚ ਵਿਦਿਆਰਥੀ ਸਕੂਲ ਜਾਂ ਕਾਲਜ ਤੋਂ ਬਾਅਦ ਸਟੇਸ਼ਨਾਂ ’ਤੇ ਜਾਂਦੇ ਹਨ, ਮੁਫ਼ਤ ਵਾਈ-ਫਾਈ ਇਸਤੇਮਾਲ ਕਰਦੇ ਹਨ ਅਤੇ ਅੱਗੇ ਵਧ ਜਾਂਦੇ ਹਨ| ਸਿਸਟਮ ਉਹੀ ਹੈ, ਲੋਕ ਵੀ ਉਹੀ ਹਨ, ਜ਼ਮੀਨ ਉੱਤੇ ਵੱਡੇ ਪੱਧਰ ’ਤੇ ਤਬਦੀਲੀਆਂ ਹੋ ਰਹੀਆਂ ਹਨ|

ਮਿੱਤਰੋ,

ਭਾਰਤ ਵਿੱਚ ਲੋਕਾਂ ਦੀ ਭਾਵਨਾ ਕਿਵੇਂ ਬਦਲੀ ਹੈ ਇਸਨੂੰ ਸਿਰਫ਼ ਦੋ ਸ਼ਬਦਾਂ ਵਿੱਚ ਸਮਝਿਆ ਜਾ ਸਕਦਾ ਹੈ| ਪੰਜ ਸਾਲ ਪਹਿਲਾਂ, ਲੋਕ ਪੁੱਛਦੇ ਸੀ – ਕੀ ਅਸੀਂ ਕਰ ਸਕਦੇ ਹਾਂ? ਕੀ ਅਸੀਂ ਕਦੇ ਗੰਦਗੀ ਤੋਂ ਮੁਕਤ ਹੋ ਸਕਦੇ ਹਾਂ? ਕੀ ਨੀਤੀਗਤ ਕਮਜ਼ੋਰੀਆਂ ਦੇ ਕਾਰਨ ਅਸੀਂ ਭਵਿੱਖ ਵਿੱਚ ਕੁਝ ਕਰ ਸਕਾਂਗੇ? ਕੀ ਅਸੀਂ ਕਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਸਕਾਂਗੇ? ਅੱਜ ਲੋਕ ਕਹਿ ਰਹੇ ਹਨ – ਅਸੀਂ ਕਰ ਸਕਦੇ ਹਾਂ ! ਸਾਡਾ ਸਵੱਛ ਭਾਰਤ ਹੋਵੇਗਾ, ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤ ਰਾਸ਼ਟਰ ਹੋਵਾਂਗੇ| ਅਸੀਂ ਚੰਗੇ ਸੁਸ਼ਾਸਨ ਨੂੰ ਇੱਕ ਲੋਕ ਲਹਿਰ ਬਣਾਵਾਂਗੇ| “ਕਰਾਂਗੇ” ਸ਼ਬਦ, ਜੋ ਇਸ ਤੋਂ ਪਹਿਲਾਂ ਇੱਕ ਨਿਰਾਸ਼ਾਵਾਦੀ ਸਵਾਲ ਨੂੰ ਦਰਸਾਉਂਦਾ ਸੀ ਹੁਣ ਇੱਕ ਨੌਜਵਾਨ ਦੇਸ਼ ਦੀ ਆਸ਼ਾਵਾਦੀ ਭਾਵਨਾ ਨੂੰ ਦਰਸਾਉਂਦਾ ਹੈ|

ਮਿੱਤਰੋ,

ਮੈਂ ਤੁਹਾਡੇ ਨਾਲ ਇਸ ਉਦਾਹਰਣ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਸਾਡੀ ਸਰਕਾਰ ਇੱਕ ਨਵੇਂ ਭਾਰਤ ਨੂੰ ਬਣਾਉਣ ਲਈ ਸਮੁੱਚਿਤ ਰੂਪ ਨਾਲ ਕੰਮ ਕਰ ਰਹੀ ਹੈ| ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਸਰਕਾਰ ਨੇ ਗਰੀਬਾਂ ਲਈ ਬੜੀ ਤੇਜ਼ੀ ਨਾਲ 1.5 ਕਰੋੜ ਘਰ ਬਣਾਏ ਹਨ| ਪਿਛਲੀ ਸਰਕਾਰ ਦੇ ਮੁਕਾਬਲੇ ਇਹ ਬਹੁਤ ਵੱਡਾ ਸੁਧਾਰ ਹੈ| ਬਹੁਤ ਸਾਰੇ ਲੋਕ ਮੈਨੂੰ ਸਵਾਲ ਪੁੱਛਦੇ ਹਨ ਕਿ ਯੋਜਨਾਵਾਂ ਅਤੇ ਫੰਡ ਪਹਿਲਾਂ ਵੀ ਮੌਜੂਦ ਸਨ, ਫਿਰ ਤੁਸੀਂ ਅਜਿਹਾ ਅਲੱਗ ਕੀ ਕੀਤਾ? ਉਨ੍ਹਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ|
ਸਭ ਤੋਂ ਪਹਿਲਾਂ, ਅਸੀਂ ਇਸ ਤੱਥ ਪ੍ਰਤੀ ਸੁਚੇਤ ਸਾਂ ਕਿ ਅਸੀਂ ਮਕਾਨਾਂ ਨੂੰ ਤਿਆਰ ਨਹੀਂ ਕਰ ਰਹੇ, ਬਲਕਿ ਘਰਾਂ ਦਾ ਨਿਰਮਾਣ ਕਰ ਰਹੇ ਹਾਂ| ਇਸ ਤਰ੍ਹਾਂ ਸਾਨੂੰ ਸਿਰਫ਼ ਚਾਰ ਦੀਵਾਰੀ ਦੇ ਨਿਰਮਾਣ ਕਰਨ ਦੀ ਧਾਰਨਾ ਤੋਂ ਹਟਣ ਦੀ ਜ਼ਰੂਰਤ ਸੀ| ਸਾਡੀ ਸੋਚ ਵਧੇਰੇ ਸੁਵਿਧਾਵਾਂ ਦੇਣਾ, ਵਧੇਰੇ ਕੀਮਤ ਦੇਣਾ, ਘੱਟ ਸਮੇਂ ਵਿੱਚ ਅਤੇ ਅਤਿਰਿਕਤ ਲਾਗਤ ਦੇ ਬਿਨਾਂ ਆਵਾਸ ਦੇਣ ਦੀ ਰਹੀ|
ਸਾਡੀ ਸਰਕਾਰ ਨੇ ਜਿਨ੍ਹਾਂ ਘਰਾਂ ਦਾ ਨਿਰਮਾਣ ਕੀਤਾ ਉਨ੍ਹਾਂ ਵਿੱਚ ਅਸੀਂ ਕਠੋਰ ਆਰਕੀਟੈਕਚਰ ਨਹੀਂ ਅਪਣਾਇਆ| ਅਸੀਂ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਅਤੇ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਘਰ ਬਣਾਏ| ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ, ਅਸੀਂ ਵੱਖ – ਵੱਖ ਸਰਕਾਰੀ ਯੋਜਨਾਵਾਂ ਦੇ ਨਾਲ ਤਾਲਮੇਲ ਕੀਤਾ ਤਾਂ ਕਿ ਘਰਾਂ ਨੂੰ ਬਿਜਲੀ, ਗੈਸ ਕੁਨੈਕਸ਼ਨ, ਟਾਇਲਟ ਅਤੇ ਅਜਿਹੀਆਂ ਸਾਰੀਆਂ ਜਰੂਰਤਾਂ ਮਿਲ ਸਕਣ|

ਵਧੇਰੇ ਕੀਮਤ ਦੇਣ ਲਈ ਅਸੀਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਸੁਣਿਆਂ ਅਤੇ ਨਾ ਸਿਰਫ਼ ਘਰਾਂ ਦੇ ਖੇਤਰਫ਼ਲ ਨੂੰ ਵਧਾਇਆ, ਬਲਕਿ ਉਸਾਰੀ ਦੀ ਰਕਮ ਵੀ ਵਧਾ ਦਿੱਤੀ| ਅਸੀਂ ਇਸ ਪ੍ਰਕਿਰਿਆ ਵਿੱਚ ਔਰਤਾਂ ਸਮੇਤ ਸਥਾਨਕ ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ| ਘੱਟ ਸਮੇਂ ਵਿੱਚ ਅਤੇ ਅਤਿਰਿਕਤ ਲਾਗਤ ਦੇ ਬਿਨਾਂ ਮਕਾਨ ਸੌਂਪਣ ਲਈ ਅਸੀਂ ਇਸ ਪ੍ਰਕਿਰਿਆ ਵਿੱਚ ਟੈਕਨੋਲੋਜੀ ਨੂੰ ਇੱਕ ਮਹੱਤਵਪੂਰਨ ਹਿੱਸਾ ਬਣਾਇਆ| ਵੱਖ-ਵੱਖ ਪੜਾਵਾਂ ’ਤੇ ਉਸਾਰੀ ਦੀਆਂ ਫੋਟੋਆਂ ਔਨਲਾਈਨ ਅੱਪਲੋਡ ਕੀਤੀਆਂ ਗਈਆਂ ਜਿਸ ਨਾਲ ਪ੍ਰਸ਼ਾਸਨ ਨੂੰ ਸਪੱਸ਼ਟ ਤਸਵੀਰ ਮਿਲ ਸਕੇ| ਸਿੱਧੇ ਤੌਰ ’ਤੇ ਪੈਸੇ ਦੀ ਟ੍ਰਾਂਸਫਰ ਦੇ ਨਤੀਜੇ ਵਜੋਂ ਕੋਈ ਗੜਬੜ ਦੇਖਣ ਨੂੰ ਨਹੀਂ ਮਿਲੀ ਅਤੇ ਪੂਰੀ ਸੰਤੁਸ਼ਟੀ ਹੋਈ| ਹੁਣ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਤਾਂ ਇਨ੍ਹਾਂ ਵਿੱਚੋਂ ਜੇ ਕੋਈ ਇੱਕ ਵੀ ਰੁਕਾਵਟ ਆਈ ਹੁੰਦੀ ਤਾਂ ਇਹ ਸੰਭਵ ਨਹੀਂ ਹੋਣਾ ਸੀ| ਨਾ ਤਾਂ ਇਕੱਲੇ ਟੈਕਨੋਲੋਜੀ ਨਾਲ ਅਤੇ ਨਾ ਹੀ ਯੋਜਨਾਵਾਂ ਦੇ ਕਨਵਰਜੈਂਸ ਨਾਲ ਹੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਸੀ| ਹੱਲ ਉਦੋਂ ਹੀ ਸੰਭਵ ਹੈ ਜਦੋਂ ਸਮੁੱਚਾ ਨਤੀਜਾ ਦੇਣ ਲਈ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਹੋਣ| ਇਹੀ ਸਾਡੀ ਸਰਕਾਰ ਦੀ ਖ਼ਾਸੀਅਤ ਹੈ|

ਮਿੱਤਰੋ,

ਨਵੇਂ ਭਾਰਤ ਦੀ ਸਾਡੀ ਕਲਪਨਾ ਵਿੱਚ ਨਾ ਸਿਰਫ਼ ਦੇਸ਼ ਵਿੱਚ ਰਹਿਣ ਵਾਲਿਆਂ ਦਾ ਬਲਕਿ ਬਾਹਰ ਰਹਿਣ ਵਾਲਿਆਂ ਧਿਆਨ ਰੱਖਣਾ ਹੈ| ਸਾਡੇ ਪ੍ਰਵਾਸੀ ਭਾਰਤੀ ਸਾਡਾ ਮਾਣ ਹਨ, ਜੋ ਭਾਰਤ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ| ਜਦੋਂ ਕਦੇ ਵੀ ਕਿਸੇ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ, ਅਸੀਂ ਹੱਲ ਲਈ ਸਭ ਤੋਂ ਅੱਗੇ ਰਹੇ ਹਾਂ| ਪੱਛਮੀ ਏਸ਼ੀਆ ਦੇ ਵੱਖ-ਵੱਖ ਭਾਗਾਂ ਵਿੱਚ ਜਦੋਂ ਭਾਰਤੀ ਨਰਸਾਂ ਨੂੰ ਕੈਦ ਕਰ ਲਿਆ ਗਿਆ, ਤਾਂ ਉਨ੍ਹਾਂ ਨੂੰ ਇੱਥੇ ਵਾਪਸ ਲਿਆਉਣ ਵਿੱਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ| ਇਨ੍ਹਾਂ ਵਿੱਚੋਂ ਬਹੁਤੀਆਂ ਨਰਸਾਂ ਦੱਖਣੀ ਭਾਰਤ ਦੀਆਂ ਸਨ| ਜਦੋਂ ਕੇਰਲ ਦੇ ਇੱਕ ਹੋਰ ਪੁੱਤਰ ਫਾਦਰ ਟੌਮ ਨੂੰ ਫੜ ਲਿਆ ਗਿਆ ਸੀ, ਤਾਂ ਇਹੀ ਭਾਵਨਾ ਵੇਖੀ ਗਈ ਸੀ| ਬਹੁਤ ਸਾਰੇ ਲੋਕ ਯਮਨ ਤੋਂ ਵਾਪਸ ਆਏ|

ਮੈਂ ਕਈ ਪੱਛਮੀ ਏਸ਼ੀਆਈ ਦੇਸ਼ਾਂ ਵਿੱਚ ਦੌਰੇ ’ਤੇ ਗਿਆ ਅਤੇ ਮੇਰੇ ਏਜੰਡੇ ਵਿੱਚ ਸਭ ਤੋਂ ਉੱਪਰ ਭਾਰਤੀਆਂ ਨਾਲ ਸਮਾਂ ਬਿਤਾਉਣਾ ਰਿਹਾ| ਮੈਂ ਹਾਲ ਹੀ ਵਿੱਚ ਬਹਿਰੀਨ ਫੇਰੀ ਤੋਂ ਵਾਪਸ ਆਇਆ ਹਾਂ| ਬਹਿਰੀਨ ਭਾਰਤ ਦਾ ਅਹਿਮ ਦੋਸਤ ਹੈ ਜਿੱਥੇ ਬਹੁਤ ਸਾਰੇ ਭਾਰਤੀ ਰਹਿੰਦੇ ਹਨ, ਪਰ ਕਦੇ ਵੀ ਕੋਈ ਵੀ ਭਾਰਤੀ ਪ੍ਰਧਾਨ ਮੰਤਰੀ ਉੱਥੇ ਨਹੀਂ ਗਿਆ| ਇਹ ਸਨਮਾਨ ਮੇਰੇ ਲਈ ਬਚਿਆ ਸੀ| ਇਸ ਦੌਰੇ ਦੀ ਖ਼ਾਸੀਅਤ ਰਹੀ ਕਿ ਸ਼ਾਹੀ ਪਰਿਵਾਰ ਨੇ ਹਮਦਰਦੀ ਭਰਿਆ ਲੈਂਦਿਆਂ ਉੱਥੇ ਸਜ਼ਾ ਕੱਟ ਰਹੇ 250 ਭਾਰਤੀਆਂ ਨੂੰ ਮਾਫ਼ੀ ਦੇ ਦਿੱਤੀ| ਇਸੇ ਤਰ੍ਹਾਂ ਦੀ ਮਾਫ਼ੀ ਓਮਾਨ ਅਤੇ ਸਾਊਦੀ ਅਰਬ ਨੇ ਵੀ ਦਿੱਤੀ| ਇਸ ਸਾਲ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਨੇ ਭਾਰਤ ਦਾ ਹਜ ਕੋਟਾ ਵਧਾ ਦਿੱਤਾ ਸੀ|

ਮਿੱਤਰੋ,

ਮੇਰੇ ਹਾਲ ਹੀ ਵਿੱਚ ਹੋਈ ਸੰਯੁਕਤ ਅਰਬ ਅਮੀਰਾਤ ਦੀ ਦੌਰਾਨ ਉੱਥੇ ਰੂਪੇ ਕਾਰਡ ਦੀ ਸ਼ੁਰੂਆਤ ਕੀਤੀ ਗਈ ਅਤੇ ਜਲਦ ਹੀ ਬਹਿਰੀਨ ਕੋਲ ਵੀ ਰੂਪੇ ਕਾਰਡ ਹੋਵੇਗਾ| ਡਿਜੀਟਲ ਲੈਣ-ਦੇਣ ਨੂੰ ਅੱਗੇ ਵਧਾਉਣ ਤੋਂ ਇਲਾਵਾ ਇਸ ਨਾਲ ਖਾੜੀ ਵਿੱਚ ਕੰਮ ਕਰਨ ਵਾਲੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ ਜੋ ਆਪਣੇ ਘਰਾਂ ਨੂੰ ਪੈਸੇ ਭੇਜਦੇ ਹਨ| ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਖਾੜੀ ਦੇ ਨਾਲ ਭਾਰਤ ਦੇ ਸਬੰਧ ਇਸਤੋਂ ਪਹਿਲਾਂ ਇੰਨੇ ਬਿਹਤਰ ਕਦੇ ਨਹੀਂ ਸਨ| ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਇਸ ਤੋਂ ਆਮ ਨਾਗਰਿਕ ਨੂੰ ਫਾਇਦਾ ਹੋਵੇਗਾ|

ਮਿੱਤਰੋ, ਅੱਜ ਦੇ ਮੀਡੀਆ ਵਿੱਚ ਅਸੀਂ ਨਵੇਂ ਭਾਰਤ ਦਾ ਉਤਸਾਹ ਵੇਖ ਰਹੇ ਹਾਂ| ਭਾਰਤ ਦਾ ਮੀਡੀਆ ਇੱਕ ਵਿਲੱਖਣ ਅਤੇ ਪ੍ਰਗਤੀਸ਼ੀਲ ਮੀਡੀਆ ਹੈ| ਅਖ਼ਬਾਰਾਂ, ਰਸਾਲਿਆਂ, ਟੀਵੀ ਚੈਨਲਾਂ, ਵੈਬਸਾਈਟਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਅਜਿਹੇ ਸਮੇਂ ‘ਤੇ ਮੈਂ ਵੱਖ-ਵੱਖ ਮੁਹਿੰਮਾਂ ਦੇ ਦੌਰਾਨ ਮੀਡੀਆ ਦੀ ਸਕਾਰਾਤਮਕ ਭੂਮਿਕਾ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ| ਚਾਹੇ ਉਹ ਸਵੱਛ ਭਾਰਤ ਅਭਿਆਨ ਹੋਵੇ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਖ਼ਤਮ ਕਰਨਾ ਹੋਵੇ, ਜਲ ਸੰਭਾਲ, ਫਿੱਟ ਇੰਡੀਆ ਅਤੇ ਹੋਰ, | ਮੀਡੀਆ ਨੇ ਇਨ੍ਹਾਂ ਮੁਹਿੰਮਾਂ ਨੂੰ ਆਪਣਾ ਮੰਨਿਆ ਅਤੇ ਲੋਕਾਂ ਨੂੰ ਇਹਨਾਂ ਲਈ ਲਾਮਬੰਦ ਕੀਤਾ|

ਮਿੱਤਰੋ, ਯੁੱਗਾਂ ਤੋਂ ਭਾਸ਼ਾ ਇੱਕ ਖ਼ਾਸ ਸਮੇਂ ਸੀਮਾ ਅਤੇ ਕਾਲ ਵਿੱਚ ਲੋਕ ਪ੍ਰਿਅ ਵਿਚਾਰਾਂ ਦੇ ਨਾਲ ਅੱਗੇ ਵਧਣ ਲਈ ਇੱਕ ਸ਼ਕਤੀਸ਼ਾਲੀ ਵਾਹਨ ਰਹੀ ਹੈ| ਭਾਰਤ ਸ਼ਾਇਦ ਦੁਨੀਆਂ ਦਾ ਇਕਲੌਤਾ ਦੇਸ਼ ਹੈ ਜਿੱਥੇ ਇੰਨੀਆ ਜ਼ਿਆਦਾ ਭਾਸ਼ਾਵਾਂ ਹਨ| ਪਰ ਭਾਸ਼ਾ ਨੂੰ ਸਵਾਰਥੀ ਹਿਤਾਂ ਵੱਲੋਂ ਦੇਸ਼ ਨੂੰ ਵੰਡਣ ਲਈ ਨਕਲੀ ਕੰਧਾਂ ਖੜ੍ਹੀਆਂ ਕਰਨ ਲਈ ਵੀ ਵਰਤਿਆ ਗਿਆ ਹੈ| ਅੱਜ, ਮੇਰੇ ਕੋਲ ਇਕ ਨਿਮਰ ਸੁਝਾਅ ਹੈ ਕਿ ਕੀ ਅਸੀਂ ਭਾਸ਼ਾ ਦੀ ਤਾਕਤ ਦੀ ਵਰਤੋਂ ਭਾਰਤ ਨੂੰ ਇੱਕਜੁੱਟ ਕਰਨ ਲਈ ਨਹੀਂ ਕਰ ਸਕਦੇ?

ਕੀ ਮੀਡੀਆ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਨੇੜੇ ਲਿਆਉਣ ਲਈ ਇੱਕ ਸੇਤੂ ਦੀ ਭੂਮਿਕਾ ਨਿਭਾ ਸਕਦਾ ਹੈ| ਇਹ ਇੰਨਾ ਮੁਸ਼ਕਲ ਨਹੀਂ ਜਿੰਨਾ ਦੇਖਣ ਨੂੰ ਲੱਗਦਾ ਹੈ| ਅਸੀਂ ਸਿਰਫ਼ ਦੇਸ਼ ਭਰ ਵਿੱਚ ਬੋਲੀਆਂ ਜਾਣ ਵਾਲੀਆਂ 10-12 ਵੱਖ-ਵੱਖ ਭਾਸ਼ਾਵਾਂ ਵਿੱਚ ਇੱਕ ਸ਼ਬਦ ਪ੍ਰਕਾਸ਼ਤ ਕਰਨ ਨਾਲ ਸ਼ੁਰੂਆਤ ਕਰ ਸਕਦੇ ਹਾਂ| ਇੱਕ ਸਾਲ ਵਿੱਚ ਕੋਈ ਵੀ ਵਿਅਕਤੀ ਵੱਖ-ਵੱਖ ਭਾਸ਼ਾਵਾਂ ਦੇ 300 ਤੋਂ ਵੱਧ ਨਵੇਂ ਸ਼ਬਦ ਸਿੱਖ ਸਕਦਾ ਹੈ| ਇੱਕ ਵਾਰ ਜਦੋਂ ਕੋਈ ਵਿਅਕਤੀ ਦੂਜੀ ਭਾਰਤੀ ਭਾਸ਼ਾ ਸਿੱਖ ਲੈਂਦਾ ਹੈ, ਤਾਂ ਉਹ ਭਾਸ਼ਾ ਦੇ ਤਾਣੇ-ਬਾਣੇ ਨੂੰ ਸਮਝਣ ਲਗਦਾ ਹੈ ਅਤੇ ਭਾਰਤੀ ਸੱਭਿਆਚਾਰ ਦੀ ਏਕਤਾ ਦਾ ਸੱਚੇ ਮਾਅਨਿਆਂ ਵਿੱਚ ਪ੍ਰਸ਼ੰਸਕ ਬਣ ਜਾਂਦਾ ਹੈ| ਇਸ ਨਾਲ ਅਜਿਹੇ ਲੋਕਾਂ ਦੇ ਸਮੂਹਾਂ ਵਿੱਚ ਵਾਧਾ ਹੋ ਸਕਦਾ ਹੈ ਜੋ ਵੱਖੋ-ਵੱਖਰੀਆਂ ਭਾਸ਼ਾਵਾਂ ਸਿੱਖਣ ਦੇ ਚਾਹਵਾਨ ਹਨ| ਕਲਪਨਾ ਕਰੋ ਕਿ ਹਰਿਆਣਾ ਵਿੱਚ ਇੱਕ ਸਮੂਹ ਮਲਯਾਲਮ ਅਤੇ ਕਰਨਾਟਕ ਵਿੱਚ ਇੱਕ ਸਮੂਹ, ਬੰਗਾਲੀ ਸਿੱਖ ਰਿਹਾ ਹੈ! ਸਾਰੀਆਂ ਵੱਡੀਆਂ ਦੂਰੀਆਂ ਸਿਰਫ਼ ਪਹਿਲਾ ਕਦਮ ਚੁੱਕਣ ਨਾਲ ਹੀ ਖ਼ਤਮ ਹੋ ਜਾਣਗੀਆਂ, ਕੀ ਅਸੀਂ ਪਹਿਲਾ ਕਦਮ ਚੁੱਕ ਸਕਦੇ ਹਾਂ?

ਮਿੱਤਰੋ,

ਇਸ ਧਰਤੀ ’ਤੇ ਆਉਣ ਵਾਲੇ ਮਹਾਨ ਸੰਤਾਂ, ਸਾਡੇ ਪਿਤਾਮਾ ਜਿਨ੍ਹਾਂ ਨੇ ਅਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ ਸੀ, ਉਨ੍ਹਾਂ ਦੇ ਬਹੁਤ ਵੱਡੇ ਸੁਪਨੇ ਸਨ| 21ਵੀਂ ਸਦੀ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਪੂਰਾ ਕਰੀਏ ਅਤੇ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰੀਏ ਜਿਸ ਉੱਤੇ ਉਨ੍ਹਾਂ ਨੂੰ ਮਾਣ ਹੋਵੇ|

ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਨੂੰ ਹਾਸਲ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਮਿਲ ਕੇ ਬਹੁਤ ਕੁਝ ਕਰ ਸਕਾਂਗੇ|
ਇੱਕ ਵਾਰ ਫਿਰ, ਮਲਯਾਲਾ ਮਨੋਰਮਾ ਸਮੂਹ ਨੂੰ ਮੇਰੀਆਂ ਸ਼ੁਭਕਾਮਨਾਵਾਂ ਅਤੇ ਮੈਂ ਤੁਹਾਡਾ ਸਾਰਿਆਂ ਦਾ ਮੈਨੂੰ ਬੁਲਾਉਣ ਲਈ ਧੰਨਵਾਦ ਕਰਦਾ ਹਾਂ|

ਧੰਨਵਾਦ, ਤੁਹਾਡਾ ਬਹੁਤ-ਬਹੁਤ ਧੰਨਵਾਦ|

*****

ਵੀਆਰਆਰਕੇ/ਕੇਪੀ