ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੀ ਖ਼ੁਸ਼ੀ ਅਤੇ ਮਾਣ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ‘ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਅਭਿਆਨ’ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਰਾਜ ਹੁਣ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਖ਼ੁਸ਼ੀ ਹੈ, ਪਹਿਲੀ ਇਸ ਹਵਾਈ ਅੱਡੇ ਦੀ ਨੀਂਹ ਰੱਖਣ ਅਤੇ ਹੁਣ ਇਸ ਦਾ ਉਦਘਾਟਨ ਕਰਨ ’ਤੇ, ਅਤੇ ਦੂਜੀ ਇਸ ਸ਼ਾਨਦਾਰ ਹਵਾਈ ਅੱਡੇ ਦਾ ਨਾਮ ਉੱਤਰ ਪ੍ਰਦੇਸ਼ ਨਾਲ ਜੁੜਨ ’ਤੇ। ਸ਼੍ਰੀ ਮੋਦੀ ਨੇ ਕਿਹਾ, “ਇਹ ਉਹੀ ਰਾਜ ਹੈ ਜਿਸ ਨੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਿਆ ਅਤੇ ਸੰਸਦ ਮੈਂਬਰ ਬਣਾਇਆ, ਅਤੇ ਹੁਣ ਇਸ ਦੀ ਪਛਾਣ ਇਸ ਸ਼ਾਨਦਾਰ ਹਵਾਈ ਅੱਡੇ ਨਾਲ ਜੁੜ ਗਈ ਹੈ।”
ਨਵੇਂ ਹਵਾਈ ਅੱਡੇ ਦੇ ਦੂਰਗਾਮੀ ਪ੍ਰਭਾਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਇਡਾ ਹਵਾਈ ਅੱਡੇ ਤੋਂ ਆਗਰਾ, ਮਥੁਰਾ, ਅਲੀਗੜ੍ਹ, ਗਾਜ਼ੀਆਬਾਦ, ਮੇਰਠ, ਇਟਾਵਾ, ਬੁਲੰਦਸ਼ਹਿਰ ਅਤੇ ਫਰੀਦਾਬਾਦ ਸਮੇਤ ਵਿਸ਼ਾਲ ਖੇਤਰ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਹਵਾਈ ਅੱਡਾ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ, ਲਘੂ ਅਤੇ ਦਰਮਿਆਨੇ ਉਦਯੋਗਾਂ ਅਤੇ ਨੌਜਵਾਨਾਂ ਲਈ ਅਨੇਕਾਂ ਨਵੇਂ ਮੌਕੇ ਲੈ ਕੇ ਆਵੇਗਾ। ਸ਼੍ਰੀ ਮੋਦੀ ਨੇ ਰਾਜ ਦੇ ਲੋਕਾਂ, ਵਿਸ਼ੇਸ਼ ਤੌਰ ’ਤੇ ਪੱਛਮੀ ਯੂਪੀ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ, “ਇੱਥੋਂ ਜਹਾਜ਼ ਦੁਨੀਆ ਭਰ ਲਈ ਉਡਾਣ ਭਰਨਗੇ, ਅਤੇ ਇਹ ਹਵਾਈ ਅੱਡਾ ਵਿਕਸਿਤ ਉੱਤਰ ਪ੍ਰਦੇਸ਼ ਦੀ ਉਡਾਣ ਦਾ ਪ੍ਰਤੀਕ ਬਣੇਗਾ।”
ਵਰਤਮਾਨ ਵਿਸ਼ਵ-ਵਿਆਪੀ ਸਥਿਤੀ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਕਾਰਨ ਅੱਜ ਪੂਰਾ ਵਿਸ਼ਵ ਡੂੰਘੀ ਚਿੰਤਾ ਵਿੱਚ ਹੈ। ਇਸ ਜੰਗ ਕਾਰਨ ਕਈ ਦੇਸ਼ਾਂ ਵਿੱਚ ਭੋਜਨ, ਪੈਟਰੋਲ, ਡੀਜ਼ਲ, ਗੈਸ ਅਤੇ ਖਾਦਾਂ ਵਰਗੀਆਂ ਜ਼ਰੂਰੀ ਵਸਤਾਂ ਦਾ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਜੰਗ ਪ੍ਰਭਾਵਿਤ ਖੇਤਰ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਗੈਸ ਦਰਾਮਦ ਕਰਦਾ ਹੈ। ਸ਼੍ਰੀ ਮੋਦੀ ਨੇ ਭਰੋਸਾ ਦਿੱਤਾ, “ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਕਿ ਇਸ ਸੰਕਟ ਦਾ ਬੋਝ ਆਮ ਪਰਿਵਾਰਾਂ ਅਤੇ ਕਿਸਾਨਾਂ ’ਤੇ ਨਾ ਪਵੇ।”
ਵਿਸ਼ਵ-ਵਿਆਪੀ ਸੰਕਟ ਦੇ ਦੌਰ ਵਿੱਚ ਵੀ ਭਾਰਤ ਦੀ ਤੇਜ਼ ਵਿਕਾਸ ਗਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕੱਲੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹੀ ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਚੌਥਾ ਵੱਡਾ ਪ੍ਰੋਜੈਕਟ ਹੈ ਜਿਸ ਦਾ ਜਾਂ ਤਾਂ ਉਦਘਾਟਨ ਕੀਤਾ ਗਿਆ ਹੈ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਦੌਰਾਨ ਨੋਇਡਾ ਵਿੱਚ ਇੱਕ ਵੱਡੀ ਸੈਮੀਕੰਡਕਟਰ ਫ਼ੈਕਟਰੀ ਦਾ ਨੀਂਹ ਪੱਥਰ ਰੱਖਿਆ ਗਿਆ, ਦੇਸ਼ ਦੀ ਪਹਿਲੀ ਦਿੱਲੀ-ਮੇਰਠ ਨਮੋ ਭਾਰਤ ਟ੍ਰੇਨ ਨੇ ਰਫ਼ਤਾਰ ਫੜੀ, ਮੇਰਠ ਮੈਟਰੋ ਦਾ ਵਿਸਤਾਰ ਹੋਇਆ ਅਤੇ ਅੱਜ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਦਾ ਸਿਹਰਾ ਮੌਜੂਦਾ ਸਰਕਾਰ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਫ਼ੈਕਟਰੀ ਭਾਰਤ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾ ਰਹੀ ਹੈ, ਮੇਰਠ ਮੈਟਰੋ ਅਤੇ ਨਮੋ ਭਾਰਤ ਰੇਲ ਤੇਜ਼ ਅਤੇ ਸਮਾਰਟ ਸੰਪਰਕ ਦਾ ਮਾਧਿਅਮ ਬਣ ਰਹੀਆਂ ਹਨ, ਅਤੇ ਜੇਵਰ ਹਵਾਈ ਅੱਡਾ ਪੂਰੇ ਉੱਤਰੀ ਭਾਰਤ ਨੂੰ ਵਿਸ਼ਵ ਨਾਲ ਜੋੜ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਮੌਜੂਦਾ ਸਰਕਾਰ ਦੀ ਅਗਵਾਈ ਵਿੱਚ ਇਹੀ ਨੋਇਡਾ ਉੱਤਰ ਪ੍ਰਦੇਸ਼ ਦੇ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਇੰਜਣ ਬਣ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਹਵਾਈ ਅੱਡਾ ਪ੍ਰੋਜੈਕਟ ਦੇ ਇਤਿਹਾਸ ਬਾਰੇ ਵਿਸਤਾਰ ਨਾਲ ਦੱਸਦਿਆਂ ਯਾਦ ਦਿਵਾਇਆ ਕਿ ਜੇਵਰ ਹਵਾਈ ਅੱਡੇ ਨੂੰ ਅਟਲ ਜੀ ਨੇ 2003 ਵਿੱਚ ਹੀ ਮਨਜ਼ੂਰੀ ਦੇ ਦਿੱਤੀ ਸੀ। ਸ਼੍ਰੀ ਮੋਦੀ ਨੇ ਕਿਹਾ, “ਮੌਜੂਦਾ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਇਸ ਦੀ ਨੀਂਹ ਰੱਖੀ ਗਈ, ਨਿਰਮਾਣ ਕਾਰਜ ਸ਼ੁਰੂ ਹੋਇਆ ਅਤੇ ਹੁਣ ਇਸ ਦਾ ਸੰਚਾਲਨ ਸ਼ੁਰੂ ਹੋ ਚੁੱਕਿਆ ਹੈ।”
ਖੇਤਰ ਦੇ ਇੱਕ ਪ੍ਰਮੁੱਖ ਲੌਜਿਸਟਿਕਸ ਹੱਬ ਵਜੋਂ ਉੱਭਰਦੀ ਭੂਮਿਕਾ ਵੱਲ ਧਿਆਨ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਖੇਤਰ ਦੋ ਪ੍ਰਮੁੱਖ ਮਾਲ ਢੋਆ-ਢੁਆਈ ਕੌਰੀਡੋਰਾਂ ਦਾ ਕੇਂਦਰ ਬਣ ਰਿਹਾ ਹੈ। ਇਹ ਵਿਸ਼ੇਸ਼ ਰੇਲ ਪਟੜੀਆਂ ਮਾਲ ਗੱਡੀਆਂ ਲਈ ਵਿਛਾਈਆਂ ਗਈਆਂ ਹਨ, ਜਿਨ੍ਹਾਂ ਨਾਲ ਉੱਤਰੀ ਭਾਰਤ ਦਾ ਬੰਗਾਲ ਅਤੇ ਗੁਜਰਾਤ ਦੇ ਸਮੁੰਦਰਾਂ ਨਾਲ ਸੰਪਰਕ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਦਾਦਰੀ ਉਹ ਮਹੱਤਵਪੂਰਨ ਕੇਂਦਰ ਹੈ ਜਿੱਥੇ ਇਹ ਦੋਵੇਂ ਲਾਂਘੇ ਮਿਲਦੇ ਹਨ, ਜਿਸ ਦਾ ਅਰਥ ਹੈ ਕਿ ਇੱਥੋਂ ਦੇ ਕਿਸਾਨ ਜੋ ਕੁਝ ਵੀ ਉਗਾਉਂਦੇ ਹਨ ਅਤੇ ਉਦਯੋਗ ਜੋ ਕੁਝ ਵੀ ਉਤਪਾਦਿਤ ਕਰਦੇ ਹਨ, ਉਹ ਹੁਣ ਸੜਕ ਅਤੇ ਹਵਾਈ ਮਾਰਗ ਰਾਹੀਂ ਵਿਸ਼ਵ ਦੇ ਹਰ ਕੋਨੇ ਤੱਕ ਤੇਜ਼ੀ ਨਾਲ ਪਹੁੰਚ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਤਰ੍ਹਾਂ ਦਾ ਬਹੁ-ਪੱਖੀ ਸੰਪਰਕ ਉੱਤਰ ਪ੍ਰਦੇਸ਼ ਨੂੰ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਇੱਕ ਪ੍ਰਮੁੱਖ ਖਿੱਚ ਦਾ ਕੇਂਦਰ ਬਣਾ ਰਿਹਾ ਹੈ।”
ਖੇਤਰ ਦੇ ਅਕਸ ਵਿੱਚ ਆਏ ਬਦਲਾਅ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਨੋਇਡਾ ਪੂਰੀ ਦੁਨੀਆ ਦਾ ਸਵਾਗਤ ਕਰਨ ਲਈ ਤਿਆਰ ਹੈ। ਇਹ ਪੂਰਾ ਖੇਤਰ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਸਾਕਾਰ ਕਰਨ ਲਈ ਆਪਣੀਆਂ ਜ਼ਮੀਨਾਂ ਦੇਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨੀ ਇਸ ਖੇਤਰ ਦੀ ਆਰਥਿਕਤਾ ਵਿੱਚ ਬਹੁਤ ਮਹੱਤਵ ਰੱਖਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਧੁਨਿਕ ਸੰਪਰਕ ਦੇ ਵਿਸਤਾਰ ਨਾਲ ਪੱਛਮੀ ਉੱਤਰ ਪ੍ਰਦੇਸ਼ ਵਿੱਚ ਫੂਡ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਉਨ੍ਹਾਂ ਨੇ ਅੱਗੇ ਕਿਹਾ, “ਇੱਥੋਂ ਦੇ ਖੇਤੀ ਉਤਪਾਦ ਹੁਣ ਵਿਸ਼ਵ ਬਾਜ਼ਾਰਾਂ ਤੱਕ ਵਧੇਰੇ ਕੁਸ਼ਲਤਾ ਨਾਲ ਪਹੁੰਚ ਸਕਣਗੇ।”
ਭਾਰਤ ਦੀ ਕੱਚੇ ਤੇਲ ’ਤੇ ਨਿਰਭਰਤਾ ਘਟਾਉਣ ਵਿੱਚ ਗੰਨਾ ਕਿਸਾਨਾਂ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਗੰਨੇ ਤੋਂ ਤਿਆਰ ਕੀਤੇ ਗਏ ਇਥੇਨੌਲ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਥੇਨੌਲ ਉਤਪਾਦਨ ਵਿੱਚ ਵਾਧੇ ਅਤੇ ਪੈਟਰੋਲ ਵਿੱਚ ਇਸ ਦੇ ਮਿਸ਼ਰਣ ਤੋਂ ਬਿਨਾਂ, ਭਾਰਤ ਨੂੰ ਹਰ ਸਾਲ ਲਗਭਗ ਸਾਢੇ ਚਾਰ ਕਰੋੜ ਬੈਰਲ (ਲਗਭਗ 700 ਕਰੋੜ ਲੀਟਰ) ਵਾਧੂ ਕੱਚੇ ਤੇਲ ਦੀ ਦਰਾਮਦ ਕਰਨੀ ਪੈਣੀ ਸੀ। ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਕਿਸਾਨਾਂ ਦੀ ਮਿਹਨਤ ਨੇ ਸੰਕਟ ਦੇ ਇਸ ਸਮੇਂ ਵਿੱਚ ਦੇਸ਼ ਨੂੰ ਇਹ ਅਥਾਹ ਰਾਹਤ ਪ੍ਰਦਾਨ ਕੀਤੀ ਹੈ।”
ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਇਥੇਨੌਲ ਨਾਲ ਨਾ ਸਿਰਫ਼ ਦੇਸ਼ ਨੂੰ ਲਾਭ ਹੋਇਆ ਹੈ, ਸਗੋਂ ਕਿਸਾਨਾਂ ਨੂੰ ਵੀ ਬਹੁਤ ਫ਼ਾਇਦਾ ਹੋਇਆ ਹੈ। ਇਸ ਨਾਲ ਲਗਭਗ 1.5 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ। ਉਨ੍ਹਾਂ ਨੇ ਉਹ ਪੁਰਾਣੇ ਦਿਨ ਯਾਦ ਕੀਤੇ ਜਦੋਂ ਗੰਨਾ ਕਿਸਾਨਾਂ ਨੂੰ ਆਪਣੇ ਬਕਾਏ ਲਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਸੀ। ਸ਼੍ਰੀ ਮੋਦੀ ਨੇ ਕਿਹਾ, “ਅੱਜ, ਮੌਜੂਦਾ ਸਰਕਾਰ ਦੇ ਯਤਨਾਂ ਸਦਕਾ, ਗੰਨਾ ਕਿਸਾਨਾਂ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਵਾਈ ਅੱਡੇ ਕੇਵਲ ਸਹੂਲਤਾਂ ਨਹੀਂ ਸਗੋਂ ਤਰੱਕੀ ਵਿੱਚ ਸਹਾਇਕ ਹਨ ਅਤੇ ਭਾਰਤ ਦੇ ਹਵਾਬਾਜ਼ੀ ਬੁਨਿਆਦੀ ਢਾਂਚੇ ਦੇ ਬੇਮਿਸਾਲ ਵਿਸਤਾਰ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅੱਜ ਭਾਰਤ ਵਿੱਚ 160 ਤੋਂ ਵੱਧ ਹਵਾਈ ਅੱਡੇ ਹਨ ਅਤੇ ਹਵਾਈ ਸੰਪਰਕ ਹੁਣ ਨਾ ਸਿਰਫ਼ ਮਹਾਨਗਰਾਂ ਤੱਕ ਸਗੋਂ ਛੋਟੇ ਕਸਬਿਆਂ ਤੱਕ ਵੀ ਪਹੁੰਚ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮੌਜੂਦਾ ਸਰਕਾਰ ਨੇ ਆਮ ਭਾਰਤੀ ਲਈ ਹਵਾਈ ਯਾਤਰਾ ਨੂੰ ਸੁਲਭ ਬਣਾ ਦਿੱਤਾ ਹੈ,” ਅਤੇ ਨਾਲ ਹੀ ਇਹ ਵੀ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵਧ ਕੇ ਸਤਾਰਾਂ ਹੋ ਗਈ ਹੈ।
ਉਡਾਨ ਯੋਜਨਾ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਇਹ ਯਕੀਨੀ ਬਣਾਉਣ ਦਾ ਯਤਨ ਕੀਤਾ ਹੈ ਕਿ ਹਵਾਈ ਅੱਡਿਆਂ ਦੇ ਨਿਰਮਾਣ ਦੇ ਨਾਲ-ਨਾਲ ਹਵਾਈ ਯਾਤਰਾ ਦਾ ਕਿਰਾਇਆ ਆਮ ਪਰਿਵਾਰਾਂ ਦੀ ਪਹੁੰਚ ਵਿੱਚ ਰਹੇ। ਸ਼੍ਰੀ ਮੋਦੀ ਨੇ ਉਲੇਖ ਕੀਤਾ ਕਿ ਉਡਾਨ ਯੋਜਨਾ ਤਹਿਤ ਟਿਕਟ ਬੁੱਕ ਕਰਕੇ ਇੱਕ ਕਰੋੜ ਸੱਠ ਲੱਖ ਤੋਂ ਵੱਧ ਨਾਗਰਿਕਾਂ ਨੇ ਕਿਫ਼ਾਇਤੀ ਦਰਾਂ ’ਤੇ ਹਵਾਈ ਯਾਤਰਾ ਕੀਤੀ ਹੈ। ਉਨ੍ਹਾਂ ਨੇ ਕਿਹਾ, “ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਲਗਭਗ 29,000 ਕਰੋੜ ਰੁਪਏ ਦੀ ਮਨਜ਼ੂਰੀ ਦੇ ਨਾਲ ਉਡਾਨ ਯੋਜਨਾ ਦਾ ਹੋਰ ਵਿਸਤਾਰ ਕੀਤਾ ਹੈ, ਜਿਸ ਤਹਿਤ ਆਉਣ ਵਾਲੇ ਸਾਲਾਂ ਵਿੱਚ ਛੋਟੇ ਸ਼ਹਿਰਾਂ ਵਿੱਚ 100 ਨਵੇਂ ਹਵਾਈ ਅੱਡੇ ਅਤੇ 200 ਨਵੇਂ ਹੈਲੀਪੈਡ ਬਣਾਏ ਜਾਣਗੇ। ਉੱਤਰ ਪ੍ਰਦੇਸ਼ ਨੂੰ ਵੀ ਇਸ ਤੋਂ ਬਹੁਤ ਲਾਭ ਹੋਵੇਗਾ।”
ਭਾਰਤ ਦੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਦੇ ਨਾਲ-ਨਾਲ ਨਵੇਂ ਜਹਾਜ਼ਾਂ ਦੀ ਮੰਗ ਵੀ ਵਧ ਰਹੀ ਹੈ ਅਤੇ ਵੱਖ-ਵੱਖ ਏਅਰਲਾਈਨਾਂ ਸੈਂਕੜੇ ਨਵੇਂ ਜਹਾਜ਼ਾਂ ਦੇ ਆਰਡਰ ਦੇ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਪਾਇਲਟਾਂ, ਕੇਬਿਨ ਕਰੂ ਅਤੇ ਰੱਖ-ਰਖਾਅ ਦੇ ਮਾਹਿਰਾਂ ਸਮੇਤ ਨੌਜਵਾਨਾਂ ਲਈ ਅਥਾਹ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ “ਸਾਡੀ ਸਰਕਾਰ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਹਵਾਬਾਜ਼ੀ ਖੇਤਰ ਵਿੱਚ ਟ੍ਰੇਨਿੰਗ ਦੀਆਂ ਸਹੂਲਤਾਂ ਦਾ ਵਿਸਤਾਰ ਵੀ ਕਰ ਰਹੀ ਹੈ।”
ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਮੌਜੂਦ ਇੱਕ ਗੰਭੀਰ ਕਮੀ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਰੱਖ-ਰਖਾਅ, ਮੁਰੰਮਤ ਅਤੇ ਨਵੀਨੀਕਰਨ (ਐੱਮਆਰਓ) ਖੇਤਰ ਵੱਲ ਧਿਆਨ ਦਿਵਾਇਆ ਅਤੇ ਦੱਸਿਆ ਕਿ 85 ਪ੍ਰਤੀਸ਼ਤ ਭਾਰਤੀ ਜਹਾਜ਼ਾਂ ਨੂੰ ਅਜੇ ਵੀ ਐੱਮਆਰਓ ਸੇਵਾਵਾਂ ਲਈ ਵਿਦੇਸ਼ ਭੇਜਣਾ ਪੈਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਐੱਮਆਰਓ ਖੇਤਰ ਵਿੱਚ ਵੀ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਦੱਸਿਆ ਕਿ ਅੱਜ ਜੇਵਰ ਵਿੱਚ ਇੱਕ ਐੱਮਆਰਓ ਸਹੂਲਤ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਘੋਸ਼ਣਾ ਕੀਤੀ, “ਤਿਆਰ ਹੋਣ ’ਤੇ, ਇਹ ਕੇਂਦਰ ਭਾਰਤ ਅਤੇ ਵਿਦੇਸ਼ਾਂ ਦੇ ਜਹਾਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰੇਗਾ, ਜਿਸ ਨਾਲ ਦੇਸ਼ ਨੂੰ ਮਾਲੀਆ ਪ੍ਰਾਪਤ ਹੋਵੇਗਾ, ਸਾਡਾ ਪੈਸਾ ਭਾਰਤ ਵਿੱਚ ਹੀ ਰਹੇਗਾ ਅਤੇ ਨੌਜਵਾਨਾਂ ਲਈ ਅਨੇਕਾਂ ਰੁਜ਼ਗਾਰ ਪੈਦਾ ਹੋਣਗੇ।”
ਨਾਗਰਿਕਾਂ ਦੀ ਸਹੂਲਤ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਕਰਨ ਨੂੰ ਸਰਕਾਰ ਦੀ ਤਰਜੀਹ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਮੈਟਰੋ ਅਤੇ ਵੰਦੇ ਭਾਰਤ ਵਰਗੀਆਂ ਆਧੁਨਿਕ ਰੇਲ ਸੇਵਾਵਾਂ ਦੇ ਵਿਸਤਾਰ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦਿੱਲੀ-ਮੇਰਠ ਨਮੋ ਭਾਰਤ ਰੇਲ ਵਿੱਚ ਢਾਈ ਕਰੋੜ ਤੋਂ ਵੱਧ ਯਾਤਰੀ ਸਫ਼ਰ ਕਰ ਚੁੱਕੇ ਹਨ। ਦਿੱਲੀ ਅਤੇ ਮੇਰਠ ਵਿਚਕਾਰ ਦੀ ਯਾਤਰਾ, ਜਿਸ ਵਿੱਚ ਪਹਿਲਾਂ ਘੰਟੇ ਲੱਗਦੇ ਸਨ, ਹੁਣ ਮਿੰਟਾਂ ਵਿੱਚ ਪੂਰੀ ਹੋ ਜਾਂਦੀ ਹੈ।”
ਵਿਕਸਿਤ ਭਾਰਤ ਲਈ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਕੀਤੇ ਜਾ ਰਹੇ ਬੇਮਿਸਾਲ ਨਿਵੇਸ਼ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਬੁਨਿਆਦੀ ਢਾਂਚੇ ਦੇ ਬਜਟ ਵਿੱਚ ਛੇ ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ। ਜਿਸ ਵਿੱਚ ਹਾਈਵੇਅ ਅਤੇ ਐਕਸਪ੍ਰੈੱਸਵੇਅ ’ਤੇ 17 ਲੱਖ ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਇੱਕ ਲੱਖ ਕਿੱਲੋਮੀਟਰ ਤੋਂ ਵੱਧ ਹਾਈਵੇਅ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲ ਬਿਜਲੀਕਰਨ 2014 ਤੋਂ ਪਹਿਲਾਂ 20,000 ਕਿੱਲੋਮੀਟਰ ਤੋਂ ਵਧ ਕੇ ਹੁਣ 40,000 ਕਿੱਲੋਮੀਟਰ ਤੋਂ ਵੱਧ ਹੋ ਗਿਆ ਹੈ, ਅਤੇ ਹੁਣ ਲਗਭਗ 100 ਫ਼ੀਸਦੀ ਬ੍ਰੌਡ-ਗੇਜ ਨੈੱਟਵਰਕ ਦਾ ਬਿਜਲੀਕਰਨ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲੀ ਵਾਰ ਕਸ਼ਮੀਰ ਘਾਟੀ ਅਤੇ ਉੱਤਰ-ਪੂਰਬੀ ਰਾਜਾਂ ਦੀਆਂ ਰਾਜਧਾਨੀਆਂ ਨੂੰ ਰੇਲ ਨੈੱਟਵਰਕ ਨਾਲ ਜੋੜਿਆ ਜਾ ਰਿਹਾ ਹੈ। ਜਦਕਿ ਪਿਛਲੇ ਇੱਕ ਦਹਾਕੇ ਵਿੱਚ ਬੰਦਰਗਾਹਾਂ ਦੀ ਸਮਰੱਥਾ ਦੁੱਗਣੀ ਤੋਂ ਵੱਧ ਹੋ ਗਈ ਹੈ ਅਤੇ ਅੰਤਰਦੇਸ਼ੀ ਜਲਮਾਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਵਿਕਸਿਤ ਭਾਰਤ ਦੇ ਨਿਰਮਾਣ ਲਈ ਲੋੜੀਂਦੇ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ।”
ਵਿਸ਼ਵ-ਵਿਆਪੀ ਚੁਣੌਤੀਆਂ ਦੇ ਸਾਹਮਣੇ ਸਮੂਹਿਕ ਯਤਨਾਂ ਅਤੇ ਰਾਸ਼ਟਰੀ ਏਕਤਾ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਵਿਸਤਾਰ ਨਾਲ ਗੱਲ ਕੀਤੀ ਹੈ ਅਤੇ ਮੁੱਖ ਮੰਤਰੀਆਂ ਨਾਲ ਮੌਜੂਦਾ ਸੰਘਰਸ਼ ਤੋਂ ਪੈਦਾ ਹੋਏ ਸੰਕਟ ਨਾਲ ਨਜਿੱਠਣ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਜਨਤਾ ਨੂੰ ਇਸ ਸੰਕਟ ਦਾ ਸਾਹਮਣਾ ਸ਼ਾਂਤ ਮਨ ਅਤੇ ਸਬਰ ਨਾਲ ਕਰਨ ਦੀ ਅਪੀਲ ਕੀਤੀ ਅਤੇ ਇਸ ਨੂੰ ਭਾਰਤੀਆਂ ਦੀ ਸਭ ਤੋਂ ਵੱਡੀ ਤਾਕਤ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਜੋ ਭਾਰਤੀਆਂ ਅਤੇ ਭਾਰਤ ਦੇ ਹਿੱਤ ਵਿੱਚ ਹੈ, ਉਹੀ ਭਾਰਤ ਸਰਕਾਰ ਦੀ ਨੀਤੀ ਅਤੇ ਰਣਨੀਤੀ ਹੈ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇਸ਼ ਦੇ ਇੱਕਜੁੱਟ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ।”
https://x.com/narendramodi/status/2037787855079305454
https://x.com/PMOIndia/status/2037789998725079286
https://x.com/PMOIndia/status/2037793592572620897
https://x.com/PMOIndia/status/2037794900847296522
***
ਐੱਮਜੇਪੀਐੱਸ/ਪੀਆਰਕੇ
The inauguration of Phase-I of Noida International Airport marks a major step in Uttar Pradesh’s growth story and India’s aviation future. https://t.co/8OLduHTZU8
— Narendra Modi (@narendramodi) March 28, 2026
UP has now emerged as one of the states with the highest number of international airports in India. pic.twitter.com/6KW3flH1EG
— PMO India (@PMOIndia) March 28, 2026
Airports are not just basic facilities in any country, they give wings to progress. pic.twitter.com/RTILJUTCtz
— PMO India (@PMOIndia) March 28, 2026
Our government is making unprecedented investments in modern infrastructure to build a Viksit Bharat. pic.twitter.com/N1DTWOVhOk
— PMO India (@PMOIndia) March 28, 2026