Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਕਰਮਯੋਗੀ ਸਾਧਨਾ ਸਪਤਾਹ’ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

‘ਕਰਮਯੋਗੀ ਸਾਧਨਾ ਸਪਤਾਹ’ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ


ਪ੍ਰਿੰਸੀਪਲ ਸੈਕਟਰੀ ਸ਼੍ਰੀ ਪੀ. ਕੇ. ਮਿਸ਼ਰਾ ਜੀ, ਕਰਮਯੋਗੀ ਭਾਰਤ ਦੇ ਚੇਅਰਮੈਨ ਸ਼੍ਰੀ ਐੱਸ. ਰਾਮਾਦੋਰਾਈ ਜੀ, ਕਪੈਸਿਟੀ ਬਿਲਡਿੰਗ ਕਮਿਸ਼ਨ ਦੀ ਚੇਅਰਪਰਸਨ ਐੱਸ. ਰਾਧਾ ਚੌਹਾਨ ਜੀ, ਹੋਰ ਵਿਸ਼ੇਸ਼ ਮਹਿਮਾਨੋਂ, ਦੇਵੀਆਂ ਅਤੇ ਸੱਜਣੋ!

ਕਰਮਯੋਗੀ ਸਾਧਨਾ ਸਪਤਾਹ ਦੇ ਇਸ ਆਯੋਜਨ ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। 21ਵੀਂ ਸਦੀ ਦੇ ਇਸ ਕਾਲਖੰਡ ਵਿੱਚ ਤੇਜ਼ੀ ਨਾਲ ਬਦਲਦੀਆਂ ਵਿਵਸਥਾਵਾਂ, ਤੇਜ਼ੀ ਨਾਲ ਬਦਲਦੀ ਦੁਨੀਆ ਅਤੇ ਉਨ੍ਹਾਂ ਦਰਮਿਆਨ ਉਸੇ ਰਫ਼ਤਾਰ ਨਾਲ ਅੱਗੇ ਵਧਦਾ ਸਾਡਾ ਭਾਰਤ, ਇਸ ਦੇ ਲਈ ਪਬਲਿਕ ਸਰਵਿਸ ਨੂੰ ਸਮੇਂ ਦੇ ਅਨੁਸਾਰ ਨਿਰੰਤਰ ਅਪਡੇਟ ਕਰਨਾ ਜ਼ਰੂਰੀ ਹੈ। ਕਰਮਯੋਗੀ ਸਾਧਨਾ ਸਪਤਾਹ, ਉਸੇ ਕੋਸ਼ਿਸ਼ ਦੀ ਇੱਕ ਅਹਿਮ ਕੜੀ ਹੈ। ਤੁਸੀਂ ਸਾਰੇ ਜਾਣੂ ਹੋ, ਅੱਜ ਗਵਰਨੈਂਸ ਦੇ ਜਿਸ ਸਿਧਾਂਤ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਉਸ ਦਾ ਮੂਲ ਮੰਤਰ ਹੈ- ਨਾਗਰਿਕ ਦੇਵੋ ਭਵ:। ਇਸ ਮੰਤਰ ਵਿੱਚ ਸਮਾਈ ਹੋਈ ਭਾਵਨਾ ਦੇ ਨਾਲ ਅੱਜ ਪਬਲਿਕ ਸਰਵਿਸ ਨੂੰ ਜ਼ਿਆਦਾ ਸਮਰੱਥ, ਨਾਗਰਿਕਾਂ ਲਈ ਜ਼ਿਆਦਾ ਸੰਵੇਦਨਸ਼ੀਲ ਬਣਾਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ। ਹੁਣ ਸ਼ਾਸਨ ਨੂੰ ਨਾਗਰਿਕ-ਕੇਂਦ੍ਰਿਤ ਬਣਾ ਕੇ ਇੱਕ ਨਵੀਂ ਪਛਾਣ ਦਿੱਤੀ ਜਾ ਰਹੀ ਹੈ।

ਸਾਥੀਓ,

ਸਫ਼ਲਤਾ ਦਾ ਇੱਕ ਵੱਡਾ ਸਿਧਾਂਤ ਇਹ ਵੀ ਹੈ ਕਿ ਦੂਜਿਆਂ ਦੀ ਲਕੀਰ ਛੋਟੀ ਕਰਨ ਦੇ ਬਜਾਏ, ਆਪਣੀ ਲਕੀਰ ਵੱਡੀ ਕਰੋ। ਸਾਡੇ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਤੋਂ ਕਈ ਤਰ੍ਹਾਂ ਦੀਆਂ ਸੰਸਥਾਵਾਂ ਵੱਖ-ਵੱਖ ਫੋਕਸ ਦੇ ਨਾਲ ਕੰਮ ਕਰ ਰਹੀਆਂ ਸਨ, ਲੇਕਿਨ ਜ਼ਰੂਰਤ ਸੀ ਇੱਕ ਅਜਿਹੀ ਸੰਸਥਾ ਦੀ, ਜਿਸ ਦਾ ਫੋਕਸ ਸਮਰੱਥਾ ਨਿਰਮਾਣ ਹੋਵੇ, ਜੋ ਸਰਕਾਰ ਵਿੱਚ ਕੰਮ ਕਰਨ ਵਾਲੇ ਹਰ ਕਰਮਚਾਰੀ, ਹਰ ਕਰਮਯੋਗੀ ਦੀ ਸਮਰੱਥਾ ਵਧਾਏ। ਇਸੇ ਸੋਚ ਨੇ ਕਪੈਸਿਟੀ ਬਿਲਡਿੰਗ ਕਮਿਸ਼ਨ-ਸੀਬੀਸੀ ਨੂੰ ਜਨਮ ਦਿੱਤਾ। ਅੱਜ ਸੀਬੀਸੀ ਦੇ ਸਥਾਪਨਾ ਦਿਵਸ ’ਤੇ ਇਹ ਨਵੀਂ ਸ਼ੁਰੂਆਤ ਅਤੇ ਆਈਗੋਟ ਮਿਸ਼ਨ ਕਰਮਯੋਗੀ ਦੀ ਸਫ਼ਲ ਭੂਮਿਕਾ ਸਾਡੀਆਂ ਕੋਸ਼ਿਸ਼ਾਂ ਨੂੰ ਕਈ ਗੁਣਾ ਊਰਜਾ ਦੇ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਇਨ੍ਹਾਂ ਕੋਸ਼ਿਸ਼ਾਂ ਨਾਲ ਅਸੀਂ ਆਧੁਨਿਕ, ਸਮਰੱਥ, ਸਮਰਪਿਤ ਅਤੇ ਸੰਵੇਦਨਸ਼ੀਲ ਕਰਮਯੋਗੀਆਂ ਦੀ ਟੀਮ ਬਣਾਉਣ ਵਿੱਚ ਸਫ਼ਲ ਹੋਵਾਂਗੇ।

ਸਾਥੀਓ,

ਕੁਝ ਹਫ਼ਤੇ ਪਹਿਲਾਂ ਜਦੋਂ ਸੇਵਾ ਤੀਰਥ ਦਾ ਉਦਘਾਟਨ ਹੋ ਰਿਹਾ ਸੀ, ਉਦੋਂ ਵੀ ਮੈਂ ਤੁਹਾਡੇ ਸਾਹਮਣੇ ਵਿਸਥਾਰ ਨਾਲ ਵਿਕਸਿਤ ਭਾਰਤ ਦੇ ਸੰਕਲਪ ਦੀ ਚਰਚਾ ਕੀਤੀ ਸੀ। ਇਸ ਟੀਚੇ ਦੀ ਪ੍ਰਾਪਤੀ ਲਈ ਸਾਨੂੰ ਤੇਜ਼ ਆਰਥਿਕ ਵਿਕਾਸ ਚਾਹੀਦਾ ਹੈ, ਆਧੁਨਿਕ ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਚਾਹੀਦੀ ਹੈ, ਸਾਨੂੰ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਹੁਨਰਮੰਦ ਕਰਮਚਾਰੀ ਤਿਆਰ ਕਰਨੇ ਹੋਣਗੇ ਅਤੇ ਇਨ੍ਹਾਂ ਟੀਚਿਆਂ ਦੀ ਸਫ਼ਲਤਾ ਵਿੱਚ ਸਾਡੀਆਂ ਜਨਤਕ ਸੰਸਥਾਵਾਂ ਅਤੇ ਜਨਤਕ ਸੇਵਕਾਂ ਦੀ ਭੂਮਿਕਾ ਬਹੁਤ ਅਹਿਮ ਹੈ। ਅਸੀਂ ਸਾਰੇ ਦੇਖ ਰਹੇ ਹਾਂ, ਮਹਿਸੂਸ ਵੀ ਕਰ ਰਹੇ ਹਾਂ ਕਿ ਅੱਜ ਦਾ ਭਾਰਤ ਕਿੰਨਾ ਉਤਸ਼ਾਹੀ ਹੈ, ਅਭਿਲਾਸ਼ੀ ਹੈ। ਹਰ ਦੇਸ਼ ਵਾਸੀ ਦੇ ਕੋਲ ਉਸ ਦੇ ਆਪਣੇ ਸੁਪਨੇ ਹਨ, ਆਪਣੇ ਟੀਚੇ ਹਨ ਅਤੇ ਅਸੀਂ ਸਾਰਿਆਂ ’ਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਾਇਤਾ ਦੀ ਜ਼ਿੰਮੇਵਾਰੀ ਹੈ। ਸਾਡੀ ਗਵਰਨੈਂਸ ਅਜਿਹੀ ਹੋਵੇ ਕਿ ਦੇਸ਼ ਦੇ ਨਾਗਰਿਕਾਂ ਦੀ ਜੀਵਨ ਸੌਖ, ਜੀਵਨ ਦੀ ਗੁਣਵੱਤਾ ਦਿਨੋਂ-ਦਿਨ ਬਿਹਤਰ ਹੋਣੀ ਚਾਹੀਦੀ ਹੈ, ਇਹੀ ਸਾਡੀ ਕਸੌਟੀ ਹੈ। ਅਤੇ ਇਸ ਦੇ ਲਈ ਤੁਹਾਨੂੰ ਹਰ ਦਿਨ ਨਵਾਂ ਸਿੱਖਣ ਦੀ ਜ਼ਰੂਰਤ ਹੈ, ਤੁਹਾਨੂੰ ਕਰਮਯੋਗੀ ਦੀ ਭਾਵਨਾ ਵਿੱਚ ਖੁਦ ਨੂੰ ਢਾਲਣ ਦੀ ਜ਼ਰੂਰਤ ਹੈ।

ਸਾਥੀਓ,

ਜਦੋਂ ਅਸੀਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਸੁਧਾਰ ਅਤੇ ਬਦਲਾਅ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਇੱਕ ਮਤਲਬ ਹੈ- ਜਨਤਕ ਸੇਵਕਾਂ ਦੇ ਵਿਵਹਾਰ ਵਿੱਚ ਬਦਲਾਅ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਪੁਰਾਣੀ ਵਿਵਸਥਾ ਵਿੱਚ ਜ਼ੋਰ ਅਧਿਕਾਰੀ ਹੋਣ ’ਤੇ ਜ਼ਿਆਦਾ ਹੁੰਦਾ ਸੀ। ਪਰ ਅੱਜ ਦੇਸ਼ ਦਾ ਜ਼ੋਰ ਕਰਤੱਵ ਭਾਵਨਾ ’ਤੇ ਜ਼ਿਆਦਾ ਹੈ, ਅਹੁਦਾ ਨਹੀਂ, ਕਾਰਜ ਦਾ ਮਹੱਤਵ ਵਧੇ। ਸੰਵਿਧਾਨ ਵੀ ਸਾਡੇ ਕਰਤੱਵਾਂ ਤੋਂ ਹੀ ਸਾਨੂੰ ਅਧਿਕਾਰ ਪ੍ਰਦਾਨ ਕਰਦਾ ਹੈ। ਹਰ ਫੈਸਲੇ ਤੋਂ ਪਹਿਲਾਂ, ਜਦੋਂ ਤੁਸੀਂ ਇਹ ਸੋਚੋਗੇ ਕਿ ਤੁਹਾਡੀ ਡਿਊਟੀ ਕੀ ਕਹਿੰਦੀ ਹੈ, ਤਾਂ ਤੁਹਾਡੇ ਫੈਸਲਿਆਂ ਦਾ ਪ੍ਰਭਾਵ ਆਪਣੇ ਆਪ ਕਈ ਗੁਣਾ ਵਧ ਜਾਵੇਗਾ। ਅਤੇ ਮੈਂ ਤੁਹਾਨੂੰ ਇੱਕ ਗੱਲ ਫਿਰ ਦੁਹਰਾਵਾਂਗਾ, ਸਾਨੂੰ ਸਾਡੀਆਂ ਵਰਤਮਾਨ ਕੋਸ਼ਿਸ਼ਾਂ ਨੂੰ ਭਵਿੱਖ ਦੇ ਇੱਕ ਵੱਡੇ ਕੈਨਵਸ ’ਤੇ ਦੇਖਣਾ ਚਾਹੀਦਾ ਹੈ। 2047, ਵਿਕਸਿਤ ਭਾਰਤ, ਇਹੀ ਕੈਨਵਸ ਹੈ ਸਾਡਾ, ਇਹੀ ਟੀਚਾ ਹੈ। ਅਸੀਂ ਅੱਜ ਜੋ ਕੰਮ ਕਰ ਰਹੇ ਹਾਂ, ਇਸ ਦਾ ਅਸਰ ਦੇਸ਼ ਦੀ ਵਿਕਾਸ ਯਾਤਰਾ ’ਤੇ ਕੀ ਹੋਵੇਗਾ, ਸਾਡੇ ਇੱਕ ਨਿਰਣੇ ਨਾਲ ਕਿੰਨੇ ਨਾਗਰਿਕਾਂ ਦਾ ਜੀਵਨ ਬਦਲ ਸਕਦਾ ਹੈ। ਸਾਡਾ ਇੱਕ ਨਿੱਜੀ ਪਰਿਵਰਤਨ ਕਿਵੇਂ ਸੰਸਥਾਗਤ ਪਰਿਵਰਤਨ ਬਣ ਸਕਦਾ ਹੈ। ਇਹ ਪ੍ਰਸ਼ਨ ਸਾਡੀ ਹਰ ਕੋਸ਼ਿਸ਼ ਦਾ ਹਿੱਸਾ ਹੋਣਾ ਚਾਹੀਦਾ ਹੈ। ਆਪਣੇ ਅਨੁਭਵ ਤੋਂ ਮੈਂ ਇਹ ਕਹਿ ਸਕਦਾ ਹਾਂ, ਇਸ ਦੇ ਲਈ ਤੁਹਾਨੂੰ ਬਹੁਤ ਊਰਜਾ ਚਾਹੀਦੀ ਹੁੰਦੀ ਹੈ, ਇਹ ਊਰਜਾ ਸਾਨੂੰ ਸਿਰਫ਼ ਅਤੇ ਸਿਰਫ਼ ਸੇਵਾ ਭਾਵਨਾ ਤੋਂ ਮਿਲ ਸਕਦੀ ਹੈ।

 

ਸਾਥੀਓ,

ਜਦੋਂ ਅਸੀਂ ਸਿੱਖਣ ਦੀ ਗੱਲ ਕਰਦੇ ਹਾਂ, ਤਾਂ ਅੱਜ ਦੇ ਪਰਿਪੇਖ ਵਿੱਚ ਤਕਨਾਲੋਜੀ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਤੁਸੀਂ ਸਭ ਦੇਖ ਰਹੇ ਹੋ, ਬੀਤੇ 11 ਸਾਲਾਂ ਵਿੱਚ ਸ਼ਾਸਕੀ ਅਤੇ ਪ੍ਰਸ਼ਾਸਕੀ ਕੰਮਾਂ ਵਿੱਚ ਕਿਸ ਤਰ੍ਹਾਂ ਤਕਨਾਲੋਜੀ ਦਾ ਏਕੀਕਰਣ ਹੋਇਆ ਹੈ। ਅਸੀਂ ਗਵਰਨੈਂਸ ਅਤੇ ਡਿਲੀਵਰੀ ਤੋਂ ਲੈ ਕੇ ਇਕੌਨਮੀ ਤੱਕ, ਤਕਨੀਕੀ ਕ੍ਰਾਂਤੀ ਦੀ ਤਾਕਤ ਦੇਖੀ ਹੈ। ਹੁਣ ਏਆਈ ਦੀ ਦਸਤਕ ਤੋਂ ਬਾਅਦ ਇਹ ਬਦਲਾਅ ਹੋਰ ਤੇਜ਼ ਹੋਣ ਵਾਲਾ ਹੈ। ਇਸ ਲਈ, ਤਕਨਾਲੋਜੀ ਨੂੰ ਸਮਝਣਾ ਅਤੇ ਉਸ ਦੀ ਸਹੀ ਵਰਤੋਂ ਕਰਨਾ, ਇਹ ਪਬਲਿਕ ਸਰਵਿਸ ਦਾ ਇੱਕ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਹੁਣ ਬਿਹਤਰ ਐਡਮਿਨਿਸਟ੍ਰੇਟਰ, ਬਿਹਤਰ ਪਬਲਿਕ ਸਰਵੈਂਟ ਉਹੀ ਹੋਵੇਗਾ, ਜਿਸ ਨੂੰ ਟੈਕਨੋਲੋਜੀ ਅਤੇ ਡੇਟਾ ਦੀ ਸਮਝ ਹੋਵੇਗੀ। ਇਹੀ ਤੁਹਾਡੇ ਫੈਸਲਾ ਲੈਣ ਦਾ ਅਧਾਰ ਬਣੇਗਾ। ਇਸ ਲਈ, ਏਆਈ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਨਿਰੰਤਰ ਸਿੱਖਣ ਨੂੰ ਸੁਵਿਧਾਜਨਕ ਬਣਾਉਣ ਲਈ ਕੰਮ ਹੋ ਰਿਹਾ ਹੈ। ਇਸ ਵਿੱਚ ਤੁਹਾਡੀ ਸਭ ਦੀ ਭਾਗੀਦਾਰੀ ਅਤੇ ਸਹਿਭਾਗਤਾ, ਦੋਵੇਂ ਬਹੁਤ ਮਹੱਤਵਪੂਰਨ ਹਨ। ਮੈਨੂੰ ਉਮੀਦ ਹੈ, ਕਰਮਯੋਗੀ ਸਾਧਨਾ ਹਫ਼ਤੇ ਵਿੱਚ ਇਸ ਵਿਸ਼ੇ ’ਤੇ ਵੀ ਓਨਾ ਹੀ ਫੋਕਸ ਕੀਤਾ ਜਾਵੇਗਾ।

ਸਾਥੀਓ,

ਸਾਡੇ ਸੰਘੀ ਢਾਂਚੇ ਵਿੱਚ ਦੇਸ਼ ਦੀ ਸਫ਼ਲਤਾ ਦਾ ਮਤਲਬ ਹੈ- ਰਾਜਾਂ ਦੀ ਵੀ ਸਮੂਹਿਕ ਸਫ਼ਲਤਾ। ਅਸੀਂ ਦਹਾਕਿਆਂ ਤੱਕ ਦੇਸ਼ ਵਿੱਚ ਰਾਜਾਂ ਦਾ ਸ਼੍ਰੇਣੀਕਰਨ ਦੇਖਿਆ ਹੈ, ਕੀ-ਕੀ ਸੁਣਦੇ ਸੀ, ਅਗਾਂਹਵਧੂ ਰਾਜ, ਪਛੜੇ ਰਾਜ, ਬਿਮਾਰੂ ਰਾਜ, ਅੱਜ ਅਸੀਂ ਅਜਿਹੀਆਂ ਸਾਰੀਆਂ ਪਰਿਭਾਸ਼ਾਵਾਂ ਨੂੰ ਖ਼ਤਮ ਕਰ ਰਹੇ ਹਾਂ। ਸਾਨੂੰ ਰਾਜਾਂ ਦੇ ਦਰਮਿਆਨ ਹਰ ਤਰ੍ਹਾਂ ਦੇ ਪਾੜਿਆਂ ਨੂੰ ਭਰਨਾ ਹੈ ਅਤੇ ਇਹ ਤਦ ਹੀ ਹੋਵੇਗਾ, ਜਦੋਂ ਹਰ ਰਾਜ ਇੱਕੋ ਜਿਹੀ ਤੀਬਰਤਾ ਨਾਲ ਕੰਮ ਕਰੇਗਾ। ਸਾਨੂੰ ਸਾਈਲੋਜ਼ ਨੂੰ ਤੋੜਨਾ ਹੈ, ਸਾਨੂੰ ਬਿਹਤਰ ਤਾਲਮੇਲ ਅਤੇ ਸਾਂਝੀ ਸਮਝ ਦੇ ਨਾਲ ਅੱਗੇ ਵਧਣਾ ਹੋਵੇਗਾ। ਇਸ ਦੇ ਲਈ ਸਾਨੂੰ ਪੂਰੀ ਸਰਕਾਰ ਦੀ ਪਹੁੰਚ ਦੀ ਜ਼ਰੂਰਤ ਹੈ। ਸਰਕਾਰ ਅਤੇ ਅਫ਼ਸਰਸ਼ਾਹੀ ਦੋਵੇਂ ਇਸ ਪਹੁੰਚ ਨੂੰ ਅਪਣਾਉਣਗੇ, ਤਾਂ ਹਰ ਮਿਸ਼ਨ ਵਿੱਚ ਸਫ਼ਲਤਾ ਮਿਲੇਗੀ। ਸਾਧਨਾ ਹਫ਼ਤੇ ਰਾਹੀਂ ਇਹੀ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ।

ਸਾਥੀਓ,

ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ, ਆਮ ਮਨੁੱਖ ਲਈ ਸਥਾਨਕ ਦਫ਼ਤਰ ਹੀ ਸਰਕਾਰ ਦਾ ਚਿਹਰਾ ਹੁੰਦਾ ਹੈ। ਤੁਹਾਡੀ ਕਾਰਜ-ਸ਼ੈਲੀ, ਤੁਹਾਡਾ ਵਿਵਹਾਰ, ਇਸ ਨਾਲ ਹੀ ਲੋਕਤੰਤਰ ਅਤੇ ਸੰਵਿਧਾਨਕ ਵਿਵਸਥਾਵਾਂ ਵਿੱਚ ਨਾਗਰਿਕਾਂ ਦਾ ਭਰੋਸਾ ਤੈਅ ਹੁੰਦਾ ਹੈ। ਇਸ ਲਈ, ਅਸੀਂ ਜੋ ਵੀ ਕਰੀਏ, ਜਿਸ ਵੀ ਪੱਧਰ ’ਤੇ ਕਰੀਏ, ਸਾਨੂੰ ਉਸ ਭਰੋਸੇ ਨੂੰ ਸੰਭਾਲ ਕੇ ਰੱਖਣਾ ਹੈ। ਮੈਂ ਇੱਕ ਵਾਰ ਫਿਰ ਕਪੈਸਿਟੀ ਬਿਲਡਿੰਗ ਕਮਿਸ਼ਨ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਕਰਮਯੋਗੀ ਸਾਧਨਾ ਹਫ਼ਤਾ, ਵਿਕਸਿਤ ਭਾਰਤ ਦੀ ਸਾਡੀ ਯਾਤਰਾ ਵਿੱਚ ਇੱਕ ਅਹਿਮ ਅਧਿਆਇ ਬਣੇਗਾ।

ਬਹੁਤ-ਬਹੁਤ ਧੰਨਵਾਦ।

ਨਮਸਕਾਰ।

*************

ਐੱਮਜੇਪੀਐੱਸ/ਵੀਜੇ/ਐੱਸਟੀ