Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਵਡੋਦਰਾ ਵਿੱਚ ‘ਨਮੋ ਫੌਰ ਵਿਕਸਤ ਭਾਰਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

ਗੁਜਰਾਤ ਦੇ ਵਡੋਦਰਾ ਵਿੱਚ ‘ਨਮੋ ਫੌਰ ਵਿਕਸਤ ਭਾਰਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਇਸ ਪ੍ਰੋਗਰਾਮ ਵਿੱਚ ਔਨਲਾਈਨ ਸਾਡੇ ਨਾਲ ਕਈ ਸੂਬਿਆਂ ਦੀਆਂ ਮਹਾਨ ਸ਼ਖ਼ਸੀਅਤਾਂ ਜੁੜੀਆਂ ਹੋਈਆਂ ਹਨ। ਮਹਾਰਾਸ਼ਟਰ ਦੇ ਗਵਰਨਰ ਜਿਸ਼ਣੂ ਦੇਵ ਵਰਮਾ ਜੀ, ਮੁੱਖ ਮੰਤਰੀ ਦੇਵੇਂਦਰ ਫੜਣਵੀਸ ਜੀ, ਡਿਪਟੀ ਸੀਐੱਮ ਏਕਨਾਥ ਸ਼ਿੰਦੇ ਜੀ, ਡਿਪਟੀ ਸੀਐੱਮ ਸ਼੍ਰੀਮਤੀ ਸੁਨੇਤਰਾ ਪਵਾਰ ਜੀ, ਹੋਰ ਮੰਤਰੀ ਸਾਹਿਬਾਨ, ਸੰਸਦ ਮੈਂਬਰ, ਵਿਧਾਇਕ ਅਤੇ ਉੱਥੇ ਵੀ ਇਕੱਠੇ ਹੋਏ ਲੱਖਾਂ ਨਾਗਰਿਕ ਭਰਾਵੋ ਅਤੇ ਭੈਣੋ। ਇੱਥੇ ਮੰਚ ’ਤੇ ਹਾਜ਼ਰ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ, ਉਪ ਮੁੱਖ ਮੰਤਰੀ, ਨੌਜਵਾਨ ਨੇਤਾ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਮੰਤਰੀ ਸਾਹਿਬਾਨ, ਹਾਜ਼ਰ ਹੋਰ ਜਨ ਪ੍ਰਤੀਨਿਧੀ, ਗੁਜਰਾਤ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਅਤੇ ਖ਼ਾਸ ਇਸ ਲਈ ਕਿ ਮੇਰੇ ਬੜੌਦਾ ਦੇ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਦਾ ਇਹ ਮੈਦਾਨ, ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਸਾਰੇ ਸਾਥੀਆਂ ਦਾ ਸਾਥ ਅਤੇ ਵਿਕਾਸ ਦਾ ਇਹ ਉਤਸਵ, ਇੱਥੇ ਸਭ ਕੁਝ ਇਕੱਠੇ ਹੋ ਰਿਹਾ ਹੈ।

ਸਾਥੀਓ,

ਅੱਜ ਮੈਂ ਵਿਕਸਤ ਭਾਰਤ ਦੀ ਯਾਤਰਾ ਨੂੰ ਹੋਰ ਗਤੀ ਦੇਣ ਲਈ ਤੁਹਾਡੇ ਵਿਚਕਾਰ ਆਇਆ ਹਾਂ। ਥੋੜ੍ਹੀ ਦੇਰ ਪਹਿਲਾਂ ਇੱਥੇ ਦੇਸ਼ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ। ਮੈਂ ਦੇਸ਼ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਵਿਕਾਸ ਪਰਵ ’ਤੇ ਆਪ ਸਭ ਨੇ ਜਿਸ ਸੇਵਾ ਭਾਵ ਨਾਲ ਪੂਰੇ ਵਡੋਦਰਾ ਸ਼ਹਿਰ ਵਿੱਚ ਸਫ਼ਾਈ ਰਾਹੀਂ ਸਵਾਗਤੀ ਮੁਹਿੰਮ ਚਲਾਈ ਹੈ, ਇਸ ਲਈ ਮੈਂ ਵਡੋਦਰਾ ਦੇ ਹਰੇਕ ਨਾਗਰਿਕ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਇਹ ਜੋ ਤੁਸੀਂ ਰੰਗ ਵਿਖਾਇਆ ਹੈ, ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀ, ਛਾਤੀ ਚੌੜੀ ਹੋ ਗਈ, ਵਾਹ! ਕੀ ਇਹ ਮੇਰਾ ਵਡੋਦਰਾ ਹੈ? ਅਤੇ ਹੁਣ ਤਾਂ ਗਣੇਸ਼ ਉਤਸਵ ਦੀ ਤਿਆਰੀ, ਬਾਅਦ ਵਿੱਚ ਨਵਰਾਤਰੀ ਅਤੇ ਗਣੇਸ਼ ਉਤਸਵ ਅਤੇ ਨਵਰਾਤਰੀ ਦੌਰਾਨ ਪੂਰੇ ਗੁਜਰਾਤ ਦਾ ਧਿਆਨ ਵਡੋਦਰਾ ’ਤੇ ਹੁੰਦਾ ਹੈ ਅਤੇ ਮੈਂ ਦੇਖ ਰਿਹਾ ਸੀ ਪਿਛਲੇ ਇੱਕ ਹਫ਼ਤੇ ਤੋਂ ਹਰ ਪਰਿਵਾਰ ਵਿੱਚ ਸਫ਼ਾਈ ਦਾ ਮਾਹੌਲ ਬਣ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਸ ਵਾਰ ਜਦੋਂ ਗਣੇਸ਼ ਜੀ ਆਉਣਗੇ, ਸਾਰੇ ਆਸ਼ੀਰਵਾਦ ਵਡੋਦਰਾ ’ਤੇ ਵਰ੍ਹਨ ਵਾਲੇ ਹਨ।

ਸਾਥੀਓ,

ਇਸ ਸਾਲ ਲਾਲ ਕਿਲ੍ਹੇ ਤੋਂ ਮੈਂ ਵਿਕਸਤ ਭਾਰਤ ਲਈ ਸੰਕਲਪ ਦੀ ਸਪਤਧਾਰਾ ਦੀ ਤਾਕੀਦ ਕੀਤੀ ਹੈ। ਇਸ ਸਪਤਧਾਰਾ ਵਿੱਚ ਇੱਕ ਧਾਰਾ ਗਤੀਸ਼ਕਤੀ ਦੀ ਵੀ ਹੈ। ਵਿਕਸਤ ਭਾਰਤ ਲਈ ਸਾਨੂੰ ਅਜਿਹੀ ਕਨੈਕਟੀਵਿਟੀ ਚਾਹੀਦੀ ਹੈ, ਜੋ ਸੁਗਮ ਵੀ ਹੋਵੇ ਅਤੇ ਜ਼ਮਾਨੇ ਦੇ ਹਿਸਾਬ ਨਾਲ ਜ਼ਰਾ ਤੇਜ਼ ਵੀ ਹੋਵੇ। ਵਡੋਦਰਾ ਤਾਂ ਗਤੀਸ਼ਕਤੀ ਯੂਨੀਵਰਸਿਟੀ ਦਾ ਸ਼ਹਿਰ ਹੈ। ਅੱਜ ਇੱਥੋਂ ਡੇਡੀਕੇਟਿਡ ਫ੍ਰੇਟ ਕੌਰੀਡੋਰ ਦੀਆਂ ਆਖ਼ਰੀ ਕੜੀਆਂ ਵੀ ਜੁੜ ਗਈਆਂ ਹਨ। ਅੱਜ 2800 ਕਿੱਲੋਮੀਟਰ ਤੋਂ ਵੱਧ ਦਾ ਡੇਡੀਕੇਟਿਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਪੂਰਾ ਹੋ ਗਿਆ ਹੈ। ਇਹ 21ਵੀਂ ਸਦੀ ਦੇ ਭਾਰਤ ਲਈ ਬਹੁਤ ਇਤਿਹਾਸਕ ਕਾਰਜ ਪੂਰਾ ਹੋਇਆ ਹੈ।

ਸਾਥੀਓ,

ਇਹ ਡੇਡੀਕੇਟਿਡ ਫ੍ਰੇਟ ਕੌਰੀਡੋਰ, ਇਸ ਗੱਲ ਦਾ ਗਵਾਹ ਹੈ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਦਾ ਕੰਮ ਕਰਨ ਦਾ ਸੱਭਿਆਚਾਰ ਕਿਵੇਂ ਬਦਲਿਆ ਹੈ। ਇਸ ਡੇਡੀਕੇਟਿਡ ਫ੍ਰੇਟ ਕੌਰੀਡੋਰ ’ਤੇ 2004 ਵਿੱਚ ਵਿਚਾਰ ਸ਼ੁਰੂ ਹੋਇਆ ਸੀ। ਭਾਵ, ਇੱਥੇ ਮੈਂ ਸਾਰੇ ਨੌਜਵਾਨ ਦੇਖ ਰਿਹਾ ਹਾਂ, ਜਦੋਂ ਇਸ ਦਾ ਵਿਚਾਰ ਸ਼ੁਰੂ ਹੋਇਆ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ, ਉਸ ਸਮੇਂ ਸ਼ੁਰੂ ਹੋਇਆ ਸੀ। 2006 ਵਿੱਚ ਇੱਕ ਵਿਸ਼ੇਸ਼ ਕੰਪਨੀ ਬਣਾਈ ਗਈ ਇਸ ਕੰਮ ਨੂੰ ਕਰਨ ਲਈ ਅਤੇ ਫਿਰ 2014 ਤੱਕ ਫਾਈਲਾਂ ਹੀ ਇੱਥੋਂ ਤੋਂ ਉੱਥੇ ਹੁੰਦੀਆਂ ਰਹੀਆਂ। ਫਾਈਲਾਂ ਟੇਬਲ ’ਤੇ ਯਾਤਰਾ ਕਰ ਰਹੀਆਂ ਸਨ ਅਤੇ ਬਦਕਿਸਮਤੀ ਦੇਖੋ, ਇਨ੍ਹਾਂ ਫਾਈਲਾਂ ਨੂੰ ਵੀ ਕੋਈ ਡੇਡੀਕੇਟਿਡ ਕੌਰੀਡੋਰ ਨਸੀਬ ਨਹੀਂ ਹੋਇਆ, ਫਾਈਲ ਨੂੰ ਵੀ ਨਸੀਬ ਨਹੀਂ ਹੋਇਆ। ਫਾਈਲਾਂ ਅਟਕਦੀਆਂ ਸਨ, ਲਟਕਦੀਆਂ ਸਨ, ਭਟਕਦੀਆਂ ਸਨ ਅਤੇ 2014 ਵਿੱਚ ਵਡੋਦਰਾ ਦੇ ਅਤੇ ਗੁਜਰਾਤ ਦੇ ਅਤੇ ਦੇਸ਼ ਦੇ ਲੋਕਾਂ ਨੇ ਮੈਨੂੰ ਗੁਜਰਾਤ ਤੋਂ ਕੱਢ ਕੇ ਦਿੱਲੀ ਭੇਜ ਦਿੱਤਾ। ਪਹਿਲਾਂ ਵਾਲੀ ਸਰਕਾਰ 2000 ਤੱਕ ਰਹੀ। ਤੁਸੀਂ ਮੈਨੂੰ ਭੇਜਿਆ ਅਤੇ ਉਨ੍ਹਾਂ ਦੀ ਵਿਦਾਈ ਹੋਈ, ਅਤੇ ਸੱਚਾਈ ਇਹ ਸੀ ਕਿ ਸੱਤ-ਅੱਠ ਸਾਲਾਂ ਵਿੱਚ, ਜ਼ਰਾ ਮੇਰੇ ਨੌਜਵਾਨ ਸੁਣ ਲਓ, ਇਹ ਯਾਦ ਰੱਖੋ, ਸੱਤ-ਅੱਠ ਸਾਲਾਂ ਵਿੱਚ ਇੱਕ ਕਿੱਲੋਮੀਟਰ ਫ੍ਰੇਟ ਕੌਰੀਡੋਰ ’ਤੇ ਵੀ ਕੰਮ ਪੂਰਾ ਨਹੀਂ ਹੋ ਸਕਿਆ ਸੀ। ਜੇਕਰ ਉਨ੍ਹਾਂ ਦੇ ਹਿਸਾਬ ਨਾਲ ਦੇਸ਼ ਚਲਾਉਂਦੇ, ਤਾਂ ਪਤਾ ਨਹੀਂ ਤੁਹਾਡੇ ਤੋਂ ਬਾਅਦ ਤਿੰਨ-ਚਾਰ ਪੀੜ੍ਹੀਆਂ ਆਉਂਦੀਆਂ, ਤਾਂ ਵੀ ਨਹੀਂ ਹੁੰਦਾ। ਭਾਰਤ ਦੇ ਲੌਜਿਸਟਿਕਸ ਈਕੋਸਿਸਟਮ ਨੂੰ ਟ੍ਰਾਂਸਫਾਰਮ ਕਰਨ ਵਾਲੇ ਪ੍ਰੋਜੈਕਟ ਦੀ ਇਹ ਹਾਲਤ ਕਰ ਕੇ ਰੱਖੀ ਸੀ।

 

ਸਾਥੀਓ,

2014 ਤੋਂ ਬਾਅਦ ਤੁਸੀਂ ਜੋ ਮੈਨੂੰ ਸਿੱਖਿਆ-ਦੀਖਿਆ ਦਿੱਤੀ ਸੀ, ਇਸ ਧਰਤੀ ਨੇ ਮੈਨੂੰ ਜੋ ਸਿਖਾਇਆ ਸੀ, ਤੁਹਾਡੇ ਕੋਲੋਂ ਜੋ ਸਬਕ ਲੈ ਕੇ ਮੈਂ ਦਿੱਲੀ ਪਹੁੰਚਿਆ ਸੀ, ਅਸੀਂ ਉੱਥੇ ਪਹੁੰਚਦਿਆਂ ਹੀ ਇਸ ਨੂੰ ਗਤੀ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ। 2800 ਕਿੱਲੋਮੀਟਰ ਦੇ ਕੌਰੀਡੋਰ ਦਾ ਕੰਮ ਅੱਜ ਪੂਰਾ ਕਰ ਕੇ ਦਿਖਾਇਆ ਅਤੇ ਅੱਜ ਈਸਟਰਨ ਅਤੇ ਵੈਸਟਰਨ ਡੇਡੀਕੇਟਿਡ ਫ੍ਰੇਟ ਕੌਰੀਡੋਰ, ਦੇਸ਼ ਦੇ ਵਪਾਰ-ਕਾਰੋਬਾਰ ਦਾ ਮੁੱਖ ਅਧਾਰ ਬਣ ਰਿਹਾ ਹੈ।

 

ਸਾਥੀਓ, 

ਡੇਡੀਕੇਟਿਡ ਫ੍ਰੇਟ ਕੌਰੀਡੋਰ, ਤੇਜ਼ੀ ਨਾਲ ਵਿਕਸਤ ਹੋ ਰਹੇ ਭਾਰਤ ਦੀ ਜੀਵਨ ਰੇਖਾ ਹੈ। ਇਸ ਨੇ ਭਾਰਤ ਦੇ ਟ੍ਰਾਂਸਪੋਰਟੇਸ਼ਨ ਸੈਕਟਰ ਦਾ ਕਾਇਆਕਲਪ ਕਰ ਦਿੱਤਾ ਹੈ। ਪਹਿਲਾਂ ਜਿਸ ਟ੍ਰੈਕ ’ਤੇ ਪੈਸੇਂਜਰ ਟ੍ਰੇਨ ਚੱਲਦੀ ਸੀ, ਉਸੇ ਟ੍ਰੈਕ ’ਤੇ ਮਾਲਗੱਡੀ ਵੀ ਚੱਲਦੀ ਸੀ। ਭਾਵ ਟ੍ਰੈਵਲ ਅਤੇ ਟਰਾਂਸਪੋਰਟ, ਦੋਵੇਂ ਹੌਲੀ ਸਨ। ਪਰ, ਡੇਡੀਕੇਟਿਡ ਫ੍ਰੇਟ ਕੌਰੀਡੋਰ ਨੇ ਇਸ ਸਥਿਤੀ ਨੂੰ ਬਦਲ ਦਿੱਤਾ ਹੈ। ਅੱਜ ਪੂਰਬੀ ਅਤੇ ਪੱਛਮੀ ਫ੍ਰੇਟ ਕੌਰੀਡੋਰਾਂ ’ਤੇ ਹਰ ਰੋਜ਼ 430 ਤੋਂ ਵੱਧ ਮਾਲਗੱਡੀਆਂ ਚੱਲਦੀਆਂ ਹਨ, ਪ੍ਰਤੀ ਦਿਨ 430 ਮਾਲਗੱਡੀਆਂ ਅਤੇ ਪਹਿਲਾਂ ਜੋ ਮਾਲਗੱਡੀ, ਸਾਢੇ 6 ਘੰਟਿਆਂ ਵਿੱਚ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੀ ਸੀ, ਹੁਣ ਉਹੀ ਮਾਲਗੱਡੀ ਅੱਧੇ ਤੋਂ ਵੀ ਘੱਟ ਸਮੇਂ ਵਿੱਚ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਲਵੇਗੀ। ਜਿਸ ਜਗ੍ਹਾ ’ਤੇ ਟਰੱਕ ਰਾਹੀਂ ਸਾਮਾਨ ਭੇਜਣ ਵਿੱਚ ਆਮ ਤੌਰ ’ਤੇ 30 ਘੰਟੇ ਲੱਗਦੇ ਹਨ, ਡੇਡੀਕੇਟਿਡ ਫ੍ਰੇਟ ਕਾਰੀਡੋਰ ’ਤੇ ਇਹ ਦੂਰੀ 10-12 ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ। ਭਾਵ, ਇਸ ਕੌਰੀਡੋਰ ’ਤੇ ਮਾਲਗੱਡੀ ਚੱਲਣ ਨਾਲ ਟਰੱਕ ਅਤੇ ਟ੍ਰੇਨ ਵਿੱਚ ਲੱਗਣ ਵਾਲਾ ਫਿਊਲ ਬਚਦਾ ਹੈ, ਕਿਰਾਇਆ-ਭਾੜਾ ਘਟਿਆ ਹੈ, ਸਮਾਂ ਬਚਿਆ ਹੈ, ਵਾਤਾਵਰਨ ਨੂੰ ਫ਼ਾਇਦਾ ਹੋਇਆ ਹੈ। ਭਾਵ, ਇਨਵੈਸਟਮੈਂਟ ਇੱਕ ਟ੍ਰੈਕ ’ਤੇ ਕੀਤੀ ਅਤੇ ਫ਼ਾਇਦੇ ਕਈ ਹੋਏ ਹਨ।

 

ਸਾਥੀਓ,

ਇਸ ਫ੍ਰੇਟ ਕੌਰੀਡੋਰ ਨਾਲ ਪੂਰਬੀ ਅਤੇ ਪੱਛਮੀ ਭਾਰਤ ਦੇ ਕਿਸਾਨਾਂ ਦੀ ਉਪਜ ਹੁਣ ਤੇਜ਼ੀ ਨਾਲ ਵੱਡੇ ਬਾਜ਼ਾਰਾਂ ਤੱਕ ਪਹੁੰਚ ਰਹੀ ਹੈ। ਕਈ ਤਰ੍ਹਾਂ ਦੇ ਫੁੱਲ, ਕਈ ਤਰ੍ਹਾਂ ਦੀਆਂ ਸਬਜ਼ੀਆਂ, ਕਈ ਤਰ੍ਹਾਂ ਦੇ ਫਲ, ਭਾਵ ਜੋ ਚੀਜ਼ਾਂ ਮੌਸਮ ਦੇ ਹਿਸਾਬ ਨਾਲ ਜਲਦੀ ਖ਼ਰਾਬ ਹੁੰਦੀਆਂ ਹਨ, ਉਨ੍ਹਾਂ ਲਈ ਵੀ ਸਹੀ ਸਮੇਂ ’ਤੇ ਮੰਡੀਆਂ ਅਤੇ ਲੋਕਾਂ ਤੱਕ ਪਹੁੰਚਣ ਦਾ ਰਸਤਾ ਬਣਿਆ ਹੈ। ਇਸ ਨਾਲ ਕਿਸਾਨ ਦਾ ਬਹੁਤ ਵੱਡਾ ਫ਼ਾਇਦਾ ਹੋਇਆ ਹੈ।

 

ਸਾਥੀਓ,

ਇਹ ਫ੍ਰੇਟ ਕੌਰੀਡੋਰ ਇੱਕ ਹੋਰ ਵਜ੍ਹਾ ਕਰਕੇ ਕਮਾਲ ਦਾ ਹੈ। ਹਾਲ ਹੀ ਵਿੱਚ ਜੇਐੱਨਪੀਟੀ ਮੁੰਬਈ, ਜੇਐੱਨਪੀਟੀ ਪੋਰਟ ਤੋਂ ਵਡੋਦਰਾ ਤੱਕ ਡਬਲ ਸਟੈਕ ਕੰਟੇਨਰ ਮਾਲਗੱਡੀ ਦਾ ਸੰਚਾਲਨ ਕੀਤਾ ਗਿਆ ਹੈ। ਭਾਵ ਡੱਬੇ ਦੇ ਉੱਪਰ ਇੱਕ ਹੋਰ ਡੱਬਾ ਲਗਾ ਕੇ ਮਾਲਗੱਡੀ ਨੂੰ ਚਲਾਇਆ ਗਿਆ। ਇਸ ਮਾਲਗੱਡੀ ਦੇ ਚੱਲਣ ਨਾਲ ਇੱਕੋ ਵਾਰ ਵਿੱਚ 250 ਤੋਂ ਵੱਧ ਟਰੱਕਾਂ ਦੇ ਬਰਾਬਰ ਦਾ ਸਾਮਾਨ ਮੁੰਬਈ ਤੋਂ ਵਡੋਦਰਾ ਆ ਗਿਆ, 250 ਟਰੱਕ। ਹੁਣ ਇਹ ਜੋ ਨਾਰਾਜ਼ ਫੂਫਾ ਜੀ ਹਨ, ਉਹ ਚੀਕਣਗੇ ਕਿ ਟਰੱਕ ਵਾਲਿਆਂ ਦਾ ਕੀ ਹੋਵੇਗਾ? ਟਰੱਕ ਕਿੱਥੇ ਜਾਣਗੇ? ਜਿਨ੍ਹਾਂ ਨੇ ਟਰੱਕ ਖ਼ਰੀਦਿਆ ਹੈ, ਉਨ੍ਹਾਂ ਦਾ ਕੀ ਹੋਵੇਗਾ? ਹੁਣ ਫੂਫਾ ਜੀ ਨੂੰ ਕੰਮ ਮਿਲ ਗਿਆ। ਭਾਵ ਹੁਣ ਵੱਡੀ ਮਾਤਰਾ ਵਿੱਚ ਸਾਮਾਨ ਤੇਜ਼ੀ ਨਾਲ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਸਕੇਗਾ।

 

ਸਾਥੀਓ,

ਫ੍ਰੇਟ ਕੌਰੀਡੋਰ ਦੇ ਨਾਲ-ਨਾਲ ਹੁਣ ਭਾਰਤ ਵਿੱਚ ਰੇਲ ਉੱਥੇ ਵੀ ਪਹੁੰਚ ਰਹੀ ਹੈ, ਜਿੱਥੇ ਇੰਨੇ ਦਹਾਕਿਆਂ ਤੱਕ ਨਹੀਂ ਪਹੁੰਚੀ ਸੀ। ਗੁਜਰਾਤ ਹੋਵੇ, ਮੱਧ ਪ੍ਰਦੇਸ਼ ਹੋਵੇ, ਮਹਾਰਾਸ਼ਟਰ ਹੋਵੇ, ਇੱਥੇ ਜੋ ਕਬਾਇਲੀ ਖੇਤਰ ਹਨ, ਉਹ ਵੀ ਇਸ ਪ੍ਰੋਜੈਕਟ ਰਾਹੀਂ ਰੇਲ ਨਾਲ ਜੁੜ ਰਹੇ ਹਨ। ਪਹਿਲਾਂ ਦੀ ਸਰਕਾਰ ਵਿੱਚ ਬਜਟ ਵਿੱਚ ਇੱਕ-ਦੋ ਟ੍ਰੇਨਾਂ ਦਾ ਐਲਾਨ ਹੁੰਦਾ ਸੀ ਅਤੇ ਉਸ ਦੇ ਵੀ ਸਾਲ ਭਰ ਢੋਲ ਪਿੱਟੇ ਜਾਂਦੇ ਸਨ। ਜਦਕਿ ਅੱਜ ਦੇਸ਼ ਵਿੱਚ ਸਾਲ ਭਰ ਇੱਕ ਤੋਂ ਬਾਅਦ ਇੱਕ ਨਵੀਂਆਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਅੱਜ ਵੀ ਇਸ ਪ੍ਰੋਗਰਾਮ ਵਿੱਚ ਕਈ ਨਵੀਂਆਂ ਟ੍ਰੇਨਾਂ ਸ਼ੁਰੂ ਹੋਈਆਂ ਹਨ। ਨਵੀਂ ਟ੍ਰੇਨ ਨਾਲ ਵਡੋਦਰਾ, ਛੋਟਾ ਉਦੇਪੁਰ ਅਤੇ ਅਲੀਰਾਜਪੁਰ ਦੇ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ।

 

ਸਾਥੀਓ,

ਰੋਡ, ਰੇਲ, ਮੈਟਰੋ, ਏਅਰਪੋਰਟ, ਗੈਸ ਪਾਈਪਲਾਈਨ, ਗ਼ਰੀਬਾਂ ਦੇ ਘਰ, ਜਦੋਂ ਦੇਸ਼ ਵਿੱਚ ਕਰੋੜਾਂ ਲੋਕਾਂ ਲਈ ਇਹ ਚੀਜ਼ਾਂ ਬਣਦੀਆਂ ਹਨ, ਤਾਂ ਇਸ ਨਾਲ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਹੈ ਅਤੇ ਨਾਲ ਹੀ ਛੋਟੇ ਤੋਂ ਲੈ ਕੇ ਵੱਡੇ ਕਾਮੇ ਨੂੰ ਰੁਜ਼ਗਾਰ ਦੇ ਲੱਖਾਂ-ਲੱਖ ਮੌਕੇ ਮਿਲਦੇ ਹਨ। ਤੁਸੀਂ ਰੇਲਵੇ ਦਾ ਹੀ ਦੇਖੋ, ਇਸ ਸਾਲ ਦਾ ਰੇਲ ਬਜਟ ਪੌਣੇ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਜੋ 12 ਸਾਲ ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਵੱਧ ਹੈ। ਭਾਵ ਰੇਲਵੇ ਦੇ ਆਧੁਨਿਕੀਕਰਨ ’ਤੇ ਹੋ ਰਿਹਾ ਖਰਚਾ, ਹਜ਼ਾਰਾਂ-ਹਜ਼ਾਰ ਨਵੇਂ ਰੁਜ਼ਗਾਰ ਪੈਦਾ ਕਰ ਰਿਹਾ ਹੈ ਅਤੇ ਇਹ ਰੁਜ਼ਗਾਰ ਉਸਾਰੀ ਦੌਰਾਨ ਤਾਂ ਬਣਦਾ ਹੀ ਹੈ। ਇੱਕ ਵਾਰ ਰੋਡ, ਰੇਲ, ਪਾਈਪਲਾਈਨ, ਪੋਰਟ, ਏਅਰਪੋਰਟ ਬਣ ਗਿਆ, ਤਾਂ ਫਿਰ ਉਸ ਦੇ ਆਲ਼ੇ-ਦੁਆਲੇ ਨਵੇਂ ਉਦਯੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ, ਨਵੇਂ ਬਿਜ਼ਨਸ ਆਉਂਦੇ ਹਨ, ਇਹ ਫਿਰ ਨਵੇਂ ਰੁਜ਼ਗਾਰ ਪੈਦਾ ਕਰਦੇ ਹਨ। ਉੱਥੇ ਕੁਝ ਲੋਕ, ਉਹ ਧੀ ਚਿੱਤਰ ਲੈ ਕੇ ਕਦੋਂ ਦੀ ਖੜ੍ਹੀ ਹੈ, ਉਹ ਸੱਜਣ ਵੀ ਕੁਝ ਕਲਾ ਲੈ ਕੇ ਆਏ ਹਨ। ਜਰਾ ਸਾਡੇ ਸਾਥੀ ਉਸ ਨੂੰ ਲੈ ਲੈਣ। ਇਹ ਅੱਗੇ ਪਹੁੰਚਾ ਦਿਓ, ਹਾਂ। ਇੱਕ ਹੋਰ ਵੀ ਹੈ ਕੋਈ, ਹਾਂ, ਲੈ ਲਵੋ। ਤੁਹਾਡਾ ਬਹੁਤ-ਬਹੁਤ ਧੰਨਵਾਦ।

 

ਸਾਥੀਓ,

ਮੈਂ ਦੇਸ਼ ਦੇ ਸਾਹਮਣੇ ਵਿਕਸਤ ਭਾਰਤ ਦੀਆਂ ਜਿਨ੍ਹਾਂ ਸਪਤਧਾਰਾਵਾਂ ਦਾ ਵਿਜ਼ਨ ਰੱਖਿਆ ਹੈ, ਉਨ੍ਹਾਂ ਵਿੱਚ ਇੱਕ ਧਾਰਾ ਮੈਨੂਫੈਕਚਰਿੰਗ ਦੀ ਵੀ ਹੈ ਅਤੇ ਵਡੋਦਰਾ ਸ਼ਹਿਰ, ਇਸ ਦੀ ਤਾਕਤ ਚੰਗੀ ਤਰ੍ਹਾਂ ਜਾਣਦਾ ਵੀ ਹੈ, ਸਮਝਦਾ ਵੀ ਹੈ। ਸਿੱਖਿਆ, ਹੁਨਰ ਅਤੇ ਉਦਯੋਗ ਦਾ ਸਹਿਯੋਗ ਕਿਵੇਂ ਹੁੰਦਾ ਹੈ, ਵਡੋਦਰਾ ਕਰੀਬ ਡੇਢ ਸੌ ਸਾਲਾਂ ਤੋਂ ਇਸ ਦਾ ਪ੍ਰਤੀਬਿੰਬ ਹੈ। ਦਹਾਕਿਆਂ ਪਹਿਲਾਂ, ਇੱਥੇ ਟੈਕਸਟਾਈਲ ਅਤੇ ਟਾਈਲਾਂ ਦੇ ਨਿਰਮਾਣ ਨਾਲ ਇੱਕ ਯਾਤਰਾ ਸ਼ੁਰੂ ਹੋਈ ਸੀ, ਜੋ ਬਾਅਦ ਵਿੱਚ ਆਇਲ ਅਤੇ ਪੈਟਰੋਕੈਮੀਕਲਜ਼ ਨਾਲ ਅੱਗੇ ਵਧੀ। ਪਿਛਲੇ ਦੋ-ਢਾਈ ਦਹਾਕਿਆਂ ਵਿੱਚ ਵਡੋਦਰਾ ਐੱਮਐੱਸਐੱਮਈ ਦਾ ਇੱਕ ਵੱਡਾ ਹੱਬ ਬਣ ਗਿਆ ਹੈ ਅਤੇ ਮੈਨੂੰ ਯਾਦ ਹੈ, ਜਦੋਂ ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ, ਤਾਂ ਵਡੋਦਰਾ ਦਾ ਮੇਰੇ ’ਤੇ ਹਮੇਸ਼ਾ ਖ਼ਾਸ ਹੱਕ ਰਿਹਾ ਹੈ, ਤਾਂ ਹਰ ਹਫ਼ਤੇ ਕੋਈ ਨਾ ਕੋਈ ਡੈਲੀਗੇਸ਼ਨ ਆਉਂਦਾ ਸੀ। ਬੱਸ ਸਾਡੇ ਵਡੋਦਰਾ ਵਿੱਚ ਕੁਝ ਮੈਨੂਫੈਕਚਰਿੰਗ ਦਾ ਹੋਵੇ, ਮੈਨੂਫੈਕਚਰਿੰਗ ਦਾ ਹੋਵੇ, ਕਿਉਂਕਿ ਇੱਥੇ ਆਉਂਦੇ ਸਨ, ਤਾਂ ਜਾਂ ਤਾਂ ਜਯੋਤੀ ਜਾਂ ਐੱਲਐੱਮਬੀ ਜਾਂ ਫਿਰ ਜੀਐੱਸਐੱਫਸੀ, ਇਹੀ ਸਭ ਦਿਸਦਾ ਸੀ ਅਤੇ ਹੋਰ ਕੁਝ ਸੁਣਾਈ ਨਹੀਂ ਦਿੰਦਾ ਸੀ। ਅੱਜ ਕਿੱਥੋਂ ਤੋਂ ਕਿੱਥੇ ਬਦਲ ਗਿਆ ਹੈ। ਹੁਣ ਤਾਂ ਇਹ ਸ਼ਹਿਰ ਦੇਸ਼ ਦੇ ਪਹਿਲੇ ‘ਮੇਡ ਇਨ ਇੰਡੀਆ’ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫ਼ਟ ਲਈ ਵੀ ਜਾਣਿਆ ਜਾ ਰਿਹਾ ਹੈ। ਸੀ-295 ਏਅਰਕ੍ਰਾਫ਼ਟ ਦੀ ਪਹਿਲੀ ਫਲਾਈਟ ਇੱਥੇ ਅਸਮਾਨ ਦੇਖ ਚੁੱਕੀ ਹੈ। ਮੈਂ ਵਡੋਦਰਾ ਦੇ ਲੋਕਾਂ ਨੂੰ ਇਹ ਮਾਣ ਹਾਸਲ ਕਰਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਜਦੋਂ ਦੇਸ਼ ਦੀ ਮੈਨੂਫੈਕਚਰਿੰਗ ਦੀ ਗੱਲ ਹੋ ਰਹੀ ਹੈ, ਤਾਂ ਮੈਂ ਇੱਕ ਹੋਰ ਅੰਕੜਾ ਦੱਸਣਾ ਚਾਹੁੰਦਾ ਹਾਂ। ਪਿਛਲੇ ਇੱਕ ਦਹਾਕੇ ਵਿੱਚ ਭਾਰਤ ਰੇਲ ਕੋਚ-ਮੈਟਰੋ ਕੋਚ ਬਣਾਉਣ ਦਾ, ਰੇਲ ਇੰਜਣ ਬਣਾਉਣ ਦਾ ਵੀ ਇੱਕ ਵੱਡਾ ਨਿਰਮਾਤਾ ਬਣਿਆ ਹੈ। 2014 ਤੋਂ ਬਾਅਦ ਹੁਣ ਤੱਕ, ਭਾਰਤ ਨੇ ਕਰੀਬ 50 ਹਜ਼ਾਰ, ਇਹ ਅੰਕੜਾ ਸੁਣੋ, 2014 ਤੋਂ ਬਾਅਦ ਭਾਰਤ ਨੇ ਹੁਣ ਤੱਕ 50 ਹਜ਼ਾਰ ਆਧੁਨਿਕ ਰੇਲਵੇ ਕੋਚ ਬਣਾਏ ਹਨ। ਪੁਰਾਣੀ ਸਰਕਾਰ 10 ਸਾਲਾਂ ਵਿੱਚ 50 ਹਜ਼ਾਰ ਪਖਾਨੇ ਨਹੀਂ ਬਣਾ ਸਕਦੀ ਸੀ। 50 ਹਜ਼ਾਰ ਆਧੁਨਿਕ ਕੋਚ ਤਾਂ ਬਣਾਏ ਹੀ ਹਨ, ਕਰੀਬ ਢਾਈ ਲੱਖ ਵੈਗਨ, ਮਾਲਗੱਡੀ ਲਈ ਜੋ ਵੈਗਨ ਹੁੰਦੇ ਹਨ, ਭਾਰਤੀ ਰੇਲ ਵਿੱਚ ਜੋੜੇ ਗਏ ਹਨ, ਢਾਈ ਲੱਖ।

 

ਸਾਥੀਓ,

ਹੁਣ ਭਾਰਤ ਚਿੱਪ ਤੋਂ ਲੈ ਕੇ ਸ਼ਿਪ ਤੱਕ, ਨਿਰਮਾਣ ਦੀ ਇੱਕ ਨਵੀਂ ਗਾਥਾ ਲਿਖ ਰਿਹਾ ਹੈ। ਭਾਵ ਪੁਰਜ਼ੇ ਵੀ ਸਾਡੇ ਅਤੇ ਪ੍ਰੋਡਕਟ ਵੀ ਸਾਡਾ, ਆਤਮਨਿਰਭਰਤਾ ਦੀ ਇੱਕ ਪੂਰੀ ਚੇਨ ਭਾਰਤ ਵਿੱਚ ਹੀ ਬਣੇਗੀ ਅਤੇ ਇਹ ਅਸੀਂ ਸੋਲਰ ਪਾਵਰ ਦੇ ਮਾਮਲੇ ਵਿੱਚ ਦੇਖ ਰਹੇ ਹਾਂ। ਜਿਵੇਂ ਕਡਾਣਾ ਡੈਮ ’ਤੇ ਜੋ ਫਲੋਟਿੰਗ ਸੋਲਰ ਪਲਾਂਟ ਦਾ ਪ੍ਰੋਜੈਕਟ ਹੈ, ਕੁਝ ਸਾਲ ਪਹਿਲਾਂ ਤੱਕ ਦੇਸ਼ ਵਿੱਚ ਸੋਲਰ ਪ੍ਰੋਜੈਕਟ ਲਗਾਉਣੇ ਬਹੁਤ ਮਹਿੰਗੇ ਪੈਂਦੇ ਸਨ। ਕਿਉਂਕਿ ਪੀਵੀ ਮੌਡਿਊਲ ਤੋਂ ਲੈ ਕੇ, ਹਰ ਪ੍ਰਕਾਰ ਦਾ ਹਾਰਡਵੇਅਰ ਇੰਪੋਰਟ ਕਰਨਾ ਪੈਂਦਾ ਸੀ। ਪਰ ਬੀਤੇ ਸਾਲਾਂ ਵਿੱਚ ਅਸੀਂ ਭਾਰਤ ਵਿੱਚ ਹੀ ਪੀਵੀ ਮੌਡਿਊਲ ਬਣਾਉਣੇ ਸ਼ੁਰੂ ਕੀਤੇ ਅਤੇ ਅੱਜ ਅਸੀਂ ਇਸ ਵਿੱਚ 200 ਗੀਗਾਵਾਟ ਤੋਂ ਵੱਧ ਦੀ ਕੈਪੇਸਿਟੀ ਵਿਕਸਤ ਕਰ ਚੁੱਕੇ ਹਾਂ ਅਤੇ ਅਜਿਹੀ ਹੀ ਆਤਮਨਿਰਭਰਤਾ ਦੇ ਕਾਰਨ ਅੱਜ ਪੀਐੱਮ ਸੂਰਿਯ ਘਰ ਮੁਫ਼ਤ ਬਿਜਲੀ ਯੋਜਨਾ ਦਾ ਵਿਸਤਾਰ ਹੋ ਰਿਹਾ ਹੈ। ਹੁਣ ਤੱਕ ਦੇਸ਼ ਵਿੱਚ 55 ਲੱਖ ਪਰਿਵਾਰ ਆਪਣੀ ਛੱਤ ’ਤੇ, ਟੈਰੇਸ ’ਤੇ ਸੋਲਰ ਪਲਾਂਟ ਲਗਾ ਚੁੱਕੇ ਹਨ ਅਤੇ ਇਸ ਵਿੱਚ 11 ਲੱਖ ਪਰਿਵਾਰ ਸਾਡੇ ਗੁਜਰਾਤ ਦੇ ਹਨ। ਇੱਥੇ ਇੰਨੇ ਸਾਰੇ ਪਰਿਵਾਰ, ਬਿਜਲੀ ਉਤਪਾਦਕ ਬਣ ਚੁੱਕੇ ਹਨ ਅਤੇ ਇਸ ਦੇ ਕਾਰਨ, ਪ੍ਰੋਡਕਸ਼ਨ ਤੋਂ ਲੈ ਕੇ ਇੰਸਟਾਲੇਸ਼ਨ ਅਤੇ ਸਰਵਿਸ ਤੱਕ, ਕਿੰਨੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ, ਕਿੰਨੇ ਨਵੇਂ ਵੈਂਡਰਜ਼ ਆਏ ਹਨ।

 

ਸਾਥੀਓ,

‘ਝੂਠ ਦੀ ਗੂੰਜ’ ਨਾਲ ਭਰਮਾਉਣ ਵਾਲੇ ਤਾਂ ਹਰ ਚੌਰਾਹੇ ’ਤੇ ਮਿਲ ਜਾਣਗੇ, ਪਰ ਭਾਰਤ ਦਾ ਨੌਜਵਾਨ ਸੱਚ ਦੀ ਹੁੰਕਾਰ ਨਾਲ ਚਲਦਾ ਹੈ, ਸੱਚ ਦੀ ਹੁੰਕਾਰ ਦੇ ਨਾਲ ਚਲਦਾ ਹੈ, ਸੱਚ ਦੀ ਹੁੰਕਾਰ ਲਈ ਚਲਦਾ ਹੈ। ਸਾਡੇ ਨੌਜਵਾਨ ਸਾਥੀ ਇਹ ਦੇਖ ਰਹੇ ਹਨ ਕਿ ਅੱਜ ਦੇਸ਼ ਵਿੱਚ ਸੋਲਰ ਹੋਵੇ, ਵਿੰਡ ਹੋਵੇ, ਹਾਈਡ੍ਰੋ ਹੋਵੇ, ਨਿਊਕਲੀਅਰ ਹੋਵੇ, ਸਾਰੇ ਸੈਕਟਰਾਂ ’ਤੇ ਸਰਕਾਰ ਕਿੰਨੇ ਫੋਕਸ ਨਾਲ ਕੰਮ ਕਰ ਰਹੀ ਹੈ।

 

ਸਾਥੀਓ,

ਆਉਣ ਵਾਲੇ ਦੌਰ ਵਿੱਚ ਹਰ ਆਧੁਨਿਕ ਸੈਕਟਰ ਬਿਜਲੀ ਨਾਲ ਹੀ ਚਲੇਗਾ, ਇਲੈਕਟ੍ਰਿਕ ਈਕੋਸਿਸਟਮ ’ਤੇ ਨਿਰਭਰ ਹੋਵੇਗਾ। ਜਿਵੇਂ ਚਿੱਪ ਇੰਡਸਟਰੀ ਹੈ, ਡੇਟਾ ਸੈਂਟਰ ਅਤੇ ਏਆਈ ਨਾਲ ਜੁੜੀ ਇੰਡਸਟਰੀ ਹੈ, ਇਨ੍ਹਾਂ ਦਾ ਖਾਦ-ਪਾਣੀ ਬਿਜਲੀ ਹੀ ਹੈ। ਇਸ ਲਈ ਜੇਕਰ ਅਸੀਂ ਏਆਈ ਵਿੱਚ ਦੁਨੀਆ ਦੇ ਸਾਹਮਣੇ ਸੁਪਰ ਪਾਵਰ ਬਣਨਾ ਹੈ, ਤਾਂ ਦੇਸ਼ ਨੂੰ ਉਸ ਦੀ ਤਿਆਰੀ, ਉਸ ਦਾ ਈਕੋਸਿਸਟਮ ਵੀ ਬਣਾਉਣਾ ਹੋਵੇਗਾ। ਇਹੀ ਕੰਮ ਭਾਰਤ ਗ੍ਰਾਊਂਡ ’ਤੇ ਕਰ ਰਿਹਾ ਹੈ। ਤਦੇ ਹੀ ਕਿਸੇ ਦੇਸ਼ ਨਾਲ ਯੂਰੇਨੀਅਮ ਲਈ ਸਮਝੌਤੇ ਹੋ ਰਹੇ ਹਨ, ਕਿਸੇ ਨਾਲ ਕ੍ਰਿਟੀਕਲ ਮਿਨਰਲਜ਼ ਅਤੇ ਰੇਅਰ ਅਰਥ ਮਿਨਰਲਜ਼ ਨੂੰ ਲੈ ਕੇ ਸਮਝੌਤੇ ਕੀਤੇ ਜਾ ਰਹੇ ਹਨ। ਇਹ ਸਾਰੀ ਮਿਹਨਤ ਦੇਸ਼ ਦੇ ਨੌਜਵਾਨਾਂ ਦਾ ਫਿਊਚਰ ਸੁਰੱਖਿਅਤ ਕਰਨ ਲਈ ਦਿਨ-ਰਾਤ ਮਿਹਨਤ ਕਰਕੇ ਕੀਤੀ ਜਾ ਰਹੀ ਹੈ, ਤੁਹਾਡੇ ਭਵਿੱਖ ਲਈ ਕੀਤਾ ਜਾ ਰਿਹਾ ਹੈ।

 

ਸਾਥੀਓ,

ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਤਾਂ ਦੁਨੀਆ ਦੀਆਂ ਜ਼ਰੂਰਤਾਂ ਵੀ ਬਦਲ ਰਹੀਆਂ ਹਨ ਅਤੇ ਇਸੇ ਤਰ੍ਹਾਂ ਸਾਡੀ ਪੜ੍ਹਾਈ-ਲਿਖਾਈ ਦੇ ਤੌਰ-ਤਰੀਕੇ ਵੀ ਬਦਲ ਰਹੇ ਹਨ। ਪਹਿਲਾਂ ਧਿਆਨ ਸਿਰਫ਼ ਡਿਗਰੀ ’ਤੇ ਹੁੰਦਾ ਸੀ, ਪਰ ਹੁਣ ਡਿਗਰੀ ਦੇ ਨਾਲ-ਨਾਲ ਹੁਨਰ ’ਤੇ ਵੀ ਧਿਆਨ ਹੈ, ਹੁਨਰ ਦੀ ਮਹੱਤਤਾ ਵਧ ਰਹੀ ਹੈ। ਨੌਜਵਾਨਾਂ ਕੋਲ ਹੁਨਰ ਹੋਵੇ ਅਤੇ ਉਹ ਹੁਨਰ ਸਮੇਂ-ਸਮੇਂ ’ਤੇ ਅੱਪਗ੍ਰੇਡ ਹੋਵੇ, ਇਹ ਇੱਕ ਵੱਡੀ ਜ਼ਰੂਰਤ ਬਣ ਗਈ ਹੈ ਅਤੇ ਇਸੇ ਲਈ, ਅੱਜ ਅਸੀਂ ਆਪਣੀ ਸਿੱਖਿਆ ਨੀਤੀ ਨੂੰ, ਪੜ੍ਹਾਈ ਅਤੇ ਟ੍ਰੇਨਿੰਗ ਦੇ ਅਦਾਰਿਆਂ ਨੂੰ ਨਵੇਂ ਰੂਪ ਵਿੱਚ ਢਾਲ ਰਹੇ ਹਾਂ ਅਤੇ ਇਸੇ ਭਾਵਨਾ ਨਾਲ ਹੀ ਮੈਂ ਲਾਲ ਕਿਲ੍ਹੇ ਤੋਂ ਵੀ ਨੌਜਵਾਨ ਸ਼ਕਤੀ ਲਈ ਦੋ ਵੱਡੇ ਐਲਾਨ ਕੀਤੇ ਹਨ। ਪਹਿਲਾ ਐਲਾਨ, ਦੇਸ਼ ਦੀ ਰਵਾਇਤੀ ਜ਼ਰੂਰਤ ਨਾਲ ਜੁੜਿਆ ਹੋਇਆ ਹੈ। ਆਪ ਸਭ ਜਾਣਦੇ ਹੋ ਕਿ ਸਾਡੇ ਇੱਥੇ ਲੱਖਾਂ ਨੌਜਵਾਨ ਅਜਿਹੇ ਹਨ, ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਹਰ ਸਾਲ, ਸਾਡੇ ਮੱਧ ਵਰਗ ਪਰਿਵਾਰਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਬੱਚਿਆਂ ਦੀ ਕੋਚਿੰਗ ’ਤੇ ਖ਼ਰਚ ਹੋ ਜਾਂਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਗ਼ਰੀਬ ਅਤੇ ਮੱਧ ਵਰਗ ਦੇ ਅਜਿਹੇ ਬੱਚਿਆਂ ਦੇ, ਪਰਿਵਾਰਾਂ ਦੇ ਪੈਸਿਆਂ ਦੀ ਬਚਤ ਹੋਵੇ ਅਤੇ ਇਸੇ ਲਈ ਹੁਣ ਸਰਕਾਰ ਵਿਦਿਆਰਥੀਆਂ ਨੂੰ ਔਨਲਾਈਨ ਫ੍ਰੀ-ਕੋਚਿੰਗ ਦੀ ਵਿਵਸਥਾ ਦੇਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਅਤੇ ਹਿੰਦੁਸਤਾਨ ਦੇ ਸਰਬੋਤਮ ਅਧਿਆਪਕਾਂ ਵੱਲੋਂ ਉਨ੍ਹਾਂ ਦੀ ਕੋਚਿੰਗ ਹੋਵੇ। ਸਾਡੇ ਜੋ ਨੌਜਵਾਨ ਆਪਣੀ ਤਿਆਰੀ ਕਰ ਰਹੇ ਹਨ, ਉਨ੍ਹਾਂ ਦੀ ਕੋਚਿੰਗ ਦਾ ਧਿਆਨ ਸਰਕਾਰ ਖ਼ੁਦ ਰੱਖੇਗੀ।

 

ਸਾਥੀਓ, 

ਭਾਰਤ ਦੇ ਨੌਜਵਾਨਾਂ ਲਈ ਏਆਈ ਵਿੱਚ ਮਾਹਰ ਹੋਣਾ ਓਨਾ ਹੀ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਦੀ ਪੀੜ੍ਹੀ ਏਆਈ ਲਈ ਤਿਆਰ ਹੋਵੇ। ਅਜਿਹਾ ਨਹੀਂ ਹੈ ਕਿ ਏਆਈ ਸਿੱਖਣ ਵਾਲਿਆਂ ਦੀ ਜ਼ਰੂਰਤ ਸਿਰਫ਼ ਆਈਟੀ ਸੈਕਟਰ ਵਿੱਚ ਹੀ ਹੈ, ਜੇਕਰ ਕੋਈ ਇਸ ਹੁਨਰ ਨੂੰ ਜਾਣਦਾ ਹੈ, ਤਾਂ ਉਹ ਖੇਤੀ ਲਈ ਨਵਾਂ ਏਆਈ ਸੌਲਿਊਸ਼ਨ ਬਣਾ ਸਕਦਾ ਹੈ। ਸਿਹਤ ਦੇ ਖੇਤਰ ਵਿੱਚ ਤਕਨਾਲੋਜੀ ਵਿਕਸਤ ਕਰ ਸਕਦਾ ਹੈ। ਮੈਨੂਫੈਕਚਰਿੰਗ ਦੀ ਪ੍ਰੋਡਕਟੀਵਿਟੀ ਵਧਾ ਸਕਦਾ ਹੈ। ਰੋਬੋਟਿਕਸ ਵਿੱਚ ਆਪਣਾ ਸਟਾਰਟਅੱਪ ਸ਼ੁਰੂ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਦੇਸ਼ ਅਤੇ ਦੁਨੀਆ ਦੀ ਇੰਡਸਟਰੀ ਲਈ ਏਆਈ ਨੂੰ ਸਮਝਣ ਵਾਲੇ ਅਤੇ ਏਆਈ ਦੀ ਵਰਤੋਂ ਕਰਨ ਵਾਲੇ ਨੌਜਵਾਨ ਹੋਣ। ਸਰਕਾਰ ਇਸ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

 

ਸਾਥੀਓ,

ਭਾਰਤ ਦਾ ਇਹ ਕਾਲਖੰਡ ਸ਼ਾਨਦਾਰ ਹੈ। ਇਹ ਭਾਰਤ ਦੀ ਨੌਜਵਾਨ ਸ਼ਕਤੀ ਦਾ ਉਤਕਰਸ਼ ਕਾਲ ਹੈ, ਇਹ ਸਮਾਂ ਫਿਰ ਭਾਰਤ ਦੇ ਜੀਵਨ ਵਿੱਚ ਪਰਤ ਕੇ ਨਹੀਂ ਆਵੇਗਾ ਅਤੇ ਇਸ ਲਈ, ਸਾਨੂੰ 2047 ਵਿੱਚ ਵਿਕਸਤ ਭਾਰਤ ਦੇ ਟੀਚੇ ਨੂੰ ਸਰਬਉੱਚ ਰੱਖਣਾ ਹੈ। ਅਸੀਂ ਭਾਰਤ ਨੂੰ ਵਿਕਸਤ ਬਣਾ ਕੇ ਹੀ ਰਹਿਣਾ ਹੈ। ਇਸੇ ਤਾਕੀਦ ਦੇ ਨਾਲ, ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਹੁਣ ਮੇਰਾ ਇੱਕ ਕੰਮ ਕਰਨਾ ਪਵੇਗਾ ਵਡੋਦਰਾ ਵਾਲਿਆਂ ਨੂੰ, ਕਰੋਗੇ? ਪੱਕੇ ਤੌਰ ’ਤੇ? ਤੁਸੀਂ ਸਭ ਨੇ ਵਡੋਦਰਾ ਨੂੰ ਇੰਨਾ ਸਵੱਛ ਬਣਾ ਦਿੱਤਾ, ਕਿੰਨੀ ਮਿਹਨਤ ਕਰਨੀ ਪਈ। ਮੈਂ ਦੇਖ ਰਿਹਾ ਸੀ, ਸਾਡੇ ਨੌਜਵਾਨ ਦਿਨ-ਰਾਤ ਸਫ਼ਾਈ ਵਿੱਚ ਲੱਗੇ ਹੋਏ ਸਨ। ਪਰ ਇੱਕ ਵਾਰ ਅਸੀਂ ਤੈਅ ਕਰੀਏ ਕਿ ਹੁਣ ਅਸੀਂ ਵਡੋਦਰਾ ਨੂੰ ਗੰਦਾ ਹੋਣ ਹੀ ਨਹੀਂ ਦੇਵਾਂਗੇ। ਮੈਂ ਖ਼ੁਦ ਗੰਦਗੀ ਨਹੀਂ ਫੈਲਾਵਾਂਗਾ, ਇਹ ਸੰਕਲਪ ਲਈਏ, ਤਾਂ ਵਡੋਦਰਾ ਗੰਦਾ ਹੋਵੇਗਾ? ਵਡੋਦਰਾ ਗੰਦਾ ਹੋਵੇਗਾ? ਤਾਂ ਦੀਵਾਲੀ ਅਜਿਹੀ ਚਕਾਚਕ ਜਾਵੇਗੀ ਜਾਂ ਨਹੀਂ, ਨਵਰਾਤਰੀ ਸ਼ਾਨਦਾਰ ਜਾਵੇਗੀ ਜਾਂ ਨਹੀਂ, ਗਣੇਸ਼ ਉਤਸਵ ਵਿੱਚ ਚਾਰ ਚੰਨ ਲੱਗਣਗੇ ਜਾਂ ਨਹੀਂ, ਤਾਂ ਇੰਨਾ ਕੰਮ ਤਾਂ ਹੋ ਜਾਵੇਗਾ।

 

ਸ਼ਾਬਾਸ਼।

ਧੰਨਵਾਦ।

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ! 

ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੁਝ ਅੰਸ਼ ਗੁਜਰਾਦੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵ ਅਨੁਵਾਦ ਕੀਤਾ ਗਿਆ ਹੈ।

*****

ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਆਰਕੇ