ਮਾਣਯੋਗ ਸ਼ਖਸੀਅਤਾਂ, ਐੱਸਸੀਓ ਦੇ ਸਕੱਤਰ ਜਨਰਲ, ਭਾਰਤ ਦੇ ਸੱਭਿਆਚਾਰ ਮੰਤਰੀ, ਭਾਰਤ ਸਰਕਾਰ ਦੇ ਹੋਰ ਮੰਤਰੀ ਸਾਹਿਬਾਨ, ਐੱਸਸੀਓ ਦੇਸ਼ਾਂ ਦੇ ਸਾਰੇ ਮੰਤਰੀ ਸਾਹਿਬਾਨ, ਰਾਜਦੂਤ, ਹਾਈ ਕਮਿਸ਼ਨਰ, ਪਤਵੰਤੀਆਂ ਹਸਤੀਆਂ, ਸਤਿਕਾਰਤ ਵਿਦਵਾਨ, ਪ੍ਰਸਿੱਧ ਕਲਾਕਾਰ, ਪਤਵੰਤੇ ਮਹਿਮਾਨ, ਦੇਵੀਓ ਅਤੇ ਸੱਜਣੋ।
ਇਹ ਪਹਿਲਾ ਐੱਸਸੀਓ ਸੱਭਿਅਤਾ ਸੰਵਾਦ ਮੰਚ ਹੈ। ਮੈਂ ਭਾਰਤ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਅਜਿਹੇ ਸਮੇਂ ਵਿੱਚ, ਜਦੋਂ ਦੁਨੀਆ ਵਿੱਚ ਯੁੱਧ ਅਤੇ ਅਸ਼ਾਂਤੀ ਬਾਰੇ ਚਰਚਾ ਭਾਰੂ ਹੈ, ਅਸੀਂ ਭਾਰਤ ਵਿੱਚ ਸੱਭਿਅਤਾਵਾਂ ਦੇ ਆਪਸੀ ਜੁੜਾਅ ਬਾਰੇ ਸੰਵਾਦ ਕਰ ਰਹੇ ਹਾਂ। ਇਹ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਵਿਸ਼ਵ ਸ਼ਾਂਤੀ ਲਈ ਸੱਭਿਆਚਾਰਕ ਜੁੜਾਅ ਹੀ ਸਭ ਤੋਂ ਮਜ਼ਬੂਤ ਗਾਰੰਟੀ ਹੁੰਦਾ ਹੈ। ਇਸ ਲਈ, ਅੱਜ ਦੇ ਇਸ ਸਮਾਗਮ ਦੀ ਮਹੱਤਤਾ ਹੋਰ ਵੀ ਵਧ ਗਈ ਹੈ।
ਸਾਥੀਓ,
ਕੁਝ ਮਹੀਨੇ ਪਹਿਲਾਂ ਹੀ ਸ਼ੰਘਾਈ ਸਹਿਯੋਗ ਸੰਗਠਨ ਨੇ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕੀਤੇ ਹਨ। ਬੀਤੇ ਸਾਲਾਂ ਵਿੱਚ ਐੱਸਸੀਓ ਨੇ ਸੁਰੱਖਿਆ, ਅਰਥਵਿਵਸਥਾ ਅਤੇ ਸੰਪਰਕ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਕਾਫ਼ੀ ਵਧਾਇਆ ਹੈ। ਅਜਿਹੇ ਵਿੱਚ ਸੱਭਿਆਚਾਰਕ ਅਤੇ ਸੱਭਿਅਤਾਗਤ ਸਹਿਯੋਗ ਵੱਖ-ਵੱਖ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਵੇਗਾ। ਮੈਨੂੰ ਭਰੋਸਾ ਹੈ ਕਿ ਇਸ ਮੰਚ ਤੋਂ ਨਵੇਂ ਵਿਚਾਰ ਸਾਹਮਣੇ ਆਉਣਗੇ, ਸੱਭਿਆਚਾਰਕ ਸਹਿਯੋਗ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸਾਡੇ ਸਾਂਝੇ ਸੱਭਿਅਤਾਗਤ ਤਜ਼ਰਬੇ ਦੁਨੀਆ ਨੂੰ ਇੱਕਮੁੱਠ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਸਾਥੀਓ,
ਇਸ ਸਮੇਂ ਅਸੀਂ ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਹਾਂ। ਇਹ ਪੁਰਾਣਾ ਕਿਲ੍ਹਾ ਭਾਰਤ ਦੀ ਵਿਲੱਖਣ ਸੱਭਿਆਚਾਰਕ ਵਿਰਾਸਤ ਹੈ। ਇਸ ਦਾ ਇਤਿਹਾਸ ਜਿੰਨਾ ਆਕਰਸ਼ਕ ਹੈ, ਉਨੀਆਂ ਹੀ ਮਨਮੋਹਕ ਗਾਥਾਵਾਂ ਵੀ ਇਸ ਦਾ ਹਿੱਸਾ ਹਨ। ਤੁਸੀਂ ਸ਼ਾਇਦ ਇਸ ਬਾਰੇ ਇੱਥੇ ਪੜ੍ਹਿਆ ਅਤੇ ਸੁਣਿਆ ਵੀ ਹੋਵੇਗਾ। ਵਿਦਵਾਨਾਂ ਅਨੁਸਾਰ ਇਸ ਕਿਲ੍ਹੇ ਦਾ ਇਤਿਹਾਸ ਹਜ਼ਾਰਾਂ ਸਾਲ ਪਹਿਲਾਂ ਮਹਾਭਾਰਤ ਕਾਲ ਤੱਕ ਜਾਂਦਾ ਹੈ। ਇੰਨੇ ਪੁਰਾਤਨ ਸਥਾਨ ‘ਤੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ, ਊਰਜਾ ਨਾਲ ਭਰਪੂਰ ਵੇਦ ਮੰਤਰਾਂ ਦਾ ਪਾਠ, ਬੋਧੀ ਦਰਸ਼ਨ ਦੀ ਪੇਸ਼ਕਾਰੀ ਅਤੇ ਹਨੂੰਮਾਨ ਜੀ ਦੀ ਯਾਤਰਾ ਵਿੱਚ ਭਾਰਤ ਦੇ ਸੱਭਿਆਚਾਰ ਦੇ ਦਰਸ਼ਨ ਵੀ ਹੋ ਰਹੇ ਸਨ ਅਤੇ ਮਨੁੱਖਤਾ ਲਈ ਪਿਆਰ ਤੇ ਏਕਤਾ ਦਾ ਸੁਨੇਹਾ ਵੀ ਸੀ।
ਇਹ ਭਾਵਨਾਵਾਂ, ਇਹ ਵਿਚਾਰ, ਇਹ ਸਿੱਖਿਆਵਾਂ ਜਿੰਨੀਆਂ ਪ੍ਰਾਚੀਨ ਹਨ, ਉਨੀਆਂ ਹੀ ਸਰਵਵਿਆਪੀ ਵੀ ਹਨ। ਭੂ-ਰਾਜਨੀਤਿਕ ਸਰਹੱਦਾਂ ਤੋਂ ਪਰੇ, ਇਹ ਸਾਨੂੰ ਸਹਿਜੇ ਹੀ ਇੱਕ-ਦੂਜੇ ਨਾਲ ਜੋੜ ਦਿੰਦੀਆਂ ਹਨ। ਇਹੀ ਇਸ ਸੰਮੇਲਨ ਦਾ ਮੰਤਵ ਵੀ ਹੈ ਅਤੇ ਇਹੀ ਅੱਜ ਸਮੇਂ ਦੀ ਮੰਗ ਵੀ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਸਮਾਗਮ ਦਾ ਆਨੰਦ ਵੀ ਮਾਣੋਗੇ ਅਤੇ ਇਸ ਨੂੰ ਇਤਿਹਾਸਕ ਬਣਾ ਕੇ ਇੱਕ ਨਵੀਂ ਪਰੰਪਰਾ ਦੀ ਨੀਂਹ ਵੀ ਰੱਖੋਗੇ। ਅਜਿਹੀ ਪਰੰਪਰਾ, ਜਿਸ ਲਈ ਭਵਿੱਖ ਤੁਹਾਨੂੰ ਸਾਰਿਆਂ ਨੂੰ ਯਾਦ ਕਰੇਗਾ।
ਅੱਜ ਦੁਨੀਆ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਦੀ ਬਹੁਤ ਚਰਚਾ ਹੁੰਦੀ ਹੈ। ਇਹ ਇੱਕ ਅਜਿਹਾ ਨਜ਼ਰੀਆ ਹੈ, ਜਿਸ ਨੂੰ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਸਦੀਆਂ ਤੱਕ ਅਮੀਰ ਬਣਾਇਆ ਸੀ। ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਮੇਸੋਪੋਟਾਮੀਆ ਦਰਮਿਆਨ ਵਪਾਰਕ ਸਬੰਧ ਸਨ। ਬਾਅਦ ਵਿੱਚ, ਹੋਰ ਵਪਾਰਕ ਮਾਰਗਾਂ ਨੇ ਇਸ ਸੰਪਰਕ ਨੂੰ ਇੱਕ ਨਵਾਂ ਵਿਸਥਾਰ ਵੀ ਦਿੱਤਾ। ਭਾਰਤ, ਚੀਨ, ਮੱਧ ਏਸ਼ੀਆ ਅਤੇ ਯੂਰੇਸ਼ੀਆ ਦੇ ਕਈ ਖੇਤਰ ਇਨ੍ਹਾਂ ਪੁਰਾਤਨ ਵਪਾਰਕ ਨੈੱਟਵਰਕਾਂ ਨਾਲ ਜੁੜੇ ਹੋਏ ਸਨ।
ਇਨ੍ਹਾਂ ਰਸਤਿਆਂ ‘ਤੇ ਵਪਾਰੀਆਂ ਦੇ ਨਾਲ-ਨਾਲ ਵਿਦਵਾਨਾਂ, ਯਾਤਰੀਆਂ ਅਤੇ ਬੋਧੀ ਭਿਕਸ਼ੂਆਂ ਦਾ ਵੀ ਆਉਣਾ-ਜਾਣਾ ਹੁੰਦਾ ਸੀ। ਇਨ੍ਹਾਂ ਯਾਤਰਾਵਾਂ ਰਾਹੀਂ ਵਿਚਾਰਾਂ, ਭਾਸ਼ਾਵਾਂ ਅਤੇ ਪਰੰਪਰਾਵਾਂ ਦਾ ਆਦਾਨ-ਪ੍ਰਦਾਨ ਹੋਇਆ। ਗੰਧਾਰ ਅਤੇ ਮੱਧ ਏਸ਼ੀਆ ਰਾਹੀਂ ਬੋਧੀ ਗ੍ਰੰਥਾਂ ਦੇ ਵਿਚਾਰ ਚੀਨ ਤੱਕ ਪਹੁੰਚੇ। ਕੁਚਾ ਅਤੇ ਦੁਨਹੁਆਂਗ ਵਰਗੇ ਸਥਾਨ ਇਸ ਯਾਤਰਾ ਦੇ ਮਹੱਤਵਪੂਰਨ ਕੇਂਦਰ ਬਣੇ। ਚੀਨ ਤੋਂ ਫਾਹਿਆਨ, ਹਿਊਨਸਾਂਗ ਅਤੇ ਇਤਸਿੰਗ ਵਰਗੇ ਵਿਦਵਾਨ ਭਾਰਤ ਆਏ। ਉਨ੍ਹਾਂ ਨੇ ਇੱਥੋਂ ਦੀਆਂ ਗਿਆਨ ਪਰੰਪਰਾਵਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਤੱਕ ਪਹੁੰਚਾਇਆ। ਨਾਲੰਦਾ ਵਰਗੀਆਂ ਯੂਨੀਵਰਸਿਟੀਆਂ ਵੀ ਗਿਆਨ ਦੇ ਇਸ ਆਦਾਨ-ਪ੍ਰਦਾਨ ਦਾ ਕੇਂਦਰ ਬਣੀਆਂ। ਮੱਧ ਏਸ਼ੀਆ ਦੇ ਕੁਚਾ ਵਿੱਚ ਜਨਮੇ ਕੁਮਾਰਜੀਵ ਵਰਗੇ ਵਿਦਵਾਨਾਂ ਨੇ ਬੋਧੀ ਗ੍ਰੰਥਾਂ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ। ਇਸੇ ਤਰ੍ਹਾਂ ਮਨੁੱਖਤਾ ਅਤੇ ਸੱਭਿਅਤਾ ਅਮੀਰ ਹੁੰਦੀ ਗਈ ਅਤੇ ਵਿਕਸਿਤ ਹੁੰਦੀ ਗਈ। ਮੈਂ ਸਮਝਦਾ ਹਾਂ ਕਿ ਸਾਮਰਾਜਾਂ ਨੇ ਦੁਨੀਆ ਦੇ ਨਕਸ਼ੇ ਜ਼ਰੂਰ ਬਦਲੇ ਹਨ, ਪਰ ਸੱਭਿਅਤਾਗਤ ਸੰਵਾਦਾਂ ਨੇ ਦੁਨੀਆ ਦੇ ਵਿਚਾਰ ਬਦਲੇ ਹਨ ਅਤੇ ਵਿਚਾਰਕ ਅਮੀਰੀ ਨੂੰ ਤਾਕਤ ਦਿੱਤੀ ਹੈ। ਇਸ ਲਈ, ਐੱਸਸੀਓ ਸੱਭਿਅਤਾ ਸੰਮੇਲਨ ਸਿਰਫ਼ ਇੱਕ ਰਸਮੀ ਮੰਚ ਨਹੀਂ ਹੈ, ਇਹ ਦੁਨੀਆ ਨੂੰ ਦਿਸ਼ਾ ਦੇਣ ਵਾਲਾ ਇੱਕ ਮੰਚ ਬਣ ਸਕਦਾ ਹੈ।
ਸਾਥੀਓ,
ਜਦੋਂ ਗਿਆਨ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਦਾ ਹੈ, ਤਾਂ ਉਸ ਨੂੰ ਪ੍ਰਗਟ ਕਰਨ ਦਾ ਢੰਗ ਬਦਲ ਸਕਦਾ ਹੈ, ਪਰ ਉਸ ਦਾ ਪ੍ਰਭਾਵ, ਉਸ ਦੀ ਭੂਮਿਕਾ ਨਹੀਂ ਬਦਲਦੀ। ਗਿਆਨ ਜਿਸ ਵੀ ਸਰੂਪ ਵਿੱਚ ਹੁੰਦਾ ਹੈ, ਉਹ ਰੌਸ਼ਨੀ ਹੀ ਫੈਲਾਉਂਦਾ ਹੈ। ਅਤੇ ਇਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਉਦਾਹਰਨ ਭਾਰਤ ਦਾ ਪੰਚਤੰਤਰ ਹੈ। ਇਸ ਦੀਆਂ ਕਹਾਣੀਆਂ ਫ਼ਾਰਸੀ ਅਤੇ ਫਿਰ ਅਰਬੀ ਭਾਸ਼ਾ ਤੱਕ ਪਹੁੰਚੀਆਂ। ਕਲੀਲਾ ਵ ਦਿਮਨਾ ਦੇ ਰੂਪ ਵਿੱਚ ਇਨ੍ਹਾਂ ਕਹਾਣੀਆਂ ਨੇ ਇੱਕ ਨਵਾਂ ਸਰੂਪ ਧਾਰਨ ਕੀਤਾ ਅਤੇ ਪੀੜ੍ਹੀਆਂ ਤੱਕ ਅਮਰ ਹੋ ਗਈਆਂ। ਇਸੇ ਤਰ੍ਹਾਂ, ਜਦੋਂ ਭਾਰਤ ਤੋਂ ਰਾਮਾਇਣ ਦੱਖਣ-ਪੂਰਬੀ ਏਸ਼ੀਆ ਤੱਕ ਪਹੁੰਚੀ, ਤਾਂ ਇਸ ਨੇ ਉਨ੍ਹਾਂ ਹੀ ਆਦਰਸ਼ਾਂ ਨੂੰ ਮਜ਼ਬੂਤ ਕੀਤਾ। ਕੰਬੋਡੀਆ ਵਿੱਚ ਰੀਮਕੇਰ ਦੇ ਰੂਪ ਵਿੱਚ ਰਾਮ ਕਥਾ ਨੇ ਉੱਥੋਂ ਦੇ ਸਥਾਨਕ ਸੱਭਿਆਚਾਰ, ਕਲਾ ਪ੍ਰਦਰਸ਼ਨ ਅਤੇ ਸਾਹਿਤ ਵਿੱਚ ਆਪਣੀ ਥਾਂ ਬਣਾਈ ਹੈ।
ਦੋਸਤੋ,
ਇਹ ਅੰਤਰ-ਸੱਭਿਆਚਾਰਕ ਆਦਾਨ-ਪ੍ਰਦਾਨ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਵੀ ਓਨਾ ਹੀ ਮਹੱਤਵਪੂਰਨ ਰਿਹਾ ਹੈ। ਭਾਰਤ ਦੇ ਮਹਾਨ ਗਣਿਤ ਵਿਗਿਆਨੀ ਬ੍ਰਹਮਗੁਪਤ ਦੇ ਵਿਚਾਰ ਬਗਦਾਦ ਤੱਕ ਪਹੁੰਚੇ। ਉੱਥੇ ਅਲ-ਖ਼ਵਾਰਿਜ਼ਮੀ ਵਰਗੇ ਵਿਦਵਾਨਾਂ ਨੇ ਗਣਿਤ ਦੇ ਗਿਆਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਸਾਥੀਓ,
ਵਾਸਤੂਕਲਾ ਅਤੇ ਸੰਗੀਤ ਵਿੱਚ ਵੀ ਇਸ ਸਾਂਝੀ ਯਾਤਰਾ ਦੇ ਅਨੇਕਾਂ ਸਬੂਤ ਮਿਲਦੇ ਹਨ। ਮੱਧ ਏਸ਼ੀਆ ਦੀ ਮਕਾਮ ਅਤੇ ਭਾਰਤ ਦੀ ਰਾਗ ਪਰੰਪਰਾ ਦਰਮਿਆਨ ਡੂੰਘਾ ਸੱਭਿਆਚਾਰਕ ਜੁੜਾਅ ਹੈ। ਸੂਫ਼ੀ ਵਿਚਾਰਾਂ ਅਤੇ ਸੰਗੀਤਕ ਪਰੰਪਰਾਵਾਂ ਨੇ ਭਾਰਤ ਵਿੱਚ ਕੱਵਾਲੀ ਦੇ ਵਿਕਾਸ ਨੂੰ ਅਮੀਰ ਬਣਾਇਆ। ਮੱਧ ਏਸ਼ੀਆ ਦੇ ਸਮਰਕੰਦ ਅਤੇ ਹੇਰਾਤ ਦੀਆਂ ਬਾਗ਼ਬਾਨੀ ਪਰੰਪਰਾਵਾਂ ਨੇ ਭਾਰਤ ਵਿੱਚ ਚਾਰਬਾਗ਼ ਸ਼ੈਲੀ ਨੂੰ ਪ੍ਰਭਾਵਿਤ ਕੀਤਾ। ਇਹ ਆਦਾਨ-ਪ੍ਰਦਾਨ ਅੱਜ ਵੀ ਬੇਰੋਕ ਜਾਰੀ ਰਹੇ, ਇਸ ਲਈ ਇਸ ਸੰਮੇਲਨ ਅਤੇ ਅਜਿਹੀਆਂ ਪਹਿਲਕਦਮੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।
ਸਾਥੀਓ,
ਅੱਜ ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਵੱਧ ਮੌਕੇ ਹਨ। 21ਵੀਂ ਸਦੀ ਦੀ ਤਕਨਾਲੋਜੀ ਨੇ ਦੁਨੀਆ ਵਿੱਚ ਸੱਭਿਆਚਾਰਕ ਸੰਪਰਕ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਜਿਨ੍ਹਾਂ ਰਸਤਿਆਂ ‘ਤੇ ਕਦੇ ਸਾਡੇ ਪੁਰਖਿਆਂ ਨੂੰ ਮਹੀਨਿਆਂ ਤੱਕ ਯਾਤਰਾ ਕਰਨੀ ਪੈਂਦੀ ਸੀ, ਅੱਜ ਉਨ੍ਹਾਂ ਹੀ ਦੇਸ਼ਾਂ ਦੇ ਲੋਕ ਕੁਝ ਹੀ ਸਕਿੰਟਾਂ ਵਿੱਚ ਇੱਕ-ਦੂਜੇ ਨਾਲ ਜੁੜ ਸਕਦੇ ਹਨ। ਡਿਜੀਟਲ ਮੰਚਾਂ ਨੇ ਗਿਆਨ ਸਾਂਝਾ ਕਰਨ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਪਹਿਲਾਂ ਨਾਲੋਂ ਵੀ ਸੌਖਾ ਬਣਾ ਦਿੱਤਾ ਹੈ। ਐੱਸਸੀਓ ਦੇ ਦੇਸ਼ਾਂ ਨੂੰ ਇਨ੍ਹਾਂ ਨਵੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।
ਸਾਥੀਓ,
ਤੁਹਾਡੇ ਸਾਰੇ ਸਤਿਕਾਰਯੋਗ ਮਹਿਮਾਨਾਂ ਦਰਮਿਆਨ ਅੱਜ ਇਸ ਦਿਸ਼ਾ ਵਿੱਚ ਮੇਰੇ ਕੁਝ ਸੁਝਾਅ ਵੀ ਹਨ। ਸਾਡੇ ਦੇਸ਼ਾਂ ਦੇ ਅਜਾਇਬ ਘਰਾਂ, ਲਾਇਬ੍ਰੇਰੀਆਂ ਅਤੇ ਪੁਰਾਲੇਖਾਂ ਵਿੱਚ ਹਜ਼ਾਰਾਂ ਸਾਲਾਂ ਦੀ ਅਣਮੁੱਲੀ ਵਿਰਾਸਤ ਸੁਰੱਖਿਅਤ ਹੈ। ਪ੍ਰਾਚੀਨ ਹੱਥ-ਲਿਖਤਾਂ, ਦੁਰਲੱਭ ਗ੍ਰੰਥ, ਇਤਿਹਾਸਕ ਦਸਤਾਵੇਜ਼ ਅਤੇ ਕਲਾਕ੍ਰਿਤੀਆਂ ਸਾਡੇ ਆਪਸੀ ਜੁੜਾਅ ਦੇ ਅਨੇਕਾਂ ਪਹਿਲੂਆਂ ਨੂੰ ਸਾਹਮਣੇ ਲਿਆਉਂਦੀਆਂ ਹਨ। ਅੱਜ ਤਕਨਾਲੋਜੀ ਦੀ ਮਦਦ ਨਾਲ ਇਸ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਬਹੁਤ ਚੰਗੇ ਮੌਕੇ ਪੈਦਾ ਹੋਏ ਹਨ। ਅਸੀਂ ਪ੍ਰਾਚੀਨ ਗ੍ਰੰਥਾਂ ਦੇ ਡਿਜੀਟਲੀਕਰਨ ਅਤੇ ਅਨੁਵਾਦ ਵਿੱਚ ਸਹਿਯੋਗ ਕਰ ਸਕਦੇ ਹਾਂ। ਸਾਂਝੇ ਖੋਜ ਪ੍ਰੋਜੈਕਟਾਂ ਰਾਹੀਂ ਅਸੀਂ ਆਪਣੇ ਇਸ ਸਾਂਝੇ ਇਤਿਹਾਸ ਦੇ ਨਵੇਂ ਪਹਿਲੂਆਂ ਨੂੰ ਸਾਹਮਣੇ ਲਿਆ ਸਕਦੇ ਹਾਂ। ਇਸ ਨਾਲ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਇੱਕ ਨੌਜਵਾਨ ਦੂਜੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਕਿਤੇ ਬਿਹਤਰ ਤਰੀਕੇ ਨਾਲ ਸਮਝ ਸਕੇਗਾ।
ਸਾਥੀਓ,
ਸਾਡੀਆਂ ਕਈ ਮਹਾਨ ਰਚਨਾਵਾਂ ਅੱਜ ਵੀ ਸੀਮਤ ਭਾਸ਼ਾਵਾਂ ਵਿੱਚ ਉਪਲਬਧ ਹਨ। ਏਆਈ ਦੀ ਮਦਦ ਨਾਲ ਇਨ੍ਹਾਂ ਦੇ ਅਨੁਵਾਦ ਦੇ ਕੰਮ ਨੂੰ ਨਵੀਂ ਗਤੀ ਦਿੱਤੀ ਜਾ ਸਕਦੀ ਹੈ। ਅੱਜ ਸਾਡੇ ਕੋਲ ਪਹਿਲਾਂ ਨਾਲੋਂ ਵੱਧ ਸਾਧਨ ਹਨ, ਤਾਂ ਸਾਨੂੰ ਇਨ੍ਹਾਂ ਦੀ ਪੂਰੀ ਵਰਤੋਂ ਵੀ ਕਰਨੀ ਚਾਹੀਦੀ ਹੈ।
ਸਾਥੀਓ,
ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਅਜਿਹੇ ਹੋਰ ਵੀ ਕਈ ਮੌਕੇ ਹਨ, ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣਾ ਪਵੇਗਾ। ਜਿਵੇਂ ਕਿ ਸਾਡੇ ਦੇਸ਼ਾਂ ਦੇ ਅਜਾਇਬ ਘਰ ਅਤੇ ਸੱਭਿਆਚਾਰਕ ਸੰਸਥਾਵਾਂ ਸਾਂਝੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕਰ ਸਕਦੀਆਂ ਹਨ। ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਦਰਮਿਆਨ ਵਿਦਵਾਨਾਂ ਅਤੇ ਖੋਜਕਰਤਾਵਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਸੱਭਿਆਚਾਰਕ ਸੈਰ-ਸਪਾਟਾ ਵੀ ਸਾਡੇ ਸਹਿਯੋਗ ਦਾ ਇੱਕ ਮਹੱਤਵਪੂਰਨ ਖੇਤਰ ਬਣ ਸਕਦਾ ਹੈ। ਸਿਲਕ ਰੂਟ ਅਤੇ ਬੋਧੀ ਵਿਰਾਸਤ ਨਾਲ ਜੁੜੇ ਕਈ ਇਤਿਹਾਸਕ ਸਥਾਨ ਸਾਡੇ ਦੇਸ਼ਾਂ ਵਿੱਚ ਮੌਜੂਦ ਹਨ। ਅਸੀਂ ਇਨ੍ਹਾਂ ਸਥਾਨਾਂ ਨੂੰ ਜੋੜ ਕੇ ਵਿਰਾਸਤੀ ਸਰਕਟ ਅਤੇ ਸੱਭਿਆਚਾਰਕ ਮਾਰਗ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਖੋਜ ਸਕਦੇ ਹਾਂ। ਇਸੇ ਤਰ੍ਹਾਂ, ਸਾਂਝੇ ਸੱਭਿਆਚਾਰਕ ਮੇਲਿਆਂ ਅਤੇ ਕਲਾਕਾਰਾਂ ਦੇ ਆਦਾਨ-ਪ੍ਰਦਾਨ ਰਾਹੀਂ ਸਾਡੀਆਂ ਕਲਾ ਅਤੇ ਸੱਭਿਆਚਾਰਕ ਪਰੰਪਰਾਵਾਂ ਨਵੇਂ ਲੋਕਾਂ ਤੱਕ ਪਹੁੰਚ ਸਕਦੀਆਂ ਹਨ। ਮੈਨੂੰ ਭਰੋਸਾ ਹੈ ਕਿ ਅਜਿਹੇ ਯਤਨਾਂ ਨਾਲ ਸਾਡੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਸੱਭਿਆਚਾਰ ਨੂੰ ਹੋਰ ਨੇੜਿਓਂ ਜਾਨਣ ਅਤੇ ਸਮਝਣ ਦੇ ਮੌਕੇ ਮਿਲਣਗੇ।
ਸਾਥੀਓ,
ਅੱਜ ਅਸੀਂ ਜਿਸ ਸੱਭਿਅਤਾ ਸੰਵਾਦ ਨੂੰ ਅੱਗੇ ਵਧਾ ਰਹੇ ਹਾਂ, ਆਉਣ ਵਾਲੇ ਦਹਾਕਿਆਂ ਵਿੱਚ ਉਸ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਣ ਦੀ ਜ਼ਿੰਮੇਵਾਰੀ ਸਾਡੇ ਨੌਜਵਾਨਾਂ ਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਤਕਨਾਲੋਜੀ ਨਾਲ ਜੁੜੀ ਹੋਈ ਹੈ, ਉਹ ਦੁਨੀਆ ਨੂੰ ਬਿਹਤਰ ਢੰਗ ਨਾਲ ਸਮਝਣਾ ਚਾਹੁੰਦੀ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਇੱਕ-ਦੂਜੇ ਦੀਆਂ ਭਾਸ਼ਾਵਾਂ, ਸਾਹਿਤ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜਨ ਦੇ ਵੱਧ ਤੋਂ ਵੱਧ ਮੌਕੇ ਦੇਣੇ ਪੈਣਗੇ। ਸਾਡੇ ਨੌਜਵਾਨ ਕਲਾਕਾਰ, ਲੇਖਕ ਅਤੇ ਫ਼ਿਲਮ ਨਿਰਮਾਤਾ ਡਿਜੀਟਲ ਮੀਡੀਆ ਅਤੇ ਹੋਰ ਰਚਨਾਤਮਕ ਮੰਚਾਂ ਰਾਹੀਂ ਸਾਡੀ ਸਾਂਝੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਸਕਦੇ ਹਨ। ਸਾਨੂੰ ਸਥਾਨਕ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਵੀ ਇਨ੍ਹਾਂ ਯਤਨਾਂ ਨਾਲ ਜੋੜਨਾ ਹੀ ਪਵੇਗਾ।
ਦੋਸਤੋ,
ਭਾਰਤ ਵਿੱਚ ਜਦੋਂ ਅਸੀਂ ਕੋਈ ਪੂਜਾ ਜਾਂ ਧਾਰਮਿਕ ਰਸਮ ਵੀ ਕਰਦੇ ਹਾਂ, ਤਾਂ ਅੰਤ ਵਿੱਚ ਅਸੀਂ ਇਹ ਪ੍ਰਾਰਥਨਾ ਵੀ ਕਰਦੇ ਹਾਂ- ਪ੍ਰਾਣੀਆਂ ‘ਚ ਸਦਭਾਵਨਾ ਹੋਵੇ! ਦੁਨੀਆ ਦਾ ਭਲਾ ਹੋਵੇ! ਕਿਉਂਕਿ ਸਾਡੇ ਸੱਭਿਆਚਾਰ ਨੇ ਸਾਨੂੰ ‘ਵਸੁਧੈਵ ਕੁਟੁੰਬਕਮ’ ਦੀ ਸਿੱਖਿਆ ਦਿੱਤੀ ਹੈ। ਭਾਵ, ਇਹ ਪੂਰਾ ਵਿਸ਼ਵ ਹੀ ਸਾਡਾ ਪਰਿਵਾਰ ਹੈ। ਇਸ ਲਈ, ਇੱਥੇ ਆਪਣੇ ਭਲੇ ਦੀ ਇੱਛਾ ਆਲਮੀ ਭਲੇ ਦੀ ਭਾਵਨਾ ਵਿੱਚ ਹੀ ਸਮਾਈ ਹੋਈ ਹੈ। ਅਸੀਂ ਆਪਸੀ ਸਦਭਾਵਨਾ ਨੂੰ ਹੀ ਆਲਮੀ ਭਲੇ ਦੀ ਬੁਨਿਆਦ ਮੰਨਦੇ ਹਾਂ।
ਦੋਸਤੋ,
ਆਪਸੀ ਸਦਭਾਵਨਾ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ- ਆਪਸੀ ਵਿਸ਼ਵਾਸ! ਅਤੇ ਆਪਸੀ ਵਿਸ਼ਵਾਸ ਉਦੋਂ ਪੈਦਾ ਹੁੰਦਾ ਹੈ, ਜਦੋਂ ਅਸੀਂ ਆਪਣੇ ਵਿਚਕਾਰ ਕੁਝ ਸਾਂਝਾ ਮਹਿਸੂਸ ਕਰਦੇ ਹਾਂ। ਇਸ ਲਈ, ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਸ ‘ਤੇ ਧਿਆਨ ਕੇਂਦਰਿਤ ਕਰੀਏ ਕਿ ਸਾਡੇ ਦਰਮਿਆਨ ਕੀ ਕੁਝ ਸਾਂਝਾ ਹੈ! ਅਤੇ ਮੈਂ ਭਾਰਤ ਦੇ ਤਜ਼ਰਬਿਆਂ ਤੋਂ ਆਖ ਸਕਦਾ ਹਾਂ ਕਿ ਜਦੋਂ ਅਸੀਂ ਇਹ ਨਰਮ ਨਜ਼ਰੀਆ ਅਪਣਾਉਂਦੇ ਹਾਂ, ਤਾਂ ਸਾਡੀ ਵਿਭਿੰਨਤਾ ਹੀ ਸਾਡੀ ਏਕਤਾ ਦਾ ਆਧਾਰ ਬਣ ਜਾਂਦੀ ਹੈ। ਇਸੇ ਲਈ ਭਾਰਤ ਵਿੱਚ ਇੰਨੀਆਂ ਵੱਖ-ਵੱਖ ਭਾਸ਼ਾਵਾਂ, ਜੀਵਨ-ਸ਼ੈਲੀਆਂ ਅਤੇ ਪਰੰਪਰਾਵਾਂ ਦੇ ਬਾਵਜੂਦ ਅਸੀਂ ਇੰਨੀ ਡੂੰਘਾਈ ਨਾਲ ਜੁੜੇ ਹੋਏ ਹਾਂ। ਭਾਰਤ ਵਿੱਚ ਅਸੀਂ ਅਨੇਕਤਾ ਨੂੰ ਸਵੀਕਾਰ ਕਰਦੇ ਹਾਂ, ਅਸੀਂ ਅਨੇਕਤਾ ਦਾ ਜਸ਼ਨ ਮਨਾਉਂਦੇ ਹਾਂ। ਇਹ ਪ੍ਰੇਰਨਾ ਸਾਨੂੰ ਆਪਣੇ ਉਨ੍ਹਾਂ ਵੇਦਾਂ ਤੋਂ ਮਿਲਦੀ ਹੈ, ਜਿਨ੍ਹਾਂ ਦਾ ਪਾਠ ਅਸੀਂ ਹੁਣੇ ਸ਼ੁਰੂ ਵਿੱਚ ਸੁਣ ਰਹੇ ਸਾਂ।
ਸਾਥੀਓ,
ਸਾਡੇ ਵੇਦ ਆਖਦੇ ਹਨ-
ਸੰਗੱਛਧ੍ਵੰ ਸੰਵਦਧ੍ਵੰ ਸੰ ਵੋ ਮਨਾਂਸਿ ਜਾਨਤਾਮ੍।
ਭਾਵ, ਅਸੀਂ ਇਕੱਠੇ ਚੱਲੀਏ, ਆਪਸ ਵਿੱਚ ਸੰਵਾਦ ਕਰੀਏ ਅਤੇ ਸਾਡੇ ਵਿਚਾਰਾਂ ਵਿੱਚ ਤਾਲਮੇਲ ਹੋਵੇ।
ਇਸੇ ਭਾਵਨਾ ਨਾਲ, ਮੈਂ ਇੱਕ ਵਾਰ ਫਿਰ ਪਹਿਲੇ ਐੱਸਸੀਓ ਸੱਭਿਅਤਾ ਸੰਵਾਦ ਮੰਚ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਹ ਪਹਿਲਾ ਮੰਚ ਹੈ ਅਤੇ ਇਸ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸਫ਼ਲ ਅਤੇ ਸਾਰਥਕ ਵਿਚਾਰ-ਵਟਾਂਦਰੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
ਨਮਸਕਾਰ।
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Speaking at the SCO Civilisational Dialogue Forum in Delhi. https://t.co/RzZCS5bjnd
— Narendra Modi (@narendramodi) November 20, 2026
साम्राज्यों ने दुनिया के नक्शे जरूर बदले हैं, लेकिन civilisational dialogues ने दुनिया के विचार बदले हैं, उन्हें समृद्ध किया है। इसीलिए, SCO civilisational summit केवल एक ceremonial platform नहीं है। ये विश्व को दिशा देने का एक मंच बन सकता है: PM @narendramodi
— PMO India (@PMOIndia) November 20, 2026
21वीं सदी की Technology ने दुनिया में Cultural Connectivity की नई संभावनाएं पैदा की हैं। जिन रास्तों पर कभी हमारे पूर्वजों को महीनों यात्रा करनी पड़ती थी, आज उन्हीं देशों के लोग कुछ ही सेकंड में एक-दूसरे से जुड़ सकते हैं। Digital Platforms ने Knowledge Sharing, Cultural Exchange और International Collaboration को पहले से आसान बना दिया है। SCO के देशों को इन नई संभावनाओं का पूरा लाभ उठाना चाहिए: PM @narendramodi
— PMO India (@PMOIndia) November 20, 2026
हमारे देशों के Museums, Libraries और Archives में हजारों वर्षों की अनमोल विरासत सुरक्षित है। प्राचीन Manuscripts, दुर्लभ ग्रंथ, ऐतिहासिक दस्तावेज और कलाकृतियां हमारे जुड़ाव के अनेक पहलुओं को सामने लाती हैं। आज Technology की मदद से इस विरासत को नई पीढ़ी तक पहुंचाने के बहुत अच्छे अवसर बने हैं। हम प्राचीन ग्रंथों के Digitisation और Translation में सहयोग कर सकते हैं। Joint Research Projects के माध्यम से हम अपने साझा इतिहास के नए पहलुओं को सामने ला सकते हैं। इससे दुनिया के किसी भी हिस्से में बैठा एक युवा, दूसरे देश की Cultural Heritage को कहीं बेहतर तरीके से समझ सकेगा: PM @narendramodi at the SCO Civilisational Dialogue Forum
— PMO India (@PMOIndia) November 20, 2026
हमारी संस्कृति ने हमें ‘वसुधैव कुटुंबकम्’ की सीख दी है। यानी, ये पूरा विश्व ही हमारा परिवार है। इसलिए, हमारे यहाँ अपने कल्याण की इच्छा विश्व कल्याण के भाव में ही रची बसी है। हम आपसी सद्भाव को ही global wellbeing का base मानते हैं: PM @narendramodi
— PMO India (@PMOIndia) November 20, 2026