Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਥੋਪੀਆ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਇਥੋਪੀਆ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਦੀਸ ਅਬਾਬਾ ਦੇ ਨੈਸ਼ਨਲ ਪੈਲੇਸ ਵਿੱਚ ਫੈਡਰਲ ਡੈਮੋਕ੍ਰੇਟਿਕ ਰਿਪਬਲਿਕ ਆਫ ਇਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਨਾਲ ਮੁਲਾਕਾਤ ਕੀਤੀ। ਪੈਲੇਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਨੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਦੋਹਾਂ ਆਗੂਆਂ ਨੇ ਇਕ-ਦੂਜੇ ਨਾਲ, ਸੀਮਤ ਅਤੇ ਵਫ਼ਦ ਪੱਧਰ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਡੇ ਦੁਵੱਲੇ ਸਬੰਧਾਂ ਦੇ ਪੂਰੇ ਘੇਰੇ ‘ਤੇ ਵਿਚਾਰ ਕੀਤਾ, ਜੋ ਸਦੀਆਂ ਤੋਂ ਬਣੇ ਸਭਿਅਕ ਸਬੰਧਾਂ ‘ਤੇ ਆਧਾਰਿਤ ਹਨ ਅਤੇ ਲੋਕਾਂ ਦੇ ਆਪਸੀ ਸਬੰਧੀ ਸਬੰਧਾਂ ਰਾਹੀਂ ਪੱਕੇ ਹੋਏ ਹਨ। ਰਿਸ਼ਤੇ ਦੀ ਅਹਿਮੀਅਤ ਦੇਖਦਿਆਂ ਆਗੂਆਂ ਨੇ ਭਾਰਤ-ਇਥੋਪੀਆ ਸਬੰਧ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ‘ਤੇ ਸਹਿਮਤੀ ਜਤਾਈ। ਉਨ੍ਹਾਂ ਨੇ ਗੌਰ ਕੀਤਾ ਕਿ ਗਲੋਬਲ ਸਾਊਥ ਦੇ ਭਾਈਵਾਲਾਂ ਵਜੋਂ ਦੋਹਾਂ ਦੇਸ਼ਾਂ ਨੂੰ ਸਾਂਝਾ ਸੰਸਾਰ ਬਣਾਉਣ ਵਿੱਚ ਯੋਗਦਾਨ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2023 ਵਿੱਚ ਜੀ-20 ਦੀ ਪ੍ਰਧਾਨਗੀ ਦੌਰਾਨ ਅਫਰੀਕੀ ਸੰਘ ਦਾ ਮੈਂਬਰ ਵਜੋਂ ਸਵਾਗਤ ਕਰਨਾ ਭਾਰਤ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਕਜੁੱਟਤਾ ਦਿਖਾਉਣ ਅਤੇ ਅੱਤਵਾਦ ਖਿਲਾਫ਼ ਵਿਸ਼ਵ ਪੱਧਰੀ ਲੜਾਈ ਮਜ਼ਬੂਤ ਕਰਨ ਲਈ ਇਥੋਪੀਆ ਦਾ ਧੰਨਵਾਦ ਕੀਤਾ।

ਦੋਹਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਨਵੀਨਤਾ ਅਤੇ ਤਕਨਾਲੋਜੀ, ਸਿੱਖਿਆ ਅਤੇ ਸਮਰੱਥਾ ਨਿਰਮਾਣ ਤੇ ਰੱਖਿਆ ਸਹਿਯੋਗ ਸਮੇਤ ਭਾਰਤ ਅਤੇ ਇਥੋਪੀਆ ਵਿਚਾਲੇ ਬਹੁ-ਪੱਖੀ ਭਾਈਵਾਲੀ ਵਿੱਚ ਹੋਈ ਤਰੱਕੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਸਿਹਤ ਸੁਰੱਖਿਆ, ਡਿਜੀਟਲ ਸਿਹਤ, ਰਵਾਇਤੀ ਦਵਾਈਆਂ, ਜਨ ਔਸ਼ਧੀ ਕੇਂਦਰ, ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ, ਕੁਦਰਤੀ ਖੇਤੀ ਅਤੇ ਖੇਤੀ-ਤਕਨੀਕ ਦੇ ਖੇਤਰਾਂ ਵਿੱਚ ਇਥੋਪੀਆ ਨਾਲ ਸਹਿਯੋਗ ਵਧਾਉਣ ਲਈ ਭਾਰਤ ਦੀ ਇੱਛਾ ਪ੍ਰਗਟਾਈ। ਆਗੂਆਂ ਨੇ ਉਜਾਗਰ ਕੀਤਾ ਕਿ ਦੇਸ਼ਾਂ ਵਿਚਾਲੇ ਨੇੜਲੀ ਵਿਕਾਸ ਭਾਈਵਾਲੀ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਹੋਰ ਵਾਧਾ ਕਰ ਰਹੀ ਹੈ।

ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਭਾਈਵਾਲੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਖਣਨ, ਮਹੱਤਵਪੂਰਨ ਖਣਿਜਾਂ ਅਤੇ ਸਾਫ਼ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਭਰੋਸੇਮੰਦ ਭਾਈਵਾਲਾਂ ਵਜੋਂ ਇਥੋਪੀਆ ਦੀ ਅਰਥਵਿਵਸਥਾ ਵਿੱਚ 5 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਖਾਸ ਤੌਰ ‘ਤੇ ਨਿਰਮਾਣ ਅਤੇ ਦਵਾਈਆਂ ਦੇ ਜ਼ਰੂਰੀ ਖੇਤਰਾਂ ਵਿੱਚ, ਜਿਸ ਨਾਲ 75,000 ਤੋਂ ਵੱਧ ਸਥਾਨਕ ਨੌਕਰੀਆਂ ਪੈਦਾ ਹੋਈਆਂ ਹਨ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਆਵਾਜ਼ ਦੇਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸਮੇਤ ਬਹੁ-ਪੱਖੀ ਮੰਚਾਂ ‘ਤੇ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਜਲਵਾਯੂ ਤਬਦੀਲੀ, ਨਵਿਆਉਣਯੋਗ ਊਰਜਾ ਅਤੇ ਆਫ਼ਤ ਜੋਖਮ ਘਟਾਉਣ ਵਰਗੇ ਮੁੱਦਿਆਂ ‘ਤੇ ਵਧੇਰੇ ਸਹਿਯੋਗ ਦਾ ਸੱਦਾ ਦਿੱਤਾ ਅਤੇ ਇਸ ਸੰਦਰਭ ਵਿੱਚ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ), ਆਫ਼ਤ-ਰੋਕੂ ਬੁਨਿਆਦੀ ਢਾਂਚਾ ਗਠਜੋੜ (ਸੀਡੀਆਰਆਈ), ਗਲੋਬਲ ਬਾਇਓਫਿਊਲ ਗੱਠਜੋੜ (ਜੀਬੀਏ) ਅਤੇ ਅੰਤਰਰਾਸ਼ਟਰੀ ਸੌਰ ਗੱਠਜੋੜ (ਆਈਐੱਸਏ) ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੀ ਪ੍ਰਧਾਨਗੀ ਹੇਠ ਬ੍ਰਿਕਸ ਭਾਈਵਾਲਾਂ ਵਜੋਂ ਅਤੇ ਪ੍ਰਸਤਾਵਿਤ ਭਾਰਤ-ਅਫਰੀਕਾ ਫੋਰਮ ਸੰਮੇਲਨ ਲਈ ਇਥੋਪੀਆ ਨਾਲ ਕੰਮ ਕਰਨ ਲਈ ਉਤਸੁਕ ਹੈ।

ਗੱਲਬਾਤ ਤੋਂ ਬਾਅਦ ਦੋਹਾਂ ਆਗੂਆਂ ਦੀ ਮੌਜੂਦਗੀ ਵਿੱਚ ਤਿੰਨ ਸਹਿਮਤੀ ਪੱਤਰਾਂ (ਐੱਮਓਯੂ) ਦਾ ਆਦਾਨ-ਪ੍ਰਦਾਨ ਹੋਇਆ: ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਕਾਰਵਾਈਆਂ ਦੀ ਸਿਖਲਾਈ, ਕਸਟਮ ਮਾਮਲਿਆਂ ਵਿੱਚ ਆਪਸੀ ਪ੍ਰਸ਼ਾਸਕੀ ਸਹਾਇਤਾ ਅਤੇ ਇਥੋਪੀਆ ਦੇ ਵਿਦੇਸ਼ ਮੰਤਰਾਲੇ ਵਿੱਚ ਡਾਟਾ ਸੈਂਟਰ ਦੀ ਸਥਾਪਨਾ।

ਪ੍ਰਧਾਨ ਮੰਤਰੀ ਡਾ. ਅਬੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਡਾ. ਅਬੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।

***********

 

ਐੱਮਜੇਪੀਐੱਸ/ਐੱਸਟੀ