ਪੀਐੱਮਇੰਡੀਆ
ਮਾਣਯੋਗ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ,
ਅਹਿਮ ਮਹਿਮਾਨ,
ਦੇਵੀਓ ਅਤੇ ਸੱਜਣੋ,
ਕੋਨਬਾਨ ਵਾ ! (Konban wa)
ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਦੌਰੇ ਲਈ ਜਪਾਨ ਵਾਪਸ ਆਉਣਾ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੈ। ਭਾਰਤ ਦੇ ਲੋਕ ਜਪਾਨੀ ਲੋਕਾਂ ਦੇ ਸਮਰਪਣ, ਗਤੀਸ਼ੀਲਤਾ, ਜੋਸ਼ ਤੇ ਸਜੀਵਤਾ; ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਲੰਮੇ ਸਮੇਂ ਤੋਂ ਸ਼ਲਾਘਾ ਕਰਦੇ ਆ ਰਹੇ ਹਨ।
ਜਪਾਨ ਦੇ ਤਜਰਬੇ ਤੋਂ ਸਿੱਖਣ ਤੇ ਉਸ ਨੂੰ ਅਪਨਾਉਣ ਲਈ ਬਹੁਤ ਕੁਝ ਹੈ। ਭਾਰਤ ਅਤੇ ਜਪਾਨ ਪਿਛਲੇ ਲੰਮੇ ਸਮੇਂ ਤੋਂ ਨੇੜਲੇ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦੇ ਰਹੇ ਹਨ। ਸਾਡੇ ਸਮਾਜ ਵਿੱਚ ਹਿੰਦੂ ਧਰਮ ਅਤੇ ਬੁੱਧ ਧਰਮ ਦੀਆਂ ਵਿਚਾਰ-ਧਾਰਾਵਾਂ ਦੀਆਂ ਡੂੰਘੀਆਂ ਸਾਂਝੀਆਂ ਜੜ੍ਹਾਂ ਹਨ। ਅਸੀਂ ਆਰਥਿਕ ਵਿਕਾਸ ਅਤੇ ਸਾਡੀਆਂ ਸੱਭਿਅਕ ਲੋਕ-ਵਿਸ਼ੇਸ਼ਤਾਵਾਂ ਨੂੰ ਸੰਭਾਲਣ ਵਿਚਾਲੇ ਸੰਤੁਲਨ ਕਾਇਮ ਕਰਨ ਦੀ ਲੋੜ ਦੀ ਅਹਿਮੀਅਤ ਨੂੰ ਸਮਝਦੇ ਹਾਂ।
ਸਾਡੇ ਸਬੰਧ ਖੁੱਲ੍ਹੇਪਣ, ਜਮਹੂਰੀਅਤ ਤੇ ਵਿਧੀ-ਵਿਧਾਨ ਦੇ ਸਤਿਕਾਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨਾਲ ਹੋਰ ਮਜ਼ਬੂਤ ਹੁੰਦੇ ਹਨ। ਅੱਜ, ਸਾਡੀ ਵਿਸ਼ੇਸ਼ ਰਣਨੀਤਕ ਤੇ ਵਿਸ਼ਵ-ਭਾਈਵਾਲੀ ਵਿੱਚ ਆਰਥਿਕ ਤੇ ਰਣਨੀਤਕ ਮੁੱਦਿਆਂ ਉੱਤੇ ਕੇਂਦਰਮੁਖਤਾ ਵਧ ਰਹੀ ਹੈ।
ਅਜਿਹਾ ਬਹੁਤ ਕੁਝ ਹੈ, ਜੋ ਅਸੀਂ ਨੇੜਲੇ ਭਾਈਵਾਲਾਂ ਵਜੋਂ ਮਿਲ ਕੇ ਕਰ ਸਕਦੇ ਹਾਂ, ਨਾ ਕੇਵਲ ਸਾਡੇ ਸਮਾਜਾਂ ਦੇ ਲਾਭ ਲਈ, ਸਗੋਂ ਇਸ ਖੇਤਰ ਅਤੇ ਸਮੁੱਚੇ ਵਿਸ਼ਵ ਦੀ ਭਲਾਈ ਲਈ ਵੀ। ਸਾਡੀ ਭਾਈਵਾਲੀ ਸਾਡੇ ਖੇਤਰ ਵਿੱਚ ਗੱਲਬਾਤ ਅਤੇ ਚੰਗੇ ਗੁਆਂਢ ਦੀਆਂ ਚੰਗਿਆਈਆਂ ਨੂੰ ਉਤਸ਼ਾਹਿਤ ਕਰਦੀ ਹੈ।
ਮੌਜੂਦਾ ਸਮਿਆਂ ਵੇਲੇ ਅਸੀਂ ਸਾਂਝੇ ਤੌਰ ਉੱਤੇ ਜਿਹੜੇ ਮੌਕਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਸਾਡੀਆਂ ਸਮਰੱਥਾਵਾਂ ਉਨ੍ਹਾਂ ਲਈ ਮਿਲ ਕੇ ਹੁੰਗਾਰਾ ਦੇ ਸਕਦੀਆਂ ਹਨ। ਅਤੇ, ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਸਾਨੂੰ ਜ਼ਰੂਰ ਹੀ ਕੱਟੜਪੰਥੀ, ਅੱਤਵਾਦ ਤੇ ਦਹਿਸ਼ਤਗਰਦੀ ਦੇ ਵਧ ਰਹੇ ਖ਼ਤਰਿਆਂ ਦਾ ਟਾਕਰਾ ਕਰਨਾ ਚਾਹੀਦਾ ਹੈ।
ਦੋਸਤੋ,
ਆਰਥਿਕ ਖ਼ੁਸ਼ਹਾਲੀ, ਬੁਨਿਆਦੀ ਢਾਂਚੇ ਦੇ ਵਿਕਾਸ, ਸਮਰੱਥਾ ਨਿਰਮਾਣ ਅਤੇ ਤਕਨਾਲੋਜੀ ਵਿਕਾਸ ਵੱਲ ਭਾਰਤ ਦੀ ਯਾਤਰਾ ਵਿੱਚ ਜਪਾਨ ਸਦਾ ਇੱਕ ਮੁੱਲਵਾਨ ਭਾਈਵਾਲ ਬਣਿਆ ਰਿਹਾ ਹੈ। ਸਾਡੇ ਸਹਿਯੋਗ ਦਾ ਖੇਤਰ ਤੇ ਪੈਮਾਨਾ ਵੱਖ- ਵੱਖ ਖੇਤਰਾਂ ਤੱਕ ਫੈਲਿਆ ਹੋਇਆ ਹੈ।
ਸਾਡੇ ਆਰਥਿਕ ਸਬੰਧ ਲਗਾਤਾਰ ਪ੍ਰਫ਼ੁੱਲਤ ਹੋ ਰਹੇ ਹਨ। ਵਪਾਰਕ ਸਬੰਧਾਂ ਵਿੱਚ ਵੀ ਨਿਰੰਤਰ ਵਿਕਾਸ ਹੋ ਰਿਹਾ ਹੈ। ਅਤੇ, ਜਪਾਨ ਤੋਂ ਨਿਵੇਸ਼ ਵਧ ਰਹੇ ਹਨ। ਸਾਡੀਆਂ ਪ੍ਰਮੁੱਖ ਵਿਕਾਸ ਪਹਿਲਕਦਮੀਆਂ ਵਿੱਚ ਸ਼ਾਮਲ ਹੋ ਕੇ ਜਪਾਨੀ ਕੰਪਨੀਆਂ ਨੂੰ ਬਹੁਤ ਲਾਭ ਹੋ ਸਕਦਾ ਹੈ। ਅਸੀਂ, ਬਦਲੇ ਵਿੱਚ, ਜਪਾਨ ਦੀ ਵਿਲੱਖਣ ਤਕਨਾਲੋਜੀ ਅਤੇ ਨਵੀਨਤਾ ਦਾ ਬਹੁਤ ਲਾਹਾ ਲੈ ਸਕਦੇ ਹਾਂ।
ਸਾਡੇ ਸਬੰਧਾਂ ਦੀ ਸੁਆਗਤਯੋਗ ਵਿਸ਼ੇਸ਼ਤਾ ਹੈ ਕਿ ਭਾਰਤ ਦੇ ਰਾਜਾਂ ਅਤੇ ਜਪਾਨ ਦੇ ਪ੍ਰੀਫ਼ੈਕਚਰਜ਼ (prefectures) ਵਿਚਾਲੇ ਆਪਸੀ ਸੰਪਰਕ ਤੇ ਸਹਿਯੋਗ ਵਧ ਰਹੇ ਹਨ। ਇਹ ਉੱਚ-ਤਰਜੀਹ ਦਾ ਪ੍ਰਤੀਬਿੰਬ ਹੈ ਕਿ ਅਸੀਂ ਆਪਣੇ ਵਿਸ਼ਵ-ਦ੍ਰਿਸ਼ ਵਿੱਚ ਜਪਾਨ ਨਾਲ ਸਮਝੌਤਾ ਕੀਤਾ ਹੈ। ਸਾਡੇ ਸਬੰਧ ਸਦਭਾਵਨਾ ਅਤੇ ਇੱਕ-ਦੂਜੇ ਦੀ ਜਨਤਾ ਤੋਂ ਮਿਲਣ ਵਾਲੀ ਪਰਸਪਰ ਸ਼ਲਾਘਾ ਦੇ ਫੁਹਾਰੇ ਤੋਂ ਤਾਕਤ ਲੈਂਦੇ ਹਨ। ਅਤੇ, ਇਹ ਸਭ ਮਾਣਯੋਗ ਅਬੇ ਦੀ ਮਜ਼ਬੂਤ ਲੀਡਰਸ਼ਿਪ ਕਾਰਨ ਸੰਭਵ ਹੋਇਆ ਹੈ।
ਪਿਛਲੇ ਦੋ ਸਾਲਾਂ ਦੌਰਾਨ ਅੱਜ ਉਨ੍ਹਾਂ ਨਾਲ ਮੇਰੀ ਅੱਠਵੀਂ ਮੁਲਾਕਾਤ ਹੋਈ ਹੈ। ਅਸੀਂ ਕਿਉਂਕਿ ਆਪਣੇ ਸਿਖ਼ਰ ਸੰਮੇਲਨ ਦੀ ਆਪਣੀ ਮੁਲਾਕਾਤ ਦੇ ਬਹੁਤ ਸਾਰੇ ਨਤੀਜਿਆਂ ਦਾ ਜਸ਼ਨ ਮਨਾਉਂਦੇ ਹਾਂ, ਮੈਂ ਪ੍ਰਧਾਨ ਮੰਤਰੀ ਅਬੇ ਅਤੇ ਜਪਾਨ ਦੀ ਸਰਕਾਰ ਦਾ ਸੁਹਿਰਦਤਾ ਨਾਲ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਮੇਰੇ ਅਤੇ ਮੇਰੇ ਵਫ਼ਦ ਦਾ ਨਿੱਘਾ ਸੁਆਗਤ ਕੀਤਾ ਤੇ ਉਨ੍ਹਾਂ ਲਈ ਸ਼ਾਨਦਾਰ ਇੰਤਜ਼ਾਮ ਕੀਤੇ।
ਬੇਸ਼ੱਕ, ਸਾਡੇ ਭਾਗ ਆਪਸ ਵਿੱਚ ਜੁੜੇ ਹੋਏ ਹਨ। ਹਿੰਦ-ਪ੍ਰਸ਼ਾਂਤ ਦੇ ਮਹਾਂਸਾਗਰਾਂ ਦੇ ਪਾਣੀ, ਜੋ ਜਪਾਨ ਦੇ ਤਟਾਂ ਨੂੰ ਵੀ ਛੋਹੰਦੇ ਹਨ, ਅਤੇ ਭਾਰਤ ਦੇ ਕੰਢਿਆਂ ਨਾਲ ਵੀ ਜਾ ਜੁੜਦੇ ਹਨ; ਆਓ ਅਸੀਂ ਸਾਰੇ ਮਿਲ ਕੇ ਸ਼ਾਂਤੀ, ਖ਼ੁਸ਼ਹਾਲੀ ਤੇ ਵਿਕਾਸ ਲਈ ਕੰਮ ਕਰੀਏ।
ਦੇਵੀਓ ਅਤੇ ਸੱਜਣੋ,
ਕੀ ਮੈਂ ਇੱਕ ਸ਼ੁਭਕਾਮਨਾ ਦਾ ਪ੍ਰਸਤਾਵ ਰੱਖ ਸਕਦਾ ਹਾਂ:
ਜਪਾਨ ਦੇ ਸਮਰਾਟ ਅਤੇ ਮਹਾਰਾਣੀ ਦੀ ਚੰਗੀ ਸਿਹਤ ਤੇ ਨਿਜੀ ਸਲਾਮਤੀ ਬਣੀ ਰਹੇ, ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਜਪਾਨ ਦੇ ਦੋਸਤਾਨਾ ਲੋਕਾਂ ਅਤੇ ਅੱਜ ਰਾਤ ਇੱਥੇ ਮੌਜੂਦ ਹਰੇਕ ਵਿਅਕਤੀ ਨੂੰ ਅਥਾਹ ਸਫ਼ਲਤਾ ਮਿਲੇ।
ਭਾਰਤ ਤੇ ਜਪਾਨ ਦੀ ਸਦੀਵੀ ਦੋਸਤੀ ਲਈ,
ਕਨਪਾਇ! (Kanpai!)
AKT/NT