Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਤਿਰੁਵੱਲਾ, ਕੇਰਲਾ ‘ਚ ਸ੍ਰੀ ਰਾਮਕ੍ਰਿਸ਼ਨ ਵਚਨਾਮ੍ਰਿਤ ਸਤ੍ਰਮ ਦੇ (ਵੀਡੀਓ ਕਾਨਫ਼ਰੰਸ ਰਾਹੀਂ) ਉਦਘਾਟਨੀ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਤਿਰੁਵੱਲਾ, ਕੇਰਲਾ ‘ਚ ਸ੍ਰੀ ਰਾਮਕ੍ਰਿਸ਼ਨ ਵਚਨਾਮ੍ਰਿਤ ਸਤ੍ਰਮ ਦੇ (ਵੀਡੀਓ ਕਾਨਫ਼ਰੰਸ ਰਾਹੀਂ) ਉਦਘਾਟਨੀ ਸੰਬੋਧਨ ਦਾ ਮੂਲ-ਪਾਠ


 

ਨਮਸਕਾਰਮ। ਹਰੇਕ ਨੂੰ ਪ੍ਰਣਾਮ।

ਅੱਜ ਇੱਥੇ ਇਕੱਠੇ ਹੋਏ ਸਵਾਮੀ ਨਿਰਵਾਣਾਨੰਦ ਜੀ ਅਤੇ ਸ੍ਰੀ ਸ੍ਰੀ ਠਾਕੁਰ ਰਾਮਕ੍ਰਿਸ਼ਨ ਪਰਮਹੰਸ ਜੀ ਦੇ ਸਮੂਹ ਸ਼ਰਧਾਲੂਆਂ ਨੂੰ ਪ੍ਰਣਾਮ।

ਸ੍ਰੀ ਰਾਮਕ੍ਰਿਸ਼ਨ ਵਚਨਾਮ੍ਰਿਤ  ਸਤ੍ਰਮ  ਦੇ 7 ਦਿਨਾ ਸੈਸ਼ਨ ਦੀ ਸ਼ੁਰੂਆਤ ਮੌਕੇ ਤੁਹਾਡੇ ਵਿਚਕਾਰ ਮੌਜੂਦ ਰਹਿ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।

ਮੈਂ ਜਦੋਂ ਬੰਗਾਲ ਦੇ ਮਹਾਨ ਦਿਮਾਗ਼ ‘ਚੋਂ ਨਿੱਕਲੇ ਵਚਨਾਂ ਬਾਰੇ ਸੋਚਦਾ ਹਾਂ, ਜਿਨ੍ਹਾਂ ਨੂੰ ਮਲਿਆਲਮ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ, ਤੇ ਕੇਰਲ ਵਿੱਚ ਉਨ੍ਹਾਂ ਨੂੰ ਪੜ੍ਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਉੱਤੇ ਬਹਿਸ ਹੋ ਰਹੀ ਹੈ। ਮੈਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਹਾਂ ਕਿ ਸਾਡੇ ਦੇਸ਼ ਵਿੱਚ ਵਿਚਾਰ ਕਿਵੇਂ ਇੱਕ-ਦੂਜੇ ਨਾਲ ਸਾਂਝੇ ਕੀਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਅਨੁਸਾਰ ਢਾਲਿਆ ਜਾਂਦਾ ਹੈ।

‘ਏਕ ਭਾਰਤ … ਸ਼੍ਰੇਸ਼ਠ ਭਾਰਤ’ ਦੀ ਇਸ ਤੋਂ ਬਿਹਤਰ ਮਿਸਾਲ ਹੋਰ ਕਿਹੜੀ ਹੋ ਸਕਦੀ ਹੈ?

ਇਹ ਜਿਹੜਾ ਅਭਿਆਸ ਤੁਸੀਂ ਸ਼ੁਰੂ ਕੀਤਾ ਹੈ, ਉਸ ਦੀ ਉਸਾਰੀ ਮਹਾਨ ਗੁਰੂਆਂ ਦੇ ਆਮ ਲੋਕਾਂ ਲਈ ਉਪਲੱਬਧ ਵਚਨਾਂ ਦੀਆਂ ਸਿੱਖਿਆਵਾਂ ਉੱਤੇ ਅਧਾਰਤ  ਧਰਮ-ਗ੍ਰੰਥਾਂ ਦੀ ਲੰਮੀ ਰਵਾਇਤ ਉੱਤੇ ਹੋਈ ਹੈ।

ਇਹ ਭਾਰਤ ਦੀ ਲੰਮੀ ਮੌਖਿਕ ਰਵਾਇਤ ਦਾ ਹਿੱਸਾ ਹੈ, ਜੋ ਬਦਲਦੇ ਸਮਿਆਂ ਤੇ ਹਾਲਾਤ ਅਨੁਸਾਰ ਸਦੀਵੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਵਿਕਸਤ ਕੀਤੀ ਗਈ ਹੈ।

ਸ਼ਰੁਤੀਆਂ ਤੋਂ ਲੈ ਕੇ ਸਮ੍ਰਿਤੀਆਂ ਤੱਕ ਇਹੋ ਰਵਾਇਤ ਵਿਕਸਤ ਹੁੰਦੀ ਰਹੀ ਸੀ।

ਇਹ ਸ਼ਰੁਤੀਆਂ, ਚਾਰ ਵੇਦ ਤੇ ਉਪਨਿਸਦ ਧਰਮ ਦੇ ਸਰੋਤ ਹਨ: ਉਹ ਇੱਕ ਅਜਿਹਾ ਪਵਿੱਤਰ ਗਿਆਨ ਹਨ, ਜਿਹੜੇ ਪੀੜ੍ਹੀ-ਦਰ-ਪੀੜ੍ਹੀ ਮਹਾਨ ਭਾਰਤੀ ਸੰਤਾਂ ਰਾਹੀਂ ਅੱਗੇ ਤੁਰਦੇ ਰਹੇ ਹਨ।

ਸ਼ਰੁਤੀਆਂ ਨੂੰ ਰੱਬੀ ਗਿਆਨ ਸਮਝਿਆ ਜਾਂਦਾ ਹੈ, ਜੋ ਮੂੰਹ-ਜ਼ੁਬਾਨੀ ਅੱਗੇ ਤੋਂ ਅੱਗੇ ਤੁਰਦਾ ਰਿਹਾ ਸੀ।

ਸਮ੍ਰਿਤੀਆਂ ਉਨ੍ਹਾਂ ਮੂਲ-ਪਾਠਾਂ ਦਾ ਇੱਕ ਵਰਗ ਹਨ, ਜੋ ਯਾਦਦਾਸ਼ਤ ਅਤੇ ਵਿਆਖਿਆ ਉੱਤੇ ਅਧਾਰਤ  ਹਨ।

ਵੇਦ ਅਤੇ ਉਪਨਿਸ਼ਦ ਕਿਉਂਕਿ ਆਮ ਲੋਕਾਂ ਲਈ ਸਮਝਣੇ ਔਖੇ ਹੁੰਦੇ ਸਨ, ਜਿਸ ਕਰ ਕੇ ਉਨ੍ਹਾਂ ਦੀ ਵਿਸਤ੍ਰਿਤ ਵਿਆਖਿਆ ਕਰਨ ਲਈ ਸਮ੍ਰਿਤੀਆਂ ਰਚੀਆਂ ਗਈਆਂ ਸਨ ਅਤੇ ਕਹਾਣੀਆਂ ਤੇ ਨੈਤਿਕ ਸਬਕਾਂ ਰਾਹੀਂ ਬੁਨਿਆਦੀ ਪ੍ਰਗਟਾਵੇ ਸਪਸ਼ਟ  ਕੀਤੇ ਗਏ ਸਨ।

ਇਸ ਤਰ੍ਹਾਂ ਇਹ ਸਪਸ਼ਟ  ਹੈ ਕਿ ਮਹਾਂ-ਕਾਵਿ, ਪੁਰਾਣ ਤੇ ਕੌਟਿਲਯ ਦਾ ਅਰਥ-ਸ਼ਾਸਤਰ ਇਹ ਸਭ ਸਮ੍ਰਿਤੀਆਂ ਹਨ।

ਹਰੇਕ ਵਿਅਕਤੀ ਤੱਕ ਪੁੱਜਣ ਦੇ ਜਤਨ ਸਦਾ ਹੀ ਉਸ ਸਮੇਂ ਅਨੁਸਾਰ ਢੁਕਵੇਂ ਸਾਧਨਾਂ ਰਾਹੀਂ ਜਾਰੀ ਰਹੇ ਹਨ।

ਆਮ ਲੋਕਾਂ ਤੱਕ ਪੁੱਜਣ ਲਈ, ਧਰਮ ਜਾਂ ਸਹੀ ਤਰੀਕੇ ਨਾਲ ਜੀਵਨ ਜਿਊਣਾ ਵਧੇਰੇ ਪਹੁੰਚਯੋਗ ਬਣਾਉਣ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਹੋਰ ਨੇੜੇ ਕਰਨ ਦੀ ਜ਼ਰੂਰਤ ਸੀ।

ਭਾਗਵਤ ਵਿੱਚ ਦੇਵਰਿਸ਼ੀ ਨਾਰਦ ਵੱਲੋਂ ਪਰਮੇਸ਼ਵਰ ਦੀ ਮਹਿਮਾ ਦੇ ਸੋਹਿਲੇ ਗਾਉਣ ਦਾ ਵਰਣਨ ਹੈ

अहो देवर्षिर्धन्योऽयं यत्कीर्तिं शांर्गधन्वन:

गायन्माद्यन्निदं तन्त्रया रमयत्यातुरं जगत्।।

अहोये देवर्षि नारदजी धन्य हैं जो वीणा बजातेहरिगुण गाते और मस्त होते हुए इस दुखी संसार को आनन्दित करते रहते हैं।

‘ਅਹੋ! ਇਹ ਦੇਵਰਿਸ਼ੀ ਨਾਰਦਜੀ ਧੰਨ ਹਨ, ਜੋ ਵੀਣਾ ਵਜਾਉਂਦੇ, ਹਰਿਗੁਣ ਗਾਉਂਦੇ ਅਤੇ ਮਸਤ ਹੁੰਦੇ ਹੋਏ ਇਸ ਦੁਖੀ ਸੰਸਾਰ ਨੂੰ ਆਨੰਦਿਤ ਕਰਦੇ ਰਹਿੰਦੇ ਹਨ।’

ਭਗਤੀ ਲਹਿਰ ਦੇ ਸੰਤਾਂ ਨੇ ਈਸ਼ਵਰ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਲਈ ਸੰਗੀਤ, ਕਵਿਤਾ, ਸਥਾਨਕ ਭਾਸ਼ਾਵਾਂ ਦੀ ਵਰਤੋਂ ਕੀਤੀ ਸੀ – ਉਨ੍ਹਾਂ ਨੇ ਜਾਤ, ਵਰਗ, ਧਰਮ ਤੇ ਲਿੰਗ ਦੇ ਅੜਿੱਕੇ ਖ਼ਤਮ ਕੀਤੇ ਸਨ।

ਸੰਤਾਂ ਦਾ ਸੁਨੇਹਾ ਲੋਕ ਗਾਇਕਾਂ, ਕਥਾ-ਵਾਚਕਾਂ, ਦਾਸਤਾਨ-ਗੋਆਂ ਵੱਲੋਂ ਅੱਗੇ ਲਿਜਾਂਦਾ ਗਿਆ ਸੀ।

ਕਬੀਰ ਦੇ ਦੋਹੇ, ਮੀਰਾ ਦੇ ਭਜਨ ਗਾਇਕ ਹੀ ਪਿੰਡ ਤੋਂ ਪਿੰਡ ਤੱਕ ਲੈ ਕੇ ਗਏ ਸਨ।

ਭਾਰਤ ਇੱਕ ਅਜਿਹੀ ਧਰਤੀ ਹੈ, ਜਿਸ ਨੂੰ ਅਮੀਰ ਸੱਭਿਆਚਾਰਕ ਤੇ ਬੌਧਿਕ ਮਾਹੌਲ ਦਾ ਅਸ਼ੀਰਵਾਦ ਪ੍ਰਾਪਤ ਹੈ।

ਸਾਡੀ ਧਰਤੀ ਲੇਖਕਾਂ, ਵਿਦਵਾਨਾਂ, ਸੰਤਾਂ ਤੇ ਜੋਤਸ਼ੀਆਂ ਦਾ ਘਰ, ਜਿਨ੍ਹਾਂ ਨੇ ਖ਼ੁਦ ਨੂੰ ਪੂਰੀ ਆਜ਼ਾਦੀ ਤੇ ਨਿਡਰਤਾ ਨਾਲ ਪ੍ਰਗਟਾਇਆ ਹੈ।

ਅਤੇ ਜਿੱਥੇ ਕਿਤੇ ਵੀ ਮਨੁੱਖੀ ਸੱਭਿਅਤਾ ਦਾ ਇਤਿਹਾਸ ਗਿਆਨ ਦੇ ਯੁੱਗ ਵਿੱਚ ਦਾਖ਼ਲ ਹੋਇਆ ਹੈ, ਭਾਰਤ ਨੇ ਰਾਹ ਦਿਖਾਇਆ ਹੈ।

ਭਾਰਤ ਬਾਰੇ ਇੱਕ ਝੂਠੀ ਧਾਰਨਾ ਫੈਲਾ ਦਿੱਤੀ ਗਈ ਸੀ ਕਿ ਭਾਰਤ ਨੂੰ ਵਿਦੇਸ਼ੀਆਂ ਵੱਲੋਂ ਅਰੰਭ ਕੀਤੇ ਗਏ ਸਮਾਜਕ, ਸਿਆਸੀ ਤੇ ਆਰਥਿਕ ਸੁਧਾਰਾਂ ਦੀ ਜ਼ਰੂਰਤ ਸੀ।

ਇਹ ਬਸਤੀਵਾਦ ਨੂੰ ਵੀ ਸਹੀ ਦਰਸਾਉਣ ਦਾ ਕਾਰਨ ਬਣ ਗਿਆ ਸੀ।

ਅਜਿਹੇ ਵਿਚਾਰ ਪੂਰੀ ਤਰ੍ਹਾਂ ਝੂਠੇ ਸਨ ਕਿਉਂਕਿ ਭਾਰਤ ਦੀ ਧਰਤੀ ਇੱਕ ਅਜਿਹੀ ਧਰਤੀ ਹੈ, ਜਿੱਥੋਂ ਤਬਦੀਲੀ ਦੀ ਸ਼ੁਰੂਆਤ ਸਦਾ ਹੁੰਦੀ ਰਹੀ ਹੈ।

ਅਤੇ ਇਹ ਤਬਦੀਲੀ ਇੱਥੋਂ ਅੰਦਰੋਂ ਹੀ ਸਾਡੇ ਸੰਤਾਂ ਤੇ ਜੋਤਸ਼ੀਆਂ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਸਮਾਜ ਨੂੰ ਬਦਲਣਾ ਆਪਣਾ ਮਿਸ਼ਨ ਬਣਾ ਲਿਆ ਸੀ ਅਤੇ ਉਨ੍ਹਾਂ ਨੇ ਸਾਡੇ ਸਮਾਜ ਅੰਦਰ ਘਰ ਕਰ ਚੁੱਕੀਆਂ ਬੁਰਾਈਆਂ ਦਾ ਖ਼ਾਤਮਾ ਕਰਨ ਲਈ ਜਨਤਕ ਅੰਦੋਲਨ ਚਲਾਏ ਸਨ।

ਸਾਡੇ ਸੰਤਾਂ ਨੇ ਹਰੇਕ ਨਾਗਰਿਕ ਨੂੰ ਸਮਾਜਕ ਸੁਧਾਰਾਂ ਦੀ ਭਾਲ ਲਈ ਇੱਕਜੁਟ ਕੀਤਾ ਸੀ।

ਇਸ ਘੇਰੇ ਵਿੱਚੋਂ ਬਾਹਰ ਕੋਈ ਵੀ ਨਹੀਂ ਰਿਹਾ ਸੀ।

ਰੁਕਾਵਟਾਂ ਉੱਤੇ ਕਾਬੂ ਪਾਉਣ ਦੇ ਮਾਮਲੇ ਵਿੱਚ ਸਾਡੀ ਸੱਭਿਅਤਾ ਸ਼੍ਰੋਮਣੀ ਰਹੀ ਹੈ।

ਜਿਹੜੀਆਂ ਸੱਭਿਅਤਾ ਸਮੇਂ ਦੇ ਨਾਲ ਤਬਦੀਲ ਨਹੀਂ ਹੋਈ, ਉਸ ਦਾ ਖ਼ਾਤਮਾ ਹੋ ਗਿਆ ਸੀ।

ਪਰ ਦੂਜੇ ਪਾਸੇ, ਅਸੀਂ ਸਦੀਆਂ ਪੁਰਾਣੇ ਅਭਿਆਸਾਂ ਨੂੰ ਬਦਲ ਦਿੱਤਾ।

ਜਿਹੜੇ ਕੁਝ ਅਭਿਆਸ ਕੁਝ ਸਦੀਆਂ ਪਹਿਲਾਂ ਪ੍ਰਚੱਲਿਤ ਹੁੰਦੇ ਸਨ ਤੇ ਜੇ ਉਨ੍ਹਾਂ ਨੂੰ ਵਾਧੂ ਮਹਿਸੂਸ ਕੀਤਾ ਗਿਆ, ਤਾਂ ਉਨ੍ਹਾਂ ਨੂੰ ਬਦਲ ਦਿੱਤਾ ਜਾਂਦਾ ਸੀ।

ਅਸੀਂ ਨਵੇਂ ਵਿਚਾਰਾਂ ਲਈ ਆਪਣੇ ਦਰ ਸਦਾ ਖੁੱਲ੍ਹੇ ਰੱਖੇ ਹਨ।

ਸਾਡੇ ਸਮੁੱਚੇ ਇਤਿਹਾਸ ਵਿੱਚ, ਸਾਡੇ ਸੰਤਾਂ ਨੇ ਉਹ ਚੀਜ਼ਾਂ ਕਰ ਵਿਖਾਈਆਂ ਜੋ ਵੇਖਣ ਨੂੰ ਭਾਵੇਂ ਛੋਟੀਆਂ ਜਾਪਦੀਆਂ ਸਨ ਪਰ ਉਨ੍ਹਾਂ ਦਾ ਅਸਰ ਵੱਡਾ ਹੁੰਦਾ ਸੀ ਅਤੇ ਉਸ ਨਾਲ ਸਾਡੇ ਇਤਿਹਾਸ ਦਾ ਵੇਗ ਬਦਲ ਗਿਆ ਸੀ।

ਕਿਸੇ ਵੀ ਧਰਮ, ਕਿਸੇ ਸੱਭਿਆਚਾਰ ਤੋਂ ਪਹਿਲਾਂ ਭਾਰਤ ਦੀਆਂ ਮਹਿਲਾ ਸੰਤਾਂ ਨੇ ਲਿੰਗਕ ਸਮਾਨਤਾ ਦਾ ਮੁੱਦਾ ਉਠਾਇਆ ਸੀ।

ਉਨ੍ਹਾਂ ਨੇ ਆਪਣੀਆਂ ਸ਼ਕਤੀਸ਼ਾਲੀ ਲਿਖਤਾਂ ਰਾਹੀਂ ਆਪਣੇ-ਆਪ ਨੂੰ ਬੇਖ਼ੌਫ਼ ਹੋ ਕੇ ਪ੍ਰਗਟਾਇਆ ਸੀ।

ਹਿੰਦੂ ਦਰਸ਼ਨ-ਸ਼ਾਸਤਰ ਵਿੱਚ, ਸਮੇਂ ਨੂੰ ਅਸੀਮ ਦਾ ਅਹਿਮ ਤੱਤ ਪ੍ਰਵਾਨ ਕੀਤਾ ਗਿਆ ਹੈ – ਅਸੀਂ ਦਿੱਕ-ਕਾਲ-ਬੰਧਿਤ – ਹਾਂ, ਜੋ ਸਥਾਨ ਤੇ ਸਮੇਂ ਨਾਲ ਬੱਝਾ ਹੋਇਆ ਹੈ।

ਗੁਰੂ ਦੀ ਭੂਮਿਕਾ ਕਾਲ ਦੇ ਸੰਦਰਭ ਵਿੱਚ ਸਦੀਵੀ ਕਦਰਾਂ-ਕੀਮਤਾਂ ਦੀ ਵਿਆਖਿਆ ਕਰਨ ਲਈ ਹੈ – ਤਾਂ ਜੋ ਗਿਆਨ ਦੀ ਧਾਰਾ ਉਸ ਵਗਦੇ ਦਰਿਆ ਵਾਂਗ ਰਹੇ ਤੇ ਆਪਣੇ ਵੇਗ ਨਾਲ ਹੀ ਖ਼ੁਦ ਨੂੰ ਨਵਿਆਉਂਦੀ ਰਹੇ ਤੇ ਸਦਾ ਤਾਜ਼ਾ ਤੇ ਗੁੰਜਾਇਮਾਨ ਰਹੇ।

ਧਰਮ-ਗ੍ਰੰਥ ਆਖਦੇ ਹਨ:

प्रेरकः सूचकश्वैव वाचको दर्शकस्तथा ।

शिक्षको बोधकश्चैव षडेते गुरवः स्मृताः ॥

 

ਜੋ ਤੁਹਾਨੂੰ ਪ੍ਰੇਰਿਤ ਕਰਦੇ ਹਨ, ਜੋ ਤੁਹਾਨੂੰ ਕੋਈ ਜਾਣਕਾਰੀ ਦਿੰਦੇ ਹਨ, ਜੋ ਤੁਹਾਨੂੰ ਸੱਚ ਬਿਆਨ ਕਰਦੇ ਹਨ, ਜੋ ਤੁਹਾਨੂੰ ਪੜ੍ਹਾਉਂਦੇ ਹਨ, ਤੁਹਾਨੂੰ ਸਹੀ ਰਾਹ ਵਿਖਾਉਂਦੇ ਤੇ ਤੁਹਾਨੂੰ ਜਾਗਰੂਕ ਕਰਦੇ ਹਨ, ਉਹ ਸਾਰੇ ਤੁਹਾਡੇ ਗੁਰੂ ਹਨ।

ਕੇਰਲ ਨੂੰ ਤਬਦੀਲ ਕਰਨ ਵਿੱਚ ਸ੍ਰੀ ਨਾਰਾਇਣ ਗੁਰੂ ਵੱਲੋਂ ਨਿਭਾਈ ਗਈ ਭੂਮਿਕਾ ਸਾਨੂੰ ਸਭ ਨੂੰ ਚੇਤੇ ਹੈ।

ਪੱਛੜੀ ਜਾਤ ਨਾਲ ਸਬੰਧਤ ਇੱਕ ਸੰਤ ਤੇ ਸਮਾਜ-ਸੁਧਾਰਕ, ਜਿਸ ਨੇ ਸਮਾਜਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਜਾਤ-ਪਾਤ ਦੇ ਬੰਧਨਾਂ ਨੂੰ ਪਛਾੜਿਆ ਸੀ।

ਜਦੋਂ ਸ਼ਿਵਗਿਰੀ ਤੀਰਥ-ਯਾਤਰਾ ਅਰੰਭ ਹੋਈ ਸੀ, ਉਨ੍ਹਾਂ ਇਸ ਦੇ ਨਿਸ਼ਾਨਿਆਂ ਦਾ ਐਲਾਨ ਕਰਦਿਆਂ ਆਖਿਆ ਸੀ ਕਿ ਸਿੱਖਿਆ, ਸਵੱਛਤਾ, ਪਰਮੇਸ਼ਵਰ ਪ੍ਰਤੀ ਸ਼ਰਧਾ, ਸੰਗਠਨ, ਖੇਤੀਬਾੜੀ, ਵਪਾਰ, ਦਸਤਕਾਰੀਆਂ ਤੇ ਤਕਨੀਕੀ ਸਿਖਲਾਈ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਕੀ ਸਮਾਜ ਦੀ ਤਰੱਕੀ ਲਈ ਕਿਸੇ ਅਧਿਆਪਕ ਵੱਲੋਂ ਅਜਿਹੇ ਮਾਪਦੰਡ ਤੈਅ ਕਰਨ ਦੀ ਕੋਈ ਹੋਰ ਬਿਹਤਰ ਮਿਸਾਲ ਹੋ ਸਕਦੀ ਸੀ?

ਇਸ ਇਕੱਠ ਵਿੱਖ ਸ੍ਰੀ ਰਾਮਕ੍ਰਿਸ਼ਨ ਬਾਰੇ ਗੱਲ ਕਰਨਾ ਇੰਝ ਜਾਪ ਸਕਦਾ ਹੈ ਕਿ ਜਿਵੇਂ ਨਿਊਕੈਸਲ ਵੱਲ ਕੋਲੇ ਲਿਜਾ ਰਹੇ ਹੋਈਏ, ਪਰ ਮੈਂ ਅਜਿਹੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ, ਜਿਹੜੀਆਂ ਅੱਜ ਵੀ ਉਨ੍ਹਾਂ ਨੂੰ ਵਾਜਬ ਬਣਾਉਂਦੀਆਂ ਹਨ।

ਉਹ ਭਗਤੀ ਲਹਿਰ ਦੀ ਰਵਾਇਤ ਦੇ ਸੰਤਾਂ ਦਾ ਹਿੱਸਾ ਸਨ ਅਤੇ ਕਥਾ-ਅੰਮ੍ਰਿਤ ਵਿੱਚ ਸਾਨੂੰ ਚੈਤੰਨਯ ਮਹਾਂਪ੍ਰਭੂ – ਉਨ੍ਹਾਂ ਦੀ ਅੰਤਰਲੀਨਤਾ, ਉਨ੍ਹਾਂ ਦੇ ਗੀਤ, ਉਨ੍ਹਾਂ ਦੀ ਅਥਾਹ ਸ਼ਰਧਾ ਦੇ ਬਹੁਤ ਝਲਕਾਰੇ ਮਿਲਦੇ ਹਨ।

ਪਰ ਉਨ੍ਹਾਂ ਨੇ ਰਵਾਇਤ ਨੂੰ ਨਵਾਂ ਰੂਪ ਦੇ ਕੇ ਇਸ ਨੂੰ ਹੋਰ ਮਜ਼ਬੂਤ ਬਣਾਇਆ।

ਉਨ੍ਹਾਂ ਨੇ ਅਜਿਹੀਆਂ ਮਾਨਸਿਕ ਰੁਕਾਵਟਾਂ ਨੂੰ ਤੋੜਿਆ, ਜਿਨ੍ਹਾਂ ਕਰ ਕੇ ਧਰਮਾਂ ਤੇ ਜਾਤਾਂ ਵਿਚਾਲੇ ਵੱਡੀਆਂ ਦੂਰੀਆਂ ਬਣੀਆਂ ਰਹੀਆਂ ਸਨ।

ਉਹ ਸਮਾਜਕ ਇੱਕਸੁਰਤਾ ਦੇ ਸੰਤ ਸਨ।

ਸਹਿਣਸ਼ੀਲਤਾ, ਸ਼ਰਧਾ ਨਾਲ ਭਰਪੂਰ ਉਨ੍ਹਾਂ ਦਾ ਸੁਨੇਹਾ ਕਿਸੇ ਨੂੰ ਵੀ ਗਿਆਨੀ, ਯੋਗੀ ਤੇ ਸ਼ਰਧਾਲੂ – ਜਿਹੇ ਵੱਖੋ-ਵੱਖਰੇ ਨਾਵਾਂ ਨਾਲ ਇੱਕ ਈਸ਼ਵਰ ਦੀ ਰੂਹਾਨੀਅਤ ਨਾਲ ਘੇਰੀ ਰੱਖਦਾ ਹੈ। ”ਉਸੇ ਨੂੰ , ਜਿਸ ਨੂੰ ਗਿਆਨੀ ਬ੍ਰਹਮਾ – ਅਨੰਤ ਆਖਦੇ ਹਨ, ਨੂੰ ਯੋਗੀਆਂ ਵੱਲੋਂ ਆਤਮਾ – ਸਰਬਵਿਆਪਕ ਆਤਮਾ ਅਤੇ ਸ਼ਰਧਾਲੂਆਂ ਵੱਲੋਂ ਭਗਵਾਨ – ਰੂਹਾਨੀ ਖ਼ਾਸੀਅਤਾਂ ਵਾਲਾ ਨਿਜੀ ਈਸ਼ਵਰ ਕਿਹਾ ਜਾਂਦਾ ਹੈ”

ਉਨ੍ਹਾਂ ਨੇ ਮੁਸਲਿਮ ਸ਼ੈਲੀ ਨਾਲ ਆਪਣਾ ਜੀਵਨ ਜੀਵਿਆ, ਉਹ ਮਸੀਹੀ ਜੀਵਨ ਸ਼ੈਲੀ ਵਾਂਗ ਵੀ ਰਹੇ, ਉਨ੍ਹਾਂ ਤੰਤਰ ਦਾ ਅਭਿਆਸ ਕੀਤਾ।

ਉਨ੍ਹਾਂ ਪਾਇਆ ਕਿ ਰੂਹਾਨੀਅਤ ਵੱਲ ਜਾਣ ਦੇ ਬਹੁਤ ਸਾਰੇ ਰਾਹ ਸਨ, ਪਰ ਜੇ ਸ਼ਰਧਾ ਨਾਲ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ, ਤਾਂ ਉਨ੍ਹਾਂ ਸਭ ਦਾ ਨਿਸ਼ਾਨਾ ਇੱਕੋ ਹੀ ਹੈ।

”ਅਸਲੀਅਤ ਹਰ ਥਾਂ ਉੱਤੇ ਇੱਕੋ ਜਿਹੀ ਰਹਿੰਦੀ ਹੈ,” ਉਨ੍ਹਾਂ ਕਿਹਾ ਸੀ,”ਫ਼ਰਕ ਨਾਮ ਤੇ ਕਿਸਮ ਦਾ ਹੈ।”

”ਇਹ ਉਸ ਜਲ ਵਾਂਗ ਹੈ, ਜਿਸ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਵਿਭਿੰਨ ਨਾਵਾਂ, ਜਿਵੇਂ ਕਿ ਜਲ, ਨੀਰ ਪਾਨੀ ਤੇ ਹੋਰ ਨਾਵਾਂ ਨਾਲ ਸੱਦਿਆ ਜਾਂਦਾ ਹੈ।”

ਇੰਝ ਹੀ ਜਰਮਨ ਭਾਸ਼ਾ ਵਿੱਚ ਇਹ ‘ਵਾਸਰ’ ਹੈ, ਫ਼ਰੈਂਚ ਇਸ ਨੂੰ ‘ਈਓ’ ਕਹਿੰਦੇ ਹਨ, ਇਤਾਲਵੀ ਵਿੱਚ ਇਹ ‘ਐਕੁਆ’ ਹੋ ਜਾਂਦਾ ਹੈ ਤੇ ਜਾਪਾਨੀ ਭਾਸ਼ਾ ਵਿੱਚ ‘ਮੀਜ਼ੂ’, ਕੇਰਲ ਵਿੱਚ ਤੁਸੀਂ ਇਸ ਨੂੰ ਵੇੱਲਮ ਕਹਿੰਦੇ ਹੋ।

ਸਾਰੇ ਇੱਕੋ ਹੀ ਚੀਜ਼ ਨੂੰ ਬਿਆਨ ਕਰਦੇ ਹਨ, ਫ਼ਰਕ ਕੇਵਲ ਨਾਮ ਦਾ ਹੈ।

ਇਸੇ ਤਰ੍ਹਾਂ, ਕੁਝ ਅਸਲੀਅਤ ਨੂੰ ‘ਅੱਲ੍ਹਾ’ ਦੇ ਨਾਂਅ ਨਾਲ ਸੰਬੋਧਨ ਕਰਦੇ ਹਨ, ਕੁਝ ‘ਗੌਡ’ ਕਹਿੰਦੇ ਹਨ, ਕੁਝ ਇਸ ਦੇ ‘ਬ੍ਰਹਮਾ’ ਆਖਦੇ ਹਨ ਤੇ ਕੁਝ ‘ਕਾਲੀ’ ਅਤੇ ਹੋਰ ਲੋਕ ‘ਰਾਮ’, ‘ਜੀਸਸ’, ‘ਦੁਰਗਾ’, ‘ਹਰੀ’ ਜਿਹੇ ਨਾਮ ਲੈਂਦੇ ਹਨ।

ਉਨ੍ਹਾਂ ਦੀਆਂ ਸਿੱਖਿਆਵਾਂ, ਖ਼ਾਸ ਕਰ ਕੇ ਅੱਜ ਉਦੋਂ ਬੜੀਆਂ ਵਾਜਬ ਸਿੱਧ ਹੁੰਦੀਆਂ ਹਨ, ਜਦੋਂ ਸਾਡਾ ਸਾਹਮਣਾ ਅਜਿਹੇ ਲੋਕਾਂ ਨਾਲ ਹੁੰਦਾ ਹੈ, ਜਿਹੜੇ ਧਰਮ, ਜਾਤ ਨੂੰ ਵੰਡੀਆਂ ਪਾਉਣ ਤੇ ਵੈਰ-ਭਾਵ ਵਧਾਉਣ ਲਈ ਵਰਤਦੇ ਹਨ।

ਮਹਾਤਮਾ ਗਾਂਧੀ ਨੇ ਕਿਹਾ ਸੀ: ਰਾਮਕ੍ਰਿਸ਼ਨ ਦਾ ਜੀਵਨ ਸਾਨੂੰ ਪਰਮੇਸ਼ਵਰ ਦੇ ਰੂ-ਬ-ਰੂ ਕਰਵਾਉਣ ਦੇ ਯੋਗ ਹੈ।

ਕੋਈ ਵੀ ਵਿਅਕਤੀ ਉਨ੍ਹਾਂ ਦੇ ਜੀਵਨ ਦੀ ਕਹਾਣੀ ਨੂੰ ਇਸ ਧਾਰਨਾ ਨੂੰ ਸਮਝੇ ਬਗ਼ੈਰ ਨਹੀਂ ਪੜ੍ਹ ਸਕਦਾ ਕਿ ਕੇਵਲ ਪਰਮੇਸ਼ਵਰ ਹੀ ਇੱਕੋ-ਇੱਕ ਸੱਚ ਹਨ ਅਤੇ ਬਾਕੀ ਸਭ ਭਰਮ ਹੈ।

ਸ੍ਰੀ ਰਾਮਕ੍ਰਿਸ਼ਨ ਪ੍ਰਾਚੀਨ ਤੇ ਆਧੁਨਿਕ ਵਿਚਾਲੇ ਇੱਕ ਸੰਪਰਕ ਹਨ।

ਉਨ੍ਹਾਂ ਦਰਸਾਇਆ ਕਿ ਪ੍ਰਾਚੀਨ ਆਦਰਸ਼ਾਂ ਤੇ ਅਨੁਭਵਾਂ ਨੂੰ ਕਿਵੇਂ ਆਧੁਨਿਕ ਜੀਵਨ-ਸ਼ੈਲੀ ਅਪਣਾ ਕੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ।

ਸਾਧਾਰਨ ਕਥਾਵਾਂ, ਸਾਧਾਰਨ ਸੰਦੇਸ਼ – ਸਰਲ ਢੰਗ ਨਾਲ ਬਿਆਨ ਕੀਤੇ ਗਏ ਸਨ।

ਪਰ ਉਹ ਕਿਉਂਕਿ ਬਹੁਤ ਸਾਦੇ ਢੰਗ ਨਾਲ ਆਖੇ ਗਏ ਸਨ, ਇਸੇ ਲਈ ਉਹ ਸਰੋਤਿਆਂ ਦੇ ਮਨਾਂ ਉੱਤੇ ਉੱਕਰ ਗਏ ਸਨ।

ਜੇ ਸਾਡੇ ਅਜਿਹਾ ਅਧਿਆਪਕ ਨਾ ਹੁੰਦਾ, ਤਾਂ ਕੀ ਸਾਡੇ ਕੋਲ ਸਵਾਮੀ ਵਿਵੇਕਾਨੰਦ ਜਿਹਾ ਕੋਈ ਸ਼ਿਸ਼ ਵੀ ਹੋਣਾ ਸੀ?

ਉਹ ਕਰਮਯੋਗੀ, ਜਿਹੜਾ ਆਪਣੇ ਗੁਰੂ ਦੇ ਵਿਚਾਰ ਨੂੰ ਅਗਾਂਹ ਤੱਕ ਲੈ ਗਿਆ –

ਜਤਰਾ ਜੀਵ, ਤਤਰਾ ਸ਼ਿਵ – ਜਿੱਥੇ ਵੀ ਕਿਤੇ ਕੋਈ ਜੀਵਤ ਪ੍ਰਾਣੀ ਹੈ, ਉੱਥੇ ਸ਼ਿਵ ਹੈ,

ਅਤੇ

ਜੀਵੇ ਦਯਾ ਨੋਯ, ਸ਼ਿਵ ਗਿਆਨੇ ਜੀਵ ਸੇਵਾ – जीवे दया नोय, शिव ज्ञाने जीव सेबा – ਜੇ ਜੀਵਤ ਪ੍ਰਾਣੀਆਂ ਵਿੱਚ ਦਿਆਲਤਾ ਨਹੀਂ, ਤਾਂ ਜੀਵਤ ਪ੍ਰਾਣੀਆਂ ਦੀ ਸੇਵਾ ਕਰਨਾ ਖ਼ੁਦ ਸ਼ਿਵ ਦੀ ਸੇਵਾ ਦੇ ਸਮਾਨ ਹੈ –

ਉਹ ਸਾਰਾ ਜੀਵਨ ‘ਦਰਿਦ੍ਰ ਨਾਰਾਇਣ’ ਦੀ ਸੇਵਾ ਪ੍ਰਤੀ ਸਮਰਪਿਤ ਰਹੇ।

ਸਵਾਮੀ ਵਿਵੇਕਾਨੰਦ ਨੇ ਆਖਿਆ ਸੀ – ਸਾਨੂੰ ਪਰਮੇਸ਼ਵਰ ਦੀ ਭਾਲ ਲਈ ਕਿੱਥੇ ਜਾਣਾ ਚਾਹੀਦਾ ਹੈ?

ਕੀ ਸਾਰੇ ਗ਼ਰੀਬ, ਦੁਖੀ, ਕਮਜ਼ੋਰ, ਦੇਵਤੇ ਨਹੀਂ? ਪਹਿਲਾਂ ਉਨ੍ਹਾਂ ਦੀ ਪੂਜਾ ਕਿਉਂ ਨਾ ਕਰ ਲਈ ਜਾਵੇ? ਇਨ੍ਹਾਂ ਲੋਕਾਂ ਨੂੰ ਆਪਣਾ ਪਰਮੇਸ਼ਵਰ ਬਣਾਓ।

ਉਨ੍ਹਾਂ ਸਪਸ਼ਟ  ਸੱਦਾ ਦਿੱਤਾ ਸੀ – ”ਦਿਲ ਵਿੱਚ ਅਥਾਹ ਹੌਸਲਾ ਤੇ ਅਮੋੜ ਸ਼ਕਤੀ ਨਾਲ ਤੀਖਣ ਕਰਮ-ਯੋਗ ਦੀ ਹੁਣ ਜ਼ਰੂਰਤ ਹੈ। ਕੇਵਲ ਤਦ ਹੀ ਦੇਸ਼ ਦੇ ਲੋਕ ਜਾਗਰੂਕ ਹੋ ਸਕਦੇ ਹਨ”

– ਸਾਨੂੰ ਨਿਰੰਤਰ ਕਾਰਜ ਕਰਦੇ ਰਹਿਣ ਲਈ ਪ੍ਰੇਰਿਤ ਕਰ ਸਕਦੇ ਹਨ, ਸਾਡੇ ਲਈ ਨਿਰੰਤਰ ਹੌਸਲਾ ਬਣੇ ਰਹਿ ਸਕਦੇ ਹਨ।

ਰਾਮਕ੍ਰਿਸ਼ਨ ਮਿਸ਼ਨ ਦਾ ਸੇਵਾ ਦਾ ਸਾਰਾ ਰਿਕਾਰਡ ਇਸੇ ਪ੍ਰਤੀਬੱਧਤਾ ਦਾ ਗਵਾਹ ਹੈ।

ਸਾਨੂੰ ਇਹ ਮਿਸ਼ਨ ਗ਼ਰੀਬ ਖੇਤਰਾਂ, ਕਬਾਇਲੀਆਂ ‘ਚ ਵੀ ਮਿਲ ਜਾਂਦੀ ਹੈ, ਦੁੱਖ ਘਟਾਉਣ ਦਾ ਜਤਨ ਕਰ ਰਹੇ ਅਤੇ ਜ਼ਰੂਰਤ ਜਾਂ ਤਬਾਹੀ ਨਾਲ ਝੰਬੇ ਇਲਾਕਿਆਂ ਵਿੱਚ ਵੀ ਇਹ ਪਾਈ ਜਾਂਦੀ ਹੈ।

ਇਹ ਨਹੀਂ ਵੇਖਿਆ ਜਾਂਦਾ ਕਿ ਸਾਹਮਣੇ ਵਾਲਾ ਵਿਅਕਤੀ ਕਿਸ ਜਾਤੀ ਜਾਂ ਵਿਸ਼ਵਾਸ ਨਾਲ ਸਬੰਧਤ ਹੈ।

ਅਹਿਮ ਇਹੋ ਹੁੰਦਾ ਹੈ ਕਿ ਨਿਸ਼ਕਾਮ ਸੇਵਾ ਰਾਹੀਂ ਉਸ ਪੁਰਸ਼ ਜਾਂ ਇਸਤਰੀ ਦੀ ਮਦਦ ਕੀਤੀ ਜਾ ਸਕੇ।

ਮਿਸ਼ਨ ਦੀ ਵੈੱਬਸਾਈਟ ਉੱਤੇ,

ਸਾਨੂੰ ਇਹ ਬ੍ਰਹਮ-ਵਾਕ ਲਿਖਿਆ ਮਿਲਦਾ ਹੈ – आत्मनो मोक्षार्थम जगत हिताय 

ਹਰੇਕ ਵਿਅਕਤੀ ਦੀ ਆਪਣੀ ਮੁਕਤੀ ਲਈ ਅਤੇ ਵਿਸ਼ਵ ਕਲਿਆਣ ਲਈ।

सेवा परमो धर्म:

 

पृथिवीं धर्मणा धृतां शिवां स्योनामनु चरेम विश्वहा।

 (ਧਰਮ ਦੁਆਰਾ ਧਾਰਨ ਕੀਤੀ ਗਈ ਇਸ ਮਾਤਭੂਮੀ ਦੀ ਸੇਵਾ ਅਸੀਂ ਸਦਾ ਕਰਦੇ ਰਹੀਏ)

 

मैत्री करुणा मुदितोपेक्षाणां। सुख दु: पुण्यापुण्य विषयाणां। वनातश्चित्तप्रासादनम्। (ਦੂਜੇ ਦਾ ਦੁੱਖ ਵੇਖ ਕੇ ਮਨ ਵਿੱਚ ਕਰੁਣਾ, ਦੂਜੇ ਦਾ ਪੁੰਨ (ਸਮਾਜ ਸੇਵਾ ਆਦਿ) ਵੇਖ ਕੇ ਆਨੰਦ ਦਾ ਭਾਵ ਅਤੇ ਕਿਸੇ ਨੇ ਪਾਪ-ਕਰਮ ਕੀਤਾ, ਤਾਂ ਮਨ ਵਿੱਚ ਉਪੇਖਿਆ ਦਾ ਭਾਵ ਕੀਤਾ ਹੋਵੇਗਾ ‘ਛੱਡੋ’ ਪ੍ਰਤੀਕਿਰਿਆਵਾਂ ਪੈਦਾ ਹੋਣੀਆਂ ਚਾਹੀਦੀਆਂ ਹਨ)

ਅੱਜ ਜਿਹੜੀ ਲਾਟ ਬਲ਼ ਰਹੀ ਹੈ – ਜਿਸ ਸਤ੍ਰਮ  ਦੀ ਸ਼ੁਰੂਆਤ ਹੋ ਗਈ ਹੈ – ਨਾਲ ਸਾਡੇ ਮਨ ਰੌਸ਼ਨ ਹੋਣੇ ਚਾਹੀਦੇ ਹਨ – एकदीप से जले दूसरा, जलते दीप हज़ार।

ਸਾਡੇ ਪਿਆਰੇ ਸ੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਕਵਿਤਾ ਹੈ:

आओ फिर से दीया जलाएं

 भरी दुपहरी में अंधियारा

 सूरज परछाई से हारा

 अंतरतम का नेह निचोड़ें

 बुझी हुई बाती सुलगाएं।

 आओ फिर से दीया जलाएं।

 

ਸ੍ਰੀ ਸ੍ਰੀ ਠਾਕੁਰ ਰਾਮਕ੍ਰਿਸ਼ਨ ਦੇ ਵਚਨ ਸਾਨੂੰ ਪ੍ਰੇਰਿਤ ਕਰਦੇ ਰਹਿਣ ਅਤੇ ਅਸੀਂ ਗ਼ਰੀਬਾਂ ਤੇ ਕਮਜ਼ੋਰਾਂ ਦੀ ਸੇਵਾ ਕਰਦੇ ਹੋਏ ਖ਼ੁਦ ਆਪਣੀ ਹਉਮੈ ਉੱਤੇ ਕਾਬੂ ਪਾਉਣ ਲਈ ਸਾਰੀਆਂ ਚੀਜ਼ਾਂ ਵਿੱਚ ਰੱਬੀ ਸ਼ਕਤੀ ਨੂੰ ਦੇਖੀਏ, ਤਾਂ ਜੋ ਅਸੀਂ ਮਹਾਨ ਸੱਚਾਈ ਨੂੰ ਲੱਭ ਸਕੀਏ, ਜੋ ਸਾਰੇ ਧਰਮਾਂ ਦਾ ਤੱਤ-ਸਾਰ ਹੈ।

ਇੱਕ ਵਾਰ ਫਿਰ, ਮਹਾਨ ਸ਼ਿਸ਼ ਦੇ ਸ਼ਬਦਾਂ ਨੂੰ ਮੈਂ ਆਪਣੇ ਰਾਹ-ਦਿਸੇਰੇ ਵਜੋਂ ਲਵਾਂਗਾ: ਆਓ ਆਪਾਂ ਕਰਦੇ ਰਹੀਏ, ਉਂਝ ਹੀ ਕੰਮ ਕਰਦੇ ਰਹੀਏ, ਜਿਵੇਂ ਕਿ ਅਸੀਂ ਕਰਦੇ ਹਾਂ ਤੇ ਜੋ ਸਾਡਾ ਫ਼ਰਜ਼ ਹੈ, ਅਤੇ ਅਸੀਂ ਪਹੀਆ ਘੁੰਮਦਾ ਰੱਖਣ ਲਈ ਆਪਣੇ ਮੋਢੇ ਸਦਾ ਤਿਆਰ ਰੱਖੀਏ।

ਤਦ ਯਕੀਨੀ ਤੌਰ ਉੱਤੇ ਅਸੀਂ ਪ੍ਰਕਾਸ਼ ਦੇਖਾਂਗੇ!

ਤੁਹਾਡਾ ਧੰਨਵਾਦ ਤੁਹਾਡਾ ਬਹੁਤ ਧੰਨਵਾਦ

*****

AKT/NT