Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੇਨੱਈ, ਤਾਮਿਲਨਾਡੂ ਵਿੱਚ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਿਆ ਮੈਟ੍ਰਿਕੂਲੇਸ਼ਨ ਹਾਇਰ ਸੈਕੰਡਰੀ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਸ਼ਿਰਕਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੇਨੱਈ, ਤਾਮਿਲਨਾਡੂ ਵਿੱਚ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਿਆ ਮੈਟ੍ਰਿਕੂਲੇਸ਼ਨ ਹਾਇਰ ਸੈਕੰਡਰੀ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਸ਼ਿਰਕਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੇਨੱਈ, ਤਾਮਿਲਨਾਡੂ ਵਿੱਚ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਿਆ ਮੈਟ੍ਰਿਕੂਲੇਸ਼ਨ ਹਾਇਰ ਸੈਕੰਡਰੀ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦਿਨ ਦੀ ਡੂੰਘੀ ਅਧਿਆਤਮਕ ਮਹੱਤਤਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਪਹਿਲੇ ਦਿਨ ਸ਼ਿਵ ਅਤੇ ਸ਼ਕਤੀ ਦੀ ਪਵਿੱਤਰ ਧਰਤੀ ’ਤੇ ਆਉਣ ’ਤੇ ਆਪਣੀ ਅਥਾਹ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਤਾ ਸਰਸਵਤੀ ਦੇ ਭਗਤਾਂ ਨੂੰ ਮਿਲਦਿਆਂ ਨੌਜਵਾਨਾਂ ਦੀ ਸਕਾਰਾਤਮਿਕ ਊਰਜਾ, ਉਤਸ਼ਾਹ ਅਤੇ ਜੋਸ਼ੀਲੇ ਜਜ਼ਬੇ ਦਾ ਅਹਿਸਾਸ ਕਰਨਾ ਤਿਉਹਾਰ ਦੀ ਬਹੁਤ ਹੀ ਸ਼ੁਭ ਸ਼ੁਰੂਆਤ ਸੀ। ਸ਼੍ਰੀ ਮੋਦੀ ਨੇ ਕਿਹਾ, “ਮੈਂ ਤੁਹਾਡੇ ਸਾਰਿਆਂ ਦੀਆਂ ਅੱਖਾਂ ਵਿੱਚ ਭਾਰਤ ਦਾ ਭਵਿੱਖ ਦੇਖ ਸਕਦਾ ਹਾਂ।”

ਨੌਜਵਾਨ ਪੀੜ੍ਹੀ ਦੀ ਅਥਾਹ ਸਮਰੱਥਾ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਅੱਜ ਦੇ ਨੌਜਵਾਨਾਂ ਵਿੱਚ ‘ਵਿਕਸਿਤ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਾਲੀ ਪ੍ਰੇਰਕ ਤਾਕਤ ਬਣਨ ਦੀ ਤੀਬਰ ਇੱਛਾ ਹੈ। ਉਨ੍ਹਾਂ ਕਿਹਾ ਕਿ ਇਸ ਕੌਮੀ ਟੀਚੇ ਨੂੰ ਹਾਸਲ ਕਰਨ ਲਈ ਲੋੜੀਂਦੇ ਨਵੇਂ ਵਿਚਾਰ ਅਤੇ ਹੱਲ ਆਖ਼ਰਕਾਰ ਨਾ ਸਿਰਫ਼ ਦੇਸ਼ ਦੀ ਕਿਸਮਤ, ਸਗੋਂ ਪੂਰੀ ਦੁਨੀਆ ਦੇ ਭਵਿੱਖ ਨੂੰ ਵੀ ਸਰੂਪ ਦੇਣਗੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅੱਜ ਦੁਨੀਆ ਹੱਲ ਲੱਭ ਰਹੀ ਹੈ ਅਤੇ ਤੁਹਾਡੇ ਕੋਲ ਉਹ ਹੱਲ ਦੇਣ ਦੀ ਸਮਰੱਥਾ ਹੈ।”

ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਲਈ ਉਤਸ਼ਾਹਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਹਰ ਨੌਜਵਾਨ ਨੂੰ ਦੇਸ਼ ਵਿੱਚ ਇਸ ਸਮੇਂ ਉੱਭਰ ਰਹੇ ਬੇਅੰਤ ਮੌਕਿਆਂ ਦੇ ਵਿਸ਼ਾਲ ਖੇਤਰ ਵਿੱਚ ਆਪਣਾ ਭਵਿੱਖ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਬੇਮਿਸਾਲ ਮੌਕਿਆਂ ਦੇ ਇਸ ਦੌਰ ਵਿੱਚ ਇਹ ਸਮੂਹਿਕ ਕੌਮੀ ਸੁਪਨਾ ਉਨ੍ਹਾਂ ਦੀ ਪਹੁੰਚ ਵਿੱਚ ਹੈ। ਸ਼੍ਰੀ ਮੋਦੀ ਨੇ ਦ੍ਰਿੜ੍ਹਤਾ ਨਾਲ ਕਿਹਾ, “ਅਸੀਂ ਸਾਰੇ ਮਿਲ ਕੇ ਇਹ ਕਰਾਂਗੇ!”

ਇੱਕ ਨਿੱਜੀ ਕਿੱਸਾ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਇਸ ਦੌਰੇ ਪਿੱਛੇ ਦੀ ਦਿਲਚਸਪ ਪ੍ਰੇਰਣਾ ਬਾਰੇ ਦੱਸਿਆ। ਉਨ੍ਹਾਂ ਕੁਝ ਮਹੀਨੇ ਪਹਿਲਾਂ ਨਾਗਰਕੋਇਲ ਵਿੱਚ ਗਿਰਿਜਾ ਅੰਮਾ ਅਤੇ ਕਈ ਬੱਚਿਆਂ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਦੇ ਭਵਿੱਖ ਪ੍ਰਤੀ ਉਨ੍ਹਾਂ ਦਾ ਡੂੰਘਾ ਸਮਰਪਣ, ਆਤਮ-ਵਿਸ਼ਵਾਸ ਅਤੇ ਅਟੁੱਟ ਸ਼ਰਧਾ ਮੇਰੇ ਮਨ ’ਤੇ ਇੱਕ ਅਮਿੱਟ ਛਾਪ ਛੱਡ ਗਈ।”

ਉਸ ਪਹਿਲੀ ਮੁਲਾਕਾਤ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗਿਰਿਜਾ ਅੰਮਾ ਦੇ ਨਿੱਘੇ ਪਿਆਰ ਅਤੇ ਇਸ ਇਤਿਹਾਸਕ ਸੰਸਥਾ ਪ੍ਰਤੀ ਉਨ੍ਹਾਂ ਦੇ ਡੂੰਘੇ ਸਤਿਕਾਰ ਨੇ ਉਨ੍ਹਾਂ ਨੂੰ ਗੋਲਡਨ ਜੁਬਲੀ ਸਮਾਗਮ ਦਾ ਸੱਦਾ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਮੈਂ ਵਿਸ਼ਵ ਹਿੰਦੂ ਵਿੱਦਿਆ ਕੇਂਦਰ ਅਤੇ ਪੂਰੇ ਹਿੰਦੂ ਵਿਦਿਆਲਿਆ ਪਰਿਵਾਰ ਨੂੰ ਪੰਜਾਹ ਸਾਲਾਂ ਦੇ ਇਸ ਸ਼ਾਨਦਾਰ ਸਫ਼ਰ ਲਈ ਦਿਲੋਂ ਵਧਾਈ ਦਿੰਦਾ ਹਾਂ।”

ਇਸ ਸੰਸਥਾ ਦੇ ਬੇਹੱਦ ਪ੍ਰੇਰਨਾਦਾਇਕ ਸਫ਼ਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਸ਼ਵ ਹਿੰਦੂ ਵਿੱਦਿਆ ਕੇਂਦਰ ਦੀ ਸ਼ੁਰੂਆਤ 1975 ਵਿੱਚ ਚੇਨੱਈ ਦੇ ‘ਪੱਛਮੀ ਮਾਂਬਲਮ’ ਇਲਾਕੇ ਵਿੱਚ ਇੱਕ ਬਹੁਤ ਹੀ ਛੋਟੇ ਸਕੂਲ ਵਜੋਂ ਹੋਈ ਸੀ, ਜਿੱਥੇ ਸਿਰਫ਼ ਸੱਤ ਵਿਦਿਆਰਥੀ ਸਨ ਅਤੇ ਸਾਧਨ ਵੀ ਸੀਮਤ ਸਨ। ਉਨ੍ਹਾਂ ਸੰਸਥਾ ਦੇ ਮੋਢੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਧੁਨਿਕ ਸਹੂਲਤਾਂ ਜਾਂ ਪੱਕੀ ਇਮਾਰਤ ਦੀ ਘਾਟ ਦੇ ਬਾਵਜੂਦ ਆਪਣੀ ਮਜ਼ਬੂਤ ਇੱਛਾ-ਸ਼ਕਤੀ ਅਤੇ ਸੇਵਾ ਦੀ ਅਟੁੱਟ ਭਾਵਨਾ ਦੇ ਸਹਾਰੇ ਮੁੱਢਲੀਆਂ ਮੁਸ਼ਕਲਾਂ ’ਤੇ ਕਾਬੂ ਪਾਇਆ ਅਤੇ ਸੰਸਥਾ ਨੂੰ ਅੱਗੇ ਵਧਾਇਆ। ਸ਼੍ਰੀ ਮੋਦੀ ਨੇ ਕਿਹਾ, “ਇਸੇ ਕਾਰਨ ਹਰ ਮੁਸ਼ਕਲ ਦੇ ਬਾਵਜੂਦ ਇਹ ਸੰਸਥਾ ਲਗਾਤਾਰ ਅੱਗੇ ਵਧਦੀ ਰਹੀ।”

ਇਸ ਨਿਮਰ ਸ਼ੁਰੂਆਤ ਤੋਂ ਹੋਏ ਵਿਸ਼ਾਲ ਵਿਸਥਾਰ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸ਼ੁਰੂਆਤ ਦੀ ਇਹ ਛੋਟੀ ਜਿਹੀ ਕੋਸ਼ਿਸ਼ ਦਹਾਕਿਆਂ ਦੌਰਾਨ ਇੱਕ ਵਿਸ਼ਾਲ ਵਿੱਦਿਅਕ ਲਹਿਰ ਵਿੱਚ ਬਦਲ ਗਈ। ਉਨ੍ਹਾਂ ਸੂਬੇ ਭਰ ਵਿੱਚ ਇਸ ਸੰਸਥਾ ਦੇ ਮੌਜੂਦਾ ਵਿਸ਼ਾਲ ਪਸਾਰ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅੱਜ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਤੁਹਾਡੀਆਂ 15 ਸੰਸਥਾਵਾਂ ਹਨ।”

ਸੰਸਥਾ ਦੀ ਨੀਂਹ ਰੱਖਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਕੂਲ ਦੀ ਇਮਾਰਤ ਦੀ ਉਸਾਰੀ ਵਿੱਚ ਸ਼੍ਰੀ ਜੈਗੋਪਾਲ ਗਰੋਡੀਆ ਦੇ ਮਹੱਤਵਪੂਰਨ ਯੋਗਦਾਨ ਨੂੰ ਸਤਿਕਾਰ ਸਹਿਤ ਯਾਦ ਕੀਤਾ। ਉਨ੍ਹਾਂ ਸਾਰੇ ਅਧਿਆਪਕਾਂ, ਕਰਮਚਾਰੀਆਂ, ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਦਾ ਡੂੰਘਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਿੰਦੂ ਵਿਦਿਆਲਿਆ ਦੇ ਸਫ਼ਰ ਨੂੰ ਸ਼ਾਨਦਾਰ ਸਫ਼ਲਤਾ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਮਰਪਣ ਦੇ ਪੰਜਾਹ ਸਾਲ, ਵਚਨਬੱਧਤਾ ਦੇ ਪੰਜਾਹ ਸਾਲ ਅਤੇ ਨੌਜਵਾਨਾਂ ਦੇ ਜੀਵਨ ਨੂੰ ਸੰਵਾਰਨ ਦੇ ਪੰਜਾਹ ਸਾਲ।”

ਅਕਾਦਮਿਕ ਸਿੱਖਿਆ ਨੂੰ ਮਜ਼ਬੂਤ ਦੇਸ਼ਭਗਤੀ ਦੀਆਂ ਕਦਰਾਂ-ਕੀਮਤਾਂ ਨਾਲ ਸਫ਼ਲਤਾਪੂਰਵਕ ਜੋੜਨ ਲਈ ਸੰਸਥਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਗਿਰਿਜਾ ਅੰਮਾ ਦਾ ਜ਼ਿਕਰ ਕਰਨ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਗਿਰਿਜਾ ਅੰਮਾ ਨੇ ਬੱਚਿਆਂ ਨੂੰ ਦੇਸ਼ ਦੇ ਫ਼ੌਜੀਆਂ ਲਈ ਹਰ ਰੋਜ਼ ਸਿਰਫ਼ ਇੱਕ ਰੁਪਇਆ ਬਚਾਉਣ ਲਈ ਪ੍ਰੇਰਿਤ ਕਰਕੇ ਸ਼ਾਨਦਾਰ ਮਿਸਾਲ ਕਾਇਮ ਕੀਤੀ। ਉਨ੍ਹਾਂ ਹਜ਼ਾਰਾਂ ਬੱਚਿਆਂ ਵੱਲੋਂ ਇਸ ਸੰਕਲਪ ਨਾਲ ਜੁੜ ਕੇ ਕੁੱਲ 40 ਲੱਖ ਰੁਪਏ ਇਕੱਠੇ ਕਰਨ ਦੇ ਸ਼ਲਾਘਾਯੋਗ ਸਮੂਹਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਸੱਚਮੁੱਚ, ਇਹ ਕਿੰਨੀ ਪ੍ਰੇਰਨਾਦਾਇਕ ਮਿਸਾਲ ਹੈ!”

ਛੋਟੇ-ਛੋਟੇ ਯਤਨਾਂ ਦੀ ਵੱਡੀ ਤਾਕਤ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਯੋਗਦਾਨ ਸਮਾਜ ’ਤੇ ਬਹੁਤ ਵੱਡਾ ਸਕਾਰਾਤਮਿਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਹਿੰਦੂ ਵਿਦਿਆਲਿਆ ਪਰਿਵਾਰ ਦੀ ਸ਼ਲਾਘਾ ਕੀਤੀ, ਜੋ ਕੁਦਰਤੀ ਆਫ਼ਤਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਤੋਂ ਲੈ ਕੇ ਸਫ਼ਾਈ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤੱਕ, ਮਹਾਨ ਕਦਰਾਂ-ਕੀਮਤਾਂ ਦੀ ਵਿਰਾਸਤ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇੱਕ ਛੋਟੀ ਜਿਹੀ ਕੋਸ਼ਿਸ਼ ਵੀ ਬਹੁਤ ਵੱਡਾ ਪ੍ਰਭਾਵ ਪੈਦਾ ਕਰ ਸਕਦੀ ਹੈ।”

ਪੁਰਾਤਨ ਗਿਆਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਮਹਾਨ ਸੰਤ ਤਿਰੂਵੱਲੂਵਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਦੇ ਵਿਦਿਆਰਥੀਆਂ ਲਈ ਬਹੁਤ ਪ੍ਰਸੰਗਕ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਹੋਈ ਇੱਕ ਕੂਟਨੀਤਕ ਮੁਲਾਕਾਤ ਦਾ ਜ਼ਿਕਰ ਕਰਦਿਆਂ ਮਾਣ ਨਾਲ ਦੱਸਿਆ ਕਿ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਤਿਰੁੱਕੁਰਲ ਦਾ ਰੂਸੀ ਅਨੁਵਾਦ ਭੇਟ ਕੀਤਾ ਸੀ। ਸ਼੍ਰੀ ਮੋਦੀ ਨੇ ਕਿਹਾ, “ਤੁਹਾਡੇ ਸਾਰੇ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਬਹੁਤ ਮਹੱਤਵਪੂਰਨ ਹਨ।”

ਤਿਰੁੱਕੁਰਲ ਦੀ ਸਦੀਵੀ ਮਾਰਗਦਰਸ਼ਕ ਸਿੱਖਿਆ ਬਾਰੇ ਵਿਸਥਾਰ ਨਾਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਇਸ ਗ੍ਰੰਥ ਨੂੰ ਜੀਵਨ ਭਰ ਸਿੱਖਦੇ ਰਹਿਣ ਵਾਲਿਆਂ ਲਈ ਇੱਕ ਸ਼ਾਨਦਾਰ ਮਾਰਗਦਰਸ਼ਕ ਦੱਸਿਆ। ਉਨ੍ਹਾਂ ਤਿਰੂਵੱਲੂਵਰ ਦੇ ਇੱਕ ਪ੍ਰਸਿੱਧ ਕੁਰਲ ਦਾ ਜ਼ਿਕਰ ਕੀਤਾ, ਜਿਸ ਵਿੱਚ ਸਿੱਖੇ ਹੋਏ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਇਸ ਨੂੰ ਵਿਦਿਆਰਥੀਆਂ ਲਈ ਇੱਕ ਬਹੁਤ ਮਹੱਤਵਪੂਰਨ ਸਿੱਖਿਆ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “ਕੁਝ ਸਿੱਖਣ ਦੇ ਨਾਲ-ਨਾਲ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਵੀ ਜ਼ਰੂਰੀ ਹੈ।”

ਦੇਸ਼ ਨੂੰ ਜੋੜਨ ਵਾਲੇ ਡੂੰਘੇ ਸਭਿਆਚਾਰਕ ਸਬੰਧਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਹਾਨ ਕਵੀ ਮਹਾਕਵੀ ਭਾਰਤੀਯਾਰ ਕਾਸ਼ੀ ਵਿੱਚ ਅਨੁਭਵ ਕੀਤੀ ਅਧਿਆਤਮਿਕ ਚੇਤਨਾ ਅਤੇ ਰਾਸ਼ਟਰੀ ਚੇਤਨਾ ਤੋਂ ਡੂੰਘੇ ਤੌਰ ’ਤੇ ਪ੍ਰਭਾਵਿਤ ਹੋਏ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕਵੀ ਦੇ ਵਿਸ਼ਾਲ ਜੀਵਨ ਅਤੇ ਫ਼ਲਸਫ਼ੇ ਨੂੰ ਪੜ੍ਹਨ ਅਤੇ ਉਸ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅਧਿਆਤਮਕ ਅਤੇ ਰਾਸ਼ਟਰੀ ਚੇਤਨਾ ਨਾਲ ਭਰਪੂਰ ਕਾਸ਼ੀ ਦੇ ਮਾਹੌਲ ਨੇ ਉਨ੍ਹਾਂ ਦੇ ਵਿਚਾਰਾਂ ’ਤੇ ਡੂੰਘਾ ਪ੍ਰਭਾਵ ਪਾਇਆ।”

ਆਪਣੇ ਸੰਸਦੀ ਹਲਕੇ ਨੂੰ ਇਸ ਸਾਂਝੀ ਵਿਰਾਸਤ ਨਾਲ ਜੋੜਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਾਸ਼ੀ ਦੇ ਲੋਕ ਅੱਜ ਵੀ ਮਹਾਕਵੀ ਭਾਰਤੀਯਾਰ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਯਾਦ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਕਵੀ ਦੇ ਪ੍ਰਸਿੱਧ ਮੰਤਰ ‘ਅਚਮਿੱਲਾਈ, ਅਚਮਿੱਲਾਈ’ (ਡਰ ਨਹੀਂ, ਡਰ ਨਹੀਂ) ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਆਪਣੇ ਵਿਚਾਰਾਂ ਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਡਰਤਾ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਵੱਡੇ ਸੁਪਨੇ ਦੇਖੋ, ਵੱਖਰੇ ਢੰਗ ਨਾਲ ਸੋਚੋ ਅਤੇ ਨਿਡਰ ਬਣੋ।”

ਆਪਣੇ ਜੀਵਨ ਦੇ ਤਜਰਬਿਆਂ ’ਤੇ ਵਿਚਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਵਿਆਪਕ ਯਾਤਰਾ ਕਰਨ ਅਤੇ ਲੋਕਾਂ ਤੋਂ ਸਿੱਧੇ ਤੌਰ ’ਤੇ ਸਿੱਖਣ ਨਾਲ ਦੇਸ਼ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਵਿਕਸਿਤ ਹੋਈ। ਉਨ੍ਹਾਂ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਗਈ ਏਕਤਾ ਯਾਤਰਾ ਵਿੱਚ ਆਪਣੀ ਸ਼ਮੂਲੀਅਤ ਨੂੰ ਯਾਦ ਕੀਤਾ, ਜਿਸ ਦੌਰਾਨ ਗਿਰਿਜਾ ਅੰਮਾ ਨਾਲ ਉਨ੍ਹਾਂ ਦੀ ਜਾਣ-ਪਛਾਣ ਸ਼ੁਰੂ ਹੋਈ ਸੀ। ਸ਼੍ਰੀ ਮੋਦੀ ਨੇ ਕਿਹਾ, “ਉਸ ਸਮੇਂ ਤੋਂ ਹੀ ਸਾਡੀ ਇਹ ਜਾਣ-ਪਛਾਣ ਬਣੀ ਹੋਈ ਹੈ।”

ਸੂਬੇ ਨਾਲ ਆਪਣੇ ਡੂੰਘੇ ਨਿੱਜੀ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਦੀਆਂ ਆਪਣੀਆਂ ਵਿਆਪਕ ਯਾਤਰਾਵਾਂ ਨੇ ਉਨ੍ਹਾਂ ਨੂੰ ਭਾਰਤ ਦੀ ਵਿਸ਼ਾਲ ਭਿੰਨਤਾ ਨੂੰ ਨੇੜਿਓਂ ਸਮਝਣ ਅਤੇ ਉਸ ਦੀ ਕਦਰ ਕਰਨ ਦਾ ਮੌਕਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਤਾਮਿਲ ਭਾਸ਼ਾ ਅਤੇ ਤਾਮਿਲ ਸੱਭਿਆਚਾਰ ਲਈ ਮੇਰੇ ਮਨ ਵਿੱਚ ਜੋ ਪਿਆਰ ਹੈ, ਉਹ ਵੀ ਇਨ੍ਹਾਂ ਤਜਰਬਿਆਂ ਵਿੱਚੋਂ ਹੀ ਪੈਦਾ ਹੋਇਆ ਹੈ।”

ਵਿਦਿਆਰਥੀਆਂ ਨੂੰ ਕੌਮੀ ਏਕਤਾ ਦੇ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਭਰ ਦੀ ਯਾਤਰਾ ਕਰਨ ਅਤੇ ਤਾਮਿਲ ਸੱਭਿਆਚਾਰ ਨੂੰ ਮਾਣ ਨਾਲ ਹਰ ਥਾਂ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਉਨ੍ਹਾਂ ਨੂੰ ਤਾਮਿਲ ਕਵਿਤਾਵਾਂ, ਕਹਾਣੀਆਂ ਅਤੇ ਪਰੰਪਰਾਵਾਂ ਸਾਂਝੀਆਂ ਕਰਨ ਦੇ ਨਾਲ-ਨਾਲ ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਨਾਲ ਦੋਸਤੀ ਬਣਾਉਣ ਦੀ ਸਲਾਹ ਦਿੱਤੀ, ਤਾਂ ਜੋ ਦੇਸ਼ ਦੀ ਏਕਤਾ ਹੋਰ ਮਜ਼ਬੂਤ ਹੋ ਸਕੇ। ਸ਼੍ਰੀ ਮੋਦੀ ਨੇ ਕਿਹਾ, “ਤੁਹਾਡੇ ਵੱਲੋਂ ਬਣਾਈਆਂ ਜਾਣ ਵਾਲੀਆਂ ਦੋਸਤੀਆਂ ਹੀ ਸਾਡੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਦੀਆਂ ਹਨ।”

ਦੇਸ਼ ਦੇ ਵਿੱਦਿਅਕ ਖੇਤਰ ਵਿੱਚ ਹੋ ਰਹੀਆਂ ਬੇਮਿਸਾਲ ਢਾਂਚਾਗਤ ਤਬਦੀਲੀਆਂ ਦਾ ਵੇਰਵਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਨਵੀਂ ਪੀੜ੍ਹੀ ਲਈ ਵਧ ਰਹੇ ਮੌਕਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ 2014 ਵਿੱਚ 750 ਤੋਂ ਵਧ ਕੇ ਅੱਜ 1,300 ਤੋਂ ਵੱਧ ਹੋ ਗਈ ਹੈ, ਜਦੋਂ ਕਿ ਕਾਲਜਾਂ ਦੀ ਗਿਣਤੀ 38,000 ਤੋਂ ਵਧ ਕੇ 52,000 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਕਈ ਨਵੇਂ ਆਈਆਈਟੀ, ਆਈਆਈਐੱਮ, ਆਈਆਈਆਈਟੀ ਅਤੇ ਏਮਜ਼ ਵੀ ਸਥਾਪਤ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਕਿਹਾ, “ਅੱਜ ਦੇਸ਼ ਵਿੱਚ ਸਿੱਖਿਆ ਦਾ ਪੂਰਾ ਦ੍ਰਿਸ਼ ਬਦਲ ਰਿਹਾ ਹੈ।”

ਨਵੀਂ ਸਿੱਖਿਆ ਨੀਤੀ ਰਾਹੀਂ ਹੋਏ ਗੁਣਾਤਮਕ ਸੁਧਾਰਾਂ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਭਾਰਤੀ ਵਿੱਦਿਅਕ ਸੰਸਥਾਵਾਂ ਦੀ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਮਾਨਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕਿਊਐੱਸ ਦਰਜਾਬੰਦੀ ਵਿੱਚ ਸ਼ਾਮਲ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ 2015 ਵਿੱਚ ਸਿਰਫ਼ 14 ਸੀ, ਜੋ ਨਵੀਂਤਮ ਦਰਜਾਬੰਦੀ ਵਿੱਚ ਵਧ ਕੇ 52 ਹੋ ਗਈ ਹੈ। ਇਸ ਨਾਲ ਵਿਦਿਆਰਥੀਆਂ ਲਈ ਉਪਲਬਧ ਵਿਕਲਪਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਤੁਹਾਡੇ ਲਈ ਵਧੇਰੇ ਸੰਸਥਾਵਾਂ, ਵਧੇਰੇ ਵਿਕਲਪ ਅਤੇ ਵਧੇਰੇ ਮੌਕੇ।”

ਨੌਜਵਾਨਾਂ ਦੀਆਂ ਵੱਖ-ਵੱਖ ਖ਼ਾਹਿਸ਼ਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਬਹੁਤ ਸਾਰੇ ਵਿਦਿਆਰਥੀ ਗੈਰ-ਰਵਾਇਤੀ ਕਰੀਅਰ, ਖ਼ਾਸ ਕਰਕੇ ਖੇਡਾਂ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਦੇਸ਼ ਵਿੱਚ ਨਵਾਂ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਬਿਹਤਰ ਸਿਖਲਾਈ ਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਤਾਂ ਜੋ ਖੇਡਾਂ ਨੂੰ ਸਿਰਫ਼ ਮਨੋਰੰਜਨ ਦੀ ਬਜਾਏ ਇੱਕ ਵਿਹਾਰਕ ਪੇਸ਼ੇ ਵਜੋਂ ਮਾਨਤਾ ਮਿਲੇ। ਇਸ ਨਾਲ ਪਹਿਲਾਂ ਹੀ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਮਾਣ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਨੌਜਵਾਨ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਸਹਾਇਤਾ ਮਿਲ ਰਹੀ ਹੈ।”

ਦੇਸ਼ ਦੇ ਖੇਡ ਖੇਤਰ ਨਾਲ ਜੁੜੇ ਅਭਿਲਾਸ਼ੀ ਟੀਚਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਜ਼ੋਰਦਾਰ ਤਿਆਰੀ ਕਰ ਰਿਹਾ ਹੈ ਅਤੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੇ ਮੌਕੇ ਆਉਣ ਨਾਲ ਨੌਜਵਾਨਾਂ ਨੂੰ ਹੁਣ ਇੱਕ ਸ਼ਾਨਦਾਰ ਮੰਚ, ਆਪਣੀ ਸਮਰੱਥਾ ਦਿਖਾਉਣ ਦੇ ਮੌਕੇ ਅਤੇ ਸਰਕਾਰ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮੌਕੇ ਬੇਅੰਤ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਪੀੜ੍ਹੀ ਖੇਡਾਂ ਦੇ ਖੇਤਰ ਵਿੱਚ ਵੀ ਭਾਰਤ ਨੂੰ ਦੁਨੀਆ ਵਿੱਚ ਨਵੀਂਆਂ ਉਚਾਈਆਂ ਤੱਕ ਲੈ ਕੇ ਜਾਵੇਗੀ।”

ਨੌਜਵਾਨ ਪੀੜ੍ਹੀ ’ਤੇ ਆਪਣਾ ਵਿਸ਼ਵਾਸ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਜੋਸ਼ ਭਰੇ ਸੁਪਨਿਆਂ ਨੂੰ ਮਹਿਸੂਸ ਕਰਨ ਨਾਲ ਦੇਸ਼ ਦੇ ਸ਼ਾਨਦਾਰ ਭਵਿੱਖ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਆਉਣ ਵਾਲੇ ਯੁੱਗ ਨੂੰ ਸਰੂਪ ਦੇਣ ਅਤੇ ਉਸ ਦੀ ਦਿਸ਼ਾ ਤੈਅ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਨਾਇਕ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦਾ ਭਵਿੱਖ ਬਹੁਤ ਸ਼ਾਨਦਾਰ ਹੋਵੇਗਾ ਅਤੇ ਉਸ ਭਵਿੱਖ ਦੇ ਸਭ ਤੋਂ ਵੱਡੇ ਨਾਇਕ ਤੁਸੀਂ ਹੋਵੋਗੇ।”

ਨੌਜਵਾਨਾਂ ਦੀਆਂ ਸਮਰੱਥਾਵਾਂ ’ਤੇ ਆਪਣੇ ਪੂਰਨ ਵਿਸ਼ਵਾਸ ਨੂੰ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਮੌਜੂਦ ਵਿਦਿਆਰਥੀਆਂ ਦੀ ਅਥਾਹ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਸਮਰੱਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਕੱਠੇ ਹੋਏ ਨੌਜਵਾਨਾਂ ਨੂੰ ਦੇਸ਼ ਲਈ ਕੁਝ ਵੱਡੇ ਅਤੇ ਇਤਿਹਾਸਕ ਸੰਕਲਪ ਲੈਣ ਵਿੱਚ ਉਨ੍ਹਾਂ ਨਾਲ ਜੁੜਨ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਅੱਜ ਮੈਂ ਤੁਹਾਡੇ ਸਾਰਿਆਂ ਨਾਲ ਕੁਝ ਵੱਡੇ ਸੰਕਲਪਾਂ ਨੂੰ ਮੁੜ ਦੁਹਰਾਉਣਾ ਚਾਹੁੰਦਾ ਹਾਂ।”

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਉਤਸ਼ਾਹਪੂਰਨ ਅਤੇ ਸੰਵਾਦਮਈ ਸੰਕਲਪ ਨਾਲ ਕਰਦੇ ਹੋਏ ਵਿਸ਼ਾਲ ਇਕੱਠ ਦੀ ਅਗਵਾਈ ਕਰਦਿਆਂ “ਅਸੀਂ ਇਹ ਕਰਕੇ ਦਿਖਾਵਾਂਗੇ!” ਦਾ ਜ਼ੋਰਦਾਰ ਨਾਅਰਾ ਲਗਵਾਇਆ। ਇਸ ਰਾਹੀਂ ਉਨ੍ਹਾਂ ਨੇ ਕਈ ਵੱਡੇ ਕੌਮੀ ਟੀਚਿਆਂ ਪ੍ਰਤੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੌਜਵਾਨਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ, ਦੁਨੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ, ਆਤਮਨਿਰਭਰ ਆਲਮੀ ਨਿਰਮਾਣ ਧੁਰਾ ਬਣਨ, ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਅਤੇ ਕਿਸੇ ਭਾਰਤੀ ਨੂੰ ਚੰਦਰਮਾ ’ਤੇ ਪਹੁੰਚਾਉਣ ਦੇ ਟੀਚਿਆਂ ਦੀ ਪ੍ਰਾਪਤੀ ਲਈ ਪੂਰੇ ਸਮਰਪਣ ਨਾਲ ਜੁਟਣ ਦੀ ਅਪੀਲ ਕੀਤੀ।

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ