Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 27 ਅਤੇ 28 ਦਸੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਮੁੱਖ ਸਕੱਤਰਾਂ ਦੇ ਪੰਜਵੇਂ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਤੇ 28 ਦਸੰਬਰ, 2025 ਨੂੰ ਦਿੱਲੀ ਵਿੱਚ ਹੋਣ ਵਾਲੇ ਮੁੱਖ ਸਕੱਤਰਾਂ ਦੇ ਪੰਜਵੇਂ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਹ ਸੰਮੇਲਨ ਰਾਸ਼ਟਰੀ ਵਿਕਾਸ ਤਰਜੀਹਾਂ ਅਤੇ ਨਿਰੰਤਰ ਗੱਲਬਾਤ ਰਾਹੀਂ ਕੇਂਦਰ-ਰਾਜ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।

ਪ੍ਰਧਾਨ ਮੰਤਰੀ ਦੇ ਸਹਿਕਾਰੀ ਸੰਘਵਾਦ ਦੇ ਦ੍ਰਿਸ਼ਟੀਕੋਣ ‘ਤੇ ਆਧਾਰਿਤ ਇਹ ਕਾਨਫ਼ਰੰਸ ਇੱਕ ਅਜਿਹੇ ਪਲੇਟਫਾਰਮ ਵਜੋਂ ਕੰਮ ਕਰਦੀ ਹੈ, ਜਿੱਥੇ ਕੇਂਦਰ ਅਤੇ ਰਾਜ ਭਾਰਤ ਦੀ ਮਨੁੱਖੀ ਪੂੰਜੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਅਤੇ ਸਮਾਵੇਸ਼ੀ ਭਵਿੱਖ ਲਈ ਤਿਆਰ ਵਿਕਾਸ ਨੂੰ ਗਤੀ ਦੇਣ ਲਈ ਇੱਕ ਏਕੀਕ੍ਰਿਤ ਢਾਂਚਾ ਵਿਕਸਤ ਕਰਨ ਲਈ ਸਹਿਯੋਗ ਕਰਦੇ ਹਨ।

26 ਤੋਂ 28 ਦਸੰਬਰ, 2025 ਤੱਕ ਹੋਣ ਵਾਲੀ ਇਸ ਤਿੰਨ-ਰੋਜ਼ਾ ਕਾਨਫ਼ਰੰਸ ਵਿੱਚ ਇੱਕ ਸਾਂਝੇ ਵਿਕਾਸ ਏਜੰਡੇ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਕਾਨਫ਼ਰੰਸ ਭਾਰਤ ਦੀ ਆਬਾਦੀ ਨੂੰ ਸਿਰਫ਼ ਜਨ-ਸੰਖਿਆ ਲਾਭਅੰਸ਼ ਵਜੋਂ ਦੇਖਣ ਦੀ ਬਜਾਏ ਨਾਗਰਿਕਾਂ ਨੂੰ ਮਨੁੱਖੀ ਪੂੰਜੀ ਵਜੋਂ ਸਥਾਪਤ ਕਰਨ ਲਈ ਸਹਿਯੋਗੀ ਅਧਾਰ ਤਿਆਰ ਕਰੇਗਾ। ਇਸ ਲਈ ਸਿੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ, ਹੁਨਰ ਵਿਕਾਸ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਅਤੇ ਭਵਿੱਖ ਲਈ  ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਰਣਨੀਤੀਆਂ ਵਿਕਸਤ ਕੀਤੀਆਂ ਜਾਣਗੀਆਂ।

ਕੇਂਦਰੀ ਮੰਤਰਾਲਿਆਂ/ਵਿਭਾਗਾਂ, ਨੀਤੀ ਆਯੋਗ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਖੇਤਰ ਦੇ ਮਾਹਰਾਂ ਵਿਚਕਾਰ ਵਿਆਪਕ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ, ਪੰਜਵੀਂ ਰਾਸ਼ਟਰੀ ਕਾਨਫ਼ਰੰਸ ਦਾ ਵਿਸ਼ਾ “ਵਿਕਸਤ ਭਾਰਤ ਲਈ ਮਨੁੱਖੀ ਪੂੰਜੀ” ਹੋਵੇਗਾ, ਜਿਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਸਰਬੋਤਮ ਕਾਰਜ ਪ੍ਰਣਾਲੀਆਂ ਅਤੇ ਰਣਨੀਤੀਆਂ ਸ਼ਾਮਲ ਹੋਣਗੀਆਂ।

ਇਸ ਵਿਆਪਕ ਵਿਸੇ ਤਹਿਤ, ਪੰਜ ਮੁੱਖ ਖੇਤਰਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ: ਮੁਢਲੀ ਬਚਪਨ ਦੀ ਸਿੱਖਿਆ, ਸਕੂਲ ਸਿੱਖਿਆ, ਹੁਨਰ ਵਿਕਾਸ, ਉੱਚ ਸਿੱਖਿਆ, ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ, ਜਿਨ੍ਹਾਂ ਨੂੰ ਵਿਸਤ੍ਰਿਤ ਚਰਚਾ ਲਈ ਚੁਣਿਆ ਗਿਆ ਹੈ।

ਰਾਜਾਂ ਵਿੱਚ ਡੀਰੇਗੂਲੇਸ਼ਨ; ਸ਼ਾਸਨ ਵਿੱਚ ਤਕਨਾਲੋਜੀ: ਮੌਕੇ, ਜੋਖਮ ਅਤੇ ਸ਼ਮਨ; ਸਮਾਰਟ ਸਪਲਾਈ ਚੇਨਾਂ ਅਤੇ ਮਾਰਕੀਟ ਸਬੰਧਾਂ ਲਈ ਐਗਰੀਸਟੈਕ; ਇੱਕ ਰਾਜ, ਇੱਕ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ; ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ ਅਤੇ ਐੱਲਡਬਲਯੂਈ ਤੋਂ ਬਾਅਦ ਦੀਆਂ ਭਵਿੱਖ ਦੀਆਂ ਯੋਜਨਾਵਾਂ ਵਰਗੇ ਵਿਸ਼ਿਆਂ ‘ਤੇ ਛੇ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਦੁਪਹਿਰ ਦੇ ਖਾਣੇ ਦੌਰਾਨ ਵਿਰਾਸਤ ਅਤੇ ਹੱਥ-ਲਿਖਤ ਸੰਭਾਲ ਅਤੇ ਡਿਜੀਟਾਈਜ਼ੇਸ਼ਨ ਅਤੇ ਸਾਰਿਆਂ ਦੇ ਲਈ ਆਯੁਸ਼-ਪ੍ਰਾਇਮਰੀ ਹੈਲਥਕੇਅਰ ਡਿਲੀਵਰੀ ਵਿੱਚ ਗਿਆਨ ਦੇ ਏਕੀਕਰਨ ਵਰਗੇ ਵਿਸ਼ਿਆਂ ‘ਤੇ ਕੇਂਦ੍ਰਿਤ ਚਰਚਾਵਾਂ ਕੀਤੀਆਂ ਜਾਣਗੀਆਂ।

ਮੁੱਖ ਸਕੱਤਰਾਂ ਦੀ ਰਾਸ਼ਟਰੀ ਕਾਨਫ਼ਰੰਸ ਪਿਛਲੇ ਚਾਰ ਸਾਲਾਂ ਤੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਇਸ ਦੀ ਪਹਿਲੀ ਕਾਨਫ਼ਰੰਸ ਜੂਨ, 2022 ਵਿੱਚ ਧਰਮਸ਼ਾਲਾ ਵਿੱਚ ਹੋਈ ਸੀ। ਇਸ ਤੋਂ ਬਾਅਦ ਦੀਆਂ ਕਾਨਫ਼ਰੰਸਾਂ ਜਨਵਰੀ 2023, ਦਸੰਬਰ 2023 ਅਤੇ ਦਸੰਬਰ, 2024 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ।

ਇਸ ਕਾਨਫ਼ਰੰਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ, ਸੀਨੀਅਰ ਅਧਿਕਾਰੀ, ਸਬੰਧਤ ਖੇਤਰ ਦੇ ਮਾਹਰ ਅਤੇ ਹੋਰ ਪਤਵੰਤੇ ਮੌਜੂਦ ਰਹਿਣਗੇ।

***********

ਐੱਮਜੇਪੀਐੱਸ/ਵੀਜੇ