ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ।
‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ‘ਮਨ ਕੀ ਬਾਤ’ ਸਮਾਜ ਦੇ ਹਰ ਵਰਗ, ਦੇਸ਼ ਦੇ ਹਰ ਹਿੱਸੇ ਦੀਆਂ ਪ੍ਰਾਪਤੀਆਂ ਨੂੰ ਸਾਹਮਣੇ ਲਿਆਉਣ ਦਾ ਇੱਕ ਮੰਚ ਹੈ ਅਤੇ ਇਸ ਵਿੱਚ ਅਸੀਂ ਸਮਾਜ ਦੇ ਸਾਹਮਣੇ ਮੌਜੂਦ ਚੁਣੌਤੀਆਂ ਬਾਰੇ ਵੀ ਗੱਲ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਵੀ ਕਰਦੇ ਹਾਂ। ਅੱਜ ‘ਮਨ ਕੀ ਬਾਤ’ ਵਿੱਚ ਮੈਂ ਸਭ ਤੋਂ ਪਹਿਲਾਂ ਅਜਿਹਾ ਹੀ ਇੱਕ ਵਿਸ਼ਾ ਚੁੱਕ ਰਿਹਾ ਹਾਂ ਅਤੇ ਉਹ ਹੈ ‘ਡਰੱਗਜ਼’ ਯਾਨੀ ਨਸ਼ੇ ਦੀ ਆਦਤ।
ਸਾਥੀਓ,
ਅੱਜ ਦੁਨੀਆ ਵਿੱਚ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਦੀ ਕਿੰਨੀ ਚਰਚਾ ਹੋ ਰਹੀ ਹੈ। ਸਾਡੇ ਨੌਜਵਾਨ ਵੱਡੇ-ਵੱਡੇ ਸੁਪਨੇ ਦੇਖ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀਅ-ਜਾਨ ਨਾਲ ਜੁਟੇ ਹੋਏ ਹਨ, ਪਰ ਨੌਜਵਾਨਾਂ ਦੇ ਇਨ੍ਹਾਂ ਸੁਪਨਿਆਂ ਦੇ ਸਾਹਮਣੇ ਡਰੱਗਜ਼, ਨਸ਼ਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਮੈਨੂੰ ਸੰਤੁਸ਼ਟੀ ਹੈ ਕਿ ਅੱਜ ਦੇਸ਼ ਵਿੱਚ ਨਸ਼ਿਆਂ ਵਿਰੁੱਧ ਸਮਾਜ ਦੀ ਸਰਗਰਮੀ ਵਧ ਰਹੀ ਹੈ। ‘ਨਸ਼ਾ ਮੁਕਤ ਯੁਵਾ ਅਭਿਆਨ’ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਅਜਿਹੀਆਂ ਕਈ ਪ੍ਰੇਰਨਾਦਾਇਕ ਉਦਾਹਰਣਾਂ ਸਾਡੇ ਸਾਹਮਣੇ ਆ ਰਹੀਆਂ ਹਨ, ਜਿੱਥੇ ਨੌਜਵਾਨਾਂ ਨੇ ਆਪਣੀ ਇੱਛਾ ਸ਼ਕਤੀ ਨਾਲ ਨਸ਼ੇ ਦੀ ਆਦਤ ਨੂੰ ਹਰਾਇਆ ਹੈ ਅਤੇ ਔਖੇ ਤੋਂ ਔਖੇ ਹਾਲਾਤ ਨਾਲ ਲੜਾਈ ਲੜ ਕੇ ਬਾਹਰ ਨਿਕਲੇ ਹਨ। ਉਹ ਆਪਣੇ ਆਪ ਨਾਲ ਲੜੇ ਹਨ ਅਤੇ ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਅੱਜ ‘ਮਨ ਕੀ ਬਾਤ’ ਵਿੱਚ ਮੈਂ ਅਜਿਹੇ ਹੀ ਇੱਕ ਨੌਜਵਾਨ ਸਾਥੀ ਨੂੰ ਫ਼ੋਨ ਕੀਤਾ ਹੈ। ਆਓ, ਉਨ੍ਹਾਂ ਤੋਂ ਹੀ ਸੁਣਦੇ ਹਾਂ ਕਿ ਡਰੱਗਜ਼ ਵਿਰੁੱਧ ਆਪਣੇ ਜੀਵਨ ਦੀ ਇਹ ਲੜਾਈ ਉਨ੍ਹਾਂ ਨੇ ਕਿਵੇਂ ਲੜੀ। ਉਹ ਕਿਹੋ-ਜਿਹੀਆਂ ਮੁਸ਼ਕਲਾਂ ਵਿੱਚੋਂ ਲੰਘੇ। ਆਓ, ਉਨ੍ਹਾਂ ਨੂੰ ਸੁਣਦੇ ਹਾਂ।
ਨੌਜਵਾਨ ਸਾਥੀ: ਨਮਸਕਾਰ ਸਰ, ਤੁਸੀਂ ਕਿਵੇਂ ਹੋ?
ਪ੍ਰਧਾਨ ਮੰਤਰੀ: ਨਮਸਤੇ ਜੀ, ਅੱਜ ਮੈਨੂੰ ਇੱਕ ਨਵਾਂ ਦੋਸਤ ਮਿਲ ਰਿਹਾ ਹੈ। ਮੈਂ ਤੁਹਾਨੂੰ ਕਦੇ ਮਿਲਿਆ ਨਹੀਂ ਹਾਂ, ਪਰ ਤੁਹਾਡੇ ਬਾਰੇ ਜੋ ਸੁਣਿਆ…
ਨੌਜਵਾਨ ਸਾਥੀ: ਜੀ ਸਰ।
ਪ੍ਰਧਾਨ ਮੰਤਰੀ: ਤਾਂ ਮੇਰਾ ਮਨ ਕੀਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ।
ਨੌਜਵਾਨ ਸਾਥੀ: ਜੀ-ਜੀ, ਬਿਲਕੁਲ ਸਰ।
ਪ੍ਰਧਾਨ ਮੰਤਰੀ: ਦੋਸਤ, ਤੁਸੀਂ ਦੱਸੋ ਕਿ ਤੁਸੀਂ ਨਸ਼ੇ ਦੀ ਗ੍ਰਿਫ਼ਤ ਵਿੱਚ ਕਿਵੇਂ ਫਸ ਗਏ?
ਨੌਜਵਾਨ ਸਾਥੀ: ਸਰ, ਮੈਂ ਦਿੱਲੀ ਦੇ ਸਦਰ ਬਾਜ਼ਾਰ ਵਿੱਚ ਰਿਹਾ ਕਰਦਾ ਸੀ। ਉੱਥੇ ਮੇਰੀ ਨਾਨੀ ਦਾ ਘਰ ਸੀ। ਉੱਥੋਂ ਦਾ ਮਾਹੌਲ ਕੁਝ ਅਜਿਹਾ ਸੀ ਕਿ ਛੋਟੇ-ਛੋਟੇ ਬੱਚੇ ਨਸ਼ਾ ਕਰਦੇ ਸਨ। ਮੈਂ ਉਨ੍ਹਾਂ ਨੂੰ ਦੇਖਦਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਸੁਸਤ ਜਿਹੀਆਂ ਰਹਿੰਦੀਆਂ ਸਨ। ਮੈਨੂੰ ਲੱਗਦਾ ਸੀ ਕਿ ਇਹ ਕੁਝ ਕਰਦੇ ਹਨ। ਫਿਰ ਸਰ, ਅਜਿਹਾ ਹੋਇਆ ਕਿ ਮੈਂ ਸਕੂਲ ਵਿੱਚ ਆਪਣੇ ਤੋਂ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੂੰ ਦੇਖਦਾ ਸੀ। ਉਹ ਵੀ ਕੁਝ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਜਿਊਂਦੇ ਸਨ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ। ਦਸਵੀਂ ਜਮਾਤ ਵਿੱਚ ਮੈਂ ਥੋੜ੍ਹਾ-ਬਹੁਤ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਮੇਰਾ ਪੱਧਰ ਵਧਦਾ ਗਿਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਸ਼ੌਕ ਵਜੋਂ ਸ਼ੁਰੂ ਕੀਤੀਆਂ ਉਹ ਸਾਰੀਆਂ ਚੀਜ਼ਾਂ ਕਦੋਂ ਮੇਰੀ ਆਦਤ ਬਣ ਗਈਆਂ। ਮੈਨੂੰ ਇਸ ਦੀ ਅਜਿਹੀ ਆਦਤ ਪੈ ਗਈ ਕਿ ਬਸ ਚਾਹੀਦਾ ਤਾਂ ਚਾਹੀਦਾ, ਉਸ ਤੋਂ ਬਿਨਾਂ ਮੇਰੇ ਤੋਂ ਕੁਝ ਵੀ ਨਹੀਂ ਹੁੰਦਾ ਸੀ। ਬਹੁਤ ਮਜ਼ਾ ਆਉਂਦਾ ਸੀ। ਮਜ਼ੇ ਦੇ ਚੱਕਰ ਵਿੱਚ ਹੀ ਮੈਂ ਇਹ ਸਭ ਕਰਨਾ ਸ਼ੁਰੂ ਕੀਤਾ ਸੀ। ਜਦੋਂ ਨਸ਼ਾ ਕਰਦਾ ਸੀ ਤਾਂ ਇੱਕ ਵੱਖਰਾ ਜਿਹਾ ਅਹਿਸਾਸ ਹੁੰਦਾ ਸੀ, ਮਜ਼ਾ ਆਉਂਦਾ ਸੀ, ਚੰਗਾ ਲੱਗਦਾ ਸੀ। ਅਜਿਹਾ ਮਹਿਸੂਸ ਹੁੰਦਾ ਸੀ ਕਿ ਸਭ ਕੁਝ ਵਧੀਆ ਚੱਲ ਰਿਹਾ ਹੈ, ਬੇਫ਼ਿਕਰ ਜ਼ਿੰਦਗੀ ਹੈ। ਮੈਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਚੱਲ ਕੇ ਇਸ ਦੀ ਕੀਮਤ ਮੈਨੂੰ ਕਿੰਨੀ ਚੁਕਾਉਣੀ ਪਵੇਗੀ?
ਪ੍ਰਧਾਨ ਮੰਤਰੀ: ਇਸ ਕਾਰਨ ਪੈਸੇ ਵੀ ਬਹੁਤ ਖਰਚ ਕਰਨੇ ਪਏ ਹੋਣਗੇ ਅਤੇ ਬੁਰੀਆਂ ਆਦਤਾਂ ਵੀ ਪੈ ਗਈਆਂ ਹੋਣਗੀਆਂ?
ਨੌਜਵਾਨ ਸਾਥੀ: ਜੀ ਸਰ। ਮੈਂ ਘਰੋਂ ਪੈਸੇ ਇਹ ਕਹਿ ਕੇ ਲੈਂਦਾ ਸੀ ਕਿ ਕਦੇ ਕਿਤਾਬ ਲੈਣੀ ਹੈ, ਕਦੇ ਫ਼ੀਸ ਭਰਨੀ ਹੈ, ਕਦੇ ਪਿਕਨਿਕ ’ਤੇ ਜਾਣਾ ਹੈ। ਪਰ ਉਹ ਸਾਰੇ ਪੈਸੇ ਮੈਂ ਨਸ਼ੇ ’ਤੇ ਖਰਚ ਕਰ ਰਿਹਾ ਸੀ।
ਪ੍ਰਧਾਨ ਮੰਤਰੀ: ਅੱਛਾ, ਤੁਹਾਡੀ ਜ਼ਿੰਦਗੀ ਵਿੱਚ ਉਹ ਕਿਹੜਾ ਮੋੜ ਆਇਆ, ਜਦੋਂ ਤੁਸੀਂ ਫ਼ੈਸਲਾ ਕੀਤਾ ਕਿ ਹੁਣ ਤੁਹਾਨੂੰ ਨਸ਼ੇ ਤੋਂ ਬਾਹਰ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ?
ਨੌਜਵਾਨ ਸਾਥੀ: ਸਰ, ਮੈਂ ਸ਼ੁਰੂ ਤੋਂ ਹੀ ਆਪਣੇ ਨਾਨਾ-ਨਾਨੀ ਕੋਲ ਰਿਹਾ ਸੀ। ਮੇਰੇ ਪਿਤਾ ਜੀ ਦਾ ਮੇਰੇ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਇਸ ਲਈ ਮੇਰੀ ਨਾਨੀ ਮੇਰੀ ਮੰਮੀ ਨੂੰ ਅਤੇ ਮੈਨੂੰ ਆਪਣੇ ਕੋਲ ਲੈ ਆਈ ਸੀ ਕਿ ਹੁਣ ਤੁਸੀਂ ਦੋਵੇਂ ਮੇਰੇ ਕੋਲ ਹੀ ਰਹੋਗੇ। ਫਿਰ ਮੈਂ ਹੌਲੀ-ਹੌਲੀ ਵੱਡਾ ਹੁੰਦਾ ਗਿਆ। ਉਨ੍ਹਾਂ ਨੇ ਮੇਰੇ ਤੋਂ ਬਹੁਤ ਉਮੀਦਾਂ ਲਾਈਆਂ ਹੋਈਆਂ ਸਨ ਕਿ ਸਾਡਾ ਬੱਚਾ ਇੱਕ ਚੰਗਾ ਇਨਸਾਨ ਬਣੇਗਾ। ਪਰ ਅਜਿਹਾ ਕੁਝ ਵੀ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤਾ। ਪਹਿਲਾਂ ਮੇਰੀ ਮੰਮੀ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਕੁਝ ਹੀ ਸਮੇਂ ਬਾਅਦ ਮੇਰੀ ਨਾਨੀ ਵੀ ਚਲਾਣਾ ਕਰ ਗਈ। ਮੈਨੂੰ ਬਹੁਤ ਵੱਡਾ ਝਟਕਾ ਲੱਗਾ, ਕਿਉਂਕਿ ਉਸ ਸਮੇਂ ਉਨ੍ਹਾਂ ਤੋਂ ਇਲਾਵਾ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਮੈਂ ਬਿਲਕੁਲ ਅਨਾਥ ਹੋ ਗਿਆ ਸੀ ਅਤੇ ਸੜਕਾਂ ’ਤੇ ਆ ਗਿਆ ਸੀ। ਮੈਂ ਆਪਣਾ ਸਮਾਂ ਸੜਕਾਂ ’ਤੇ ਗੁਜ਼ਾਰਿਆ। ਸਰਦੀਆਂ ਵਿੱਚ ਆਲੂਆਂ ਦੀਆਂ ਬੋਰੀਆਂ ਖਾਲੀ ਕਰਕੇ ਉਨ੍ਹਾਂ ਵਿੱਚ ਸੌਂਦਾ ਸੀ। ਭੰਡਾਰਿਆਂ ਵਿੱਚ ਰੋਟੀ ਖਾਧੀ, ਲੰਗਰ ਛਕਿਆ। ਮਤਲਬ, ਮੈਂ ਬਹੁਤ ਬੁਰਾ ਸਮਾਂ ਦੇਖਿਆ ਹੈ, ਸਿਰਫ਼ ਇੱਕ ਨਸ਼ੇ ਕਾਰਨ। ਹਾਲਤ ਬਿਲਕੁਲ ਅਜਿਹੀ ਹੋ ਗਈ ਸੀ ਕਿ ਮੇਰੇ ਸਾਹਮਣੇ ਮੌਤ ਖੜ੍ਹੀ ਸੀ ਅਤੇ ਉਹ ਮੇਰਾ ਹੱਥ ਫੜਨਾ ਚਾਹੁੰਦੀ ਸੀ ਕਿ ਬਸ ਇੱਕ ਵਾਰ ਮੇਰਾ ਹੱਥ ਫੜ ਲੈ, ਫਿਰ ਮੈਂ ਤੈਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਵਾਂਗੀ। ਪਰ ਮੈਂ ਉਸ ਨੂੰ ਆਪਣੀ ਉਂਗਲ ਤੱਕ ਵੀ ਨਹੀਂ ਫੜਨ ਦਿੱਤੀ। ਸਰ, ਇਹ ਸਾਰੀਆਂ ਚੀਜ਼ਾਂ ਦੇਖ-ਦੇਖ ਕੇ ਮੈਂ ਅੰਦਰੋਂ ਬਿਲਕੁਲ ਟੁੱਟ ਗਿਆ ਸੀ ਕਿ ਹੁਣ ਕੀ ਹੋਵੇਗਾ? ਮੇਰੇ ਘਰਵਾਲਿਆਂ ਨੇ ਮੈਨੂੰ ਬਿਲਕੁਲ ਛੱਡ ਦਿੱਤਾ ਸੀ ਅਤੇ ਇੱਕ ਪਾਸੇ ਕਰ ਦਿੱਤਾ ਸੀ। ਕਿਉਂਕਿ ਮੇਰੇ ਪਿਤਾ ਜੀ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਮੇਰੀ ਮੰਮੀ ਮੈਨੂੰ ਨਾਨੀ ਕੋਲ ਲੈ ਆਈ ਸੀ। ਉੱਥੇ ਮੇਰਾ ਕੋਈ ਸੰਪਰਕ ਨਹੀਂ ਸੀ। ਦਾਦਾ-ਦਾਦੀ ਨਾਲ ਵੀ ਕੋਈ ਸੰਪਰਕ ਨਹੀਂ ਸੀ ਅਤੇ ਜੋ ਮਾਮਾ-ਮਾਮੀ ਸਨ, ਉਨ੍ਹਾਂ ਨੇ ਵੀ ਮੈਨੂੰ ਛੱਡ ਦਿੱਤਾ ਸੀ ਕਿ ਇਸ ਦਾ ਸਾਡੇ ਬੱਚਿਆਂ ’ਤੇ ਕੀ ਅਸਰ ਪਵੇਗਾ, ਇਸ ਨੂੰ ਇੱਕ ਪਾਸੇ ਕਰ ਦਿਓ। ਰਿਸ਼ਤੇਦਾਰ ਤਾਂ ਸਰ, ਕੌਣ ਪੁੱਛਦਾ ਹੈ? ਮੈਨੂੰ ਕੋਈ ਵੀ ਨਹੀਂ ਪੁੱਛਦਾ ਸੀ। ਮੈਂ ਬਿਲਕੁਲ ਭਟਕ ਗਿਆ ਸੀ। ਮੇਰੇ ਜੋ ਦੋਸਤ ਸਨ, ਉਹ ਸਾਰੇ ਨਸ਼ੇ ਦੇ ਆਦੀ ਸਨ। ਸਾਰੇ ਗਲਤ ਕੰਮ ਕਰਨ ਵਾਲੇ ਨਸ਼ੇ ਦੇ ਆਦੀ ਦੋਸਤ ਸਨ। ਮਤਲਬ, ਨਸ਼ਾ ਕਰਨਾ, ਨਸ਼ਾ ਕਿਵੇਂ ਪ੍ਰਾਪਤ ਕਰਨਾ ਹੈ, ਕਿਹੜਾ ਕੰਮ ਕਰਨਾ ਹੈ, ਕਿਵੇਂ ਗਲਤ ਕੰਮ ਕਰਨੇ ਹਨ, ਬਸ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਹੀ ਉਲਝ ਕੇ ਰਹਿ ਗਿਆ ਸੀ।
ਪ੍ਰਧਾਨ ਮੰਤਰੀ: ਨਹੀਂ, ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਉਹ ਕਿਹੜਾ ਮੋੜ ਆਇਆ, ਜਦੋਂ ਤੁਸੀਂ ਫ਼ੈਸਲਾ ਕੀਤਾ ਕਿ ਮੈਂ ਇਨ੍ਹਾਂ ਬੁਰਾਈਆਂ ਤੋਂ, ਇਸ ਨਰਕ ਵਰਗੀ ਜ਼ਿੰਦਗੀ ਤੋਂ ਬਾਹਰ ਨਿਕਲਣਾ ਹੈ? ਉਹ ਕਿਹੜਾ ਪਲ ਸੀ?
ਨੌਜਵਾਨ ਸਾਥੀ: ਸਰ, ਉਹ ਪਲ ਅਜਿਹਾ ਸੀ ਕਿ ਮੇਰਾ ਇੱਕ ਸਾਥੀ ਸੀ, ਜੋ ਮੈਨੂੰ ਥੋੜ੍ਹਾ ਸਹਾਰਾ ਦਿੰਦਾ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ, ਮੇਰਾ ਥੋੜ੍ਹਾ ਸਾਥ ਦਿਓ। ਮੈਨੂੰ ਉਸ ਤੋਂ ਬਹੁਤ ਉਮੀਦ ਸੀ, ਪਰ ਆਖ਼ਰੀ ਸਮੇਂ ਉਸ ਨੇ ਵੀ ਮੇਰੇ ਵੱਲੋਂ ਹੱਥ ਖੜ੍ਹੇ ਕਰ ਦਿੱਤੇ ਕਿ ਨਹੀਂ, ਮੈਂ ਵੀ ਤੇਰੇ ਨਾਲ ਨਹੀਂ ਹਾਂ। ਤਾਂ ਮੈਂ ਉੱਥੋਂ ਬਿਲਕੁਲ ਟੁੱਟ ਗਿਆ ਸੀ ਕਿ ਮੇਰਾ ਆਖ਼ਰੀ ਸਹਾਰਾ ਵੀ ਇਹੀ ਸੀ। ਇੱਕ ਨਸ਼ੇ ਕਾਰਨ ਮੈਂ ਆਪਣੀ ਮੰਮੀ, ਨਾਨੀ ਅਤੇ ਪਰਿਵਾਰ ਨੂੰ ਗੁਆ ਦਿੱਤਾ। ਹੁਣ ਆਖ਼ਰੀ ਸਹਾਰਾ ਵੀ ਗੁਆ ਦਿੱਤਾ। ਤਾਂ ਹੁਣ ਮੈਨੂੰ ਸੁਧਰਨਾ ਹੀ ਪਵੇਗਾ। ਇਸ ਤੋਂ ਬਾਅਦ ਮੈਨੂੰ ਪੁਨਰਵਾਸ ਕੇਂਦਰ ਬਾਰੇ ਪਤਾ ਲੱਗਿਆ। ਐੱਸਪੀਵਾਈਐੱਮ (ਸੋਸਾਇਟੀ ਫਾਰ ਦ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼) ਨਾਮ ਦਾ ਇੱਕ ਕੇਂਦਰ ਹੈ। ਇਸ ਦਾ ਦਿੱਲੀ ਦੇ ਵਸੰਤ ਕੁੰਜ ਵਿੱਚ ਮੁੱਖ ਦਫ਼ਤਰ ਹੈ। ਮੈਂ ਉੱਥੇ ਗਿਆ ਅਤੇ ਉੱਥੇ ਜਾ ਕੇ ਇਲਾਜ ਕਰਵਾਇਆ। ਮੈਂ ਉੱਥੋਂ ਬਾਹਰ ਆਇਆ। ਸਰ, ਮੈਂ ਇਕੱਲਾ ਸੀ। ਉੱਥੋਂ ਇਲਾਜ ਕਰਵਾ ਕੇ ਬਾਹਰ ਨਿਕਲਿਆ, ਪਰ ਫਿਰ ਤੋਂ ਨਸ਼ੇ ਦੀ ਆਦਤ ਵਿੱਚ ਪੈ ਗਿਆ ਅਤੇ ਗਲਤੀ ਕਰ ਬੈਠਾ। ਫਿਰ ਉਨ੍ਹਾਂ ਲੋਕਾਂ ਨੇ ਮੈਨੂੰ ਬੁਲਾਇਆ ਕਿ ਆ ਜਾਓ। ਇਸ ਤਰ੍ਹਾਂ ਤਿੰਨ ਵਾਰ ਹੋਇਆ। ਫਿਰ ਮੈਂ ਉਨ੍ਹਾਂ ਨੂੰ ਆਪਣੀ ਪੂਰੀ ਸਮੱਸਿਆ ਦੱਸੀ। ਉਨ੍ਹਾਂ ਨੇ ਵਾਰ-ਵਾਰ ਮੇਰੇ ਤੋਂ ਪੁੱਛਿਆ ਕਿ ਤੁਸੀਂ ਮੁੜ ਨਸ਼ੇ ਦੀ ਆਦਤ ਵਿੱਚ ਕਿਉਂ ਪੈ ਜਾਂਦੇ ਹੋ? ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਕੱਲਾ ਹਾਂ। ਇੱਥੋਂ ਬਾਹਰ ਨਿਕਲ ਕੇ ਮੈਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿੱਥੇ ਜਾਵਾਂਗਾ, ਮੇਰਾ ਘਰ ਕਿੱਥੇ ਹੈ, ਮੈਂ ਰਹਿਣਾ ਕਿੱਥੇ ਹੈ? ਮੈਨੂੰ ਕੁਝ ਵੀ ਪਤਾ ਨਹੀਂ ਹੁੰਦਾ ਸੀ, ਸਰ। ਇਸੇ ਕਾਰਨ ਘੁੰਮ-ਫਿਰ ਕੇ ਮੈਂ ਉਨ੍ਹਾਂ ਲੋਕਾਂ ਕੋਲ ਹੀ ਪਹੁੰਚ ਜਾਂਦਾ ਸੀ, ਜੋ ਮੇਰੇ ਪਹਿਲਾਂ ਵਾਲੇ ਦੋਸਤ ਸਨ, ਕਿਉਂਕਿ ਮੇਰੇ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਸੀ ਕਿ ਮੈਂ ਕਿੱਥੇ ਜਾਵਾਂ।
ਪ੍ਰਧਾਨ ਮੰਤਰੀ: ਤੁਸੀਂ ਬਹੁਤ ਬੁਰੇ ਦਿਨ ਦੇਖੇ ਅਤੇ ਨਸ਼ੇ ਤੋਂ ਬਾਹਰ ਨਿਕਲਣ ਦੀ ਤੁਹਾਡੀ ਕੋਸ਼ਿਸ਼ ਵਿੱਚ ਵੀ ਰੁਕਾਵਟਾਂ ਆਈਆਂ। ਯਾਨੀ ਇਹ ਸਮਾਂ ਬਹੁਤ ਚੁਣੌਤੀਪੂਰਨ ਰਿਹਾ ਹੋਵੇਗਾ, ਜਿਸ ਦੌਰਾਨ ਬਾਹਰ ਨਿਕਲਣ ਦੀ ਇੱਛਾ ਰੱਖਣਾ ਵੀ ਮੁਸ਼ਕਲ ਰਿਹਾ ਹੋਵੇਗਾ?
ਨੌਜਵਾਨ ਸਾਥੀ: ਸਰ, ਇੱਕ ਪਾਸੇ ਮਨ ਕਰਦਾ ਸੀ ਕਿ ਨਸ਼ਾ ਛੱਡ ਦੇਈਏ ਅਤੇ ਦੂਜੇ ਪਾਸੇ ਮਨ ਕਰਦਾ ਸੀ ਕਿ ਥੋੜ੍ਹੀ ਜਿਹੀ ਜ਼ਿੰਦਗੀ ਬਚੀ ਹੈ, ਯਾਰ! ਨਸ਼ਾ ਕਰਕੇ ਜੀਅ ਲੈ ਅਤੇ ਆਪਣੀ ਕਹਾਣੀ ਖ਼ਤਮ ਕਰ ਲੈ। ਸਰ, ਮੈਂ ਉਸ ਮਨ ਦੀ ਗੱਲ ਨਹੀਂ ਸੁਣੀ ਅਤੇ ਦੂਜੇ ਮਨ ਦੀ ਗੱਲ ਸੁਣੀ ਕਿ ਨਹੀਂ ਯਾਰ, ਮੈਂ ਆਪਣੀ ਜ਼ਿੰਦਗੀ ਸੁਧਾਰਨੀ ਹੈ, ਮੈਂ ਆਪਣੇ ਲਈ ਕੁਝ ਕਰਨਾ ਹੈ। ਜੋ ਸਾਰੇ ਮੈਨੂੰ ਕਹਿੰਦੇ ਸਨ ਕਿ ਇਹ ਕੁਝ ਨਹੀਂ ਕਰ ਸਕੇਗਾ। ਘਰਵਾਲਿਆਂ ਨੇ ਵੀ ਮੈਨੂੰ ਮੇਰੇ ਹਾਲ ’ਤੇ ਛੱਡ ਦਿੱਤਾ ਸੀ। ਸਾਰਿਆਂ ਨੇ ਮੈਨੂੰ ਛੱਡ ਦਿੱਤਾ ਸੀ।
ਪ੍ਰਧਾਨ ਮੰਤਰੀ: ਆਪਣੇ ਤਜਰਬੇ ਦੇ ਆਧਾਰ ’ਤੇ, ਜੇਕਰ ਤੁਸੀਂ ਦੇਸ਼ ਦੇ ਉਨ੍ਹਾਂ ਨੌਜਵਾਨਾਂ ਨੂੰ ਕੁਝ ਕਹਿਣਾ ਹੋਵੇ, ਜੋ ਅਜੇ ਵੀ ਨਸ਼ੇ ਦੀ ਆਦਤ ਦਾ ਸ਼ਿਕਾਰ ਹਨ, ਤਾਂ ਤੁਸੀਂ ਅਜਿਹੇ ਬੱਚਿਆਂ ਨੂੰ ਕੀ ਕਹੋਗੇ?
ਨੌਜਵਾਨ ਸਾਥੀ: ਸਰ, ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸ਼ੁਰੂ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਮਜ਼ਾ ਆਉਂਦਾ ਹੈ, ਪਰ ਬਾਅਦ ਵਿੱਚ ਇਸ ਦਾ ਜੋ ਨੁਕਸਾਨ ਹੁੰਦਾ ਹੈ, ਉਹ ਸਾਡੇ ਨਾਲ-ਨਾਲ ਸਾਡਾ ਪਰਿਵਾਰ ਵੀ ਭੁਗਤਦਾ ਹੈ। ਇਸ ਵਿੱਚ ਕੁਝ ਵੀ ਫ਼ਾਇਦਾ ਨਹੀਂ ਹੈ। ਕੁਝ ਵੀ ਨਹੀਂ, ਸਿਰਫ਼ ਨੁਕਸਾਨ, ਨੁਕਸਾਨ ਅਤੇ ਨੁਕਸਾਨ ਤੋਂ ਇਲਾਵਾ ਕੁਝ ਵੀ ਨਹੀਂ ਹੈ। ਜੋ ਇਸ ਨਸ਼ੇ ਦੀ ਆਦਤ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਮੈਂ ਇੱਕ ਛੋਟਾ ਜਿਹਾ ਸੁਨੇਹਾ ਦੇਣਾ ਚਾਹਾਂਗਾ। ਸਾਡੀ ਜ਼ਿੰਦਗੀ, ਸਰ, ਬਹੁਤ ਪਿਆਰੀ ਹੈ, ਬਹੁਤ ਵਧੀਆ ਹੈ। ਜੇਕਰ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਜਿਊਂਈਏ, ਤਾਂ ਅਸੀਂ ਹਰ ਚੀਜ਼ ਦਾ ਆਨੰਦ ਮਾਣ ਸਕਦੇ ਹਾਂ।
ਪ੍ਰਧਾਨ ਮੰਤਰੀ: ਚਲੋ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਅਤੇ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਜਿਸ ਲੜਾਈ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ, ਉਸ ਵਿੱਚ ਤੁਸੀਂ ਜੇਤੂ ਬਣੇ ਰਹੋ। ਇਹ ਸੰਕਲਪ ਲੈ ਕੇ ਜੀਵਨ ਬਤੀਤ ਕਰੋ ਕਿ ਤੁਸੀਂ ਮੁੜ ਕਦੇ ਇਸ ਆਦਤ ਵਿੱਚ ਨਹੀਂ ਪਵੋਗੇ ਅਤੇ ਜੋ ਵੀ ਤੁਹਾਨੂੰ ਮਿਲੇ, ਉਸ ਨੂੰ ਸਮਝਾਉਂਦੇ ਰਹੋ ਕਿ ਇਹ ਰਸਤਾ ਗਲਤ ਹੈ।
ਨੌਜਵਾਨ ਸਾਥੀ: ਜੀ ਸਰ, ਧੰਨਵਾਦ ਸਰ।
ਪ੍ਰਧਾਨ ਮੰਤਰੀ: ਬਹੁਤ-ਬਹੁਤ ਸ਼ੁਭਕਾਮਨਾਵਾਂ ਦੋਸਤ, ਬਹੁਤ-ਬਹੁਤ ਸ਼ੁਭਕਾਮਨਾਵਾਂ।
ਨੌਜਵਾਨ ਸਾਥੀ: ਧੰਨਵਾਦ ਜੀ।
ਦੋਸਤ, ਮੈਂ ਤੁਹਾਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦੇਵਾਂਗਾ ਕਿ ਤੁਸੀਂ ਡਰੱਗਜ਼ ਦੀ ਇਸ ਭਿਆਨਕ ਆਦਤ ਤੋਂ ਬਾਹਰ ਨਿਕਲੇ ਹੋ। ਤੁਸੀਂ ਦਿਖਾਇਆ ਹੈ ਕਿ ਜਦੋਂ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਰਹਿੰਦਾ। ਤੁਹਾਡੀਆਂ ਗੱਲਾਂ ਸੁਣ ਕੇ ਅਜਿਹੇ ਕਈ ਨੌਜਵਾਨਾਂ ਨੂੰ ਤਾਕਤ ਮਿਲੇਗੀ, ਜੋ ਡਰੱਗਜ਼ ਦੀ ਆਦਤ ਛੱਡਣਾ ਚਾਹੁੰਦੇ ਹਨ। ਪਰਿਵਾਰ ਅਤੇ ਦੇਸ਼ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚੀ ਰਹੇ।
ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਿਆਰੇ ਦੇਸ਼ਵਾਸੀਓ,
ਜਦੋਂ ਵੀ ਅਸੀਂ ਜੀਵਨ ਵਿੱਚ ਕੋਈ ਨਵੀਂ ਚੀਜ਼ ਸਿੱਖਦੇ ਹਾਂ, ਤਾਂ ਸਾਨੂੰ ਇੱਕ ਵੱਖਰੇ ਤਰ੍ਹਾਂ ਦੇ ਆਨੰਦ ਦਾ ਅਹਿਸਾਸ ਹੁੰਦਾ ਹੈ ਅਤੇ ਸਿੱਖਣ ਦੀ ਕੋਈ ਉਮਰ ਵੀ ਨਹੀਂ ਹੁੰਦੀ। ਅੱਜ ਮੈਂ ਤੁਹਾਡੇ ਨਾਲ ਦੇਸ਼ ਦੇ ਉਨ੍ਹਾਂ ਲੱਖਾਂ ਸਰਕਾਰੀ ਕਰਮਚਾਰੀਆਂ ਦੀ ਗੱਲ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਵਿੱਚ ਕੁਝ ਨਵਾਂ ਸਿੱਖਣ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਲੋਕ 20-25 ਸਾਲਾਂ ਤੋਂ ਸਰਕਾਰੀ ਸੇਵਾ ਵਿੱਚ ਹਨ। ਇੰਨਾ ਲੰਮਾ ਤਜ਼ਰਬਾ ਹੋਣ ਦੇ ਬਾਵਜੂਦ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਕੁਝ ਨਵਾਂ ਸਿੱਖਣ ਲਈ ਵੀ ਸਮਾਂ ਕੱਢ ਰਹੇ ਹਨ ਅਤੇ ਇਸ ਲਈ ਉਹ ਇੱਕ ਡਿਜੀਟਲ ਪਲੇਟਫਾਰਮ ਦੀ ਮਦਦ ਲੈ ਰਹੇ ਹਨ। ਇਸ ਦਾ ਨਾਮ ਹੈ ‘ਆਈਜੀਓਟੀ ਕਰਮਯੋਗੀ’। ਇਸ ਪਲੇਟਫਾਰਮ ’ਤੇ ਸਰਕਾਰੀ ਕਰਮਚਾਰੀਆਂ ਲਈ 17 ਭਾਰਤੀ ਭਾਸ਼ਾਵਾਂ ਵਿੱਚ 7 ਹਜ਼ਾਰ ਤੋਂ ਵੱਧ ਕੋਰਸ ਉਪਲਬਧ ਹਨ। ਲੱਖਾਂ ਸਰਕਾਰੀ ਕਰਮਚਾਰੀਆਂ ਨੇ ਕਈ ਕੋਰਸ ਪੂਰੇ ਕੀਤੇ ਹਨ। ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਕਰ ਰਿਹਾ ਹੈ, ਤਾਂ ਕੋਈ ਭਾਰਤੀ ਸੰਕੇਤਕ ਭਾਸ਼ਾ ਸਿੱਖ ਰਿਹਾ ਹੈ। ਏਆਈ ਅਤੇ ਨਵੀਂ ਤਕਨਾਲੋਜੀ ਦੀ ਪੜ੍ਹਾਈ ਨੂੰ ਲੈ ਕੇ ਸਾਡੇ ਕਰਮਯੋਗੀਆਂ ਵਿੱਚ ਮੈਂ ਵਿਸ਼ੇਸ਼ ਉਤਸ਼ਾਹ ਦੇਖ ਰਿਹਾ ਹਾਂ। ਇਸ ਨਾਲ ਜੁੜੇ 200 ਤੋਂ ਵੱਧ ਅਜਿਹੇ ਕੋਰਸ ਹਨ, ਜਿਨ੍ਹਾਂ ਨੂੰ ਸਵਾ ਤਿੰਨ ਕਰੋੜ ਤੋਂ ਵੱਧ ਵਾਰ ਪੂਰਾ ਕੀਤਾ ਜਾ ਚੁੱਕਾ ਹੈ।
ਸਾਥੀਓ,
ਕੇਂਦਰ ਸਰਕਾਰ ਦੇ ਨਾਲ-ਨਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਰਮਚਾਰੀ ਵੀ ਇਸ ਨਾਲ ਜੁੜੇ ਹੋਏ ਹਨ। ਸਾਡੀਆਂ ਆਸ਼ਾ ਭੈਣਾਂ, ਆਂਗਣਵਾੜੀ ਵਰਕਰਾਂ, ਸਾਡੇ ਅਧਿਆਪਕ, ਪੁਲਿਸ ਦੇ ਜਵਾਨ, ਸਿਹਤ ਕਰਮਚਾਰੀ, ਸਫ਼ਾਈ ਕਰਮਚਾਰੀ, ਇਹ ਸਾਰੇ ਸਰਕਾਰੀ ਪ੍ਰਬੰਧ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਨਾਲ ਦੇਸ਼ਵਾਸੀਆਂ ਦਾ ਰੋਜ਼ਾਨਾ ਸੰਪਰਕ ਹੁੰਦਾ ਹੈ। ਜਦੋਂ ਇਹ ਸਾਥੀ ਕੁਝ ਨਵਾਂ ਸਿੱਖਦੇ ਹਨ ਅਤੇ ‘ਆਈਜੀਓਟੀ ਕਰਮਯੋਗੀ’ ਦਾ ਕੋਰਸ ਕਰਕੇ ਕਰਮਯੋਗੀ ਬਣਦੇ ਹਨ, ਤਾਂ ਇਸ ਦਾ ਲਾਭ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਮਿਲਦਾ ਹੈ, ਜਿਨ੍ਹਾਂ ਵਿਚਕਾਰ ਉਹ ਕੰਮ ਕਰਦੇ ਹਨ।
ਸਾਥੀਓ,
‘ਨਾਗਰਿਕ ਦੇਵੋ ਭਵ’ ਮਿਸ਼ਨ ਕਰਮਯੋਗੀ ਦਾ ਮੂਲ ਮੰਤਰ ਹੈ। ਦੇਸ਼ ਦੇ ਲੱਖਾਂ ਸਰਕਾਰੀ ਕਰਮਚਾਰੀਆਂ ਵਿੱਚ ਸਿੱਖਣ ਦਾ ਉਤਸ਼ਾਹ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਬਹੁਤ ਵੱਡੀ ਤਾਕਤ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਜ਼ਰਾ ਸੋਚੋ, ਜੇਕਰ ਤੁਹਾਡਾ ਮੋਬਾਈਲ ਫ਼ੋਨ ਕਿਤੇ ਗੁੰਮ ਹੋ ਜਾਵੇ ਤਾਂ ਕਿੰਨੀ ਪਰੇਸ਼ਾਨੀ ਹੁੰਦੀ ਹੈ। ਮੋਬਾਈਲ ਵਿੱਚ ਤੁਹਾਡੇ ਸੰਪਰਕ ਨੰਬਰ ਹਨ, ਤਸਵੀਰਾਂ ਹਨ, ਜ਼ਰੂਰੀ ਦਸਤਾਵੇਜ਼ ਹਨ ਅਤੇ ਨਾ ਜਾਣੇ ਕਿੰਨੀਆਂ ਜ਼ਰੂਰੀ ਜਾਣਕਾਰੀਆਂ ਵੀ ਹਨ। ਇੱਕ ਵਾਰ ਫ਼ੋਨ ਗੁੰਮ ਹੋ ਜਾਵੇ ਤਾਂ ਉਸ ਦੇ ਵਾਪਸ ਮਿਲਣ ਦੀ ਉਮੀਦ ਵੀ ਹੌਲੀ-ਹੌਲੀ ਘਟਣ ਲੱਗਦੀ ਹੈ, ਪਰ ਹੁਣ ਅਜਿਹਾ ਨਹੀਂ ਹੈ। ਤੁਹਾਡਾ ਗੁੰਮ ਹੋਇਆ ਮੋਬਾਈਲ ਫ਼ੋਨ ਤੁਹਾਨੂੰ ਵਾਪਸ ਮਿਲ ਸਕਦਾ ਹੈ ਅਤੇ ਇਸ ਵਿੱਚ ਭਾਰਤ ਸਰਕਾਰ ਦਾ ਡਿਜੀਟਲ ਪਲੇਟਫਾਰਮ ਤੁਹਾਡੀ ਬਹੁਤ ਵੱਡੀ ਮਦਦ ਕਰ ਸਕਦਾ ਹੈ। ਉਸ ਪਲੇਟਫਾਰਮ ਦਾ ਨਾਮ ਹੈ ‘ਸੰਚਾਰ ਸਾਥੀ’। ਹੁਣ ਤੱਕ ‘ਸੰਚਾਰ ਸਾਥੀ’ ਦੇ ਪੋਰਟਲ ’ਤੇ 30 ਕਰੋੜ ਤੋਂ ਵੱਧ ਵਾਰ ਲੋਕ ਆ ਚੁੱਕੇ ਹਨ। ਲਗਭਗ 3 ਕਰੋੜ ਵਾਰ ਇਸ ਦੀ ਐਪ ਡਾਊਨਲੋਡ ਕੀਤੀ ਜਾ ਚੁੱਕੀ ਹੈ।
ਸਾਥੀਓ,
ਸਵਾਲ ਇਹ ਹੈ ਕਿ ਆਖ਼ਰ ‘ਸੰਚਾਰ ਸਾਥੀ’ ਇਹ ਕੰਮ ਕਰਦਾ ਕਿਵੇਂ ਹੈ? ਦਰਅਸਲ, ਹਰ ਮੋਬਾਈਲ ਫ਼ੋਨ ਦੀ ਆਪਣੀ ਇੱਕ ਵਿਸ਼ੇਸ਼ ਪਛਾਣ ਹੁੰਦੀ ਹੈ, ਇਸ ਨੂੰ ਆਈ.ਐੱਮ.ਈ.ਆਈ. ਨੰਬਰ ਕਿਹਾ ਜਾਂਦਾ ਹੈ। ‘ਸੰਚਾਰ ਸਾਥੀ’ ਇਸੇ ਪਛਾਣ ਦੀ ਮਦਦ ਨਾਲ ਤੁਹਾਡੇ ਗੁੰਮ ਹੋਏ ਮੋਬਾਈਲ ਨੂੰ ਲੱਭਣ ਵਿੱਚ ਮਦਦ ਕਰਦਾ ਹੈ। ਤੁਸੀਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਹੀ ‘ਸੰਚਾਰ ਸਾਥੀ’ ’ਤੇ ਆਪਣੇ ਮੋਬਾਈਲ ਦਾ ਆਈ.ਐੱਮ.ਈ.ਆਈ. ਨੰਬਰ ਅਤੇ ਕੁਝ ਜ਼ਰੂਰੀ ਜਾਣਕਾਰੀਆਂ ਦੇ ਕੇ ਉਸ ਨੂੰ ਬਲੌਕ ਕਰਵਾ ਸਕਦੇ ਹੋ। ਇਸ ਤੋਂ ਬਾਅਦ ਕੋਈ ਵਿਅਕਤੀ ਉਸ ਵਿੱਚ ਨਵਾਂ ਸਿਮ ਪਾ ਕੇ ਵੀ ਉਸ ਦੀ ਵਰਤੋਂ ਨਹੀਂ ਕਰ ਸਕੇਗਾ। ਪਰ ਇਸ ਦੀ ਖ਼ਾਸ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਜਿਵੇਂ ਹੀ ਕੋਈ ਉਸ ਮੋਬਾਈਲ ਵਿੱਚ ਨਵਾਂ ਸਿਮ ਪਾ ਕੇ ਨੈੱਟਵਰਕ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ, ਪੁਲਿਸ ਲਈ ਉਸ ਦਾ ਪਤਾ ਲਗਾਉਣਾ ਹੋਰ ਵੀ ਸੌਖਾ ਹੋ ਜਾਵੇਗਾ।
ਸਾਥੀਓ,
ਇਸ ਪ੍ਰਬੰਧ ਦੀ ਮਦਦ ਨਾਲ ਦੇਸ਼ ਭਰ ਵਿੱਚ 14 ਲੱਖ ਤੋਂ ਵੱਧ ਗੁੰਮ ਹੋਏ ਮੋਬਾਈਲ ਫ਼ੋਨ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਵੀ ਸੌਂਪ ਦਿੱਤੇ ਗਏ ਹਨ। ਯਾਨੀ, ਜਿਹੜੇ ਫ਼ੋਨ ਕਦੇ ਗੁੰਮ ਹੋ ਜਾਣ ਤੋਂ ਬਾਅਦ ਵਾਪਸ ਮਿਲਣ ਦੀ ਉਮੀਦ ਨਹੀਂ ਰਹਿੰਦੀ ਸੀ, ਅੱਜ ਤਕਨਾਲੋਜੀ ਉਨ੍ਹਾਂ ਨੂੰ ਵਾਪਸ ਪ੍ਰਾਪਤ ਕਰਨ ਦੀ ਉਮੀਦ ਜਗਾ ਰਹੀ ਹੈ।
ਸਾਥੀਓ,
‘ਸੰਚਾਰ ਸਾਥੀ’ ਸਾਨੂੰ ਇੱਕ-ਦੂਜੇ ਦੀ ਮਦਦ ਕਰਨ ਦਾ ਮੌਕਾ ਵੀ ਦਿੰਦਾ ਹੈ। ਮੰਨ ਲਓ ਤੁਹਾਡੇ ਕੋਲ ਕੋਈ ਫ਼ੋਨ ਆਇਆ ਅਤੇ ਕਿਸੇ ਨੇ ਧੋਖਾਧੜੀ ਕਰਨ ਲਈ ਤੁਹਾਡੇ ਤੋਂ ਓ.ਟੀ.ਪੀ. ਮੰਗਿਆ। ਤੁਸੀਂ ਸਮਝ ਗਏ ਕਿ ਇਹ ਕੋਈ ਠੱਗ ਹੈ ਅਤੇ ਤੁਸੀਂ ਫ਼ੋਨ ਕੱਟ ਦਿੱਤਾ। ਪਰ ਜਿਸ ਠੱਗ ਤੋਂ ਤੁਸੀਂ ਬਚ ਗਏ ਹੋ, ਹੋ ਸਕਦਾ ਹੈ ਕਿ ਉਸ ਦੀ ਅਗਲੀ ਕਾਲ ਕਿਸੇ ਅਜਿਹੇ ਬਜ਼ੁਰਗ ਕੋਲ ਜਾਵੇ, ਜੋ ਉਸ ਦੇ ਝਾਂਸੇ ਵਿੱਚ ਆ ਜਾਵੇ। ਅਜਿਹੀ ਸਥਿਤੀ ਵਿੱਚ ਤੁਸੀਂ ‘ਸੰਚਾਰ ਸਾਥੀ’ ’ਤੇ ਉਸ ਸ਼ੱਕੀ ਕਾਲ ਦੀ ਜਾਣਕਾਰੀ ਜ਼ਰੂਰ ਦਿਓ। ਪੁਣੇ ਵਿੱਚ ਰਹਿਣ ਵਾਲੇ ਹਿਮਾਂਸ਼ੂ ਸਿੰਘ ਜੀ ਨੇ ਵੀ ਇਸੇ ਤਰ੍ਹਾਂ 300 ਤੋਂ ਵੱਧ ਨੰਬਰਾਂ ਦੀ ‘ਸੰਚਾਰ ਸਾਥੀ’ ’ਤੇ ਰਿਪੋਰਟ ਕੀਤੀ ਸੀ। ਉਨ੍ਹਾਂ ਦੇ ਯਤਨਾਂ ਸਦਕਾ ਪਿਛਲੇ ਇੱਕ ਸਾਲ ਵਿੱਚ ਲਗਭਗ 18 ਹਜ਼ਾਰ ਮੋਬਾਈਲ ਕਨੈਕਸ਼ਨ ਰੱਦ ਕਰਵਾਉਣ ਵਿੱਚ ਮਦਦ ਮਿਲੀ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਨੇਲੋਰ ਵਿੱਚ ਰਹਿਣ ਵਾਲੇ ਵਿਵੇਕ ਅਲਹਾਰੀ ਜੀ ਹਨ। ਇੱਕ ਸੁਚੇਤ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਨੇ ਸੰਚਾਰ ਸਾਥੀ ’ਤੇ 900 ਤੋਂ ਵੱਧ ਧੋਖਾਧੜੀ ਵਾਲੇ ਨੰਬਰ ਸਾਂਝੇ ਕੀਤੇ। ਉਨ੍ਹਾਂ ਦੇ ਯਤਨਾਂ ਸਦਕਾ ਲਗਭਗ 17 ਹਜ਼ਾਰ ਮੋਬਾਈਲ ਕਨੈਕਸ਼ਨ ਬੰਦ ਕਰਨ ਵਿੱਚ ਮਦਦ ਮਿਲੀ ਹੈ। ਤੁਸੀਂ ਵੀ ਇਨ੍ਹਾਂ ਤੋਂ ਜ਼ਰੂਰ ਸਿੱਖੋ। ਤੁਹਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਦੇਸ਼ ਦੇ ਕਿਸੇ ਦੂਜੇ ਕੋਨੇ ਵਿੱਚ ਕਿਸੇ ਪਰਿਵਾਰ ਦੀ ਜ਼ਿੰਦਗੀ ਭਰ ਦੀ ਕਮਾਈ ਬਚ ਸਕਦੀ ਹੈ।
ਸਾਥੀਓ,
‘ਸੰਚਾਰ ਸਾਥੀ’ ਨਾਲ ਸਾਡੇ ਬੈਂਕ, ਪੇਮੈਂਟ ਐਪਸ, ਦੂਰਸੰਚਾਰ ਕੰਪਨੀਆਂ ਅਤੇ ਪੁਲਿਸ ਸਮੇਤ 1600 ਤੋਂ ਵੱਧ ਸੰਸਥਾਵਾਂ ਜੁੜੀਆਂ ਹੋਈਆਂ ਹਨ। ਇਸ ਨਾਲ ਸਾਈਬਰ ਧੋਖਾਧੜੀ ਦੀਆਂ ਕਈ ਕੋਸ਼ਿਸ਼ਾਂ ਨੂੰ ਸਮੇਂ ਸਿਰ ਨਾਕਾਮ ਕਰਨ ਵਿੱਚ ਮਦਦ ਮਿਲ ਰਹੀ ਹੈ। ਇਸ ਪ੍ਰਬੰਧ ਦੀ ਮਦਦ ਨਾਲ ਹੁਣ ਤੱਕ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਸੰਭਾਵਿਤ ਨੁਕਸਾਨ ਨੂੰ ਰੋਕਿਆ ਗਿਆ ਹੈ। ਇਹ ਐਪ 23 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਵਰਤੋਂ ਬਹੁਤ ਸੌਖੀ ਹੈ। ਤੁਸੀਂ ਵੀ ‘ਸੰਚਾਰ ਸਾਥੀ’ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਦੱਸੋ। ਸਾਡੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਡਿਜੀਟਲ ਦੁਨੀਆ ਨੂੰ ਸਾਡੇ ਸਾਰਿਆਂ ਲਈ ਹੋਰ ਸੁਰੱਖਿਅਤ ਬਣਾ ਸਕਦੀਆਂ ਹਨ।
ਮੇਰੇ ਪਿਆਰੇ ਦੇਸ਼ਵਾਸੀਓ,
ਜਦੋਂ ਵੀ ਅਸੀਂ ਕਿਸੇ ਨਵੀਂ ਥਾਂ ’ਤੇ ਜਾਂਦੇ ਹਾਂ ਤਾਂ ਸਾਡੀ ਇੱਛਾ ਉੱਥੋਂ ਦੀਆਂ ਪ੍ਰਸਿੱਧ ਥਾਵਾਂ ਦੇਖਣ ਅਤੇ ਉੱਥੋਂ ਦੇ ਖਾਣ-ਪੀਣ ਦਾ ਆਨੰਦ ਲੈਣ ਦੀ ਹੁੰਦੀ ਹੈ। ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਜਿੱਥੇ ਵੀ ਘੁੰਮਣ ਜਾਓ, ਉੱਥੋਂ ਦੇ ਅਜਾਇਬ ਘਰਾਂ ਬਾਰੇ ਵੀ ਜ਼ਰੂਰ ਜਾਣਕਾਰੀ ਹਾਸਲ ਕਰੋ। ਹਾਲ ਹੀ ਵਿੱਚ ਭਾਰਤ ਦੇ ਅਜਾਇਬ ਘਰਾਂ ਨਾਲ ਜੁੜੀਆਂ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜੋ ਬਹੁਤ ਉਤਸ਼ਾਹ ਵਧਾਉਣ ਵਾਲੀਆਂ ਹਨ।
ਸਾਥੀਓ,
ਪਟਨਾ ਵਿੱਚ ਸਥਿਤ ਬਿਹਾਰ ਮਿਊਜ਼ੀਅਮ ਨੂੰ ਦੁਨੀਆ ਦੇ 100 ਬਿਹਤਰੀਨ ਅਜਾਇਬ ਘਰਾਂ ਦੀ ਇੱਕ ਸੂਚੀ ਵਿੱਚ 9ਵਾਂ ਸਥਾਨ ਮਿਲਿਆ ਹੈ। ਇਸ ਸੂਚੀ ਵਿੱਚ ਬਿਹਾਰ ਮਿਊਜ਼ੀਅਮ ਪੂਰੇ ਏਸ਼ੀਆ ਵਿੱਚ ਪਹਿਲੇ ਸਥਾਨ ’ਤੇ ਹੈ। ਤੁਸੀਂ ਪੈਰਿਸ ਦੇ ‘ਲੂਵਰ ਮਿਊਜ਼ੀਅਮ’ ਦਾ ਨਾਮ ਸੁਣਿਆ ਹੋਵੇਗਾ। ਨਿਊਯਾਰਕ ਦਾ ‘ਦ ਮੈਟ’ ਮਿਊਜ਼ੀਅਮ ਵੀ ਦੁਨੀਆ ਵਿੱਚ ਬਹੁਤ ਪ੍ਰਸਿੱਧ ਹੈ। ਬਿਹਾਰ ਮਿਊਜ਼ੀਅਮ ਇਸ ਸੂਚੀ ਵਿੱਚ ਇਨ੍ਹਾਂ ਦੋਵਾਂ ਤੋਂ ਅੱਗੇ ਹੈ।
ਸਾਥੀਓ,
ਗੁਜਰਾਤ ਦੇ ਵਡਨਗਰ ਵਿੱਚ ਵੀ ਇੱਕ ਬਹੁਤ ਹੀ ਵਿਲੱਖਣ ਅਜਾਇਬ ਘਰ ਹੈ। ਇਸ ਦਾ ਨਾਮ ਹੈ ‘ਅਨੰਤ ਅਨਾਦਿ ਵਡਨਗਰ ਆਰਕੀਓਲੌਜੀਕਲ ਐਕਸਪੈਰੀਮੈਂਟਲ ਮਿਊਜ਼ੀਅਮ’। ਵਡਨਗਰ ਵਿੱਚ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਗਈ ਖੁਦਾਈ ਦੌਰਾਨ ਇਤਿਹਾਸ ਦੇ ਵੱਖ-ਵੱਖ ਕਾਲਖੰਡਾਂ ਨਾਲ ਸਬੰਧਤ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਹਨ। ਜਿਸ ਥਾਂ ’ਤੇ ਇਹ ਖੁਦਾਈ ਹੋਈ ਹੈ, ਉਸੇ ਥਾਂ ’ਤੇ ਇਸ ਅਜਾਇਬ ਘਰ ਨੂੰ ਵਿਕਸਿਤ ਕੀਤਾ ਗਿਆ ਹੈ। ਇੱਥੇ ਇੱਕ ਅਜਿਹਾ ਰਸਤਾ ਬਣਾਇਆ ਗਿਆ ਹੈ, ਜਿਸ ’ਤੇ ਚੱਲਦੇ ਹੋਏ ਤੁਸੀਂ ਜ਼ਮੀਨ ਤੋਂ ਕਈ ਮੀਟਰ ਹੇਠਾਂ ਤੱਕ ਕੀਤੀ ਗਈ ਖੁਦਾਈ ਨੂੰ ਦੇਖ ਸਕਦੇ ਹੋ। ਵਡਨਗਰ ਮਿਊਜ਼ੀਅਮ ਵਿੱਚ ਪੰਜ ਹਜ਼ਾਰ ਤੋਂ ਵੱਧ ਪ੍ਰਾਚੀਨ ਕਲਾਕ੍ਰਿਤੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸੇ ਮਹੀਨੇ ਬਰਲਿਨ ਵਿੱਚ ਵਡਨਗਰ ਮਿਊਜ਼ੀਅਮ ਨੂੰ ਡਿਜ਼ਾਈਨ ਦੀ ਦੁਨੀਆ ਦਾ ਵੱਡਾ ਸਨਮਾਨ ‘ਰੈੱਡ ਡੌਟ: ਬੈਸਟ ਆਫ਼ ਦ ਬੈਸਟ ਐਵਾਰਡ’ ਮਿਲਿਆ ਹੈ। ਇਹ ਭਾਰਤ ਦਾ ਪਹਿਲਾ ਅਜਾਇਬ ਘਰ ਹੈ, ਜਿਸ ਨੂੰ ਇਹ ਸਨਮਾਨ ਮਿਲਿਆ ਹੈ।
ਸਾਥੀਓ,
ਵਡਨਗਰ ਉਹ ਸ਼ਹਿਰ ਹੈ, ਜੋ ਹਜ਼ਾਰਾਂ ਸਾਲਾਂ ਤੋਂ ਜੀਵੰਤ ਹੈ, ਬਿਲਕੁਲ ਕਾਸ਼ੀ ਦੀ ਤਰ੍ਹਾਂ। ਅਤੇ ਸੰਯੋਗ ਦੇਖੋ, ਵਡਨਗਰ ਵਿੱਚ ਮੇਰਾ ਜਨਮ ਹੋਇਆ ਅਤੇ ਕਾਸ਼ੀ ਦਾ ਮੈਂ ਸੰਸਦ ਮੈਂਬਰ ਹਾਂ। ਅਜੇ ਕੁਝ ਦਿਨ ਪਹਿਲਾਂ ਕਾਂਚੀ ਕਾਮਕੋਟੀ ਪੀਠ ਦੇ ਪੂਜਨੀਕ ਸ਼ੰਕਰਾਚਾਰੀਆ ਜੀ ਵੀ ਵਡਨਗਰ ਗਏ ਸਨ। ਉਨ੍ਹਾਂ ਨੇ ਵਡਨਗਰ ਨੂੰ ‘ਗੁਜਰਾਤ ਦੀ ਕਾਸ਼ੀ’ ਵਜੋਂ ਪਛਾਣ ਦਿੱਤੀ ਹੈ।
ਸਾਥੀਓ,
ਕਲਾ ਦੀ ਦੁਨੀਆ ਵਿੱਚ ਵੀ ਭਾਰਤ ਨੇ ਇੱਕ ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਟਲੀ ਦੇ ਵੇਨਿਸ ਵਿੱਚ ਇੱਕ ਬਹੁਤ ਹੀ ਵੱਕਾਰੀ ਕਲਾ ਪ੍ਰਦਰਸ਼ਨੀ ਲੱਗਦੀ ਹੈ, ਜਿਸ ਨੂੰ ‘ਵੇਨਿਸ ਆਰਟ ਬਿਏਨਾਲੇ’ ਕਿਹਾ ਜਾਂਦਾ ਹੈ। ਇਸ ਨੂੰ ਕਲਾ ਦੀ ਦੁਨੀਆ ਦਾ ਓਲੰਪਿਕ ਵੀ ਕਿਹਾ ਜਾਂਦਾ ਹੈ। ਇਸ ਵਾਰ ਉੱਥੇ ਲਗਭਗ ਸਾਢੇ ਚਾਰ ਲੱਖ ਲੋਕਾਂ ਨੇ ਭਾਰਤ ਦੇ ਪਵੇਲੀਅਨ ਦਾ ਦੌਰਾ ਕੀਤਾ। ਖ਼ਾਸ ਗੱਲ ਇਹ ਹੈ ਕਿ ਦੁਨੀਆ ਭਰ ਤੋਂ ਆਏ ਦਰਸ਼ਕਾਂ ਨੇ ਵੋਟ ਪਾ ਕੇ ਭਾਰਤ ਦੇ ਪਵੇਲੀਅਨ ਨੂੰ ਸਰਵੋਤਮ ਚੁਣਿਆ ਹੈ। ਸਾਡੇ ਕਲਾਕਾਰਾਂ ਨੇ ਦਿਖਾਇਆ ਹੈ ਕਿ ਜੇਕਰ ਭਾਰਤ ਦੀਆਂ ਰਵਾਇਤੀ ਕਲਾਵਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾਵੇ ਤਾਂ ਉਹ ਪੂਰੀ ਦੁਨੀਆ ਦਾ ਮਨ ਮੋਹ ਲੈਂਦੀਆਂ ਹਨ।
ਸਾਥੀਓ,
ਹੁਣ ਭਾਰਤ ਵਿੱਚ ਵੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਦਾ ਇੱਕ ਬਹੁਤ ਵੱਡਾ ਉਤਸਵ ਹੋਣ ਜਾ ਰਿਹਾ ਹੈ। ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਦਿੱਲੀ ਵਿੱਚ ‘ਇੰਡੀਆ ਬਿਏਨਾਲੇ’ ਦੀ ਸ਼ੁਰੂਆਤ ਹੋਵੇਗੀ। ਇਸ ਵਾਰ ਪੂਰੇ 108 ਦਿਨਾਂ ਤੱਕ ਦੇਸ਼ ਦੇ ਇਤਿਹਾਸਕ ਸਮਾਰਕ, ਅਜਾਇਬ ਘਰ ਅਤੇ ਆਰਟ ਗੈਲਰੀਆਂ ਇਸ ਉਤਸਵ ਦਾ ਹਿੱਸਾ ਬਣਨਗੀਆਂ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਵੀ ਇਸ ਸਮਾਗਮ ਵਿੱਚ ਜ਼ਰੂਰ ਲੈ ਕੇ ਜਾਓ। ਅਸੀਂ ਆਪਣੀ ਵਿਰਾਸਤ ਬਾਰੇ ਜਿੰਨਾ ਜ਼ਿਆਦਾ ਜਾਣਾਂਗੇ, ਭਾਰਤ ਨੂੰ ਜਾਣਨ ਦੀ ਸਾਡੀ ਯਾਤਰਾ ਓਨੀ ਹੀ ਵਧੇਰੇ ਅਮੀਰ ਹੁੰਦੀ ਜਾਵੇਗੀ।
ਮੇਰੇ ਪਿਆਰੇ ਦੇਸ਼ਵਾਸੀਓ,
ਸਰਦੀਆਂ ਦੀ ਗੱਲ ਹੋਵੇ ਤਾਂ ਗੁੜ ਦੀ ਮਿਠਾਸ ਦਾ ਜ਼ਿਕਰ ਕਿਵੇਂ ਨਾ ਹੋਵੇ! ਸਦੀਆਂ ਤੋਂ ਸਾਡੇ ਘਰਾਂ ਵਿੱਚ ਸੁਆਦ ਅਤੇ ਸਿਹਤ ਦਾ ਖ਼ਜ਼ਾਨਾ ਰਿਹਾ ‘ਗੁੜ’ ਅੱਜ ਦੁਨੀਆ ਭਰ ਵਿੱਚ ਪਹੁੰਚ ਰਿਹਾ ਹੈ। ਤਾਮਿਲਨਾਡੂ ਦੇ ਇਰੋਡ ਦਾ ਆਰਗੈਨਿਕ ਪਲਮਾਇਰਾ ਗੁੜ ਪਹਿਲੀ ਵਾਰ ਯੂਰਪ ਪਹੁੰਚਿਆ ਹੈ। ਇਸ ਵਿੱਚ ਗੁੜ ਦੇ ਰਵਾਇਤੀ ਸੁਆਦ ਦੇ ਨਾਲ-ਨਾਲ ਗੁਣਵੱਤਾ ਵੀ ਭਰਪੂਰ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਪਹਿਲਾਂ ਵੀ ਸ਼ਹਿਦ ਦੀ ਮਿਠਾਸ ਅਤੇ ਸਵੀਟ ਰੈਵੋਲਿਊਸ਼ਨ ਬਾਰੇ ਚਰਚਾ ਕਰ ਚੁੱਕੇ ਹਾਂ। ਹੁਣ ਸਾਡੇ ਗੁੜ ਦੀ ਮਿਠਾਸ ਵੀ ਨਵੇਂ-ਨਵੇਂ ਬਾਜ਼ਾਰਾਂ ਤੱਕ ਪਹੁੰਚ ਰਹੀ ਹੈ।
ਸਾਥੀਓ,
ਭਾਰਤ ਦੀ ਚਾਕਲੇਟ ਵੀ ਦੁਨੀਆ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਰਹੀ ਹੈ। ਪਿਛਲੇ ਹੀ ਸਾਲ ਚਾਕਲੇਟ ਅਤੇ ਕੋਕੋ ਤੋਂ ਬਣੀਆਂ ਵਸਤੂਆਂ ਦੀ ਬਰਾਮਦ ਵਿੱਚ ਲਗਭਗ 25 ਫ਼ੀਸਦੀ ਵਾਧਾ ਹੋਇਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚਾਕਲੇਟ ਬਣਾਉਣ ਵਾਲੇ ਉੱਦਮੀ ਵੀ ਨਵੇਂ ਵਿਚਾਰਾਂ ਨਾਲ ਅੱਗੇ ਆ ਰਹੇ ਹਨ। ਅੱਜ ਇਸ ਖੇਤਰ ਵਿੱਚ ਸਾਡੇ ਕਈ ਸਟਾਰਟਅੱਪ ਨਵੇਂ-ਨਵੇਂ ਪ੍ਰਯੋਗ ਕਰ ਰਹੇ ਹਨ। ਕਈ ਸਟਾਰਟਅੱਪਾਂ ਨੇ ਸਥਾਨਕ ਸਮੱਗਰੀ ਨਾਲ ਨਵੇਂ-ਨਵੇਂ ਸੁਆਦ ਤਿਆਰ ਕੀਤੇ ਹਨ। ਇਸ ਨਾਲ ਸਾਡੇ ਕਿਸਾਨਾਂ, ਮਾਤਾਵਾਂ-ਭੈਣਾਂ ਅਤੇ ਨੌਜਵਾਨ ਉੱਦਮੀਆਂ, ਸਾਰਿਆਂ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਸਾਥੀਓ,
ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਅਤੇ ਗੁਜਰਾਤ ਦੇ ਕੱਛ ਵਿਚਕਾਰ ਵੀ ਇੱਕ ਅਦਭੁੱਤ ਸਬੰਧ ਹੈ? ਇਹ ਸਬੰਧ ਊਠ ਦੇ ਦੁੱਧ ਤੋਂ ਬਣਨ ਵਾਲੀ ਚਾਕਲੇਟ ਦਾ ਹੈ। ਇੱਥੋਂ ਦੇ ਊਠ ਪਾਲਕਾਂ ਵੱਲੋਂ ਉਪਲਬਧ ਕਰਵਾਏ ਜਾਂਦੇ ਦੁੱਧ ਦੀ ਵਰਤੋਂ ਅਮੂਲ ਚਾਕਲੇਟ, ਕੇਸਰ ਦੇ ਸੁਆਦ ਵਾਲਾ ਦੁੱਧ ਅਤੇ ਰਾਜਭੋਗ ਆਈਸਕ੍ਰੀਮ ਬਣਾਉਣ ਵਿੱਚ ਵੀ ਕਰ ਰਿਹਾ ਹੈ। ਊਠ ਦੇ ਦੁੱਧ ਨਾਲ ਜੁੜੇ ਅੰਕੜੇ ਬਹੁਤ ਉਤਸ਼ਾਹ ਵਧਾਉਣ ਵਾਲੇ ਹਨ। ਸਰਹੱਦ ਡੇਅਰੀ ਵਿੱਚ ਊਠ ਦੇ ਦੁੱਧ ਦੀ ਰੋਜ਼ਾਨਾ ਕਲੈਕਸ਼ਨ 1300 ਲੀਟਰ ਤੋਂ ਵਧ ਕੇ ਸਾਢੇ ਪੰਜ ਹਜ਼ਾਰ ਲੀਟਰ ਤੱਕ ਪਹੁੰਚ ਗਈ ਹੈ। ਸਾਲ 2017-18 ਦੇ ਮੁਕਾਬਲੇ ਇਹ ਚਾਰ ਗੁਣਾ ਤੋਂ ਵੀ ਵੱਧ ਹੈ। ਹੁਣ ਊਠ ਦਾ ਦੁੱਧ ਅਜਿਹੇ ਪੈਕਟਾਂ ਵਿੱਚ ਵੀ ਉਪਲਬਧ ਹੈ, ਜਿਨ੍ਹਾਂ ਵਿੱਚ ਇਹ ਲੰਬੇ ਸਮੇਂ ਤੱਕ ਖ਼ਰਾਬ ਨਹੀਂ ਹੁੰਦਾ। ਇਸ ਦਾ ਪਾਊਡਰ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਕੱਛ ਤੋਂ ਦੂਰ ਰਹਿਣ ਵਾਲੇ ਗਾਹਕਾਂ ਤੱਕ ਵੀ ਇਸ ਦੀ ਪਹੁੰਚ ਵਧੀ ਹੈ।
ਸਾਥੀਓ,
ਜਾਣਕਾਰ ਦੱਸਦੇ ਹਨ ਕਿ ਊਠ ਦੇ ਦੁੱਧ ਦੇ ਕਈ ਸਿਹਤ ਲਾਭ ਵੀ ਹਨ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਲਈ ਇਹ ਚੰਗਾ ਮੰਨਿਆ ਜਾਂਦਾ ਹੈ। ਇਹ ਲੈਕਟੋਜ਼ ਨੂੰ ਹਜ਼ਮ ਨਾ ਕਰ ਸਕਣ ਵਾਲੇ ਲੋਕਾਂ ਲਈ ਵੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਇਸ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਵੀ ਘੱਟ ਹੁੰਦਾ ਹੈ।
ਸਾਥੀਓ,
ਸੂਰਤ ਦੀ ‘ਸ਼ਮਿਟਨ’ ਚਾਕਲੇਟ ਵੀ ਅੱਜ ‘ਮੇਡ ਇਨ ਇੰਡੀਆ ਫਾਈਨ ਚਾਕਲੇਟ’ ਵਜੋਂ ਦੁਨੀਆ ਭਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਰਹੀ ਹੈ। ਸਾਡੇ ਦੇਸ਼ ਵਿੱਚ ਅੱਜ ਸਟਾਈਲਿਸ਼ ਚਾਕਲੇਟ ਬੁਟੀਕ ਦਾ ਇੱਕ ਨਵਾਂ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਤੁਹਾਨੂੰ ਚਾਕਲੇਟ ਦੇ ਨਾਲ-ਨਾਲ ਲਗਜ਼ਰੀ ਅਹਿਸਾਸ ਵੀ ਮਿਲਦਾ ਹੈ, ਜਿਸ ਵਿੱਚ ਭਾਰਤੀਅਤਾ ਦੀ ਝਲਕ ਦਿਖਾਈ ਦਿੰਦੀ ਹੈ। ਮਿਠਾਸ ਦੀ ਸਾਡੀ ਸਦੀਆਂ ਪੁਰਾਣੀ ਪਰੰਪਰਾ ਅੱਜ ਨਵੇਂ-ਨਵੇਂ ਨਵੀਨਤਮ ਪ੍ਰਯੋਗਾਂ ਨਾਲ ਅੱਗੇ ਵਧ ਰਹੀ ਹੈ ਅਤੇ ਇਸ ਦੀ ਮਿਠਾਸ ਸਾਡੇ ਕਿਸਾਨਾਂ ਅਤੇ ਨੌਜਵਾਨ ਉੱਦਮੀਆਂ ਦੇ ਜੀਵਨ ਵਿੱਚ ਵੀ ਘੁਲ ਰਹੀ ਹੈ।
ਸਾਥੀਓ,
ਚਾਕਲੇਟ ਦੀਆਂ ਇੰਨੀਆਂ ਗੱਲਾਂ ਹੋ ਗਈਆਂ, ਹੁਣ ਥੋੜ੍ਹੀ ਜਿਹੀ ਕਸਰਤ ਦੀ ਗੱਲ ਵੀ ਹੋਣੀ ਚਾਹੀਦੀ ਹੈ ਨਾ! ਸਾਈਕਲ ਚਲਾਉਣਾ ਇਸ ਲਈ ਇੱਕ ਬਹੁਤ ਵਧੀਆ ਤਰੀਕਾ ਹੈ। ਮੈਨੂੰ ਖੁਸ਼ੀ ਹੈ ਕਿ ਫਿਟ ਇੰਡੀਆ ਦੀ ‘ਸੰਡੇਜ਼ ਆਨ ਸਾਈਕਲ’ ਪਹਿਲਕਦਮੀ ਨੇ 100 ਐਡੀਸ਼ਨ ਪੂਰੇ ਕਰ ਲਏ ਹਨ। ਦਸੰਬਰ 2024 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਕੋਈ ਵੀ ਅਜਿਹਾ ਐਤਵਾਰ ਨਹੀਂ ਰਿਹਾ, ਜਦੋਂ ਇਸ ਦਾ ਆਯੋਜਨ ਨਾ ਹੋਇਆ ਹੋਵੇ। 30 ਹਜ਼ਾਰ ਤੋਂ ਵੱਧ ਥਾਵਾਂ ’ਤੇ ਲਗਭਗ 37 ਲੱਖ ਲੋਕ ਇਸ ਨਾਲ ਜੁੜ ਚੁੱਕੇ ਹਨ। ਇੱਕ ਹੋਰ ਚੰਗੀ ਖ਼ਬਰ ਪੁਣੇ ਤੋਂ ਆਈ ਹੈ। ਇੱਥੇ ਸਾਲ 2032 ਦੀ ਯੂ.ਸੀ.ਆਈ. ਰੋਡ ਵਰਲਡ ਚੈਂਪੀਅਨਸ਼ਿਪ ਆਯੋਜਿਤ ਹੋਵੇਗੀ। ਖੇਡਾਂ ਵਿੱਚ ਭਾਰਤ ਲਗਾਤਾਰ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਸਾਡੀ ਫੁੱਟਬਾਲ ਟੀਮ ਨੇ ਰਿਕਾਰਡ 10ਵੀਂ ਵਾਰ ਸੈਫ ਚੈਂਪੀਅਨਸ਼ਿਪ ਜਿੱਤੀ ਹੈ। ਬੈਡਮਿੰਟਨ ਵਿੱਚ ਲਕਸ਼ੈ ਸੇਨ ਨੇ ਜਰਮਨੀ ਅਤੇ ਜਾਪਾਨ ਵਿੱਚ ਲਗਾਤਾਰ ਦੋ ਸੁਪਰ 500 ਖ਼ਿਤਾਬ ਜਿੱਤੇ। ਉਹ ਕੁਮਾਮੋਟੋ ਮਾਸਟਰਜ਼ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਉੱਥੇ ਹੀ ਪੀ.ਵੀ. ਸਿੰਧੂ ਨੇ ਹਾਈਲੋ ਓਪਨ ਜਿੱਤ ਕੇ ਇੱਕ ਹੋਰ ਖ਼ਿਤਾਬ ਭਾਰਤ ਦੇ ਨਾਮ ਕਰ ਦਿੱਤਾ। ਸਾਡੇ ਨੌਜਵਾਨ ਚੈਂਪੀਅਨਾਂ ਲਈ ਇੱਕ ਹੋਰ ਵੱਡਾ ਮੌਕਾ ਆਉਣ ਵਾਲਾ ਹੈ। ਤੇਲੰਗਾਨਾ ਦੇ ਛੇ ਸ਼ਹਿਰਾਂ ਵਿੱਚ 11 ਤੋਂ 22 ਦਸੰਬਰ ਤੱਕ 8ਵੀਆਂ ਖੇਲੋ ਇੰਡੀਆ ਯੂਥ ਗੇਮਜ਼ ਦਾ ਆਯੋਜਨ ਹੋਵੇਗਾ। ਮੈਂ ਸਾਰੇ ਖਿਡਾਰੀਆਂ ਅਤੇ ਐਥਲੀਟਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ। ‘ਖੇਡਦੇ ਰਹੋ, ਖਿੜਦੇ ਰਹੋ।’
ਸਾਥੀਓ,
ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਦੀਆਂ ਸ਼ੁਰੂ ਹੋ ਗਈਆਂ ਹਨ। ਬਦਲਦੇ ਮੌਸਮ ਵਿੱਚ ਸਾਨੂੰ ਆਪਣੀ ਫਿਟਨੈੱਸ ਦਾ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਹੈ। ਫਿਟ ਇੰਡੀਆ ਮੁਹਿੰਮ ਨੂੰ ਅਸੀਂ ਪੂਰੇ ਉਤਸ਼ਾਹ ਨਾਲ ਅੱਗੇ ਵਧਾਉਂਦੇ ਰਹਿਣਾ ਹੈ। ਖਾਣੇ ਵਿੱਚ ਤੇਲ ਦੀ ਵਰਤੋਂ 10 ਫ਼ੀਸਦੀ ਘੱਟ ਕਰਨ ਦੀ ਜੋ ਬੇਨਤੀ ਮੈਂ ਤੁਹਾਨੂੰ ਕੀਤੀ ਸੀ, ਉਸ ਨੂੰ ਵੀ ਯਾਦ ਰੱਖਣਾ। ਮੋਟਾਪਾ ਸਾਡੇ ਦੇਸ਼ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ। ਸਾਨੂੰ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਵਧਦਾ ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਲਈ ਆਪਣੇ ਖਾਣ-ਪੀਣ ਅਤੇ ਕਸਰਤ ਨੂੰ ਲੈ ਕੇ ਹਮੇਸ਼ਾ ਸੁਚੇਤ ਰਹਿਣਾ ਹੈ।
ਸਾਥੀਓ,
ਸਾਡੀ ਭਾਰਤ ਭੂਮੀ ’ਤੇ ਵਹਿ ਰਹੀ ਸੇਵਾ ਦੀ ਭਾਵਨਾ ਦੁਨੀਆ ਭਰ ਵਿੱਚ ਪਹੁੰਚ ਰਹੀ ਹੈ। ਵੱਖ-ਵੱਖ ਦੇਸ਼ਾਂ ਵਿੱਚ ਸਾਡਾ ਪ੍ਰਵਾਸੀ ਭਾਰਤੀ ਭਾਈਚਾਰਾ ਵੀ ਅਜਿਹੇ ਕਈ ਸੇਵਾ ਕਾਰਜਾਂ ਵਿੱਚ ਅੱਗੇ ਵਧ ਕੇ ਯੋਗਦਾਨ ਪਾਉਂਦਾ ਰਿਹਾ ਹੈ। ਮੈਂ ਸਮੇਂ-ਸਮੇਂ ’ਤੇ ‘ਮਨ ਕੀ ਬਾਤ’ ਵਿੱਚ ਤੁਹਾਨੂੰ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਹੇ ਅਜਿਹੇ ਸੇਵਾ ਕਾਰਜਾਂ ਬਾਰੇ ਦੱਸਦਾ ਰਹਿੰਦਾ ਹਾਂ। ਹਾਲ ਹੀ ਵਿੱਚ ਮੈਨੂੰ ਕੈਨੇਡਾ ਵਿੱਚ ਹੋ ਰਹੇ ਅਜਿਹੇ ਹੀ ਕੁਝ ਯਤਨਾਂ ਬਾਰੇ ਜਾਣਨ ਨੂੰ ਮਿਲਿਆ ਹੈ। ਇਨ੍ਹਾਂ ਵਿੱਚੋਂ ਇੱਕ ਹੈ ‘ਸਾਈ ਧਾਮ ਫੂਡ ਬੈਂਕ’। ਇਸ ਦਾ ਮੰਤਵ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ। ਇਸ ਪਹਿਲਕਦਮੀ ਤਹਿਤ ਅੱਜ ਹਰ ਮਹੀਨੇ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਵਿੱਚ ਲਗਭਗ 60 ਹਜ਼ਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਫੂਡ ਬੈਂਕ ਰਾਹੀਂ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਤੱਕ ਵੀ ਭੋਜਨ ਪਹੁੰਚਾਇਆ ਜਾਂਦਾ ਹੈ। ਕੈਨੇਡਾ ਵਿੱਚ ਰੈੱਡ ਐੱਫ.ਐੱਮ. ਨਾਲ ਜੁੜੇ ਕੁਲਵਿੰਦਰ ਸੰਘੇੜਾ ਜੀ ਵੀ ਅਜਿਹੇ ਹੀ ਇੱਕ ਸ਼ਲਾਘਾਯੋਗ ਯਤਨ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਕਮਿਊਨਿਟੀ ਰੇਡੀਓ ਨੂੰ ਲੋਕਾਂ ਨੂੰ ਜੋੜਨ ਅਤੇ ਸੇਵਾ ਕਾਰਜਾਂ ਦਾ ਮਾਧਿਅਮ ਬਣਾਇਆ ਹੈ। ਉਨ੍ਹਾਂ ਦੇ ਇਨ੍ਹਾਂ ਯਤਨਾਂ ਦੀ ਪ੍ਰੇਰਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਿੱਖ ਧਰਮ ਦੀ ਸੇਵਾ ਭਾਵਨਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਕੁਝ ਦਿਨ ਪਹਿਲਾਂ ਹੀ ਅਸੀਂ ‘ਪ੍ਰਕਾਸ਼ ਪੁਰਬ’ ਮਨਾਇਆ। ਮੈਨੂੰ ਵੀ ਦਿੱਲੀ ਵਿੱਚ ‘ਸ਼ਬਦ ਕੀਰਤਨ’ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਪਵਿੱਤਰ ਅਹਿਸਾਸ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ।
ਸਾਥੀਓ,
ਸਾਡੇ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇਖ ਕੇ ਮਨ ਸ਼ਰਧਾ ਨਾਲ ਭਰ ਜਾਂਦਾ ਹੈ। ਕੁਝ ਲੋਕ ਸੋਚਦੇ ਹੋਣਗੇ ਕਿ ਇਹ ਪਵਿੱਤਰ ਤਸਵੀਰਾਂ ਕਿਸ ਨੇ ਬਣਾਈਆਂ ਹਨ? ਸਿੱਖ ਗੁਰੂ ਸਾਹਿਬਾਨ ਦੀਆਂ ਅਜਿਹੀਆਂ ਅਦਭੁੱਤ ਤਸਵੀਰਾਂ ਬਣਾਉਣ ਵਾਲੇ ਮਹਾਨ ਕਲਾਕਾਰ ਸਨ ਸ਼ੋਭਾ ਸਿੰਘ ਜੀ।ਅੱਜ, 29 ਨਵੰਬਰ ਨੂੰ ਉਨ੍ਹਾਂ ਦੀ 125ਵੀਂ ਜਯੰਤੀ ਹੈ। ਸ਼ੋਭਾ ਸਿੰਘ ਜੀ ਨੇ ਕੁਝ ਸਾਲਾਂ ਤੱਕ ਫ਼ੌਜ ਵਿੱਚ ਡਰਾਫਟਸਮੈਨ ਵਜੋਂ ਵੀ ਕੰਮ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਬਗਦਾਦ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਸ਼ੋਭਾ ਸਿੰਘ ਜੀ ਦੀ 125ਵੀਂ ਜਯੰਤੀ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਯਾਦਗਾਰੀ ਸਿੱਕਾ ਜਾਰੀ ਕੀਤੇ ਜਾਣ ਨਾਲ ਸਿੱਖ ਭਾਈਚਾਰੇ ਵਿੱਚ ਵੀ ਬਹੁਤ ਖੁਸ਼ੀ ਹੈ।
ਸਾਥੀਓ,
ਇੱਕ ਹੋਰ ਮਹਾਨ ਸ਼ਖ਼ਸੀਅਤ, ਜਿਨ੍ਹਾਂ ਬਾਰੇ ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ, ਉਹ ਹਨ ਬੀ.ਐੱਨ. ਰਾਓ। ਸਾਡੇ ਸੰਵਿਧਾਨ ਦੇ ਨਿਰਮਾਣ ਵਿੱਚ ਸ੍ਰੀ ਬੀ.ਐੱਨ. ਰਾਓ ਜੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਅਜੇ ਦੋ ਦਿਨ ਪਹਿਲਾਂ ਹੀ ਅਸੀਂ ਸੰਵਿਧਾਨ ਦਿਵਸ ਵੀ ਮਨਾਇਆ ਹੈ। ਕੱਲ੍ਹ ਯਾਨੀ 30 ਨਵੰਬਰ ਨੂੰ ਬੀ.ਐੱਨ. ਰਾਓ ਜੀ ਦੀ ਬਰਸੀ ਹੈ। ਭਾਰਤੀ ਸੰਵਿਧਾਨ ਦੀ ਰੂਪ-ਰੇਖਾ ਤਿਆਰ ਕਰਨ ਵਿੱਚ ਉਨ੍ਹਾਂ ਦੇ ਇਤਿਹਾਸਕ ਯੋਗਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਮੈਂ ਉਨ੍ਹਾਂ ਨੂੰ ਵੀ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ,
ਹਰ ਮਹੀਨੇ ‘ਮਨ ਕੀ ਬਾਤ’ ਲਈ ਤੁਸੀਂ ਜੋ ਸੁਨੇਹੇ ਭੇਜਦੇ ਹੋ, ਉਨ੍ਹਾਂ ਰਾਹੀਂ ਮੈਨੂੰ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਅਦਭੁੱਤ ਯਤਨਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਕਿੰਨੇ ਹੀ ਲੋਕਾਂ ਦੇ ਚੰਗੇ ਕੰਮ ਤੁਹਾਡੇ ਕਾਰਨ ਪੂਰੇ ਦੇਸ਼ ਦੇ ਸਾਹਮਣੇ ਆਉਂਦੇ ਹਨ। ਤੁਸੀਂ ਇਸੇ ਤਰ੍ਹਾਂ ਆਪਣੇ ਤਜ਼ਰਬੇ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰਦੇ ਰਹੋ। ਅਗਲੇ ਮਹੀਨੇ ਜਦੋਂ ਅਸੀਂ ਫਿਰ ਮਿਲਾਂਗੇ, ਤਾਂ ਦੇਸ਼ਵਾਸੀਆਂ ਦੀਆਂ ਅਜਿਹੀਆਂ ਹੀ ਕੁਝ ਪ੍ਰੇਰਨਾਦਾਇਕ ਗਾਥਾਵਾਂ ਬਾਰੇ ਚਰਚਾ ਕਰਾਂਗੇ। ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ ਅਤੇ ਹਾਂ, ਫਿਟ ਇੰਡੀਆ ਨੂੰ ਨਾ ਭੁੱਲੋ। ਮੌਸਮ ਬਹੁਤ ਵਧੀਆ ਹੈ, ਜ਼ਰੂਰ ਥੋੜ੍ਹਾ-ਥੋੜ੍ਹਾ ਕਸਰਤ ਕਰੋ।
ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ।
***
NKR/SS/ST/VK
Today's #MannKiBaat brings inspiring efforts of people making a difference across India. Do hear! https://t.co/XVWNJaKgQm
— PMO India (@PMOIndia) November 29, 2026
Many young people are inspiring others by overcoming drug addiction through determination and willpower. #MannKiBaat https://t.co/uxMg72vidv
— PMO India (@PMOIndia) November 29, 2026
In today's #MannKiBaat, PM @narendramodi spoke to a young man who overcame drug addiction and shared his journey and struggles. https://t.co/3a9wHo1Aid
— PMO India (@PMOIndia) November 29, 2026
Learning has no age limit! #MannKiBaat https://t.co/yHz86xSsiB
— PMO India (@PMOIndia) November 29, 2026
Lost your mobile phone? Here's what you MUST DO! The Sanchar Saathi app helps users track lost or stolen mobile phones, report suspected fraud calls and make the digital space safer. #MannKiBaat https://t.co/CHF6Jf5cgg
— PMO India (@PMOIndia) November 29, 2026
India's museums are making headlines globally! #MannKiBaat https://t.co/M4ZAeRSVb6
— PMO India (@PMOIndia) November 29, 2026
India's traditional art is winning hearts across the world! After recognition at the Venice Art Biennale, India is now set to host its own India Biennale. Beginning in Delhi this December, the celebration will showcase India's rich art, architecture and heritage. #MannKiBaat https://t.co/OWvTKbFOAi
— PMO India (@PMOIndia) November 29, 2026
A sweet blend of tradition and innovation is putting Indian chocolate on the world map! #MannKiBaat https://t.co/kPhTeGmQeN
— PMO India (@PMOIndia) November 29, 2026
The spirit of Seva! The Indian diaspora is contributing to community service around the world. Here is an inspiring effort from Canada. #MannKiBaat https://t.co/MOTH2fHi0Y
— PMO India (@PMOIndia) November 29, 2026
The iconic portraits of the Sikh Gurus were created by renowned artist Sobha Singh Ji, whose 125th birth anniversary is being celebrated today. #MannKiBaat https://t.co/hSF8dOD3zu
— PMO India (@PMOIndia) November 29, 2026