ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਤਟਵਰਤੀ ਪਵਨ ਊਰਜਾ ’ਤੇ ਫੋਕਸ ਨਾਲ ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਦੇ ਨਵੇਂ ਅਤੇ ਅਖੁੱਟ ਊਰਜਾ ਮੰਤਰਾਲੇ ਅਤੇ ਡੈੱਨਮਾਰਕ ਦੇ ਊਰਜਾ, ਯੂਟਿਲਿਟੀਜ਼ ਅਤੇ ਜਲਵਾਯੂ ਮੰਤਰਾਲੇ ਦਰਮਿਆਨ ਰਣਨੀਤਕ ਸਹਿਯੋਗ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਭਾਰਤ ਵਿੱਚ ‘ਭਾਰਤ-ਡੈੱਨਮਾਰਕ ਸੈਂਟਰ ਆਵ੍ ਐਕਸੀਲੈਂਸ ਫਾਰ ਰਿਨਿਊਬਲ ਐਨਰਜੀ’ ਦੀ ਸਥਾਪਨਾ ਦੇ ਉਦੇਸ਼-ਪੱਤਰ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ । ਇਸ ਸਮਝੌਤੇ ’ਤੇ ਮਾਰਚ 2019 ਵਿੱਚ ਨਵੀਂ ਦਿੱਲੀ ਵਿੱਚ ਹਸਤਾਖ਼ਰ ਕੀਤੇ ਗਏ ਸਨ ।
ਸਹਿਯੋਗ ਸਮਝੌਤੇ ਦਾ ਉਦੇਸ਼ ਤਟਵਰਤੀ ਪਵਨ ਊਰਜਾ ’ਤੇ ਫੋਕਸ ਦਿੰਦੇ ਹੋਏ ਅਖੁੱਟ ਊਰਜਾ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ ਹੈ। ਸਹਿਯੋਗ ਦੇ ਖੇਤਰਾਂ ਵਿੱਚ ਤਟਵਰਤੀ ਪਵਨ ਪ੍ਰੋਜੈਕਟਾਂ ਦੇ ਪ੍ਰਬੰਧਨ ਲਈ ਟੈਕਨੋਲੋਜੀ ਸਮਰੱਥਾ ਵਿਕਸਿਤ ਕਰਨਾ, ਉੱਚ ਕਾਰਜਕੁਸ਼ਲਤਾ ਦੇ ਨਾਲ ਪਵਨ ਊਰਜਾ ਉਦਯੋਗ ਨੂੰ ਵਿਕਸਿਤ ਕਰਨ ਦੇ ਉਪਾਅ, ਪਵਨ ਟਰਬਾਈਨ, ਕਲਪੁਰਜੇ ਅਤੇ ਪ੍ਰਮਾਣੀਕਰਨ ਦੀ ਉੱਚ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਉਪਾਅ ਅਤੇ ਤਟਵਰਤੀ ਪਵਨ ਬਾਰੇ ਭਵਿੱਖਵਾਣੀ ਕਰਨਾ ਅਤੇ ਸਮਾਂ-ਸਾਰਣੀ ਆਦਿ ਬਣਾਉਣਾ ਸ਼ਾਮਲ ਹਨ ।
ਭਾਰਤ-ਡੈੱਨਮਾਰਕ ਸੈਂਟਰ ਆਵ੍ ਐਕਸੀਲੈਂਸ ਅਖੁੱਟ ਊਰਜਾ ਸੰਸਾਧਨਾਂ ਦੇ ਮੁੱਲਾਂਕਣ ਦਾ ਕੰਮ ਕਰੇਗਾ । ਤਟਵਰਤੀ ਪਵਨ ’ਤੇ ਫੋਕਸ ਕੀਤਾ ਜਾਵੇਗਾ । ਇਸ ਦੇ ਇਲਾਵਾ ਇਹ ਕੇਂਦਰ ਪਵਨ, ਸੌਰ, ਜਲ-ਬਿਜਲੀ ਅਤੇ ਭੰਡਾਰਨ ਟੈਕਨੋਲੋਜੀ ਨੂੰ ਆਪਸ ਵਿੱਚ ਜੋੜਨ, ਅਖੁੱਟ ਊਰਜਾ ਨੂੰ ਉੱਚ ਪੱਧਰ ਦੀ ਪਵਨ ਊਰਜਾ ਨਾਲ ਏਕੀਕ੍ਰਿਤ ਕਰਨ, ਜਾਂਚ ਅਤੇ ਖੋਜ ਅਤੇ ਹੁਨਰ ਵਿਕਾਸ/ਸਮਰੱਥਾ ਨਿਰਮਾਣ ਕਰਨ ’ਤੇ ਵੀ ਫੋਕਸ ਕਰੇਗਾ ।
ਦਸਤਾਵੇਜ਼ਾਂ ’ਤੇ ਹਸਤਾਖ਼ਰਾਂ ਨਾਲ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਮਿਲੇਗੀ ।
*****
ਏਕੇਟੀ/ਐੱਸਐੱਚ