Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸੈਮੀਕੌਨ 2.0 ਨੂੰ ਮਨਜ਼ੂਰੀ ਦਿੱਤੀ-ਸਰਕਰ ਨੇ ਦੇਸ਼ ਵਿੱਚ ਸੈਮੀਕੰਡਕਟਰ ਉਦਯੋਗਾਂ ਨੂੰ ਲੰਬੇ ਸਮੇਂ ਲਈ ਨੀਤੀਗਤ ਸਮਰੱਥਨ ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀਕੰਡਕਟਰ ਡਿਜਾਈਨ ਅਤੇ ਨਿਰਮਾਣ ਪ੍ਰਣਾਲੀ ਵਿਕਸਿਤ ਕਰਨ ਲਈ ਸੈਮੀਕੌਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ ਕੁੱਲ 1,27,500 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਗਿਆ ਹੈ। 

ਦੇਸ਼ ਵਿੱਚ ਸੈਮੀਕੰਡਕਟਰ ਖੇਤਰ ਨੂੰ ਨਿਰੰਤਰ ਅਤੇ ਲੰਬੇ ਸਮੇਂ ਦੇ ਸਮਰਥਨ ਦੀ ਜ਼ਰੂਰਤ ਨੂੰ ਪਛਾਣਦੇ ਹੋਏ ਅਤੇ ਸੈਮੀਕੌਨ 1.0 ਤਹਿਤ ਆਈ ਤੇਜ਼ੀ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ, ਸੈਮੀਕੌਨ 2.0 ਦਾ ਟੀਚਾ ਸਾਡੇ ਦੇਸ਼ ਨੂੰ ਵਿਸ਼ਵ ਸੈਮੀਕੰਡਕਟਰ ਮੈਪ ‘ਤੇ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨਾ ਹੈ। 

ਸੈਮੀਕੌਨ 2.0 ਦਾ ਉਦੇਸ਼ ਹੇਠ ਲਿਖਿਆਂ 6 ਥੰਮ੍ਹਾਂ ‘ਤੇ ਅਧਾਰਿਤ ਸੈਮੀਕੰਡਕਟਰ ਈਕੋਸਿਸਟਮ ਦਾ ਸਮੁੱਚੇ ਤੌਰ ‘ਤੇ  ਨਿਰਮਾਣ ਕਰਨਾ ਹੈ:

ਪਹਿਲਾ ਥੰਮ੍ਹ: ਡਿਜ਼ਾਈਨ: ਸੈਮੀਕੌਨ 2.0 ਚਿਪ ਡਿਜ਼ਾਈਨ ਵਿੱਚ ਮਿਲੀ ਸ਼ੁਰੂਆਤੀ ਸਫਲਤਾ ‘ਤੇ ਅਧਾਰਿਤ ਹੋਵੇਗਾ। 105 ਸਟਾਰਟਅੱਪ ਪਹਿਲਾਂ ਹੀ ਚਿੱਪ ਵਿਕਸਿਤ ਕਰਨਾ ਸ਼ੁਰੂ ਕਰ ਚੁੱਕੇ ਹਨ, ਅਤੇ ਹੁਣ ਡਿਜ਼ਾਈਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਰਣਨੀਤਕ ਅਤੇ ਵਪਾਰਕ ਉਤਪਾਦਾਂ ਦੇ ਵਿਕਾਸ ਲਈ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਸੈਮੀਕੰਡਕਟਰ 2.0 ਦੇ ਤਹਿਤ, ਇਸ ਦ੍ਰਿਸ਼ਟੀਕੋਣ ਨਾਲ ਆਈਪੀ (ਬੌਧਿਕ ਸੰਪੱਤੀ), ਚਿੱਪ ਦੇ ਡਿਜ਼ਾਈਨ ਅਤੇ ਪ੍ਰਣਾਲੀ ਨੂੰ ਵਿਕਸਿਤ ਕਰਨ ਦਾ ਟੀਚਾ ਹੈ। ਸੈਮੀਕੌਨ 2.0 ਦੇ ਅਧੀਨ ਕੀਤਾ ਗਿਆ ਕੰਮ ਭਾਰਤ ਨੂੰ ਸੈਮੀਕੰਡਕਟਰ ਚਿੱਪ ਡਿਜ਼ਾਈਨ ਆਈਪੀ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਸਥਾਪਿਤ ਕਰੇਗਾ। 

ਦੂਜਾ ਥੰਮ੍ਹ: ਮਸ਼ੀਨਾਂ ਅਤੇ ਸਮੱਗਰੀਆਂ: ਸੈਮੀਕੰਡਕਟਰ ਨਿਰਮਾਣ ਲਈ ਜ਼ਰੂਰੀ ਮਸ਼ੀਨਾਂ ਅਤੇ ਸਮੱਗਰੀਆਂ, ਰਸਾਇਨਾਂ ਅਤੇ ਗੈਸਾਂ ਦੇ ਨਿਰਮਾਣ ਅਤੇ ਖੋਜ ਅਤੇ ਵਿਕਾਸ ਵਿੱਚ ਸ਼ਾਮਲ ਕੰਪਨੀਆਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਇਸ ਨਾਲ ਸੈਮੀਕੰਡਕਟਰ ਉਦਯੋਗ ਦੇ ਟਿਕਾਊ ਵਿਕਾਸ ਦੀ ਨੀਂਹ ਰੱਖੀ ਜਾਵੇਗੀ। ਇਸ ਨਾਲ ਦੇਸ਼ ਵਿੱਚ ਸਟੀਕ ਨਿਰਮਾਣ ਉਦਯੋਗ ਦੇ ਵਿਕਾਸ ਵਿੱਚ ਵੀ ਮਦਦ ਮਿਲੇਗੀ।

ਤੀਜਾ ਥੰਮ੍ਹ: ਜ਼ਿਆਦਾ ਫੈਬ ਸਥਾਪਿਤ ਕਰਨਾ: 2028 ਵਿੱਚ ਪਹਿਲੇ ਫੈਬ ਦੇ ਚਾਲੂ ਹੋਣ ਦੀ ਉਮੀਦ ਨਾਲ, ਭਾਰਤ ਦੀ ਸੈਮੀਕੰਡਕਟਰ ਰਣਨੀਤੀ ਵਿੱਚ ਦੁਨੀਆ ਦਾ ਭਰੋਸਾ ਵੱਧ ਰਿਹਾ ਹੈ। ਚਿੱਪ ਨਿਰਮਾਣ ਲਈ ਭਾਰਤ ਵਿੱਚ ਹੋਰ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਅਤੇ ਫੈਬ ਸਥਾਪਿਤ ਕਰਨ ਦੇ ਯਤਨ ਕੀਤੇ ਜਾਣਗੇ। ਇਸ ਵਿੱਚ ਸਿਲੀਕੌਨ ਫੈਬ, ਕੰਪਾਊਂਡ ਸੈਮੀਕੰਡਕਟਰ ਫੈਬ, ਡਿਸਕ੍ਰਿਟ ਕੰਪੋਨੈਂਟ ਫੈਬ, ਡਿਸਪਲੇਅ ਫੈਬ ਆਦਿ ਸ਼ਾਮਲ ਹੋਣਗੇ।

ਚੌਥਾ ਥੰਮ੍ਹ: ATMP/OSAT ਉਦਯੋਗ ਨੂੰ ਹੋਰ ਮਜ਼ਬੂਤ ਬਣਾਉਣਾ: ATMP ਯੂਨਿਟਾਂ ਦੀ ਸਫਲਤਾ ਨਾਲ, ਦੁਨੀਆ ਹੁਣ ATMP/OSAT ਯੂਨਿਟ ਸਥਾਪਿਤ ਕਰਨ ਲਈ ਭਾਰਤ ਨੂੰ ਇੱਕ ਵਿਕਲਪਿਕ ਸਥਾਨ ਵਜੋਂ ਦੇਖਦੀ ਹੈ। ਭਾਰਤ ਵਿੱਚ ਕੁਝ ਸਭ ਤੋਂ ਐਡਵਾਂਸ ATMP ਤਕਨਾਲੋਜੀਆਂ ਨੂੰ ਲਿਆਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇਨ੍ਹਾਂ ਨੂੰ ਸਰਗਰਮ ਤੌਰ ‘ਤੇ ਨਾਲ ਉਤਸ਼ਾਹਿਤ ਕੀਤਾ ਜਾਵੇਗਾ।

ਪੰਜਵਾਂ ਥੰਮ੍ਹ: ਖੋਜ ਅਤੇ ਵਿਕਾਸ: ਸੈਮੀਕੰਡਕਟਰ ਦਾ ਸਫਰ 28nm–110nm ਨੋਡ ਤੋਂ ਸ਼ੁਰੂ ਹੋਇਆ ਹੈ। ਹੁਣ, ਭਾਰਤ ਅਤੇ ਭਾਰਤ ਦੇ ਬਾਹਰ ਦੇ ਪ੍ਰਮੁੱਖ ਖੋਜ ਅਤੇ ਵਿਕਾਸ ਕੇਂਦਰਾਂ ਦੇ ਸਹਿਯੋਗ ਨਾਲ ਵਧੇਰੇ ਉੱਨਤ ਨੋਡਸ ਅਤੇ ਹੋਰ ਅਤਿ-ਆਧੁਨਿਕ ਤਕਨਾਲੋਜੀਆਂ ਨੂੰ ਵਿਕਸਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਛੇਵਾਂ ਥੰਮ੍ਹ: ਪ੍ਰਤਿਭਾ ਵਿਕਾਸ: 315 ਯੂਨੀਵਰਸਿਟੀਆਂ ਨਵੀਨਤਮ EDA ਟੂਲਸ ਦੀ ਵਰਤੋਂ ਕਰਕੇ ਗੁੰਝਲਦਾਰ ਚਿੱਪ ਡਿਜ਼ਾਈਨ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇ ਰਹੀਆਂ ਹਨ, ਜਿਸ ਵਿੱਚੋਂ ਲਗਭਗ 68,000 ਵਿਦਿਆਰਥੀ ਪਹਿਲਾਂ ਹੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਸ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ ਅਤੇ ਕਾਲਜ ਵਿੱਚ ਸਿਖਲਾਈ ਦੇ ਪੱਧਰ ‘ਤੇ ਹੋਰ ਡੂੰਘਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਦਯੋਗ ਸਵੱਛ ਕਮਰਿਆਂ, ਫੈਬ ਨਿਰਮਾਣ ਅਤੇ ਹੋਰ ਈਕੋਸਿਸਟਮ ਟ੍ਰੈਨਿੰਗ ਨੂੰ ਹੋਰ ਗਹਿਰਾ ਬਣਾਉਣ ਵਿੱਚ ਸਰਗਰਮੀ ਨਾਲ ਸ਼ਾਮਲ ਹੋਵੇਗਾ।

ਇਸ ਤੋਂ ਇਲਾਵਾ, ਸੈਮੀਕੌਨ 2.0 ਸਾਰੇ ਖੇਤਰਾਂ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਸਪਲਾਈ ਚੇਨ ਦੀ ਮਜ਼ਬੂਤੀ ਵਧਾ ਕੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਮਹੱਤਵਪੂਰਨ ਖੇਤਰਾਂ ਵਿੱਚ ਤਕਨੀਕੀ ਅਗਵਾਈ ਸਥਾਪਿਤ ਕਰਨ ਵਿੱਚ ਮਦਦ ਕਰੇਗਾ। ਸੰਪੂਰਨ ਈਕੋਸਿਸਟਮ ਦੇ ਨਿਰਮਾਣ ਦਾ ਦ੍ਰਿਸ਼ਟੀਕੋਣ ਭਾਰਤ ਵਿੱਚ ਸੈਮੀਕੰਡਕਟਰ ਡਿਜ਼ਾਈਨ ਅਤੇ ਨਿਰਮਾਣ ਨੂੰ ਗਤੀ ਪ੍ਰਦਾਨ ਕਰੇਗਾ। 

ਆਈਐੱਸਐੱਮ 1.0 ਦੀ ਪ੍ਰਗਤੀ:

  • ਨਿਰਮਾਣ: ਹੁਣ ਤੱਕ, 1.64 ਲੱਖ ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ 12 ਨਿਰਮਾਣ ਯੂਨੀਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇੱਕ ਸਿਲੀਕੌਣ ਫੈਬ, ਇੱਕ ਸਿਲੀਕੌਣ ਕਾਰਬਾਈਡ ਫੈਬ, ਇੱਕ ਏਕੀਕ੍ਰਿਤ ਗੈਲੀਅਮ ਨਾਈਟ੍ਰਾਈਡ ਮਾਈਕ੍ਰੋ ਐੱਲਈਡੀ ਡਿਸਪਲੇਅ ਫੈਬ ਅਤੇ 9 ਪੈਕੇਜਿੰਗ ਯੂਨੀਟ ਸ਼ਾਮਲ ਹਨ, ਜਿਨ੍ਹਾਂ ਨਾਲ ਉਪਭੋਗਤਾ ਉਪਕਰਣ, ਉਦਯੋਗਿਕ ਇਲੈਕਟ੍ਰੋਨਿਕਸ, ਆਟੋਮੋਬਾਈਲ, ਪਾਵਰ ਇਲੈਕਟ੍ਰੋਨਿਕ, ਦੂਰਸੰਚਾਰ, ਏਅਰੋਸਪੇਸ ਆਦਿ ਖੇਤਰਾਂ ਦੀਆਂ ਚਿੱਪ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਉਮੀਦ ਹੈ। ਮਨਜ਼ੂਰ 12 ਪ੍ਰਸਤਾਵਾਂ ਵਿੱਚੋਂ ਤਿੰਨ ਕੰਪਨੀਆਂ, ਮਾਈਕ੍ਰੋਣ, ਕੇਨਸ ਅਤੇ ਸੀਜੀ ਸੈਮੀ ਨੇ ਵਣਜ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਇੱਕ ਹੋਰ ਕੰਪਨੀ ਦੇ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। 

  • ਡਿਜ਼ਾਈਨ: ਸਟਾਰਟਅੱਪ ਅਤੇ ਲਘੂ ਅਤੇ ਦਰਮਿਆਨੇ ਉਦਮਾਂ (ਐੱਮਐੱਸਐੱਮਈ) ਦੀਆਂ 24 ਸੈਮੀਕੰਡਕਟਰ ਡਿਜ਼ਾਈਨ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਲਈ ਮੰਜ਼ੂਰੀ ਦਿੱਤੀ ਗਈ ਹੈ, ਜਦੋਂ ਕਿ 105 ਸਟਾਰਟਅੱਪ/ਐੱਮਐੱਸਐੱਮਈ ਨੂੰ ਉਦਯੋਗ- ਮਿਆਰੀ ਇਲੈਕਟ੍ਰੋਨਿਕ ਡਿਜ਼ਾਈਨ ਆਟੋਮੇਸ਼ਨ (EDA) ਟੂਲਸ ਤੱਕ ਪਹੁੰਚ ਪ੍ਰਦਾਨ ਕੀਤੀ ਗਈ ਹੈ। ਇਹ ਕੰਪਨੀਆਂ ਸੈਟੇਲਾਈਟ ਸੰਚਾਰ, ਡਰੋਨ, ਨਿਗਰਾਨੀ ਕੈਮਰੇ, ਇੰਟਰਨੈੱਟ ਆਫ਼ ਥਿੰਗਜ਼ (IoT) ਡਿਵਾਈਸਾਂ, LED ਡਰਾਈਵਰਸ, AI ਸਿਸਟਮ, ਦੂਰਸੰਚਾਰ ਉਪਕਰਣ ਅਤੇ ਸਮਾਰਟ ਮੀਟਰ ਸਮੇਤ ਵੱਖ-ਵੱਖ ਰਣਨੀਤਕ ਅਤੇ ਵਪਾਰਕ ਐਪਲੀਕੇਸ਼ਨਾਂ ਲਈ ਚਿੱਪ ਅਤੇ SoCs ਡਿਜ਼ਾਈਨ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਹ ਕੰਪਨੀਆਂ ਡਿਜ਼ਾਈਨ ਅਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ‘ਤੇ ਹਨ ਅਤੇ ਸਫਲ ਪ੍ਰੋਟੋਟਾਈਪਿੰਗ ਤੋਂ ਬਾਅਦ ਤਾਇਨਾਤ ਪੜਾਅ ਵਿੱਚ ਦਾਖਲ ਹੋਵੇਗੀ। 

**** 

ਐੱਮਜੇਪੀਐੱਸ/ਏਕੇ