ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਜੋ ਕਿ ਅਗਲੇ ਸਾਲ ਆਉਣਾ ਹੈ, ਦੇਸ਼ ਅਤੇ ਦੁਨੀਆ ਭਰ ਵਿੱਚ ਰਾਜ ਸਰਕਾਰਾਂ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਨਾਲ ਮਿਲ ਕੇ ਮਨਾਉਣ ਦੇ ਸਬੰਧ ਵਿੱਚ ਇੱਕ ਮਤਾ ਪਾਸ ਕੀਤਾ। ਗੁਰੂ ਨਾਨਕ ਦੇਵ ਜੀ ਦੀਆਂ ਪਿਆਰ, ਸ਼ਾਂਤੀ, ਬਰਾਬਰੀ ਅਤੇ ਭਾਈਚਾਰੇ ਦੀਆਂ ਸਿੱਖਿਆਵਾਂ ਦੀ ਇੱਕ ਸਦੀਵੀ ਕਦਰ ਹੈ।
ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ —
ਕਰਤਾਰਪੁਰ ਸਾਹਿਬ ਲਾਂਘੇ (ਕੌਰੀਡੋਰ) ਦਾ ਵਿਕਾਸ
ਇੱਕ ਅਹਿਮ ਫ਼ੈਸਲੇ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਤੋਂ ਅੰਤਰ-ਰਾਸ਼ਟਰੀ ਸਰਹੱਦ ਤੱਕ ਇੱਕ ਕੌਰੀਡੋਰ ਦਾ ਨਿਰਮਾਣ ਅਤੇ ਵਿਕਾਸ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਭਾਰਤ ਦੇ ਤੀਰਥ ਯਾਤਰੀਆਂ ਨੂੰ ਪਾਕਿਸਤਾਨ ਵਿੱਚ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ, ਜਿਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਬਿਤਾਏ ਸਨ, ਜਾਣ ਦੀ ਸਹੂਲਤ ਹੋ ਸਕੇ। ਇਸ ਤੋਂ ਬਾਅਦ ਤੀਰਥ ਯਾਤਰੀ ਇਸ ਪਵਿੱਤਰ ਸਥਾਨ ਉੱਤੇ ਸਾਰਾ ਸਾਲ ਜਾਣ ਦੇ ਯੋਗ ਹੋ ਸਕਣਗੇ।
ਕਰਤਾਰਪੁਰ ਕੌਰੀਡੋਰ ਨੂੰ ਭਾਰਤ ਸਰਕਾਰ ਦੀ ਫੰਡਿੰਗ ਨਾਲ ਇੱਕ ਸੰਗਠਿਤ ਵਿਕਾਸ ਪ੍ਰੋਜੈਕਟ ਵਜੋਂ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਵਿਕਸਿਤ ਕੀਤਾ ਜਾਵੇਗਾ ਤਾਂ ਕਿ ਯਾਤਰੀਆਂ ਨੂੰ ਪੱਧਰਾ ਅਤੇ ਸੁਖਾਲਾ ਰਸਤਾ ਮਿਲ ਸਕੇ। ਭਾਰਤ ਸਰਕਾਰ ਤੀਰਥ ਯਾਤਰੀਆਂ ਨੂੰ ਪੱਧਰਾ ਰਾਹ ਮੁਹੱਈਆ ਕਰਵਾਉਣ ਲਈ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕਰੇਗੀ। ਪਾਕਿਸਤਾਨ ਸਰਕਾਰ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਆਪਣੇ ਖੇਤਰ ਵਿੱਚ ਵੀ ਢੁਕਵੀਆਂ ਸਹੂਲਤਾਂ ਵਾਲਾ ਕੌਰੀਡੋਰ ਵਿਕਸਤ ਕਰੇ।
ਸੁਲਤਾਰਪੁਰ ਲੋਧੀ ਦਾ ਵਿਕਾਸ
ਕੇਂਦਰੀ ਮੰਤਰੀ ਮੰਡਲ ਨੇ ਇਹ ਵੀ ਫ਼ੈਸਲਾ ਕੀਤਾ ਕਿ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਕਸਬੇ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹੈ, ਦਾ ਇੱਕ ਵਿਰਾਸਤੀ ਕਸਬੇ ਵਜੋਂ ਅਤੇ ਸਮਾਰਟ ਸਿਟੀ ਸਿਧਾਂਤਾਂ ਉੱਤੇ ਵਿਕਾਸ ਕੀਤਾ ਜਾਵੇ। ਇਸ ਵਿੱਚ ਊਰਜਾ ਸਮਰੱਥਾ ਦਾ ਪ੍ਰਬੰਧ ਹੋਵੇਗਾ ਤਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁਦਰਤ ਪ੍ਰਤੀ ਜਿਸ ਸਦੀਵਤਾ ਤੇ ਸ਼ਰਧਾ ਉੱਤੇ ਜ਼ੋਰ ਦਿੱਤਾ ਗਿਆ ਸੀ, ਉਸ ਨੂੰ ਉਜਾਗਰ ਕੀਤਾ ਜਾ ਸਕੇ। ਤੀਰਥ ਯਾਤਰੀਆਂ ਅਤੇ ਸੈਲਾਨੀਆਂ ਦੇ ਇੱਕ ਮੁੱਖ ਆਕਰਸ਼ਣ ਵਜੋਂ ਸੁਲਤਾਨਪੁਰ ਲੋਧੀ ਵਿਖੇ ”ਪਿੰਡ ਬਾਬੇ ਨਾਨਕ ਦਾ” ਨਾਂ ਦਾ ਵਿਰਾਸਤੀ ਕੰਪਲੈਕਸ ਸਥਾਪਤ ਕੀਤਾ ਜਾਵੇਗਾ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਜੋ ਜੀਵਨ ਸੀ ਉਸ ਨੂੰ ਦਰਸਾਇਆ ਜਾ ਸਕੇ। ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਅਤੇ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਅੰਤਰ ਧਰਮ ਅਧਿਐਨ ਕੇਂਦਰ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਚੇਅਰਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਅੰਤਰ ਧਰਮ ਅਧਿਐਨ ਬਾਰੇ ਇੱਕ ਕੇਂਦਰ ਕਾਇਮ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਚੇਅਰਜ਼ ਯੂਕੇ (UK) ਅਤੇ ਕੈਨੇਡਾ ਦੀਆਂ ਇੱਕ-ਇੱਕ ਯੂਨੀਵਰਸਿਟੀਆਂ ਵਿੱਚ ਕਾਇਮ ਕੀਤੀਆਂ ਜਾਣਗੀਆਂ। ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਨਵੀਂ ਦਿੱਲੀ ਵਿੱਚ ਇੱਕ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ।
ਦੇਸ਼ ਅਤੇ ਵਿਦੇਸ਼ਾਂ ਵਿੱਚ ਸਮਾਰੋਹ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਢੁਕਵੇਂ ਢੰਗ ਨਾਲ ਮਨਾਉਣ। ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਇਸ ਮੌਕੇ ਉੱਤੇ ਵਿਸ਼ੇਸ਼ ਸਮਾਰੋਹ ਆਯੋਜਿਤ ਕਰਨਗੇ।
ਯਾਦਗਾਰੀ ਸਿੱਕੇ ਅਤੇ ਟਿਕਟਾਂ
ਭਾਰਤ ਸਰਕਾਰ ਵੱਲੋਂ ਯਾਦਗਾਰੀ ਸਿੱਕੇ ਅਤੇ ਡਾਕ ਟਿਕਟਾਂ ਇਸ ਯਾਦਗਾਰੀ ਮੌਕੇ ਉੱਤੇ ਜਾਰੀ ਕੀਤੀਆਂ ਜਾਣਗੀਆਂ।
ਧਾਰਮਿਕ ਸਰਗਰਮੀਆਂ ਅਤੇ ਪਬਲੀਕੇਸ਼ਨਜ਼
ਦੇਸ਼ ਭਰ ਵਿੱਚ ਧਾਰਮਿਕ ਸਰਗਰਮੀਆਂ ਆਯੋਜਿਤ ਕੀਤੀਆਂ ਜਾਣਗੀਆਂ। ਦੂਰਦਰਸ਼ਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਬਾਰੇ ਪ੍ਰੋਗਰਾਮ ਪ੍ਰਸਾਰਤ ਕੀਤੇ ਜਾਣਗੇ। ਨੈਸ਼ਨਲ ਬੁੱਕ ਟਰੱਸਟ ਵੱਖ ਵੱਖ ਭਾਰਤੀ ਭਾਸ਼ਾਵਾਂ ਵਿੱਚ ਗੁਰਬਾਣੀ ਦੀਆਂ ਕਿਤਾਬਾਂ ਛਾਪੇਗਾ। ਯੂਨੈਸਕੋ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵਿਸ਼ਵ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰੇ।
ਤੀਰਥ ਯਾਤਰੀਆਂ ਲਈ ਵਿਸ਼ੇਸ਼ ਗੱਡੀ
ਰੇਲ ਮੰਤਰਾਲੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵੱਖ ਵੱਖ ਪਵਿੱਤਰ ਸਥਾਨਾਂ ਤੋਂ ਹੋ ਕੇ ਲੰਘਣ ਵਾਲੀ ਇੱਕ ਵਿਸ਼ੇਸ਼ ਗੱਡੀ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਲਈ ਚਲਾਈ ਜਾਵੇਗੀ।
*****
ਏਕੇਟੀ