ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦਿਹਾਤੀ ਵਿਕਾਸ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਲਈ ਭਾਰਤ ਅਤੇ ਅਫ਼ਰੀਕੀ- ਏਸ਼ਿਆਈ ਗ੍ਰਾਮੀਣ ਵਿਕਾਸ ਸੰਗਠਨ (ਏ.ਏ.ਆਰ.ਡੀ.ਓ. ) ਵਿਚਾਲੇ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਹਿਮਤੀ-ਪੱਤਰ ਉੱਤੇ ਤਿੰਨ ਸਾਲਾਂ 2015-2017 ਲਈ ਹਸਤਾਖਰ ਕੀਤੇ ਜਾ ਰਹੇ ਹਨ, ਜਿਸ ਅਧੀਨ ਏ.ਏ.ਆਰ.ਡੀ.ਓ. ਦੇ ਮੈਂਬਰ ਦੇਸ਼ਾਂ ਲਈ ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ ਇੰਡੀਅਨ ਕੌਂਸਲ ਆੱਵ੍ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ.), ਇੰਡੀਅਨ ਇੰਸਟੀਟਿਊਟ ਆੱਵ੍ ਮੈਨੇਜਮੈਂਟ (ਆਈ.ਆਈ.ਐੱਮ.) ਅਤੇ ਹੋਰਨਾਂ ਵੱਲੋਂ ਸੰਚਾਲਿਤ ਰਾਸ਼ਟਰੀ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਨ (ਐੱਨ.ਆਈ.ਆਰ.ਡੀ. ਐਂਡ ਪੀ.ਆਰ.) ਜਿਹੇ ਭਾਰਤ ਦੇ ਵੱਖ-ਵੱਖ ਸ਼ਾਨਦਾਰ ਸੰਸਥਾਨਾਂ ਵਿੱਚ ਹਰ ਸਾਲ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਏ ਜਾਣਗੇ। ਹਰੇਕ ਸਿਖਲਾਈ ਪ੍ਰੋਗਰਾਮ ਦੀ ਮਿਆਦ ਦੋ ਤੋਂ ਤਿੰਨ ਹਫ਼ਤਿਆਂ ਤੱਕ ਹੋਵੇਗੀ। ਇਸ ਯੋਜਨਾ ਅਧੀਨ ਐੱਨ.ਆਈ.ਆਰ.ਡੀ. ਐਂਡ ਪੀ.ਆਰ. ’ਚ ਦਿਹਾਤੀ ਵਿਕਾਸ ਪ੍ਰਬੰਧ ਵਿੱਚ ਪੋਸਟ-ਗਰੈਜੂਏਟ ਡਿਪਲੋਮਾ ਇੱਕ ਸਾਲ ਦਾ ਹੈ।
ਪਿਛੋਕੜ:
ਏ.ਏ.ਆਰ.ਡੀ.ਓ., ਜਿਸ ਦਾ ਮੁੱਖ-ਦਫ਼ਤਰ ਨਵੀਂ ਦਿੱਲੀ ’ਚ ਹੈ, ਇੱਕ ਖ਼ੁਦ-ਮੁਖ਼ਤਿਆਰ, ਅੰਤਰ-ਸਰਕਾਰੀ ਸੰਗਠਨ ਹੈ, ਜਿਸ ਦੀ ਸਥਾਪਨਾ ਅਫ਼ਰੀਕੀ-ਏਸ਼ਿਆਈ ਖੇਤਰ ਦੇ ਦੇਸ਼ਾਂ ਵਿੱਚ ਪਿਆਸ, ਭੁੱਖ, ਅਨਪੜ੍ਹਤਾ, ਬੀਮਾਰੀ ਅਤੇ ਗ਼ਰੀਬੀ ਦਾ ਖ਼ਾਤਮਾ ਕਰਨ ਦੇ ਮੰਤਵ ਨਾਲ 1962 ’ਚ ਕੀਤੀ ਗਈ ਸੀ। ਭਾਰਤ ਇਸ ਸੰਗਠਨ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਹੈ; ਜੋ ਇਸ ਸੰਗਠਨ ਨੂੰ ਭਾਰਤੀ ਤਕਨੀਕੀ ਤੇ ਆਰਥਿਕ ਸਹਿਯੋਗ ਪ੍ਰੋਗਰਾਮ (ਆਈ.ਟੀ.ਈ.ਸੀ. – ਇੰਡੀਅਨ ਟੈਕਨੀਕਲ ਐਂਡ ਇਕਨੌਮਿਕ ਕੋਆਪ੍ਰੇਸ਼ਨ ਪ੍ਰੋਗਰਾਮ) ਅਧੀਨ ਮਨੁੱਖੀ ਸੰਸਾਧਨ ਵਿਕਾਸ ਪ੍ਰੋਗਰਾਮ ਲਈ ਮੁਕੰਮਲ ਤੌਰ ’ਤੇ ਭੁਗਤਾਨ ਕੀਤੇ 70 ਸਿਖਲਾਈ ਵਜ਼ੀਫ਼ਿਆਂ ਰਾਹੀਂ ਆਪਣਾ ਅੰਸ਼ਦਾਨ ਪਾਉਣ ਦੇ ਨਾਲ-ਨਾਲ 1,41,100 ਅਮਰੀਕੀ ਡਾਲਰ ਦੇ ਮੈਂਬਰਸ਼ਿਪ ਅੰਸ਼ਦਾਨ ਰਾਹੀਂ ਵੀ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਭਾਰਤ ਨੇ ਦਿੱਲੀ ’ਚ ਏ.ਏ.ਆਰ.ਡੀ.ਓ. ਸਕੱਤਰੇਤ ਸਥਾਪਤ ਕਰਨ ਲਈ ਵੀ ਇੱਕ ਇਮਾਰਤ ਪ੍ਰਦਾਨ ਕੀਤੀ ਹੋਈ ਹੈ ਅਤੇ ਇਸ ਇਮਾਰਤ ਦੇ ਰੱਖ-ਰਖਾਅ ਲਈ ਵੀ ਏ.ਏ.ਆਰ.ਡੀ.ਓ. ਨੂੰ ਵਰਣਨਯੋਗ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਵੇਲੇ ਅਫ਼ਰੀਕੀ-ਏਸ਼ਿਆਈ ਖੇਤਰ ਦੇ 31 ਦੇਸ਼ ਏ.ਏ.ਆਰ.ਡੀ.ਓ. ਦੇ ਮੈਂਬਰ ਹਨ।
ਸਾਲ 2009-2011 ਤੋਂ, ਭਾਰਤ ਮੈਂਬਰ ਦੇਸ਼ਾਂ ਦੇ ਲਾਭ ਲਈ ਏ.ਏ.ਆਰ.ਡੀ.ਓ. ਨੂੰ ਹਰ ਵਾਰ ਤਿੰਨ ਸਾਲਾਂ ਦੌਰਾਨ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਪੈਮਾਨੇ ਅਤੇ ਖੇਤਰ ਦਾ ਵਿਸਥਾਰ ਕਰਨ ਲਈ 6,00,000 ਅਮਰੀਕੀ ਡਾਲਰ ਦਾ ਵਾਧੂ ਅੰਸ਼ਦਾਨ ਵੀ ਲਗਾਤਾਰ ਪ੍ਰਦਾਨ ਕਰਦਾ ਆ ਰਿਹਾ ਹੈ।
AKT/VBA/SH