Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ‘ਏਮਸ’, ਨਵੀਂ ਦਿੱਲੀ ਦੇ ਵੈਸਟ ਅੰਸਾਰੀ ਨਗਰ ਅਤੇ ਆਯੁਰ ਵਿਗਿਆਨ ਨਗਰ ਕੈਂਪੱਸਾਂ ’ਚ ਰਿਹਾਇਸ਼ੀ ਕਾਲੋਨੀਆਂ ਦੇ ਮੁੜ-ਵਿਕਾਸ ਨੂੰ ਮਨਜ਼ੂਰੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆੱਲ ਇੰਡੀਆ ਇੰਸਟੀਟਿਊਟ ਆੱਵ੍ ਮੈਡੀਕਲ ਸਾਇੰਸਜ਼ (ਏਮਸ) ਨਵੀਂ ਦਿੱਲੀ ਦੇ ਵੈਸਟ ਅੰਸਾਰੀ ਨਗਰ ਤੇ ਆਯੁਰ ਵਿਗਿਆਨ ਨਗਰ ਕੈਂਪੱਸਾਂ ’ਚ ਰਿਹਾਇਸ਼ੀ ਕਾਲੋਨੀਆਂ ਦੇ ਮੁੜ-ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕੰਮ ਨੈਸ਼ਨਲ ਬਿਲਡਿੰਗਜ਼ ਕੰਸਟਰੱਕਸ਼ਨ ਕਾਰਪੋਰੇਸ਼ਨ ਲਿਮਿਟੇਡ (ਐੱਨ.ਬੀ.ਸੀ.ਸੀ.) ਵੱਲੋਂ ਕ੍ਰਮਵਾਰ ਲਗਭਗ 0.87 ਲੱਖ ਵਰਗ ਮੀਟਰ ਦੇ ਨਿਰਮਿਤ ਖੇਤਰ ਵਾਲੀਆਂ ਪ੍ਰਕਾਰ I ਤੋਂ IV ਦੀਆਂ 1,444 ਰਿਹਾਇਸ਼ੀ ਇਕਾਈਆਂ ਅਤੇ ਲਗਭਗ 4.02 ਲੱਖ ਵਰਗ ਮੀਟਰ ਦੇ ਨਿਰਮਿਤ ਖੇਤਰ ਵਾਲੀਆਂ ਪ੍ਰਕਾਰ II ਤੋਂ VI ਤੱਕ ਦੀਆਂ 3,928 ਰਿਹਾਇਸ਼ੀ ਇਕਾਈਆਂ ਦੇ ਮੌਜੂਦਾ ਆਵਾਸ ਸਟਾਕ ਨੂੰ ਬਦਲਣ ਦਾ ਕੰਮ ਕੀਤਾ ਜਾਵੇਗਾ। ਇਸ ਵਿੱਚ ਧਰਮਸ਼ਾਲਾ ਸਮੇਤ ਲਗਭਗ 0.65 ਲੱਖ ਵਰਗ ਮੀਟਰ ਦੀਆਂ ਬੁਨਿਆਦੀ ਢਾਂਚਾ ਸਹੂਲਤਾਂ ਅਤੇ ਲਗਭਗ 0.94 ਲੱਖ ਵਰਗ ਮੀਟਰ ਦੇ ਨਿਰਮਿਤ ਵਪਾਰਕ ਖੇਤਰ ਦੀ ਸਿਰਜਣਾ ਵੀ ਸ਼ਾਮਲ ਹੋਵੇਗੀ।

ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 4,441 ਕਰੋੜ ਰੁਪਏ ਹੈ ਤੇ ਇਸ ਵਿੱਚ 30 ਸਾਲਾਂ ਲਈ ਰੱਖ-ਰਖਾਅ ਅਤੇ ਆਪ੍ਰੇਸ਼ਨ ਦੀਆਂ ਲਾਗਤਾਂ ਵੀ ਸ਼ਾਮਲ ਹਨ। ਇਹ ਪ੍ਰੋਜੈਕਟ ਵਪਾਰਕ ਸਥਾਨ ਦੀ ਫ਼੍ਰੀ-ਹੋਲਡ ਅਧਾਰਤ ਵਿਕਰੀ ਦੁਆਰਾ ਸਵੈ-ਫ਼ਾਈਨਾਂਸਿੰਗ ਦੇ ਅਧਾਰ ਉੱਤੇ ਲਾਗੂ ਕੀਤਾ ਜਾਵੇਗਾ, ਜਿਸ ਕਰ ਕੇ ਸਰਕਾਰੀ ਖ਼ਜ਼ਾਨੇ ’ਚੋਂ ਇਸ ਦਾ ਕੋਈ ਖ਼ਰਚਾ ਨਹੀਂ ਹੋਵੇਗਾ। ਇਹ ਪ੍ਰੋਜੈਕਟ ਪੜਾਅਵਾਰ ਢੰਗ ਨਾਲ ਪੰਜ ਸਾਲਾਂ ਵਿੱਚ ਮੁਕੰਮਲ ਹੋਵੇਗਾ।

ਪਿਛੋਕੜ:

ਵੈਸਟ ਅੰਸਾਰੀ ਨਗਰ ਅਤੇ ਆਯੁਰ ਵਿਗਿਆਨ ਨਗਰ ਕੈਂਪੱਸਾਂ ਵਿੱਚ ਮੌਜੂਦਾ ਰਿਹਾਇਸ਼ੀ ਇਕਾਈਆਂ 50-60 ਸਾਲ ਪੁਰਾਣੀਆਂ ਹਨ ਅਤੇ ਉਨ੍ਹਾਂ ਦੀ ਉਪਯੋਗਤਾ ਹੁਣ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਵਿੱਚ ਰਹਿਣਾ ਅਸੁਰੱਖਿਅਤ ਹੈ। ਇਨ੍ਹਾਂ ਪੁਰਾਣੇ ਮਕਾਨਾਂ ਦੀ ਤੇਜ਼ੀ ਨਾਲ ਨਿੱਘਰਦੀ ਜਾ ਰਹੀ ਹਾਲਤ ਕਾਰਨ ਉਨ੍ਹਾਂ ਦੇ ਰੱਖ-ਰਖਾਅ ਉੱਤੇ ਬਹੁਤ ਜ਼ਿਆਦਾ ਖ਼ਰਚਾ ਆਉਂਦਾ ਹੈ। ਏਮਸ, ਨਵੀਂ ਦਿੱਲੀ ਸਥਿਤ ਮੌਜੂਦਾ ਆਵਾਸ ਸਟਾਕ ਵਿੱਚ ਜ਼ਮੀਨ ਦੀ ਬਹੁਤ ਗ਼ੈਰ-ਕਾਰਜਕੁਸ਼ਲ ਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਾਸਟਰ ਪਲੈਨ ਦਿੱਲੀ (ਐੱਮ.ਪੀ.ਡੀ.) ਅਨੁਸਾਰ ਅਤੇ ਇਮਾਰਤ ਦੇ ਵਾਤਾਵਰਣ-ਪੱਖੀ ਨੇਮਾਂ ਨਾਲ ਆਧੁਨਿਕ ਨਿਰਮਾਣ ਤਕਨਲੋਜੀ ਦੀ ਵਰਤੋਂ ਕਰਦਿਆਂ ਭੂਮੀ-ਸਰੋਤਾਂ ਦੀ ਵਧੀਆ ਢੰਗ ਨਾਲ ਉਪਯੋਗਤਾ ਲੈਣ ਅਤੇ ਹਰੇਕ ਇਕਾਈ ਵਿੱਚ ਠੋਸ/ਤਰਲ ਕੂੜਾ-ਕਰਕਟ ਪ੍ਰਬੰਧ ਸਹੂਲਤਾਂ ਵਾਲੇ ਹਾਊਸਿੰਗ ਸਟਾਕ ਵਿੱਚ ਵਾਧਾ ਕਰਨ ਲਈ ਮਾੜੀ ਹਾਲਤ ਵਾਲੇ ਇਨ੍ਹਾਂ ਵਰਤਮਾਨ ਆਵਾਸ ਸਟਾਕਸ ਦੇ ਮੁੜ-ਵਿਕਾਸ ਦੀ ਤਜਵੀਜ਼ ਰੱਖੀ ਸੀ।

*****

AKT/SH